ਪਹਿਲਾਂ ਕੇਵਲ 50 ਰੁਪਏ ਤੇ ਹੁਣ ਰੋਜ਼ਾਨਾ 2 ਲੱਖ ਰੁਪਏ ਕਮਾਉਂਦੀ ਹੈ ਪੈਟ੍ਰੀਸ਼ੀਆ ਨਾਰਾਇਣ

ਪਹਿਲਾਂ ਕੇਵਲ 50 ਰੁਪਏ ਤੇ ਹੁਣ ਰੋਜ਼ਾਨਾ 2 ਲੱਖ ਰੁਪਏ ਕਮਾਉਂਦੀ ਹੈ ਪੈਟ੍ਰੀਸ਼ੀਆ ਨਾਰਾਇਣ

Monday November 09, 2015,

6 min Read

ਤਾਮਿਲ ਨਾਡੂ ਦੇ ਕੰਨਿਆ ਕੁਮਾਰੀ ਵਿਖੇ ਜਨਮੇ ਪੈਟ੍ਰੀਸ਼ੀਆ ਨਾਰਾਇਣ ਦੀ ਗਿਣਤੀ ਅੱਜ ਦੇਸ਼ ਦੀਆਂ ਮਸ਼ਹੂਰ ਉਦਮੀਆਂ ਵਿੱਚ ਹੁੰਦੀ ਹੈ ਪਰ ਉਨ੍ਹਾਂ ਦੀ ਜ਼ਿੰਦਗੀ ਵਿੱਚ ਇੱਕ ਵੇਲਾ ਅਜਿਹਾ ਵੀ ਆਇਆ ਸੀ, ਜਦੋਂ ਉਨ੍ਹਾਂ ਨੂੰ ਲੱਗਾ ਕਿ ਉਨ੍ਹਾਂ ਦੀ ਜ਼ਿੰਦਗੀ ਖ਼ਤਮ ਹੋ ਗਈ ਹੈ ਅਤੇ ਉਨ੍ਹਾਂ ਨੂੰ ਜੀਵਨ ਵਿੱਚ ਕੋਈ ਰਾਹ ਨਹੀਂ ਸੁੱਝ ਰਿਹਾ ਸੀ। ਅੰਤਾਂ ਦੇ ਨਸ਼ੇੜੀ-ਸ਼ਰਾਬੀ ਪਤੀ ਦੇ ਰੋਜ਼ ਦੇ ਕਲੇਸ਼ ਤੋਂ ਤੰਗ ਪੈਟ੍ਰੀਸ਼ੀਆ ਨੇ ਅਜਿਹੇ ਵੇਲੇ ਹਿੰਮਤ ਨਹੀਂ ਹਾਰੀ ਅਤੇ ਖ਼ੁਦ ਨੂੰ ਸੰਗਠਤ ਕਰ ਕੇ ਫ਼ਰਸ਼ ਤੋਂ ਅਰਸ਼ ਤੱਕ ਦਾ ਸਫ਼ਰ ਤੈਅ ਕੀਤਾ।

image


ਪੈਟ੍ਰੀਸ਼ੀਆ ਨੂੰ ਬਚਪਨ ਤੋਂ ਹੀ ਕੁਕਿੰਗ ਦਾ ਸ਼ੌਕ ਸੀ ਅਤੇ ਇਸੇ ਸ਼ੌਕ ਦੇ ਚਲਦਿਆਂ ਉਨ੍ਹਾਂ ਕਾਲਜ ਕੋਲ ਰੈਸਟੋਰੈਂਟ ਚਲਾਉਣ ਵਾਲੇ ਕਿਸੇ ਹੋਰ ਜਾਤੀ ਦੇ ਵਿਅਕਤੀ ਨਾਲ ਪ੍ਰੇਮ ਵਿਆਹ ਕੀਤਾ। ਵਿਆਹ ਤੋਂ ਬਾਅਦ ਪੈਟ੍ਰੀਸ਼ੀਆ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਨੇ ਇੱਕ ਗ਼ਲਤ ਵਿਅਕਤੀ ਨੂੰ ਆਪਣੇ ਲਈ ਚੁਣ ਲਿਆ ਹੈ, ਜੋ ਉਪਰ ਤੋਂ ਹੇਠਾਂ ਤੱਕ ਗ਼ਲਤ ਆਦਤਾਂ ਵਿੱਚ ਡੁੱਬਿਆ ਹੋਇਆ ਹੈ। ਕੁੱਝ ਸਮੇਂ ਬਾਅਦ ਹੀ ਉਹ ਪਤੀ ਨੂੰ ਛੱਡ ਕੇ ਤੇ ਆਪਣੀਆਂ ਧੀਆਂ ਨੂੰ ਲੈ ਕੇ ਪੇਕੇ ਘਰ ਪਰਤ ਆਏ ਅਤੇ ਆਪਣੇ ਪੈਰਾਂ ਉਤੇ ਖਲੋਣ ਦਾ ਜਤਨ ਕਰਨ ਲੱਗੇ।

ਇਸੇ ਲੜੀ ਵਿੱਚ ਵੁਨ੍ਹਾਂ ਆਪਣੀ ਮਾਂ ਦੇ ਦਫ਼ਤਰ ਵਿੱਚ ਕੰਮ ਕਰਨ ਵਾਲੇ ਲੋਕਾਂ ਲਈ ਟਿਫ਼ਨ ਬਣਾਉਣ ਅਤੇ ਬਨਾਵਟੀ ਫੁੱਲ ਬਣਾਉਣੇ ਸ਼ੁਰੂ ਕੀਤੇ। ਪੈਟ੍ਰੀਸ਼ੀਆ ਪੂਰੀ ਰਾਤ ਜਾਗ ਕੇ ਫੁੱਲ ਬਣਾਉਂਦੇ ਅਤੇ ਦਿਨ ਵਿੱਚ ਉਨ੍ਹਾਂ ਨੂੰ ਹੋਟਲਾਂ ਵਿੱਚ ਸਪਲਾਈ ਕਰਦੇ। ਇਸੇ ਦੌਰਾਨ ਉਨ੍ਹਾਂ ਨੂੰ ਇੱਕ ਜਾਣਕਾਰ ਡਾਕਟਰ, ਜੋ ਅੰਗਹੀਣ ਬੱਚਿਆਂ ਲਈ ਸਕੂਲ ਚਲਾਉਂਦੇ ਸਨ, ਤੋਂ ਜਾਣਕਾਰੀ ਮਿਲੀ ਕਿ ਸਰਕਾਰੀ ਪੱਧਰ ਉਤੇ ਲੋਕਾਂ ਨੂੰ ਕੁੱਝ ਇਲਾਕਿਆਂ ਵਿੱਚ ਫ਼ੂਡ ਸਟਾਲ ਲਾਉਣ ਦੀ ਪ੍ਰਵਾਨਗੀ ਮਿਲ ਰਹੀ ਹੈ ਪਰ ਇਸ ਸ਼ਰਤ ਉਤੇ ਕਿ ਉਥੇ ਅੰਗਹੀਣ ਬੱਚਿਆਂ ਨੂੰ ਸਿਖਲਾਈ ਦੇਣੀ ਹੋਵੇਗੀ। ਪੈਟ੍ਰੀਸ਼ੀਆ ਨੇ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੂੰ ਪ੍ਰਸਿੱਧ ਮੇਰੀਨਾ ਬੀਚ ਉਤੇ ਇੱਕ ਫ਼ੂਡ ਸਟਾਲ ਲਾਉਣ ਦੀ ਇਜਾਜ਼ਤ ਮਿਲ ਗਈ।

ਪੈਟ੍ਰੀਸ਼ੀਆ ਨੇ ਇਸ ਮੌਕੇ ਨੂੰ ਇੱਕ ਚੁਣੌਤੀ ਵਜੋਂ ਲਿਆ ਅਤੇ ਮੇਰੀਨਾ ਬੀਚ ਉਤੇ ਸ਼ਾਮੀਂ 3 ਵਜੇ ਤੋਂ ਰਾਤੀਂ 11 ਵਜੇ ਤੱਕ ਸ਼ਰਬਤ ਅਤੇ ਸਨੈਕਸ ਨਾਲ ਕਟਲੈਟ, ਸਮੋਸਾ, ਆਈਸਕ੍ਰੀਮ ਆਦਿ ਦਾ ਸਟਾਲ ਲਾਉਣ ਲਗੇ। ਉਹ ਚੇਤੇ ਕਰਦਿਆਂ ਦਸਦੇ ਹਨ ਕਿ ਉਨ੍ਹਾਂ ਸ਼ੁੱਕਰਵਾਰ 20 ਅਪ੍ਰੈਲ, 1981 ਨੂੰ ਪਹਿਲੀ ਵਾਰ ਆਪਣਾ ਫ਼ੂਡ ਸਟਾਲ ਲਾਇਆ ਸੀ ਅਤੇ ਉਸ ਦਿਨ ਕੇਵਲ ਕੌਫ਼ੀ ਦਾ ਇੱਕ ਕੱਪ ਵਿਕਿਆ ਸੀ। ਪਹਿਲੇ ਦਿਨ ਦੇ ਹੁੰਗਾਰੇ ਤੋਂ ਪੈਟ੍ਰੀਸ਼ੀਆ ਬਹੁਤ ਨਿਰਾਸ਼ ਸਨ ਪਰ ਉਨ੍ਹਾਂ ਹਾਰ ਨਹੀਂ ਮੰਨੀ ਅਤੇ ਅਗਲੇ ਦਿਨ ਨਿਸ਼ਚਤ ਸਮੇਂ ਉਤੇ ਮੁੜ ਸਟਾਲ ਲਾਇਆ।

''ਅਗਲੇ ਦਿਨ ਸਨਿੱਚਰਵਾਰ ਸੀ ਅਤੇ ਉਸ ਦਿਨ ਸਟਾਲ ਲਾਉਂਦਿਆਂ ਹੀ ਸਾਡਾ ਸਾਮਾਨ ਧੜਾਧੜ ਵਿਕਣ ਲੱਗਾ। ਲੋਕਾਂ ਨੇ ਸਾਡੇ ਤਿਆਰ ਕੀਤੇ ਖਾਣ-ਪੀਣ ਦੇ ਸਾਮਾਨ ਨੂੰ ਬਹੁਤ ਪਸੰਦ ਕੀਤਾ ਅਤੇ ਛੇਤੀ ਹੀ ਅਸੀਂ ਮੇਰੀਨਾ ਬੀਚ ਉਤੇ ਇੱਕ ਜਾਣਿਆ-ਪਛਾਣਿਆ ਨਾਮ ਬਣ ਗਏ। ਮੈਂ ਸ਼ਰਤ ਮੁਤਾਬਕ ਦੋ ਗੂੰਗੇ-ਬਹਿਰੇ ਵਿਦਿਆਰਥੀਆਂ ਨੂੰ ਸਹਾਇਕ ਵਜੋਂ ਰੱਖਿਆ ਅਤੇ ਉਨ੍ਹਾਂ ਵੀ ਮੈਨੂੰ ਪੂਰਾ ਸਹਿਯੋਗ ਦਿੱਤਾ।''

ਫ਼ੂਡ ਸਟਾਲ ਨੂੰ ਲੋਕਾਂ ਤੋਂ ਮਿਲੇ ਹਾਂ-ਪੱਖੀ ਹੁੰਗਾਰੇ ਨੇ ਪੈਟ੍ਰੀਸ਼ੀਆ ਵਿੱਚ ਇੱਕ ਨਵਾਂ ਜੋਸ਼ ਭਰ ਦਿੱਤਾ। ਆਪਣੇ ਬੀਤੇ ਦਿਨਾਂ ਦੀਆਂ ਯਾਦਾਂ ਭੁਲਾ ਕੇ ਉਹ ਕੁੱਝ ਵੱਡਾ ਕਰਨ ਬਾਰੇ ਸੋਚਣ ਲੱਗੇ ਅਤੇ ਕਿਸਮਤ ਨੇ ਵੀ ਉਨ੍ਹਾਂ ਦਾ ਭਰਪੂਰ ਸਾਥ ਦਿੱਤਾ। ਮੇਰੀਨਾ ਬੀਚ ਉਤੇ ਰੋਜ਼ਾਨਾ ਆਉਣ ਵਾਲੇ ਸਭਿਅਕ ਲੋਕਾਂ ਦੀ ਮੰਡਲੀ 'ਵਾੱਕਰ ਐਸੋਸੀਏਸ਼ਨ' ਦੇ ਇੱਕ ਮੈਂਬਰ, ਜੋ ਸਲੱਮ ਰੀਹੀਬੈਲਿਟੇਸ਼ਨ ਬੋਰਡ ਦੇ ਮੈਂਬਰ ਸਨ, ਨੂੰ ਉਨ੍ਹਾਂ ਦਾ ਬਣਾਇਆ ਖਾਣਾ ਬਹੁਤ ਪਸੰਦ ਆਇਆ ਅਤੇ ਉਨ੍ਹਾਂ ਨੂੰ ਪੈਟ੍ਰੀਸ਼ੀਆ ਨੂੰ ਆਪਣੇ ਕੋਲ ਕੈਨਟੀਨ 'ਚ ਕੇਟਰਿੰਗ ਦਾ ਕੰਮ ਦਿਵਾ ਦਿੱਤਾ।

ਇਸ ਤਰ੍ਹਾਂ ਪੈਟ੍ਰੀਸ਼ੀਆ ਹੁਣ ਦੋ ਥਾਵਾਂ 'ਤੇ ਕੰਮ ਸੰਭਾਲਣ ਲੱਗੇ ਅਤੇ ਸਮੇਂ ਨਾਲ ਉਨ੍ਹਾਂ ਜਾਪਣ ਲੱਗਾ ਸੀ ਕਿ ਮਾੜਾ ਸਮਾਂ ਹੁਣ ਜਾ ਚੁੱਕਾ ਹੈ ਪਰ ਉਨ੍ਹਾਂ ਦੀਆਂ ਔਕੜਾਂ ਹਾਲੇ ਖ਼ਤਮ ਨਹੀਂ ਹੋਈਆਂ ਸਨ। ਉਨ੍ਹਾਂ ਦੀ ਚੋਖੀ ਕਮਾਈ ਵੇਖ ਕੇ ਸ਼ਰਾਬੀ ਪਤੀ ਕਦੇ ਵੀ ਉਨ੍ਹਾਂ ਕੋਲ਼ ਆ ਜਾਂਦਾ ਅਤੇ ਮਾਹੌਲ ਖ਼ਰਾਬ ਕਰ ਕੇ ਉਨ੍ਹਾਂ ਕੋਲ਼ੋਂ ਪੈਸੇ ਖੋਹ ਕੇ ਨੱਸ ਜਾਂਦਾ।

ਪੈਟ੍ਰਸ਼ੀਆ ਨੇ ਹਿੰਮਤ ਨਾ ਹਾਰੀ ਅਤੇ ਆਪਣੇ ਪਤੀ ਨੂੰ ਇੱਕ ਨਸ਼ਾ-ਮੁਕਤੀ ਕੇਂਦਰ ਵਿੱਚ ਭਰਤੀ ਕਰਵਾਇਆ। ਪਰ ਉਨ੍ਹਾਂ ਦਾ ਪਤੀ ਇਲਾਜ ਪੂਰਾ ਹੋਣ ਤੋਂ ਪਹਿਲਾਂ ਹੀ ਉਥੋਂ ਨੱਸ ਗਿਆ। ਪਰ ਸਾਰੀਆਂ ਔਖੀਆਂ ਸਥਿਤੀਆਂ ਨੂੰ ਉਲੰਘ ਕੇ ਪੈਟ੍ਰੀਸ਼ੀਆ ਪੂਰੀ ਬਹਾਦਰੀ ਨਾਲ ਅੱਗੇ ਵਧਦੇ ਗਏ ਅਤੇ ਨੈਸ਼ਨਲ ਇੰਸਟੀਚਿਊਟ ਆੱਫ਼ ਪੋਰਟ ਮੈਨੇਜਮੈਂਟ 'ਚ ਵੀ ਕੇਟਰਿੰਗ ਦਾ ਕੰਮ ਹਾਸਲ ਕਰ ਲਿਆ।

ਭਾਵੇਂ ਚੇਨਈ ਸ਼ਹਿਰ ਤੋਂ ਲਗਭਗ 25 ਕਿਲੋਮੀਟਰ ਦੂਰ ਇਹ ਸੰਸਥਾਨ ਉਨ੍ਹਾਂ ਲਈ ਬਹੁਤ ਦੂਰ ਸੀ ਪਰ ਫਿਰ ਵੀ ਉਨ੍ਹਾਂ ਹਾਰ ਨਹੀਂ ਮੰਨੀ। ਉਹ ਰੋਜ਼ਾਨਾ ਬੱਸ ਰਾਹੀਂ ਆਉਣ-ਜਾਣ ਲੱਗੇ ਅਤੇ ਛੇਤੀ ਹੀ ਉਨ੍ਹਾਂ ਨੂੰ ਸੰਸਥਾਨ ਦੇ ਸਟਾਫ਼ ਕੁਆਰਟਰਜ਼ ਵਿੱਚ ਇੱਕ ਕਮਰਾ ਵੀ ਮਿਲ ਗਿਆ। ਪੈਟ੍ਰੀਸ਼ੀਆ ਛੇਤੀ ਹੀ ਆਪਣੀਆਂ ਧੀਆਂ ਨੂੰ ਵੀ ਉਥੇ ਲੈ ਆਏ ਪਰ ਉਨ੍ਹਾਂ ਦੇ ਪਤੀ ਨੇ ਉਥੇ ਵੀ ਉਨ੍ਹਾਂ ਦਾ ਪਿੱਛਾ ਨਾ ਛੱਡਿਆ ਅਤੇ ਆਪਣੀਆਂ ਪੁਰਾਣੀਆਂ ਹਰਕਤਾਂ ਦੁਹਰਾਉਂਦਾ ਰਿਹਾ। ਛੇਤੀ ਹੀ ਪੈਟ੍ਰੀਸ਼ੀਆ ਨੇ ਆਪਣੇ ਪਤੀ ਤੋਂ ਕਾਨੂੰਨੀ ਤੌਰ ਉਤੇ ਤਲਾਕ ਲੈ ਲਿਆ ਅਤੇ ਆਪਣਾ ਪੂਰਾ ਧਿਆਨ ਕੰਮ ਦੇ ਵਿਸਥਾਰ ਅਤੇ ਬੱਚਿਆਂ ਦੇ ਪਾਲਣ-ਪੋਸ਼ਣ ਉਤੇ ਲਾ ਦਿੱਤਾ।

ਇਸੇ ਦੌਾਨ ਉਨ੍ਹਾਂ ਐਨ.ਆਈ.ਪੀ.ਐਸ. ਕੋਲ ਸਥਿਤ ਇੱਕ ਮੈਡੀਕਲ ਕਾਲਜ ਅਤੇ ਇੱਕ ਹੋਰ ਡੈਂਟਲ ਕਾਲਜ 'ਚ ਕੇਟਰਿੰਗ ਦਾ ਕੰਟਰੈਕਟ ਵੀ ਲੈ ਲਿਆ। ਪੈਟ੍ਰੀਸ਼ੀਆ ਦੇ ਕੰਮ ਤੋਂ ਬਹੁਤੇ ਲੋਕ ਖ਼ੁਸ਼ ਸਨ ਪਰ ਉਨ੍ਹਾਂ ਦੀਆਂ ਕਾਮਯਾਬੀਆਂ ਤੋਂ ਈਰਾਖਾ ਕਰਨ ਵਾਲ਼ਿਆਂ ਦੀ ਵੀ ਕੋਈ ਕਮੀ ਨਹੀਂ ਸੀ। ਕੁੱਝ ਕਾਰਣਾਂ ਕਰ ਕੇ ਉਨ੍ਹਾਂ ਨੂੰ 1996 'ਚ ਐਨ.ਆਈ.ਪੀ.ਐਮ. ਦਾ ਕੰਟਰੈਕਟ ਛੱਡਣਾ ਪਿਆ ਪਰ ਤਦ ਤੱਕ ਉਨ੍ਹਾਂ ਦਾ ਮੇਰੀਨਾ ਬੀਚ ਵਾਲਾ ਫ਼ੂਡ ਸਟਾਲ ਅਤੇ ਤਿੰਨ ਕਾਲਜਾਂ ਵਿੱਚ ਕੈਨਟੀਨ ਉਨ੍ਹਾਂ ਨੂੰ ਚੋਖਾ ਨਾਮ ਅਤੇ ਕੰਮ ਦੇ ਰਹੇ ਸਨ।

''ਮੈਂ ਕਦੇ ਵੀ ਖਾਣ-ਪੀਣ ਦੇ ਸਾਮਾਨ ਦੇ ਮਿਆਰ ਨਾਲ ਸਮਝੌਤਾ ਨਹੀਂ ਕੀਤਾ ਅਤੇ ਇਹੋ ਮੇਰੀ ਸਫ਼ਲਤਾ ਦਾ ਸਭ ਤੋਂ ਵੱਡਾ ਕਾਰਣ ਵੀ ਰਿਹਾ। ਸਦਾ ਚੀਜ਼ਾਂ ਤੁਹਾਡੇ ਹਿਸਾਬ ਨਾਲ ਨਹੀਂ ਚੱਲ ਸਕਦੀਆਂ ਅਤੇ ਜੇ ਤੁਸੀਂ ਨਿਜੀ ਜੀਵਨ ਦੀਆਂ ਪਰੇਸ਼ਾਨੀਆਂ ਨੂੰ ਭੁਲਾ ਕੇ ਆਪਣਾ ਪੂਰਾ ਧਿਆਨ ਆਪਣੇ ਕੰਮ ਉਤੇ ਲਾਉਂਦੇ ਹੋ, ਤਾਂ ਤੁਹਾਨੂੰ ਸਫ਼ਲਤਾ ਮਿਲਦੀ ਹੈ।''

ਐਨ.ਆਈ.ਪੀ.ਐਮ. ਤੋਂ ਬਾਅਦ ਪੈਟ੍ਰੀਸ਼ੀਆ ਨੇ ਪੁਰਾਣੀਆਂ ਗੱਲਾਂ ਭੁਲਾ ਕੇ ਅੱਗੇ ਵਧਣ ਦਾ ਦ੍ਰਿੜ੍ਹ ਸੰਕਲਪ ਲਿਆ ਅਤੇ ਛੇਤੀ ਹੀ ਆਪਣਾ ਇੱਕ ਰੈਸਟੋਰੈਂਟ ਖੋਲ੍ਹਿਆ ਪਰ ਕੁੱਝ ਸਮੇਂ ਬਾਅਦ ਹੀ ਉਹ ਇਸ ਨੂੰ ਬੰਦ ਕਰ ਕੇ ਆਪਣੇ ਪੁੱਤਰ ਨਾਲ ਵਿਦੇਸ਼ ਚਲੇ ਗਏ। ਤਿੰਨ ਸਾਲਾਂ ਬਾਅਦ ਪਰਤੇ ਅਤੇ ਸਿੰਗਾਪੁਰ ਦੇ ਇੱਕ ਪ੍ਰਸਿੱਧ ਰੈਸਟੋਰੈਂਟ ਦੀ ਇੱਕ ਸ਼ਾਖ਼ਾ ਖੋਲ੍ਹੀ। ਇਸ ਤੋਂ ਇਲਾਵਾ ਉਨ੍ਹਾਂ ਆਪਣੇ ਬਚਪਨ ਦੇ ਸੁਫ਼ਨੇ ਸਾਕਾਰ ਕਰਦਿਆਂ ਸ਼ਹਿਰ ਵਿੱਚ ਇੱਕ ਛੋਟੀ ਜਿਹੀ ਫੁੱਲਾਂ ਦੀ ਦੁਕਾਨ ਵੀ ਖੋਲ੍ਹੀ।

ਇਸ ਤੋਂ ਬਾਅਦ ਉਨ੍ਹਾਂ ਆਪਣੇ ਦੋਵੇਂ ਬੱਚਿਆਂ ਦੇ ਵਿਆਹ ਕਰ ਦਿੱਤੇ ਅਤੇ ਪੈਟ੍ਰੀਸ਼ੀਆ ਨੂੰ ਜਾਪਿਆ ਕਿ ਜ਼ਿੰਦਗੀ ਹੁਣ ਲੀਹ ਉਤੇ ਆ ਗਈ ਪਰ ਹੋਣੀ ਨੂੰ ਸ਼ਾਇਦ ਕੁੱਝ ਹੋਰ ਹੀ ਮਨਜ਼ੂਰ ਸੀ। ਹਨੀਮੂਨ ਤੋਂ ਪਰਤਦਿਆਂ ਉਨ੍ਹਾਂ ਦੀ ਧੀ ਅਤੇ ਜਵਾਈ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ, ਜਿਸ ਨੇ ਉਨ੍ਹਾਂ ਨੂੰ ਅੰਦਰ ਤੱਕ ਤੋੜ ਕੇ ਰੱਖ ਦਿੱਤਾ। ਇਸ ਹਾਦਸੇ ਤੋਂ ਬਾਅਦ ਪੈਟ੍ਰੀਸ਼ੀਆ ਨੂੰ ਇੱਕ ਵਾਰ ਫਿਰ ਲੱਗਾ ਕਿ ਉਨ੍ਹਾਂ ਦੀ ਜ਼ਿੰਦਗੀ ਖ਼ਤਮ ਹੋ ਗਈ ਹੈ ਅਤੇ ਸਦਮੇ ਦੀ ਹਾਲਤ ਵਿੱਚ ਰਹਿਣ ਲੱਗੇ।

ਇਸੇ ਦੌਰਾਨ ਉਨ੍ਹਾਂ ਦੇ ਪੁੱਤਰ ਨੇ ਲਗਭਗ ਡੁੱਬ ਰਹੇ ਵਪਾਰ ਨੂੰ ਆਪਣੇ ਹੱਥਾਂ ਵਿੱਚ ਲੈਣ ਦਾ ਫ਼ੈਸਲਾ ਕੀਤਾ ਅਤੇ ਕੁੱਝ ਪੁਰਾਣੇ ਭਰੋਸੇਮੰਦ ਮੁਲਾਜ਼ਮਾਂ ਦੇ ਸਹਿਯੋਗ ਨਾਲ ਕੰਮ ਦੇ ਵਿਸਥਾਰ ਵਿੱਚ ਜੁਟ ਗਏ। ''ਇਸ ਵੇਲੇ ਅਸੀਂ ਚਾਰ ਬ੍ਰਾਂਡ ਚਲਾ ਰਹੇ ਹਾਂ ਅਤੇ ਅਸੀਂ ਕੇਟਰਿੰਗ ਦਾ ਕੰਮ ਬੰਦ ਕਰ ਦਿੱਤਾ ਹੈ। ਇਸ ਵੇਲੇ ਚੇਨਈ 'ਚ ਸਾਡੇ ਲਗਭਗ 12 ਫ਼ੂਡ ਕੋਰਟ ਚੱਲ ਰਹੇ ਹਨ। ਮੈਂ ਵੀ ਹੁਣ ਪੁਰਾਣੇ ਸਮੇਂ ਨੂੰ ਭੁਲਾ ਕੇ ਜ਼ਿੰਦਗੀ ਨੂੰ ਅੱਗੇ ਵਧਾ ਰਹੀ ਹਾਂ।''

ਜਨਵਰੀ 2010 ਵਿੱਚ ਜ਼ਿੰਦਗੀ ਦੇ ਸਾਰੇ ਔਖੇ ਹਾਲਾਤ ਦੇ ਬਾਵਜੂਦ ਤਿੰਨ ਦਹਾਕਿਆਂ ਤੱਕ ਕੇਟਰਿੰਗ ਦੇ ਕੰਮ ਨੂੰ ਸਫ਼ਲਤਾਪੂਰਬਕ ਚਲਾਉਣ ਲਈ ਪੈਟ੍ਰੀਸ਼ੀਆ ਨੂੰ ਫਿੱਕੀ ਵੱਲੋਂ 'ਸਾਲ ਦੀ ਸਰਬਸ੍ਰੇਸ਼ਟ ਮਹਿਲਾ ਉਦਮੀ' ਦਾ ਪੁਰਸਕਾਰ ਮਿਲ਼ਿਆ ਅਤੇ ਇਸ ਤੋਂ ਬਾਅਦ ਰੈਡਿਫ਼ ਡਾੱਟ ਕਾੱਮ ਨੇ ਵੀ ਵੀ ਉਨ੍ਹਾਂ ਦੇ ਪ੍ਰੋਫ਼ਾਈਲ ਨੂੰ ਆਪਣੀ ਵੈਬਸਾਈਟ ਉਤੇ ਪਾਇਆ।

ਧੀ ਦੀ ਮੌਤ ਤੋਂ ਬਾਅਦ ਪੈਟ੍ਰੀਸ਼ੀਆ ਨੂੰ ਪਤਾ ਚੱਲਿਆ ਕਿ ਜ਼ਖ਼ਮੀ ਨੂੰ ਹਸਪਤਾਲ ਲਿਜਾਣ ਲਈ ਕਿਸੇ ਐਂਬੂਲੈਂਸ ਦੀ ਵਿਵਸਥਾ ਨਹੀਂ ਸੀ ਅਤੇ ਉਨ੍ਹਾਂ ਨੂੰ ਇੱਕ ਵਾਹਨ ਰਾਹੀਂ ਹਸਪਤਾਲ ਲਿਜਾਂਦਾ ਗਿਆ। ਉਨ੍ਹਾਂ ਨੂੰ ਲਗਦਾ ਹੈ ਕਿ ਜੇ ਸਮੇਂ ਸਿਰ ਸਹਾਇਤਾ ਮਿਲ ਜਾਂਦੀ, ਤਾਂ ਸ਼ਾਇਦ ਉਨ੍ਹਾਂ ਦੀ ਧੀ ਤੇ ਜਵਾਈ ਦੀ ਜਾਨ ਬਚ ਸਕਦੀ ਸੀ। ਇਸ ਹਾਦਸੇ ਤੋਂ ਸਬਕ ਲੈਂਦਿਆਂ ਪੈਟ੍ਰੀਸ਼ੀਆ ਨੇ ਇੱਕ ਚੈਰਿਟੇਬਲ ਐਂਬੂਲੈਂਸ ਸੇਵਾ ਸ਼ੁਰੂ ਕੀਤੀ, ਜੋ ਹੁਣ ਤੱਕ ਮੁਸੀਬਤ ਵਿੱਚ ਫਸੇ ਕਈ ਲੋਕਾਂ ਦੀਆਂ ਜਾਨਾਂ ਬਚਾ ਚੁੱਕੀ ਹੈ।

    Share on
    close