ਅਗਲਾ ਵੱਡਾ ਇਨਕਲਾਬ? ਸਿੱਖਿਆ ਨੂੰ ਮੁਫ਼ਤ ਤੇ ਹਰੇਕ ਦੀ ਪਹੁੰਚ ਵਿੱਚ ਬਣਾਉਣ ਲਈ ਖਾਨ ਅਕੈਡਮੀ ਨੂੰ ਮਿਲਿਆ ਰਤਨ ਟਾਟਾ ਦਾ ਥਾਪੜਾ

ਅਗਲਾ ਵੱਡਾ ਇਨਕਲਾਬ? ਸਿੱਖਿਆ ਨੂੰ ਮੁਫ਼ਤ ਤੇ ਹਰੇਕ ਦੀ ਪਹੁੰਚ ਵਿੱਚ ਬਣਾਉਣ ਲਈ ਖਾਨ ਅਕੈਡਮੀ ਨੂੰ ਮਿਲਿਆ ਰਤਨ ਟਾਟਾ ਦਾ ਥਾਪੜਾ

Thursday December 17, 2015,

6 min Read

ਪ੍ਰਸਿੱਧ ਗ਼ੈਰ-ਮੁਨਾਫ਼ਾਕਾਰੀ (ਨੌਟ-ਫ਼ਾਰ-ਪ੍ਰਾਫ਼ਿਟ) ਸੰਗਠਨ 'ਖ਼ਾਨ ਅਕੈਡਮੀ' ਨੇ ਭਾਰਤ 'ਚ ਅਕਾਦਮਿਕ ਸਮੱਗਰੀਆਂ ਆੱਨਲਾਈਨ ਬਿਲਕੁਲ ਮੁਫ਼ਤ ਮੁਹੱਈਆ ਕਰਵਾਉਣ ਲਈ ਹੁਣ 'ਟਾਟਾ ਟਰੱਸਟਸ' ਨਾਲ ਆਪਣੀ ਭਾਈਵਾਲ਼ੀ ਪਾ ਲਈ ਹੈ। ਕਈ ਲੱਖਾਂ ਡਾਲਰ ਦੀ ਇਸ ਭਾਈਵਾਲੀ ਦੌਰਾਨ ਨਾ ਕੇਵਲ ਭਾਰਤੀ ਅਧਿਆਪਕਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ, ਸਗੋਂ ਐਨ.ਸੀ.ਈ.ਆਰ.ਟੀ. ਦੀਆਂ ਪਾਠ-ਪੁਸਤਕਾਂ ਉਤੇ ਆਧਾਰਤ ਸਮੱਗਰੀ ਨੂੰ ਭਾਰਤੀ ਭਾਸ਼ਾਵਾਂ ਵਿੱਚ ਉਪਲਬਧ ਕਰਵਾਇਆ ਜਾਵੇਗਾ।

'ਯੂਅਰ ਸਟੋਰੀ' ਨੂੰ ਲਗਦਾ ਹੈ ਕਿ ਇਹ ਸਿੱਖਿਆ ਦੇ ਖੇਤਰ ਵਿੱਚ ਆਉਣ ਵਾਲਾ ਇੱਕ ਸੰਭਾਵੀ ਇਨਕਲਾਬ ਹੈ। ਇਹ ਉਦਮ ਖ਼ਾਸ ਕਰ ਕੇ ਉਨ੍ਹਾਂ ਵਿਦਿਆਰਥੀਆਂ ਲਈ ਲਾਹੇਵੰਦਾ ਹੋਵੇਗਾ, ਜਿਨ੍ਹਾਂ ਮਿਆਰੀ ਸਿੱਖਿਆ ਤੱਕ ਪਹੁੰਚ ਕਰਨ ਲਈ ਬਹੁਤ ਸੰਘਰਸ਼ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਇਹ ਅਧਿਆਪਕਾਂ, ਕੰਟੈਂਟ (ਵਿਸ਼ਾ) ਡਿਵੈਲਪਰਜ਼ ਤੇ ਸਮੁੱਚੇ ਭਾਰਤ ਦੀਆਂ ਐਜੂਟੈਕ ਖੇਤਰ ਦੀਆਂ ਨਵੀਆਂ ਕੰਪਨੀਆਂ ਲਈ ਵੀ ਇਹ ਕਿਸੇ ਕ੍ਰਾਂਤੀ ਤੋਂ ਘੱਟ ਨਹੀਂ ਹੈ। ਭਾਰਤ ਦਾ ਸਿੱਖਿਆ ਖੇਤਰ ਕਈ ਅਰਬ ਡਾਲਰ ਦਾ ਹੈ ਤੇ ਹੁਣ 'ਖ਼ਾਨ ਅਕੈਡਮੀ' ਇਸ ਖੇਤਰ ਤੱਕ ਸਭ ਦੀ ਪਹੁੰਚ ਬਣਾਉਣ ਲਈ ਇੱਕ ਮਾਧਿਅਮ ਬਣ ਰਹੀ ਹੈ।

ਖ਼ਾਨ ਅਕੈਡਮੀ ਦੇ ਬਾਨੀ ਸਲਮਾਨ ਖ਼ਾਨ ਦਾ ਕਹਿਣਾ ਹੈ ਕਿ ਉਹ ਭਾਰਤ ਦੀਆਂ ਐਜੂਟੈਕ ਖੇਤਰ ਦੀਆਂ ਨਵੀਆਂ ਕੰਪਨੀਆਂ ਨਾਲ ਕੰਮ ਕਰਨ ਦੇ ਚਾਹਵਾਨ ਹਨ। ਉਹ ਹਰੇਕ ਨੂੰ ਹਰ ਥਾਂ ਉਤੇ ਮੁਫ਼ਤ ਅਤੇ ਵਿਸ਼ਵ ਪੱਧਰੀ ਸਿੱਖਿਆ ਮੁਹੱਈਆ ਕਰਵਾਉਣਾ ਚਾਹੁੰਦੇ ਹਨ।

ਇਸ ਮਾਮਲੇ ਦਾ ਦਿਲਚਸਪ ਪੱਖ ਇਹ ਹੈ ਕਿ ਇੱਥੇ ਵਿਦਿਅਕ ਸਮੱਗਰੀ ਆੱਨਲਾਈਨ ਤੇ ਆੱਫ਼ਲਾਈਨ ਦੋਵੇਂ ਤਰ੍ਹਾਂ ਬਹੁਤ ਘੱਟ ਲਾਗਤ ਦੇ ਉਪਕਰਣਾਂ ਰਾਹੀਂ ਉਪਲਬਧ ਹੋਵੇਗੀ। ਖ਼ਾਨ ਅਕੈਡਮੀ ਅਨੇਕਾਂ ਸਕੂਲਾਂ ਵਿੱਚ ਆਪਣਾ ਪਾਇਲਟ ਪ੍ਰੋਗਰਾਮ ਪਹਿਲਾਂ ਹੀ ਅਰੰਭ ਕਰ ਚੁੱਕੇ ਹਨ; ਇਸ ਤਰ੍ਹਾਂ ਅਧਿਆਪਕਾਂ ਨੂੰ ਵੀ ਆਪਣੇ ਹੁਨਰਾਂ ਵਿੱਚ ਸੁਧਾਰ ਲਿਆਉਣ 'ਚ ਮਦਦ ਮਿਲੇਗੀ। ਇਸ ਦੇ ਨਾਲ ਹੀ ਬਹੁਤ ਸਾਰੇ ਪ੍ਰੋਫ਼ੈਸ਼ਨਲਜ਼ ਵੀ ਇਸ ਅਕੈਡਮੀ ਨਾਲ ਜੁੜਨਗੇ, ਜੋ ਪੜ੍ਹਾਉਣਾ ਚਾਹੁਣਗੇ ਅਤੇ ਇੰਝ ਲੱਖਾਂ ਵਿਦਿਆਰਥੀਆਂ ਉਤੇ ਅਸਰ ਪਾਉਣ ਦੇ ਯੋਗ ਹੋਣਗੇ। ਖ਼ਾਨ ਅਕੈਡਮੀ ਦੇ ਟਿਊਟੋਰੀਅਲਜ਼ ਆਮ ਸਕੂਲਾਂ ਦੇ ਅਧਿਆਪਕਾਂ ਨੂੰ ਫ਼ਾਰਗ ਨਹੀਂ ਕਰਨਾ ਚਾਹੁੰਦੇ; ਉਹ ਕੇਵਲ ਇਹ ਚਾਹੁੰਦੇ ਹਨ ਕਿ ਹਰ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਵਾਧੂ ਮਦਦ ਦੇਣ ਉਤੇ ਆਪਣਾ ਧਿਆਨ ਕੇਂਦ੍ਰਿਤ ਕਰ ਸਕਣ।

image


ਟਾਟਾ ਅਨੁਸਾਰ ਸਲਮਾਨ ਖ਼ਾਨ ਅਤੇ ਉਨ੍ਹਾਂ ਦੀ ਪਹੁੰਚ ਬਿਲਕੁਲ ਤਾਜ਼ਾ ਅਤੇ ਬਿਲਕੁਲ ਵਿਲੱਖਣ ਹੈ ਕਿਉਂਕਿ ਇਸ ਦਾ ਮੰਤਵ ਨਾ ਕੇਵਲ ਵਿਸ਼ਵ ਨੂੰ ਸਾਖਰ ਬਣਾਉਣਾ ਹੈ, ਸਗੋਂ ਹਰੇਕ ਨੂੰ ਕਿਸੇ ਵੀ ਸਮੇਂ ਕਿਤੇ ਵੀ ਮਿਆਰੀ ਕਿਸਮ ਦਾ ਗਿਆਨ ਵੰਡਣਾ ਵੀ ਹੈ। ਇਹ ਅਜਿਹਾ ਮਾੱਡਲ ਹੈ ਜੋ 109 ਅਰਬ ਡਾਲਰ ਦੇ 'ਟਾਟਾ ਟਰੱਸਟਸ' ਦੀ ਪਹੁੰਚ ਵਿੱਚ ਵੀ ਵਾਧਾ ਕਰੇਗਾ।

ਟਾਟਾ ਦਾ ਕਹਿਣਾ ਹੈ,''ਇੱਕ ਭਾਰਤੀ ਅਤੇ ਇਸ ਧਰਤੀ ਦਾ ਨਾਗਰਿਕ ਹੋਣ ਦੇ ਨਾਤੇ, ਇਹ ਭਾਈਵਾਲੀ ਅਰੰਭਣਾ ਇੱਕ ਮਹਾਨ ਮਰਿਆਦਾ ਹੈ। ਮੈਨੂੰ ਲਗਦਾ ਹੈ ਕਿ ਇਹ ਆਉਣ ਵਾਲੀਆਂ ਪੀੜ੍ਹੀਆਂ ਉਤੇ ਵੱਡਾ ਅਸਰ ਪਾਵੇਗੀ।''

ਜਿਨ੍ਹਾਂ ਨੇ ਪਹਿਲਾਂ ਸਲਮਾਨ ਖ਼ਾਨ ਬਾਰੇ ਕਦੇ ਨਹੀਂ ਸੁਣਿਆ, ਉਨ੍ਹਾਂ ਲਈ ਦੱਸ ਦੇਈਏ ਕਿ ਉਹ ਐਮ.ਆਈ.ਟੀ. ਅਤੇ ਹਾਰਵਰਡ ਦੇ ਗਰੈਜੂਏਟ ਹਨ ਤੇ ਪਹਿਲਾਂ ਹੈਜ-ਫ਼ੰਡ ਐਨਾਲਿਸਟ ਰਹਿ ਚੁੱਕੇ ਹਨ। ਉਨ੍ਹਾਂ ਦੀ ਅਕੈਡਮੀ ਦੀ ਸ਼ੁਰੂਆਤ ਦੀ ਕਹਾਣੀ ਵੀ ਦਿਲਚਸਪ ਹੈ। ਉਹ ਆਪਣੇ ਇੱਕ ਚਚੇਰੇ ਭਰਾ ਨੂੰ ਪਡ੍ਹਾਉਣ ਲਈ ਕੁੱਝ ਵਿਡੀਓਜ਼ ਤਿਆਰ ਕਰ ਰੇ ਸਨ ਕਿ ਉਦੋਂ ਹੀ ਉਨ੍ਹਾਂ ਨੂੰ ਅਜਿਹੀ ਅਕੈਡਮੀ ਸਥਾਪਤ ਕਰਨ ਦਾ ਫੁਰਨਾ ਫੁਰਿਆ। ਉਨ੍ਹਾਂ ਕਿਹਾ ਕਿ ਉਹ ਅਜਿਹੀਆਂ ਹੋਰ ਬਹੁਤ ਸਾਰੀਆਂ ਵਿਡੀਓਜ਼ ਤਿਆਰ ਕਰ ਕੇ ਆਪਣੇ ਹੋਰ ਬਹੁਤ ਸਾਰੇ ਭਰਾਵਾਂ ਦੀ ਵੀ ਮਦਦ ਕਰ ਸਕਣਗੇ ਤੇ ਇਹ ਸਾਰੀਆਂ ਵਿਡੀਓਜ਼ ਉਨ੍ਹਾਂ ਇੰਟਰਨੈਟ ਉਤੇ ਅਪਲੋਡ ਕਰ ਦਿੱਤੀਆਂ। ਛੇਤੀ ਹੀ ਸਭ ਨੂੰ ਇਸ ਬਾਰੇ ਪਤਾ ਲੱਗਣ ਲੱਗ ਪਿਆ ਅਤੇ ਉਨ੍ਹਾਂ ਨੂੰ ਕੇਵਲ ਅਮਰੀਕਾ ਤੋਂ ਹੀ ਨਹੀਂ, ਸਗੋਂ ਸਮੁੱਚੇ ਵਿਸ਼ਵ ਤੋਂ ਹੀ ਚਿੱਠੀਆਂ ਆਉਣ ਲੱਗ ਪਈਆਂ; ਜਿਨ੍ਹਾਂ ਵਿੱਚ ਲਿਖਿਆ ਹੁੰਦਾ ਸੀ ਕਿ ਉਨ੍ਹਾਂ ਦੇ ਟਿਊਟੋਰੀਅਲ ਨੇ ਕਿਵੇਂ ਅਲਜਬਰਾ (ਬੀਜ-ਗਣਿਤ) ਦੀ ਕਲਾਸ ਜਾਂ ਕਾਲਜ ਵਾਪਸ ਜਾਣ ਜਾਂ ਆਮ ਬੱਚਿਆਂ ਦੀ ਪੜ੍ਹਾਈ ਵਿੱਚ ਉਨ੍ਹਾਂ ਦੀ ਮਦਦ ਕੀਤੀ। ਸਲਮਾਨ ਖ਼ਾਨ ਖ਼ੁਦ ਦਸਦੇ ਹਨ,''ਛੇਤੀ ਹੀ ਇਹ ਸਪੱਸ਼ਟ ਹੋ ਗਿਆ ਸੀ ਕਿ ਵਿਸ਼ਵ ਨੂੰ ਅਜਿਹੀ ਸਮੱਗਰੀ ਦੀ ਬਹੁਤ ਲੋੜ ਹੈ। ਪਤਾ ਲੱਗ ਗਿਆ ਕਿ ਲੋਕ ਵਧੀਆ ਅਕਾਦਮਿਕ ਸਮੱਗਰੀ ਨੂੰ ਪਸੰਦ ਕਰਦੇ ਹਨ।''

ਖ਼ਾਨ ਅਕੈਡਮੀ ਹੁਣ ਤੱਕ ਗਣਿਤ, ਵਿਗਿਆਨ, ਕੰਪਿਊਟਰ ਟੈਸਟ, ਹਿਊਮੈਨਿਟੀਜ਼ ਤੇ ਟੈਸਟ-ਤਿਆਰੀ ਜਿਹੇ ਵਿਸ਼ਿਆਂ ਉਤੇ 10-10 ਮਿੰਟ ਦੀਆਂ 2,700 ਵਿਡੀਓਜ਼ ਇੰਟਰਨੈਟ ਉਤੇ ਪਾ ਚੁੱਕੇ ਹਨ; ਜੋ ਬਿਲਕੁਲ ਮੁਫ਼ਤ ਹਨ ਤੇ ਉਨ੍ਹਾਂ ਨੂੰ ਦੁਨੀਆਂ ਵਿਚੋਂ ਕਿਤੋਂ ਵੀ ਬਿਲਕੁਲ ਮੁਫ਼ਤ ਵੇਖਿਆ ਜਾ ਸਕਦਾ ਹੈ। ਪਹਿਲਾਂ ਖ਼ਾਨ ਅਕੈਡਮੀ ਨੇ ਆਪਣੇ ਸਬਕ ਕੇਵਲ ਅੰਗਰੇਜ਼ੀ ਭਾਸ਼ਾ ਵਿੱਚ ਹੀ ਪਾਉਣੇ ਸ਼ੁਰੂ ਕੀਤੇ ਸਨ। ਉਹ ਦਸਦੇ ਹਨ,''ਪਰ ਜਦੋਂ ਤੁਸੀਂ ਵੱਡੀ ਗਿਣਤੀ ਵਿੱਚ ਲੋੜਵੰਦ ਵਿਦਿਆਰਥੀਆਂ ਉਤੇ ਅਸਰ ਪਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਸਭ ਤੱਕ ਪੁੱਜਣ ਲਈ ਉਨ੍ਹਾਂ ਦੀ ਆਪਣੀ ਭਾਸ਼ਾ ਵਿੱਚ ਹੀ ਗੱਲ ਕਰਨੀ ਹੋਵੇਗੀ। ਭਾਰਤ ਵਿੱਚ ਸਿੱਖਿਆ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਫਿਰ ਮੇਰੇ ਪਰਿਵਾਰ ਦੀਆਂ ਜੜ੍ਹਾਂ ਇੱਥੇ ਹਨ ਤੇ ਇਹ ਦੇਸ਼ ਸਦਾ ਮੇਰੇ ਦਿਲ ਦੇ ਨੇੜੇ ਰਿਹਾ ਹੈ।'' ਸਲਮਾਨ ਖ਼ਾਨ ਆਪਣੀ 'ਖ਼ਾਨ ਅਕੈਡਮੀ' ਦੀ ਹਿੰਦੀ ਭਾਸ਼ਾ ਦੇ ਪੋਰਟਲ ਬਾਰੇ ਦੱਸਦਿਆਂ ਆਖਦੇ ਹਨ,''ਹਾਲੇ ਤਾਂ ਇਹ ਕੇਵਲ ਸ਼ੁਰੂਆਤ ਹੈ। ਅਗਲੇ ਚਾਰ ਤੋਂ ਪੰਜ ਵਰ੍ਹਿਆਂ ਵਿੱਚ ਅਤੇ ਆਉਂਦੇ ਦਹਾਕਿਆਂ 'ਚ ਅਸੀਂ ਇੱਕ ਭਾਰਤੀ ਸੰਗਠਨ ਬਣਨਾ ਚਾਹੁੰਦੇ ਹਾਂ।''

ਪਹਿਲੇ ਪੜਾਅ 'ਚ ਭਾਈਵਾਲੀ ਵਿਦਿਅਕ ਸਰੋਤ ਸਿਰਜਣ ਉਤੇ ਕੇਂਦ੍ਰਿਤ ਰਹੇਗੀ; ਜਿਸ ਨਾਲ ਸ਼ਹਿਰ ਖੇਤਰਾਂ ਦੇ ਦਰਮਿਆਨੀ ਤੋਂ ਘੱਟ ਆਮਦਨ ਦੇ ਪਰਿਵਾਰਾਂ ਦੇ ਬੱਚਿਆਂ ਨੂੰ ਲਾਭ ਪੁੱਜੇਗਾ। ਦੂਜੇ ਪੜਾਅ ਦੌਰਾਨ ਕਈ ਭਾਰਤੀ ਭਾਸ਼ਾਵਾਂ ਵਿੱਚ ਸਮੱਗਰੀ ਮੁਹੱਈਆ ਕਰਵਾਉਣ ਉਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ। ਟਾਟਾ ਟਰੱਸਟਸ ਨਾਲ ਭਾਈਵਾਲੀ; ਭਾਰਤੀ ਵਿਦਿਆਰਥੀਆਂ ਲਈ ਵਿਦਿਅਕ ਸਮੱਗਰੀ ਪਹਿਲਾਂ ਤਾਂ ਸਬ-ਟਾਈਟਲਜ਼ ਨਾਲ ਅਤੇ ਫਿਰ ਅਸਲ ਕੰਟੈਂਟ ਭਾਵ ਵਿਸ਼ੇ ਨੂੰ ਵੱਖੋ-ਵੱਖਰੀਆਂ ਭਾਰਤੀ ਭਾਸ਼ਾਵਾਂ ਵਿੱਚ ਪੇਸ਼ ਕਰਨਾ ਲੋਚਦੀ ਹੈ ਕਿ ਤਾਂ ਜੋ ਭਾਰਤ ਵਿੱਚ ਵੀ ਖ਼ਾਨ ਅਕੈਡਮੀ ਦੇ ਬਾਨੀ ਜਿਹਾ ਕੋਈ ਹੋਰ ਸਲਮਾਨ ਮਿਲ ਸਕੇ।

ਸਲਮਾਨ ਖ਼ਾਨ ਦਾ ਸੁਫ਼ਨਾ ਹੈ ਕਿ ਭਾਰਤ ਦਾ ਹਰੇਕ ਵਿਦਿਆਰਥੀ ਅਜਿਹੇ ਵਿਸ਼ੇ ਸਭ ਤੋਂ ਵੱਧ ਸਿੱਖੇ, ਜੋ ਉਸ ਲਈ ਸੱਚਮੁਚ ਅਹਿਮ ਹੋਣ ਤੇ ਉਸ ਦੇ ਆਧਾਰ ਉਤੇ ਉਹ ਭਵਿੱਖ ਵਿੱਚ ਆਪਣੀਆਂ ਸੰਭਾਵਨਾਵਾਂ ਵੀ ਤਲਾਸ਼ ਕਰ ਸਕਣ। ਉਹ ਚਾਹੁੰਦੇ ਹਨ ਕਿ ਭਾਰਤੀ ਵਿਦਿਆਰਥੀ ਆਪਦੀ ਖ਼ੁਦ ਦੀ ਭਾਸ਼ਾ ਵਿੱਚ ਹੀ ਸਿੱਖਣ। ਉਹ ਚਾਹੁੰਦੇ ਹਨ ਕਿ ਉਹ ਵਿਦਿਆਰਥੀ ਕੰਪਿਊਟਰਾਂ ਅਤੇ ਘੱਟ ਲਾਗਤ ਵਾਲੇ ਫ਼ੋਨਾਂ ਰਾਹੀਂ ਉਨ੍ਹਾਂ ਅਕਾਦਮਿਕ ਸਮੱਗਰੀਆਂ ਤੱਕ ਆਪਣੀ ਪਹੁੰਚ ਬਣਾਉਣ।

ਸਲਮਾਨ ਖ਼ਾਨ ਦਸਦੇ ਹਨ,''ਮੈਂ ਜਦੋਂ ਆਪਣੀ ਮਿਸ਼ਨ ਦਾ ਕਥਨ ਲਿਖਿਆ ਕਿ ਵਿਸ਼ਵ ਪੱਧਰੀ ਸਿੱਖਿਆ ਸਭਨਾਂ ਲਈ ਹਰ ਥਾਂ ਉਤੇ ਬਿਲਕੁਲ ਮੁਫ਼ ਮੁਹੱਈਆ ਕਰਵਾਉਣ ਦੇ ਯੋਗ ਹੋਣਾ; ਤਾਂ ਇਹ ਕੁੱਝ ਅਜੀਬ ਜਿਹਾ ਲਗਦਾ ਸੀ। ਪਰ ਸਾਡੇ ਟਿਊਟੋਰੀਅਲਜ਼ ਨੂੰ ਹੁਣ ਤੱਕ 3 ਕਰੋੜ ਲੋਕ ਵੇਖ ਚੁੱਕੇ ਹਨ ਤੇ ਇਸੇ ਲਈ ਹੁਣ ਇਹ ਅਜੀਬ ਜਾਂ ਅਸੰਭਵ ਨਹੀਂ ਜਾਪਦਾ। ਸਾਨੂੰ ਟਾਟਾ ਟਰੱਸਟਸ ਤੋਂ ਵਧੀਆ ਹੋਰ ਕੋਈ ਭਾਈਵਾਲ ਨਹੀਂ ਮਿਲ ਸਕਦਾ ਸੀ।''

ਸਲਮਾਨ ਖ਼ਾਨ ਅਤੇ ਟਾਟਾ ਦੋਵੇਂ ਕੁੱਝ ਸਾਂਝੇ ਦੋਸਤਾਂ ਰਾਹੀਂ ਮਿਲੇ ਸਨ। ਫਿਰ ਉਨ੍ਹਾਂ ਨੇ ਜਨਤਾ ਦੇ ਵੱਡੇ ਹਿੱਸੇ ਤੱਕ ਸਿੱਖਿਆ ਮੁਫ਼ਤ ਪਹੁੰਚਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ। ਇੰਝ ਭਾਈਵਾਲੀ ਦੀ ਧਾਰਨਾ ਵਿਕਸਤ ਹੋਈ।

'ਯੂਅਰ ਸਟੋਰੀ' ਦੀ ਆਪਣੀ ਗੱਲ

ਨਿਸ਼ਚਤ ਤੌਰ ਉਤੇ ਖ਼ਾਨ ਅਕੈਡਮੀ ਦਾ ਅਸਰ ਵਿਸ਼ਵ-ਵਿਆਪੀ ਰਿਹਾ ਹੈ; ਇੱਥੇ ਇਹ ਦੱਸਣ ਦੀ ਜ਼ਰੂਰਤ ਵੀ ਨਹੀਂ ਹੈ ਕਿ ਹੁਣ ਇਹ ਅਕੈਡਮੀ ਕਿੰਨੀ ਪ੍ਰਸਿੱਧ ਹੈ। ਹੁਣ ਇਹ ਸਪੱਸ਼ਟ ਹੋ ਚੁੱਕਾ ਹੈ ਕਿ ਜਿਹੜੇ ਮਾੱਡਲ ਹਾਲੇ ਆਪਣੇ-ਆਪ ਨੂੰ ਸਿੱਧ ਨਹੀਂ ਕਰ ਸਕੇ ਤੇ ਉਹ ਵੀ ਗ਼ੈਰ-ਮੁਨਾਫ਼ਾਕਾਰੀ; ਉਹ ਹੁਣ ਵਿਵਹਾਰਕ ਵਿਕਲਪ ਹਨ; ਜੇ ਤੁਸੀਂ ਸੱਚਮੁਚ ਵਿਆਪਕ ਪੱਧਰ ਉਤੇ ਅਸਰਅੰਦਾਜ਼ ਹੋਣਾ ਚਾਹੁੰਦੇ ਹੋ ਅਤੇ ਤਕਨਾਲੋਜੀ ਦੇ ਦਮ ਉਤੇ ਕਰੋੜਾਂ ਲੋਕਾਂ ਉਤੇ ਪ੍ਰਭਾਵ ਛੱਡਣ ਦਾ ਦਮ ਰਖਦੇ ਹੋ।

ਗੱਲ ਅੰਕੜਿਆਂ ਦੀ ਨਹੀਂ ਹੈ, ਸਗੋਂ ਵੇਖਣ ਵਾਲੀ ਗੱਲ ਇਹ ਹੈ ਕਿ ਇਸ ਦਾ ਅਸਰ ਕਿੰਨੇ ਜ਼ਿਆਦਾ ਲੋਕਾਂ ਉਤੇ ਪੈਣ ਵਾਲਾ ਹੈ। ਜਦੋਂ ਤੁਸੀਂ ਇੱਕ ਵਾਰ ਆਪਣਾ ਪ੍ਰਭਾਵ ਸਥਾਪਤ ਕਰ ਲਿਆ, ਤਾਂ ਦਾਨੀ ਤੁਹਾਡੇ ਕੋਲ ਵਾਰ-ਵਾਰ ਆਉਣਗੇ। ਪੂੰਜੀ ਉਦਮ ਮਾੱਡਲ ਸੁਭਾਵਕ ਤੌਰ ਉਤੇ ਆਮਦਨ ਤੇ ਮੁਨਾਫ਼ਿਆਂ ਨੂੰ ਹੀ ਪਹਿਲਾਂ ਵੇਖਦਾ ਹੈ (ਇਸ ਵਿੱਚ ਕੁੱਝ ਗ਼ਲਤ ਵੀ ਨਹੀਂ ਹੈ), ਪਰ ਇਹ ਮਿਸ਼ਨ ਬੇਸ਼ੱਕ ਵਿਭਿੰਨ ਕਿਸਮ ਦੀਆਂ ਆਸਾਂ ਤੋਂ ਪ੍ਰੇਰਿਤ ਹੈ; ਜਿਸ ਨਾਲ ਟੀਚਿਆਂ ਦੇ ਕੁੱਝ ਲਾਂਭੇ ਹੋ ਜਾਣ ਦਾ ਵੀ ਡਰ ਹੈ।

(ਦਾਅਵਾ ਤਿਆਗ: ਰਤਨ ਟਾਟਾ; ਯੂਅਰ ਸਟੋਰੀ ਦੇ ਨਿਵੇਸ਼ਕਾਂ ਵਿੱਚੋਂ ਇੱਕ ਹਨ)

ਲੇਖਿਕਾ: ਸ਼੍ਰਧਾ ਸ਼ਰਮਾ

ਅਨੁਵਾਦ: ਰਵੀ ਸ਼ਰਮਾ