ਸਾਧਾਰਨ ਕਿਸਾਨ ਪਰਿਵਾਰ ਦੇ ਮੁੰਡੇ ਨੇ ਵੇਖਿਆ ਕਾਰੋਬਾਰੀ ਬਣਨ ਦਾ ਸੁਪਨਾ; ਅੱਜ ਹੈ ਹਿਮਾਚਲ ਪ੍ਰਦੇਸ਼ ਦਾ ਪਹਿਲਾ ਹਵਾਈ ਸੇਵਾ ਉਪਰੇਟਰ ਅਤੇ ਹੋਟਲਾਂ ਦਾ ਮਾਲਿਕ

ਸਾਧਾਰਨ ਕਿਸਾਨ ਪਰਿਵਾਰ ਦੇ ਮੁੰਡੇ ਨੇ ਵੇਖਿਆ ਕਾਰੋਬਾਰੀ ਬਣਨ  ਦਾ ਸੁਪਨਾ; ਅੱਜ ਹੈ ਹਿਮਾਚਲ ਪ੍ਰਦੇਸ਼ ਦਾ ਪਹਿਲਾ ਹਵਾਈ ਸੇਵਾ ਉਪਰੇਟਰ ਅਤੇ ਹੋਟਲਾਂ ਦਾ ਮਾਲਿਕ

Thursday July 28, 2016,

9 min Read

ਬੁੱਧੀ ਪ੍ਰਕਾਸ਼ ਠਾਕੁਰ ਨੂੰ ਉਹ ਦਿਨ ਹਾਲੇ ਵੀ ਚੰਗੀ ਤਰ੍ਹਾਂ ਯਾਦ ਹੈ ਜਦੋਂ ਉਹ ਮਨਾਲੀ ਦੇ ਲਾਗੇ ਇੱਕ ਪਿੰਡ ਖਖਨਾਲ ‘ਚ ਇੱਕ ਕਮਰੇ ਦੇ ਘਰ ਵਿੱਚ ਛੇ ਜੀਆਂ ਦੇ ਪੂਰੇ ਪਰਿਵਾਰ ਨਾਲ ਰਹਿੰਦੇ ਸਨ. ਬੁਜੁਰਗ ਦਾਦੀ, ਮਾਂ-ਪਿਉ ਅਤੇ ਦੋ ਭੈਣਾਂ ਦੇ ਨਾਲ ਬੁੱਧੀ ਪ੍ਰਕਾਸ਼ ਠਾਕੁਰ ਉਸ ਇੱਕ ਕਮਰੇ ਨੂੰ ਹੀ ਆਪਣੀ ਦੁਨਿਆ ਮੰਨਦੇ ਸਨ. ਉਸ ਇੱਕ ਕਮਰੇ ਦੇ ਘਰ ਦਾ ਬੂਹਾ ਜਦੋਂ ਖੁਲਦਾ ਸੀ ਤੇ ਅੱਗੇ ਬਰਾਮਦਾ ਹੀ ਹੁੰਦਾ ਸੀ. ਗਰਮੀਆਂ ਵਿੱਚ ਤਾਂ ਉਹ ਬਰਾਮਦਾ ਬਹੁਤ ਆਰਾਮ ਦਿੰਦਾ ਸੀ ਪਰ ਸਿਆਲ ‘ਚ ਤਾਂ ਉਹ ਕਮਰਾ ਹੀ ਹੁੰਦਾ ਸੀ ਜੋ ਬਾਹਰ ਪੈਂਦੀ ਹੱਡ ਕੰਬਾਉਣ ਵਾਲੀ ਠੰਡ ਤੋਂ ਬਚਾਉਂਦਾ ਸੀ. ਉਸ ਇੱਕ ਕਮਰੇ ਤੋਂ ਆਪਣਾ ਕੰਮ ਸ਼ੁਰੂ ਕਰਨ ਵਾਲੇ ਬੁੱਧੀ ਪ੍ਰਕਾਸ਼ ਠਾਕੁਰ ਅੱਜ ਉਸੇ ਪਿੰਡ ਖਖਨਾਲ ਵਿੱਚ ਸ਼ਾਨਦਾਰ ਰੀਜੋਰਟ ਦੇ ਮਾਲਿਕ ਹਨ. ਪਰ ਕਹਾਨੀ 55 ਕਮਰੇ ਵਾਲੇ ਰੀਜੋਰਟ ਦੇ ਮਾਲਿਕ ਬਣਨ ਤਕ ਦੀ ਨਹੀਂ ਹੈ. ਕਹਾਣੀ ਇੱ ਥੋਂ ਤਾਂ ਸ਼ੁਰੁ ਹੀ ਹੁੰਦੀ ਹੈ.

ਇੱਕ ਗਰੀਬ ਕਿਸਾਨ ਦੇ ਮੁੰਡੇ ਦੇ ਕਰੋੜਪਤੀ ਕਾਰੋਬਾਰੀ ਬਣਨ ਦੀ ਕਹਾਨੀ ਹੋਰ ਵੀ ਹੈ, ਹਿਮਾਚਲ ਪ੍ਰਦੇਸ਼ ਵਿੱਚ ਹਵਾਈ ਸੇਵਾ ਦੇ ਪਹਿਲੇ ਉਪਰੇਟਰ ਬਣਨ ਦੀ ਮਿਸਾਲ ਵੀ ਹੈ. ਲੋਕਾਂ ਲਈ ਇੱਕ ਪ੍ਰੇਰਨਾ ਹੈ.

image


ਬੁੱਧੀ ਪ੍ਰਕਾਸ਼ ਠਾਕੁਰ ਦੀ ਹਿਮਾਚਲ ਪ੍ਰਦੇਸ਼ ਦੇ ਮਨਾਲੀ ਦੇ ਇੱਕ ਪਿੰਡ ਖਖਨਾਲ ਤੋਂ ਸ਼ੁਰੂ ਹੁੰਦੀ ਹੈ. ਇੱਕ ਗਰੀਬ ਕਿਸਾਨ ਪਰਿਵਾਰ ਤੋਂ ਉਨ੍ਹਾਂ ਦਾ ਜਨਮ ਹੋਇਆ, ਪਿਤਾ ਕੋਲ ਸਿਰਫ਼ ਸੱਤ ਬੀਘੇ ਜ਼ਮੀਨ ਸੀ. ਇਸ ਨਾਲ ਹੀ ਉਹ ਪਰਿਵਾਰ ਦਾ ਗੁਜਾਰਾ ਕਰਦੇ ਸਨ. ਬੁੱਧੀ ਪ੍ਰਕਾਸ਼ ਦੇ ਪਿਤਾ ਨੂੰ ਉਨ੍ਹਾਂ ਕੋਲੋਂ ਬਚਪਨ ਤੋਂ ਹੀ ਬਹੁਤ ਸਾਰੀ ਉਮੀਦਾਂ ਸਨ. ਉਨ੍ਹਾਂ ਦੇ ਬੁੱਧੀ ਪ੍ਰਕਾਸ਼ ਦਾ ਦਾਖਿਲਾ ਖਖਨਾਲ ਦੇ ਸਰਕਾਰੀ ਸਕੂਲ ‘ਚ ਕਰਾ ਦਿੱਤਾ. ਇਸ ਸਕੂਲ ਤੋਂ ਬੁੱਧੀ ਪ੍ਰਕਾਸ਼ ਨੇ ਪੰਜਵੀਂ ਤਕ ਪੜ੍ਹਾਈ ਕੀਤੀ. ਉਸਤੋਂ ਬਾਅਦ ਉਹ ਨੇੜਲੇ ਪਿੰਡ ਜਗਤਪੁਰਾ ਦੇ ਹਾਈ ਸਕੂਲ ਤੋਂ ਦਸਵੀਂ ਤਕ ਪੜ੍ਹਾਈ ਕੀਤੀ. ਘਰ ‘ਚ ਵੱਡੇ ਹੋਣ ਕਰਕੇ ਉਨ੍ਹਾਂ ਨੂੰ ਖੇਤੀ ਬਾੜੀ ਦੇ ਕੰਮ ‘ਚ ਵੀ ਪਿਤਾ ਦੇ ਨਾਲ ਕੰਮ ਕਰਨਾ ਪੈਂਦਾ ਸੀ.

ਦਸਵੀਂ ਤੋਂ ਬਾਅਦ ਉਹ ਪੜ੍ਹਾਈ ਲਈ ਚੰਡੀਗੜ੍ਹ ਆ ਗਏ. ਪਹਿਲਾਂ ਡੀਏਵੀ ਸਕੂਲ ਅਤੇ ਫੇਰ ਸਰਕਾਰੀ ਕਾਲੇਜ ਤੋਂ ਗ੍ਰੇਜੁਅਸ਼ਨ ਕੀਤੀ.

image


ਬੁੱਧੀ ਪ੍ਰਕਾਸ਼ ਦੇ ਪਿਤਾ ਬਹੁਤ ਮਿਹਨਤੀ ਇਨਸਾਨ ਸਨ. ਬੁੱਧੀ ਪ੍ਰਕਾਸ਼ ਦੇ ਪਿਤਾ ਜੀ ਜਦੋਂ ਤਿੰਨ ਵਰ੍ਹੇ ਦੇ ਸਨ ਤਾਂ ਹੀ ਉਨ੍ਹਾਂ ਦੇ ਸਿਰ ਤੋਂ ਪਿਓ ਦਾ ਸਹਾਰਾ ਚਲਾ ਗਿਆ ਸੀ. ਇਸ ਲਈ ਉਨ੍ਹਾਂ ਦਾ ਬਚਪਨ ਬਹੁਤ ਸੰਘਰਸ਼ ਭਰਿਆ ਰਿਹਾ. ਉਨ੍ਹਾਂ ਨੇ ਸ਼ੁਰੁਆਤੀ ਦਿਨਾਂ ‘ਚ ਦਿਹਾੜੀ ਮਜਦੂਰ ਵੱਜੋਂ ਵੀ ਕੰਮ ਕੀਤਾ ਸੀ. ਫੇਰ ਉਨ੍ਹਾਂ ਨੇ ਸੇਬ ਦੇ ਬਾਗ ਕਿਰਾਏ ‘ਤੇ ਲੈ ਲਏ. ਉਸ ਤੋਂ ਬਾਅਦ ਘਰ ਦੇ ਹਾਲਾਤ ਕੁਝ ਠੀਕ ਹੋਣੇ ਸ਼ੁਰੂ ਹੋਏ. ਬੁੱਧੀ ਪ੍ਰਕਾਸ਼ ਨੇ ਆਪਣੇ ਪਿਤਾ ਨਾਲ ਰਲ੍ਹ ਕੇ ਸੇਬਾਂ ਦੀ ਸਪਲਾਈ ਲਈ ਲੱਕੜ ਦੇ ਡੱਬੇ ਬਣਾਉਣੇ ਸ਼ੁਰੂ ਕੀਤੇ. ਕੰਮ ਵੱਧ ਗਿਆ. ਇਸੇ ਕਰਕੇ ਬੁੱਧੀ ਪ੍ਰਕਾਸ਼ ਨੂੰ ਆਪਣੀ ਗ੍ਰੇਜੁਅਸ਼ਨ ਦਾ ਆਖਿਰੀ ਸਾਲ ਕੋਰਸਪੋੰਡੇੰਸੇ ਰਾਹੀਂ ਪੂਰਾ ਕਰਨਾ ਪਿਆ.

ਸੇਬਾਂ ਦੇ ਕਾਰੋਬਾਰ ਅਤੇ ਸੇਬਾਂ ਲਈ ਲੱਕੜ ਦੇ ਡੱਬੇ ਬਣਾਉਣ ਦੇ ਕੰਮ ਤੋਂ ਬਾਅਦ ਜਦੋਂ ਉਨ੍ਹਾਂ ਦੇ ਕਾਰੋਬਾਰ ਨੇ ਕੁਝ ਰਾਹ ਫੜ ਲਈ ਤਾਂ ਬੁੱਧੀ ਪ੍ਰਕਾਸ਼ ਨੇ ਹੋਟਲ ਦੇ ਬਿਜਨੇਸ ‘ਚ ਦਾਖਿਲ ਹੋਣ ਦਾ ਫ਼ੈਸਲਾ ਕੀਤਾ. ਉਨ੍ਹਾਂ ਦਾ ਪਿੰਡ ਮਨਾਲੀ ਤੋਂ ਨੌ ਕਿਲੋਮੀਟਰ ਦੂਰ ਸੀ. ਮਨਾਲੀ ਆਉਣ ਵਾਲੇ ਸੈਲਾਨੀਆਂ ਦੀ ਵੱਧਦੀ ਹੋਈ ਤਾਦਾਦ ਨੂੰ ਵੇਖਦਿਆਂ ਬੁਧੀ ਪ੍ਰਕਾਸ਼ ਨੇ ਇੱਕ ਨਵੀਂ ਹੀ ਜੁਗਤ ਲਾਈ. ਉਹ ਸੀ ਆਪਣੀ ਜ਼ਮੀਨ ਤੇ ਹੀ ਆਪਣਾ ਹੋਟਲ ਸ਼ੁਰੂ ਕਰਨਾ.

image


ਸਾਲ 1996 ਦੇ ਦੌਰਾਨ ਉਨ੍ਹਾਂ ਨੇ ਆਪਣੇ ਪਿੰਡ ਵਿੱਚ ਹੀ ਪਹਿਲੇ ਪ੍ਰੋਜੇਕਟ ‘ਸਾਰਥਕ ਰੀਜੋਰਟ’ ਦੀ ਨੀੰਹ ਰਖੀ. ਕੰਮ ਸ਼ੁਰੂ ਹੋਣ ਮਗਰੋਂ ਪਤਾ ਲੱਗਾ ਕੇ ਹੋਟਲ ਬਣਾਉਣਾ ਕੋਈ ਸੌਖਾ ਕੰਮ ਨਹੀਂ ਸੀ. ਪੈਸਾ ਬਹੁਤ ਲੱਗ ਗਿਆ. ਉਸੇ ਸਾਲ ਸੇਬਾਂ ਦੀ ਫ਼ਸਲ ਵੀ ਖ਼ਰਾਬ ਹੋ ਗਈ. ਮਾਲੀ ਹਾਲਤ ਵੀ ਵਿਗੜ ਗਈ.

ਬੁਧੀ ਪ੍ਰਕਾਸ਼ ਦਾ ਕਹਿਣਾ ਹੈ ਕੇ ਪੈਸੇ ਦੀ ਤੰਗੀ ਕਰਕੇ ਹੋਟਲ ਦਾ ਕੰਮ ਤਾਂ ਕੁਝ ਦਿਨਾਂ ਲਈ ਰੁੱਕ ਗਿਆ ਸੀ ਪਰ ਸਪਨਾ ਜਿਉਂਦਾ ਸੀ. ਫੇਰ ਜੋਰ ਮਾਰਿਆ ਅਤੇ ਪੰਜ ਕਮਰੇ ਦਾ ਇੱਕ ਹੋਟਲ ਪੂਰਾ ਕਰ ਦਿੱਤਾ. ਸੈਲਾਨੀਆਂ ਨੇ ਆ ਕੇ ਰਹਿਣਾ ਸ਼ੁਰੂ ਕਰ ਦਿੱਤਾ ਤੇ ਕੰਮ ਚਲ ਪਿਆ. ਉਨ੍ਹਾਂ ਨੇ ਪਹਿਲੀ ਵਾਰੀ ਇੱਕ ਨਵੀਂ ਸੁਵਿਧਾ ਹੋਟਲ ‘ਚ ਆਉਣ ਵਾਲੇ ਸੈਲਾਨੀਆਂ ਨੂੰ ਦਿੱਤੀ ਤੇ ਉਹ ਸੀ ਉਨ੍ਹਾਂ ਦੇ ਕਮਰੇ ਦੇ ਨਾਲ ਹੀ ਰਸੋਈ. ਤਾਂ ਜੋ ਉਹ ਖਾਣ ਲਈ ਆਪਣੀ ਮਰਜ਼ੀ ਦਾ ਕੁਝ ਵੀ ਬਣਾ ਸੱਕਣ.

image


ਸਾਲ 2001 ਵਿੱਚ ਉਨ੍ਹਾਂ ਦੇ ਹੋਟਲ ਦੇ ਕੰਮ ਨੂੰ ਇੱਕ ਨਵਾਂ ਜੋਸ਼ ਮਿਲਿਆ ਜਦੋਂ ਯੂਥ ਹੋਸਟਲ ਐਸੋਸਿਏਸ਼ਨ ਆਫ਼ ਇੰਡੀਆ ਨੇ ਇੱਕ ਨਵੀਂ ਸਕੀਮ ਸ਼ੁਰੂ ਕੀਤੀ. ਉਨ੍ਹਾਂ ਨੇ ਆਪਣੇ ਰਿਸੋਰਟ ਵਿੱਚ ਚਾਲੀਹ ਬਿਸਤਰਾਂ ਵਾਲਾ ਇੱਕ ਹੋਸਟਲ ਜਿਹੀ ਇੱਕ ਡੋਰਮਿਟ੍ਰੀ ਬਣਾਈ ਜਿਸ ਨਾਲ ਬਜਟ ਲੈ ਕੇ ਆਉਣ ਵਾਲੇ ਸੈਲਾਨੀਆਂ ਦੀ ਆਵਕ ਵੱਧ ਗਈ. ਯੂਥ ਹੋਸਟਲ ਦੀ ਫਰੈਂਚਾਈਜ਼ੀ ਕਰਕੇ ਸੈਲਾਨੀਆਂ ਦੀ ਤਾਦਾਦ ਬਹੁਤ ਵੱਧ ਗਈ. ਸਾਲ 2004 ਵਿੱਚ ਉਨ੍ਹਾਂ ਨੇ ਰਿਸੋਰਟ ਵਿੱਚ ਦਸ ਹੋਰ ਕਮਰੇ ਸ਼ਾਮਿਲ ਕੀਤੇ. ਕੋਲਕਾਤਾ ਟ੍ਰੇਡ ਫ਼ੇਅਰ ਦੇ ਦੌਰਾਨ ਉਨ੍ਹਾਂ ਨੂੰ ਇਹ ਅਹਿਸਾਸ ਹੋਇਆ ਕੇ ਘੱਟ ਕਮਰੇ ਵਾਲੇ ਰਿਸੋਰਟ ਨਾਲ ਬਿਜ਼ਨੇਸ ਨਹੀਂ ਵੱਧਾਇਆ ਜਾ ਸਕਦਾ. ਟ੍ਰੇਡ ਫ਼ੇਅਰ ‘ਚੋਂ ਸਿੱਖੇ ਗੁਰ ਉਨ੍ਹਾਂ ਲਾਗੂ ਕੀਤੇ ਅਤੇ ਇੱਕ ਹੋਰ ਮੰਜਿਲ ਪਾ ਕੇ ਕੁਲ 25 ਕਮਰੇ ਤਿਆਰ ਕਰ ਦਿੱਤੇ. ਪੰਜ ਸਾਲ ਪਹਿਲਾਂ ਕੁਲ 55 ਕਮਰੇ ਵਾਲਾ ਰਿਸੋਰਟ ਤਿਆਰ ਹੋ ਗਿਆ ਸੀ. ਇੱਕ ਗਰੀਬ ਕਿਸਾਨ ਦਾ ਮੁੰਡਾ ਹੁਣ ਇੱਕ ਵੱਡੇ ਰਿਸੋਰਟ ਦਾ ਮਾਲਿਕ ਬਣ ਚੁੱਕਾ ਸੀ.

ਪਰ ਰਿਸੋਰਟ ਦਾ ਮਾਲਿਕ ਬਣ ਜਾਣ ਦੇ ਬਾਅਦ ਵੀ ਬਿਜ਼ਨੇਸ ਦੀ ਔਕੜਾਂ ਘੱਟ ਨਹੀ ਸੀ ਹੋਈਆਂ. ਉਸ ਦੀ ਵਜ੍ਹਾ ਸੀ ਉਨ੍ਹਾਂ ਦੇ ਰਿਸੋਰਟ ਦਾ ਮਨਾਲੀ ਸ਼ਹਿਰ ਤੋਂ ਨੌ ਕਿਲੋੰਮੀਟਰ ਦੂਰ ਇੱਕ ਪਿੰਡ ‘ਚ ਹੋਣਾ. ਉਸ ਪਿੰਡ ਨੂੰ ਟੂਰਿਸਟ ਨਕਸ਼ੇ ‘ਤੇ ਲੈ ਕੇ ਆਉਣਾ ਬੁੱਧੀ ਪ੍ਰਕਾਸ਼ ਹੋਰਾਂ ਲਈ ਇੱਕ ਵੱਡੀ ਚੁਨੌਤੀ ਸੀ. ਸੈਲਾਨੀ ਸਿੱਧੇ ਮਨਾਲੀ ਜਾਣਾ ਪਸੰਦ ਕਰਦੇ ਸਨ.

image


ਭਾਵੇਂ ਉਨ੍ਹਾਂ ਦਾ ਰਿਸੋਰਟ ਬਹੁਤ ਹੀ ਸੋਹਣੀ ਥਾਂ ‘ਤੇ ਬਣਿਆ ਹੋਇਆ ਹੈ ਪਰ ਸੈਲਾਨੀਆਂ ਨੂੰ ਉਸ ਪਾਸੇ ਲੈ ਆਉਣਾ ਚੁਨੌਤੀ ਸੀ. ਬੁੱਧੀ ਪ੍ਰਕਾਸ਼ ਨੇ ਆਪਣੀ ਮਿਹਨਤ ਅਤੇ ਸਮਝ ਨਾਲ ਉਹ ਥਾਂ ਨੂੰ ਟੂਰਿਸਟ ਨਕਸ਼ੇ ‘ਤੇ ਪਹੁੰਚਾ ਦਿੱਤਾ.

ਰਿਸੋਰਟ ਕਾਮਯਾਬ ਹੋਣ ਤੋਂ ਵੀ ਵੱਡੀ ਗੱਲ ਇਹ ਸਿ ਕੇ ਬੁੱਧੀ ਪ੍ਰਕਾਸ਼ ਦੇ ਪਰਿਵਾਰ ‘ਚੋਂ ਕਿਸੇ ਨੇ ਵੀ ਕਾਰੋਬਾਰ ਨਹੀਂ ਕੀਤਾ ਸੀ ਅਤੇ ਨਾਂਹ ਹੀ ਕਦੇ ਹੋਟਲ ਚਲਾਇਆ ਸੀ. ਖੇਤੀਬਾੜੀ ਕਰਦੇ ਪਰਿਵਾਰ ਦੇ ਮੁੰਡੇ ਦਾ ਕਾਮਯਾਬ ਕਾਰੋਬਾਰੀ ਹੋਣਾ ਵੱਡੀ ਗੱਲ ਸੀ.

ਉਹ ਕਹਿੰਦੇ ਹਨ-

“ਮੈਨੂੰ ਨਾਂਹ ਤਾਂ ਕਾਰੋਬਾਰ ਦੀ ਜਾਣਕਾਰੀ ਸੀ ਅਤੇ ਨਾਂਹ ਹੀ ਹੋਟਲ ਚਲਾਉਣ ਬਾਰੇ ਕੁਝ ਪਤਾ ਸੀ. ਮੈਂ ਸਿਰਫ਼ ਇੰਨਾ ਕੁ ਜਾਣਦਾ ਸੀ ਕੇ ਮਨਾਲੀ ਵਿੱਚ ਟੂਰਿਸਟ ਵੱਧਦੇ ਜਾ ਰਹੇ ਸਨ.”

ਸਾਲ 2009 ਵਿੱਚ ਉਨ੍ਹਾਂ ਨੇ ਹਿਮਾਚਲ ਹੋਲੀਡੇਜ਼ ਨਾਂਅ ਦੀ ਇੱਕ ਹੋਰ ਕੰਪਨੀ ਬਣਾਈ. ਇਹ ਕੰਪਨੀ ਸੈਲਾਨੀਆਂ ਨੂੰ ਬਜ਼ਟ ਦੇ ਹਿਸਾਬ ਨਾਲ ਹਿਮਾਚਲ ਦੇ ਟੂਰ ਪੈਕੇਜ ਦਿੰਦੀ ਹੈ.

ਕਾਰੋਬਾਰ ਕਰਕੇ ਬੁੱਧੀ ਪ੍ਰਕਾਸ਼ ਨੇ ਪੈਸਾ ਅਤੇ ਸ਼ੋਹਰਤ ਦੋਵੇਂ ਦੀ ਖੱਟੀਆਂ. ਜਿਸ ਥਾਂ ‘ਤੇ ਕਦੇ ਇੱਕ ਕਮਰੇ ਦੇ ਮਕਾਨ ਵਿੱਚ ਰਹਿੰਦੇ ਸਨ ਉਸੇ ਥਾਂ ‘ਤੇ ਆਪਣੇ ਪਰਿਵਾਰ ਲਈ ਸ਼ਾਨਦਾਰ ਘਰ ਬਣਾਇਆ. ਨਿੱਕੇ ਭਰਾ ਨੂੰ ਪੜ੍ਹਾਈ ਕਰਾਉਣ ਲਈ ਆਸਟ੍ਰੇਲੀਆ ਭੇਜਿਆ. ਪੜ੍ਹਾਈ ਪੂਰੀ ਕਰਕੇ ਜਦੋਂ ਉਹ ਪਰਤਿਆ ਤੇ ਕਾਰੋਬਾਰ ਹੋਰ ਵੱਧ ਗਿਆ. ਦੋਵੇਂ ਭਰਾ ਕੰਮ ‘ਚ ਲੱਗੇ ਰਹੇ. ਰਿਸੋਰਟ ਦੀ ਜ਼ਿਮੇਦਾਰੀ ਨਿੱਕੇ ਭਰਾ ਦੇ ਹੱਥ ਦੇ ਕੇ ਬੁੱਧੀ ਪ੍ਰਕਾਸ਼ ਨੇ ਹੋਰ ਕੁਝ ਨਵਾਂ ਕਰਨ ਬਾਰੇ ਮਨ ਬਣਾਇਆ.

ਇਸ ਵਿਚਾਰ ਨੇ ਉਨ੍ਹਾਂ ਨੂੰ ਉਹ ਕਰਨ ਵੱਲ ਮੋੜ ਦਿੱਤਾ ਜੋ ਅੱਜ ਤਕ ਹਿਮਾਚਲ ਪ੍ਰਦੇਸ਼ ਦਾ ਕੋਈ ਕਾਰੋਬਾਰੀ ਨਹੀਂ ਸੀ ਕਰ ਸਕਿਆ. ਉਨ੍ਹਾਂ ਨੇ ਹਵਾਈ ਸੇਵਾ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ. ਕੰਮ ਖ਼ਤਰੇ ਵਾਲਾ ਸੀ. ਪ੍ਰਾਈਵੇਟ ਉਪਰੇਟਰ ਬਣਨ ਦਾ ਫ਼ੈਸਲਾ ਬਹੁਤ ਹੀ ਵੱਡੀ ਛਾਲ੍ਹ ਸੀ. ਪਰ ਬੁੱਧੀ ਪ੍ਰਕਾਸ਼ ਨੇ ਆਪਣੇ ਸੁਪਨਿਆਂ ਨੂੰ ਖੰਬ ਲਾਉਣ ਦਾ ਨਿਸ਼ਚੈ ਕਰ ਲਿਆ ਸੀ.

image


ਓਹ ਕਹਿੰਦੇ ਹਨ-

“ਹਿਮਾਚਲ ਪ੍ਰੇਦਸ਼ ਬਹੁਤ ਸੋਹਣਾ ਹੈ. ਵਿਦੇਸ਼ਾਂ ਦੀ ਤਰ੍ਹਾਂ. ਪਰ ਇੱਥੇ ਆਉਣ ਜਾਣ ਦੇ ਸਾਧਨ ਘੱਟ ਹਨ. ਲੋਕਾਂ ਨੂੰ ਇੱਕ ਥਾਂ ਤੋਂ ਹੋਰ ਕਿਸੇ ਥਾਂ ਜਾਣ ਨੂੰ ਬਹੁਤ ਸਮਾਂ ਲੱਗ ਜਾਂਦਾ ਹੈ. ਇਹੀ ਸੋਚ ਕੇ ਮੈਂ ਪ੍ਰਾਈਵੇਟ ਹਵਾਈ ਉਪਰੇਟਰ ਬਣਨ ਦਾ ਫ਼ੈਸਲਾ ਕਰ ਲਿਆ. ਇਸ ਨਾਲ ਟੂਰਿਸਟ ਵੀ ਵੱਧ ਆਉਂਦੇ ਹਨ,”

ਉਨ੍ਹਾਂ ਨੇ ਆਪਣੇ ਇੱਕ ਦੋਸਤ ਨਾਲ ਰਲ੍ਹ ਕੇ ‘ਏਅਰ ਹਿਮਾਲਿਆ’ ਨਾਂਅ ਦੀ ਕੰਪਨੀ ਬਣਾਈ ਅਤੇ ਹਵਾਈ ਸੇਵਾ ‘ਚ ਆਉਣ ਦੀ ਸ਼ੁਰੂਆਤ ਕਰ ਦਿੱਤੀ. ਔਕੜਾਂ ਇਸ ਵਿੱਚ ਵੀ ਬਹੁਤ ਸਨ. ਹਵਾਈ ਜਹਾਜਾਂ ਦੇ ਮਾਲਿਕ ਨਵੀਂ ਕੰਪਨੀ ਉਪਰ ਭਰੋਸਾ ਕਰਨ ਲਈ ਤਿਆਰ ਨਹੀਂ ਸਨ. ਬਹੁਤ ਜਗ੍ਹਾਵਾਂ ‘ਤੇ ਗੱਲ ਕਰਨ ਦੇ ਬਾਅਦ ਬੰਗਲੂਰ ਦੀ ‘ਡੇਕਨ ਚਾਰਟਰ’ ਬੁੱਧੀ ਪ੍ਰਕਾਸ਼ ਦੀ ਕੰਪਨੀ ਨੂੰ ਹਵਾਈ ਜਹਾਜ ਕਿਰਾਏ ‘ਤੇ ਦੇਣ ਲਈ ਰਾਜ਼ੀ ਹੋ ਗਈ.

ਸਾਲ 2014 ਦੀ 2 ਅਪ੍ਰੈਲ ਨੂੰ ਬੁੱਧੀ ਪ੍ਰਕਾਸ਼ ਦਾ ਸੁਪਨਾ ਸਚ ਹੋਇਆ ਜਦੋਂ ਏਅਰ ਹਿਮਾਲਿਆ ਦੇ ਹਵਾਈ ਜਹਾਜ਼ ਨੇ ਪਹਿਲੀ ਉਡਾਰੀ ਭਰੀ. ਹਿਮਾਚਲ ਪ੍ਰਦੇਸ਼ ਦੇ ਇਤਿਹਾਸ ਵਿੱਚ ਵੀ ਇਹ ਇੱਕ ਇਤਿਹਾਸਿਕ ਦਿਨ ਸੀ. ਪਹਿਲੀ ਵਾਰ ਕਿਸੇ ਪ੍ਰਾਈਵੇਟ ਕੰਪਨੀ ਦੇ ਪ੍ਰਦੇਸ਼ ਵਿੱਚ ਹਵਾਈ ਜਹਾਜ਼ ਨੇ ਉਡਾਰੀ ਭਰੀ ਸੀ.

ਪਰ ਇਹ ਖੁਸ਼ੀ ਬਹੁਤੇ ਦਿਨ ਨਹੀਂ ਰਹੀ ਕਿਉਂਕਿ ਸੈਲਾਨੀਆਂ ਵੱਲੋਂ ਭਰਵਾਂ ਹੁੰਗਾਰਾ ਨਹੀਂ ਮਿਲ ਸਕਿਆ. ਨੌ ਸੀਟਾਂ ਵਾਲਾ ਹਵਾਈ ਜਹਾਜ਼ ਚੰਡੀਗੜ੍ਹ ਅਤੇ ਕੁੱਲੂ ਦੇ ਵਿਚਾਲੇ ਉੱਡਿਆ ਪਰ ਸਵਾਰੀਆਂ ਘੱਟ ਰਹੀਆਂ.

image


ਇਸ ਬਾਰੇ ਬੁੱਧੀ ਪ੍ਰਕਾਸ਼ ਕਹਿੰਦੇ ਹਨ-

“ਮੈਨੂੰ ਏਵਿਏਸ਼ਨ ਦਾ ਉੜਾ ਐੜਾ ਵੀ ਨਹੀਂ ਸੀ ਪਤਾ. ਪਹਿਲਾ ਸਾਲ ਸਾਡੇ ਲਈ ਬੁਰਾ ਰਿਹਾ. ਸਾਡੀ ਮਾਰਕੀਟਿੰਗ ਸਹੀ ਨਹੀਂ ਸੀ.”

ਉਨ੍ਹਾਂ ਨੂੰ ਮਾਲੀ ਘਾੱਟਾ ਤਾਂ ਬਹੁਤ ਹੋਇਆ ਪਰ ਹੌਸਲੇ ਬੁਲੰਦ ਰਹੇ. ਉਨ੍ਹਾਂ ਨੇ ਸੋਚਿਆ ਤਾਂ ਸਮਝ ਲੱਗੀ ਕੇ ਹਿਮਾਚਲ ਪ੍ਰਦੇਸ਼ ਵਿੱਚ ਏਵਿਏਸ਼ਨ ਫਿਉਲ ‘ਤੇ ਲੱਗਣ ਵਾਲਾ ਟੈਕਸ ਬਹੁਤ ਜਿਆਦਾ ਸੀ. ਲਗਭਗ 27 ਫ਼ੀਸਦ. ਜੇਕਰ ਉਹ ਘੱਟ ਹੋ ਜਾਵੇ ਤਾਂ ਹਵਾਈ ਸਫ਼ਰ ਸਸਤਾ ਹੋ ਸਕਦਾ ਹੈ.

ਬੁੱਧੀ ਪ੍ਰਕਾਸ਼ ਨੇ ਭੱਜ-ਨੱਠ ਕਰਕੇ ਇਹ ਟੈਕਸ 27 ਫ਼ੀਸਦ ਤੋਂ ਘੱਟ ਕਰਾਕੇ ਇੱਕ ਫ਼ੀਸਦ ਕਰਾ ਲਿਆ. ਇਸ ਤੋਂ ਉਤਸ਼ਾਹਿਤ ਹੋ ਕੇ ਬੁੱਧੀ ਪ੍ਰਕਾਸ਼ ਨੇ ਦੂਜੀ ਵਾਰ ਹਵਾਈ ਸੇਵਾ ਦੀ ਸ਼ੁਰੁਆਤ ਕੀਤੀ ਪਰ ਉਸੇ ਵੇਲੇ ਉਨ੍ਹਾਂ ਦਾ ਦੋਸਤ ਉਨ੍ਹਾਂ ‘ਤੋਂ ਵੱਖ ਹੋ ਗਿਆ. ਸਾਲ 2015 ‘ਚ ਉਨ੍ਹਾਂ ਨੇ ਹਿਮਾਚਲ ਹੋਲੀਡੇਜ਼ ਦੇ ਰਾਹੀਂ ਪਿਨਾਕਲ ਏਅਰ ਪ੍ਰਾਈਵੇਟ ਨਾਲ ਕਰਾਰ ਕਰ ਲਿਆ. ਪਰ ਉਹ ਕੰਪਨੀ ਵੀ ਹਵਾਈ ਜਹਾਜ਼ ਨਹੀਂ ਭੇਜ ਸਕੀ. ਬੁੱਧੀ ਪ੍ਰਕਾਸ਼ ਨੂੰ ਏਡਵਾੰਸ ਬੂਕਿੰਗ ਦੇ ਪੈਸੇ ਮੋੜਨੇ ਪਏ.

ਦੂਜੇ ਸਾਲ ਵੀ ਉਨ੍ਹਾਂ ਨੂੰ ਇਸ ਕਾਰੋਬਾਰ ‘ਚ ਘਾੱਟਾ ਹੀ ਹੋਇਆ ਪਰ ਉਨ੍ਹਾਂ ਨੇ ਆਪਣਾ ਸਪਨਾ ਨਹੀਂ ਛੱਡਿਆ. ਤੀੱਜੇ ਸਾਲ ਉਨ੍ਹਾਂ ਨੇ ਚੰਡੀਗੜ੍ਹ-ਕੁੱਲੂ ਅਤੇ ਚੰਡੀਗੜ੍ਹ-ਸ਼ਿਮਲਾ ਰੂਟ ਤੇ ਹਵਾਈ ਸੇਵਾ ਸ਼ੁਰੂ ਕੀਤੀ. ਇਸ ਦੌਰਾਨ ਉਨ੍ਹਾਂ ਨੇ ਨੁਕਸਾਨ ਹੋਣ ਤੋਂ ਬਚਾ ਲਿਆ. ਫ਼ੇਰ ਉਨ੍ਹਾਂ ਨੇ ਫ਼ੈਸਲਾ ਕੀਤਾ ਕੇ ਉਹ ਇਹ ਸੇਵਾ ਜਾਰੀ ਰੱਖਣਗੇ. ਉਹ ਹੁਣ ਏਅਰ ਹਿਮਾਲਿਆ ਲਈ ਫੰਡ ਇੱਕਠੇ ਕਰਨ ਦੀ ਜੁਗਤ ਵਿੱਚ ਲੱਗੇ ਹੋਏ ਹਨ. ਉਹ ਕਹਿੰਦੇ ਹਨ ਕੇ ਜੇ ਉਨ੍ਹਾਂ ਨੂੰ ਫੰਡਿੰਗ ਹੋ ਜਾਵੇ ਤਾਂ ਉਹ ਵੱਡੀ ਕਾਮਯਾਬੀ ਹਾਸਿਲ ਕਰ ਸਕਦੇ ਹਨ.

ਉਹ ਹੁਣ ਆਪਣਾ ਹਵਾਈ ਜਹਾਜ਼ ਖਰੀਦ ਲੈਣ ਦਾ ਸੁਪਨਾ ਵੇਖ ਰਹੇ ਹਨ. ਇਸ ਦੇ ਨਾਲ ਹੀ ਉਹ ਹੋਟਲ ਦੇ ਕਾਰੋਬਾਰ ਨੂੰ ਵੀ ਅਗ੍ਹਾਂ ਵਧਾਉਣ ਦੀ ਯੋਜਨਾ ਬਣਾ ਰਹੇ ਹਨ. ਉਨ੍ਹਾਂ ਦੀ ਕੰਪਨੀ ਸਾਰਥਕ ਰਿਸੋਰਟ ਹਰ ਸਾਲ ਦੋ ਕਰੋੜ ਦਾ ਕੰਮ ਕਰਦੀ ਹੈ. ਇੰਨਾ ਹੀ ਬਿਜ਼ਨੇਸ ਹਿਮਾਚਲ ਹੋਲੀਡੇਜ਼ ਕਰਦੀ ਹੈ.

ਬੁੱਧੀ ਪ੍ਰਕਾਸ਼ ਦੀ ਖਾਸੀਅਤ ਇਹ ਹੈ ਕੇ ਖੇਤਾਂ ‘ਚੋਂ ਉੱਡ ਕੇ ਅਸਮਾਨ ਤਕ ਜਾ ਪਹੁਚਣ ਦੇ ਬਾਅਦ ਵੀ ਉਨ੍ਹਾਂ ਦੇ ਸਾਦਗੀ ਭਰਿਆ ਜੀਵਨ ਨਹੀਂ ਛੱਡਿਆ. ਬਸ, ਸੁਪਨੇ ਅਤੇ ਵਿਚਾਰ ਵੱਡੇ ਹਨ.

ਹੁਣ ਉਹ ਰੋਹਤਾਂਗ ਪਾਸ ਜਾਣ ਲਈ ਬਿਜਲੀ ਨਾਲ ਚੱਲਣ ਵਾਲੇ ਵਾਹਨ ਮੰਗਵਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਮਨਾਲੀ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਖ਼ਤਮ ਕੀਤੀ ਜਾ ਸਕੇ.

ਲੇਖਕ: ਅਰਵਿੰਦ ਯਾਦਵ

ਅਨੁਵਾਦ: ਰਵੀ ਸ਼ਰਮਾ