ਗ਼ਰੀਬ ਔਰਤਾਂ ਲਈ ਪ੍ਰੇਰਣਾ ਅਤੇ ਆਸ ਦੀ ਰੌਸ਼ਨੀ ਹਨ 'ਚੇਤਨਾ'

ਗ਼ਰੀਬ ਔਰਤਾਂ ਲਈ ਪ੍ਰੇਰਣਾ ਅਤੇ ਆਸ ਦੀ ਰੌਸ਼ਨੀ ਹਨ 'ਚੇਤਨਾ'

Sunday November 08, 2015,

9 min Read

ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦੀ ਮਸਵਾੜ ਪਿੰਡ ਦੀਆਂ ਔਰਤਾਂ ਦਾ ਇੱਕ ਝੁੰਡ ਰਿਜ਼ਰਵ ਬੈਂਕ ਆੱਫ਼ ਇੰਡੀਆ ਦੇ ਅਧਿਕਾਰੀਆਂ ਸਾਹਮਣੇ ਬੈਠਾ ਸੀ। ਉਨ੍ਹਾਂ ਦੀ ਮੰਗ ਸੀ ਕਿ ਉਨ੍ਹਾਂ ਨੂੰ ਬੈਂਕ ਚਲਾਉਣ ਲਈ ਲਾਇਸੈਂਸ ਦਿੱਤਾ ਜਾਵੇ। ਭਾਵੇਂ ਇਸ ਮੰਗ ਨੂੰ ਇਹ ਅਫ਼ਸਰ ਛੇ ਮਹੀਨੇ ਪਹਿਲਾਂ ਹੀ ਰੱਦ ਕਰ ਚੁੱਕੇ ਸਨ ਕਿਉਂਕਿ ਤਦ ਇਨ੍ਹਾਂ ਔਰਤਾਂ ਦਾ ਕਹਿਣਾ ਸੀ ਕਿ ਉਹ ਅਨਪੜ੍ਹ ਹਨ, ਇਸ ਲਈ ਬੈਂਕਿੰਕ ਦੇ ਕੰਮ ਲਈ ਅੰਗੂਠੇ ਦੇ ਨਿਸ਼ਾਨ ਨੂੰ ਮਨਜ਼ੂਰ ਕੀਤਾ ਜਾਵੇ; ਜਿਸ ਨੂੰ ਇਨ੍ਹਾਂ ਅਧਿਕਾਰੀਆਂ ਨੇ ਮੁਢੋਂ ਨਕਾਰ ਦਿੱਤਾ ਸੀ। ਇਸ ਤੋਂ ਬਾਅਦ ਇਹ ਔਰਤਾਂ ਇੱਕ ਵਾਰ ਫਿਰ ਇੱਕਜੁਟ ਹੋਈਆਂ ਅਤੇ ਉਨ੍ਹਾਂ ਵਿਚੋਂ ਇੱਕ ਮਹਿਲਾ ਨੇ ਬੈਂਕ ਅਧਿਕਾਰੀ ਨੂੰ ਕਿਹਾ ਕਿ ਤੁਸੀਂ ਸਾਡੇ ਬੈਂਕਿੰਗ ਲਾਇਸੈਂਯ ਦੀ ਮੰਗ ਇਸ ਲਈ ਰੱਦ ਕਰ ਦਿੱਤੀ ਸੀ ਕਿਉਂਕਿ ਅਸੀਂ ਅਨਪੜ੍ਹ ਹਾਂ ਪਰ ਅੱਜ ਅਸੀਂ ਪੜ੍ਹ-ਲਿਖ ਕੇ ਇੱਥੇ ਬੈਠੀਆਂ ਹਾਂ। ਉਨ੍ਹਾਂ ਅਫ਼ਸਰਾਂ ਨੂੰ ਇਹ ਵੀ ਕਿਹਾ ਕਿ ਜੇ ਉਹ ਅਨਪੜ੍ਹ ਹਨ, ਤਾਂ ਇਸ ਲਈ ਉਹ ਜ਼ਿੰਮੇਵਾਰ ਨਹੀਂ ਹਨ ਕਿਉਂਕਿ ਇੱਥੇ ਕੋਈ ਸਕੂਲ ਨਹੀਂ ਹਨ, ਜਿੱਥੇ ਉਹ ਪੜ੍ਹਨ ਜਾ ਸਕਣ। ਇੰਨਾ ਹੀ ਨਹੀਂ, ਇਨ੍ਹਾਂ ਮਹਿਲਾਵਾਂ ਨੇ ਬੈਂਕ ਅਧਿਕਾਰੀਆਂ ਨੂੰ ਚੁਣੌਤੀ ਦਿੱਤੀ ਅਤੇ ਉਨ੍ਹਾਂ ਨੂੰ ਕਿਹਾ ਕਿ ਉਹ ਸਾਨੂੰ ਦੱਸਣ ਕਿ ਕਿੰਨੇ ਮੂਲਧਨ ਉਤੇ ਕਿੰਨਾ ਵਿਆਜ ਕੱਢਣਾ ਹੈ, ਨਾਲ ਹੀ ਆਪਣੇ ਕਰਮਚਾਰੀ ਨੂੰ ਅਜਿਹਾ ਕਰਨ ਲਈ ਆਖਣ। ਉਸ ਤੋਂ ਬਾਅਦ ਵੇਖਣ ਕਿ ਕੌਣ ਸਹੀ ਅਤੇ ਛੇਤੀ ਇਸ ਦਾ ਹੱਲ ਕੱਢ ਸਕਦਾ ਹੈ।

image


ਮਹਿਲਾਵਾਂ ਵਿੱਚ ਇਹ ਭਰੋਸਾ ਵੇਖ ਕੇ ਚੇਤਨਾ ਵਿਜੇ ਸਿਨਹਾ ਨੂੰ ਉਸ ਵੇਲੇ ਪਤਾ ਚੱਲ ਗਿਆ ਸੀ ਕਿ ਉਨ੍ਹਾਂ ਨੇ ਮਹਿਲਾਵਾਂ ਦੇ ਵਿਕਾਸ ਲਈ ਜੋ ਸੰਗਠਨ 'ਮਾਨ ਦੇਸੀ ਫ਼ਾਊਂਡੇਸ਼ਨ' ਬਣਾਈ ਹੈ, ਉਹ ਉਨ੍ਹਾਂ ਦਾ ਸਹੀ ਫ਼ੈਸਲਾ ਸੀ। ਛੇ ਮਹੀਨੇ ਪਹਿਲਾਂ ਇਹ ਔਰਤਾਂ ਉਦਾਸ ਹੋ ਗਈਆਂ ਸਨ ਪਰ ਤਦ ਤੋਂ ਬਾਅਦ ਚੀਜ਼ਾਂ ਬਦਲੀਆਂ। ਇਸ ਤਰ੍ਹਾਂ ਸਾਲ 1997 ਵਿੱਚ ਮਾਨ ਦੇਸੀ ਬੈਂਕ ਦੀ ਸਥਾਪਨਾ ਹੋਈ ਸੀ। ਇਹ ਇੱਕ ਸਹਿਕਾਰੀ ਬੈਂਕ ਹੈ, ਜੋ ਔਰਤਾਂ ਲਈ ਔਰਤਾਂ ਵੱਲੋਂ ਚਲਾਇਆ ਜਾਂਦਾ ਹੈ। ਇਹ ਮਹਾਰਾਸ਼ਟਰ ਦੇ ਚੋਣਵੇਂ ਮਾਈਕ੍ਰੋ ਫ਼ਾਈਨਾਂਸ ਬੈਂਕਾਂ ਵਿਚੋਂ ਇੱਕ ਹੈ।

ਚੇਤਨਾ ਦਾ ਜਨਮ ਮੁੰਬਈ 'ਚ ਹੋਇਆ ਸੀ ਪਰ ਵਿਆਹ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਪਤੀ ਵਿਜੇ ਸਿਨਹਾ ਨਾਲ ਮਸਵਾੜ ਪਿੰਡ ਵਿੱਚ ਆ ਕੇ ਰਹਿਣਾ ਪਿਆ। ਚੇਤਨਾ ਲਈ ਉਨ੍ਹਾਂ ਦੀ ਜ਼ਿੰਦਗੀ ਵਿੱਚ ਜਨਤਕ ਅਤੇ ਸਮਾਜਕ ਕਾਰਣਾਂ ਨੇ ਸਦਾ ਖ਼ਾਸ ਜਗ੍ਹਾ ਬਣਾਈ। ਅਸਲ ਵਿੱਚ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪਤੀ ਦੀ ਮੁਲਾਕਾਤ ਜੈਪ੍ਰਕਾਸ਼ ਨਾਰਾਇਣ ਅੰਦੋਲਨ ਦੌਰਾਨ ਹੀ ਹੋਈ ਸੀ। ਭਾਵੇਂ ਉਨ੍ਹਾਂ ਦਾ ਸ਼ਹਿਰ ਤੋਂ ਪਿੰਡ ਤੱਕ ਦਾ ਸਫ਼ਰ ਕਾਫ਼ੀ ਔਕੜਾਂ ਭਰਿਆ ਰਿਹਾ। ਚੇਤਨਾ ਨੇ ਪਹਿਲੀ ਵਾਰ ਵੇਖਿਆ ਕਿ ਪਿੰਡ ਵਿੱਚ ਜਨਤਕ ਟਰਾਂਸਪੋਰਟ ਲਈ ਲੋਕਾਂ ਨੂੰ ਘੰਟਿਆਂ ਬੱਧੀ ਉਡੀਕ ਕਰਨੀ ਪੈਂਦੀ ਹੈ। ਇੰਨਾ ਹੀ ਨਹੀਂ, ਪਿੰਡ ਵਿੱਚ ਬਿਜਲੀ ਨਾ ਰਹਿਣੀ ਆਮ ਗੱਲ ਸੀ। ਤਦ ਉਥੇ ਦੂਜੇ ਪਾਸੇ ਚੇਤਨਾ ਮੁੰਬਈ ਦੇ ਜੰਮਪਲ਼ ਸਨ, ਇਸੇ ਲਈ ਪਿੰਡ ਦੀ ਜ਼ਿੰਦਗੀ ਉਨ੍ਹਾਂ ਲਈ ਬਹੁਤ ਵੱਖ ਸੀ। ਵਿਆਹੁਤਾ ਔਰਤ ਹੋਣ ਦੇ ਨਾਤੇ ਲੋਕ ਉਨ੍ਹਾਂ ਤੋਂ ਆਸ ਰਖਦੇ ਕਿ ਉਹ ਮੰਗਲ਼-ਸੂਤਰ ਪਹਿਨਣ ਪਰ ਉਹ ਨਾਰੀਵਾਦੀ ਅੰਦੋਲਨ ਨਾਲ ਜੁੜੇ ਸਨ, ਇਸੇ ਲਈ ਉਨ੍ਹਾਂ ਕਦੇ ਵੀ ਮੰਗਲ਼-ਸੂਤਰ ਨਹੀਂ ਪਹਿਨਿਆ। ਪਿੰਡ ਵਾਲਿਆਂ ਲਈ ਇਹ ਬਿਲਕੁਲ ਨਵੀਂ ਚੀਜ਼ ਸੀ, ਉਹ ਅਕਸਰ ਚੇਤਨਾ ਨੂੰ ਰਵਾਇਤੀ ਕੱਪੜੇ ਪਹਿਨਣ ਲਈ ਦਬਾਅ ਪਾਉਂਦੇ। ਪਰ ਚੇਤਨਾ ਦਾ ਮੰਨਣਾ ਸੀ ਕਿ ਇੱਕ ਨਾ ਇੱਕ ਦਿਨ ਉਨ੍ਹਾਂ ਨੂੰ ਉਂਝ ਹੀ ਪ੍ਰਵਾਨ ਕਰੇਗਾ, ਜਿਹੋ ਜਿਹੇ ਉਹ ਹਨ। ਤਦ ਹੀ ਤਾਂ ਅੱਜ ਉਹ ਮਹਾਰਾਸ਼ਟਰ ਦੇ ਉਸ ਨਿੱਕੇ ਜਿਹੇ ਕਸਬੇ ਦਾ ਹਿੱਸਾ ਹਨ। ਖ਼ਾਸ ਤੌਰ ਉਤੇ ਤਦ ਤੋਂ ਜਦੋਂ ਉਨ੍ਹਾਂ ਮਾਨ ਦੇਸੀ ਫ਼ਾਊਂਡੇਸ਼ਨ ਦੀ ਨੀਂਹ ਰੱਖੀ।

ਦਰਅਸਲ, ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਸਾਲ 1986-87 ਵਿੱਚ ਤਦ ਹੋਈ, ਜਦੋਂ ਸੰਸਦ ਨੇ ਪੰਚਾਇਤੀ ਰਾਜ ਬਿਲ ਵਿੱਚ ਕੁੱਝ ਸੋਧਾਂ ਕੀਤੀਆਂ। ਜਿਸ ਤੋਂ ਬਾਅਦ ਪੰਚਾਇਤਾਂ ਵਿੱਚ 30 ਪ੍ਰਤੀਸ਼ਤ ਰਾਖਵਾਂਕਰਣ ਔਰਤਾਂ ਨੂੰ ਦਿੱਤਾ ਜਾਣ ਲੱਗਾ। ਚੇਤਨਾ ਨੇ ਪਿੰਡ ਦੀਆਂ ਔਰਤਾਂ ਨੂੰ ਇਸ ਪ੍ਰਤੀ ਜਾਗ੍ਰਿਤ ਕੀਤਾ ਅਤੇ ਛੇਤੀ ਹੀ ਉਨ੍ਹਾਂ ਲਈ ਇੱਕ ਫ਼ਾਊਂਡੇਸ਼ਨ ਦੀ ਸ਼ੁਰੂਆਤ ਕੀਤੀ, ਜਿੱਥੇ ਔਰਤਾਂ ਨੂੰ ਸਥਾਨਕ ਸਵੈ-ਸ਼ਾਸਨ ਦੇ ਕੰਮਕਾਜ ਦੀ ਜਾਣਕਾਰੀ ਦਿੱਤੀ ਜਾਣ ਲੱਞੀ। ਇੱਕ ਦਿਨ ਚੇਤਨਾ ਕੋਲ ਇੱਕ ਔਰਤ ਲੁਹਾਰ, ਜਿਸ ਦਾ ਨਾਂਅ ਕਾਂਤਾ ਅਮਨਦਾਸ ਸੀ, ਆਈ ਅਤੇ ਉਨ੍ਹਾਂ ਨੂੰ ਕਿਹਾ ਕਿ ਉਹ ਆਪਣੀ ਕੁੱਝ ਜਮ੍ਹਾ-ਪੂੰਜੀ ਬੈਂਕ ਵਿੱਚ ਜਮ੍ਹਾ ਕਰਵਾਉਣਾ ਚਾਹੁੰਦੀ ਹੈ ਪਰ ਬੈਂਕ ਨੇ ਉਨ੍ਹਾਂ ਉਨ੍ਹਾਂ ਦਾ ਖਾਤਾ ਖੋਲ੍ਹਣ ਤੋਂ ਮਨ੍ਹਾ ਕਰ ਦਿੱਤਾ ਹੈ। ਇਸ ਗੱਲ ਤੋਂ ਚੇਤਨਾ ਕਾਫ਼ੀ ਹੈਰਾਨ ਹੋਏ ਤਅੇ ਉਨ੍ਹਾਂ ਕਾਂਤਾ ਬਾਈ ਨਾਲ ਬੈਂਕ ਜਾਣ ਦਾ ਫ਼ੈਸਲਾ ਕੀਤਾ। ਜਿੱਥੇ ਬੈਂਕ ਆੱਫ਼ੀਸਰ ਨੇ ਦੱਸਿਆ ਕਿ ਉਹ ਕਾਂਤਾ ਦਾ ਖਾਤਾ ਇਸ ਲਈ ਨਹੀਂ ਖੋਲ੍ਹ ਸਕਦੇ ਕਿਉਂਕਿ ਉਨ੍ਹਾਂ ਦੀ ਪੂੰਜੀ ਬਹੁਤ ਘੱਟ ਹੈ। ਬੈਂਕ ਅਧਿਕਾਰੀ ਦੀ ਗੱਲ ਸੁਣ ਕੇ ਚੇਤਨਾ ਨੂੰ ਬਹੁਤ ਅਜੀਬ ਜਾਪਿਆ ਅਤੇ ਤਦ ਉਹ ਇਹ ਸੋਚਣ ਲਈ ਮਜਬੂਰ ਹੋਏ ਕਿ ਅਜਿਹੀ ਹਾਲਤ ਵਿੱਚ ਛੋਟੀ ਬੱਚਤ ਕਰਨ ਵਾਲੀਆਂ ਔਰਤਾਂ ਕਿੱਥੇ ਆਪਣਾ ਧਨ ਸੁਰੱਖਿਅਤ ਰੱਖਣ।

image


ਤਦ ਚੇਤਨਾ ਨੇ ਫ਼ੈਸਲਾ ਕੀਤਾ ਕਿ ਉਹ ਅਜਿਹੀਆਂ ਮਹਿਲਾਵਾਂ ਲਈ ਬੈਂਕ ਖੋਲ੍ਹਣਗੇ; ਤਾਂ ਜੋ ਕਾਂਤਾ ਬਾਈ ਜਿਹੀਆਂ ਹੋਰ ਮਹਿਲਾਵਾਂ ਨੂੰ ਪਰੇਸ਼ਾਨੀ ਨਾ ਹੋਵੇ। ਚੇਤਨਾ ਨੇ ਦੱਸਿਆ ਕਿ ਪਿੰਡ ਦੀਆਂ ਔਰਤਾਂ ਵੀ ਇਸ ਕੰਮ ਵਿੱਚ ਮਦਦ ਦੇਣ ਲਈ ਤਿਆਰ ਹੋ ਗਈਆਂ ਪਰ ਉਨ੍ਹਾਂ ਨੂੰ ਅਜਿਹੇ ਮੌਕੇ ਦੀ ਉਡੀਕ ਸੀ। ਤਦ ਚੇਤਨਾ ਅਤੇ ਬੈਂਕ ਮੁਲਾਜ਼ਮਾਂ ਨੂੰ ਇੱਕ ਹੋਰ ਔਕੜ ਦਾ ਸਾਹਮਣਾ ਕਰਨਾ ਅਤੇ ਉਹ ਸੀ ਕਿ ਔਰਤਾਂ ਆਪਣੀ ਰੋਜ਼ਾਨਾ ਮਜ਼ਦੂਰੀ ਦੀ ਥਾਂ ਬੈਂਕ ਜਾ ਕੇ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦੀਆਂ ਸਨ। ਇਸ ਸਮੱਸਿਆ ਨਾਲ ਨਿਪਟਣ ਲਈ ਮਾਨ ਦੇਸੀ ਨੇ ਘਰ-ਘਰ ਜਾ ਕੇ ਬੈਂਕਿੰਗ ਸੇਵਾਵਾਂ ਦੇਣ ਦਾ ਫ਼ੈਸਲਾ ਲਿਆ। ਇਸ ਤੋਂ ਬਾਅਦ ਅਗਲਾ ਕਦਮ ਇਹ ਸੀ ਕਿ ਔਰਤਾਂਆਪਣੇ ਕੋਲ ਬੈਂਕ ਦੀ ਪਾਸਬੁੱਕ ਰੱਖਣ। ਕਿਉਂਕਿ ਅਜਿਹਾ ਕਰਨ ਨਾਲ ਉਨ੍ਹਾਂ ਦੇ ਪਤੀ ਜਾਣ ਜਾਣਗੇ ਕਿ ਉਨ੍ਹਾਂ ਕੋਲ ਇੰਨਾ ਪੈਸਾ ਹੈ ਅਤੇ ਉਹ ਉਸ ਪੈਸੇ ਨੂੰ ਸ਼ਰਾਬ ਉਤੇ ਖ਼ਰਚ ਕਰ ਦੇਣਗੇ। ਇਸ ਸਥਿਤੀ ਨਾਲ ਨਿਪਟਣ ਲਈ 'ਮਾਨ ਦੇਸੀ' ਨੇ ਸਮਾਰਟ ਕਾਰਡ ਜਾਰੀ ਕੀਤੇ ਅਤੇ ਛੇਤੀ ਹੀ ਔਰਤਾਂ ਨੂੰ ਕਰਜ਼ਾ ਦੇਣ ਦਾ ਕੰਮ ਸ਼ੁਰੂ ਕੀਤਾ ਗਿਆ।

ਇੱਕ ਦਿਨ ਪਿੰਡ ਦੀ ਇੱਕ ਔਰਤ ਕੇਰਾਬਾਈ ਬੈਂਕ 'ਚ ਆਈ ਅਤੇ ਉਨ੍ਹਾਂ ਤੋਂ ਸੈਲ-ਫ਼ੋਨ ਖ਼ਰੀਦਣ ਲਈ ਕਰਜ਼ਾ ਦੇਣ ਦੀ ਮੰਗ ਕੀਤੀ। ਜਿਸ ਤੋਂ ਬਾਅਦ ਬੈਂਕ ਅਧਿਕਾਰੀਆਂ ਨੂੰ ਲੱਗਾ ਕਿ ਸ਼ਾਇਦ ਕੇਰਾਬਾਈ ਦੇ ਬੱਚੇ ਉਨ੍ਹਾਂ ਨੂੰ ਆਪਣੇ ਲਈ ਨਵਾਂ ਫ਼ੋਨ ਖ਼ਰੀਦਣ ਲਈ ਮਜਬੂਰ ਕਰ ਰਹੇ ਹਨ, ਇਸੇ ਲਈ ਉਹ ਕਰਜ਼ਾ ਮੰਗ ਰਹੇ ਹਨ ਪਰ ਕੇਰਾਬਾਈ ਨੇ ਕਿਹਾ ਕਿ ਉਹ ਬੱਚਿਆਂ ਲਈ ਨਹੀਂ, ਸਗੋਂ ਆਪਣੇ ਲਈ ਫ਼ੋਨ ਖ਼ਰੀਦਣਾ ਚਾਹੁੰਦੇ ਹਨ ਕਿਉਂਕਿ ਉਹ ਬੱਕਰੀਆਂ ਚਰਾਉਣ ਲਈ ਕਈ ਵਾਰ ਦੂਰ ਨਿੱਕਲ਼ ਜਾਂਦੇ ਹਨ ਅਤੇ ਤਦ ਉਨ੍ਹਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਨਾਲ ਕੋਈ ਗੱਲ ਕਰਨ ਦੀ ਜ਼ਰੂਰਤ ਹੁੰਦੀ ਹੈ। ਇਸ ਗੱਲਬਾਤ ਦੌਰਾਨ ਕੇਰਾਬਾਈ ਨੇ ਚੇਤਨਾ ਤੋਂ ਫ਼ੋਨ ਦੀ ਵਰਤੋਂ ਬਾਰੇ ਵੀ ਜਾਣਕਾਰੀ ਲਈ। ਤਦ ਚੇਤਨਾ ਨੇ ਸੋਚਿਆ ਕਿ ਕਿਉਂ ਨਾ ਅਜਿਹੀਆਂ ਔਰਤਾਂ ਲਈ ਇੱਕ ਬਿਜ਼ਨੇਸ ਸਕੂਲ ਖੋਲ੍ਹਿਆ ਜਾਵੇ। ਉਸ ਦੌਰਾਨ ਉਨ੍ਹਾਂ ਵੇਖਿਆ ਕਿ ਕਈ ਔਰਤਾਂ ਅਨਪੜ੍ਹ ਹਨ, ਤਦ ਮਾਨ ਦੇਸੀ ਫ਼ਾਊਂਡੇਸ਼ਨ ਨੇ ਔਰਤਾਂ ਨੂੰ ਸਿੱਖਿਅਤ ਕਰਨ ਲਈ ਆੱਡੀਓ ਵਿਜ਼ੂਅਲ ਦਾ ਸਹਾਰਾ ਲਿਆ ਅਤੇ ਛੇਤੀ ਹੀ ਔਰਤਾਂ ਲਈ ਵੱਖ ਤੋਂ ਰੇਡੀਓ ਸਟੇਸ਼ਨ ਸਥਾਪਤ ਹੋ ਗਿਆ।

ਅੱਜ ਇਹ ਸੰਗਠਨ ਦੇਹਾਤੀ ਔਰਤਾਂ ਨੂੰ ਕਾਰੋਬਾਰ ਸਥਾਪਤ ਕਰਨ ਵਿੱਚ ਮਦਦ ਕਰਦਾ ਹੈ। ਚੇਤਨਾ ਦਾ ਕਹਿਣਾ ਹੈ ਕਿ ਇਹ ਔਰਤਾਂ ਉਨ੍ਹਾਂ ਦੀਆਂ ਅਧਿਆਪਕ ਹਨ ਕਿਉਂਕਿ ਇਨ੍ਹਾਂ ਤੋਂ ਉਨ੍ਹਾਂ ਹਰ ਰੋਜ਼ ਕਾਫ਼ੀ ਕੁੱਝ ਸਿੱਖਿਆ ਹੈ। ਸਾਗਰ ਬਾਈ ਇੱਕ ਅਜਿਹੀ ਔਰਤ ਹੈ, ਜਿਨ੍ਹਾਂ ਚੇਤਨਾ ਨੂੰ ਦ੍ਰਿੜ੍ਹ ਸੰਕਲਪ ਅਤੇ ਬਹਾਦਰੀ ਦਾ ਜ਼ਬਰਦਸਤ ਪਾਠ ਪੜ੍ਹਾਇਆ ਹੈ। ਸਾਗਰ ਬਾਈ ਨੇ ਪੰਜਵੀਂ ਤੱਕ ਪੜ੍ਹਾਈ ਕਰਨ ਤੋਂ ਬਾਅਦ ਚਾਹ ਦੀ ਦੁਕਾਨ ਚਲਾਈ। ਹੁਣ ਸਾਗਰ ਬਾਈ ਇੱਕ ਸਾਇਕਲ ਚਾਹੁੰਦੀ ਹੈ, ਤਾਂ ਜੋ ਉਹ ਆਪਣੇ ਪਿੰਡ ਤੋਂ ਦੂਰ ਸਕੂਲ ਵਿੱਚ ਜਾ ਕੇ ਪੜ੍ਹਾਈ ਨੂੰ ਇੱਕ ਵਾਰ ਫਿਰ ਸ਼ੁਰੂ ਕਰ ਸਕੇ। ਸਾਗਰ ਬਾਈ ਦਾ ਹਵਾਲਾ ਦਿੰਦਿਆਂ ਚੇਤਨਾ ਦਸਦੇ ਹਨ ਕਿ ਸਾਡੀ ਮਦਦ ਨਾਲ ਉਨ੍ਹਾਂ ਚਾਹ ਦੀ ਇੱਕ ਦੁਕਾਨ ਖੋਲ੍ਹੀ ਅਤੇ ਇੱਕ ਦਿਨ ਪੁਲਿਸ ਉਨ੍ਹਾਂ ਨੂੰ ਇਸ ਲਈ ਫੜ ਕੇ ਲੈ ਗਈ ਕਿਉਂਕਿ ਉਹ ਆਪਣੀ ਦੁਕਾਨ ਵਿੱਚ ਘਰੇਲੂ ਗੈਸ ਦਾ ਸਿਲੰਡਰ ਵਰਤ ਰਹੇ ਸਨ। ਉਹ ਦੋ ਦਿਨਾਂ ਤੱਕ ਪੁਲਿਸ ਹਿਰਾਸਤ ਵਿੱਚ ਰਹੇ। ਤਦ ਅਸੀਂ ਸੋਚਿਆ ਕਿ ਇਸ ਦੌਰਾਨ ਉਹ ਟੁੱਟ ਗਏ ਹੋਣਗੇ ਅਤੇ ਮੁੜ ਉਹ ਇਹ ਕੰਮ ਸ਼ੁਰੂ ਨਹੀਂ ਕਰਨਗੇ ਪਰ ਜਦੋਂ ਉਹ ਛੁੱਟ ਕੇ ਆਏ, ਤਾਂ ਉਨ੍ਹਾਂ ਕਿਹਾ ਕਿ ਉਹ ਮੁੜ ਇਹ ਕੰਮ ਸ਼ੁਰੂ ਕਰਨਗੇ ਅਤੇ ਇਸ ਵਾਰ ਉਹ ਕਮਰਸ਼ੀਅਲ ਗੈਸ ਦੀ ਵਰਤੋਂ ਕਰ ਕੇ ਆਪਣੇ ਕਾਰੋਬਾਰ ਤੋਂ ਲਾਭ ਉਠਾਉਣਗੇ।

image


ਅੱਜ ਲੋਕ ਹਾਵਰਡ ਅਤੇ ਯੇਲ ਯੂਨੀਵਰਸਿਟੀ ਦੇ ਵਿਦਿਆਰਥੀ ਉਨ੍ਹਾਂ ਦੇ ਬਿਜ਼ਨੇਸ ਮਾੱਡਲ ਸਿੱਖਣ ਲਈ ਆਉਂਦੇ ਹਨ। ਕਾਰੋਬਾਰ ਅਤੇ ਵਪਾਰਕ ਸਿਖਲਾਈ ਦੇਣ ਤੋਂ ਇਲਾਵਾ 'ਮਾਨ ਦੇਸੀ' ਔਰਤਾਂ ਨੂੰ ਕਰਜ਼ਾ ਦੇਣ ਦਾ ਕੰਮ ਵੀ ਕਰਦੀ ਹੈ। ਫਿਰ ਭਾਵੇਂ ਹਾਈ ਸਕੂਲ ਵਿੱਚ ਪੜ੍ਹਨ ਵਾਲੀਆਂ ਕੁੜੀਆਂ ਨੂੰ ਸਾਇਕਲ ਖ਼ਰੀਦਣ ਲਈ ਕਰਜ਼ਾ ਚਾਹੀਦਾ ਹੋਵੇ। ਚੇਤਨਾ ਦਸਦੇ ਹਨ ਕਿ ਇੱਕ ਦਿਨ ਕੇਰਾਬਾਈ ਆਪਣੇ ਗਹਿਣੇ ਬੈਂਕ ਵਿੱਚ ਗਿਰਵੀ ਰੱਖਣ ਲਈ ਆਏ। ਜਦੋਂ ਉਨ੍ਹਾਂ ਕੇਰਾਬਾਈ ਤੋਂ ਪੁੱਛਿਆ ਕਿ ਉਹ ਅਜਿਹਾ ਕਿਉਂ ਕਰ ਰਹੇ ਹਨ, ਤਦ ਉਨ੍ਹਾਂ ਕਿਹਾ ਕਿ ਅਜਿਹਾ ਕਰ ਕੇ ਉਹ ਆਪਣੇ ਪਸ਼ੂਆਂ ਲਈ ਚਾਰੇ ਦਾ ਇੰਤਜ਼ਾਮ ਕਰ ਸਕਦੇ ਹਨ; ਕਿਉਂਕਿ ਇਸ ਵਾਰ ਸੋਕਾ ਪਿਆ ਹੈ ਅਤੇ ਖੇਤਾਂ ਵਿੱਚ ਚਾਰੇ ਦਾ ਕੋਈ ਇੰਤਜ਼ਾਮ ਨਹੀਂ ਹੈ। ਇਸ ਤੋਂ ਬਾਅਦ ਕੇਰਾਬਾਈ ਨੇ ਉਨ੍ਹਾਂ ਨੂੰ ਗੁੱਸੇ ਵਿੱਚ ਕਿਹਾ ਕਿ ਪੜ੍ਹਨ ਅਤੇ ਪੜ੍ਹਾਉਣ ਤੋਂ ਇਲਾਵਾ ਕੀ ਉਨ੍ਹਾਂ ਨੂੰ ਆਪਣੇ ਆਲੇ-ਦੁਆਲੇ ਦੇ ਹਾਲਾਤ ਵਿਖਾਈ ਨਹੀਂ ਦਿੰਦੇ? ਤਦ ਚੇਤਨਾ ਨੇ ਉਨ੍ਹਾਂ ਤੋਂ ਇਸ ਗੱਲ ਦਾ ਮਤਲਬ ਜਾਣਨਾ ਚਾਹਿਆ। ਤਦ ਕੇਰਾਬਾਈ ਨੇ ਦੱਸਿਆ ਕਿ ਇਸ ਪੂਰੇ ਇਲਾਕੇ ਵਿੱਚ ਪਾਣੀ ਨਹੀਂ ਹੈ ਅਤੇ ਉਹ ਆਪਣੇ ਗਹਿਣੇ ਗਿਰਵੀ ਰੱਖਣਗੇ, ਤਾਂ ਕੀ ਬਦਲੇ ਵਿੱਚ ਉਹ ਉਨ੍ਹਾਂ ਨੂੰ ਪਾਣੀ ਦੇਣਗੇ। ਕੇਰਾਬਾਈ ਨੇ ਕਿਹਾ ਕਿ ਸਾਰੀਆਂ ਨਦੀਆਂ ਅਤੇ ਤਾਲਾਬ ਸੁੱਕ ਗਏ ਹਨ; ਉਹ ਕਿੱਥੋਂ ਆਪਣੇ ਪਸ਼ੂਆਂ ਨੂੰ ਪਾਣੀ ਪਿਆਉਣ। ਉਨ੍ਹਾਂ ਕਿਹਾ ਕਿ ਤੁਸੀਂ ਸਾਰੀ ਦੁਨੀਆਂ ਘੁੰਮਦੇ ਹੋ, ਤਦ ਕੀ ਤੁਸੀਂ ਇੰਨੀ ਸਾਧਾਰਣ ਜਿਹੀ ਚੀਜ਼ ਵੀ ਨਹੀਂ ਜਾਣਦੇ ਕਿ ਬਿਨਾਂ ਪਾਣੀ ਦੇ ਪਸ਼ੂ ਜਿਊਂਦੇ ਕਿਵੇਂ ਰਹਿਣਗੇ। ਕੇਰਾਬਾਈ ਨੂੰ ਸੁਣਨ ਤੋਂ ਬਾਅਦ ਉਸ ਰਾਤ ਚੇਤਨਾ ਸੌਂ ਨਾ ਸਕੇ। ਤਦ ਚੇਤਨਾ ਨੇ ਆਪਣੇ ਪਤੀ ਨਾਲ ਇਸ ਬਾਰੇ ਗੱਲ ਕੀਤੀ। ਇਸ ਤੋਂ ਬਾਅਦ ਅਗਲੇ ਦਿਨ ਉਨ੍ਹਾਂ ਪਸ਼ੂਆਂ ਨੂੰ ਪਾਣੀ ਪਿਆਉਣ ਲਈ ਕੈਂਪ ਦਾ ਆਯੋਜਨ ਕੀਤਾ ਪਰ ਤਦ ਚੇਤਨਾ ਨਹੀਂ ਜਾਣਦੇ ਸਨ ਕਿ ਉਹ ਪਸ਼ੂਆਂ ਲਈ ਚਾਰੇ ਅਤੇ ਪਾਣੀ ਦਾ ਇੰਤਜ਼ਾਮ ਕਿਵੇਂ ਕਰਨਗੇ ਪਰ ਲੋਕਾਂ ਨੇ ਉਨ੍ਹਾਂ ਦੇ ਇਸ ਕੰਮ ਵਿੱਚ ਮਦਦ ਕੀਤੀ ਅਤੇ ਇੱਕ ਮਹੀਨੇ ਅੰਦਰ 7,000 ਹਜ਼ਾਰ ਕਿਸਾਨ ਅਤੇ 14 ਹਜ਼ਾਰ ਜਾਨਵਰ ਉਨ੍ਹਾਂ ਦੇ ਇਸ ਕੈਂਪ ਵਿੱਚ ਆਏ। ਇਹ ਸਤਾਰਾ ਜ਼ਿਲ੍ਹੇ ਦੀ ਮਾਨ ਤਹਿਸੀਲ ਦਾ ਸਭ ਤੋਂ ਵੱਡਾ ਕੈਂਪ ਸੀ। ਲੋਕਾਂ ਨੇ ਪਾਣੀ ਲਈ ਨਵੇਂ ਖੂਹ ਪੁੱਟੇ ਅਤੇ ਕੈਂਪ ਵਿੱਚ ਹਰ ਰੋਜ਼ ਟਰੱਕਾਂ ਰਾਹੀਂ ਦੂਰ-ਦੁਰਾਡੇ ਤੋਂ ਚਾਰਾ ਆਉਣ ਲੱਗਾ। ਚੇਤਨਾ ਦਾ ਕਹਿਣਾ ਹੈ ਕਿ ਇਸ ਦੌਰਾਨ ਉਨ੍ਹਾਂ ਨੂੰ ਹਰ ਪਾਸਿਓਂ ਭਰਪੂਰ ਸਮਰਥਨ ਮਿਲਿਆ। ਲੋਕਾਂ ਦੇ ਸਮਰਥਨ ਦਾ ਹੀ ਨਤੀਜਾ ਸੀ ਕਿ ਚੇਤਨਾ ਨੂੰ ਇਹ ਕੈਂਪ ਡੇਢ ਸਾਲ ਤੱਕ ਚਲਾਉਣਾ ਪਿਆ।

ਇਸ ਤਰ੍ਹਾਂ ਇੱਕ ਗਰਭਵਤੀ ਔਰਤ ਉਨ੍ਹਾਂ ਦੇ ਕੈਂਪ ਵਿੱਚ ਆਈ, ਜਿਸ ਨੂੰ ਵੇਖੀ ਕੇ ਚੇਤਨਾ ਕਾਫ਼ੀ ਘਬਰਾ ਗਏ ਕਿਉਂਕਿ ਉਹ ਕੋਈ ਜੋਖਮ ਨਹੀਂ ਲੈਣਾ ਚਾਹੁੰਦੇ ਸਨ। ਇਸੇ ਲਈ ਉਨ੍ਹਾਂ ਉਸ ਗਰਭਵਤੀ ਔਰਤ ਅਤੇ ਉਸ ਦੀ ਮਾਂ ਨੂੰ ਆਪਣੇ ਪਿੰਡ ਪਰਤ ਜਾਣ ਲਈ ਕਿਹਾ। ਤਦ ਉਸ ਔਰਤ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਪਾਣੀ ਨਹੀਂ ਹੈ। ਕਿਸੇ ਤਰ੍ਹਾਂ ਉਸ ਔਰਤ ਨੇ ਜਾਨਵਰਾਂ ਦੇ ਉਸ ਕੈਂਪ ਵਿੱਚ ਬੱਚੇ ਨੂੰ ਜਨਮ ਦਿੱਤਾ। ਚੇਤਨਾ ਦਾ ਕਹਿਣਾ ਹੈ ਕਿ ਉਹ ਆਪਣੇ ਆਪ ਨੂੰ ਤਰਕਵਾਦੀ ਮੰਨਦੇ ਸਨ ਪਰ ਉਸ ਦਿਨ ਉਨ੍ਹਾਂ ਵੇਖਿਆ ਕਿ ਬੱਚੇ ਦੇ ਜਨਮ ਸਮੇਂ ਬਹੁਤ ਵਰਖਾ ਹੋਈ। ਤਦ ਉਥੇ ਮੌਜੂਦ ਲੋਕਾਂ ਨੇ ਫ਼ੈਸਲਾ ਕੀਤਾ ਕਿ ਉਸ ਬੱਚੇ ਦਾ ਨਾਂਅ ਮੇਘਰਾਜ ਰੱਖਿਆ ਜਾਵੇ। ਇਸ ਘਟਨਾ ਤੋਂ ਬਾਅਦ ਕੈਂਪ ਦਾ ਮਾਹੌਲ ਇੱਕਦਮ ਬਦਲ ਗਿਆ। ਤਦ ਉਥੇ ਮੌਜੂਦ ਇੱਕ ਕਿਸਾਨ ਬੋਲਿਆ ਕਿ ਇਸ ਬੱਚੇ ਦਾ ਜਨਮ ਬਹੁਤ ਮਾੜੀ ਹਾਲਤ ਵਿੱਚ ਹੋਇਆ ਹੈ ਪਰ ਉਹ ਸਾਡੇ ਲਈ ਮੀਂਹ ਲੈ ਕੇ ਆਇਆ ਹੈ, ਤਾਂ ਅਸੀਂ ਇਸ ਬੱਚੇ ਨੂੰ ਕੀ ਤੋਹਫ਼ਾ ਦੇ ਸਕਦੇ ਹਾਂ। ਤਦ ਬੈਂਕ ਦੀ ਸੀ.ਈ.ਓ. ਰੇਖਾ ਨੇ ਕਿਹਾ ਕਿ ਹਰ ਕੋਈ 10 ਹਜ਼ਾਰ ਰੁਪਏ ਦੇਵੇਗਾ ਅਤੇ ਇੱਕ ਘੰਟੇ ਦੇ ਅੰਦਰ ਬੱਚੇ ਦੇ ਨਾਂਅ ਨਾਲ 70 ਹਜ਼ਾਰ ਰੁਪਏ ਇਕੱਠੇ ਹੋ ਗਏ। ਜਿਸ ਤੋਂ ਬਾਅਦ ਫ਼ਾਊਂਡੇਸ਼ਨ ਨੇ 30 ਹਜ਼ਾਰ ਰੁਪਏ ਆਪਣੇ ਵੱਲੋਂ ਮਿਲ਼ਾ ਕੇ ਉਸ ਬੱਚੇ ਦੇ ਨਾਂਅ 1 ਲੱਖ ਰੁਪਏ ਦੀ ਐਫ਼.ਡੀ. ਕਰ ਦਿੱਤੀ।

    Share on
    close