ਕਦੇ ਧੋਨੀ ਨਾਲ ਖੇਡੀ ਤੇ ਪੜ੍ਹੀ, ਹੰਸਾ ਅੱਜ ਹੈ ਸਫ਼ਲ ਉਦਮੀ

ਕਦੇ ਧੋਨੀ ਨਾਲ ਖੇਡੀ ਤੇ ਪੜ੍ਹੀ, ਹੰਸਾ ਅੱਜ ਹੈ ਸਫ਼ਲ ਉਦਮੀ

Monday November 09, 2015,

8 min Read

''ਹਰ ਸਫ਼ਲ ਮਹਿਲਾ, ਭਾਵੇਂ ਉਹ ਇੱਕ ਨੇਤਾ, ਆਮ ਘਰੇਲੂ ਮਹਿਲਾ, ਸਮਾਜਕ ਕਾਰਕੁੰਨ, ਅਦਾਕਾਰਾ, ਨਾਵਲਕਾਰਾ, ਅਧਿਆਪਕਾ ਜਾਂ ਉਦਮੀ ਜਾਂ ਕੁੱਝ ਹੋਰ ਹੋਵ, ਉਹ ਮੈਨੂੰ ਪ੍ਰੇਰਿਤ ਕਰਦੀ ਹੈ ਕਿਉਂਕਿ ਉਨ੍ਹਾਂ ਦੀ ਸਫ਼ਲਤਾ ਪਿੱਛੇ ਇੱਕ ਖ਼ਾਸ ਕਹਾਣੀ ਲੁਕੀ ਹੁੰਦੀ ਹੈ।''

ਮਹਿਲਾ ਉਦਮੀ ਹੰਸਾ ਸਿਨਹਾ ਦੀ ਕਹਾਣੀ ਕਈ ਦਿਲਚਸਪ ਤੱਥਾਂ ਨਾਲ ਭਰੀ ਹੋਣ ਕਾਰਣ ਵਿਸ਼ੇਸ਼ ਬਣ ਜਾਂਦੀ ਹੈ। ਪ੍ਰਸਿੱਧ ਭਾਰਤੀ ਕ੍ਰਿਕੇਟਰ ਮਹੇਂਦਰ ਸਿੰਘ ਧੋਨੀ ਨਾਲ ਪੜ੍ਹ ਚੁੱਕੀ ਹੰਸਾ, ਕਾਲਜ ਦੇ ਦਿਨਾਂ ਵਿੱਚ ਫੇਫੜਿਆਂ ਦੀ ਬੀਮਾਰੀ ਕਾਰਣ ਮੌਤ ਦੇ ਮੂੰਹ ਵਿੱਚ ਜਾਣ ਤੋਂ ਬਚੇ ਸਨ ਅਤੇ ਇਸ ਤੋਂ ਇਲਾਵਾ ਉਨ੍ਹਾਂ ਆਪਣੀ ਕੰਪਨੀ 'ਜੈਨੇਸਿਸ' ਸ਼ੁਰੂ ਕਰਨ ਲਈ ਆਪਣੇ ਵਿਰੋਧੀ ਤੱਕ ਨਾਲ ਹੱਥ ਮਿਲਾਉਣ ਤੋਂ ਗੁਰੇਜ਼ ਨਹੀਂ ਕੀਤਾ। ਇੱਕ ਧੀ, ਪਤਨੀ ਜਾਂ ਮਾਂ ਦੇ ਰੂਪ ਵਿੱਚ ਉਨ੍ਹਾਂ ਜੀਵਨ ਆਪਣੀਆਂ ਖ਼ੁਦ ਦੀਆਂ ਸ਼ਰਤਾਂ ਉਤੇ ਜੀਵਿਆ ਹੈ।

image


ਹੰਸਾ ਦਾ ਹਾਲਾਤ ਦੇ ਹਿਸਾਬ ਨਾਲ ਆਪਣੇ-ਆਪ ਨੂੰ ਢਾਲਣਾ, ਹੰਸਾ ਦਾ ਬਚਪਨ ਹੁਣ ਹੋਰਨਾਂ ਬੱਚਿਆਂ ਵਾਂਗ ਹੀ ਬੀਤਿਆ। ਉਨ੍ਹਾਂ ਦਾ ਬਚਪਨ ਵੀ ਆਪਣੇ ਭੈਣਾਂ-ਭਰਾਵਾਂ ਨਾਲ ਖਾਣ ਦੀਆਂ ਚੀਜ਼ਾਂ ਵਿੱਚ ਵੱਡਾ ਹਿੱਸਾ ਹਥਿਆਉਣ ਲਈ ਹੋਣ ਵਾਲੇ ਮਾਮੂਲੀ ਝਗੜਿਆਂ, ਪਿਤਾ ਦੀ ਮੋਟਰ-ਸਾਇਕਲ ਉਤੇ ਅੱਗੇ ਬੈਠਣ ਦੀ ਜ਼ਿੱਦ ਨਾਲ ਰਸਨਾ ਇੱਕ ਹੋਰ ਗਿਲਾਸ ਲੈਣ ਹੋਣ ਵਾਲ਼ੀ ਚੁਹਲਬਾਜ਼ੀ ਕਰਨ ਵਿੱਚ ਲੰਘਿਆ।

ਪਟਨਾ ਦੇ ਨੋਟਰੇ ਡੇਮ ਅਕੈਡਮੀ ਤੋਂ ਮੁਢਲੀ ਸਿੱਖਿਆ ਮੁਕੰਮਲ ਕਰਨ ਤੋਂ ਬਾਅਦ ਉਹ ਬੈਂਕ ਵਿੱਚ ਕੰਮ ਕਰਦੇ ਆਪਣੇ ਪਿਤਾ ਦੇ ਤਬਾਦਲੇ ਕਾਰਣ ਉਨ੍ਹਾਂ ਨਾਲ ਰਾਂਚੀ ਆ ਗਹੇ ਅਤੇ ਵੱਕਾਰੀ ਸੇਂਟ ਫ਼ਰਾਂਸਿਸ ਤੋਂ ਆਪਣੀ ਹਾਈ ਸਕੂਲ ਦੀ ਪੜ੍ਹਾਈ ਮੁਕੰਮਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਇੰਟਰ ਦੀ ਪੜ੍ਹਾਈ ਰਾਂਚੀ ਦੇ ਹੀ ਡੀ.ਏ.ਵੀ. ਸ਼ਿਆਮਲੀ ਵਿਖੇ ਦਾਖ਼ਲਾ ਲਿਆ ਅਤੇ ਹਿਊਮੈਨਿਟੀਜ਼ ਦੇ ਖੇਤਰ ਵਿੱਚ ਅਧਿਐਨ ਕਰਨ ਲੱਗੇ। ਇਸੇ ਸਮੇਂ ਉਨ੍ਹਾਂ ਦੀ ਚੋਣ ਬਾਸਕੇਟਬਾੱਲ ਦੀ ਖੇਡ ਲਈ ਹੋਈ ਅਤੇ ਉਨ੍ਹਾਂ ਖੇਤਰੀ ਅਤੇ ਰਾਸ਼ਟਰੀ ਪੱਧਰ ਤੱਕ ਇਸ ਖੇਡ ਰਾਹੀਂ ਕਾਲਜ ਦੀ ਨੁਮਾਇੰਦਗੀ ਕੀਤੀ। ਇਸ ਤੋਂ ਇਲਾਵਾ ਹੰਸਾ, ਭਾਰਤੀ ਕ੍ਰਿਕੇਟ ਟੀਮ ਦੇ ਇਸ ਵੇਲੇ ਕਪਤਾਨ ਮਹੇਂਦਰ ਸਿੰਘ ਧੋਨੀ ਨਾਲ ਸਕੂਲ ਦੇ ਖੇਡ ਕਨਵੀਨਰ ਵੀ ਰਹੇ। ਉਸ ਵੇਲੇ ਨੂੰ ਯਾਦ ਕਰਦਿਆਂ ਉਹ ਖ਼ੁਸ਼ੀ ਨਾਲ ਦਸਦੇ ਹਨ ਕਿ ''ਮੈਨੂੰ ਹੁਣ ਵੀ ਰਾਂਚੀ ਦੇ ਮੈਕੌਨ ਸਟੇਡੀਅਮ ਵਿੱਚ ਹੋਇਆ ਸਕੂਲ ਦਾ ਖੇਡ ਦਿਵਸ ਚੇਤੇ ਹੈ, ਜਿੱਥੇ ਮੈਂ 'ਮਾਹੀ' (ਮਹੇਂਦਰ ਸਿੰਘ ਧੋਨੀ) ਨਾਲ ਮਾਰਚ ਕਰਨ ਤੋਂ ਇਲਾਵਾ ਇੱਕ ਰੀਲੇ ਦੌੜ ਵਿੱਚ ਵੀ ਭਾਗ ਲਿਆ ਸੀ।''

ਇਸ ਤੋਂ ਬਾਅਦ ਉਹ ਅਗਲੇਰੀ ਪੜ੍ਹਾਈ ਲਈ ਪਟਨਾ ਚਲੇ ਗਏ, ਜਿੱਥੋਂ ਉਨ੍ਹਾਂ ਪਟਨਾ ਮਹਿਲਾ ਕਾਲਜ ਤੋਂ ਇਸ਼ਤਿਹਾਰ, ਸੇਲਜ਼ ਪ੍ਰਮੋਸ਼ਨ ਅਤੇ ਸੇਲਜ਼ ਮੈਨੇਜਮੈਂਟ ਵਿਸ਼ਿਆਂ ਵਿੱਚ ਗਰੈਜੂਏਸ਼ਨ ਕੀਤੀ। ਉਨ੍ਹੀਂ ਦਿਨੀਂ ਉਨ੍ਹਾਂ ਨੂੰ ਫੇਫੜਿਆਂ ਦੀ ਬੀਮਾਰੀ ਨੇ ਜਕੜ ਲਿਆ, ਜਿਸ ਨੂੰ ਪਾਰ ਪਾਉਣਾ ਉਨ੍ਹਾਂ ਲਈ ਬਹੁਤ ਔਖਾ ਰਿਹਾ। ''ਪੀੜਤ ਫੇਫੜਿਆਂ ਵਿਚੋਂ ਜੰਮਿਆ ਪੀਲ਼ਾ ਤਰਲ ਪਦਾਰਥ ਬਾਹਰ ਕੱਢਣ ਲਈ ਮੇਰੀਆਂ ਹੱਡੀਆਂ ਨੂੰ ਕੱਟ ਕੇ ਇੱਕ ਪਾਈਪ ਪਾਇਆ ਗਿਆ, ਜੋ ਬਹੁਤ ਦਰਦਨਾਕ ਸੀ। ਮੈਂ ਦੋ ਵਾਰ ਮੌਤ ਦੇ ਮੂੰਹ ਵਿੱਚੋਂ ਬਾਹਰ ਆਉਣ 'ਚ ਸਫ਼ਲ ਰਹੀ। ਇੱਕ ਵਾਰ ਤਾਂ ਆੱਪਰੇਸ਼ਨ ਥੀਏਟਰ 'ਚ ਅਤੇ ਦੂਜੀ ਵਾਰ ਜਦੋਂ ਦੋ ਆੱਪਰੇਸ਼ਨਜ਼ ਤੋਂ ਬਾਅਦ ਮੁੜੀ ਮੇਰੀ ਬੀਮਾਰੀ ਪਲਟ ਕੇ ਵਾਪਸ ਆ ਗਈ।''

ਉਨ੍ਹਾਂ ਦੇ ਮਾਪਿਆਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੇ ਠੀਕ ਹੋਣ ਦੀ ਆਸ ਤੱਕ ਛੱਡ ਦਿੱਤੀ ਸੀ। ਹੰਸਾ ਦਸਦੇ ਹਨ,''ਉਸ ਵੇਲੇ ਮੇਰੇ ਦੋਸਤਾਂ ਅਤੇ ਰਿਸ਼ਤੇਦਾਰਾਂ ਵੱਲੋਂ ਵੱਖੋ-ਵੱਖਰੇ ਤਰੀਕਿਆਂ ਨਾਲ ਦਿੱਤੇ ਗਏ ਸਮਰਥਨ ਅਤੇ ਸਾਥ ਨੇ ਜੀਵਨ ਪ੍ਰਤੀ ਮੇਰੇ ਨਜ਼ਰੀਏ ਨੂੰ ਬਦਲਿਆ ਅਤੇ ਮੈਨੂੰ ਰਿਸ਼ਤਿਆਂ ਅਤੇ ਸਬੰਧਾਂ ਦੇ ਮਹੱਤਵ ਦੀ ਇੱਕ ਨਵੀਂ ਪਰਿਭਾਸ਼ਾ ਦਾ ਗਿਆਨ ਹੋਇਆ। ਤਦ ਮੈਂ ਤੈਅ ਕੀਤਾ ਕਿ ਮੈਂ ਦਿਲ ਦੇ ਨੇੜਲੇ ਰਿਸ਼ਤਿਆਂ ਨੂੰ ਨਿਭਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗੀ। ਮੇਰੀ ਬੀਮਾਰੀ ਨੇ ਮੈਨੂੰ ਜੀਵਨ ਵਿੱਚ ਸਦਾ ਕਿਸੇ ਵੀ ਅਣਕਿਆਸੀ ਘਟਨਾ ਦੀ ਆਸ ਰੱਖਣ ਅਤੇ ਸਾਹਮਣੇ ਆਉਣ ਵਾਲੇ ਅੜਿੱਕਿਆਂ ਦਾ ਖੁੱਲ੍ਹ ਕੇ ਸਾਹਮਣਾ ਕਰਨ ਦਾ ਇੱਕ ਸਪੱਸ਼ਟ ਸੁਨੇਹਾ ਦੇਣ ਤੋਂ ਇਲਾਵਾ ਰਿਸ਼ਤਿਆਂ ਅਤੇ ਸਬੰਧਾਂ ਦੇ ਮਹੱਤਵ ਨੂੰ, ਭਾਵੇਂ ਉਹ ਖ਼ੂਨ ਦੇ ਹੋਣ ਜਾਂ ਆਪਣੇ ਬਣਾਏ ਹੋਏ, ਵੀ ਸਮਝਾਇਆ।''

ਉਨ੍ਹਾਂ ਨੂੰ ਆਪਣੀ ਇਸ ਬੀਮਾਰੀ 'ਚੋਂ ਨੌ-ਬਰ-ਨੌ ਹੋ ਕੇ ਨਿੱਕਲਣ ਵਿੱਚ ਲਗਭਗ ਇੱਕ ਸਾਲ ਦਾ ਸਮਾਂ ਲੱਗਾ ਅਤੇ ਠੀਕ ਹੋਣ ਤੋਂ ਬਾਅਦ ਉਨ੍ਹਾਂ ਆਪਣੀ ਗਰੈਜੂਏਸ਼ਨ ਦੀ ਪੜ੍ਹਾਈ ਮੁਕੰਮਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਕੋਲਕਾਤ ਦੇ ਭਾਰਤੀ ਵਿਦਿਆ ਭਵਨ ਤੋਂ 2004 'ਚ ਮਾਸ ਕਮਿਊਨੀਕੇਸ਼ਨ ਵਿੱਚ ਪੋਸਟ-ਗਰੈਜੂਏਸ਼ਨ ਕੀਤੀ ਅਤੇ ਉਸੇ ਵਰ੍ਹੇ ਉਨ੍ਹਾਂ 'ਸ਼ਾੱਪਰਜ਼ ਸਟੌਪ' ਵਿੱਚ ਨੌਕਰੀ ਕਰ ਲਈ। ਇਸ ਤੋਂ ਇੱਕ ਸਾਲ ਬਾਅਦ ਹੀ ਉਹ ਕਨਸਲਟੈਂਟ ਕੰਪਨੀ 'ਮਾਫ਼ੋਈ' (ਹੁਣ 'ਰੈਂਡਸਟੱਡ') ਨਾਲ ਕੰਮ ਕਰਨ ਲੱਗੇ। ਛੇਤੀ ਹੀ ਉਹ ਵਿਆਹ ਦੇ ਬੰਧਨ ਵਿੱਚ ਬੱਝ ਗਏ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਦੇ ਚਲਦਿਆਂ ਉਨ੍ਹਾਂ ਕੁੱਝ ਸਮੇਂ ਲਈ ਨੌਕਰੀ ਛੱਡ ਦਿੱਤੀ।

ਹੰਸਾ ਨੇ ਸਮੁੱਚੇ ਭਾਰਤ ਦੇ ਖਪਤਕਾਰਾਂ ਨੂੰ ਸੰਭਾਲਣ ਤੋਂ ਇਲਾਵਾ ਯੂਨੀਸੈਫ਼ ਅਤੇ ਬਿਹਾਰ ਦੇ ਸਿਹਤ ਅਤੇ ਸਿੱਖਿਆ ਵਿਭਾਗ ਜਿਹੇ ਵੱਡੇ ਅਦਾਰਿਆਂ ਦੇ ਖਾਤਿਆਂ ਦਾ ਪ੍ਰਬੰਧ ਵੇਖਣ ਦਾ ਕੰਮ ਵੀ ਸਫ਼ਲਤਾਪੂਰਬਕ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਵਿਭਿੰਨ ਪ੍ਰਕਾਰ ਦੇ ਭਰਤੀ ਅਤੇ ਸਿਖਲਾਈ ਕੰਮ ਸੰਭਾਲਣ ਤੋਂ ਇਲਾਵਾ ਵਿਭਿੰਨ ਟੈਂਡਰ ਦਸਤਾਵੇਜ਼ ਤਿਆਰ ਕਰਨ, ਮੁਕਾਬਲੇ ਦੀਆਂ ਬੋਲੀਆਂ ਤਿਆਰ ਕਰਨ ਤੋਂ ਇਲਾਵਾ ਸੌਂਪੇ ਗਏ ਕੰਮਾਂ ਨੂੰ ਸਫ਼ਲਤਾਪੂਰਬਕ ਕਰਨ ਦੇ ਨਾਲ-ਨਾਲ ਚੋਖੀ ਆਮਦਨ ਪੈਦਾ ਕਰ ਕੇ ਵੀ ਆਪਣੀ ਯੋਗਤਾ ਦਾ ਲੋਹਾ ਮੰਨਵਾਇਆ ਹੈ। ਹੰਸਾ ਦਾ ਕਹਿਣਾ ਹੈ ਕਿ ''ਮੇਂ ਆਪਣੇ ਕੰਮ ਨੂੰ ਸਮੇਂ ਤੋਂ ਪਹਿਲਾਂ ਮੁਕੰਮਲ ਕਰਨ ਲਈ ਸਨਿੱਚਰਵਾਰ ਅਤੇ ਐਤਵਾਰ ਤੋਂ ਇਲਾਵਾ ਹੋਰ ਛੁੱਟੀਆਂ ਦੇ ਦਿਨਾਂ ਵਿੱਚ ਵੀ ਹੱਡ-ਭੰਨਵੀਂ ਮਿਹਨਤ ਨਾਲ ਕੰਮ ਕੀਤਾ ਹੈ।''

ਜਨਵਰੀ 2011 ਵਿੱਚ ਉਨ੍ਹਾਂ ਮਾਫ਼ੋਈ ਦੇ ਦਿਨਾਂ ਦੇ ਆਪਣੇ ਵਿਰੋਧੀ ਪਰਿਮਲ ਮਧੁਪ ਨਾਲ ਹੱਥ ਮਿਲਾਇਆ ਅਤੇ 'ਜੈਨੇਸਿਸ ਕਨਸਲਟਿੰਗ ਪ੍ਰਾਈਵੇਟ ਲਿਮਟਿਡ' ਦੀ ਨੀਂਹ ਰੱਖੀ। ''ਮੇਰੀ ਅਤੇ ਪਰਿਮਲ, ਦੋਵਾਂ ਦੀਆਂ ਕੰਪਨੀਆਂ ਨੂੰ ਇੱਕ ਸਰਕਾਰੀ ਭਰਤੀ ਪ੍ਰਾਜੈਕਟ ਦਾ ਕੰਮ ਦਿੱਤਾ ਗਿਆ ਸੀ ਅਤੇ ਅਸੀਂ ਦੋਵੇਂ ਹੀ ਇਸ ਪ੍ਰਾਜੈਕਟ ਉਤੇ ਕੰਮ ਕਰ ਰਹੇ ਸਾਂ।'' ਹੰਸਾ ਦੀ ਕੰਪਨੀ ਦਾ ਸ਼ਾਖ਼ਾ-ਮੁਖੀ ਪ੍ਰਾਜੈਕਟ ਨੂੰ ਅਧਵਾਟੇ ਛੱਡ ਕੇ ਚਲਾ ਗਿਆ ਅਤੇ ਉਨ੍ਹਾਂ ਆਪਣੇ ਹੈਡਕੁਆਰਟਰਜ਼ ਤੋਂ ਕਿਸੇ ਵੀ ਪ੍ਰਕਾਰ ਦੀ ਸਹਾਇਤਾ ਨਹੀਂ ਮਿਲ਼ ਰਹੀ ਸੀ। ਉਸ ਵੇਲੇ ਹੰਸਾ ਨੇ ਉਸ ਕੰਪਨੀ ਨੂੰ ਅਲਵਿਦਾ ਆਖਣ ਦਾ ਮਨ ਬਣਾ ਲਿਆ ਅਤੇ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਪਰਿਮਲ ਨਾਲ ਹੱਥ ਮਿਲ਼ਾਇਆ।

ਸੀਨੀਅਰ ਆਈ.ਏ.ਐਸ. ਰਾਜੇਸ਼ ਭੂਸ਼ਣ, ਜੋ ਹੁਣ ਦੇਹਾਤੀ ਵਿਕਾਸ ਮੰਤਰਾਲੇ 'ਚ ਸੰਯੁਕਤ ਸਕੱਤਰ ਦੇ ਅਹੁਦੇ ਉਤੇ ਨਿਯੁਕਤ ਹਨ, ਨੇ ਉਨ੍ਹਾਂ ਨੂੰ ਆਪਣੇ ਦਮ ਉਤੇ ਕੰਮ ਕਰਨ ਦੀ ਪ੍ਰੇਰਣਾ ਦਿੱਤੀ। ਰਾਜੇਸ਼ ਨੇ ਬਿਨਾਂ ਆਪਣੇ ਦਫ਼ਤਰ ਦੇ ਸਮਰਥਨ ਦੇ ਉਨ੍ਹਾਂ ਵੱਲੋਂ ਕੀਤੇ ਸ਼ਾਨਦਾਰ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਆਪਣੀ ਕੰਪਨੀ ਬਣਾਉਣ ਲਈ ਉਤਸ਼ਾਹਿਤ ਕੀਤਾ। ਹੰਸਾ ਦਸਦੇ ਹਨ,''ਉਨ੍ਹਾਂ ਸਾਨੂੰ ਆਪਣੀ ਕੰਪਨੀ ਬਣਾ ਕੇ ਬਿਹਾਰ ਵਿੱਚ ਚੱਲ ਰਹੇ ਪ੍ਰਾਜੈਕਟਾਂ ਵਿੱਚ ਆਪਣੀ ਕਿਸਮਤ ਅਜ਼ਮਾਉਣ ਦੀ ਰਾਇ ਦਿੱਤੀ ਅਤੇ ਨਿਵੇਸ਼ਕਾਂ ਦੇ ਸਮਰਥਨ ਨਾਲ ਬਿਹਾਰ 'ਚ ਹੀ ਆਪਣੇ ਕੰਮ ਨੂੰ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ। ਦੋ ਵਰ੍ਹਿਆਂ ਬਾਅਦ ਹੀ ਅਸੀਂ 'ਜੈਨੇਸਿਸ' ਦੇ ਬੈਨਰ ਅਧੀਨ 'ਕ੍ਰੀਏਟਿਵ ਇੰਪ੍ਰਿੰਟਸ ਐਲ.ਐਲ.ਪੀ.' ਨਾਂਅ ਦੀ ਕੰਪਨੀ ਦੀ ਸਥਾਪਨਾ ਕੀਤੀ।''

image


ਇੰਨੇ ਸਮੇਂ ਬਾਅਦ ਵੀ ਪਰਿਮਲ ਨਾਲ ਉਨ੍ਹਾਂ ਦੇ ਸਬੰਧਾਂ ਵਿੱਚ ਕੋਈ ਤਬਦੀਲੀ ਨਹੀਂ ਆਈ ਹੈ ਅਤੇ ਉਹ ਉਨ੍ਹਾਂ ਦੇ ਭਾਈਵਾਲ ਹੋਣ ਤੋਂ ਇਲਾਵਾ ਇੱਕ ਵਧੀਆ ਪਰਿਵਾਰਕ ਦੋਸਤ ਵੀ ਹਨ। ਉਹ ਦੋਵੇਂ ਕੰਮ ਨੂੰ ਲੈ ਕੇ ਕਈ ਵਾਰ ਇੱਕ-ਦੂਜੇ ਨਾਲ ਅਸਹਿਮਤ ਜ਼ਰੂਰ ਹੁੰਦੇ ਹਨ ਪਰ ਖਪਤਕਾਰ ਦੀ ਸੰਤੁਸ਼ਟੀ ਹੀ ਉਨ੍ਹਾਂ ਲਈ ਸਰਬਉਚ ਹੈ।

'ਜੈਨੇਸਿਸ' ਦੇ ਮੁਢਲੇ ਦਿਨਾਂ 'ਚ ਇਹ ਲੋਕ ਆਰਥਿਕ ਤੌਰ ਉਤੇ ਮਜ਼ਬੂਤ ਨਹੀਂ ਸਨ ਅਤੇ ਉਨ੍ਹਾਂ ਕੋਲ ਕੰਮ ਕਰਨ ਲਈ ਇੱਕ ਟੀਮ ਨੂੰ ਰੱਖਣ ਜਾਂ ਦਫ਼ਤਰ ਦਾ ਬੁਨਿਆਦੀ ਢਾਂਚਾ ਤਿਆਰ ਕਰਨ ਲਈ ਧਨ ਨਹੀਂ ਸੀ। ਸ਼ੁਰੂਆਤੀ ਸੰਘਰਸ਼ ਦੇ ਦਿਨਾਂ ਨੂੰ ਚੇਤੇ ਕਰਦਿਆਂ ਹੰਸਾ ਦਸਦੇ ਹਨ ਕਿ ''ਮੇਂ ਆਪਣੇ ਘਰ ਦੀ ਛੱਤ ਉਤੇ ਬਣੇ ਇੱਕ ਕਮਰੇ ਤੋਂ ਕੰਮ ਕਰਨਾ ਸ਼ੁਰੂ ਕੀਤਾ ਅਤੇ ਉਸੇ ਕਮਰੇ ਨੂੰ ਹੀ ਇੱਕ ਦਫ਼ਤਰ ਦਾ ਰੂਪ ਦੇ ਦਿੱਾਤ ਸੀ। ਅਸੀਂ ਕੰਮ ਨਿਬੇੜਨ ਲਈ ਆਪਣੇ ਲੈਪਟਾੱਪ ਅਤੇ ਮੋਬਾਇਲ ਫ਼ੋਨ ਵਰਤਦੇ ਸਾਂ। ਇਸ ਤੋਂ ਇਲਾਵਾ ਦੋ ਵਿਅਕਤੀ ਸਾਡੇ ਨਾਲ ਆਜ਼ਾਦਾਨਾ ਤੌਰ ਉਤੇ ਫ਼੍ਰੀਲਾਂਸਰ ਵਜੋਂ ਕੰਮ ਕਰਨ ਲਈ ਜੁੜ ਗਏ। ਅਜਿਹੀ ਸਥਿਤੀ ਵਿੱਚ ਸਾਡੇ ਨਾਲ ਕੰਮ ਕਰਨ ਦੇ ਚਾਹਵਾਨ ਆਮ ਖਪਤਕਾਰ ਸਾਡੇ ਲਈ ਰੱਬ ਤੋਂ ਘੱਟ ਨਹੀਂ ਸਨ।''

ਇਸ ਵੇਲੇ ਉਨ੍ਹਾਂ ਕੋਲ 15 ਮੈਂਬਰਾਂ ਦੀ ਟੀਮ ਹੈ, ਜੋ ਬਿਹਾਰ ਤੋਂ ਇਲਾਵਾ ਦੇਸ਼ ਭਰ ਦੇ ਕਈ ਪ੍ਰਾਜੈਕਟਾਂ ਨੂੰ ਸਫ਼ਲਤਾਪੂਰਬਕ ਅੰਜਾਮ ਦੇ ਚੁੱਕੇ ਹਨ। ਉਨ੍ਹਾਂ ਹੁਣ ਤੱਕ ਜ਼ਿਆਦਾਤਰ ਸਰਕਾਰੀ ਅਤੇ ਸਮਾਜਕ ਖੇਤਰ ਦੇ ਅਦਾਰਿਆਂ ਲਈ ਕੰਮ ਕਰਨ ਤੋਂ ਇਲਾਵਾ ਕੁੱਝ ਕਾਰਪੋਰੇਟ ਅਤੇ ਜਨਤਕ ਖੇਤਰ ਦੇ ਅਦਾਰਿਆਂ ਲਈ ਵੀ ਸਫ਼ਲਤਾਪੂਰਬਕ ਕੰਮ ਕੀਤਾ ਹੈ। 'ਜੈਨੇਸਿਸ' ਗਰੁੱਪ ਨੇ 2014-14 ਦੇ ਵਿੱਤੀ ਵਰ੍ਹੇ ਦੌਰਾਨ 2 ਕਰੋੜ ਰੁਪਹੇ ਦਾ ਕਾਰੋਬਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਹੰਸਾ ਮਾਣ ਨਾਲ ਦਸਦੇ ਹਨ,''ਰਾਹ ਵਿੱਚ ਆਉਣ ਵਾਲੇ ਸਾਰੇ ਅੜਿੱਕਿਆਂ ਦੇ ਬਾਜਵੂਦ ਸਾਡੇ ਪ੍ਰਾਜੈਕਟਾਂ ਨੂੰ ਨੇਪਰੇ ਚਾੜ੍ਹਨ ਅਤੇ ਵੰਡ ਦੇ ਗਵਾਹ ਰਹੇ ਬਿਹਾਰ ਦੇ ਆਬਕਾਰੀ ਕਮਿਸ਼ਨਰ ਰਾਹੁਲ ਸਿੰਘ ਸਾਨੂੰ 'ਜਿਨਾਇਸ' ਦੇ ਨਾਂਅ ਨਾਲ ਸੱਦਦੇ ਹਨ।''

ਇੱਕ ਮਹਿਲਾ ਉਦਮੀ ਵਜੋਂ ਉਨ੍ਹਾਂ ਦੀ ਸਭ ਤੋਂ ਵੱਡੀ ਚੁਣੌਤੀ 'ਇੱਕ ਮਹਿਲਾ ਹੋਣ ਦੇ ਲਾਭ ਨਾ ਲੈਣਾ' ਰਹੀ। ਉਨ੍ਹਾਂ ਦੇ ਪਰਿਵਾਰ ਨੇ ਵੀ ਉਨ੍ਹਾਂ ਦਾ ਅਜਿਹੇ ਸਮੇਂ ਪੂਰਾ ਸਮਰਥਨ ਕੀਤਾ। ਜਦੋਂ ਕਈ ਵਾਰ ਉਨ੍ਹਾਂ ਨੂੰ ਅੱਧੀ ਰਾਤ ਤੱਕ ਵੀ ਕੰਮ ਕਰਨਾ ਪੈਂਦਾ ਸੀ ਜਾਂ ਕੰਮ ਦੇ ਸਿਲਸਿਲੇ ਵਿੱਚ ਕਈ-ਕਈ ਦਿਨਾਂ ਤੱਕ ਘਰੋਂ ਬਾਹਰ ਰਹਿਣਾ ਪੈਂਦਾ ਸੀ। ਹੰਸਾ ਦਸਦੇ ਹਨ,''ਕਿਉਂਕਿ ਮੇਰੇ ਪਤੀ ਪਟਨਾ ਤੋਂ ਬਾਹਰ ਤਾਇਨਾਤ ਹਨ, ਇਸੇ ਲਈ ਆਪਣੀ ਧੀ ਨੂੰ ਆਪਣੇ ਮਾਪਿਆਂ ਕੋਲ ਛੱਡ ਕੇ ਜਾਂਦੀ ਸਾਂ। ਇੱਕ ਉਦਮੀ ਹੋਣ ਕਾਰਣ ਮੈਨੂੰ ਕੋਈ ਛੁੱਟੀ ਹੋਣ ਦੀ ਸਹੂਲਤ ਨਹੀਂ ਹੈ ਅਤੇ ਮੈਨੂੰ 24 ਘੰਟੇ ਆਪਣੇ ਕੰਮ ਨੂੰ ਦੇਣੇ ਪੈਂਦੇ ਹਨ। ਆਪਣੇ ਵਿਅਕਤੀਗਤ ਜੀਵਨ ਦਾ ਸਾਹਮਣਾ ਕਰਨਾ ਮੇਰੇ ਲਈ ਚੁਣੌਤੀ ਹੈ ਅਤੇ ਮੈਂ ਆਪਣੀ ਸੱਤ ਵਰ੍ਹਿਆਂ ਦੀ ਧੀ ਨੂੰ ਪੂਰਾ ਸਮਾਂ ਦੇ ਸਕਣ ਤੋਂ ਅਸਮਰੱਥ ਰਹਿੰਦੀ ਹਾਂ, ਜਿਸ ਨੂੰ ਆਪਣੀ ਮਾਂ ਦੀ ਬਹੁਤ ਜ਼ਰੂਰਤ ਹੈ।''

ਹੰਸਾ ਆਪਣੇ ਪਤੀ ਅਤੇ ਮਾਪਿਆਂ ਵੱਲੋਂ ਮਿਲ਼ੇ ਸਮਰਥਨ ਅਤੇ ਪ੍ਰੋਤਸਾਹਨ ਲਈ ਬਹੁਤ ਸ਼ੁਕਰਗੁਜ਼ਾਰ ਹਨ ਕਿਉਂਕਿ ਇਸੇ ਕਾਰਣ ਉਹ ਆਪਣੀ ਮੰਜ਼ਿਲ ਤੱਕ ਪੁੱਜ ਸਕੇ ਹਨ ਅਤੇ ਉਨ੍ਹਾਂ ਨੂੰ ਲਗਦਾ ਹੈ ਕਿ ਇਹੋ ਸਮਰਥਨ ਅਤੇ ਪ੍ਰੋਤਸਾਹਨ ਉਨ੍ਹਾਂ ਦੀ ਸਭ ਤੋਂ ਵੱਡੀ ਪ੍ਰੇਰਣਾ ਹਨ। ਭਵਿੱਖ 'ਚ ਉਹ ਆਪਣੇ ਉਦਮ ਲਈ ਵੱਧ ਧਨ ਦੀ ਵਿਵਸਥਾ ਕਰ ਕੇ ਉਸ ਨੂੰ ਹੋਰ ਸਿਖ਼ਰਾਂ ਤੱਕ ਲਿਜਾਣਾ ਚਾਹੁੰਦੇ ਹਨ। ਆਕਾਸ਼ ਸਫ਼ਲਤਾ ਦੀ ਸੀਮਾ ਹੈ ਅਤੇ ਹੰਸਾ ਉਸ ਤੋਂ ਘੱਟ ਵਿੱਚ ਸਮਝੌਤਾ ਕਰਨ ਲਈ ਤਿਆਰ ਨਹੀਂ ਹੈ।

    Share on
    close