'ਸਫ਼ਲਤਾ' ਸਹੀ ਸਮੇਂ ਸਹੀ ਥਾਂ 'ਤੇ ਮੌਜੂਦ ਹੋਣ ਦਾ ਨਾਂਅ ਹੈ: ਰੇਡੀਓ ਜੌਕੀ ਮਲਿਸ਼ਕਾ

'ਸਫ਼ਲਤਾ' ਸਹੀ ਸਮੇਂ ਸਹੀ ਥਾਂ 'ਤੇ ਮੌਜੂਦ ਹੋਣ ਦਾ ਨਾਂਅ ਹੈ: ਰੇਡੀਓ ਜੌਕੀ ਮਲਿਸ਼ਕਾ

Saturday April 09, 2016,

6 min Read

ਚਾਵਾਂ ਤੇ ਮਲ੍ਹਾਰਾਂ ਨਾਲ਼ ਭਰਪੂਰ ਉਸ ਦੀ ਆਵਾਜ਼ ਹਰ ਸਵੇਰ ਮੁੰਬਈ ਨੂੰ ਜਗਾਉਂਦੀ ਹੈ। ਰੇਡੀਓ ਜੌਕੀ ਮਲਿਸ਼ਕਾ ਨੂੰ ਮਿਲ਼ੋ। ਇੱਥੇ ਇਹ ਦੱਸ ਦੇਣਾ ਜ਼ਰੂਰੀ ਹੈ ਕਿ ਉਹ ਆਪਣੇ-ਆਪ ਨੂੰ ਕੇਵਲ ਮਲਿਸ਼ਕਾ ਅਖਵਾਉਣਾ ਵਧੇਰੇ ਪਸੰਦ ਕਰਦੀ ਹੈ। ਰੈੱਡ ਐਫ਼.ਐਮ. ਰੇਡੀਓ ਉੱਤੇ ਉਸ ਦੇ ਸ਼ੋਅ 'ਮੌਰਨਿੰਗ ਨੰਬਰ 1' ਸੁਣੇ ਬਿਨਾ ਮੁੰਬਈ ਦੇ ਬਹੁਤੇ ਨਾਗਰਿਕਾਂ ਦਾ ਦਿਨ ਸ਼ੁਰੂ ਨਹੀਂ ਹੁੰਦਾ। ਮਲਿਸ਼ਕਾ ਪਿਛਲੇ 8 ਸਾਲਾਂ ਤੋਂ ਰੇਡੀਓ ਜੌਕੀ ਹੈ। ਉਸ ਦਾ ਕਹਿਣਾ ਹੈ ਕਿ ਉਹ ਰੇਡੀਓ 'ਤੇ ਆਪਣੇ ਹਰੇਕ ਛਿਣ ਦਾ ਆਨੰਦ ਮਾਣਦੀ ਹੈ।

ਇੱਕ ਸੰਖੇਪ ਜਿਹੀ ਗੱਲਬਾਤ ਦੌਰਾਨ ਮਲਿਸ਼ਕਾ ਮੁੰਬਈ ਸ਼ਹਿਰ 'ਚ ਭਰਨ ਵਾਲ਼ੀ ਆਪਣੀ ਸ਼ਕਤੀ ਅਤੇ ਕਾਰੋਬਾਰੀ ਉੱਦਮਤਾ ਸਬੰਧੀ ਆਪਣੇ ਵਿਚਾਰਾਂ ਬਾਰੇ ਗੱਲ ਕੀਤੀ। ਆਪਣੇ ਅਸਲ ਜੀਵਨ ਵਿੱਚ ਵੀ ਉਹ ਓਨੀ ਹੀ ਦੋਸਤਾਨਾ ਤੇ ਗਾਲੜੀ ਹੈ, ਜਿੰਨੀ ਉਹ ਰੇਡੀਓ 'ਤੇ ਆਪਣੇ ਪ੍ਰੋਗਰਾਮ ਦੌਰਾਨ ਸੁਣਾਈ ਦਿੰਦੀ ਹੈ।

ਅਰੰਭਲੇ ਜੀਵਨ ਦੌਰਾਨ ਭੰਬਲ਼ਭੂਸੇ ਵਿੱਚ ਫਸੀ ਰਹੀ

ਦੋ ਭੈਣਾਂ ਵਿਚੋਂ ਵੱਡੀ ਮਲਿਸ਼ਕਾ ਦਸਦੀ ਹੈ ਕਿ ਉਸ ਨੇ ਆਪਣਾ ਬਚਪਨ ਬਹੁਤ ਹਾਸੇ-ਠੱਠਿਆਂ ਵਿੱਚ ਬਿਤਾਇਆ। ''ਮੈਂ ਸਦਾ ਸਟੇਜ 'ਤੇ ਕੰਮ ਕਰਨਾ ਚਾਹੁੰਦੀ ਸਾਂ। ਇਸੇ ਲਈ ਮੈਂ ਆਪਣੇ ਆਂਢ-ਗੁਆਂਢ ਦੇ ਨਿਆਣੇ ਆਪਣੇ ਆਲ਼ੇ-ਦੁਆਲ਼ੇ ਇਕੱਠੇ ਕਰ ਲੈਂਦੀ ਸਾਂ ਤੇ ਫਿਰ ਅਸੀਂ ਵਧੀਆ-ਵਧੀਆ ਕੱਪੜੇ ਪਾ ਕੇ ਨਿੱਕੇ-ਨਿੱਕੇ ਨਾਟਕ ਖੇਡਦੇ ਜਾਂ ਗੀਤ ਗਾਉਂਦੇ। ਸਕੂਲ 'ਚ ਮੈਂ ਬਾਲ ਦਿਵਸ ਜਾਂ ਅਧਿਆਪਕ ਦਿਵਸ ਦੀ ਉਡੀਕ ਕਰਦੀ ਰਹਿੰਦੀ, ਤਾਂ ਜੋ ਮੈਨੂੰ ਕਿਸੇ ਨਾ ਕਿਸੇ ਤਰ੍ਹਾਂ ਸਟੇਜ 'ਤੇ ਜਾਣ ਦਾ ਮੌਕਾ ਮਿਲ਼ੇ। ਭਾਵੇਂ ਮੈਂ ਇਹ ਨਹੀਂ ਆਖ ਸਕਦੀ ਕਿ ਮੇਰੇ ਵਿੱਚ ਤਦ ਕਿੰਨਾ ਕੁ ਆਤਮ-ਵਿਸ਼ਵਾਸ ਸੀ, ਪਰ ਹਾਂ ਮੈਨੂੰ ਸਟੇਜ ਤੋਂ ਕਦੇ ਡਰ ਨਹੀਂ ਲੱਗਾ॥''

ਮਲਿਸ਼ਕਾ ਨੇ ਆਪਣੇ ਜੀਵਨ ਦੇ ਅਰੰਭਲੇ ਸਮੇਂ ਦੌਰਾਨ ਹੀ ਮੀਡੀਆ 'ਚ ਰਹਿਣ ਦਾ ਫ਼ੈਸਲਾ ਕਰ ਲਿਆ ਸੀ। ਉਹ ਅਦਾਕਾਰ, ਕੋਈ ਕਲਾਕਾਰ ਜਾਂ ਪੱਤਰਕਾਰ ਬਣਨਾ ਲੋਚਦੀ ਸੀ। ਮਲਿਸ਼ਕਾ ਈਮਾਨਦਾਰੀ ਨਾਲ਼ ਦਸਦੀ ਹੈ,''ਮੈਨੂੰ ਨਹੀਂ ਪਤਾ ਕਿ ਇਹ ਫ਼ੈਸਲਾ ਮੇਰੀ ਚੁਸਤੀ 'ਚੋਂ ਨਿੱਕਲ਼ਿਆ ਸੀ ਕਿ ਜਾਂ ਕਿਸੇ ਸਪੱਸ਼ਟ ਡਰ ਦਾ ਨਤੀਜਾ ਸੀ।'' ਉਹ ਹਾਲ਼ੇ ਬਹੁਤ ਛੋਟੀ ਸੀ, ਜਦੋਂ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ ਅਤੇ ਘਰ ਵਿੱਚ ਵੱਡੀ ਹੋਣ ਕਾਰਣ ਉਸ ਦੇ ਸਿਰ ਜ਼ਿੰਮੇਵਾਰੀ ਕੁੱਝ ਛੇਤੀ ਹੀ ਪੈ ਗਈ ਸੀ। ਉਸ ਨੇ ਇਸ਼ਤਿਹਾਰ ਤਿਆਰ ਕਰਨ ਵਾਲ਼ੇ ਪ੍ਰਹਿਲਾਦ ਕੱਕੜ ਨਾਲ਼ ਇੱਕ ਇੰਟਰਨ ਵਜੋਂ ਵੀ ਕੰਮ ਕੀਤਾ, ਤਦ ਉਹ ਕਾਲਜ 'ਚ ਪੜ੍ਹਦੀ ਹੁੰਦੀ ਸੀ। ਪਰ ਇੰਟਰਨਸ਼ਿਪ ਮੁਕੰਮਲ ਕਰ ਲੈਣ ਤੋਂ ਬਾਅਦ ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕਿਹੜਾ ਰਸਤਾ ਫੜੇ।

image


ਉਸ ਵੇਲੇ ਨਿਜੀ ਰੇਡੀਓ ਸਟੇਸ਼ਨ ਇੱਕ ਵਾਰ ਮੁੜ ਤੋਂ ਸਥਾਪਤ ਹੋਣ ਦੇ ਜਤਨ ਕਰ ਰਹੇ ਸਨ ਅਤੇ ਰੈੱਡ ਐਫ਼.ਐਮ. ਤਦ ਆੱਡੀਸ਼ਨਜ਼ ਕਰ ਰਿਹਾ ਸੀ। ਮਲਿਸ਼ਕਾ ਨੇ ਆੱਡੀਸ਼ਨ ਦਿੱਤਾ, ਉਸ ਨੂੰ ਨੌਕਰੀ ਮਿਲ਼ ਗਈ ਤੇ ਉਸ ਤੋਂ ਬਾਅਦ ਦੀਆਂ ਗੱਲਾਂ ਤਾਂ ਹੁਣ ਸਾਰੇ ਜਾਣਦੇ ਹਨ। ਉਹ ਦਸਦੀ ਹੈ,''ਮੈਂ ਮਹਿਸੂਸ ਕਰਦੀ ਹਾਂ ਕਿ ਸਹੀ ਸਮੇਂ ਸਹੀ ਸਥਾਨ 'ਤੇ ਮੌਜੂਦ ਹੋਣ ਦਾ ਨਾਂਅ ਹੀ ਸਫ਼ਲਤਾ ਹੈ ਅਤੇ ਤੁਹਾਡੇ ਨਾਲ਼ ਆਸ਼ੀਰਵਾਦ ਵੀ ਜ਼ਰੂਰ ਹੋਣਾ ਚਾਹੀਦਾ ਹੈ।''

ਮਲਿਸ਼ਕਾ ਕਬੂਲ ਕਰਦੀ ਹੈ ਕਿ ਉਸ ਨੂੰ ਇਹ ਪਤਾ ਨਹੀਂ ਹੈ ਕਿ ਜੇ ਰੇਡੀਓ ਨਾ ਹੁੰਦਾ, ਤਦ ਉਹ ਕੀ ਕਰਦੀ। ਉਹ ਆਖਦੀ ਹੈ,''ਹਰ ਰੋਜ਼ ਅਜਿਹਾ ਨਹੀਂ ਹੋਇਆ ਕਰਦਾ ਕਿ ਤੁਹਾਨੂੰ ਤੁਹਾਡੇ ਮਤਲਬ ਦੀ ਕੋਈ ਜਗ੍ਹਾ ਮਿਲ਼ ਜਾਵੇ ਅਤੇ ਤੁਸੀਂ ਉਸ 'ਤੇ ਅੱਗੇ ਵਧਦੇ ਜਾਓ। ਕਈ ਵਾਰ, ਮੈਂ ਖ਼ੁਦ ਹੈਰਾਨ ਹੁੰਦੀ ਹਾਂ। ਕਿਸੇ ਨੇ ਕਦੇ ਕਲਪਨਾ ਵੀ ਨਹੀਂ ਸੀ ਕੀਤੀ ਕਿ ਮੈਂ ਰੇਡੀਓ ਜੌਕੀ ਬਣਾਂਗੀ, ਜੋ ਮੈਂ ਹੁਣ ਹਾਂ ਤੇ ਮੈਨੂੰ ਇਹ ਕੰਮ ਬਹੁਤ ਜ਼ਿਆਦਾ ਪਸੰਦ ਹੈ।''

ਨੌਕਰੀ

ਆਪਣੇ ਸ਼ੋਅ ਵਿੱਚ, ਮਲਿਸ਼ਕਾ ਚਲੰਤ ਵਿਸ਼ੇ ਹੀ ਫੜਦੀ ਹੈ, ਜਿਨ੍ਹਾਂ ਬਾਰੇ ਲੋਕ ਗੱਲਬਾਤ ਕਰਨ ਦੇ ਇੱਛੁਕ ਹੁੰਦੇ ਹਨ। ਮਲਿਸ਼ਕਾ ਦਸਦੀ ਹੈ,''ਇੱਕ ਵਾਰ, ਮੈਂ ਇਹ ਪਤਾ ਲਾਉਣ ਦਾ ਜਤਨ ਕੀਤਾ ਕਿ ਮੇਰੇ ਅਸਲ ਸਰੋਤੇ ਕਿਹੜੇ ਹਨ। ਮੇਰੀ ਟੀਮ ਮੇਰੇ ਕੋਲ਼ ਵਾਪਸ ਆਈ ਤੇ ਦੱਸਿਆ ਕਿ ਤੁਹਾਡਾ ਘੇਰਾ ਤਾਂ 360 ਡਿਗਰੀ ਜਿਹਾ ਹੈ। ਅਜਿਹਾ ਇਸ ਕਰ ਕੇ ਹੈ ਕਿਉਂਕਿ ਮੇਰੇ ਸ਼ੋਅ ਦੀ ਸਮੱਗਰੀ ਸਾਰਿਆਂ ਲਈ ਹੈ। ਮੈਂ ਜੋ ਭਾਸ਼ਾ ਵਰਤਦੀ ਹਾਂ, ਉਹ ਜਨ-ਸਾਧਾਰਣ ਦੀ ਭਾਸ਼ਾ ਹੈ ਪਰ ਵਿਸ਼ੇਸ਼ ਵਰਗਾਂ ਨੂੰ ਵੀ ਉਹ ਓਨੀ ਹੀ ਪਸੰਦ ਆਉਂਦੀ ਹੈ। ਮੈਂ ਕਦੇ ਆਪਣੇ-ਆਪ ਨੂੰ ਪਿਛਾਂਹ ਨਹੀਂ ਜਾਣ ਦਿੱਤਾ।''

ਉਹ ਜਿੰਨੇ ਵੀ ਇੰਟਰਵਿਊ ਕਰਦੀ ਹੈ, ਉਨ੍ਹਾਂ ਦੀ ਉਹ ਸੂਚੀ ਬਣਾਉਂਦੀ ਹੈ। ਉਸ ਨੇ ਫ਼ਿਲਮ ਅਦਾਕਾਰ ਅਕਸ਼ੇ ਕੁਮਾਰ ਦਾ ਇੰਟਰਵਿਊ ਲਿਆ ਸੀ (ਪਹਿਲਾਂ ਉਹ ਉਸ ਦੀ ਪ੍ਰਸ਼ੰਸਕ ਨਹੀਂ ਸੀ ਪਰ ਹੁਣ ਉਸ ਦੇ ਬਹੁਤ ਨੇੜਲੇ ਦੋਸਤਾਂ ਵਿਚੋਂ ਇੱਕ ਹੈ)। ਉਹ ਆਪਣੇ ਸ਼ੋਅ ਵਿੱਚ ਸਿਆਸੀ ਆਗੂਆਂ ਨੂੰ ਵੀ ਸੱਦਦੀ ਹੈ ਤੇ ਸਥਾਨਕ ਨਗਰ ਨਿਗਮ ਦੇ ਆਗੂਆਂ ਨੂੰ ਵੀ ਬੁਲਾਉਂਦੀ ਹੈ ਤੇ ਉਨ੍ਹਾਂ ਤੋਂ ਆਮ ਲੋਕਾਂ ਦੀਆਂ ਸਮੱਸਿਆਵਾਂ ਦੇ ਜਵਾਬ ਮੰਗਦੀ ਹੈ।

ਹਰ ਵਾਰ ਪ੍ਰਸਾਰਿਤ ਕੀਤੀ ਜਾਣ ਵਾਲੀ ਸਮੱਗਰੀ ਨੂੰ ਬਿਲਕੁਲ ਤਰੋਤਾਜ਼ਾ ਰੱਖਣਾ ਇੱਕ ਬਹੁਤ ਔਖਾ ਕੰਮ ਹੈ ਅਤੇ ਇਸ ਦਾ ਸਿਹਰਾ ਉਹ ਆਪਣੀ ਟੀਮ ਤੋਂ ਮਿਲਣ ਵਾਲ਼ੀ ਦ੍ਰਿੜ੍ਹ ਸਹਾਇਤਾ ਸਿਰ ਬੱਝਦੀ ਹੈ। ਉਹ ਦਸਦੀ ਹੈ,''ਮੈਂ ਜੋ ਵੀ ਸਮੱਗਰੀ ਪ੍ਰਸਾਰਿਤ ਕਰਦੀ ਹਾਂ, ਉਹ ਕਿਸੇ ਇੱਕ ਜਣੇ ਦਾ ਉੱਦਮ ਨਹੀਂ ਹੁੰਦਾ। ਮੈਂ ਉਸ ਨੂੰ ਪੇਸ਼ ਕਰ ਰਹੀ ਹੋ ਸਕਦੀ ਹਾਂ ਪਰ ਮੇਰੇ ਉਸ ਕੰਮ ਪਿੱਛੇ ਸਮੁੱਚੀ ਟੀਮ ਦੀ ਮਦਦ ਹੁੰਦੀ ਹੈ। ਅਸੀਂ ਸਾਰਾ ਦਿਨ ਕੰਮ ਕਰਦੇ ਹਾਂ, ਤਾਂ ਜੋ ਅਸੀਂ ਆਪਣੇ ਸਰੋਤਿਆਂ ਲਈ ਕੁੱਝ ਵੱਖਰਾ ਅਤੇ ਵਧੀਆ ਪੇਸ਼ ਕਰ ਸਕੀਏ।''

ਮਲਿਸ਼ਕਾ ਹੁਣ ਤੱਕ ਕਈ ਪ੍ਰਸਿੱਧ ਹਸਤੀਆਂ ਨੂੰ ਕਾੱਲਜ਼ ਕਰ ਚੁੱਕੀ ਹੈ; ਉਨ੍ਹਾਂ 'ਚੋਂ ਇੱਕ ਵਾਰ ਉਸ ਨੇ ਬਕਿੰਘਮ ਪੈਲੇਸ (ਇੰਗਲੈਂਡ) 'ਚ ਮਹਾਰਾਣੀ ਐਲਿਜ਼ਾਬੈਥ ਨੂੰ ਵੀ ਕਾੱਲ ਕੀਤੀ ਸੀ, ਜਦੋਂ ਪ੍ਰਿੰਸ ਵਿਲੀਅਮ ਦੇ ਘਰ ਪੁੱਤਰ ਨੇ ਜਨਮ ਲਿਆ ਸੀ।

ਮਲਿਸ਼ਕਾ ਦਸਦੀ ਹੈ ਕਿ ਇੱਕ ਰੇਡੀਓ ਜੌਕੀ ਵਜੋਂ ਉਸ ਨੇ ਜੋ ਵੀ ਚਾਹਿਆ, ਉਸ ਨੇ ਉਹ ਕੀਤਾ ਅਤੇ ਇਸੇ ਕੰਮ ਰਾਹੀਂ ਉਸ ਨੇ ਆਪਣਾ ਮਕਾਨ ਬਣਾਇਆ, ਸਮੁੱਚੇ ਵਿਸ਼ਵ ਦੀ ਯਾਤਰਾ ਕਰਨ ਦਾ ਮੌਕਾ ਮਿਲਿਆ ਤੇ ਬਹੁਤ ਸਾਰੇ ਲੋਕਾਂ ਨੂੰ ਹਸਾਉਣ ਦੇ ਯੋਗ ਵੀ ਹੋਈ। ਉਹ ਮੰਨਦੀ ਹੈ,''ਲੋਕ ਰੇਡੀਓ 'ਤੇ ਆਪਣੀਆਂ ਸਮੱਸਿਆਵਾਂ ਸਾਂਝੀਆਂ ਕਰਦੇ ਹਨ ਤੇ ਉਨ੍ਹਾਂ ਨੂੰ ਜ਼ਰੂਰ ਹੀ ਉਨ੍ਹਾਂ ਦਾ ਕੋਈ ਨਾ ਕੋਈ ਹੱਲ ਲੱਭੇ ਜਾਣ ਦੀ ਆਸ ਵੀ ਰਹਿੰਦੀ ਹੈ। ਇਹ ਸਾਰੇ ਇਨਾਮ ਹਨ, ਜੋ ਧਨ ਨਾਲ਼ੋਂ ਵੀ ਵੱਡੇ ਹਨ। ਮੇਰਾ ਸੁਫ਼ਨਾ ਸੀ ਕਿ ਜ਼ਿੰਦਗੀ ਵਿੱਚ ਕੁੱਝ ਹਾਸਲ ਕਰਾਂ ਅਤੇ ਉਹ ਆਮ ਜਨਤਾ ਦੇ ਅਥਾਹ ਸਮਰਥਨ ਨਾਲ਼ ਮੈਨੂੰ ਮਿਲ਼ਿਆ ਹੈ, ਜੋ ਕਿ ਮਹਾਨ ਗੱਲ ਹੈ।''

ਆਪਣੇ ਸ਼ੋਅ 'ਤੇ ਇਹ ਸਾਰਾ ਆਨੰਦ ਮਨਾਉਣ ਤੋਂ ਇਲਾਵਾ ਮਲਿਸ਼ਕਾ ਸਮਾਜਕ ਕਾਰਜਾਂ ਲਈ ਧਨ ਵੀ ਇਕੱਠਾ ਕਰਦੀ ਹੈ। ਉਸ ਨੇ ਨੈਸ਼ਨਲ ਐਸੋਸੀਏਸ਼ਨ ਫ਼ਾਰ ਦਾ ਬਲਾਈਂਡ ਲਈ 50 ਲੱਖ ਰੁਪਏ ਇਕੱਠੇ ਕਰਨ ਵਿੱਚ ਮਦਦ ਕੀਤੀ ਸੀ। ਇਸ ਤੋਂ ਇਲਾਵਾ ਉਸ ਨੇ ਸਥਾਨਕ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲ਼ੇ ਬੱਚਿਆਂ ਲਈ ਪੜ੍ਹਾਈ ਦੇ ਖ਼ਰਚਿਆਂ ਵਾਸਤੇ ਵੀ 30 ਲੱਖ ਰੁਪਏ ਇਕੱਠੇ ਕੀਤੇ ਸਨ।

ਆਮ ਲੋਕਾਂ ਉੱਤੇ ਆਪਣੇ ਪ੍ਰਭਾਵ ਦੇ ਬਾਵਜੂਦ, ਮਲਿਸ਼ਕਾ ਦਸਦੀ ਹੈ ਕਿ ਉਸ ਦਾ ਪਰਿਵਾਰ, ਜਾਣਕਾਰ ਤੇ ਦਫ਼ਤਰੀ ਟੀਮ ਸਭ ਆਪਣੇ ਪੈਰ ਧਰਤੀ 'ਤੇ ਹੀ ਰੱਖਣੇ ਪਸੰਦ ਕਰਦੇ ਹਨ ਅਤੇ ਇਹ ਯਕੀਨੀ ਬਣਾਉਂਦੇ ਹਨ ਕਿ ਮਲਿਸ਼ਕਾ ਦੀ ਸਫ਼ਲਤਾ ਕਿਸੇ ਦੇ ਸਿਰ ਚੜ੍ਹ ਕੇ ਨਾ ਬੋਲੇ। ਰੇਡੀਓ ਸਟਾਰ ਮਲਿਸ਼ਕਾ ਦਸਦੀ ਹੈ,''ਮੈਂ ਹਮੇਸ਼ਾ ਆਖਦੀ ਹਾਂ ਕਿ ਇਹ ਬਹੁਤ ਮਹੱਤਵਪੂਰਣ ਹੈ ਕਿ ਤੁਹਾਡੇ ਮੋਢਿਆਂ 'ਤੇ ਇੱਕ ਮਹਾਨ ਸਿਰ ਹੋਵੇ। ਤੁਸੀਂ ਸਮਾਜ ਵਿੱਚ ਭਾਵੇਂ ਕਿਸੇ ਵੀ ਸਿਖ਼ਰ 'ਤੇ ਪੁੱਜ ਜਾਵੋਂ ਪਰ ਆਪਣੇ ਪੈਰ ਧਰਤੀ 'ਤੇ ਰੱਖਣਾ ਸਭ ਤੋਂ ਵੱਡੀ ਸੰਪਤੀ ਹੁੰਦੀ ਹੈ।''

ਉੱਦਮਤਾ ਬਾਰੇ ਮਲਿਸ਼ਕਾ ਦੇ ਵਿਚਾਰ

ਭਾਰਤ ਵਿੱਚ ਕਾਰੋਬਾਰੀ ਉੱਦਮਤਾ ਦੇ ਉਭਾਰ ਤੋਂ ਮਲਿਸ਼ਕਾ ਡਾਢੀ ਖ਼ੁਸ਼ ਹੈ। ਉਹ ਇਸ ਗੱਲ ਤੋਂ ਖ਼ਾਸ ਉਤਸ਼ਾਹਿਤ ਹੈ ਕਿ ਨੌਜਵਾਨ ਹੁਣ ਵਿਭਿੰਨ ਜਤਨ ਤੇ ਉੱਦਮ ਕਰ ਰਹੇ ਹਨ। ਉਹ ਆਖਦੀ ਹੈ ਕਿ ਤੁਹਾਡੇ ਵਿੱਚ ਕੁੱਝ ਵੀ ਕਰ ਗੁਜ਼ਰਨ ਦੀ ਪ੍ਰਤਿਭਾ ਹੋਣੀ ਚਾਹੀਦੀ ਹੈ। ਉਹ ਆਖਦੀ ਹੈ,''ਜਦੋਂ ਤੁਹਾਡੇ ਲਈ ਕੋਈ ਵੀ ਕੰਮ ਕਰਨਾ ਬਹੁਤ ਸੁਖਾਲ਼ਾ ਹੋ ਜਾਵੇ, ਤਾਂ ਉਸ ਨੂੰ ਛੱਡ ਦੇਵੋ ਅਤੇ ਕੁੱਝ ਅਜਿਹਾ ਸ਼ੁਰੂ ਕਰੋ ਜੋ ਬਹੁਤ ਔਖਾ ਹੋਵੇ। ਪਰ ਜੇ ਤੁਸੀਂ ਮੈਨੂੰ ਆਖੋਂ ਕਿ ਮੈਂ ਆਪਣਾ ਰੇਡੀਓ ਜੌਕੀ ਦਾ ਕੰਮ ਛੱਡ ਕੇ ਕੁੱਝ ਹੋਰ ਕਰਨ ਲੱਗ ਪਵਾਂ, ਤਾਂ ਇਹ ਬਹੁਤ ਔਖਾ ਕੰਮ ਹੈ।''

ਉਹ ਇਹ ਵੀ ਮੰਨਦੀ ਹੈ ਕਿ ਜੇ ਤੁਸੀਂ ਕੋਈ ਕੰਮ ਅਰੰਭ ਕਰਦੇ ਹੋ, ਤਾਂ ਤੁਸੀਂ ਉਸ ਨੂੰ ਕਰਨ ਦੇ ਯੋਗ ਹੋਣੇ ਚਾਹੀਦੇ ਹੋ ਅਤੇ ਉਹੀ ਯੋਗਤਾ ਤੁਹਾਡੇ ਇੱਕ ਕਾਰੋਬਾਰੀ ਉੱਦਮੀ ਵਜੋਂ ਸਫ਼ਲਤਾ ਦੀ ਕੁੰਜੀ ਵੀ ਹੋਵੇਗੀ।

ਅਗਲੀ ਵਾਰ ਜਦੋਂ ਤੁਸੀਂ ਮੁੰਬਈਆਵੋ, ਤਾਂ 93.5 ਰੈੱਡ ਐਫ਼.ਐਮ. ਸਵੇਰੇ 6 ਵਜੇ ਤੋਂ ਲੈ ਕੇ 11 ਵਜੇ ਤੱਕ ਜ਼ਰੂਰ ਸੁਣੋ। ਤੁਸੀਂ ਉਸ ਦੇ ਸ਼ੋਅ ਦੀਆਂ ਕੁੱਝ ਵੰਨਗੀਆਂ 'ਸਾਊਂਡ-ਕਲਾਊਡ' ਉੱਤੇ ਵੀ ਸੁਣ ਸਕਦੇ ਹੋ।

ਲੇਖਕ: ਪ੍ਰੀਤੀ ਚਾਮੀਕੁੱਟੀ

ਅਨੁਵਾਦ: ਮਹਿਤਾਬ-ਉਦ-ਦੀਨ

    Share on
    close