ਨਸ਼ਿਆਂ ਦੇ ਹਨੇਰੇ 'ਚੋਂ ਨਿਕਲ ਕੇ ਰੋਸ਼ਨੀ ਦੇ ਸਿਖਰ ਤੇ ਜਗਮਗਾਉਣ ਵਾਲਾ ਸਿਤਾਰਾ, ਮਿੰਟੂ ਗੁਰੂਸਰਿਆ  

0

ਕਹਿੰਦੇ ਨੇ ਅੰਤਰਆਤਮਾ ਦੀ ਆਵਾਜ਼ ਪਰਮਾਤਮਾ ਦੀ ਆਵਾਜ਼ ਹੁੰਦੀ ਹੈ. ਉਸ ਆਵਾਜ਼ ਰਾਹੀਂ ਪਰਮਾਤਮਾ ਦਾ ਇਸ਼ਾਰਾ ਸਮਝ ਲੈਣ ਵਾਲਾ ਵਿਅਕਤੀ ਕਿਸੇ ਵੀ ਸਮਸਿਆ ਦਾ ਸਮਾਧਾਨ ਲੱਭ ਲੈਣ 'ਚ ਵੀ ਚ ਵੀ ਕਾਮਯਾਬ ਹੋ ਜਾਂਦਾ ਹੈ. ਆਪਣੀ ਅੰਤਰਆਤਮਾ ਦੀ ਆਵਾਜ਼ ਸੁਣ ਕੇ ਜਿੰਦਗੀ ਦੇ ਹਾਲਾਤ ਪਰਤ ਦੇਣ ਵਾਲੇ ਇਕ ਅਜਿਹੇ ਸ਼ਖਸ ਦਾ ਨਾਂ ਹੈ ਮਿੰਟੂ ਗੁਰੂਸਰਿਆ। ਪੂਰੇ 18 ਸਾਲ ਤਕ ਨਸ਼ਿਆਂ ਦੀ ਦੁਨਿਆ ਦੇ ਹਨੇਰੇ 'ਚ ਭਟਕਦਾ ਰਿਹਾ ਮਿੰਟੂ ਗੁਰੂਸਰਿਆ ਇਕ ਦਿਨ ਆਪਣੀ ਅੰਤਰਆਤਮਾ ਦੀ ਆਵਾਜ਼ ਸੁਣ ਕੇ ਜਿਵੇਂ ਨੀਂਦ 'ਚੋਂ ਜਾਗਿਆ ਅਤੇ ਰੋਸ਼ਨੀ ਵਾਂਗੁ ਫੈਲ ਗਿਆ.. ਮਨ ਦੀ ਆਵਾਜ਼ ਨੂੰ ਰੂਹਾਨੀ ਆਵਾਜ਼ ਸਮਝ ਕੇ ਨਸ਼ਾ ਤਿਆਗ ਕੇ ਨਵੇਂ ਅਵਤਾਰ 'ਚ ਸਾਹਮਣੇ ਆਇਆ ਮਲੋਟ ਦਾ ਰਹਿਣ ਵਾਲਾ ਮਿੰਟੂ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੇ ਸਮੰਦਰ ਤੋਂ ਪਰ੍ਹਾਂ ਰਖਣ ਦੇ ਮਿਸ਼ਨ 'ਚ ਲੱਗਾ ਹੋਇਆ ਹੈ. ਉਸ ਦਾ ਕਹਿਣਾ ਹੈ ਕੀ ਨਸ਼ੇ ਛੱਡਣੇ ਔਖੇ ਤਾਂ ਹਨ ਪਰ ਅਸੰਭਵ ਨਹੀਂ।

ਨਸ਼ਿਆਂ ਦੀ ਲੱਤ ਕਾਰਣ ਪੜ੍ਹਾਈ ਛੱਡ ਕੇ ਜ਼ਰਾਇਮਪੇਸ਼ਾ ਲੋਕਾਂ ਨਾਲ ਜਾ ਰਲ੍ਹੇ ਮਿੰਟੂ ਨੂੰ ਆਪਣੀ ਜਿੱਦ ਨੂੰ ਕਾਇਮ ਰਖਦਿਆਂ ਨਾ ਕੇਵਲ ਮੁੜ ਪੜ੍ਹਾਈ ਕੀਤੀ, ਸਗੋਂ ਉਸ ਪੜ੍ਹਾਈ ਦੇ ਸਦਕੇ ਉਹ ਅੱਜ ਅਮਰੀਕਾ ਅਤੇ ਕਨਾਡਾ ਦੇਸ਼ਾਂ ਦੇ ਮੀਡਿਆ 'ਚ ਛਾਇਆ ਹੋਇਆ ਹੈ. ਮਿੰਟੂ ਦੇ ਸ਼ਬਦਾਂ 'ਚ-

"ਉਹ ਹਨੇਰੀ ਦੁਨਿਆ ਸੀ ਜਿਸ ਵਿੱਚ ਮੈਂ ਗੋਤੇ ਖਾ ਰਿਹਾ ਸੀ. ਘਰ ਅਤੇ ਆਂਡ-ਗੁਆੰਡ ਦਾ ਮਾਹੌਲ ਨਸ਼ੇ-ਪੱਤੇ ਕਰਨ ਅਤੇ ਵੇਚਣ ਵਾਲਿਆਂ ਦਾ ਸੀ. ਨਤੀਜਾ ਇਹ ਹੋਇਆ ਕੀ ਮੈਂ ਵੀ ਛੋਟੇ ਹੁੰਦਿਆ ਹੀ ਨਸ਼ੇ ਕਰਨ ਲੱਗ ਲਿਆ. ਦਸਵੀਂ ਦੀ ਪੜ੍ਹਾਈ ਲਈ ਪਿੰਡੋਂ ਸ਼ਹਿਰ ਆ ਗਏ. ਉੱਥੇ ਕੋਈ ਪੁੱਛਣ ਵਾਲਾ ਤਾਂ ਹੈ ਨਹੀਂ ਸੀ. ਨਸ਼ਿਆਂ ਦਾ ਹਨੇਰਾ ਹੋਰ ਡੂੰਘਾ ਹੁੰਦਾ ਗਿਆ. ਇਕ ਦਿਨ 'ਚ ਵੀਹ ਤੋਂ ਵੱਧ ਨਸ਼ੇ ਦੇ ਇੰਜੇਕਸ਼ਨ ਲਾਉਣ ਲੱਗ ਪਿਆ. ਇੰਨੀ ਕੁ ਮਾਤਰਾ 'ਚ ਸ਼ੀਸ਼ੀਆਂ ਪੀਣ ਲੱਗ ਗਿਆ. ਪੜ੍ਹਾਈ 'ਚ ਮੈਂ ਚੰਗਾ ਸੀ ਪਰ ਨਸ਼ਿਆਂ ਨੇ ਕਿਸੇ ਜੋਗਾ ਨਹੀਂ ਛੱਡਿਆ।"

ਨਸ਼ਿਆਂ ਨੇ ਮਿੰਟੂ ਨੂੰ ਅਪਰਾਧ ਵੱਲ ਵੀ ਮੋੜ ਦਿੱਤਾ। ਨਸ਼ੇ ਦੇ ਹਨੇਰੇ 'ਚ ਡੁੱਬੇ ਹੋਏ ਹੋਰ ਮੁੰਡੇ ਵੀ ਨਾਲ ਰਲ੍ਹ ਗਏ. ਲੁੱਟਾਂ-ਖੋਹਾਂ ਕਰਣ ਲੱਗ ਪਏ. ਅਜਿਹਾ ਹੀ ਇਕ ਅਪਰਾਧ ਕਰਕੇ ਭੱਜ ਰਹੇ ਮਿੰਟੂ ਅਤੇ ਉਸਦੇ ਸਾਥੀਆਂ ਦੀ ਗੱਡੀ ਦਾ ਐਕਸੀਡੇੰਟ ਹੋ ਗਿਆ. ਫੜੇ ਗਏ. ਜ਼ੇਲ ਹੋਈ. ਇਸੇ ਦੌਰਾਨ ਮਿੰਟੂ ਦੇ ਪਿਤਾ ਜੀ ਵੀ ਅਕਾਲ ਚਲਾਣਾ ਕਰ ਗਏ.

ਜ਼ੇਲ 'ਚੋਂ ਬਾਹਰ ਆਕੇ ਫੇਰ ਉਹੀ ਕੰਮ ਫੜ ਲਿਆ. ਸਾਲ 2010 ਵਿੱਚ ਮਿੰਟੂ ਦਾ ਇਕ ਹੋਰ ਐਕਸੀਡੇੰਟ ਹੋਇਆ। ਇਹ ਇੰਨਾ ਕੁ ਜ਼ਬਰਦਸਤ ਸੀ ਕੀ ਉਹ ਦੋ ਸਾਲ ਤਕ ਮੰਜੇ ਤੋਂ ਨਹੀਂ ਉੱਠ ਸਕਿਆ। ਲੱਤਾਂ ਟੁੱਟ ਗਈਆਂ। ਡਾਕਟਰਾਂ ਨੇ ਕਿਹਾ ਕੇ ਹੁਣ ਕਦੇ ਆਪਣੇ ਪੈਰਾਂ 'ਤੇ ਚਲ ਨਹੀਂ ਸਕਦਾ। ਮਿੰਟੂ ਦਾ ਕਹਿਣਾ ਹੈ-

"ਇਕ ਦਿਨ ਮੰਜੇ 'ਤੇ ਪਏ ਹੋਏ ਅੰਦਰੋਂ ਆਵਾਜ਼ ਆਈ. ਮਨ ਕਹਿੰਦਾ ਤੀਹ ਸਾਲ ਹੋ ਗਏ. ਦੁਨਿਆ ਵੇਖ ਲਈ. ਸਾਰੇ ਨਸ਼ੇ ਕਰਕੇ ਵੇਖ ਲਏ. ਆਪਣੇ ਆਪ ਨੂੰ ਨਹੀਂ ਵੇਖਿਆ। ਆਪਣੇ ਅੰਦਰ ਨਹੀਂ ਝਾਤੀ ਮਾਰਣ ਦਾ ਟਾਈਮ ਮਿਲਿਆ। ਜਿੰਦਗੀ ਤਾਂ ਵੇਖੀ ਹੀ ਨਹੀਂ।.!! ਇਹ ਆਵਾਜ਼ ਮੇਰੀ ਅੰਤਰਆਤਮਾ ਦੀ ਆਵਾਜ਼ ਸੀ. ਮੈਨੂੰ ਲੱਗਾ ਮੈਂ ਹਨੇਰੇ 'ਚੋਂ ਬਾਹਰ ਆ ਰਿਹਾ ਹਾਂ."

ਉਸ ਦਿਨ ਸੋਚਿਆ ਕੀ ਜੋ ਬੀਤ ਗਿਆ ਉਸ ਦਾ ਮੈਂ ਕੁਝ ਵੀ ਨਹੀਂ ਕਰ ਸਕਦਾ, ਪਰ ਜੋ ਸਮਾਂ ਆਉਣ ਵਾਲਾ ਹੈ ਉਸਨੂੰ ਮੈਂ ਬਦਲ ਸਕਦਾ ਹਾਂ. ਇਹ ਸੋਚ ਕੇ ਮੈਂ ਖੜਾ ਹੋ ਗਿਆ. ਆਪਣੇ ਪੈਰਾਂ 'ਤੇ. ਇਹ ਕਿਸੇ ਚਮਤਕਾਰ ਨਾਲੋਂ ਘੱਟ ਨਹੀਂ ਸੀ. ਮੈਂ ਆਪਣੇ ਬਾਰੇ ਸੋਚਿਆ। ਮੇਰੇ ਕੋਲ ਕੋਈ ਡਿਗਰੀ ਨਹੀਂ ਸੀ. ਮੈਨੂੰ ਕੁਝ ਕਰਨਾ ਨਹੀ ਨਹੀਂ ਸੀ ਆਉਂਦਾ। ਮੈਂ ਆਪਣੇ ਮਨ ਦੀ ਆਵਾਜ਼ ਸੁਣੀ ਜੋ ਕਹਿ ਰਿਹਾ ਸੀ ਤੂੰ ਪਤਰਕਾਰ ਬਣ ਅਤੇ ਲੋਕਾਂ ਨੂੰ ਨਸ਼ੇ ਤੋਂ ਪਰਾਂਹ ਰੱਖਣ ਦੀ ਮੁਹਿਮ ਸ਼ੁਰੂ ਕਰ.

ਮੈਂ ਕਿਤਾਬਾਂ ਪੜ੍ਹਨਾ ਚਾਹੁੰਦਾ ਸੀ ਪਰ ਮੇਰੇ ਕੋਲ ਪੈਸੇ ਨਹੀ ਸੀ. ਮੈਨੂੰ ਕੋਈ ਨੌਕਰੀ ਦੇਣ ਨੂੰ ਤਿਆਰ ਨਹੀਂ ਸੀ. ਇਕ ਨਸ਼ੇੜੀ ਨੂੰ ਕੋਈ ਚੌਕੀਦਾਰ ਵੱਜੋਂ ਰੱਖਣ ਨੂੰ ਵੀ ਨਹੀਂ ਤਿਆਰ ਨਹੀਂ ਹੋਇਆ। ਮੈਂ ਪੁਰਾਣੀ ਕਿਤਾਬਾਂ ਲੱਭਦਾ ਸੀ. ਰੱਦੀ ਵਿੱਚੋਂ ਕਿਤਾਬਾਂ ਲੈ ਕੇ ਆਉਂਦਾ ਸੀ. ਮੈਂ ਲਿੱਖਣਾ ਚਾਹੁੰਦਾ ਸੀ ਪਰ ਮੇਰੇ ਕੋਲ ਕਾਪੀ ਅਤੇ ਪੈਨ ਖ਼ਰੀਦਣ ਲਈ ਪੈਸਾ ਨਹੀਂ ਸੀ.

ਫੇਰ ਇਕ ਦਿਨ ਇਕ ਰਿਸ਼ਤੇਦਾਰ ਨੇ ਮੈਨੂੰ ਇਕ ਮੋਬਾਇਲ ਫ਼ੋਨ ਦੇ ਦਿੱਤਾ। ਉਸ ਵਿੱਚ ਇੰਟਰਨੈਟ ਚਲਦਾ ਸੀ. ਮੈਂ ਗੂਗਲ ਰਾਹੀਂ ਪੜ੍ਹਨਾ ਸ਼ੁਰੂ ਕੀਤਾ।

ਫੇਰ ਇਕ ਦਿਨ ਇਕ ਦੋਸਤ ਨੇ ਮੈਨੂੰ ਲੈਪਟਾੱਪ ਦਿੱਤਾ। ਉਸਨੇ ਮੈਨੂੰ ਪਤਰਕਾਰ ਬਣਨ 'ਚ ਮਦਦ ਕੀਤੀ। ਮੈਨੂੰ ਖਬਰਾਂ ਲਿਖਣੀਆਂ ਸਿਖਾਈਆਂ। ਮੈਂ ਇਕ ਲੋਕਲ ਅਖ਼ਬਾਰ ਪਹਿਰੇਦਾਰ ਨਾਲ ਕੰਮ ਸ਼ੁਰੂ ਕੀਤਾ। ਹੌਲੇ ਹੌਲੇ ਮੈਂ ਅੱਗੇ ਵੱਧਦਾ ਗਿਆ. ਅੱਜ ਮਿੰਟੂ ਅਮਰੀਕਾ ਦੇ ਦੋ ਅਤੇ ਕਨਾਡਾ ਦੇ ਦੋ ਰੇਡੀਓ ਸਟੇਸ਼ਨਾਂ ਨਾਲ ਜੁੜਿਆ ਹੋਇਆ ਹੈ. ਪੰਜਾਬ ਅਤੇ ਪ੍ਰਵਾਸੀ ਪੰਜਾਬੀਆਂ 'ਚ ਇਕ ਪਹਿਚਾਣ ਹੈ.

ਮਿੰਟੂ ਨੇ ਆਪਣੇ ਨਸ਼ੇ ਦੇ ਸਫ਼ਰ ਅਤੇ ਉਸ ਤੋਂ ਬਾਹਰ ਆਉਣ ਦੇ ਸੰਘਰਸ਼ ਨੂੰ ਕਿਤਾਬ ਰਾਹੀਂ ਲੋਕਾਂ ਦੇ ਸਾਹਮਣੇ ਰਖਿਆ ਜਿਸਨੂੰ ਦੁਨਿਆ ਭਰ ਤੋਂ ਭਰਵਾਂ ਹੁੰਗਾਰਾ ਮਿਲਿਆ। ਕਿਤਾਬ ਬਾਰੇ ਵੀ ਮਿੰਟੂ ਨੇ ਇਕ ਰੋਚਕ ਗੱਲ ਦੱਸੀ। ਪ੍ਰਕਾਸ਼ਕ ਨੇ ਪਹਿਲੀ ਵਾਰੀ ਪੰਜ ਸੌ ਕਾਪੀਆਂ ਛਾੱਪਣ ਦਾ ਸੁਝਾਅ ਦਿੱਤਾ ਕਿਉਂਕਿ ਮਿੰਟੂ ਨੂੰ ਲੇਖਕ ਤੇ ਤੌਰ ਤੇ ਕੋਈ ਜਾਣਦਾ ਨਹੀਂ ਸੀ ਅਤੇ ਪ੍ਰਕਾਸ਼ਕ ਨੂੰ ਡਰ ਸੀ ਕੇ ਕਿੱਤੇ ਇੱਕ ਵੀ ਕਾਪੀ ਵਿੱਕੇ। ਪਰ ਉਹ ਇਕ ਹਜ਼ਾਰ ਕਾਪੀਆਂ ਲਈ ਮੰਨ ਗਿਆ. ਮਿੰਟੂ ਦੇ ਮੁਤਾਬਿਕ ਇਕ ਹਜ਼ਾਰ ਕਾਪੀਆਂ ਪਹਿਲੇ ਹਫ਼ਤੇ 'ਚ ਹੀ ਵਿੱਕ ਗਈਆਂ। ਹੁਣ ਪੰਜਵਾਂ ਅਡੀਸ਼ਨ ਆਉਣਾ ਵਾਲਾ ਹੈ. ਕਈ ਲੋਕਾਂ ਨੇ ਫ਼ੋਨ ਕਰਕੇ ਕਿਹਾ ਕੀ ਕਿਤਾਬ ਪੜ੍ਹ ਕੇ ਉਨ੍ਹਾਂ ਜਾਂ ਉਨ੍ਹਾਂ ਦੇ ਕਿਸੇ ਜਾਣਕਾਰ ਨੇ ਨਸ਼ਾ ਕਰਣਾ ਛੱਡ ਦਿੱਤਾ ਹੈ.

ਨਸ਼ੇ ਨੂੰ ਛੱਡ ਕੇ ਰੋਸ਼ਨੀ ਦੀ ਦੁਨਿਆ ਵਿੱਚ ਆਉਣ ਮਗਰੋਂ ਹੁਣ ਕੀ ਮਿਸ਼ਨ ਹੈ? ਇਸ ਦਾ ਜਵਾਬ ਦਿੰਦੇ ਹੋਏ ਮਿੰਟੂ ਕਹਿੰਦੇ ਹਨ ਕੇ ਪੰਜਾਬ 'ਚ 13 ਹਜ਼ਾਰ ਪਿੰਡ ਹਨ. ਮੈਂ ਹਰ ਪਿੰਡ 'ਚ ਜਾ ਕੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦੇਣਾ ਚਾਹੁੰਦਾ ਹਾਂ. ਨਸ਼ਿਆਂ ਤੋਂ ਦੂਰ ਰਹਿਣ ਨਾਲ ਬੌਧਿਕ ਵਿਕਾਸ ਹੋਏਗਾ। ਇਸ ਨਾਲ ਪੰਜਾਬ ਦੀ ਜਨਤਾ ਆਪਣੇ ਲਈ ਇਕ ਅਜਿਹੀ ਸਰਕਾਰ ਚੁਣ ਸਕੇਗੀ ਜੋ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਖ ਸਕੇ ਅਤੇ ਤਰੱਕੀ ਵੱਲ ਲੈ ਜਾ ਸਕੇ. ਮਿੰਟੂ ਦੇ ਸ਼ਬਦਾਂ ਵਿੱਚ-ਨਸ਼ਾ ਛੱਡਣ ਤੋਂ ਪਹਿਲਾਂ ਇਕ ਦਿਨ ਮੈਂ ਸੋਚਿਆ ਸੀ ਕੇ ਮੈਂ ਇਸ ਦੁਨਿਆ ਤੋਂ ਜਾਣ ਤੋਂ ਪਹਿਲਾਂ ਇਕ ਚੰਗਾ ਇਨਸਾਨ ਬਣਨਾ ਹੈ. ਉਹ ਮੈਂ ਬਣ ਵਿਖਾਇਆ ਹੈ. ਆਪਣੇ ਆਪ ਨੂੰ. 

ਲੇਖਕ: ਰਵੀ ਸ਼ਰਮਾ