26 ਸਾਲਾ ਡਾਕਟਰ ਬਣਿਆ ਲੜੀਵਾਰ ਉੱਦਮੀ ਤੇ ਨਿਵੇਸ਼ਕ, ਲਾਇਆ 26 ਸਟਾਰਟ-ਅੱਪਸ ਵਿੱਚ ਪੈਸਾ

26 ਸਾਲਾ ਡਾਕਟਰ ਬਣਿਆ ਲੜੀਵਾਰ ਉੱਦਮੀ ਤੇ ਨਿਵੇਸ਼ਕ, ਲਾਇਆ 26 ਸਟਾਰਟ-ਅੱਪਸ ਵਿੱਚ ਪੈਸਾ

Tuesday April 19, 2016,

8 min Read

ਕੇਵਲ 26 ਸਾਲ! ਜੀ ਹਾਂ, ਤੁਸੀਂ ਬਿਲਕੁਲ ਠੀਕ ਪੜ੍ਹਿਆ ਹੈ। ਇੰਝ ਜਾਪਦਾ ਹੈ ਕਿ ਅਜਿਹਾ ਕੁੱਝ ਤਾਂ ਕੇਵਲ ਵਿਸ਼ੇਸ਼ ਤੇ ਦੈਵੀ ਸ਼ਕਤੀਆਂ ਨਾਲ ਲੈਸ ਵਿਅਕਤੀ ਹੀ ਕਰ ਸਕਦਾ ਹੈ। ਇੱਥੇ ਹੀ ਬੱਸ ਨਹੀਂ, 'ਫ਼ੋਰਬਸ-30' ਨੇ ਰਿਤੇਸ਼ ਮਲਿਕ ਦਾ ਨਾਂਅ 30 ਸਾਲ ਤੋਂ ਘੱਟ ਉਮਰ ਵਾਲੇ 'ਵਿੱਤ ਅਤੇ ਉੱਦਮ' ਖੇਤਰ ਨਾਲ ਜੁੜੇ ਏਸ਼ੀਆ ਦੇ ਕੁੱਝ ਉੱਘੇ ਵਿਅਕਤੀਆਂ ਦੀ ਸਾਲ 2016 ਵਾਲੀ ਸੂਚੀ ਵਿੱਚ ਦਰਜ ਕੀਤਾ ਹੈ। ਸ੍ਰੀ ਰਿਤੇਸ਼ ਨੇ ਤਾਮਿਲ ਨਾਡੂ ਦੀ ਡਾ. ਐਮ.ਜੀ.ਆਰ. ਮੈਡੀਕਲ ਯੂਨੀਵਰਸਿਟੀ ਤੋਂ ਸਾਲ 2013 'ਚ ਗਰੈਜੂਏਸ਼ਨ ਕੀਤੀ ਸੀ। ਸਾਲ 2010 'ਚ, ਉਨ੍ਹਾਂ ਆਪਣੇ ਜ਼ਿਆਦਾਤਰ ਸੀਮੈਸਟਰ ਦੀਆਂ ਕਲਾਸਾਂ ਨਹੀਂ ਲਾਈਆਂ ਸਨ, ਸਗੋਂ ਉਸ ਦੀ ਥਾਂ ਉਨ੍ਹਾਂ ਲੰਡਨ ਸਕੂਲ ਆੱਫ਼ ਇਕਨੌਮਿਕਸ 'ਚ 'ਮਾਰਕਿਟਿੰਗ ਸਾਇੰਸ 101' ਕੋਰਸ ਕਰਨ ਨੂੰ ਪਹਿਲ ਦਿੱਤੀ ਸੀ। ਉੱਥੇ ਹੀ ਉਨ੍ਹਾਂ ਸਿੱਖਿਆ ਕਿ ਅਮਰੀਕੀ ਸੂਬੇ ਕੈਲੀਫ਼ੋਰਨੀਆ ਸਥਿਤ ਸਿਲੀਕੌਨ ਵੈਲੀ ਕਿਵੇਂ ਪ੍ਰਫ਼ੁੱਲਤ ਹੋਈ ਸੀ ਤੇ ਉੱਥੇ ਕਿਵੇਂ ਵੱਡੀ ਗਿਣਤੀ 'ਚ ਸਟਾਰਟ-ਅੱਪਸ ਨੇ ਇਨਕਲਾਬ ਲਿਆਂਦਾ ਸੀ। ਸਾਲ 2012 'ਚ, ਜਦੋਂ ਸ੍ਰੀ ਰਿਤੇਸ਼ ਮੈਡੀਸਨ ਦੇ ਆਪਣੇ ਆਖ਼ਰੀ ਵਰ੍ਹੇ ਦੀ ਪੜ੍ਹਾਈ ਕਰ ਰਹੇ ਸਨ, ਤਾਂ ਉਨ੍ਹਾਂ ਭਾਈਵਾਲੀ ਵਿੱਚ 'ਐਡਸਟੱਕ' ਨਾਂਅ ਦੀ ਇੱਕ ਕੰਪਨੀ ਅਰੰਭ ਕੀਤੀ ਸੀ ਅਤੇ ਇਸ ਦਾ ਪ੍ਰਮੁੱਖ ਉਤਪਾਦ 'ਅਲਾਈਵ' ਰੋਜ਼ਾਨਾ 'ਟਾਈਮਜ਼ ਆੱਫ਼ ਇੰਡੀਆ' ਨੂੰ ਵੇਚ ਦਿੱਤਾ ਸੀ। ਉਸ ਤੋਂ ਬਾਅਦ 2013 'ਚ, ਸ੍ਰੀ ਰਿਤੇਸ਼ ਨੇ ਹਾਰਵਰਡ ਯੂਨੀਵਰਸਿਟੀ 'ਚ 'ਮੈਨੇਜਮੈਂਟ ਆੱਫ਼ ਇਨੋਵੇਸ਼ਨ ਐਂਡ ਟੈਕਨਾਲੋਜੀ' ਦਾ ਅਧਿਐਨ ਕਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਨੂੰ ਨਵੀਆਂ ਗੱਲਾਂ ਤੇ ਸਿਧਾਂਤ ਸਿੱਖਣ ਦਾ ਬਹੁਤ ਸ਼ੌਕ ਹੈ। ਉਨ੍ਹਾਂ ਨੂੰ ਹੈਲਥਕੇਅਰ, ਸੂਚਨਾ ਤਕਨਾਲੋਜੀ, ਮੈਨੇਜਮੈਂਟ, ਉੱਦਮਤਾ, ਨਿਵੇਸ਼, ਸਮਾਜਕ ਉੱਦਮਤਾ ਅਤੇ ਨਵੀਨਤਾ ਜਿਹੇ ਖੇਤਰਾਂ ਦਾ ਤਜਰਬਾ ਹੈ।

image


ਸ੍ਰੀ ਰਿਤੇਸ਼ 'ਗੁਰੀਲਾ ਵੈਂਚਰਜ਼' ਦੇ ਵੀ ਬਾਨੀ ਅਤੇ ਸੀ.ਈ.ਓ. ਹਨ। ਇਹ ਦਰਅਸਲ ਇੱਕ 'ਏਂਜਲ ਇਨਵੈਸਟਰ' ਕੰਪਨੀ ਹੈ, ਜਿਸ ਦੀ ਸ਼ੁਰੂਆਤ 2013 'ਚ ਕੀਤੀ ਗਈ ਸੀ ਤੇ ਇਸ ਨੇ ਆਪਣਾ ਧਿਆਨ ਹਾਰਡਵੇਅਰ ਕੰਪਨੀਆਂ 'ਤੇ ਕੇਂਦ੍ਰਿਤ ਕੀਤਾ ਸੀ। 'ਫ਼ੋਰਬਸ' ਅਨੁਸਾਰ ਪੋਰਟਫ਼ੋਲੀਓ ਕੰਪਨੀਆਂ ਵਿੱਚੋਂ ਇੱਕ ਅਤੇ ਵੀਅਰੇਬਲ ਗੈਜੇਟ ਨਿਰਮਾਤਾ 'ਫ਼ਿਨ ਰੋਬੋਟਿਕਸ' ਪਹਿਲੀ ਹਾਰਡਵੇਅਰ ਉਤਪਾਦ ਕੰਪਨੀ ਹੈ, ਜਿਸ ਨੇ ਫ਼ੰਡਿੰਗ ਦੀ ਲੜੀ 'ਏ' ਤੋਰੀ ਸੀ। ਸ੍ਰੀ ਰਿਤੇਸ਼ ਹੁਣ ਤੱਕ 26 ਕੰਪਨੀਆਂ ਵਿੱਚ ਆਪਣਾ ਸਰਮਾਇਆ ਲਾ ਚੁੱਕੇ ਹਨ, ਜਿਨ੍ਹਾਂ ਵਿੱਚ ਹੋਰਨਾਂ ਤੋਂ ਇਲਾਵਾ ਆਰ.ਐਚ.ਐਲ. ਵਿਜ਼ਨ, ਵਿਗਜ਼ੋ, ਐਡੋਡੌਕ, ਮਸ਼ਿੰਗਾ ਅਤੇ ਫ਼ਲਿਪਮੋਸ਼ਨ ਸ਼ਾਮਲ ਹਨ।

image


ਸ੍ਰੀ ਰਿਤੇਸ਼ ਦੇਸ਼ ਵਿੱਚ ਉੱਦਮਤਾ ਨੂੰ ਹੱਲਾਸ਼ੇਰੀ ਦੇਣ ਲਈ ਇੱਕ ਕਾਲਜ ਸਥਾਪਤ ਕਰਨ ਲਈ ਭਾਰਤ ਸਰਕਾਰ ਨਾਲ ਵੀ ਤਾਲਮੇਲ ਰੱਖ ਰਹੇ ਹਨ। ਉਹ ਦੇਸ਼ ਦੇ 'ਸਟਾਰਟ-ਅੱਪ ਇੰਡੀਆ ਸਟੈਂਡ-ਅੱਪ ਇੰਡੀਆ' ਪ੍ਰੋਗਰਾਮ ਵਿੱਚ ਚੈਂਪੀਅਨ ਬਣਨਾ ਚਾਹੁੰਦੇ ਹਨ।

ਡਾ. ਰਿਤੇਸ਼ ਦਾ ਕਹਿਣਾ ਹੈ,

''ਪ੍ਰਾਜੈਕਟ 'ਗੁਰੀਲਾ' ਰਾਹੀਂ, ਅਸੀਂ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਦੂਰ-ਦੁਰਾਡੇ ਸਥਿਤ ਕਾਲਜਾਂ ਤੱਕ ਲੈ ਕੇ ਜਾਂਦੇ ਹਾਂ, ਜਿੱਥੇ ਕੋਈ ਵੀ ਨਹੀਂ ਜਾਂਦਾ। ਉਦਾਹਰਣ ਵਜੋਂ, ਅਸੀਂ ਰਾਸ਼ਟਰਪਤੀ ਨੂੰ ਜੀ.ਬੀ. ਪੰਤ ਯੂਨੀਵਰਸਿਟੀ ਆੱਫ਼ ਐਗਰੀਕਲਚਰ ਐਂਡ ਟੈਕਨਾਲੋਜੀ' ਲੈ ਕੇ ਗਏ ਸਾਂ, ਜੋ ਕਿ ਦੁਨੀਆ ਦੀ ਸਭ ਤੋਂ ਵੱਡੀ ਖੇਤੀਬਾੜੀ ਯੂਨੀਵਰਸਿਟੀ ਹੈ। ਅਸੀਂ 10,000 ਵਿਦਿਆਰਥੀਆਂ ਲਈ ਇੱਕ ਇਨੋਵੇਸ਼ਨ ਵਰਕਸ਼ਾਪ ਦਾ ਆਯੋਜਨ ਕੀਤਾ ਸੀ ਤੇ ਇਹ ਵੀ ਸਮਝਣ ਦੀ ਕੋਸ਼ਿਸ਼ ਕੀਤੀ ਸੀ ਕਿ ਉਨ੍ਹਾਂ ਨੂੰ ਕੁੱਝ ਨਵੀਆਂ ਗੱਲਾਂ ਕਰਨ ਦੇ ਯੋਗ ਹੋਣ ਲਈ ਕਿਹੜੀਆਂ ਚੀਜ਼ਾਂ ਦੀ ਲੋੜ ਹੈ। ਉਨ੍ਹਾਂ ਨੂੰ ਸਮਝਾਇਆ ਗਿਆ ਕਿ ਸਟਾਰਟ-ਅੱਪਸ ਲਈ ਉਨ੍ਹਾਂ ਨੂੰ ਕੀ ਕੁੱਝ ਕਰਨ ਦੀ ਜ਼ਰੂਰਤ ਹੈ। ਅਸੀਂ ਛੋਟੇ ਅਤੇ ਦਰਮਿਆਨੇ ਆਕਾਰ ਦੇ ਸਟਾਰਟ-ਅੱਪ ਸਮੂਹਾਂ ਉੱਤੇ ਵਧੇਰੇ ਧਿਆਨ ਕੇਂਦ੍ਰਿਤ ਕਰ ਰਹੇ ਹਾਂ।''

'ਧਨ ਮੈਨੂੰ ਪ੍ਰੇਰਿਤ ਨਹੀਂ ਕਰਦਾ'

ਡਾ. ਰਿਤੇਸ਼ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਹੁਣ ਦੋ ਬੜੇ ਹੀ ਸਪੱਸ਼ਟ ਨਿਸ਼ਾਨੇ ਹਨ - ਇੱਕ ਤਾਂ ਔਰਤਾਂ ਨੂੰ ਕਾਰੋਬਾਰੀ ਉੱਦਮਤਾ ਲਈ ਉਤਸ਼ਾਹਿਤ ਕਰਨਾ ਅਤੇ ਦੂਜੇ ਤਕਨਾਲੋਜੀ ਦੀ ਵਰਤੋਂ ਕਰਦਿਆਂ ਦਿਹਾਤੀ ਬਾਜ਼ਾਰ ਦੀਆਂ ਜ਼ਰੂਰਤਾਂ ਪੂਰੀਆਂ ਕਰਨਾ। ਉਹ ਦਸਦੇ ਹਨ,''ਭਾਰਤ ਵਿੱਚ ਕੇਵਲ 9 ਫ਼ੀ ਸਦੀ ਮਹਿਲਾ ਉੱਦਮੀ ਹਨ ਅਤੇ ਮੈਨੂੰ ਆਸ ਹੈ ਕਿ ਅਗਲੇ ਸੱਤ ਸਾਲਾਂ 'ਚ ਅਸੀਂ ਇਹ ਅੰਕੜਾ 45 ਫ਼ੀ ਸਦੀ ਤੱਕ ਲੈ ਜਾਵਾਂਗੇ। ਮੈਨੂੰ ਪਤਾ ਹੈ ਕਿ ਇਹ ਗੱਲ ਉਦੇਸ਼ਮੁਖੀ ਹੈ। ਦੇਸ਼ ਵਿੱਚ ਖੇਤੀਬਾੜੀ ਸਭ ਤੋਂ ਵੱਡਾ ਖੇਤਰ ਹੈ ਤੇ ਉਸ ਤੋਂ ਬਾਅਦ ਹੈਲਥਕੇਅਰ ਤੇ ਪ੍ਰਚੂਨ ਆਦਿ ਆਉਂਦੇ ਹਨ।''

ਬਹੁਤੇ ਲੋਕ ਆਪਣੀ ਉਮਰ ਦੇ 40ਵਿਆਂ ਦੌਰਾਨ ਹੀ ਧਨ ਨਿਵੇਸ਼ ਕਰਨਾ ਸ਼ੁਰੂ ਕਰਦੇ ਹਨ, ਖ਼ਾਸ ਕਰ ਕੇ ਡਾਕਟਰ। ਪਰ ਡਾ. ਰਿਤੇਸ਼ ਨੇ ਇੰਨਾ ਲੰਮਾ ਸਮਾਂ ਉਡੀਕ ਕਰਨਾ ਠੀਕ ਨਹੀਂ ਸਮਝਿਆ। ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਉਹ ਹੁਣ ਮੈਡੀਸਨ ਦਾ ਖੇਤਰ ਤਿਆਗ ਚੁੱਕੇ ਹਨ, ਤਾਂ ਉਨ੍ਹਾਂ ਜਵਾਬ ਦਿੱਤਾ,''ਮੈਂ ਮੈਡੀਸਨ ਨੂੰ ਛੱਡਿਆ ਨਹੀਂ ਹੈ, ਉਹ ਤਾਂ ਮੇਰਾ ਪਹਿਲਾ ਪਿਆਰ ਹੈ, ਮੈਂ ਕੇਵਲ ਪ੍ਰੈਕਟਿਸ ਨਹੀਂ ਕਰਦਾ।'' ਡਾ. ਰਿਤੇਸ਼ ਆਪਣੇ ਪਿਤਾ ਦੇ ਹਸਪਤਾਲ 'ਰੈਡਿਕਸ ਹੈਲਥਕੇਅਰ' ਦਾ ਪ੍ਰਬੰਧ ਵੀ ਵੇਖਦੇ ਹਨ ਅਤੇ ਉਸ ਦਾ ਪਾਸਾਰ ਕਰਨ ਦੀਆਂ ਯੋਜਨਾਵਾਂ ਉਲੀਕ ਰਹੇ ਹਨ। ਉਹ ਦਸਦੇ ਹਨ,'ਮੈਂ ਆਪਣੇ ਆਪ ਨੂੰ ਇੱਕ ਡਾਕਟਰ ਵਜੋਂ ਹੀ ਮਹਿਸੂਸ ਕਰਦਾ ਹਾਂ ਅਤੇ ਮੈਂ ਵੀ ਇੱਕ ਦਿਨ 'ਚ 100 ਮਰੀਜ਼ਾਂ ਨੂੰ ਚੈੱਕ ਕਰਦਾ ਸਾਂ ਪਰ ਤਕਨਾਲੋਜੀ ਦੀ ਮਦਦ ਨਾਲ ਮੈਂ ਇੱਕ ਦਿਨ ਵਿੱਚ 10 ਕਰੋੜ ਮਰੀਜ਼ਾਂ ਤੱਕ ਵੀ ਪਹੁੰਚ ਕਰ ਸਕਦਾ ਹਾਂ।'

image


ਸਫ਼ਲਤਾ ਆਸਾਨੀ ਨਾਲ਼ ਨਹੀਂ ਮਿਲਦੀ

ਮੈਡੀਸਨ ਪੜ੍ਹਦਿਆਂ ਸ੍ਰੀ ਰਿਤੇਸ਼ ਅਕਸਰ ਆਈ.ਆਈ.ਟੀ. ਮਦਰਾਸ ਜਾਂਦੇ ਸਨ ਅਤੇ ਉਥੇ ਹੀ ਉਨ੍ਹਾਂ ਦੀ ਆਪਣੇ ਪਹਿਲੇ ਭਾਈਵਾਲ ਅਭਿਸ਼ੇਕ ਸ਼ੰਕਰ ਨਾਲ ਮੁਲਾਕਾਤ ਹੋਈ ਸੀ। ਸ੍ਰੀ ਅਭਿਸ਼ੇਕ ਇੱਕ ਉਤਪਾਦ ਦਾ ਨਿਰਮਾਣ ਕਰ ਰਹੇ ਸਨ ਤੇ ਉਸ ਤੋਂ ਪਹਿਲਾਂ ਉਨ੍ਹਾਂ ਕੋਲ ਦੋ ਕੁ ਪੇਟੈਂਟ ਵੀ ਸਨ। ਸ੍ਰੀ ਰਿਤੇਸ਼ ਨੇ ਉਨ੍ਹਾਂ ਨੂੰ ਸੁਝਾਅ ਦਿੱਤਾ ਸੀ ਕਿ ਉਹ ਹੈਲਥਕੇਅਰ ਨਾਲ ਤਕਨਾਲੋਜੀ ਨਾਲ ਜੋੜਨ ਅਤੇ ਡਾਕਟਰਾਂ ਲਈ ਇੱਕ 'ਆੱਗਮੈਂਟਡ ਰੀਐਲਿਟੀ ਪਲੇਟਫ਼ਾਰਮ' ਦੀ ਸਥਾਪਨਾ ਕਰਨ। ਉਹ ਮੰਚ ਸਮੁੱਚੇ ਵਿਸ਼ਵ ਦੇ ਡਾਕਟਰਾਂ ਨੂੰ ਆਪਸ ਵਿੱਚ ਜੋੜੇਗਾ ਤੇ ਦਿਹਾਤੀ ਇਲਾਕਿਆਂ ਵਿੱਚ ਆੱਪਰੇਸ਼ਨ ਕਰਨ ਵਾਲੇ ਡਾਕਟਰਾਂ ਨੂੰ ਸਹੀ ਅਰਥਾਂ ਵਿੱਚ ਦਿਸ਼ਾ-ਨਿਰਦੇਸ਼ ਉੱਥੋਂ ਮਿਲ ਸਕਣਗੇ। ਪਰ ਉਹ ਸਟਾਰਟ-ਅੱਪ ਨਾਕਾਮ ਰਹੀ ਕਿਉਂਕਿ ਕੋਈ ਵੀ ਉਸ ਨਾਲ ਜੁੜਨ ਲਈ ਤਿਆਰ ਨਾ ਹੋਇਆ ਅਤੇ ਉਸ ਮੰਚ ਲਈ ਬੁਨਿਆਦੀ ਢਾਂਚੇ ਦੀ ਉਸਾਰੀਾ ਨਾ ਹੋ ਸਕੀ। ਪਰ ਇਸੇ ਨਾਕਾਮੀ ਤੋਂ ਸ੍ਰੀ ਰਿਤੇਸ਼ ਤੇ ਸ੍ਰੀ ਅਭਿਸ਼ੇਕ ਨੂੰ 'ਅਲਾਈਵ' ਸ਼ੁਰੂ ਕਰਨ ਦਾ ਵਿਚਾਰ ਸੁੱਝ ਗਿਆ; ਜਿਸ ਲਈ ਹੁਣ ਉਨ੍ਹਾਂ ਨੂੰ ਹਰ ਪਾਸਿਓਂ ਸ਼ਲਾਘਾ ਮਿਲ ਰਹੀ ਹੈ।

ਸ੍ਰੀ ਰਿਤੇਸ਼ ਨੇ ਇਸੇ 'ਅਲਾਈਵ' ਤੋਂ ਮਿਲੀ ਪੂੰਜੀ ਦੀ ਵਰਤੋਂ ਕਰਦਿਆਂ ਉਸ ਨੂੰ ਅੱਗੇ 26 ਸਟਾਰਟ-ਅੱਪਸ ਵਿੱਚ ਲਾਇਆ।

ਨਿਵੇਸ਼ ਦੇ ਵਧੀਆ ਮੌਕਿਆਂ, ਖ਼ਾਸ ਕਰ ਕੇ ਹਾਰਡਵੇਅਰ 'ਚ, ਦੀ ਭਾਲ ਵਿੱਚ ਸ੍ਰੀ ਰਿਤੇਸ਼ ਕੋਚੀ ਸਥਿਤੀ ਸਟਾਰਟ-ਅੱਪ ਵਿਲੇਜ ਵੱਲ ਮੁੜੇ। ਮਾਣਮੱਤੇ ਨਿਵੇਸ਼ਕ ਡਾ. ਰਿਤੇਸ਼ ਹੁਣ ਦਸਦੇ ਹਨ,''ਇਸ ਸਟਾਰਟ-ਅੱਪ ਵਿਲੇਜ ਵਿੱਚ ਇਸ ਵੇਲੇ 10 ਅਜਿਹੀਆਂ ਸਟਾਰਟ-ਅੱਪਸ ਹਨ, ਜਿਨ੍ਹਾਂ ਨੂੰ ਵਿੱਤੀ ਸਹਾਇਤਾ ਮਿਲ ਰਹੀ ਹੈ, ਉਨ੍ਹਾਂ ਵਿੱਚੋਂ 9 ਸਾਡੇ ਹਨ।''

image


ਉਨ੍ਹਾਂ ਦਾ ਨਿਵੇਸ਼ ਮੰਤਰ ਹੈ, ਕੋਈ ਸ਼ਿਕਾਇਤ ਵਾਲਾ ਨੁਕਤਾ ਲੱਭੋ ਅਤੇ ਫਿਰ ਮੈਨੇਜਮੈਂਟ ਦੇ ਨੁਕਤੇ ਦੱਸੋ

ਡਾ. ਰਿਤੇਸ਼ ਦਾ ਮੰਨਣਾ ਹੈ ਕਿ ਕੰਪਨੀਆਂ ਵਿੱਚ ਨਹੀਂ, ਸਗੋਂ ਆਮ ਜਨਤਾ ਵਿੱਚ ਨਿਵੇਸ਼ ਕਰਨਾ ਅਹਿਮ ਹੁੰਦਾ ਹੈ ਤੇ ਉਥੋਂ ਹੀ ਸਫ਼ਲਤਾ ਵੀ ਮਿਲਦੀ ਹੈ।

ਜੇ ਹਾਲੇ ਵਿਚਾਰ ਅੱਧ-ਪੱਕਿਆ ਹੋਵੇ ਤੇ ਬਾਜ਼ਾਰ ਕੋਈ ਨਾ ਹੋਵੇ; ਅਜਿਹੇ ਪੱਖਾਂ ਲਈ ਸਦਾ ਕੰਮ ਅਰੰਭਿਆ ਜਾ ਸਕਦਾ ਹੈ ਪਰ ਇੱਕ ਵਧੀਆ ਟੀਮ ਛੇਤੀ ਕਿਤੇ ਇਕੱਠੀ ਨਹੀਂ ਹੁੰਦੀ।

ਉਹ ਆਖਦੇ ਹਨ,''ਅਸੀਂ ਕੇਵਲ ਸੁਝਾਅ ਦਿੰਦੇ ਹਾਂ ਅਤੇ ਫਿਰ ਉੱਦਮੀ ਨੇ ਹੀ ਅੱਗੇ ਸਾਰੇ ਕੰਮ ਕਰਨੇ ਹੁੰਦੇ ਹਨ। ਗ਼ਲਤੀਆਂ ਅਤੇ ਨਾਕਾਮੀਆਂ ਤੋਂ ਡਰਨ ਦੀ ਲੋੜ ਨਹੀਂ ਹੁੰਦੀ ਕਿਉਂਕਿ ਉਹ ਤਾਂ ਜ਼ਿੰਦਗੀ ਦਾ ਅਹਿਮ ਹਿੱਸਾ ਹਨ। ਜੇ ਤੁਸੀਂ ਕਦੇ ਨਾਕਾਮ ਨਹੀਂ ਹੋਏ, ਤਾਂ ਤੁਸੀਂ ਕੋਈ ਮੁੱਲਵਾਨ ਜਾਂ ਵਡਮੁੱਲਾ ਉਤਪਾਦ ਬਣਾਉਣ ਦੇ ਵੀ ਯੋਗ ਨਹੀਂ ਹੋ ਸਕਦੇ।''

''ਮੈਂ ਉੱਦਮੀਆਂ ਤੋਂ ਅਕਸਰ ਪੁੱਛਦਾ ਹਾਂ - ਤੁਸੀਂ ਕੀ ਤਿਆਰ ਕਰਨਾ ਚਾਹੁੰਦੇ ਹੋ। ਜਦੋਂ ਅੱਗਿਓਂ ਜਵਾਬ ਆਉਂਦਾ ਹੈ ਕਿ ਉਹ ਇੱਕ ਅਰਬ ਡਾਲਰ ਦੀ ਆਪਣੀ ਇੱਕ ਕੰਪਨੀ ਖੜ੍ਹੀ ਕਰਨੀ ਚਾਹੁੰਦੇ ਹਨ, ਤਾਂ ਮੈਨੂੰ ਇਸ ਤੋਂ ਕੋਈ ਹੈਰਾਨੀ ਜਾਂ ਨਿਰਾਸ਼ਾ ਨਹੀਂ ਹੁੰਦੀ। ਧਿਆਨ ਸਦਾ ਕੋਈ ਕੀਮਤ ਸਿਰਜਣ ਉੱਤੇ ਕੇਂਦ੍ਰਿਤ ਰਹਿਣਾ ਚਾਹੀਦਾ ਹੈ ਨਾ ਕਿ ਮੁਲੰਕਣ ਕਰਨ 'ਤੇ।''

ਡਾ. ਰਿਤੇਸ਼ ਨੇ ਬਹੁਤ ਛੋਟੀ ਉਮਰੇ ਕੰਪਨੀਆਂ ਵਿੱਚ ਆਪਣਾ ਸਰਮਾਇਆ ਲਾਉਣਾ ਸ਼ੁਰੂ ਕਰ ਦਿੱਤਾ ਸੀ। ਹੁਣ ਤੱਕ ਉਹ 26 ਕੰਪਨੀਆਂ ਵਿੱਚ ਆਪਣਾ ਸਰਮਾਇਆ ਲਾ ਚੁੱਕੇ ਹਨ। ਅਸੀਂ ਉਨ੍ਹਾਂ ਨੂੰ ਨਿੰਜਾ ਹੁਨਰਾਂ ਬਾਰੇ ਸੁਆਲ ਕੀਤੇ। ਉਨ੍ਹਾਂ ਦੱਸਿਆ,''ਇਹ ਸਾਰਾ ਮੇਰੀ ਟੀਮ ਕਰ ਕੇ ਹੈ। ਠੀਕ ਹੈ, ਸ਼ਲਾਘਾ ਮੇਰੀ ਹੁੰਦੀ ਹੈ ਪਰ ਦਰਅਸਲ ਮੇਰੀ ਟੀਮ 'ਚ ਸ਼ਾਮਲ ਵਿਵੇਕ, ਹੇਮੰਤ, ਅੰਕੁਸ਼ ਤੇ ਰੱਸੇਲ ਬਹੁਤ ਸਖ਼ਤ ਮਿਹਨਤ ਕਰਦੇ ਹਨ ਤੇ ਉਨ੍ਹਾਂ ਵੱਲ ਸਭਨਾਂ ਦਾ ਧਿਆਨ ਜਾਣਾ ਚਾਹੀਦਾ ਹੈ। ਜੇ ਸੱਚ ਪੁੱਛੋਂ, ਤਾਂ ਮੈਂ ਤਕਨਾਲੋਜੀ ਬਾਰੇ ਕੋਈ ਬਹੁਤੀ ਡੂੰਘਾਈ ਨਾਲ ਨਹੀਂ ਸਮਝਦਾ। ਮੈਂ ਆਪਣਾ ਬਹੁਤੀ ਮੈਡੀਕਲ ਗਿਆਨ ਭੁਲਾ ਚੁੱਕਾ ਹਾਂ। ਹੁਣ ਮੈਂ ਕੇਵਲ ਲੋਕਾਂ ਦਾ ਮੈਨੇਜਰ ਹਾਂ। ਮੈਂ ਉਨ੍ਹਾਂ ਵਿੱਚ ਸੁਫ਼ਨੇ ਜਗਾਉਂਦਾ ਹਾਂ ਤੇ ਉਨ੍ਹਾਂ ਨੂੰ ਕੁੱਝ ਨਵਾਂ ਤੇ ਨਿਵੇਕਲਾ ਕਰਨ ਲਈ ਆਜ਼ਾਦੀ ਦਿੰਦਾ ਹਾਂ। ਫਿਰ ਉਹ ਨਾਕਾਮ ਵੀ ਹੁੰਦੇ ਹਨ ਪਰ ਉਨ੍ਹਾਂ ਨਾਕਾਮੀਆਂ ਵਿਚੋਂ ਹੀ ਬਿਹਤਰੀਨ ਬਣ ਕੇ ਕੋਈ ਨਿਕਲਦਾ ਹੈ। ਮੇਰੇ ਆਪਣੇ ਸੁਫ਼ਨੇ ਉਨ੍ਹਾਂ ਦੇ ਸੁਫ਼ਨਿਆਂ ਦੇ ਨਾਲੋ-ਨਾਲ ਚਲਦੇ ਹਨ।''

ਸਿੱਖਣ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ

ਆਪਣੀ ਤਾਰੀਫ਼ ਸੁਣ ਕੇ ਡਾ. ਰਿਤੇਸ਼ ਚੈਨ ਨਾਲ ਬੈਠਣ ਵਾਲੇ ਨਹੀਂ ਹਨ ਅਤੇ ਉਹ ਹੁਣ ਦਿੱਲੀ 'ਚ ਇੱਕ ਹੋਰ ਕੰਪਨੀ 'ਇਨੋਵ 8' ਦੇ ਕੰਮਾਂ ਵਿੱਚ ਰੁੱਝੇ ਹੋਏ ਹਨ, ਜੋ ਉਨ੍ਹਾਂ ਨਵੰਬਰ 2015 'ਚ ਸ਼ੁਰੂ ਕੀਤੀ ਸੀ। ਉਨ੍ਹਾਂ ਦੇ ਤਜਰਬੇ ਨੇ ਉਨ੍ਹਾਂ ਨੰਦ ਇਹੋ ਸਿਖਾਇਆ ਸੀ ਕਿ ਸਟਾਰਟ-ਅੱਪ ਦਾ ਸਭ ਤੋਂ ਅਹਿਮ ਪੱਖ ਹੈ ਆਮ ਲੋਕਾਂ 'ਚ ਆਪਣਾ ਆਧਾਰ ਕਾਇਮ ਕਰਨਾ। ਉਹ ਦਸਦੇ ਹਨ,''ਤੁਸੀਂ ਜਦੋਂ ਆਪਣੀ ਕੋਈ ਨਵਾਂ ਸਟਾਰਟ-ਅੱਪ ਅਰੰਭਦੇ ਹੋ, ਤਾਂ ਤੁਸੀਂ ਨਵੇਂ ਲੋਕਾਂ ਨੂੰ ਮਿਲਦੇ ਹੋ ਤੇ ਉਨ੍ਹਾਂ ਨਾਲ ਗੱਲਬਾਤ ਕਰਦੇ ਹੋ। ਹੁਣ ਤੁਸੀਂ ਰਵਾਇਤੀ ਕਾਰੋਬਾਰੀ ਮਾੱਡਲਾਂ ਨਾਲ ਅੱਗੇ ਨਹੀਂ ਵਧ ਸਕਦੇ। ਇਸੇ ਲਈ ਇਨੋਵ 8 ਨਾਂਅ ਦਾ ਬਿਜ਼ਨੇਸ ਨੈਟਵਰਕਿੰਗ ਮੰਚ ਸ਼ੁਰੂ ਹੋਇਆ ਸੀ। ਇਸ ਮੰਚ ਉਤੇ ਫ਼੍ਰੀਲਾਂਸਰ, ਉੱਦਮੀ, ਕਾਰਪੋਰੇਟਸ, ਟੈਕ ਇਨੋਵੇਟਰਜ਼ ਅਤੇ ਨਿਵੇਸ਼ਕ ਆ ਕੇ ਜੁੜਦੇ ਹਨ ਤੇ ਇੱਕ ਛੱਤ ਹੇਠਾਂ ਸਮਾਜਕ ਮਾਹੌਲ ਵਿੱਚ ਇਕੱਠੇ ਹੁੰਦੇ ਹਨ।'' ਆਪਣੇ ਨਵੇਂ ਉੱਦਮ ਇਨੋਵ 8 ਨਾਲ ਉਹ ਉਤਪਾਦ ਆਧਾਰਤ ਸਟਾਰਟ-ਅੱਪਸ ਨੂੰ ਉਤਸ਼ਾਹਿਤ ਕਰਦੇ ਹਨ।

ਇਨੋਵ 8 ਔਰਤਾਂ ਨੂੰ ਆਪਣੀ ਸਟਾਰਟ-ਅੱਪ ਸ਼ੁਰੂ ਕਰਨ ਲਈ ਪ੍ਰੇਰਦਾ ਹੈ। ਇਸ ਕਦਮ ਨੂੰ 'ਇਨੋਵ-84-ਵੋਮੈਨ' ਨਾਂਅ ਦਿੱਤਾ ਗਿਆ ਹੈ। ਡਾ. ਰਿਤੇਸ਼ ਦਸਦੇ ਹਨ ਕਿ ਉਹ ਨਿਜੀ ਤੌਰ ਉਤੇ ਇਹ ਮਹਿਸੂਸ ਕਰਦੇ ਹਨ ਕਿ ਮਹਿਲਾਵਾਂ ਬਹੁਤ ਅਦਭੁਤ ਹਨ ਤੇ ਆਪਣੇ ਕਾਰੋਬਾਰ ਬਹੁਤ ਵਧੀਆ ਤਰੀਕੇ ਨਾਲ ਸੰਭਾਲਦੀਆਂ ਹਨ। ਉਹ ਨਿਵੇਸ਼ ਕੀਤਾ ਧਨ ਬਹੁਤ ਸਿਆਣਪ ਨਾਲ ਵਰਤਦੀਆਂ ਹਨ। 'ਮਰਦਾਂ ਨਾਲੋਂ ਕਿਤੇ ਜ਼ਿਆਦਾ ਵਧੀਆ! ਅਸੀਂ ਔਰਤਾਂ ਨੂੰ ਕਟੌਤੀਆਂ ਵੀ ਦਿੰਦੇ ਹਨ ਤੇ ਉਨ੍ਹਾਂ ਨੂੰ ਆਪਣੀਆਂ ਨੀਤੀਆਂ ਉਲੀਕਣ ਵਿੱਚ ਮਦਦ ਕਰਦੇ ਹਨ।' ਡਾ. ਰਿਤੇਸ਼ ਦਿੱਲੀ ਨੂੰ ਸਿਲੀਕੌਨ ਵੈਲੀ ਬਣਾਉਣਾ ਲੋਚਦੇ ਹਨ। ਉਨ੍ਹਾਂ ਦਾ ਨਵੀਂ ਦਿੱਲੀ ਦੇ ਕਨੌਟ ਪਲੇਸ ਵਿੱਚ ਆਪਣਾ ਦਫ਼ਤਰ ਹੈ।

ਡਾ. ਰਿਤੇਸ਼ ਦੀ ਆਪਣੇ ਸਾਥੀ ਉੱਦਮੀਆਂ ਤੇ ਨਿਵੇਸ਼ਕਾਂ ਨੂੰ ਸਲਾਹ ਹੈ ਕਿ ਉਹ ਮੌਜੂਦਾ ਰੁਝਾਨਾਂ ਵਿੱਚ ਆਪਣਾ ਧਨ ਨਿਵੇਸ਼ ਨਾ ਕਰਨ, ਸਗੋਂ ਆਪਣੇ ਉਤਪਾਦਾਂ ਨੂੰ ਦ੍ਰਿਸ਼ਟਮਾਨ ਕਰ ਕੇ ਬਾਜ਼ਾਰ ਵਿੱਚ ਉਤਰਨ ਅਤੇ ਤਦ ਉਨ੍ਹਾਂ ਵਿੱਚ ਆਪਣਾ ਧਨ ਲਾਉਣ। ਉਨ੍ਹਾਂ ਦਾ ਮੰਨਣਾ ਹੈ ਕਿ ਜੇ ਤੁਸੀਂ ਲੋਕਾਂ ਨੂੰ ਆਪਣੇ ਹਿਸਾਬ ਨਾਲ਼ ਆਜ਼ਾਦ ਵਿਚਰਨ ਦਿੰਦੇ ਹੋ, ਤਾਂ ਤੁਹਾਨੂੰ ਨਤੀਜੇ ਵਿਖਾਈ ਦੇਣਗੇ।

ਡਾ. ਰਿਤੇਸ਼ ਨੂੰ ਆਪਣੇ ਜੀਵਨ ਦੀ ਹਰੇਕ ਗ਼ਲਤੀ ਜਾਂ ਨਾਕਾਮੀ ਉੱਤੇ ਮਾਣ ਹੈ। ਉਹ ਹੱਸਦਿਆਂ ਦਸਦੇ ਹਨ,''ਮੈਂ ਨਾਕਾਮੀ ਦੇ ਵੀ ਜਸ਼ਨ ਮਨਾਉਂਦਾ ਹਾਂ। ਇਹੋ ਗੱਲਾਂ ਹੁੰਦੀਆਂ ਹਨ, ਜੋ ਤੁਹਾਨੂੰ ਸਫ਼ਲਤਾ ਵੱਲ ਧੱਕਦੀਆਂ ਹਨ ਤੇ ਤੁਹਾਨੂੰ ਆਪਣੀ ਅਸਲ ਮੰਜ਼ਲ ਵੱਲ ਲਿਜਾਂਦੀਆਂ ਹਨ।''

ਲੇਖਕ: ਸਨਿਗਧਾ ਸਿਨਹਾ

ਅਨੁਵਾਦ: ਮਹਿਤਾਬ-ਉਦ-ਦੀਨ