ਰਵੀ ਕਾਲਰਾ ਨੇ ਬੇਸਹਾਰਾ, ਬੀਮਾਰਾਂ ਅਤੇ ਮਜਬੂਰ ਲੋਕਾਂ ਦੀ ਸੇਵਾ ਨੂੰ ਹੀ ਬਣਾ ਲਿਆ ਜੀਉਣ ਦਾ ਮਕਸਦ 

0

ਮਨੁੱਖੀ ਪੀੜ ਨੂੰ ਮਹਿਸੂਸ ਕਰਨ ਵਾਲੇ ਇਸ ਦੁਨਿਆ ਵਿੱਚ ਘੱਟ ਗਿਣਤੀ ਦੇ ਹੀ ਹਨ. ਪਰ ਇਹ ਘੱਟ ਗਿਣਤੀ ਦੇ ਲੋਕਾਂ ਦੇ ਸਦਕੇ ਹੀ ਇਸ ਦੁਨਿਆ ਵਿੱਚ ਲੋਕ ਭਲਾਈ ਜਿਉਂਦਾ ਹੈ. ਅਜਿਹੇ ਘੱਟ ਗਿਣਤੀ ਦੇ ਲੋਕਾਂ ਵਿੱਚ ਇੱਕ ਨਾਂਅ ਸ਼ੁਮਾਰ ਹੈ ਰਵੀ ਕਾਲਰਾ ਦਾ. ਰਵੀ ਕਾਲਰਾ ਨੇ ਲੋਕ ਭਲਾਈ ਦੇ ਕੰਮ ਨੂੰ ਹੀ ਆਪਣੇ ਜੀਉਣ ਦਾ ਟੀਚਾ ਧਾਰ ਲਿਆ ਹੈ. ਉਹ ਦਿੱਲੀ ਦੇ ਨੇੜਲੇ ਗੁੜਗਾਉਂ ਵਿੱਖੇ ਬੇਸਹਾਰਾ, ਲਾਚਾਰ ਅਤੇ ਬੀਮਾਰ ਲੋਕਾਂ ਲਈ ਇੱਕ ਆਸ਼ਰਮ ਚਲਾਉਂਦੇ ਹਨ. ਇਸ ਵੇਲੇ ਆਸ਼ਰਮ ਵਿੱਚ ਸਾਢੇ ਤਿੰਨ ਸੌ ਬੇਸਹਾਰਾ ਅਤੇ ਬੀਮਾਰ ਲੋਕਾਂ ਦੀ ਦੇਖਭਾਲ ਹੋ ਰਹੀ ਹੈ.

ਰਵੀ ਕਾਲਰਾ ਦੇ ਇਸ ਆਸ਼ਰਮ ‘ਗੁਰੁਕੁਲ’ ਵਿੱਚ ਅਜਿਹੇ ਬੀਮਾਰ ਆਉਂਦੇ ਹਨ ਜਿਨ੍ਹਾਂ ਦੇ ਜ਼ਖਮਾਂ ਨੂੰ ਡਾਕਟਰ ਵੀ ਹੱਥ ਲਾਉਣੋਂ ਨਾਂਹ ਕਰ ਦਿੰਦੇ ਹਨ. ਇਸ ਆਸ਼ਰਮ ਵਿੱਚ ਅਜਿਹੇ ਬੀਮਾਰਾਂ ਦੀ ਦੇਖਭਾਲ ਹੁੰਦੀ ਹੈ, ਡਾਕਟਰੀ ਮਦਦ ਵੀ ਦਿੱਤੀ ਜਾਂਦੀ ਹੈ.

ਇਨ੍ਹਾਂ ਤੋਂ ਅਲਾਵਾ ਆਸ਼ਰਮ ਵਿੱਚ ਬੇਸਹਾਰਾ ਲੋਕ ਵੀ ਰਹਿੰਦੇ ਹਨ. ਇਹ ਬੇਸਹਾਰਾ ਲੋਕ ਉਹ ਹਨ ਜਿਨ੍ਹਾਂ ਦੇ ਬੱਚਿਆਂ ਨੇ ਬੁਜੁਰਗ ਹੋ ਜਾਣ ‘ਤੇ ਜਾਇਦਾਦ ਦੇ ਲਾਲਚ ਵਿੱਚ ਆ ਕੇ ਘਰੋਂ ਕੱਢ ਦਿੱਤਾ ਹੈ. ਬੀਮਾਰ ਹੋ ਜਾਣ ‘ਤੇ ਵੀ ਕਈ ਲੋਕ ਆਪਣੇ ਬੁਜੁਰਗ ਮਾਪਿਆਂ ਨੂੰ ਘਰੋਂ ਛੱਡ ਜਾਂਦੇ ਹਨ.

ਇਸ ਬਾਰੇ ਇੱਕ ਹੈਰਾਨ ਕਰ ਦੇਣ ਵਾਲੀ ਗੱਲ ਰਵੀ ਕਾਲਰਾ ਨੇ ਦੱਸੀ. ਉਨ੍ਹਾਂ ਨੇ ਦੱਸਿਆ ਕੇ ਅੱਧੀ ਰਾਤ ਨੂੰ ਜਦੋਂ ਉਹ ਘਰ ਨੂੰ ਪਰਤ ਰਹੇ ਸੀ ਤਾਂ ਉਨ੍ਹਾਂ ਇੱਕ ਬੁਜੁਰਗ ਨੂੰ ਵੇਖਿਆ ਜੋ ਸੜਕ ਦੇ ਵਿਚਕਾਰ ਤੁਰਿਆ ਜਾਂਦਾ ਸੀ.

ਰਵੀ ਕਾਲਰਾ ਨੇ ਉਨ੍ਹਾਂ ਨੂੰ ਗੱਡੀ ‘ਚ ਬੈਠ ਜਾਣ ਲਈ ਆਖਿਆ ਤੇ ਉਹ ਬੁਜੁਰਗ ਆ ਕੇ ਗੱਡੀ ਵਿੱਚ ਬੈਠ ਗਿਆ. ਉਸ ਦੇ ਕਪੜੇ ਮੈਲ੍ਹੇ ਸਨ, ਦਾੜੀ ਵਧੀ ਹੋਈ ਸੀ ਤੇ ਨਹੂਆਂ ‘ਚ ਮੈਲ੍ਹ ਸੀ. ਉਸ ਨੂੰ ਵੇਖ ਕੇ ਲਗਦਾ ਸੀ ਕੇ ਉਸ ਨੇ ਕਈ ਦਿਨਾਂ ਤੋਂ ਰੋਟੀ ਵੀ ਸੀ ਨਹੀਂ ਖਾਦੀ ਹੋਈ.

ਰਵੀ ਕਾਲਰਾ ਨੇ ਦੱਸਿਆ ਕੇ ਉਸ ਬੁਜੁਰਗ ਨੂੰ ਉਹ ਆਪਣੇ ਆਸ਼ਰਮ ਲੈ ਆਏ. ਜਦੋਂ ਉਸ ਬੁਜੁਰਗ ਨਾਲ ਗੱਲ ਕੀਤੀ ਤੇ ਉਸ ਨੇ ਅੰਗ੍ਰੇਜ਼ੀ ਵਿੱਚ ਜਵਾਬ ਦਿੱਤਾ. ਬਾਅਦ ਵਿੱਚ ਪਤਾ ਲੱਗਾ ਕੇ ਉਹ ਅੰਤਰਰਾਸ਼ਟਰੀ ਕੋਰਟ ਦਾ ਜੱਜ ਸੀ ਜਿਸਨੂੰ ਜਾਇਦਾਦ ਦੇ ਲਾਲਚ ਵਿੱਚ ਉਸਦੇ ਹੀ ਬੱਚਿਆਂ ਨੇ ਘਰੋਂ ਕੱਢ ਦਿੱਤਾ ਸੀ.

ਰਵੀ ਕਾਲਰਾ ਇੱਕ ਮੰਨੇ ਹੋਏ ਕੌਮਾਂਤਰੀ ਪੱਧਰ ਦੇ ਤਾਇਕਵਾੰਡੋ ਖਿਡਾਰੀ ਹੈ ਜੋ ਕੇ ਬਲੈਕ ਬੈਲਟ ਧਾਰਕ ਹਨ. ਉਨ੍ਹਾਂ ਦੇ ਪਿਤਾ ਦਿੱਲੀ ਪੁਲਿਸ ਵਿੱਚ ਮੁਲਾਜਿਮ ਰਹੇ ਹਨ. ਬੇਸਹਾਰਾ ਅਤੇ ਬੀਮਾਰ ਲੋਕਾਂ ਨੂੰ ਮਜਬੂਰ ਅਤੇ ਆਲ੍ਚਾਰ ਵੇਖ ਕੇ ਉਨ੍ਹਾਂ ਦੇ ਮੰਨ ਵਿੱਚ ਲੋਕ ਭਲਾਈ ਦਾ ਵਿਚਾਰ ਆਇਆ ਅਤੇ ਸਾਲ 2008 ਵਿੱਚ ਉਨ੍ਹਾਂ ਨੇ ‘ਦ ਅਰਥ ਸੇਵੀਅਰ ਫ਼ਾਉਂਡੇਸ਼ਨ’ ਦੀ ਨੀਂਹ ਰੱਖੀ ਅਤੇ ਗੁੜਗਾਉਂ ਦੇ ਇੱਕ ਪਿੰਡ ਬੰਧਵਾਰੀ ਵਿੱਖੇ ਆਪਣਾ ਆਸ਼ਰਮ ‘ਗੁਰੁਕੁਲ’ ਸ਼ੁਰੂ ਕੀਤਾ.

ਇਸ ਵੇਲੇ ਉਨ੍ਹਾਂ ਦੇ ਆਸ਼ਰਮ ਵਿੱਚ ਲਗਭਗ 350 ਬੇਸਹਾਰਾ, ਬੀਮਾਰ ਅਤੇ ਮਜਬੂਰ ਲੋਕ ਰਹਿੰਦੇ ਹਨ ਜਿਨ੍ਹਾਂ ਦੀ ਦੇਖਭਾਲ, ਇਲਾਜ਼ ਅਤੇ ਖਾਣਪੀਣ ਦਾ ਪ੍ਰਬੰਧ ਕਰਨ ਲਈ ਪੰਜਾਹ ਕਰਮਚਾਰੀ ਹਨ.

ਰਵੀ ਦੱਸਦੇ ਹਨ ਕੇ ਸਰਕਾਰੀ ਹਸਪਤਾਲਾਂ ‘ਚੋਂ ਵੀ ਉਨ੍ਹਾਂ ਕੋਲ ਬੇਸਹਾਰਾ ਮਰੀਜ਼ ਆਉਂਦੇ ਹਨ ਕਿਓਂਕਿ ਉਨ੍ਹਾਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੁੰਦਾ. ਮਾਨਸਿਕ ਰੋਗੀ ਵੀ ਹੁੰਦੇ ਹਨ ਕਿਉਂਕਿ ਹਸਪਤਾਲ ਵਿੱਚ ਉਨ੍ਹਾਂ ਨੂੰ ਦਵਾਈ ਤਾਂ ਦਿੱਤੀ ਜਾ ਸਕਦੀ ਹੈ ਪਰ ਦੇਖਭਾਲ ਨਹੀਂ. ਉਹ ਦੱਸਦੇ ਹਨ ਕੇ ਉਨ੍ਹਾਂ ਦੇ ਆਸ਼ਰਮ ਵਿੱਚ ਬੀਮਾਰ ਉਸ ਵੇਲੇ ਆਉਂਦੇ ਹਨ ਜਦੋਂ ਉਹ ਆਖਿਰੀ ਸਾਹਾਂ ਲੈ ਰਹੇ ਹੁੰਦੇ ਹਨ. ਇਸ ਕਰਕੇ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਅੰਤਿਮ ਸੰਸਕਾਰ ਆਸ਼ਰਮ ਵੱਲੋਂ ਉਹ ਆਪ ਕਰਦੇ ਹਨ. ਇਸ ਤੋਂ ਵੀ ਅਗ੍ਹਾਂ ਜਾ ਕੇ ਉਹ ਫੁੱਲ ਵੀ ਹਰਿਦੁਆਰ ਜਾ ਕੇ ਗੰਗਾ ਵਿੱਚ ਪ੍ਰਵਾਹਿਤ ਕਰਕੇ ਆਉਂਦੇ ਹਨ. ਰਵੀ ਕਾਲਰਾ ਹੁਣ ਤਕ ਤਕਰੀਬਨ ਪੰਜ ਹਜ਼ਾਰ ਲਾਵਾਰਿਸ ਜਾਂ ਅਣਪਛਾਤੀ ਲਾਸ਼ਾਂ ਦਾ ਸੰਸਕਾਰ ਕਰ ਚੁੱਕੇ ਹਨ. ਹਸਪਤਾਲਾਂ ਤੋਂ ਵੀ ਸੰਸਕਾਰ ਲਈ ਲਾਵਾਰਿਸ ਲਾਸ਼ਾਂ ਉਨ੍ਹਾਂ ਦੇ ਆਸ਼ਰਮ ਨੂੰ ਭੇਜ ਦਿੰਦੇ ਹਨ.

ਇਸ ਤੋਂ ਅਲਾਵਾ ਰਵੀ ਕਾਲਰਾ ਮੋਟਰ ਗੱਡੀਆਂ ਦੇ ਹੋਰਨ ਵਜਾਉਣ ‘ਤੋਂ ਹੋਣ ਵਾਲੇ ਪ੍ਰਦੂਸ਼ਣ ਦੇ ਖਿਲਾਫ਼ ਵੀ ਇੱਕ ਮੁਹਿਮ ਚਲਾ ਰਹੇ ਹਨ. ਉਨ੍ਹਾਂ ਨੇ ‘ਡੂ ਨੋਟ ਹੋੰਕ’ ਯਾਨੀ ਹੋਰਨ ਨਾ ਵਜਾਓ ਲਿਖੇ ਹੋਏ ਵੱਡੇ ਸਟੀਕਰ ਛਾਪੇ ਹੋਏ ਹਨ ਜਿਨ੍ਹਾਂ ਨੂੰ ਉਹ ਆਪਣੀ ਟੀਮ ਅਤੇ ਪੁਲਿਸ ਦੇ ਸਹਿਯੋਗ ਨਾਲ ਗੱਡੀਆਂ ਦੇ ਪਿੱਛੇ ਲਾ ਦਿੰਦੇ ਹਨ. ਉਹ ਦੇਸ਼ ਵਿੱਚ ਟਰਕਾਂ ਦੇ ਪਿੱਛੇ ਲਿਖੇ ਹੋਏ ਸਲੋਗਨ ‘ਹੋਰਨ ਵਜਾਓ’ ਨੂੰ ਵੀ ਹਟਾਉਣ ਦੀ ਮੁਹਿਮ ਚਲਾ ਚੁੱਕੇ ਹਨ. ਉਨ੍ਹਾਂ ਨੇ ਇੱਕ ਲੱਖ ਟਰਕਾਂ ‘ਤੇ ਲਿਖੇ ਹੋਏ ਸਲੋਗਨ ਹਟਾਏ ਹਨ ਜਿਸ ਕਰਕੇ ਉਨ੍ਹਾਂ ਦਾ ਨਾਂਅ ਵਿਸ਼ਵ ਰਿਕਾਰਡ ਵਿੱਚ ਆ ਗਿਆ ਹੈ.

ਮਨੁਖੀ ਭਲਾਈ ਤੋਂ ਅਲਾਵਾ ਉਹ ਗਊਆਂ ਅਤੇ ਕੁੱਤਿਆਂ ਦੀ ਸੇਵਾ ਵੀ ਕਰਦੇ ਹਨ. ਬੀਮਾਰ ਪਸ਼ੂਆਂ ਦਾ ਇਲਾਜ਼ ਵੀ ਕਰਾਉਂਦੇ ਹਨ.

ਮਨੁਖੀ ਭਲਾਈ ਦੇ ਇਸ ਕੰਮ ਲਈ ਰਵੀ ਕਾਲਰਾ ਨੂੰ ਕਈ ਸਨਮਾਨ ਪ੍ਰਾਪਤ ਹੋਏ ਹਨ. ਕਈ ਕੌਮੀ ਅਤੇ ਕੌਮਾਂਤਰੀ ਸੰਸਥਾਵਾਂ ਵੱਲੋਂ ਉਨ੍ਹਾਂ ਨੂੰ ਪੁਰਸਕਾਰ ਦਿੱਤਾ ਜਾ ਚੁੱਕਾ ਹੈ.

ਲੇਖਕ: ਰਵੀ ਸ਼ਰਮਾ