ਮਿਲੋ ਬੰਗਲੌਰ ਦੀ ਪਹਿਲੀ ਤੇ ਇਕਲੌਤੀ ਮਹਿਲਾ ਬੱਸ ਡਰਾਇਵਰ ਪ੍ਰੇਮਾ ਰਾਮਅੱਪਾ ਨਾਡਪੱਟੀ ਨੂੰ

0

ਪ੍ਰੇਮਾ ਰਾਮਅੱਪਾ ਨਾਡਪੱਟੀ ਇੱਕ ਨਰਸ ਸਨ ਪਰ ਸਾਲ 2009 'ਚ ਉਨ੍ਹਾਂ ਉਹ ਨੌਕਰੀ ਛੱਡ ਦਿੱਤੀ ਸੀ ਤੇ ਤਦ ਉਹ ਇਹ ਨਹੀਂ ਜਾਣਦੇ ਸਨ ਕਿ ਛੇਤੀ ਹੀ ਉਹ ਅਜਿਹਾ ਕੈਰੀਅਰ ਅਪਣਾ ਲੈਣਗੇ, ਜਿਹੜਾ ਉਨ੍ਹਾਂ ਲਈ ਵਿਲੱਖਣ ਹੋਵੇਗਾ। ਉਨ੍ਹਾਂ ਕਈ ਥਾਈਂ ਨੌਕਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਸਫ਼ਲ ਨਾ ਹੋ ਸਕੇ। ਫਿਰ ਜਦੋਂ ਆਰਥਿਕ ਤੰਗੀਆਂ ਨੇ ਆਪਣਾ ਘੇਰਾ ਵਧਾਉਣਾ ਸ਼ੁਰੂ ਕਰ ਦਿੱਤਾ, ਤਾਂ ਉਨ੍ਹਾਂ 'ਬੈਂਗਲੁਰੂ ਮੈਟਰੋਪਾਲਿਟਨ ਟਰਾਂਸਪੋਰਟ ਕਾਰਪੋਰੇਸ਼ਨ' (ਬੀ.ਐਮ.ਟੀ.ਸੀ.) ਲਈ ਆਪਣੀ ਅਰਜ਼ੀ ਦੇ ਦਿੱਤੀ। ਉਦੋਂ ਉਨ੍ਹਾਂ ਨਾਲ ਛੇ ਹੋਰ ਮਹਿਲਾਵਾਂ ਵੀ ਚੁਣੀਆਂ ਗਈਆਂ ਸਨ ਪਰ ਹੋਰਨਾਂ ਸਾਰੀਆਂ ਔਰਤਾਂ ਨੇ ਕੰਡਕਟਰ ਵਜੋਂ ਕੰਮ ਕਰਨ ਨੂੰ ਪਹਿਲ ਦਿੱਤੀ; ਇੰਝ ਪ੍ਰੇਮਾ ਵਿਲੱਖਣ ਹੋ ਕੇ ਨਿੱਕਲ਼ ਆਏ ਤੇ ਉਹ ਬੰਗਲੌਰ ਦੇ ਪਹਿਲੇ ਮਹਿਲਾ ਬੱਸ ਡਰਾਇਵਰ ਹਨ।

ਪ੍ਰੇਮਾ ਦੀ ਉਮਰ 35 ਸਾਲ ਹੈ ਤੇ ਉਹ ਬੇਲਗਾਮ ਲਾਗਲੇ ਇੱਕ ਪਿੰਡ ਦੇ ਜੰਮਪਲ਼ ਹਨ। ਆਪਣੇ ਪਤੀ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਨੂੰ ਘਰ ਤੋਂ ਬਾਹਰ ਨਿੱਕਲਣਾ ਪਿਆ ਕਿਉਂਕਿ ਉਨ੍ਹਾਂ ਉਤੇ ਆਪਣੀ ਬਜ਼ੁਰਗ ਮਾਂ ਤੇ 11 ਸਾਲਾ ਪੁੱਤਰ ਦੀ ਜ਼ਿੰਮੇਵਾਰੀ ਸੀ। ਉਨ੍ਹਾਂ 'ਇਕਨੌਮਿਕ ਟਾਈਮਜ਼' ਨਾਲ ਗੱਲਬਾਤ ਦੌਰਾਨ ਦੱਸਿਆ ਕਿ ਭਾਵੇਂ ਰਾਤ ਦੀ ਡਿਊਟੀ ਹੀ ਕਿਉਂ ਨਾ ਲੱਗ ਜਾਵੇ, ਉਹ ਪਰਵਾਹ ਨਹੀਂ ਕਰਦੇ। ਇਸ ਵੇਲੇ ਉਨ੍ਹਾਂ ਦੀ ਡਿਊਟੀ ਸਵੇਰੇ 6 ਵਜੇ ਤੋਂ ਦੁਪਹਿਰ 2 ਵਜੇ ਤੱਕ ਜਾਂ ਦੁਪਹਿਰ 2 ਵਜੇ ਤੋਂ ਲੈ ਕੇ ਰਾਤੀਂ 10 ਵਜੇ ਤੱਕ ਲਗਦੀ ਹੈ। ਪਰ ਉਹ ਵਾਧੂ ਘੰਟੇ ਵੀ ਕੰਮ ਕਰਦੇ ਹਨ। ''ਮੈਂ ਆਪਣੇ ਕਿੱਤੇ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹਾਂ, ਇਸੇ ਲਈ ਮੈਨੂੰ ਤਦ ਵੀ ਕੋਈ ਫ਼ਿਕਰ ਨਹੀਂ, ਜੇ ਮੈਨੂੰ ਰਾਤ ਦੇ 1:00 ਵਜੇ ਤੱਕ ਵੀ ਕਦ ਕੰਮ ਕਰਨਾ ਪਵੇ।''

ਪ੍ਰੇਮਾ ਦਾ ਹਾਲੇ ਤੱਕ ਕਿਸੇ ਸੜਕ ਹਾਦਸੇ ਤੋਂ ਬਚਾਅ ਹੀ ਰਿਹਾ ਹੈ। ਇਹ ਵੀ ਆਪਣੇ-ਆਪ ਵਿੱਚ ਇੱਕ ਰਿਕਾਰਡ ਹੈ ਤੇ ਉਨ੍ਹਾਂ ਨੂੰ ਆਸ ਹੈ ਕਿ ਉਹ ਇੱਕ ਦਿਨ ਹਵਾਈ ਅੱਡੇ ਦੀਆਂ ਬੱਸਾਂ ਚਲਾਉਣਗੇ। ਭਾਵੇਂ ਰਾਤਾਂ ਨੂੰ ਔਰਤਾਂ ਲਈ ਕੰਮ ਕਰਨਾ ਅਸੁਰੱਖਿਅਤ ਸਮਝਿਆ ਜਾਂਦਾ ਹੈ ਪਰ ਪ੍ਰੇਮਾ ਜੀ ਨੂੰ ਹਾਲੇ ਤੱਕ ਕਦੇ ਅਜਿਹੀ ਕੋਈ ਸਮੱਸਿਆ ਪੇਸ਼ ਨਹੀਂ ਆਈ। ਉਨ੍ਹਾਂ ਨਾਲ ਕਦੇ ਕਿਸੇ ਨੇ ਕੋਈ ਦੁਰਵਿਹਾਰ ਨਹੀਂ ਕੀਤਾ। ਉਨ੍ਹਾਂ ਨਾਲ ਕੰਮ ਕਰਦੇ ਮਰਦ ਬੱਸ ਡਰਾਇਵਰ ਵੀ ਉਨ੍ਹਾਂ ਦਾ ਖ਼ਾਸ ਖ਼ਿਆਲ ਰਖਦੇ ਹਨ ਅਤੇ ਯਾਤਰੀ ਵੀ ਉਨ੍ਹਾਂ ਨਾਲ ਵਧੀਆ ਤਰੀਕੇ ਪੇਸ਼ ਆਉਂਦੇ ਹਨ। ਪ੍ਰੇਮਾ ਜੀ ਦਸਦੇ ਹਨ,''ਸੜਕ ਉਤੇ ਮੇਰੀ ਬੱਸ ਨੂੰ ਬਹੁਤ ਛੇਤੀ ਰਾਹ ਮਿਲਦਾ ਜਾਂਦਾ ਹੈ, ਮੈਨੂੰ ਵੇਖ ਕੇ ਸਾਰੇ ਛੇਤੀ ਹੀ ਸਾਈਡ ਦੇ ਦਿੰਦੇ ਹਾਂ, ਤਾਂ ਜੋ ਮੈਂ ਨਿੱਕਲ ਸਕਾਂ।''

ਲੇਖਕ: ਥਿੰਕ ਚੇਂਜ ਇੰਡੀਆ

ਅਨੁਵਾਦ: ਮਹਿਤਾਬ-ਉਦ-ਦੀਨ