ਪ੍ਰਧਾਨ ਮੰਤਰੀ ਨਰਿੰਦਰ ਮੋਦੀ 16 ਜਨਵਰੀ ਤੋਂ ਸ਼ੁਰੂ ਕਰਨਗੇ 'ਸਟਾਰਟ-ਅਪ ਇੰਡੀਆ'

ਪ੍ਰਧਾਨ ਮੰਤਰੀ ਨਰਿੰਦਰ ਮੋਦੀ 16 ਜਨਵਰੀ ਤੋਂ ਸ਼ੁਰੂ ਕਰਨਗੇ 'ਸਟਾਰਟ-ਅਪ ਇੰਡੀਆ'

Tuesday January 05, 2016,

4 min Read

ਇਹ ਮਾਣ ਵਾਲੀ ਗੱਲ ਹੈ ਕਿ 16 ਜਨਵਰੀ, 2016 ਤੋਂ ਸ਼ੁਰੂ ਹੋਣ ਵਾਲੀ ਭਾਰਤ ਸਰਕਾਰ ਦੀ 'ਸਟਾਰਟ-ਅਪ ਇੰਡੀਆ' ਲਹਿਰ ਵਿੱਚ 'ਯੂਅਰ ਸਟੋਰੀ' ਵੀ ਇੱਕ ਭਾਈਵਾਲ ਹੈ।

ਦਰਅਸਲ, ਇਸ ਲਹਿਰ ਦਾ ਮੰਤਵ ਦੇਸ਼ ਦੇ ਨੌਜਵਾਨਾਂ ਵਿੱਚ ਉੱਦਮਤਾ (ਕਾਰੋਬਾਰ ਚਲਾਉਣਾ) ਦੀ ਭਾਵਨਾ ਦਾ ਜਸ਼ਨ ਮਨਾਉਣਾ ਹੈ। ਇਸ ਨੂੰ ਅਰੰਭ ਕਰਨ ਲਈ ਰੱਖੇ ਵਿਸ਼ੇਸ਼ ਸਮਾਰੋਹ 'ਚ ਦੇਸ਼ ਭਰ ਦੀਆਂ 'ਸਟਾਰਟ-ਅਪਸ' (ਨੌਜਵਾਨਾਂ ਵੱਲੋਂ ਸ਼ੁਰੂ ਕੀਤੀਆਂ ਗਈਆਂ ਨਵੀਆਂ ਕੰਪਨੀਆਂ) ਦੇ ਮੁੱਖ ਕਾਰਜਕਾਰੀ ਅਧਿਕਾਰੀ ਭਾਵ ਸੀ.ਈ.ਓਜ਼ ਤੇ ਉਨ੍ਹਾਂ ਦੇ ਬਾਨੀ ਭਾਗ ਲੈਣਗੇ। ਇਸ ਸਮਾਰੋਹ ਦੀ ਸਮਾਪਤੀ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਭਾਸ਼ਣ ਨਾਲ ਹੋਵੇਗੀ, ਜੋ ਰਸਮੀ ਤੌਰ ਉਤੇ ਇਸ ਪਹਿਲਕਦਮੀ ਦਾ ਉਦਘਾਟਨ ਕਰਦਿਆਂ 'ਸਟਾਰਟ-ਅਪ' ਦੀ ਕਾਰਜ-ਯੋਜਨਾ ਦਾ ਵੀ ਐਲਾਨ ਕਰਨਗੇ।

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ੍ਰੀ ਅਰੁਣ ਜੇਟਲੀ 16 ਜਨਵਰੀ, 2016 ਨੂੰ ਸਵੇਰੇ 9:30 ਵਜੇ ਇਸ ਸਮਾਰੋਹ ਦਾ ਉਦਘਾਟਨ ਕਰਨਗੇ, ਜਿੱਥੇ ਵਣਜ ਅਤੇ ਉਦਯੋਗ ਰਾਜ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ।

image


ਸਾਰਾ ਦਿਨ ਚੱਲਣ ਵਾਲਾ ਇਹ ਸਮਾਰੋਹ 'ਸਟਾਰਟ-ਅਪ ਉੱਦਮਤਾ' ਵਿਸ਼ੇ ਉਤੇ ਇੱਕ ਵਿਸ਼ਵ-ਪੱਧਰੀ ਵਰਕਸ਼ਾਪ ਵਜੋਂ ਜਾਰੀ ਰਹੇਗਾ ਅਤੇ ਉਸ ਵਿੱਚ ਇਨ੍ਹਾਂ ਵਿਸ਼ਿਆਂ ਉਤੇ ਵੱਖੋ-ਵੱਖਰੇ ਪੈਨਲ ਗੰਭੀਰ ਵਿਚਾਰ-ਵਟਾਂਦਰਾ ਕਰਨਗੇ:

* ਉੱਦਮਤਾ ਅਤੇ ਨਵੀਨਤਾ ਨੂੰ ਖੁੱਲ੍ਹਾ ਮਾਹੌਲ: ਭਾਰਤ ਦੀਆਂ ਸਟਾਰਟ-ਅਪਸ ਨੂੰ ਵਿਕਸਤ ਤੇ ਪ੍ਰਫ਼ੁੱਲਤ ਹੋਣ ਲਈ ਕੀ ਚਾਹੀਦਾ ਹੈ

* ਮਹਿਲਾ ਜਸਨ: ਕੁੱਝ ਨਵਾਂ ਕਰ ਕੇ ਵਿਖਾਉਣ ਵਾਲੀਆਂ ਮਹਿਲਾ-ਉਦਮੀਆਂ ਦੀਆਂ ਕਹਾਣੀਆਂ

* ਡਿਜੀਟਲਕਰਣ ਕਿਵੇਂ ਬਦਲੇਗਾ ਭਾਰਤ ਦਾ ਭਵਿੱਖ

* ਭਾਰਤ ਦੇ ਸਿਹਤ-ਸੰਭਾਲ ਖੇਤਰ ਦੀ ਪੁਲਾਂਘ

* ਵਿੱਤੀ ਸ਼ਮੂਲੀਅਤ ਪਹੁੰਚ ਵਿੱਚ ਹੈ

'ਮੈਨੂੰ ਧਨ ਵਿਖਾਓ: ਅਸੀਂ ਉੱਦਮਤਾ ਦਾ ਪੂੰਜੀਕਰਣ ਕਿਵੇਂ ਕਰਦੇ ਹਾਂ?' ਵਿਸ਼ੇ ਉਤੇ ਇੱਕ ਪੈਨਲ ਵਿਚਾਰ-ਵਟਾਂਦਰਾ ਕਰੇਗਾ, ਜਿਸ ਦੀ ਪ੍ਰਧਾਨਗੀ ਭਾਰਤ ਦੇ ਵਿੱਤ ਰਾਜ ਮੰਤਰੀ ਸ੍ਰੀ ਜਯੰਤ ਸਿਨਹਾ ਕਰਨਗੇ। ਇਸ ਮੌਕੇ 'ਪ੍ਰਸ਼ਨਾਂ ਅਤੇ ਉੱਤਰਾਂ' ਦਾ ਇੱਕ ਵਿਲੱਖਣ ਸੈਸ਼ਨ ਵੀ ਹੋਵੇਗਾ, ਜਿਸ ਦਾ ਸਿਰਲੇਖ ਹੋਵੇਗਾ: 'ਨੀਤੀ-ਘਾੜਿਆਂ ਨਾਲ ਰੂ-ਬ-ਰੂ'। ਇਸ ਈਵੈਂਟ ਦੌਰਾਨ ਪ੍ਰਮੁੱਖ ਸਰਕਾਰੀ ਮੰਤਰਾਲਿਆਂ ਅਤੇ ਵਿਭਾਗਾਂ ਦੇ ਸਕੱਤਰ ਖ਼ਾਸ ਕਰ ਕੇ ਅਜਿਹੇ ਸੁਆਲਾਂ ਦੇ ਜੁਆਬ ਦੇਣਗੇ ਕਿ ਸਟਾਰਟ-ਅਪਸ ਲਈ ਢੁਕਵਾਂ ਮਾਹੌਲ ਕਿਵੇਂ ਸਿਰਜਿਆ ਜਾਵੇਗਾ।

image


ਇਸ ਦਾ ਮੰਤਵ 'ਸਟਾਰਟ-ਅਪਸ ਦੇ ਵਿਕਾਸ ਲਈ ਸੁਖਾਵਾਂ ਮਾਹੌਲ ਪੈਦਾ ਕਰਨ ਦੀ ਸਰਕਾਰ ਦੀ ਪ੍ਰਤੀਬੱਧਤਾ ਉਤੇ ਵਧੇਰੇ ਜ਼ੋਰ ਦੇਣਾ ਹੈ।' ਇਸ ਪੈਨਲ ਵਿੱਚ ਮਾਲ ਵਿਭਾਗ, ਮਨੁੱਖੀ ਵਸੀਲਿਆਂ ਤੇ ਵਿਕਾਸ ਬਾਰੇ ਵਿਭਾਗ, ਕਾਰਪੋਰੇਟ ਮਾਮਲਿਆਂ ਬਾਰੇ ਵਿਭਾਗ, ਵਿੱਤੀ ਸੇਵਾਵਾਂ ਬਾਰੇ ਵਿਭਾਗ, ਆਰਥਿਕ ਮਾਮਲਿਆਂ ਬਾਰੇ ਵਿਭਾਗ, ਵਿਗਿਆਨ ਤੇ ਤਕਨਾਲੋਜੀ ਵਿਭਾਗ, ਬਾਇਓ-ਤਕਨਾਲੋਜੀ ਵਿਭਾਗ, ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਵਿਭਾਗ, ਸੂਖਮ-ਲਘੂ ਅਤੇ ਦਰਮਿਆਨੇ ਉਦਮਾਂ ਬਾਰੇ ਵਿਭਾਗ ਅਤੇ ਹੁਨਰ ਵਿਕਾਸ ਬਾਰੇ ਵਿਭਾਗ ਦੇ ਸਕੱਤਰ ਸ਼ਾਮਲ ਹੋਣਗੇ। ਇਨ੍ਹਾਂ ਦੇ ਨਾਲ-ਨਾਲ 'ਭਾਰਤੀ ਪ੍ਰਤੀਭੂਤੀ ਵਟਾਂਦਰਾ ਬੋਰਡ' ('ਸਕਿਓਰਿਟੀਜ਼ ਐਕਸਚੇਂਜ ਬੋਰਡ ਆੱਫ਼ ਇੰਡੀਆ' ਭਾਵ 'ਸੇਬੀ') ਅਤੇ 'ਭਾਰਤੀ ਲਘੂ ਉਦਯੋਗ ਵਿਕਾਸ ਬੈਂਕ' ('ਸਮਾਲ ਇੰਡਸਟਰੀਜ਼ ਡਿਵੈਲਪਮੈਂਟ ਬੈਂਕ ਆੱਫ਼ ਇੰਡੀਆ' ਭਾਵ 'ਸਿਡਬੀ') ਦੇ ਪ੍ਰਤੀਨਿਧ ਵੀ ਇਸ ਪੈਨਲ 'ਚ ਸ਼ਾਮਲ ਹੋਣਗੇ।

ਇਸ ਸਮਾਰੋਹ ਦੀ ਇੱਕ ਹੋਰ ਖ਼ਾਸੀਅਤ ਇਹ ਵੀ ਹੋਵੇਗੀ ਕਿ ਉਥੇ ਸ੍ਰੀ ਮਾਸਾਯੋਸ਼ੀ ਸੋਨ ('ਸਾਫ਼ਟ-ਬੈਂਕ' ਦੇ ਬਾਨੀ ਅਤੇ ਸੀ.ਈ.ਓ.), ਸ੍ਰੀ ਟਰੈਵਿਸ ਕਲਾਨਿਕ ('ਉਬੇਰ' ਦੇ ਬਾਨੀ) ਅਤੇ ਸ੍ਰੀ ਐਡਮ ਨੁਏਮਾਨ ('ਵੀ-ਵਰਕ' ਦੇ ਬਾਨੀ) ਜਿਹੇ ਵਿਸ਼ਵ ਆਗੂਆਂ ਅਤੇ ਉਦਮ-ਪੂੰਜੀਪਤੀਆਂ ਨਾਲ ਗੱਲਬਾਤ ਦਾ ਸੈਸ਼ਨ ਵੀ ਹੋਵੇਗਾ। ਉਨ੍ਹਾਂ ਤੋਂ ਇਲਾਵਾ ਸਿਲੀਕੌਨ-ਵੈਲੀ (ਕੈਲੀਫ਼ੋਰਨੀਆ, ਅਮਰੀਕਾ) ਦੇ ਉਦਮ-ਪੂੰਜੀਪਤੀ ਅਤੇ ਵਿਸ਼ੇਸ਼ ਨਿਵੇਸ਼ਕ ਵੀ ਇਸ ਸਮਾਰੋਹ ਦੇ ਵਿਸ਼ੇਸ਼ ਮਹਿਮਾਨ ਹੋਣਗੇ ਅਤੇ ਉਹ ਪ੍ਰਸ਼ਨ-ਉਤਰ ਸੈਸ਼ਨਾਂ ਵਿੱਚ ਭਾਗ ਲੈਣਗੇ।

ਇਸ ਮੌਕੇ ਵਿਸ਼ਵ-ਪ੍ਰਸਿੱਧ ਇੰਟਰਨੈਟ ਸਰਚ-ਇੰਜਣ 'ਗੂਗਲ' ਵੱਲੋਂ ''ਲਾਂਚਪੈਡ ਅਕਸੈਲਰੇਟਰ'' ਨਾਂਅ ਦੇ ਇੱਕ ਨਵੀਨਤਮ ਸੈਸ਼ਨ ਦਾ ਆਯੋਜਨ ਹੋਵੇਗਾ; ਜਿਸ ਵਿੱਚ ਮੁਢਲੇ ਪੜਾਅ ਦੀਆਂ ਕੁੱਝ 'ਸਟਾਰਟ-ਅਪਸ' ਦੇ ਪ੍ਰਤੀਨਿਧ ਸੰਭਾਵੀ ਨਿਵੇਸ਼ਕਾਂ ਸਾਹਮਣੇ ਆਪੋ-ਆਪਣੀ ਗੱਲ 'ਸਜੀਵ' ਰੂਪ ਵਿੱਚ (ਲਾਈਵ) ਰੱਖਣਗੇ। 'ਸਾੱਫ਼ਟ-ਬੈਂਕ' ਦੇ ਪ੍ਰਧਾਨ ਅਤੇ ਚੀਫ਼ ਆੱਪਰੇਟਿੰਗ ਆੱਫ਼ੀਸਰ ਸ੍ਰੀ ਨਿਕੇਸ਼ ਅਰੋੜਾ ਇਨ੍ਹਾਂ ਨਵੀਆਂ ਕੰਪਨੀਆਂ ਭਾਵ ਸਟਾਰਟ-ਅਪਸ ਨੂੰ ਫ਼ੰਡ ਮੁਹੱਈਆ ਕਰਵਾਉਣ ਨਾਲ ਸਬੰਧਤ ਵਿਭਿੰਨ ਪੱਖਾਂ ਬਾਰੇ ਗੱਲਬਾਤ ਕਰਨਗੇ। ਦੇਸ਼ ਵਿੱਚ ਕੁੱਝ ਸਟਾਰਟ-ਅਪਸ ਵੱਲੋਂ ਕੀਤੇ ਗਏ ਵਿਲੱਖਣ ਤੇ ਨਵੀਨ ਕੰਮਾਂ ਬਾਰੇ ਇੱਕ ਪ੍ਰਦਰਸ਼ਨੀ ਦਾ ਆਯੋਜਨ ਵੀ ਉਥੇ ਹੋਵੇਗਾ।

ਜਿਵੇਂ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਪਹਿਲਾਂ ਆਪਣੇ ਪਿਛਲੇ 'ਮਨ ਕੀ ਬਾਤ' ਰੇਡੀਓ ਪ੍ਰੋਗਰਾਮ ਵਿੱਚ ਇਸ ਪ੍ਰੋਗਰਾਮ ਬਾਰੇ ਇਸ਼ਾਰਾ ਕਰ ਚੁੱਕੇ ਹਨ; 16 ਜਨਵਰੀ ਨੂੰ ਉਹ ਇਸ ਸਮਾਰੋਹ ਦੇ ਹਿੱਸੇ ਵਜੋਂ 'ਸਟਾਰਟ-ਅਪ ਇੰਡੀਆ' ਦੀ ਮੁਕੰਮਲ ਕਾਰਜ-ਯੋਜਨਾ ਦਾ ਖ਼ੁਲਾਸਾ ਪਹਿਲੀ ਵਾਰ ਰਾਸ਼ਟਰ ਸਾਹਵੇਂ ਕਰਨਗੇ। ਇਸ ਯੋਜਨਾ ਵਿੱਚ ਇਹ ਉਜਾਗਰ ਕੀਤਾ ਜਾਵੇਗਾ ਕਿ ਦੇਸ਼ ਵਿੱਚ ਸਟਾਰਟ-ਅਪਸ ਲਈ ਢੁਕਵਾਂ ਤੇ ਸੁਖਾਵਾਂ ਮਾਹੌਲ ਵਿਕਸਤ ਕਰਨ ਲਈ ਸਰਕਾਰ ਕਿਹੜੀਆਂ ਪਹਿਲਕਦਮੀਆਂ ਕਰਨ ਜਾ ਰਹੀ ਹੈ ਅਤੇ ਇਸ ਸਬੰਧੀ ਕਿਹੜੀਆਂ ਯੋਜਨਾਵਾਂ ਅਰੰਭ ਹੋਣ ਜਾ ਰਹੀਆਂ ਹਨ।

ਭਾਰਤ ਵਿੱਚ 'ਸਟਾਰਟ-ਅਪ ਸਭਿਆਚਾਰ' ਨੂੰ ਸਹੀ ਤਰੀਕੇ ਪ੍ਰੋਤਸਾਹਿਤ ਕਰਨ ਦੇ ਮੱਦੇਨਜ਼ਰ ਇਸ ਸਮਾਰੋਹ ਦਾ ਮਹੱਤਵ ਬਹੁਤ ਜ਼ਿਆਦਾ ਹੈ; ਇਸੇ ਲਈ ਇਸ ਦਾ ਸਿੱਧਾ ਪ੍ਰਸਾਰਣ ਭਾਰਤ ਦੇ ਸਾਰੇ ਆਈ.ਆਈ.ਟੀਜ਼, ਆਈ.ਆਈ.ਐਮਜ਼, ਐਨ.ਆਈ.ਟੀਜ਼, ਆਈ.ਆਈ.ਆਈ.ਟੀਜ਼ ਅਤੇ ਕੇਂਦਰੀ ਯੂਨੀਵਰਸਿਟੀਜ਼ ਦੇ ਨਾਲ-ਨਾਲ ਦੇਸ਼ ਦੇ 350 ਜ਼ਿਲ੍ਹਿਆਂ ਦੇ ਯੁਵਾ ਸਮੂਹਾਂ ਵਿੱਚ ਹੋਵੇਗਾ; ਤਾਂ ਜੋ ਨੌਜਵਾਨ ਆਪਣੇ ਪੈਰਾਂ ਉਤੇ ਖਲੋਣ ਲਈ ਵਧੀਆ ਤੇ ਸੰਗਠਤ ਢੰਗ ਨਾਲ ਸਵੈ-ਰੋਜ਼ਗਾਰ ਦੀ ਪ੍ਰੇਰਣਾ ਹਾਸਲ ਕਰ ਸਕਣ।

ਉਦਯੋਗਿਕ ਨੀਤੀ ਅਤੇ ਪ੍ਰੋਤਸਾਹਨ ਵਿਭਾਗ ਵੱਲੋਂ ਇਹ ਸਮਾਰੋਹ 'ਇਨਵੈਸਟ ਇੰਡੀਆ' ਅਤੇ ਸਟਾਰਟ-ਅਪਸ ਲਈ ਮਾਹੌਲ ਸੁਖਾਵਾਂ ਬਣਾਉਣ ਵਾਲੀਆਂ ਏਜੰਸੀਆਂ ਤੇ ਉਦਮ 'ਆਈ-ਸਪਿਰਿਟ', 'ਯੂਅਰ-ਸਟੋਰੀ', 'ਨਾਸਕੌਮ', 'ਸ਼ੀ-ਦਾ-ਪੀਪਲ.ਟੀਵੀ' ਅਤੇ ਕਾਇਰੋਸ ਸੁਸਾਇਟੀ ਅਤੇ ਫਿੱਕੀ ਤੇ ਸੀ.ਆਈ.ਆਈ. ਦੇ ਯੂਥ ਵਿੰਗ ਨਾਲ ਮਿਲ ਕੇ ਕਰਵਾਇਆ ਜਾ ਰਿਹਾ ਹੈ।

ਲੇਖਕ: ਟੀਮ ਪੰਜਾਬੀ