ਇੱਕ ਸੁਆਣੀ ਨੇ ਸਮਝਿਆ ਹੋਰਨਾਂ ਦਾ ਦਰਦ, ਸ਼ੁਰੂ ਕੀਤਾ 'ਬਾਈਕਸ-ਹਾਈਵੇ'

0

ਕਈ ਵਾਰ ਕੁੱਝ ਅਜਿਹੀਆਂ ਖ਼ਬਰਾਂ ਮਿਲਦੀਆਂ ਹਨ, ਜੋ ਤੁਹਾਨੂੰ ਇੱਕਦਮ ਸੁੰਨ ਕਰ ਕੇ ਰੱਖ ਦਿੰਦੀਆਂ ਹਨ। ਬਿਲਕੁਲ ਇਹੋ ਜਿਹੀ ਹਾਲਤ ਸੀ, ਜਦੋਂ ਵਿਕਾਸ ਕੁਮਾਰ ਬੈਨਰਜੀ ਨੇ ਆਪਣੀ ਪਤਨੀ ਦੀ ਉਪਲਬਧੀ ਬਾਰੇ ਸਾਨੂੰ ਲਿਖਿਆ। ਨੌਰਥ ਉੜੀਸਾ ਯੂਨੀਵਰਸਿਟੀ 'ਚ ਅਰਥ ਸ਼ਾਸਤਰ ਆੱਨਰਜ਼ ਦੀ ਵਿਦਿਆਰਥਣ ਚਿਤਰਾ ਵਿਆਹ ਤੋਂ ਬਾਅਦ ਘਰ-ਪਰਿਵਾਰ ਸੰਭਾਲਣ ਲੱਗੀ ਸੀ। ਪਰ ਹੁਣ ਉਨ੍ਹਾਂ ਦਾ ਆਪਣਾ ਉਦਮ ਹੈ।

ਚਿਤਰਾ ਦੇ ਇਸ ਉਦਮ ਦੀ ਕਹਾਣੀ 2013 ਦੀ ਇੱਕ ਸ਼ਾਮ ਨੂੰ ਕੌਫ਼ੀ ਪੀਂਦਿਆਂ ਸ਼ੁਰੂ ਹੋਈ, ਜਦੋਂ ਉਹ ਆਪਣੇ ਪਤੀ ਨਾਲ ਗੱਲ ਕਰ ਰਹੇ ਸਨ ਕਿ ਇੱਕ ਲੜਕੀ ਨੂੰ ਸੈਕੰਡ ਹੈਂਡ ਦੋ-ਪਹੀਆ ਵਾਹਨ ਖ਼ਰੀਦਦੇ ਸਮੇਂ ਕਿੰਨੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਵਿਚਾਰ ਨੇ ਉਨ੍ਹਾਂ ਨੂੰ ਤਦ ਹੀ ਚੈਨ ਦਿੱਤਾ, ਜਦੋਂ ਉਨ੍ਹਾਂ ਮਲਟੀ-ਬ੍ਰਾਂਡ ਪ੍ਰਮਾਣਿਤ ਦੋ-ਪਹੀਆ ਵਾਹਨਾਂ ਦੇ ਆੱਨਲਾਈਨ ਸ਼ੋਅਰੂਮ 'ਬਾਈਕਸ-ਹਾਈਵੇ' ਦੀ ਸ਼ੁਰੂਆਤ ਕਰ ਦਿੱਤੀ।

ਚਿਤਰਾ ਨੇ ਦੱਸਿਆ,''ਅੱਜ ਕੱਲ੍ਹ ਲੋਕ ਸਬਜ਼ੀਆਂ ਵੀ ਆੱਨਲਾਈਨ ਲੈਂਦੇ ਹਨ, ਲੋਕਾਂ ਨੂੰ ਵਰਤੀਆਂ ਹੋਈਆਂ (ਸੈਕੰਡ-ਹੈਂਡ) ਵਸਤਾਂ ਖ਼ਰੀਦਣ ਵਿੱਚ ਔਖ ਹੁੰਦੀ ਹੈ ਕਿਉਂਕਿ ਉਪਯੋਗ ਕੀਤੀਆਂ ਵਸਤਾਂ ਦਾ ਬਾਜ਼ਾਰ ਭਾਰਤ 'ਚ ਸੰਗਠਤ ਨਹੀਂ ਹੈ। ਅਸੀਂ ਵਰਤੇ ਹੋਏ ਪ੍ਰਮਾਣਿਤ ਦੋ-ਪਹੀਆ ਵਾਹਨਾਂ ਦੀ ਵਾਰੰਟੀ ਅਤੇ ਘਰ 'ਚ ਮੁਫ਼ਤ ਸਰਵਿਸ ਦੇ ਨਾਲ ਵੇਚਣ ਬਾਰੇ ਸੋਚਿਆ। ਬਹੁਤ ਖੋਜ ਤੋਂ ਬਾਅਦ ਹੁਣ ਪੁਣੇ 'ਚ ਇਸ ਦੀ ਸ਼ੁਰੂਆਤ ਕਰ ਦਿੱਤੀ ਹੈ।''

ਚਿਤਰਾ ਨੇ ਅੱਗੇ ਦੱਸਿਆ,''ਪੁਣੇ 'ਚ ਕੋਈ ਵੀ ਅਜਿਹਾ ਨਹੀਂ ਮਿਲਿਅ ਜੋ ਮਿਆਰ 'ਚ ਸਖ਼ਤੀ ਰਖਦਿਆਂ ਮੁਫ਼ਤ ਵਾਰੰਟੀ ਅਤੇ ਸਰਵਿਸ ਦੇਵੇ। ਕਾਰ ਦੇ ਮਾਮਲੇ 'ਚ ਇਹ ਮੰਗਾਂ ਪੂਰੀਆਂ ਹਨ।'' ਕੀ ਇਹ ਗੱਲ ਹੈਰਾਨ ਨਹੀਂ ਕਰਦੀ ਕਿ 'ਬਾਈਕਸ-ਹਾਈਵੇ' ਨੇ ਨਵੰਬਰ 2013 ਤੋਂ ਨਵੰਬਰ 2014 ਤੱਕ ਦੇ ਵਿਚਕਾਰ 426 ਦੋਪਹੀਆ ਵਾਹਨਾਂ ਦੀ ਵਿਕਰੀ ਕੀਤੀ।

ਜ਼ਿਆਦਾਤਰ ਲੋਕਾਂ ਲਈ ਆੱਨਲਾਈਨ ਦੋ-ਪਹੀਆ ਵਾਹਨ ਖ਼ਰੀਦਣ ਦੀਆਂ ਜ਼ਰੂਰਤਾਂ

1. ਓਲੈਕਸ, ਕੁਇਕਰ, ਬਾਈਕਵਾਲੇ ਉਤੇ ਆੱਨਲਾਈਨ ਸਰਚ ਕਰੋ,

2. ਫਿਰ ਕਾੱਲ ਕਰ ਕੇ ਡੀਲਰ ਜਾਂ ਵਿਕਰਤੇ ਤੋਂ ਗੱਡੀ ਦੀ ਹੋਰ ਵਧੇਰੇ ਜਾਣਕਾਰੀ ਲਵੋ,

3. ਵਾਹਨ ਖ਼ਰੀਦਣ ਲਈ ਹੋ ਸਕਦਾ ਹੈ ਕਿ ਲੰਮੀ ਯਾਤਰਾ ਕਰਨੀ ਪਵੇ,

4. ਸੈਕੰਡ-ਹੈਂਡ ਦੋ-ਪਹੀਆ ਵਾਹਨ ਵੇਚਣ ਤੋਂ ਬਾਅਦ, ਵਿਕਰੇਤਾ ਜਾਂ ਡੀਲਰ ਕੋਈ ਵਾਰੰਟੀ ਨਹੀਂ ਲੈਂਦਾ ਅਤੇ ਨਾ ਹੀ ਕੋਈ ਸੇਲ ਸਰਵਿਸ ਦਿੰਦਾ ਹੈ।

ਇਨ੍ਹਾਂ ਗੱਲਾਂ ਦਾ ਹੱਲ ਦੇਣਾ ਚਿਤਰਾ, ਵਿਕਾਸ ਅਤੇ ਉਨ੍ਹਾਂ ਦੀ 10 ਜਣਿਆਂ ਦੀ ਟੀਮ ਲਈ ਕੋਈ ਬਹੁਤਾ ਸੁਖਾਲ਼ਾ ਨਹੀਂ ਸੀ। ਚਿਤਰਾ ਨੇ ਦੱਸਿਆ,''ਅਸੀਂ ਚਾਹੁੰਦੇ ਸਾਂ ਕਿ ਲੋਕਾਂ ਨੂੰ 'ਬਾਈਕਸ-ਹਾਈਵੇ' ਤੋਂ ਵਾਹਨ ਖ਼ਰੀਦਣ ਉਤੇ ਮਾਣ ਮਹਿਸੂਸ ਹੋਵੇ। ਗਾਹਕ ਘਰ ਬੈਠਿਆਂ ਹੀ ਵਾਰੰਟੀ ਅਤੇ ਮੁਫ਼ਤ ਸਰਵਿਸ ਨਾਲ ਵਧੀਆ ਮਿਆਰੀ ਸੈਕੰਡ-ਹੈਂਡ ਦੋ-ਪਹੀਆ ਵਾਹਨ ਖ਼ਰੀਦਣ।'' ਉਹ ਦਸਦੇ ਹਨ ਕਿ ਅਸੀਂ ਗਾਹਕ ਦੇ ਘਰ ਤੱਕ ਵਾਹਨ ਲਿਜਾ ਕੇ ਗਾਹਕ ਨੂੰ ਟੈਸਟ-ਡਰਾਈਵ ਦਾ ਮੌਕਾ ਦਿੰਦੇ ਹਨ; ਜਿਸ ਦਾ ਮਤਲਬ ਹੈ ਕਿ ਤੁਹਾਨੂੰ ਵਧੀਆ ਸੈਕੰਡ ਹੈਂਡ ਵਾਹਨ ਖ਼ਰੀਦਣ ਲਈ ਹੁਣ ਲੰਮੀ ਯਾਤਰਾ ਨਹੀਂ ਕਰਨੀ ਪੈਂਦੀ।

ਸ਼ੁਰੂਆਤ 'ਚ ਉਨ੍ਹਾਂ ਨੂੰ ਕਿਸੇ ਹੋਰ ਦੇ ਵਾਹਨ ਦੀ ਵਾਰੰਟੀ ਦੇਣਾ ਕਿਸੇ ਏਜੰਟ ਵਰਗਾ ਕੰਮ ਜਾਪਿਆ ਪਰ ਇੰਝ ਜ਼ਿਆਦਾ ਦਿਨ ਨਾ ਚੱਲਿਆ। ਇਸ ਤੋਂ ਬਾਅਦ ਚਿਤਰਾ ਨੇ ਖ਼ੁਦ ਵਾਹਨ ਖ਼ਰੀਦੇ ਅਤੇ ਉਨ੍ਹਾਂ ਦੀ ਮੁਰੰਮਤ ਤੇ ਸੁਧਾਰ ਕਰਵਾ ਕੇ ਉਨ੍ਹਾਂ ਨੂੰ ਵੇਚਿਆ ਗਿਆ। ਬਾਹਰੋਂ ਵਾਹਨਾਂ ਦੀ ਮੁਰੰਮਤ ਦਾ ਖ਼ਰਚਾ ਵੱਧ ਆਉਣ ਕਾਰਣ ਉਨ੍ਹਾਂ ਦਸੰਬਰ 2014 'ਚ ਆਪਣਾ ਸਰਵਿਸ ਸੈਂਟਰ ਖੋਲ੍ਹ ਦਿੱਤਾ।

ਵਿਕਾਸ ਨੇ ਦੱਸਿਆ,''ਅਸੀਂ ਪੈਸਾ ਜੋੜਨਾ ਸ਼ੁਰੂ ਕੀਤਾ। ਅਸੀਂ ਕੇਵਲ ਤਿੰਨ ਲੱਖ ਦੀ ਪੂੰਜੀ ਨਾਲ ਇਹ ਯੋਜਨਾ ਸ਼ੁਰੂ ਕੀਤੀ ਅਤੇ ਹੁਣ ਸਾਡੀ ਬੱਚਤ 20 ਲੱਖ ਰੁਪਏ ਤੱਕ ਹੈ'' ਹੁਣ ਉਨ੍ਹਾਂ ਨੂੰ ਐਚ.ਐਨ.ਆਈ. ਨਿਵੇਸ਼ਕ ਵੀ ਮਿਲ ਗਿਆ ਹੈ, ਜੋ ਆਉਣ ਵਾਲੇ ਸਮੇਂ 'ਚ 50 ਲੱਖ ਰੁਪਏ ਤੱਕ ਨਿਵੇਸ਼ ਕਰ ਰਿਹਾ ਹੈ ਅਤੇ ਸਮੇਂ ਦੇ ਨਾਲ ਪੂੰਜੀ ਨੂੰ ਹੋਰ ਵਧਾਏਗਾ ਵੀ।

ਵਾਹਨਾਂ ਦੇ ਖੇਤਰ ਵਿੱਚ 'ਜਿਗਵ੍ਹੀਲਜ਼', 'ਕਾਰਦੇਖੋ', 'ਕਾਰਵਾਲੇ', 'ਕਸ਼ੱਰਟਰੇਡ' ਜਿਹੀਆਂ ਕੰਪਨੀਆਂ ਦੇ ਹੋਣ ਕਾਰਣ ਬਹੁਤ ਜ਼ਿਆਦਾ ਮੁਕਾਬਲਾ ਹੈ, ਪਰ ਇਨ੍ਹਾਂ ਸਭਨਾਂ ਦਾ ਧਿਆਨ ਜ਼ਿਆਦਾਤਰ ਕਾਰਾਂ ਉਪਰ ਹੀ ਹੈ। ਪਰ 'ਓਅਲੈਕਸ' ਅਤੇ 'ਕੁਇਕਰ' ਸੱਚਮੁਚ ਮੁਕਾਬਲੇ 'ਚ ਹਨ। ਚਿਤਰਾ ਦੇ ਜਨੂੰਨ ਨੇ ਵਿਕਾਸ ਨੂੰ ਵੀ ਇਸ ਕਾਰੋਬਾਰ 'ਚ ਜੋੜ ਲਿਆ ਹੈ ਅਤੇ ਉਨ੍ਹਾਂ ਨੇ ਏਜੰਟ, ਕਾੱਲ ਸੈਂਟਰ ਕਾਰਕੁੰਨ ਅਤੇ ਟੈਕਨੀਸ਼ੀਅਨ ਦੀ ਇੱਕ ਟੀਮ ਵੀ ਬਣਾ ਲਈ ਹੈ। ਹਾਲੇ ਇਹ ਪੁਣੇ 'ਚ ਹੀ ਚਾਲੂ ਹੈ ਪਰ ਛੇਤੀ ਹੀ ਮੁੰਬਈ ਅਤੇ ਬੰਗਲੌਰ 'ਚ ਵੀ ਕੰਪਨੀ ਦਾ ਵਿਸਥਾਰ ਕਰਨ ਦੀ ਯੋਜਨਾ ਹੈ।

ਲੇਖਕ: ਰਤਨ ਨੌਟਿਯਾਲ

ਅਨੁਵਾਦ: ਮਹਿਤਾਬ-ਉਦ-ਦੀਨ