ਉਧਾਰ ਦੀ ਸਿਲਾਈ ਮਸ਼ੀਨ ਨਾਲ ਸ਼ੁਰੂ ਕੀਤੀ ਕੰਪਨੀ, ਡੇਢ ਸਾਲ 'ਚ ਵਿਦੇਸ਼ਾਂ ਤੋਂ ਆਉਣ ਲੱਗੇ ਆਰਡਰ

0

ਕਹਿੰਦੇ ਹਨ, ਜ਼ਿੰਦਗੀ ਵਿੱਚ ਤੁਸੀਂ ਜੋ ਕੁੱਝ ਸੋਚਿਆ ਹੈ, ਅਕਸਰ ਉਹ ਉਸ ਰੂਪ ਵਿੱਚ ਹੁੰਦਾ ਨਹੀਂ ਦਿਸਦਾ। ਜੀਵਨ ਵਿੱਚ ਕੁੱਝ ਵੀ ਮਾੜਾ ਹੋਣ ਦਾ ਖ਼ਦਸ਼ਾ ਸਭ ਨੂੰ ਹੁੰਦਾ ਪਰ ਹਰ ਕੋਈ ਉਸ ਨੂੰ ਅੱਖੋਂ ਪ੍ਰੋਖੇ ਕਰਦਾ ਹੈ। ਪਰ ਅਚਾਨਕ ਕੁੱਝ ਅਜਿਹਾ ਹੋ ਜਾਵੇ, ਜਿਸ ਬਾਰੇ ਤੁਸੀਂ ਕਦੇ ਸੋਚਿਆ ਵੀ ਨਾ ਹੋਵੇ, ਤਦ ਕੀ ਕਰੋਗੇ ਤੁਸੀਂ? ਕਿਵੇਂ ਕਰੋਗੇ ਤੁਸੀਂ? ਕਿਵੇਂ ਕਰੋਗੇ ਤੁਸੀਂ? ਜ਼ਿੰਦਗੀ ਕਿਹੜੀ ਕਰਵਟ ਲਵੇਗੀ? ਸ਼ਵੇਤਾ ਸੋਨੀ ਦੀ ਕਹਾਣੀ ਬਿਲਕੁਲ ਅਜਿਹੀ ਹੀ ਹੈ।

ਸ਼ਵੇਤਾ ਸੋਨੀ ਆਪਣੀ ਜ਼ਿੰਦਗੀ ਵਿੱਚ ਇੱਕ ਸੰਤੁਸ਼ਟ ਤੇ ਬੇਫ਼ਿਕਰ ਘਰੇਲੂ ਔਰਤ ਸਨ। ਅਚਾਨਕ ਇੱਕ ਦਿਨ ਉਨ੍ਹਾਂ ਦੀ ਜ਼ਿੰਦਗੀ ਵਿੱਚ ਸਭ ਕੁੱਝ ਹੀ ਬਦਲ ਗਿਆ। ਉਨ੍ਹਾਂ ਦੇ ਪਤੀ ਨੂੰ ਹਾਰਟ ਅਟੈਕ ਆਇਆ। ਘਰ ਦੇ ਕੰਮਾਂ ਵਿੱਚ ਰੁੱਝੇ ਰਹਿਣ ਵਾਲੇ ਸ਼ਵੇਤਾ ਸਾਹਮਣੇ ਵੱਡਾ ਸੁਆਲ ਇਹ ਸੀ ਕਿ ਹੁਣ ਕੀ? ਇਹ ਉਹ ਮੋੜ ਸੀ, ਜਿਸ ਨੇ ਸ਼ਵੇਤਾ ਸੋਨੀ ਨੂੰ ਉਦਮਤਾ ਵੱਲ ਪਹਿਲਾ ਕਦਮ ਚੁੱਕਣ ਲਈ ਮਜਬੂਰ ਕੀਤਾ।

ਸ਼ਵੇਤਾ ਨੇ 2013 ਵਿੱਚ 'ਅੰਬਰ ਜੈਪੁਰ' ਦੀ ਸ਼ੁਰੂਆਤ ਕੀਤੀ। ਬੱਚਿਆਂ ਦੇ ਕੱਪੜਿਆਂ ਦੇ ਵਰਗ ਵਿੱਚ ਕਾਫ਼ੀ ਖ਼ਾਲੀ ਜਗ੍ਹਾ ਉਨ੍ਹਾਂ ਨੂੰ ਲਗਦੀ ਸੀ, ਜਿੱਥੇ ਉਹ ਖ਼ੁਦ ਨੂੰ ਜਮਾਉਣਾ ਚਾਹੁੰਦੇ ਸਨ। ਉਹ ਭਾਰਤੀ ਹੈਂਡ ਬਲਾੱਕਸ ਨਾਲ ਪੱਛਮੀ ਪੁਸ਼ਾਕਾਂ ਤਿਆਰ ਕਰਦੇ ਹਨ। ਉਨ੍ਹਾਂ ਦੇ ਇੰਡੀਅਨ ਲਾਈਨ ਵਿੱਚ ਲੜਕੀਆਂ ਲਈ ਲਹਿੰਗਾ-ਚੋਲੀ ਅਤੇ ਲੜਕਿਆਂ ਲਈ ਕੁੜਤਾ-ਪਜਾਮਾ, ਕਮੀਜ਼ਾਂ ਅਤੇ ਨਹਿਰੂ ਜੈਕੇਟ ਸ਼ਾਮਲ ਹਨ। ਸ਼ਵੇਤਾ ਨੇ ਇੱਕ ਦਰਜ਼ੀ ਅਤੇ ਜੈਪੁਰ ਵਿੱਚ ਇੱਕ ਦੋਸਤ ਤੋਂ ਉਧਾਰ ਲਈ ਗਈ ਸਿਲਾਈ ਮਸ਼ੀਨ ਨਾਲ ਆਪਣਾ ਕੰਮ ਸ਼ੁਰੂ ਕੀਤਾ।

''ਅੱਜ ਡੇਢ ਸਾਲਾਂ ਅੰਦਰ ਮੇਰੇ ਕੋਲ 8 ਮੁਲਾਜ਼ਮ ਅਤੇ 8 ਮਸ਼ੀਨਾਂ ਹਨ। ਅਗਲੇ ਦੋ ਸਾਲਾਂ ਵਿੱਚ ਇਨ੍ਹਾਂ ਨੂੰ 50 ਤੱਕ ਲਿਜਾਣ ਣੀ ਮੇਰੀ ਯੋਜਨਾ ਹੈ। ਮੈਂ ਸ਼ੁਰੂ ਵਿੱਚ ਫ਼ੇਸਬੁੱਕ ਉਤੇ ਆਪਣੇ ਪੰਨੇ ਨਾਲ ਸ਼ੁਰੂ ਕੀਤੀ ਅਤੇ ਵੇਖ ਕੇ ਹੈਰਾਨ ਰਹਿ ਗਈ ਕਿ ਮੇਰੇ ਫ਼ੇਸਬੁੱਕ ਪੇਜ ਉਤੇ ਮੌਜੂਦ ਲੋਕਾਂ ਤੋਂ ਮੈਨੂੰ ਆੱਰਡਰ ਮਿਲਣ ਲੱਗੇ। ਦੋ ਮਹੀਨਿਆਂ ਅੰਦਰ ਬਹੁਤ ਉਤਸ਼ਾਹ ਵਧਾਉਣ ਵਾਲਾ ਮੌਕਾ ਆਇਆ, ਜਦੋਂ ਇੱਕ ਆਸਟਰੇਲੀਆਈ ਕੰਪਨੀ ਨੇ ਮੇਰੀ ਕੁਲੈਕਸ਼ਨ ਵੇਖੀ ਅਤੇ ਮੈਨੂੰ ਪਹਿਲਾ ਆੱਰਡਰ ਦੇਣ ਲਈ ਸੱਦਿਆ।''

ਸ਼ਵੇਤਾ ਨੂੰ ਸਵੈ-ਨਿਰਭਰ ਬਣਨ ਤੋਂ ਰੋਕਣ ਪਿੱਛੇ ਕਿਸੇ ਤਰ੍ਹਾਂ ਦੀ ਇੱਛਾ ਦੀ ਘਾਟ ਨਹੀਂ ਸੀ। ਉਹ ਉਤਰ ਪ੍ਰਦੇਸ਼ ਦੇ ਇੱਕ ਛੋਟੇ ਜਿਹੇ ਕਸਬੇ ਸ਼ਾਜਹਾਂਪੁਰ ਦੇ ਜੰਮਪਲ਼ ਹਨ। ਪੜ੍ਹਾਈ ਵਿੱਚ ਚੰਗੇ ਹੋਣ ਦੇ ਨਾਲ ਉਹ ਸਿਰਜਣਾਤਮਕ ਵੀ ਸਨ। ਪਰ 1990 ਦੇ ਦਹਾਕੇ ਵਿੱਚ ਸਿਰਜਣਾਤਮਕਤਾ ਨੂੰ ਸ਼ੌਕ ਵਜੋਂ ਵੇਖਿਆ ਜਾਂਦਾ ਸੀ। ਸਾਰਾ ਜ਼ੋਰ ਪੜ੍ਹਾਈ ਅਤੇ ਡਾਕਟਰ, ਇੰਜੀਨੀਅਰ ਜਾਂ ਫਿਰ ਆਈ.ਏ.ਐਸ. ਬਣਨ ਉਤੇ ਸੀ। ਸ਼ਵੇਤਾ ਨੇ 12ਵੀਂ ਵਿਗਿਆਨ ਨਾਲ ਖ਼ਤਮ ਕੀਤੀ ਅਤੇ ਪੂਰੀ ਤਰ੍ਹਾਂ ਹਾਰ ਚੁੱਕੇ ਸਨ। ਉਨ੍ਹਾਂ ਦਾ ਗ੍ਰੇਡ ਹੇਠਾਂ ਚਲਾ ਗਿਆ। ਸਮੁੱਚੀ ਪ੍ਰਕਿਰਿਆ ਵਿੱਚ ਉਨ੍ਹਾਂ ਦੀ ਸਿਰਜਣਾਤਮਕਤਾ ਨੂੰ ਕੰਢੇ ਰੱਖ ਕੇ ਪੂਰੀ ਤਰ੍ਹਾਂ ਨਕਾਰ ਦਿੱਤਾ ਗਿਆ, ਉਹ ਖ਼ਰਾਬ ਪ੍ਰਦਰਸ਼ਨ ਕਰਨ ਲੱਗੇ, ਪੜ੍ਹਾਈ ਵਿੱਚ ਦਿਲਚਸਪੀ ਖ਼ਤਮ ਹੋ ਗਈ ਅਤੇ ਉਨ੍ਹਾਂ ਦਾ ਵਿਸ਼ਵਾਸ ਜਾਂਦਾ ਰਿਹਾ। ਉਨ੍ਹਾਂ ਨੇ ਆਪਣੀ ਸਟ੍ਰੀਮ ਬਦਲਣ ਦਾ ਫ਼ੈਸਲਾ ਕੀਤਾ ਅਤੇ ਜੈਪੁਰ ਵਿੱਚ ਆਪਣੀ ਨਾਨੀ ਦੇ ਘਰ ਵਿੱਚ, ਜਿੱਥੇ ਉਹ ਰਹਿੰਦੇ ਸਨ, ਫ਼ਾਈਨ ਆਰਟਸ 'ਚ ਗਰੈਜੂਏਸ਼ਨ ਕੀਤਾ।

''ਮੈਂ ਜ਼ਿੰਦਗੀ ਵਿੱਚ ਕੁੱਝ ਵੀ ਬਣ ਨਾ ਸਕਣ ਦੀ ਇੱਛਾ ਤਿਆਗ ਦਿੱਤੀ ਸੀ ਅਤੇ ਤਦ ਹੀ ਦੂਜੀਆਂ ਕਈ ਭਾਰਤੀ ਕੁੜੀਆਂ ਵਾਂਗ ਵਿਆਹ ਕਰ ਲਿਆ ਅਤੇ ਪ੍ਰਤਿਭਾ, ਸਿਰਜਣਾਤਮਕਤਾ ਜਿਹੇ ਸ਼ਬਦ ਭੁੱਲ ਗਈ।''

''ਇੱਕ ਨਿਕੇ ਕਸਬੇ ਵਿੱਚ, ਜਿੱਥੇ ਕੋਈ ਐਕਸਪੋਜ਼ਰ ਨਹੀਂ ਸੀ, ਘੱਟ ਉਮਰ ਵਿੱਚ ਵਿਆਹ ਹੋਣ, ਅਜਿਹੇ ਵੇਲੇ ਜਦੋਂ ਇੰਟਰਨੈਟ ਨਹੀਂ ਸੀ ਅਤੇ ਉਦਮਤਾ ਬਾਰੇ ਲੋਕਾਂ ਨੂੰ ਪਤਾ ਨਹੀਂ ਸੀ, ਕੁੱਝ ਕਰਨ ਦੀ ਸੰਭਾਵਨਾ ਸੀਮਤ ਸੀ। ਵੱਧ ਤੋਂ ਵੱਧ ਅਸੀਂ ਜੋ ਸੁਣਿਆ ਜਾਂ ਵੇਖਿਆ ਸੀ, ਉਹ ਕਿਸੇ ਆਂਟੀ ਜਾਂ ਔਰਤ ਦਾ ਖ਼ੁਦ ਦਾ ਬੁਟੀਕ ਰੱਖਣਾ ਅਤੇ ਇਹੋ ਇੱਕ ਬਹੁਤ ਵੱਡੀ ਗੱਲ ਸੀ। ਮਾਤਾ-ਪਿਤਾ ਨੂੰ ਵੀ ਤੁਹਾਡੀਆਂ ਇੱਛਾਵਾਂ ਤੋਂ ਵੱਧ ਮਤਲਬ ਵਿਆਹ ਤੋਂ ਹੁੰਦਾ ਸੀ। ਅਜਿਹੇ ਮਾਹੌਲ ਵਿੱਚ ਵੱਡਾ ਹੋਣ ਤੋਂ ਮੈਂ ਮੰਨਣ ਲੱਗੀ ਸਾਂ ਕਿ ਔਰਤ ਦਾ ਕੰਮ ਵਿਆਹ ਕਰਨਾ ਅਤੇ ਪਰਿਵਾਰ ਨੂੰ ਅੱਗੇ ਵਧਾਉਣਾ ਹੈ। ਮੈਂ ਆਖਾਂਗੀ ਕਿ ਇਹ ਮੇਰੀ ਸਭ ਤੋਂ ਵੱਡੀ ਅਗਿਆਨਤਾ ਸੀ।''

ਸ਼ਵੇਤਾ ਨੂੰ ਜਦੋਂ ਇੱਕ ਰਾਤ ਅਹਿਸਾਸ ਹੋਇਆ ਕਿ ਉਸ ਦਾ ਪਤੀ ਹਾਰਟ ਅਟੈਕ ਝੱਲ ਰਿਹਾ ਹੈ, ਤਦ ਉਹ ਜਿਸ ਭੁਕਾਨੇ ਵਿੱਚ ਸਵਾਰ ਸੀ, ਉਹ ਫੁੱਟ ਚੁੱਕਾ ਸੀ ਅਤੇ ਭਵਿੱਖ ਦਾ ਲੇਖਾ-ਜੋਖਾ ਲਾਉਣਾ ਸ਼ੁਰੂ ਹੋ ਗਿਆ। ਉਹ ਉਸ ਨੂੰ ਹਸਪਤਾਲ ਲੈ ਗਏ ਅਤੇ ਡਾਕਟਰਾਂ ਨੇ ਉਸ ਦੀ ਜ਼ਿੰਦਗੀ ਬਚਾ ਲਈ। ਉਨ੍ਹਾਂ ਦੇ ਸਹੁਰੇ ਨੂੰ ਗੱਡੀ ਚਲਾਉਣੀ ਨਹੀਂ ਆਉਂਦੀ ਸੀ ਅਤੇ ਉਹ ਖ਼ੁਦ ਇੱਕ ਚੰਗੇ ਡਰਾਇਵਰ ਨਹੀਂ ਸਨ, ਇਸੇ ਲਈ ਉਨ੍ਹਾਂ ਨੂੰ ਇੱਕ ਖ਼ਤਰਨਾਕ ਹਾਲਤ ਵਿਚੋਂ ਲੰਘਣਾ ਪਿਆ। ਉਸ ਰਾਤ ਨੂੰ ਚੇਤੇ ਕਰ ਕੇ ਅੱਜ ਵੀ ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ।

''ਉਨ੍ਹਾਂ ਪੰਜ-ਛੇ ਦਿਨਾਂ ਵਿੱਚ ਹਸਪਤਾਲ ਦੇ ਅੰਦਰ-ਬਾਹਰ ਅਤੇ ਘਰ ਵਿੱਚ ਮੈਨੂੰ ਅਚਾਨਕ ਬਹੁਤ ਸਾਰੇ ਫ਼ੈਸਲੇ ਲੈਣੇ ਪਏ। ਮੈਨੂੰ ਹਰ ਚੀਜ਼ ਦੀ ਜ਼ਿੰਮੇਵਾਰੀ ਲੈਣੀ ਪਈ। ਮੈਂ ਜਿਉਂ ਦੀ ਤਿਉਂ ਰਹੀ, ਭਾਵੇਂ ਮੈਂ ਭਾਵਨਾਤਮਕ ਅਤੇ ਸਰੀਰਕ ਤੌਰ ਉਤੇ ਟੁੱਟ ਚੁੱਕੀ ਸਾਂ, ਪਰ ਕਦੇ ਆਪਣੇ ਬੱਚਆਂ ਅਤੇ ਸਹੁਰੇ ਪਰਿਵਾਰ ਸਾਹਮਣੇ ਨਹੀਂ ਰੋਈ।'' ਆਪਣੇ ਪਤੀ ਦੀ ਬੀਮਾਰੀ ਨੇ ਉਨ੍ਹਾਂ ਕੋਲ ਜ਼ਿੰਮੇਵਾਰੀ ਚੁੱਕਣ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਛੱਡਿਆ ਸੀ। ਭਾਵੇਂ, ਬਾਅਦ ਵਿੱਚ ਪਤੀ ਘਰ ਆ ਗਏ ਅਤੇ ਸਿਹਤ ਸੁਧਰਨੀ ਸ਼ੁਰੂ ਹੋ ਗਈ। ਸ਼ਵੇਤਾ ਨੇ ਉਨ੍ਹਾਂ ਦਾ, ਉਨ੍ਹਾਂ ਦੇ ਕੰਮ ਅਤੇ ਸਾਰੀਆਂ ਘਰੇਲੂ ਚੀਜ਼ਾਂ ਦਾ ਧਿਆਨ ਰੱਖਿਆ।

''ਮੈਂ ਮਹਿਸੂਸ ਕੀਤਾ ਕਿ ਕਰਨ ਲਈ ਇੰਨਾ ਕੁੱਝ ਹੈ ਕਿ ਔਖੇ ਹਾਲਾਤ ਵਿੱਚ ਵੀ ਮੈਂ ਇੱਕ ਮਜ਼ਬੂਤ ਇਨਸਾਨ ਬਣ ਸਕਦੀ ਹਾਂ। ਮੈਨੂੰ ਸਿਰਫ਼ ਵਿਸ਼ਵਾਸ ਰੱਖਣ ਦੀ ਜ਼ਰੂਰਤ ਹੈ। ਜ਼ਿੰਦਗੀ ਵਿੱਚ ਪਹਿਲੀ ਵਾਰ ਸ਼ਵੇਤਾ ਨੇ ਮਹਿਸੂਸ ਕੀਤਾ ਸੀ ਕਿ ਉਸ ਨੇ ਸਵੈ-ਨਿਰਭਰ ਹੋਣਾ ਹੈ। ਮੈਨੂੰ ਲਗਦਾ ਹੈ ਕਿ ਮੇਰੀ ਸਭ ਤੋਂ ਵੱਡੀ ਚੁਣੌਤੀ ਆਪਣਾ ਉਦਮ ਸ਼ੁਰੂ ਕਰਨ ਲਈ ਮੈ ਖ਼ੁਦ ਨੂੰ ਮਨਾਉਣਾ ਸੀ। ਉਸ ਤੋਂ ਬਾਅਦ ਸਭ ਛੋਟੀ ਚੁਣੌਤੀਆਂ ਸਨ।''

ਉਨ੍ਹਾਂ ਜ਼ਿੰਦਗੀ ਵਿੱਚ ਕਦੇ ਬਾਹਰ ਦਾ ਕੰਮ ਨਹੀਂ ਕੀਤਾ ਸੀ। ਪੈਸਾ ਇੱਕ ਮੁੱਦਾ ਸੀ, ਪਰ ਸਭ ਤੋਂ ਵੱਡੀ ਸਮੱਸਿਆ ਉਸ ਦਾ ਵਿਸ਼ਵਾਸ ਦਾ ਪੱਧਰ ਸੀ। ਉਨ੍ਹਾਂ ਨੂੰ ਖ਼ੁਦ ਉਤੇ ਵਿਸ਼ਵਾਸ ਨਹੀਂ ਸੀ, ਇਸ ਤੋਂ ਬਾਅਦ ਵੀ ਉਸ ਨੇ ਸ਼ੁਰੂਆਤ ਕੀਤੀ ਅਤੇ ਹੌਲੀ-ਹੌਲੀ ਜਦੋਂ ਉਨ੍ਹਾਂ ਦੇ ਡਿਜ਼ਾਇਨ ਦੀ ਸ਼ਲਾਘਾ ਹੋਣ ਲੱਗੀ, ਤਾਂ ਉਨ੍ਹਾਂ ਦਾ ਆਪਣੇ-ਆਪ ਉਤੇ ਆਤਮ-ਵਿਸ਼ਵਾਸ ਵਧਿਆ ਤੇ ਉਦਮ ਦਾ ਵੀ ਵਿਕਾਸ ਹੋਣ ਲੱਗਾ।

''ਹਰ ਮਹਿਲਾ ਨੂੰ ਮੇਰੀ ਪਹਿਲੀ ਸਲਾਹ ਹੈ, ਘੱਟੋ ਘੱਟ ਇੱਕ ਵਾਰ ਕੋਸ਼ਿਸ਼ ਜ਼ਰੂਰ ਕਰੋ। ਤੁਸੀਂ ਕਦੇ ਨਹੀਂ ਜਾਣ ਸਕਦੇ ਕਿ ਤੁਹਾਡੇ ਅੰਦਰ ਕੀ ਹੈ, ਜਦੋਂ ਤੱਕ ਤੁਸੀਂ ਕੋਸ਼ਿਸ਼ ਨਾ ਕਰੋ। ਜੇ ਮੇਰੀ ਜ਼ਿੰਦਗੀ ਵਿਚ ਮਾੜੇ ਹਾਲਾਤ ਨਾ ਆਏ ਹੁੰਦੇ, ਮੈਂ ਆਪਣੀ ਪ੍ਰਤਿਭਾ, ਜਨੂੰਨ ਅਤੇ ਇਨ੍ਹਾਂ ਸਭ ਤੋਂ ਵਧ ਕੇ ਮੇਰੀ ਪਛਾਣ ਬੇਕਾਰ ਕਰ ਦਿੰਦੀ। ਲੋਕਾਂ ਨੂੰ ਤੁਹਾਡੇ ਪਿਤਾ ਜਾਂ ਪਤੀ ਦੀ ਥਾਂ ਤੁਹਾਡੇ ਆਪਣੇ ਨਾਮ ਨਾਲ ਜਾਣਨਾ ਚਾਹੀਦਾ ਹੈ।''

ਇਸ ਸਿੱਖਿਆ ਨੂੰ ਅਗਲੇ ਪੱਧਰ ਤੱਕ ਲਿਜਾਂਦਿਆਂ ਸ਼ਵੇਤਾ ਆਖਦੇ ਹਨ ਕਿ ਜਦੋਂ ਅਸੀਂ ਇੱਕ ਔਰਤ ਦੇ ਤੌਰ ਉਤੇ ਸਮਾਨਤਾ ਬਾਰੇ ਗੱਲ ਕਰਦੇ ਹਨ, ਤਾਂ ਰਸਤਾ ਦੋ-ਤਰਫ਼ਾ ਹੋਣਾ ਚਾਹੀਦਾ ਹੈ। ਔਰਤ ਵਜੋਂ ਸਾਨੂੰ ਆਪਣੇ ਆਦਮੀਆਂ ਦੀ ਹਮਾਇਤ ਕਰਨ ਵਿੱਚ ਵੀ ਬਰਾਬਰੀ ਕਰਨੀ ਚਾਹੀਦੀ ਹੈ, ਭਾਵੇਂ ਉਹ ਪਿਤਾ, ਪਤੀ ਜਾਂ ਫਿਰ ਪੁੱਤਰ ਦਾ ਆਰਥਿਕ, ਮਾਨਸਿਕ ਜਾਂ ਭਾਵਨਾਤਮਕ ਤੌਰ ਉਤੇ ਸਾਥ ਦੇਣਾ ਹੋਵੇ।

ਉਨ੍ਹਾਂ ਨੂੰ ਆਪਣੇ ਪਤੀ ਤੋਂ ਤਾਕਤ ਮਿਲਦੀ ਹੈ, ਜੋ ਉਨ੍ਹਾਂ ਨੂੰ ਉਨ੍ਹਾਂ ਦੇ ਉਦਮ ਅਤੇ ਦੋਵੇਂ ਬੱਚਿਆਂ ਦੇ ਪਾਲਣ-ਪੋਸ਼ਣ ਵਿੱਚ ਮਦਦ ਕਰ ਰਹੇ ਹਨ। ਉਹ ਜਦੋਂ ਉਨ੍ਹਾਂ ਨੂੰ ਆਪਣੇ ਡਿਜ਼ਾਇਨ ਕੀਤੇ ਕੱਪੜੇ ਪਹਿਨਿਆਂ ਵੇਖਦੇ ਹਨ, ਤਾਂ ਉਨ੍ਹਾਂ ਨੂੰ ਮਾਣ ਮਹਿਸੂਸ ਹੁੰਦਾ ਹੈ। ਉਹ ਕਹਿੰਦੇ ਹਨ,''ਤੁਸੀਂ ਸਦਾ ਉਤਸਾਹਿਤ ਰਹੋਗੇ, ਜੇ ਤੁਸੀਂ ਉਹ ਕੰਮ ਕਰੋ, ਜਿਸ ਨੂੰ ਤੁਸੀਂ ਪਿਆਰ ਕਰਦੇ ਹੋ ਅਤੇ ਹਾਂ ਇਹ ਸਿਰਫ਼ ਇੱਕ ਮੁਹਾਵਰਾ ਨਹੀਂ ਹੈ।'' ਉਨ੍ਹਾਂ ਨੂੰ ਇਹ ਗੱਲ ਚੰਗੀ ਲਗਦੀ ਹੈ ਕਿ ਉਨ੍ਹਾਂ ਨੇ ਆੱਫ਼ਿਸ ਨਹੀਂ ਜਾਣਾ ਹੁੰਦਾ ਅਤੇ ਨਾ ਹੀ ਆਪਣੇ ਡਿਜ਼ਾਇਨ ਨਾਲ ਸਮਝੌਤਾ ਕਰਨਾ ਪੈਂਦਾ ਹੈ... ਉਹ ਜੋ ਪਸੰਦ ਕਰਦੇ ਹਨ, ਉਹ ਸਭ ਕਰ ਸਕਦੇ ਹਨ। ਖਪਤਕਾਰਾਂ ਦੀ ਸ਼ਲਾਘਾ ਉਨ੍ਹਾਂ ਨੂੰ ਵਧੀਆ ਕੰਮ ਕਰਨ ਲਈ ਉਤਸ਼ਾਹਿਤ ਕਰਦੀ ਹੈ ਪਰ ਸ਼ਵੇਤਾ ਤਦ ਵੀ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੇ ਇਸ ਨੂੰ ਵੱਡੇ ਡਿਜ਼ਾਇਨਰਜ਼ ਲਈ ਨਹੀਂ ਬਣਾਇਆ ਹੈ॥ ''ਮੈਨੂੰ ਪਤਾ ਹੈ ਕਿ ਮੈਂ ਉਥੇ ਪਹੁੰਚ ਜਾਵਾਂਗਾ, ਮੈਂ ਨਹੀਂ ਜਾਣਦੀ ਕਦੋਂ... ਪਰ, ਇੱਕ ਚੀਜ਼ ਜ਼ਰੂਰ ਜਾਣਦੀ ਹਾਂ ਕਿ ਜੇ ਮੈਂ ਉਥੇ ਪੁੱਜਣ ਬਾਰੇ ਸੋਚਿਆ ਹੁੰਦਾ, ਤਾਂ ਮੈਂ ਪਹਿਲੀ ਜਗ੍ਹਾ ਤੋਂ ਸ਼ੁਰੂਆਤ ਨਾ ਕਰਦੀ।'' ਭਾਵੇਂ ਸ਼ਵੇਤਾ ਆਪਣੇ ਖੰਭ ਫੈਲਾਉਣਾ ਚਾਹੁੰਦੇ ਹਨ ਅਤੇ ਉਚਾਈਆਂ ਤੱਕ ਉਡਣਾ ਚਾਹੁੰਦੇ ਹਨ ਪਰ ਉਨ੍ਹਾਂ ਦਾ ਸੁਫ਼ਨਾ ਸਾਧਾਰਣ ਹੈ। ਇਹ ਉਦਮੀ ਕਹਿੰਦੇ ਹਨ...''ਮੈਂ ਇੱਕ ਪ੍ਰਸਿੱਧ ਡਿਜ਼ਾਇਨਰ ਨਹੀਂ ਬਣਨਾ ਚਾਹੁੰਦੀ। ਮੈਂ ਨਹੀਂ ਚਾਹੁੰਦੀ ਕਿ ਲੋਕ ਮੇਰੀ ਡ੍ਰੈਸ ਊਲ-ਜਲੂਲ ਕੀਮਤਾਂ ਉਤੇ ਖ਼ਰੀਦਣ। ਮੈਂ ਸਿਰਫ਼ ਇੰਨਾ ਚਾਹੁੰਦੀ ਹਾਂ ਕਿ ਮੇਰੇ ਕੱਪੜੇ ਭਾਰਤ ਅਤੇ ਵਿਦੇਸ਼ ਦੇ ਜ਼ਿਆਦਾਤਰ ਸਟੋਰਜ਼ ਵਿੱਚ ਉਚਿਤ ਕੀਮਤਾਂ ਉਤੇ ਮਿਲਣ। ਮੈਂ ਚਾਹਾਂਗੀ ਕਿ ਵਿਦੇਸ਼ ਵਿੱਚ ਰਹਿਣ ਵਾਲੇ ਸਾਰੇ ਬੱਚੇ ਭਾਰਤੀ ਡਿਜ਼ਾਇਨ ਵਾਲੇ ਕੱਪੜੇ ਪਹਿਨਣ। ਮੈਂ ਚਾਹੁੰਦੀ ਹਾਂ ਕਿ ਮੇਰਾ ਬ੍ਰਾਂਡ ਗਲੋਬਲ ਬ੍ਰਾਂਡ ਹੋ ਜਾਵੇ।''

Related Stories