ਗੁੜਗਾਓਂ 'ਚ ਬਣੀ ਲੌਕ-ਸਕ੍ਰੀਨ ਐਪ. 'ਪਲੈਨੇਟ ਗੋ-ਗੋ' ਐਂਡਰਾੱਇਡ ਵਰਤਣ ਵਾਲਿਆਂ ਲਈ ਪੇਸ਼ ਕਰਦੀ ਹੈ ਤੁਹਾਡੀ ਪਸੰਦ ਦਾ ਮਸਾਲਾ ਤੇ ਖ਼ਬਰਾਂ

0

'ਲਾਈਨ' 'ਚ ਪ੍ਰਬੰਧਕੀ ਅਹੁਦਿਆਂ ਉਤੇ ਕੰਮ ਕਰਦੇ ਸਮੇਂ ਦਮਨ ਸੋਨੀ ਤੇ ਰਜਤ ਗੁਪਤਾ ਨੇ ਮੋਬਾਇਲ ਰਾਹੀਂ ਚੱਲਣ ਵਾਲੇ ਕਾਰੋਬਾਰਾਂ ਦੇ ਮਾੱਡਲ ਬਹੁਤ ਨੇੜਿਓਂ ਵੇਖੇ ਸਨ। ਤਦ ਉਨ੍ਹਾਂ ਨੂੰ ਆਪਣੀ ਕੰਪਨੀ ਲਈ ਕਈ ਵਾਰ ਕੋਰੀਆ ਤੇ ਜਾਪਾਨ ਦੀਆਂ ਯਾਤਰਾਵਾਂ ਵੀ ਕਰਨੀਆਂ ਪਈਆਂ ਸਨ। 'ਲਾਈਨ' ਕੰਪਨੀ ਦੀ ਐਪ. ਵਰਤੋਂਕਾਰਾਂ ਨੂੰ ਕਾੱਲਜ਼ ਕਰਨ ਤੇ ਸੁਨੇਹੇ ਬਿਲਕੁਲ ਮੁਫ਼ਤ ਭੇਜਣ ਵਿੱਚ ਮਦਦ ਕਰਦੀ ਸੀ। ਦਮਨ ਸੋਨੀ ਤੇ ਰਜਤ ਗੁਪਤਾ ਦੋਵਾਂ ਨੇ ਇਹ ਵੀ ਵੇਖਿਆ ਕਿ ਲੋਕ ਆਪਣੀ ਪਸੰਦ ਦਾ ਮਸਾਲਾ ਲੱਭਣ ਲਈ ਲੌਕ ਸਕ੍ਰੀਨਜ਼ ਦੀ ਵਰਤੋਂ ਕਰਦੇ ਹਨ। ਇਸੇ ਗੱਲ ਨੇ ਉਨ੍ਹਾਂ ਨੂੰ ਸਤੰਬਰ 2015 'ਚ 'ਪਲੈਨੇਟ ਗੋ-ਗੋ' ਲਾਂਚ ਕਰਨ ਲਈ ਪ੍ਰੇਰਿਤ ਕੀਤਾ।

'ਪਲੈਨੇਟ ਗੋ-ਗੋ' ਇੱਕ ਲੌਕ-ਸਕ੍ਰੀਨ ਐਪ. ਹੈ, ਜਿਸ ਰਾਹੀਂ ਐਂਡਰਾੱਇਡ ਫ਼ੋਨ ਦੇ ਵਰਤੋਂਕਾਰ ਆਪਣੀ ਪਸੰਦ ਦੀਆਂ ਚੀਜ਼ਾਂ ਲੱਭ ਸਕਦੇ ਹਨ ਤੇ ਉਨ੍ਹਾਂ ਨੂੰ ਆਪਣੇ ਹਿਸਾਬ ਨਾਲ ਵਰਤ ਵੀ ਸਕਦੇ ਹਨ ਤੇ ਖ਼ਬਰਾਂ ਵੀ ਪੜ੍ਹ ਸਕਦੇ ਹਨ। ਵਰਤੋਂਕਾਰਾਂ ਨੂੰ 'ਗੋ-ਗੋ ਪੁਆਇੰਟਸ' ਇਨਾਮ ਵਜੋਂ ਦਿੱਤੇ ਜਾਂਦੇ ਹਨ; ਜਿਨ੍ਹਾਂ ਦੀ ਵਰਤੋਂ ਮੋਬਾਇਲ ਆੱਪਰੇਟਰਜ਼ ਤੋਂ ਮੁਫ਼ਤ ਟਾੱਕ-ਟਾਈਮ ਲੈਣ ਲਈ ਕੀਤੀ ਜਾ ਸਕਦੀ ਹੈ। ਇਸ ਲਈ ਵਰਤੋਂਕਾਰ ਨੂੰ ਵੈਬਸਾਈਟਸ ਦੇ ਵਿਸ਼ੇ ਪੜ੍ਹਨੇ ਪੈਂਦੇ ਹਨ ਜਾਂ ਆਪਣੇ ਫ਼ੋਨ ਅਨਲਾੱਕ ਕਰ ਕੇ ਰੱਖਣੇ ਪੈਂਦੇ ਹਨ।

ਰਜਤ ਇਸ ਬਾਰੇ ਵਿਸਥਾਰ ਨਾਲ ਦਸਦੇ ਹਨ,''ਗੋ-ਗੋ ਦਾ ਮੁੱਖ ਵਿਚਾਰ ਇਹੋ ਹੈ ਕਿ ਸਮਾਰਟਫ਼ੋਨ ਵਰਤੋਂਕਾਰਾਂ ਨੂੰ ਵਧੀਆ ਚੀਜ਼ ਉਨ੍ਹਾਂ ਦੀ ਲੌਕ ਸਕ੍ਰੀਨ ਉਤੇ ਮਿਲੇ। ਅਜੋਕੀ ਆਬਾਦੀ ਦਾ ਵੱਡਾਾ ਹਿੱਸਾ ਹਰ ਰੋਜ਼ ਆਪਣੀ ਪਸੰਦ ਦੇ ਵਿਸ਼ਿਆਂ ਲਈ ਐਪਸ. ਉਤੇ ਵਧੇਰੇ ਭਰੋਸਾ ਕਰਦੇ ਹਨ ਅਤੇ ਗੋ-ਗੋ ਮਿਆਰੀ ਵਿਸ਼ੇ ਆਪਣੇ ਵਰਤੋਂਕਾਰਾਂ ਨੂੰ ਉਪਲਬਧ ਕਰਵਾਉਂਦਾ ਹੈ।''

ਇਸ ਵੇਲੇ 'ਪਲੈਨੇਟ ਗੋ-ਗੋ' ਗੁੜਗਾਓਂ ਤੇ ਹੈਦਰਾਬਾਦ ਲਈ ਕੰਮ ਕਰਦੀ ਹੈ ਤੇ ਇਸ ਦੇ ਸੱਤ ਮੁਲਾਜ਼ਮ ਹਨ।

ਪੇਸ਼ੇਵਰਾਨਾ ਸਮਾਂ

ਇਸ ਐਪ. ਦੇ ਦੋਵੇਂ ਬਾਨੀ ਪਹਿਲਾਂ ਵੀ ਉਦਮੀ ਭਾਵ ਕਾਰੋਬਾਰੀ ਰਹੇ ਹਨ। ਦਮਨ (38) ਨੇ ਰੁੜਕੇਲਾ ਸਥਿਤ ਐਨ.ਆਈ.ਟੀ. ਤੋਂ ਬੀ.ਈ. ਤੇ ਹੈਦਰਾਬਾਦ ਦੇ ਆਈ.ਐਸ.ਬੀ. ਤੋਂ ਐਮ.ਬੀ.ਏ. ਕੀਤੀ ਹੈ। ਰਜਤ (34) ਨੇ ਹੈਦਰਾਬਾਦ ਸਥਿਤ ਆਈ.ਆਈ.ਆਈ.ਟੀ. ਤੋਂ ਬੀ.ਟੈਕ. ਕੀਤੀ ਹੈ। ਦਮਨ ਦਾ ਕਾਰੋਬਾਰੀ ਸਫ਼ਰ 2009 'ਚ 'ਕਨਸੈਪਟ ਗੀਅਰਜ਼' ਨਾਲ ਅਰੰਭ ਹੋਇਆ ਸੀ, ਜੋ ਵਿਦਿਅਕ ਅਦਾਰਿਆਂ, ਮਾਪਿਆਂ ਤੇ ਵਿਦਿਆਰਥੀਆਂ ਨੂੰ ਆਪਣੀਆਂ ਸੇਵਾਵਾਂ ਦਿੰਦੀ ਸੀ। ਉਸ ਦੇ ਨਾਲ ਹੀ ਉਹ 'ਪਰਸੈਪਟ ਨੌਰਿਜਿਨ' ਵੀ ਚਲਾਉਂਦੇ ਸਨ, ਜੋ ਡਿਜੀਟਲ ਮੀਡੀਆ ਕੰਟੈਂਟ ਤੇ ਇਸ਼ਤਿਹਾਰਬਾਜ਼ੀ ਦੇ ਨਾਲ ਮੋਬਾਇਲ ਵੀ.ਏ.ਐਸ. ਦੇ ਖੇਤਰ ਵਿੱਚ ਵੀ ਆਪਣੀਆਂ ਸੇਵਾਵਾਂ ਮੁਹੱਈਆ ਕਰਵਾਉਂਦੀ ਸੀ।

ਰਜਤ ਨੇ ਆਪਣਾ ਕਾਰੋਬਾਰ 2006 'ਚ 'ਫ਼ੋਟੋਲਿੰਕ ਮੀਡੀਆ' ਰਾਹੀਂ ਅਰੰਭਿਆ ਸੀ, ਜੋ ਇੱਕ ਮੋਬਾਇਲ ਐਪਲੀਕੇਸ਼ਨ ਸੀ ਜੋ ਤਸਵੀਰ ਨੂੰ ਪਛਾਣਨ ਦੀ ਤਕਨਾਲੋਜੀ ਸੀ। ਉਹ ਅੰਤਰ-ਕਾਰਜੀ ਤਕਨਾਲੋਜੀ ਪੂਰੀ ਤਰ੍ਹਾਂ ਪੁਲ-ਆਧਾਰਤ, ਆਪਣੇ ਵਿਕਲਪ ਮੁਤਾਬਕ ਪ੍ਰਵਾਨਗੀ ਦੇ ਕੇ ਮਾਰਕਿਟਿੰਗ ਸਾਲਿਯੂਸ਼ਨਜ਼ ਹਾਸਲ ਕਰਨ ਦਾ ਰਾਹ ਸੀ। 'ਲਾਈਨ' ਨਾਲ ਜੁੜਨ ਤੋਂ ਪਹਿਲਾਂ ਉਹ ਟਾਟਾ ਕਨਸਲਟੈਂਸੀ ਸਰਵਿਸੇਜ਼ (ਟੀ.ਸੀ.ਐਸ.), ਇਬੀਬੋ, ਇੰਡੀਆਰੌਕਸ, ਮੋਜੋਸਟਰੀਟ, ਬੈਸਟ-ਦਾਮ ਤੇ ਪਰਸੈਪਟ ਨੌਰਿਜਿਨ ਲਈ ਵੀ ਕੰਮ ਕਰਦੇ ਰਹੇ ਸਨ।

ਧਿਆਨ ਖਿੱਚਿਆ

ਇਸ ਵੇਲੇ 'ਪਲੈਨੇਟ ਗੋ-ਗੋ' ਦੇ 30 ਹਜ਼ਾਰ ਤੋਂ ਵੱਧ ਵਰਤੋਂਕਾਰ ਹਨ। ਦੋਵੇਂ ਬਾਨੀਆਂ ਦਾ ਕਹਿਣਾ ਹੈ ਕਿ ਇਸ ਐਪ. ਦੀ ਵਰਤੋਂ ਕਰਦੇ ਸਮੇਂ ਖਪਤਕਾਾਰ/ਗਾਹਕ ਨੂੰ ਡਾਟਾ ਚਾਰਜਿਸ ਦੀ ਫ਼ਿਕਰ ਕਰਨ ਦੀ ਜ਼ਰੂਰਤ ਨਹੀਂ ਹੁੰਦੀ।

ਦਮਨ ਹੁਰਾਂ ਅਨੁਸਾਰ,''ਅਸੀਂ ਇਹ ਐਪ. ਤਿਆਰ ਕਰਦੇ ਸਮੇਂ ਸਾਰੀਆਂ ਗੱਲਾਂ ਦਾ ਖ਼ਿਆਲ ਰੱਖਿਆ ਹੈ; ਜਿਵੇਂ ਇਹ ਤੁਰੰਤ ਇੰਟਰਨੈਟ ਨਾਲ ਜੁੜ ਸਕੇ, ਇਸ ਦੇ ਡਾਟਾ ਚਾਰਜਿਸ ਘੱਟ ਤੋਂ ਘੱਟ ਲੱਗਣ, ਇਹ ਘੱਟ ਰੈਮ ਖ਼ਰਚ ਕਰੇ ਤੇ ਬੈਟਰੀ ਦੀ ਖਪਤ ਵੀ ਨਾਮਾਤਰ ਕਰੇ। ਗੋ-ਗੋ ਦੁਆਰਾ ਨਾਮਾਤਰ ਡਾਟਾ ਖ਼ਰਚ ਹੁੰਦਾ ਹੈ ਤੇ ਬੈਟਰੀ ਵੀ ਬਹੁਤ ਘੱਟ ਖ਼ਰਚ ਹੁੰਦੀ ਹੈ। ਅਸੀਂ ਪਹਿਲੇ ਦਿਨ ਤੋਂ ਇਨ੍ਹਾਂ ਗੱਲਾਂ ਦਾ ਖ਼ਿਆਲ ਰੱਖਿਆ ਸੀ। ਅਸੀਂ 100 ਤੋਂ ਵੱਧ ਮੋਬਾਇਲ ਉਪਕਰਣਾਂ ਤੋਂ ਪਹਿਲਾਂ ਇਸ ਦਾ ਪਰੀਖਣ ਕੀਤਾ ਸੀ।'' ਉਨ੍ਹਾਂ ਦੀ ਕੰਪਨੀ ਨੇ ਇੰਨੀ ਕੁ ਤਕਨਾਲੋਜੀ ਵਰਤੀ ਹੈ ਕਿ ਜਿਸ ਦੁਆਰਾ 1 ਕਰੋੜ ਤੱਕ ਵਰਤੋਂਕਾਰਾਂ ਦਾ ਖ਼ਿਆਲ ਰੱਖਿਆ ਜਾ ਸਕਦਾ ਹੈ।

ਪਿੱਛੇ ਜਿਹੇ ਇਸ ਕੰਪਨੀ ਨੇ ਐਚ.ਟੀ. ਮੀਡੀਆ ਦੀ ਸਹਾਇਕ ਕੰਪਨੀ 'ਐਚ.ਟੀ. ਡਿਜੀਟਲ ਮੀਡੀਆ ਹੋਲਡਿੰਗਜ਼ ਲਿਮਟਿਡ' ਅਤੇ ਵਾਲ ਸਟਰੀਟ ਜਰਨਲ, ਵਾਸ਼ਿੰਗਟਨ ਪੋਸਟ ਤੇ ਰਾਇਟਰਜ਼ ਦੇ ਮੀਡੀਆ ਕਾਰਜਕਾਰੀ ਅਧਿਕਾਰੀਆਂ ਦੀ ਇੱਕ ਟੀਮ ਵੱਲੋਂ ਤਿਆਰ ਕੀਤੀ ਨਿਵੇਸ਼ ਫ਼ਰਮ 'ਨੌਰਥ ਬੇਸ ਮੀਡੀਆ' (ਐਨ.ਬੀ.ਐਮ.) ਤੋਂ ਬੀਜ-ਨਿਵੇਸ਼ ਹਾਸਲ ਕੀਤਾ ਹੈ।

ਐਨ.ਬੀ.ਐਮ. ਦੇ ਪ੍ਰਬੰਧਕੀ ਭਾਈਵਾਲ ਮਾਰਕੁਸ ਬਰੌਕਲੀ ਦਾ ਕਹਿਣਾ ਹੈ,''ਗੋ-ਗੋ ਬਹੁਤ ਤਜਰਬੇਕਾਰ ਟੀਮ ਵੱਲੋਂ ਚਲਾਈ ਜਾ ਰਹੀ ਹੈ ਤੇ ਬਾਜ਼ਾਰ ਵਿੱਚ ਮੌਜੂਦ ਮੌਕਿਆਂ ਉਤੇ ਧਿਆਨ ਕੇਂਦ੍ਰਿਤ ਕਰਦੀ ਹੈ। ਵਾਜਬ ਵਿਸ਼ੇ ਬਹੁਤ ਵੱਡੀ ਗਿਣਤੀ 'ਚ ਲੋਕਾਂ/ਵਰਤੋਂਕਾਰਾਂ ਤੱਕ ਪਹੁੰਚਾਉਣ ਨਾਲ ਇਸ ਦਾ ਅਸਰ ਬਹੁਤ ਬੱਝਵਾਂ ਤੇ ਭਰੋਸੇਯੋਗ ਤਰੀਕੇ ਪੈਂਦਾ ਹੈ।''

ਅੱਗੇ ਤਰੱਕੀ

ਅਗਲੇ ਤਿੰਨ ਵਰ੍ਹਿਆਂ ਦੌਰਾਨ ਪਲੈਨੇਟ ਗੋ-ਗੋ ਦਾ ਮੰਤਵ 1 ਕਰੋੜ ਵਰਤੋਂਕਾਰਾਂ ਤੱਕ ਪੁੱਜਣਾ ਹੈ। ਇਸ ਰਾਹੀਂ ਕਈ ਖੇਤਰੀ ਭਾਸ਼ਾਵਾਂ ਵਿੱਚ ਵੀ ਵਿਸ਼ੇ ਮੁਹੱਈਆ ਕਰਵਾਏ ਜਾਣਗੇ; ਤਾਂ ਜੋ ਇਸ ਨੂੰ ਵੱਧ ਤੋਂ ਵੱਧ ਫ਼ੋਨ-ਵਰਤੋਂਕਾਰ ਵਰਤ ਸਕਣ। ਇਸ ਦੇ ਬਾਨੀਆਂ ਦਾ ਦਾਅਵਾ ਹੈ ਕਿ ਇਹ ਸਥਾਨਕ ਪੱਧਰ ਦੇ ਇਸ਼ਤਿਹਾਰਾਂ ਰਾਹੀਂ ਵੱਖੋ-ਵੱਖਰੀਆਂ ਵਸਤਾਂ ਤੇ ਸੇਵਾਵਾਂ ਦੀ ਸੂਚੀ ਮੁਹੱਈਆ ਕਰਵਾਏਗੀ, ਜੋ ਨਿਸ਼ਚਤ ਤੌਰ ਉਤੇ ਭਾਰਤ ਦੀ ਆਪਣੀ ਕਿਸਮ ਦੀ ਸਭ ਤੋਂ ਵੱਡੀ ਸੂਚੀ ਹੋਵੇਗੀ।

'ਯੂਅਰ ਸਟੋਰੀ' ਦੀ ਆਪਣੀ ਗੱਲ

'ਕੰਟੈਂਟ ਮਾਰਕਿਟਿੰਗ ਇੰਸਟੀਚਿਊਟ ਐਂਡ ਮਾਰਕਿਟਿੰਗ ਪ੍ਰੋਫ਼ਸ' ਦੀ ਰਿਪੋਰਟ ਮੁਤਾਬਕ ਕੰਟੈਂਟ ਮਾਰਕਿਟਿੰਗ ਇਸ ਵੇਲੇ ਬਹੁਤ ਤਿੱਖੇ ਵਾਧੇ ਦੇ ਦੌਰ ਵਿਚੋਂ ਲੰਘ ਰਹੀ ਹੈ ਅਤੇ ਅਜਿਹੀਆਂ ਸਮੱਗਰੀਆਂ ਸੋਸ਼ਲ ਮੀਡੀਆ ਉਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਛੋਟੇ ਕਾਰੋਬਾਰ ਅਤੇ ਪੇਸ਼ੇਵਰਾਨਾ ਵਿਅਕਤੀਆਂ ਕੋਲ ਆਮ ਤੌਰ ਉਤੇ ਵਾਜਬ ਸਰੋਤ ਨਹੀਂ ਹੁੰਦੇ ਤੇ ਉਨ੍ਹਾਂ ਨੂੰ ਆਪਣੀ ਸਰਗਰਮ ਸਮਾਜਕ ਹੋਂਦ ਕਾਇਮ ਰੱਖਣ ਲਈ ਅਜਿਹੇ ਹੱਲ ਚਾਹੀਦੇ ਹੁੰਦੇ ਹਨ।

ਸੋਸ਼ਲ ਮੀਡੀਆ ਮਾਰਕਿਟਿੰਗ ਦੇ ਖੇਤਰ ਵਿੱਚ ਅਨੇਕਾਂ ਕੰਪਨੀਆਂ ਨੇ ਆਪਣੀ ਪਛਾਣ ਬਣਾਈ ਹੈ। 'ਡਰੱਮ ਅਪ' ਇੱਕ ਮੋਬਾਇਲ ਤੇ ਵੈਬ ਐਪਲੀਕੇਸ਼ਨ ਹੈ ਜੋ ਇੰਟਰਨੈਟ ਤੋਂ ਵਾਜਬ ਸਮੱਗਰੀਆਂ ਲੱਭਣ ਵਿੱਚ ਮਦਦ ਕਰਦੀ ਹੈ ਤੇ ਇਸ ਨੂੰ ਆਪਣੇ ਫ਼ਾਲੋਅਰਜ਼ ਨਾਲ ਸੋਸ਼ਲ ਮੀਡੀਆ ਉਤੇ ਸ਼ੇਅਰ ਵੀ ਕੀਤਾ ਜਾ ਸਕਦਾ ਹੈ।

'ਹੂਟਸੁਇਟ' ਵੀ ਸੋਸ਼ਲ ਮੀਡੀਆ ਨਾਲ ਸਿੱਝਣ ਵਾਲੀ ਇੱਕ ਐਪ. ਹੈ, ਜਿਸ ਨੇ 28 ਕਰੋੜ 50 ਲੱਖ ਡਾਲਰ ਦੇ ਫ਼ੰਡ ਇਕੱਠੇ ਕੀਤੇ ਹਨ। 'ਟਵੀਟਡੈਕ' ਨੇ 53 ਲੱਖ ਡਾਲਰ ਇਕੱਠੇ ਕੀਤੇ ਸਨ ਤੇ ਟਵਿਟਰ ਨੇ ਉਸ ਨੂੰ ਅਕਵਾਇਰ ਕਰ ਲਿਆ ਸੀ। 2010 'ਚ ਅਰੰਭ ਹੋਈ 'ਬਫ਼ਰ' ਨੇ ਤਿੰਨ ਗੇੜਾਂ ਵਿੱਚ 39 ਲੱਖ ਡਾਲਰ ਇਕੱਠੇ ਕੀਤੇ ਸਨ; ਜੋ ਆਪੋ-ਆਪੀ ਸਮੱਗਰੀ ਸਹੀ ਢੰਗ ਨਾਲ ਤਿਆਰ ਕਰਨ ਤੇ ਫਿਰ ਸ਼ੇਅਰ ਕਰਨ ਵਿੱਚ ਯੂਜ਼ਰਜ਼ ਭਾਵ ਵਰਤੋਂਕਾਰਾਂ ਦੀ ਮਦਦ ਕਰਦੀ ਹੈ।

ਪਲੈਨੇਟ ਗੋ-ਗੋ ਵੀ ਕੰਟੈਂਟ ਲੱਭਣ ਦੇ ਇਸ ਖੇਤਰ ਵਿੱਚ ਆ ਸ਼ਾਮਲ ਹੋਈ ਹੈ ਤੇ ਇਸ ਦੀ ਲੌਕ ਸਕ੍ਰੀਨ ਵਿਸ਼ੇਸ਼ਤਾ ਇਸ ਨੂੰ ਹੋਰਨਾਂ ਤੋਂ ਵਿਲੱਖਣ ਬਣਾਉਣ ਤੇ ਵੱਡੀਆਂ ਪ੍ਰਾਪਤੀਆਂ ਦੇ ਰਾਹ ਵੱਲ ਤੋਰਦੀ ਹੈ।

ਲੇਖਕ: ਅਪਰਾਜਿਤਾ ਚੌਧਰੀ

ਅਨੁਵਾਦ: ਮਹਿਤਾਬ-ਉਦ-ਦੀਨ