ਦਿੱਲੀ 'ਚ ਮਹਿਲਾਵਾਂ ਲਈ ਵਿਸ਼ੇਸ਼ ਬੱਸ ਸੇਵਾ: ਜ਼ਿਪ-ਗੋ

ਦਿੱਲੀ 'ਚ ਮਹਿਲਾਵਾਂ ਲਈ ਵਿਸ਼ੇਸ਼ ਬੱਸ ਸੇਵਾ: ਜ਼ਿਪ-ਗੋ

Sunday December 20, 2015,

4 min Read

ਸ਼ਟਲ ਬੱਸ ਸਰਵਿਸ ਨੇ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਕੇਵਲ ਮਹਿਲਾਵਾਂ ਲਈ ਇੱਕ ਵਿਸ਼ੇਸ਼ ਬੱਸ ਚਲਾਈ ਹੈ। ਇਸ ਉਦਮ ਦਾ ਨਾਂਅ 'ਜ਼ਿਪ-ਗੋ' ਰੱਖਿਆ ਗਿਆ ਹੈ। ਇਹ ਸੇਵਾ ਮੈਂਬਰਸ਼ਿਪ ਆਧਾਰਤ ਹੈ। ਵੀਰਵਾਰ ਤੋਂ ਸ਼ੁਰੂ ਹੋਈ ਇਹ ਸੇਵਾ ਹਾਲ ਦੀ ਘੜੀ ਦਿੱਲੀ ਦੇ ਕੁੱਝ ਖ਼ਾਸ ਇਲਾਕਿਆਂ; ਜਿਵੇਂ ਕਿ ਗੁੜਗਾਓਂ, ਦਵਾਰਕਾ ਅਤੇ ਮਾਨੇਸਰ ਤੱਕ ਹੀ ਸੀਮਤ ਰੱਖੀ ਗਈ ਹੈ। ਇਸ ਨੂੰ ਛੇਤੀ ਹੀ ਨੌਇਡਾ ਅਤੇ ਗਰੇਟਰ ਨੌਇਡਾ ਤੱਕ ਵੀ ਚਲਾਏ ਜਾਣ ਦੀ ਯੋਜਨਾ ਹੈ।

ਜ਼ਿਪ-ਗੋ ਦੇ ਸਹਿ-ਬਾਨੀ ਸ੍ਰੀ ਜਿਤੇਂਦਰ ਸ਼ਰਮਾ ਨੇ ਦੱਸਿਆ ਕਿ ਸ਼ਾਇਦ ਇਹ ਪਹਿਲੀ ਅਜਿਹੀ ਬੱਸ ਸੇਵਾ ਹੈ; ਜੋ ਕੇਵਲ ਮਹਿਲਾਵਾਂ ਨੂੰ ਸਮਰਪਿਤ ਹੈ। ਨਵੀਆਂ ਸਵਾਰੀਆਂ ਲਈ ਇਸ ਸੇਵਾ ਰਾਹੀਂ 100 ਰੁਪਏ ਤੱਕ ਦੀ ਯਾਤਰਾ ਮੁਫ਼ਤ ਕਰਵਾਈ ਜਾਂਦੀ ਹੈ ਅਤੇ ਜੇ ਤੁਸੀਂ ਇਸ ਸੇਵਾ ਦੀ ਕੋਈ ਨਵੀਂ ਮੈਂਬਰ ਬਣਾਉਂਦੇ ਹੋ, ਤਾਂ ਉਸ ਲਈ ਤੁਹਾਡੇ ਖਾਤੇ ਵਿੱਚ 250 ਰੁਪਏ ਆ ਜਾਂਦੇ ਹਨ। ਜੇ ਤੁਸੀਂ ਪੇਅ-ਟੀਐਮ. ਵੈਲਟ ਰਾਹੀਂ ਰੀਚਾਰਜ ਕਰਦੇ ਹੋ, ਤਾਂ ਤੁਹਾਨੂੰ 50 ਫ਼ੀ ਸਦੀ ਬੋਨਸ ਵੀ ਮਿਲਦਾ ਹੈ।

ਸ੍ਰੀ ਜਿਤੇਂਦਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੰਪਨੀ ਦਾ ਮਿਸ਼ਨ ਸੜਕਾਂ ਤੋਂ ਨਿਜੀ ਵਾਹਨਾਂ ਦੀ ਗਿਣਤੀ ਘਟਾਉਣ ਵਿੱਚ ਕੁੱਝ ਮਦਦ ਕਰਨਾ ਅਤੇ ਰੋਜ਼ ਆਉਣ-ਜਾਣ ਵਾਲਿਆਂ ਲਈ ਆਵਾਜਾਈ ਦਾ ਇੱਕ ਭਰੋਸੇਯੋਗ ਸਾਧਨ ਮੁਹੱਈਆ ਕਰਵਾਉਣਾ ਹੈ। ਰੋਜ਼ਾਨਾ ਆਉਣ-ਜਾਣ ਵਾਲੀਆਂ ਮਹਿਲਾਵਾਂ ਦੀ ਵੱਡੀ ਗਿਣਤੀ ਦਿੱਲੀ 'ਚ ਹੁੰਦੀ ਹੈ ਤੇ ਉਨ੍ਹਾਂ ਦੀ ਸੁੱਖ-ਸੁਵਿਧਾ ਲਈ ਇਹ ਸੇਵਾ ਅਰੰਭ ਕੀਤੀ ਗਈ ਹੈ। ਸ੍ਰੀ ਜਿਤੇਂਦਰ ਦਸਦੇ ਹਨ,''ਜ਼ਿਪ-ਗੋ ਦੀਆਂ ਬੱਸਾਂ ਸਾਫ਼-ਸੁਥਰੀਆਂ ਅਤੇ ਏਅਰ-ਕੰਡੀਸ਼ਨਡ ਹਨ। ਇਨ੍ਹਾਂ ਦੀ ਬੁਕਿੰਗ ਕਰਨੀ ਤੇ ਇਨ੍ਹਾਂ ਨੂੰ ਲੱਭਣਾ ਬਹੁਤ ਸੁਖਾਲ਼ਾ ਹੈ। ਮਹਿਲਾਵਾਂ ਨੂੰ ਯਾਤਰਾ ਸਮਂਿ ਮਨ ਦੀ ਸ਼ਾਂਤੀ ਹਾਸਲ ਹੋਵੇ, ਸੁਖ-ਸੁਵਿਧਾ ਅਤੇ ਰਾਹਤ ਮਿਲੇ; ਇਹੋ ਸਾਡਾ ਟੀਚਾ ਹੈ। ਭਾਵੇਂ ਇੱਕ ਵੱਡਾ ਹਿੱਸਾ ਟੈਕਸੀਆਂ ਵਿੱਚ ਵੀ ਸਫ਼ਰ ਕਰਦਾ ਹੈ ਪਰ ਫਿਰ ਵੀ ਆਉਣ-ਜਾਣ ਵਾਲਿਆਂ ਨੂੰ ਨਿੱਤ ਨਵੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਹੀ ਪੈ ਜਾਂਦਾ ਹੈ। ਜ਼ਿਪ-ਗੋ ਦੀ ਟੀਮ ਵਿਕਰੇਤਾਵਾਂ ਨੂੰ ਮਿਲਦੀ ਹੈ ਤੇ ਇਸ ਨਵੀਂ ਪ੍ਰਣਾਲੀ ਬਾਰੇ ਸਮਝਾਉਂਦੀ ਹੈ। ਤਕਨਾਲੋਜੀ ਦੀ ਵਰਤੋਂ ਰਾਹੀਂ ਟੈਕਸੀਆਂ ਦਾ ਕਾਰੋਬਾਰ ਬਹੁਤ ਜ਼ਿਆਦਾ ਪ੍ਰਫ਼ੁੱਲਤ ਹੋਇਆ ਹੈ। ਬੱਸ ਸੇਵਾਵਾਂ ਲਈ ਵੀ ਤਕਨਾਲੋਜੀ ਦੀ ਵਰਤੋਂ ਦਾ ਰਾਹ ਪੂਰੀ ਤਰ੍ਹਾਂ ਖੁੱਲ੍ਹਾ ਪਿਆ ਹੈ।''

image


ਜ਼ਿਪ-ਗੋ ਇੱਕ 'ਐਗਰੀਗੇਟਰ ਮਾੱਡਲ' ਦੀ ਪਾਲਣਾ ਕਰਦੀ ਹੈ; ਭਾਵ ਲੋਕਾਂ ਨੂੰ ਇਸ ਨਵੀਂ ਸੇਵਾ ਬਾਰੇ ਜਾਗਰੂਕ ਕਰ ਕੇ ਇਸ ਦੇ ਮੈਂਬਰਾਂ ਵਿੱਚ ਹੌਲੀ-ਹੌਲੀ ਵਾਧਾ ਕੀਤਾ ਜਾ ਰਿਹਾ ਹੈ। ਨਿਯੁਕਤ ਕੀਤੇ ਜਾਣ ਵਾਲੇ ਡਰਾਇਵਰਾਂ ਦੀ ਸ਼ਖ਼ਸੀਅਤ ਦਾ ਖ਼ਾਸ ਖ਼ਿਆਲ ਰੱਖਿਆ ਜਾਂਦਾ ਹੈ। ਉਨ੍ਹਾਂ ਦੇ ਪਿਛੋਕੜ ਦੀ ਪੂਰੀ ਜਾਂਚ ਕੀਤੀ ਜਾਂਦੀ ਹੈ, ਉਨ੍ਹਾਂ ਦੇ ਸਾਰੇ ਦਸਤਾਵੇਜ਼ਾਂ ਦੀ ਚੈਕਿੰਗ ਹੁੰਦੀ ਹੈ ਅਤੇ ਪੁਲਿਸ ਤੋਂ ਵੀ ਪੁਸ਼ਟੀ ਕਰਵਾਈ ਜਾਂਦੀ ਹੈ। ਡਰਾਇਵਰਾਂ ਦੇ ਸਾਰੇ ਇਤਿਹਾਸ ਦੀ ਪੂਰੀ ਜਾਣਕਾਰੀ ਲੈਣ ਲਈ ਉਨ੍ਹਾਂ ਦਾ ਇੰਟਰਵਿਊ ਤਾਂ ਲਿਆ ਹੀ ਜਾਂਦਾ ਹੈ ਪਰ ਉਨ੍ਹਾਂ ਬਾਰੇ ਹਰ ਤਰ੍ਹਾਂ ਦੀ ਪੁਸ਼ਟੀ ਲਈ ਅਜਿਹੇ ਪੰਜ ਕਦਮ ਚੁੱਕੇ ਜਾਂਦੇ ਹਨ।

ਡਰਾਇਵਰਾਂ ਨੂੰ ਆਪਣਾ ਵਿਵਹਾਰ ਸਹੀ ਰੱਖਣ ਦੀ ਪੂਰੀ ਸਿਖਲਾਈ ਦਿੱਤੀ ਜਾਂਦੀ ਹੈ। ਸ੍ਰੀ ਜਿਤੇਂਦਰ ਦਸਦੇ ਹਨ ਕਿ ਜੇ ਕਿਸੇ ਵੀ ਡਰਾਇਵਰ ਵੱਲੋਂ ਕਿਸੇ ਸਵਾਰੀ ਨਾਲ ਦੁਰਵਿਹਾਰ ਕੀਤੇ ਜਾਣ ਦੀ ਥੋੜ੍ਹੀ ਜਿੰਨੀ ਵੀ ਸ਼ਿਕਾਇਤ ਮਿਲ਼ਦੀ ਹੈ, ਤਾਂ ਉਸ ਨੂੰ ਕਿਸੇ ਵੀ ਹਾਲਤ 'ਚ ਬਰਦਾਸ਼ਤ ਨਹੀਂ ਕੀਤਾ ਜਾਂਦਾ।

'ਯੂਅਰ ਸਟੋਰੀ' ਦੀ ਆਪਣੀ ਗੱਲ

ਮਾਹਿਰਾਂ ਅਨੁਸਾਰ, ਬੱਸ ਸੇਵਾ ਦਾ ਬਾਜ਼ਾਰ ਤੇਜ਼ੀ ਨਾਲ ਉਭਰ ਰਿਹਾ ਹੈ ਅਤੇ ਇਹ ਟੈਕਸੀ ਬਾਜ਼ਾਰ ਤੋਂ ਵੀ ਵੱਡਾ ਹੋਣ ਜਾ ਰਿਹਾ ਹੈ; ਜੋ ਕਿ ਇੱਕ ਅਨੁਮਾਨ ਮੁਤਾਬਕ 60 ਹਜ਼ਾਰ ਕਰੋੜ ਰੁਪਏ ਦਾ ਹੋ ਸਕਦਾ ਹੈ। ਪਿਛਲੇ ਕੁੱਝ ਮਹੀਨਿਆਂ ਦੌਰਾਨ ਬਹੁਤ ਸਾਰੀਆਂ ਬੱਸ ਸੇਵਾਵਾਂ ਇਸੇ ਹਾਂ-ਪੱਖੀ ਮਾਹੌਲ ਕਰ ਕੇ ਅਰੰਭ ਹੋਈਆਂ ਹਨ।

ਓਲਾ ਟੈਕਸੀ ਸਰਵਿਸ ਭਾਰਤ 'ਚ ਬਹੁਤ ਸ਼ਾਨਦਾਰ ਤਰੀਕੇ ਨਾਲ ਉਭਰੀ ਹੈ। ਹੁਣ ਉਹ 120 ਤੋਂ 150 ਕਰੋੜ ਰੁਪਏ ਦੀ ਲਾਗਤ ਨਾਲ ਬੱਸ ਸੇਵਾ ਵੀ ਅਰੰਭ ਕਰਨ ਜਾ ਰਹੀ ਹੈ। ਨਵੀਆਂ ਬੱਸ ਸੇਵਾਵਾਂ ਦੀ ਆਮਦ ਨਾਲ ਇਹ ਖੇਤਰ ਛੇਤੀ ਹੀ ਬਹੁਤ ਗੁੰਜਾਇਮਾਨ ਤੇ ਪਰਪੱਕ ਹੋਣ ਜਾ ਰਿਹਾ ਹੈ।

ਪਰ ਕੁੱਝ ਸਰਕਾਰੀ ਨੀਤੀਆਂ ਹਾਲੇ ਅਜਿਹੀਆਂ ਨਵੀਆਂ ਕੰਪਨੀਆਂ/ਸੇਵਾਵਾਂ (ਸਟਾਰਟ-ਅੱਪਸ) ਦੇ ਰਾਹ ਵਿੱਚ ਅੜਿੱਕਾ ਣ ਰਹੀਆਂ ਹਨ। ਜ਼ਿਪ-ਗੋ ਦੀ ਸ਼ੁਰੂਆਤ ਪਹਿਲਾਂ ਬੈਂਗਲੁਰੂ 'ਚ ਹੋਈ ਸੀ ਪਰ ਉਸ ਸ਼ਹਿਰ ਦੀਆਂ ਨੀਤੀਆਂ ਅਤੇ ਨਿਯਮਾਂ/ਵਿਨਿਯਮਾਂ ਕਾਰਣ ਉਥੇ ਇਸ ਸੇਵਾ ਦਾ ਚੱਲਣਾ ਕੁੱਝ ਔਖਾ ਹੋ ਗਿਆ ਸੀ।

ਕੇਵਲ ਔਰਤਾਂ ਲਈ ਸ਼ਟਲ ਸਰਵਿਸ 'ਜ਼ਿਪ-ਗੋ' ਦਿੱਲੀ 'ਚ ਜ਼ਰੂਰ ਸਫ਼ਲ ਹੋ ਸਕਦੀ ਹੈ ਪਰ ਇਸ ਗੱਲ ਨੂੰ ਵੀ ਚੇਤੇ ਰੱਖਣਾ ਜ਼ਰੂਰੀ ਹੈ ਕਿ ਪਿਛਲੇ ਕੁੱਝ ਵਰ੍ਹਿਆਂ ਦੌਰਾਨ ਜੀ. ਕੈਬਜ਼, ਪ੍ਰਿਯਦਰਸ਼ਿਨੀ ਟੈਕਸੀਜ਼ ਤੇ ਵੀਰਾ ਕੈਬਜ਼ ਅਰੰਭ ਹੋਈਆਂ ਹਨ; ਜੋ ਕਿ ਕੇਵਲ ਮਹਿਲਾਵਾਂ ਲਈ ਹੀ ਹਨ ਪਰ ਉਨ੍ਹਾਂ ਨੂੰ ਆਪਣੇ ਕਾਰੋਬਾਰ ਚਲਾਈ ਰੱਖਣ ਲਈ ਕਾਫ਼ੀ ਹੱਦ ਤੱਕ ਜੂਝਣਾ ਪੈ ਰਿਹਾ ਹੈ।

ਓਲਾ ਦੀ ਯੋਜਨਾ ਪਹਿਲਾਂ ਕੇਵਲ ਔਰਤਾਂ ਲਈ ਅਜਿਹੀਆਂ ਟੈਕਸੀਆਂ ਚਲਾਉਣ ਦੀ ਸੀ, ਜਿਨ੍ਹਾਂ ਦੀਆਂ ਡਰਾਇਵਰ ਵੀ ਔਰਤਾਂ ਹੀ ਹੋਣ ਪਰ ਫਿਰ ਪਿਛਲੇ ਵਰ੍ਹੇ ਉਬੇਰ ਟੈਕਸੀ ਵਿੱਚ ਬਲਾਤਕਾਰ ਕਾਂਡ ਵਾਪਰ ਜਾਣ ਕਾਰਣ ਓਲਾ ਨੇ ਆਪਣੀ ਉਹ ਯੋਜਨਾ ਠੰਢੇ ਬਸਤੇ ਪਾ ਦਿੱਤੀ। ਹਾਲੇ ਪਿੱਛੇ ਜਿਹੇ, ਓਯੋ ਨੇ ਕੇਵਲ ਮਹਿਲਾ ਯਾਤਰੀਆਂ ਲਈ 'ਓਯੋ ਵੀ' ਨਾਂਅ ਦਾ ਇੱਕ ਨਵਾਂ ਬ੍ਰਾਂਡ ਅਰੰਭ ਕੀਤਾ ਹੈ; ਜਿਸ ਦਾ ਸਾਰਾ ਸਟਾਫ਼ ਔਰਤਾਂ ਦਾ ਹੀ ਹੋਵੇਗਾ।

ਲੇਖਕ: ਸਿੰਧੂ ਕਸ਼ਿਅਪ, ਜੈਵਰਧਨ

ਅਨੁਵਾਦ: ਮਹਿਤਾਬ-ਉਦ-ਦੀਨ