ਅਥਾਹ ਦੁੱਖਾਂ ਦੇ ਬਾਵਜੂਦ ਸੰਧਿਆ ਚੇਰੀਅਨ ਨੇ ਜਿੱਤੇ ਕਈ ਮੋਰਚੇ

ਅਥਾਹ ਦੁੱਖਾਂ ਦੇ ਬਾਵਜੂਦ ਸੰਧਿਆ ਚੇਰੀਅਨ ਨੇ ਜਿੱਤੇ ਕਈ ਮੋਰਚੇ

Thursday December 24, 2015,

9 min Read

'ਫ਼ਰੰਟੀਅਰ ਮੈਡੀਵਿਲੇ' ਦੇ ਵਾਈਸ ਪ੍ਰੈਜ਼ੀਡੈਂਟ, 'ਫ਼ਰੰਟੀਅਰ ਲਾਈਫ਼ਲਾਈਨ ਹਾਸਪਿਟਲ ਅਤੇ ਡਾ. ਕੇ.ਐਮ. ਚੇਰੀਅਨ ਹਾਰਟ ਫ਼ਾਊਂਡੇਸ਼ਨ' ਦੇ ਡਾਇਰੈਕਟਰ ਸ੍ਰੀਮਤੀ ਸੰਧਿਆ ਚੇਰੀਅਨ ਮਜ਼ਬੂਤੀ ਤੇ ਜ਼ਿੰਦਾ-ਦਿਲੀ ਦੀ ਇੱਕ ਜਿਊਂਦੀ-ਜਾਗਦੀ ਮਿਸਾਲ ਹਨ। ਅਥਾਹ ਦੁੱਖਾਂ ਦੀ ਘੁੰਮਣ-ਘੇਰੀ 'ਚ ਫਸੇ ਹੋਣ ਦੇ ਬਾਵਜੂਦ ਉਹ ਆਪਣੇ ਦ੍ਰਿੜ੍ਹ ਇਰਾਦਿਆਂ 'ਤੇ ਡਟੇ ਰਹੇ। ਸ੍ਰੀਮਤੀ ਸੰਧਿਆ ਨੂੰ ਖ਼ੁਸ਼ੀ ਇਸ ਗੱਲ ਦੀ ਹੈ ਕਿ ਉਨ੍ਹਾਂ ਦੀਆਂ ਧੀਆਂ ਅਤੇ ਉਨ੍ਹਾਂ ਦੇ ਕੰਮ ਨੇ ਉਨ੍ਹਾਂ ਨੂੰ ਰੁਝਾਈ ਰੱਖਿਆ।

ਚਾਰ ਸਾਲ ਪਹਿਲਾਂ ਸ੍ਰੀਮਤੀ ਸੰਧਿਆ ਦੇ ਪਤੀ ਦਾ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨੂੰ ਸੁੱਤੇ ਪਿਆਂ ਹੀ ਦਿਲ ਦਾ ਦੌਰਾ ਪਿਆ ਸੀ ਤੇ ਫਿਰ ਉਹ ਕਦੇ ਨਾ ਉਠ ਸਕੇ ਤੇ ਇਸ ਫ਼ਾਨੀ ਜਹਾਨ ਨੂੰ ਅਲਵਿਦਾ ਆਖ ਗਏ। ਸ੍ਰੀਮਤੀ ਸੰਧਿਆ ਲਈ ਉਹ ਨੁਕਸਾਨ ਵੱਡਾ ਤਾਂ ਸੀ ਹੀ ਅਤੇ ਉਨ੍ਹਾਂ ਉਤੇ ਚਾਣਚੱਕ ਇੰਝ ਦੁੱਖਾਂ ਦਾ ਅਜਿਹਾ ਪਹਾੜ ਆ ਕੇ ਢਹਿ-ਢੇਰੀ ਹੋ ਗਿਆ ਸੀ ਕਿ ਜਿਸ ਸਥਿਤੀ ਬਾਰੇ ਉਨ੍ਹਾਂ ਕਦੇ ਸੁਫ਼ਨੇ ਵਿੱਚ ਵੀ ਸੋਚਿਆ ਨਹੀਂ ਸੀ। ਉਹ ਖ਼ੁਦ ਦਸਦੇ ਹਨ,'ਸਾਨੂੰ ਉਹ ਵੱਡਾ ਝਟਕੇ ਤੇ ਸਦਮੇ ਨੂੰ ਪ੍ਰਵਾਨ ਕਰਨ ਵਿੱਚ ਕੁੱਝ ਸਮਾਂ ਲੱਗਾ ਪਰ ਬਾਅਦ 'ਚ ਜ਼ਿੰਦਗੀ ਫਿਰ ਅਗਾਂਹ ਤੁਰ ਪਈ। ਮੈਂ ਮਹਿਸੂਸ ਕੀਤਾ ਕਿ ਅਜਿਹੇ ਵੇਲੇ ਇੱਥੇ ਭਾਰਤ 'ਚ ਰਹਿੰਦੇ ਆਪਣੇ ਪਰਿਵਾਰ ਕੋਲ ਮੇਰਾ ਰਹਿਣਾ ਬਹੁਤ ਜ਼ਰੂਰੀ ਸੀ; ਇਸੇ ਲਈ ਮੈਂ ਦੋ ਸਾਲ ਪਹਿਲਾਂ ਅਮਰੀਕਾ ਤੋਂ ਚੇਨਈ ਪਰਤਣ ਦਾ ਫ਼ੈਸਲਾ ਕਰ ਲਿਆ।'

ਇਸ ਵੇਲੇ ਸ੍ਰੀਮਤੀ ਸੰਧਿਆ ਆਪਣੇ ਪਿਤਾ ਵੱਲੋਂ ਸਥਾਪਤ ਕੀਤੇ ਗਏ ਦਿਲ ਦੇ ਰੋਗਾਂ ਦੇ ਸੁਪਰ ਸਪੈਸ਼ਿਐਲਿਟੀ ਕੇਂਦਰ 'ਫ਼ਰੰਟੀਅਰ ਲਾਈਫ਼ਲਾਈਨ ਹਸਪਤਾਲ' ਅਤੇ ਇੱਕ ਮੈਡੀਕਲ ਬਾਇਓ-ਸਾਇੰਸ ਪਾਰਕ 'ਫ਼ਰੰਟੀਅਰ-ਮੈਡੀਵਿਲੇ' ਦੇ ਪ੍ਰਸ਼ਾਸਕੀ ਕੰਮਾਂ ਵਿੱਚ ਹੱਥ ਵਟਾਉਂਦੇ ਹਨ। ਸ੍ਰੀਮਤੀ ਸੰਧਿਆ ਦਾ ਕਹਿਣਾ ਹੈ,''ਭਾਰਤ 'ਚ ਬਹੁਤੇ ਲੋਕ ਮਹਿੰਗੇ ਆੱਪਰੇਸ਼ਨ ਕਰਵਾਉਣ ਤੋਂ ਅਸਮਰੱਥ ਹੁੰਦੇ ਹਨ ਕਿਉਂਕਿ ਮੈਡੀਕਲ ਖੇਤਰ ਵਿੱਚ ਇਮਪਲਾਂਟਯੋਗ (ਮਨੁੱਖੀ ਅੰਗਾਂ ਦਾ ਟਰਾਂਸਪਲਾਂਟੇਸ਼ਨ), ਖਪਤਯੋਗ ਦਵਾਈਆਂ ਤੇ ਉਪਕਰਣਾਂ ਅਤੇ ਵਰਤ ਕੇ ਸੁੱਟਣਯੋਗ ਯੰਤਰਾਂ ਤੇ ਹੋਰ ਸਬੰਧਤ ਵਸਤਾਂ ਬਹੁਤ ਮਹਿੰਗੀਆਂ ਹਨ। ਅਸੀਂ ਮਹਿਸੂਸ ਕੀਤਾ ਕਿ ਕੀ ਅਸੀਂ ਕੁੱਝ ਖੋਜ ਕਰ ਕੇ ਇਹ ਵੇਖ ਸਕਦੇ ਹਾਂ ਕਿ ਅਜਿਹੇ ਮਹਿੰਗੇ ਆੱਪਰੇਸ਼ਨ ਕੁੱਝ ਘੱਟ ਕੀਮਤ ਉਤੇ ਕਰ ਸਕੀਏ। ਇੰਝ ਫ਼ਰੰਟੀਅਰ ਲਾਈਫ਼ਲਾਈਨ ਹਾਸਪਿਟਲ ਦੇ ਖੋਜ ਵਿੰਗ ਨੇ ਆਪਣੀ ਖੋਜ ਅਰੰਭੀ ਅਤੇ ਇੰਝ ਫ਼ਰੰਟੀਅਰ ਮੈਡੀਵਿਲੇ ਦੀ ਸ਼ੁਰੂਆਤ ਹੋਈ।''

image


ਭਾਰਤ ਪਰਤਣ ਉਤੇ ਸ੍ਰੀਮਤੀ ਸੰਧਿਆ ਨੂੰ ਉਨ੍ਹਾਂ ਸਾਰੀਆਂ ਕਠੋਰ ਤੇ ਕੌੜੀਆਂ ਸੱਚਾਈਆਂ ਦਾ ਸਾਹਮਣਾ ਕਰਨਾ ਪਿਆ; ਜੋ ਕਿ ਭਾਰਤੀ ਸਮਾਜ ਵਿੱਚ ਇੱਕ ਵਿਧਵਾ ਨੂੰ ਕਿਸੇ ਨਾ ਕਿਸੇ ਤਰੀਕੇ ਝੱਲਣੀਆਂ ਹੀ ਪੈਂਦੀਆਂ ਹਨ। ਇੱਥੇ ਉਨ੍ਹਾਂ ਨੂੰ ਅਲੱਗ-ਥਲੱਗ ਕਰ ਕੇ ਰੱਖ ਦਿੱਤਾ ਗਿਆ। ਜਿਹੜੇ ਦੋਸਤ ਤੇ ਹੋਰ ਜਾਣਕਾਰ ਉਨ੍ਹਾਂ ਦੇ ਪਰਿਵਾਰ ਨੂੰ ਆਪਣੇ ਵਿਆਹਾਂ ਤੇ ਹੋਰ ਖ਼ੁਸ਼ੀਆਂ ਦੇ ਮੌਕੇ ਜ਼ਰੂਰ ਸੱਦਦੇ ਸਨ; ਉਨ੍ਹਾਂ ਨੇ ਹੁਣ ਸ੍ਰੀਮਤੀ ਸੰਧਿਆ ਨੂੰ ਆਪਣੇ ਮਹਿਮਾਨਾਂ ਦੀ ਸੂਚੀ ਵਿੱਚੋਂ ਕੱਢ ਦਿੱਤਾ ਸੀ। ਸ੍ਰੀਮਤੀ ਸੰਧਿਆ ਨੂੰ ਹੋਰ ਵੀ ਭੈੜਾ ਉਸ ਵੇਲੇ ਲੱਗਾ, ਜਦੋਂ ਲੋਕ ਉਨ੍ਹਾਂ ਦੇ ਮੂੰਹ ਉਤੇ ਹੀ ਆਖਣ ਲੱਗੇ,''ਤੂੰ ਤਾਂ ਕਿਸੇ ਵੀ ਪਾਸਿਓਂ ਵਿਧਵਾ ਵਾਂਗ ਨਹੀਂ ਦਿਸ ਰਹੀ।''

ਸੰਧਿਆ ਦਸਦੇ ਹਨ ਕਿ ਲੋਕ ਮੇਰੇ ਬਾਰੇ ਸ਼ਾਇਦ ਇੰਝ ਸੋਚਦੇ ਸਨ ਕਿ ਵਿਧਵਾ ਹੁੰਦੇ ਸਾਰ ਮੈਨੂੰ ਤੁਰੰਤ ਅਜਿਹੇ ਬਾਣੇ ਵਿੱਚ ਆ ਜਾਣਾ ਚਾਹੀਦਾ ਸੀ, ਜਿਸ ਵਿੱਚ ਮੈਂ ਕੁੱਝ ਬੁੱਢੜੀ ਜਾਪਾਂ। ਮੈਂ ਵੇਖਿਆ ਕਿ ਅਸੀਂ ਹਾਲੇ ਵੀ ਅਜਿਹੇ ਜੁੱਗ ਵਿੱਚ ਰਹਿ ਰਹੇ ਹਾਂ, ਜਿੱਥੇ ਵਿਧਵਾਵਾਂ ਦੇ ਆਪਣੇ ਲਾਗੇ-ਚਾਗੇ ਹੋਣ ਨੂੰ ਮਾੜਾ ਜਾਂ ਬਦਸ਼ਗਨੀ ਮੰਨਿਆ ਜਾਂਦਾ ਹੈ। ਪਰ ਮੈਨੂੰ ਅਜਿਹੀਆਂ ਕੁੱਝ ਘਟਨਾਵਾਂ ਨੇ ਅਹਿਸਾਸ ਕਰਵਾ ਦਿੱਤਾ ਕਿ ਮੇਰੇ ਅਸਲ ਦੋਸਤ ਕੌਣ ਸਨ। ਅਜਿਹੇ ਤਜਰਬਿਆਂ ਨੇ ਮੈਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ, ਮੇਰੀ ਸ਼ਖ਼ਸੀਅਤ ਬਦਲ ਗਈ ਤੇ ਪਿਛਲੇ ਦੋ ਕੁ ਸਾਲਾਂ ਵਿੱਚ ਮੈਂ ਕੁੱਝ ਸਖ਼ਤ ਕਿਸਮ ਦੀ ਇਨਸਾਨ ਬਣ ਗਈ। ਹੋਰਨਾਂ ਵਿਧਵਾਵਾਂ ਨੂੰ ਮੇਰਾ ਇਹੋ ਸੁਨੇਹਾ ਹੈ ਕਿ ਉਹ ਮਜ਼ਬੂਤ ਹੋ ਕੇ ਆਪਣੇ ਦ੍ਰਿੜ੍ਹ ਇਰਾਦਿਆਂ ਉਤੇ ਡਟੀਆਂ ਰਹਿਣ। ਸਮਾਂ ਬਹੁਤ ਵੱਡਾ ਦਾਰੂ ਹੈ ਅਤੇ ਤੁਹਾਡੀ ਗੁੰਝਲਦਾਰ ਸਮਾਜਕ ਜ਼ਿੰਦਗੀ ਵਿੱਚ ਹੌਲੀ-ਹੌਲੀ ਸਮੇਂ ਨਾਲ ਸੁਧਾਰ ਆਉਂਦਾ ਜਾਵੇਗਾ।

ਮੈਡੀਸਨ ਨਾਲ ਪੱਖਪਾਤ

ਮੰਮੀ ਤੇ ਡੈਡੀ ਦੋਵੇਂ ਹੀ ਕਿਉਂਕਿ ਸਿਹਤ-ਸੰਭਾਲ ਖੇਤਰ ਨਾਲ ਜੁੜੇ ਹੋਏ ਹਨ, ਇਸੇ ਲਈ ਸ੍ਰੀਮਤੀ ਸੰਧਿਆ ਦਾ ਬਹੁਤਾ ਸਮਾਂ ਹਸਪਤਾਲਾਂ ਵਿੱਚ ਬੀਤਿਆ ਹੈ ਅਤੇ ਅੱਜ ਵੀ ਉਹ ਆਪਣੇ ਕੰਮ ਦੌਰਾਨ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਡਟ ਕੇ ਕਰਦੇ ਹਨ। ਉਨ੍ਹਾਂ ਦੇ ਪਿਤਾ ਕਿਉਂਕਿ ਇੱਕ ਕਾਰਡੀਓਲੌਜਿਸਟ ਸਨ ਤੇ ਖ਼ੁਦ ਸ੍ਰੀਮਤੀ ਸੰਧਿਆ ਵਿਗਿਆਨ ਦੇ ਵਿਸ਼ਿਆਂ ਵਿੱਚ ਹੁਸ਼ਿਆਰ ਸਨ; ਇਸੇ ਲਈ ਉਹ ਆਪਣੇ ਪਿਤਾ ਦੀਆਂ ਪੈੜ-ਚਾਲਾਂ ਉਤੇ ਚੱਲਣ ਦੇ ਪੂਰੀ ਤਰ੍ਹਾਂ ਯੋਗ ਸਨ।

ਮੰਦੇਭਾਗੀਂ, ਡੈਡੀ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦੀ ਧੀ ਮੈਡੀਸਨ ਦਾ ਖੇਤਰ ਚੁਣੇ ਤੇ ਉਨ੍ਹਾਂ ਦਾ ਮੰਨਣਾ ਸੀ ਕਿ ਔਰਤਾਂ ਮੈਡੀਕਲ ਦੇ ਕਿੱਤੇ ਨਾਲ ਇਨਸਾਫ਼ ਨਹੀਂ ਕਰ ਸਕਦੀਆਂ ਕਿਉਂਕਿ ਉਨ੍ਹਾਂ ਨੂੰ ਆਪਣੇ ਪੇਸ਼ੇਵਰਾਨਾ (ਪ੍ਰੋਫ਼ੈਸ਼ਨਲ) ਜੀਵਨ ਦੇ ਨਾਲ-ਨਾਲ ਆਪਣੇ ਪਰਿਵਾਰ ਨੂੰ ਵੀ ਸੰਭਾਲਣਾ ਹੁੰਦਾ ਹੈ। ''ਇਸੇ ਲਈ ਮੈਨੂੰ ਆਪਣੇ ਡੈਡੀ ਦਾ ਕਿੱਤਾ ਨਾ ਚੁਣਨ ਦਿੱਤਾ ਗਿਆ। ਅੱਜ ਕੱਲ੍ਹ ਦੇ ਨਿਆਣੇ ਜਿਵੇਂ ਦਲੇਰ ਹੋ ਕੇ ਆਪਣੇ ਮਾਪਿਆਂ ਨੂੰ ਆਪਣੇ ਦਿਲ ਦੀ ਗੱਲ ਤੇ ਹੋਰ ਵਿਚਾਰ ਬਹੁਤ ਆਸਾਨੀ ਨਾਲ ਦੱਸ ਦਿੰਦੇ ਹਨ, ਸਾਡੇ ਬਚਪਨ 'ਚ ਅਜਿਹਾ ਮਾਹੌਲ ਨਹੀਂ ਸੀ। ਸਾਡਾ ਤਾਂ ਆਪਣੇ ਮੰਮੀ-ਡੈਡੀ ਅੱਗੇ ਬੋਲਣ ਦਾ ਕਦੇ ਜੇਰਾ ਵੀ ਨਹੀਂ ਸੀ ਪੈ ਸਕਦਾ ਤੇ ਸਾਨੂੰ ਜੋ ਵੀ ਹੁਕਮ ਦਿੱਤਾ ਜਾਂਦਾ ਸੀ, ਅਸੀਂ ਉਹੀ ਮੰਨਦੇ ਸਾਂ।''

image


ਸ੍ਰੀਮਤੀ ਸੰਧਿਆ ਨੇ ਆਪਣੇ ਲਈ ਬਾਇਓ-ਮੈਡੀਕਲ ਇੰਜੀਨੀਅਰਿੰਗ ਦਾ ਕੈਰੀਅਰ ਚੁਣਿਆ ਸੀ। ਉਨ੍ਹਾਂ ਦੇ ਡੈਡੀ ਆਸਟਰੇਲੀਆ ਜਾ ਕੇ ਵੱਡੀ ਗਿਣਤੀ ਵਿੱਚ ਵਸਣ ਵਾਲੇ ਕੁੱਝ ਮੁਢਲੇ ਭਾਰਤੀਆਂ ਵਿਚੋਂ ਇੱਕ ਸਨ; ਜਿੱਥੋਂ ਫਿਰ ਉਹ ਨਿਊ ਜ਼ੀਲੈਂਡ ਚਲੇ ਗਏ ਸਨ। ਸ੍ਰੀਮਤੀ ਸੰਧਿਆ ਨੇ ਆਪਣੇ ਜੀਵਨ ਦੇ ਮੁਢਲੇ ਸਾਲ ਇਸੇ ਲਈ ਇਨ੍ਹਾਂ ਹੀ ਦੋਵੇਂ ਦੇਸ਼ਾਂ ਵਿੱਚ ਬਿਤਾਏ ਸਨ। ਜਦੋਂ ਉਹ ਭਾਰਤ ਪਰਤੇ, ਤਾਂ ਪਰਿਵਾਰ ਚੇਨਈ 'ਚ ਸੈਟਲ ਹੋ ਗਿਆ ਅਤੇ ਸ੍ਰੀਮਤੀ ਸੰਧਿਆ ਨੇ ਅੰਨਾ ਯੂਨੀਵਰਸਿਟੀ, ਗਿੰਡੀ ਤੋਂ ਇੰਜੀਨੀਅਰਿੰਗ ਦੀ ਗਰੈਜੂਏਸ਼ਨ ਕੀਤੀ। ਫਿਰ ਉਨ੍ਹਾਂ ਨੇ ਟੈਕਸਾਸ ਯੂਨੀਵਰਸਿਟੀ ਤੋਂ ਬਾਇਓਮੈਡੀਕਲ ਇੰਜੀਨੀਅਰਿੰਗ ਵਿੱਚ ਪੋਸਟ-ਗਰੈਜੂੲਸ਼ਨ ਕੀਤੀ ਤੇ ਹਸਪਤਾਲ ਪ੍ਰਸ਼ਾਸਨ, ਕਲੀਨਿਕਲ ਖੋਜ ਤੇ ਫ਼ਾਰਮਾਕੋਵਿਜੀਲੈਂਸ ਵਿੱਚ ਇੱਕ ਹੋਰ ਪੋਸਟ-ਗਰੈਜੂਏਸ਼ਨ ਕੀਤੀ।

1995 'ਚ, ਪੋਸਟ-ਗਰੈਜੂਏਸ਼ਨ ਕਰਦਿਆਂ ਉਨ੍ਹਾਂ ਦਾ ਵਿਆਹ ਹੋ ਗਿਆ ਅਤੇ ਤੇ ਉਨ੍ਹਾਂ ਦੋ ਕੁ ਸਾਲ ਮਦਰਾਸ ਮੈਡੀਕਲ ਮਿਸ਼ਨ ਲਈ ਕੰਮ ਕੀਤਾ। ਫਿਰ ਉਹ ਬਹਿਰੀਨ ਚਲੇ ਗਏ, ਜਿੱਥੇ ਉਨ੍ਹਾਂ ਦੇ ਪਤੀ ਨੂੰ ਨੌਕਰੀ ਮਿਲੀ ਸੀ। ਉਥੇ ਉਹ 2004 ਤੱਕ ਰਹੇ ਅਤੇ ਫਿਰ ਅਮਰੀਕਾ ਚਲੇ ਗਏ।

ਧੀਆਂ ਨੂੰ ਉਨ੍ਹਾਂ ਦੀ ਆਪਣੀ ਮਰਜ਼ੀ ਦਾ ਕੈਰੀਅਰ ਚੁਣਨ ਦਿੱਤਾ

ਸ੍ਰੀਮਤੀ ਸੰਧਿਆ ਨੂੰ ਕਿਉਂਕਿ ਆਪਣੇ ਸੁਫ਼ਨਿਆਂ ਮੁਤਾਬਕ ਕੈਰੀਅਰ ਬਣਾਉਣ ਦਾ ਕੋਈ ਮੌਕਾ ਨਹੀਂ ਮਿਲਿਆ ਸੀ, ਇਸੇ ਲਈ ਉਨ੍ਹਾਂ ਯਕੀਨੀ ਬਣਾਇਆ ਕਿ ਉਨ੍ਹਾਂ ਦੇ ਬੱਚਿਆਂ ਨੂੰ ਆਪਣੀ ਮਰਜ਼ੀ ਨਾਲ ਕੁੱਝ ਕਰਨ ਦੀ ਆਜ਼ਾਦੀ ਮਿਲੇ। ਉਹ ਆਪਣੇ ਬੱਚਿਆਂ ਨਾਲ ਆਪਣੇ ਪਿਤਾ ਦੇ ਨਾਂਅ 'ਤੇ ਬਣੇ ਟਰੱਸਟ ਲਈ ਕੰਮ ਕਰਦੇ ਸਮੇਂ ਈਲਾਵੁਰ 'ਚ ਲੜਕੀਆਂ ਪੜ੍ਹਾਉਣ ਦਾ ਕੰਮ ਕਰਦੇ ਹਨ।

'ਫ਼ਰੰਟੀਅਰ ਮੈਡੀਵਿਲੇ' ਚੇਨਈ ਤੋਂ 40 ਕਿਲੋਮੀਟਰ ਦੀ ਦੂਰੀ ਉਤੇ ਤਿਰੂਵੱਲੂਰ ਜ਼ਿਲ੍ਹੇ ਦੇ ਪਿੰਡ ਈਲਾਵੁਰ ਵਿਖੇ 360 ਏਕੜ ਰਕਬੇ ਵਿੱਚ ਸਥਿਤ ਹੈ। ਇਸ ਕੇਂਦਰ ਨੂੰ ਇੱਕ ਅਜਿਹੇ ਕੇਂਦਰ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ, ਜਿੱਥੇ ਸਿਹਤ-ਸੰਭਾਲ, ਸਿੱਖਿਆ, ਸਿਖਲਾਈ, ਖੋਜ ਤੇ ਕੰਟਰੈਕਟ (ਠੇਕਾ) ਆਧਾਰਤ ਖੋਜ ਆਊਟਸੋਰਸਿੰਗ ਗਤੀਵਿਧੀਆਂ ਜਿਹੀਆਂ ਸਭ ਸਹੂਲਤਾਂ ਇੱਕੋ ਥਾਂ ਉਤੇ ਮੁਹੱਈਆ ਹੋ ਸਕਣ।

ਇੱਕ ਲੜਕੀ ਨੂੰ ਸਿੱਖਿਅਤ ਕਰਨ ਦਾ ਮਤਲਬ ਹੈ ਕਿ ਤੁਸੀਂ ਪੂਰੇ ਇੱਕ ਪਰਿਵਾਰ ਨੂੰ ਹੀ ਪੜ੍ਹਾ-ਲਿਖਾ ਦਿੱਤਾ ਹੈ ਕਿਉਂਕਿ ਜੇ ਅੱਜ ਇੱਕ ਲੜਕੀ ਨੂੰ ਸਿੱਖਿਆ ਦੇ ਆਧਾਰ ਉਤੇ ਸਸ਼ੱਕਤ ਬਣਾ ਦਿੱਤਾ ਜਾਵੇਗਾ, ਤਾਂ ਉਹ ਕੱਲ੍ਹ ਨੂੰ ਆਪਣੇ ਪਰਿਵਾਰ ਨੂੰ ਵੀ ਇੰਝ ਹੀ ਮਜ਼ਬੂਤ ਬਣਾਏਗੀ। ਫ਼ਰੰਟੀਅਰ ਮੈਡੀਵਿਲੇ ਦਾ ਇਹੋ ਮੁੱਖ ਉਦੇਸ਼ ਵੀ ਹੈ। ਉਹ ਪਿੰਡਾਂ ਦੀ ਜਨਤਾ ਦਾ ਸਮਾਜਕ-ਆਰਥਿਕ ਰੁਤਬਾ ਉਤਾਂਹ ਚੁੱਕਣ ਲਈ ਆਮ ਜਨਤਾ ਨੂੰ ਗਿਆਨ ਤੇ ਸਿਖਲਾਈ ਵੰਡ ਰਿਹਾ ਹੈ। ਇਸ ਸੰਸਥਾਨ ਦਾ ਸਦਾ ਇਹੋ ਜਤਨ ਰਹਿੰਦਾ ਹੈ ਕਿ ਪਿੰਡ ਦੀਆਂ ਔਰਤਾਂ ਨੂੰ ਪੜ੍ਹਾਇਆ ਜਾਵੇ ਤੇ ਫਿਰ ਉਨ੍ਹਾਂ ਲਈ ਰੋਜ਼ਗਾਰ ਦੇ ਮੌਕੇ ਵੀ ਪੈਦਾ ਕੀਤੇ ਜਾਣ।

ਉਨ੍ਹਾਂ ਦੇ ਵਿਦਿਅਕ ਟਰੱਸਟ ਨੇ ਏਲਾਵੁਰ 'ਚ ਸਾਲ 2007 ਤੋਂ ਲੈ ਕੇ ਹੁਣ ਤੱਕ ਇਕੱਲੀਆਂ ਰਹਿ ਰਹੀਆਂ ਤੇ ਸੁੱਖ-ਸਹੂਲਤਾਂ ਤੋਂ ਵਾਂਝੀਆਂ ਰਹੀਆਂ ਮਾਵਾਂ ਦੀਆਂ 21 ਧੀਆਂ ਨੂੰ ਮੁਫ਼ਤ ਸਿੱਖਿਆ ਮੁਹੱਈਆ ਕਰਵਾਈ ਹੈ। ਉਨ੍ਹਾਂ ਕੁੜੀਆਂ ਦੀਆਂ ਨਰਸਰੀ ਪੱਧਰ ਤੋਂ ਲੈ ਕੇ ਸੀਨੀਅਰ ਸੈਕੰਡਰੀ ਪੱਧਰ ਤੱਕ ਦੀਆਂ ਟਿਊਸ਼ਨ ਫ਼ੀਸਾਂ, ਟਰਾਂਸਪੋਰਟ, ਕਿਤਾਬਾਂ, ਵਰਦੀਆਂ ਤੇ ਹੋਰ ਜ਼ਰੂਰਤਾਂ ਦਾ ਖ਼ਿਆਲ ਇਹ ਟਰੱਸਟ ਰੱਖਦਾ ਹੈ।

ਸ੍ਰੀਮਤੀ ਸੰਧਿਆ ਦਸਦੇ ਹਨ,''ਇਸ ਪ੍ਰੋਗਰਾਮ ਦਾ ਸਭ ਤੋਂ ਵਧੀਆ ਪੱਖ ਇਹ ਹੈ ਕਿ ਅਜਿਹੀਆਂ ਕੁੜੀਆਂ ਬਹੁਤ ਆਸਾਨੀ ਨਾਲ ਹੋਰਨਾਂ ਵਿਦਿਆਰਥੀਆਂ ਤੇ ਵਿਦਿਆਰਥਣਾਂ ਨਾਲ ਘੁਲ਼-ਮਿਲ਼ ਜਾਂਦੀਆਂ ਹਨ ਤੇ ਉਨ੍ਹਾਂ ਉਤੇ ਲੱਗਿਆ ਗ਼ਰੀਬੀ ਦਾ ਕਲੰਕ ਮਿਟਣ ਲਗਦਾ ਹੈ। ਇਸ ਪ੍ਰੋਗਰਾਮ ਦੇ ਨਤੀਜੇ ਸਦਾ ਹੀ ਵਧੀਆ ਵੇਖਣ ਨੂੰ ਮਿਲਦੇ ਹਨ ਕਿਉਂਕਿ ਇਹ ਨਿੱਕੀਆਂ ਕੁੜੀਆਂ ਫਿਰ ਆਪਣੀਆਂ ਮਾਵਾਂ ਨੂੰ ਮਜ਼ਬੂਤ ਬਣਾਉਂਦੀਆਂ ਹਨ।''

ਸ੍ਰੀਮਤੀ ਸੰਧਿਆ ਬਹੁਤ ਉਤਸਾਹ ਨਾਲ ਉਸ ਫ਼ਰਕ ਬਾਰੇ ਦਸਦੇ ਹਨ, ਜਿਹੜਾ ਉਹ ਏਲਾਵੁਰ ਪਿੰਡ ਦੀਆਂ ਨਿੱਕੀਆਂ ਕੁੜੀਆਂ ਵਿੱਚ ਵੇਖਦੇ ਹਨ। ਫ਼ਰੰਟੀਅਰ ਮੈਡੀਵਿਲੇ ਨੇ ਗ਼ਰੀਬ ਪਰਿਵਾਰਾਂ ਦੀਆਂ ਛੇ ਕੁੜੀਆਂ ਨੂੰ ਚੁਣਿਆ ਹੈ। ਇਨ੍ਹਾਂ ਕੁੜੀਆਂ ਨੇ ਏਲਾਵੁਰ 'ਚ ਰਹਿ ਕੇ ਹੀ ਆਪਣੀ 10ਵੀਂ ਤੇ 12ਵੀਂ ਜਮਾਤ ਦੀ ਪੜ੍ਹਾਈ ਮੁਕੰਮਲ ਕੀਤੀ ਹੈ। ਉਨ੍ਹਾਂ ਨੂੰ ਬਾਇਓ-ਟੈਕਨਾਲੋਜੀ, ਟਿਸ਼ੂ ਇੰਜੀਨੀਅਰਿੰਗ ਤੇ ਨੈਨੋ ਕੋਟਿੰਗ ਟੈਕਨਾਲੋਜੀ ਵਿੱਚ ਸਿਖਲਾਈ ਦਿੱਤੀ ਗਈ ਹੈ। ਇਸ ਸਭ ਲਈ ਬਹੁਤ ਜ਼ਿਆਦਾ ਸਫ਼ਾਈ ਤੇ ਅਰੋਗਤਾ ਦੇ ਨੇਮਾਂ ਖ਼ਿਆਲ ਰੱਖਣਾ ਪੈਂਦਾ ਹੈ। ਇਨ੍ਹਾਂ ਕੁੜੀਆਂ ਨੂੰ ਮੁਫ਼ਤ ਖਾਣਾ, ਰਿਹਾਇਸ਼ ਤੇ ਮਾਸਿਕ ਵਜ਼ੀਫ਼ਾ ਵੀ ਦਿੱਤੇ ਜਾਂਦੇ ਸਨ। ਫਿਰ ਇਨ੍ਹਾਂ ਕੁੜੀਆਂ ਨੂੰ ਫ਼ਰੰਟੀਅਰ ਮੈਡੀਵਿਲੇ 'ਚ ਹੀ ਪੱਕੇ ਮੁਲਾਜ਼ਮਾਂ ਵਜੋਂ ਨੌਕਰੀ ਵੀ ਦਿੱਤੀ ਗਈ। ਅੱਜ ਉਹ ਕੁੜੀਆਂ ਪੂਰੀ ਤਰ੍ਹਾਂ ਆਜ਼ਾਦ ਹਨ, ਆਪਣਾ ਕਮਾ ਤੇ ਖਾ ਰਹੀਆਂ ਹਨ ਤੇ ਹੋਰਨਾਂ ਬਹੁਤ ਸਾਰੀਆਂ ਕੁੜੀਆਂ ਲਈ ਆਦਰਸ਼ ਵੀ ਬਣ ਚੁੱਕੀਆਂ ਹਨ। 'ਜਦੋਂ ਪਿੰਡ ਵਿੱਚ ਇਨ੍ਹਾਂ ਨੌਜਵਾਨ ਕੁੜੀਆਂ ਨੂੰ ਸਾਰੇ ਸਕੂਟੀਆਂ ਉਤੇ ਆਪੋ-ਆਪਣੀਆਂ ਡਿਊਟੀਆਂ ਉਤੇ ਜਾਂਦੇ ਵੇਖਦੇ ਹਨ; ਤਾਂ ਬਹੁਤ ਜਣਿਆਂ ਦਾ ਜੀਅ ਆਪ ਵੀ ਪੜ੍ਹਨ ਤੇ ਉਨ੍ਹਾਂ ਦੀਆਂ ਪੈੜ-ਚਾਲਾਂ ਉਤੇ ਚੱਲਣ ਦਾ ਕਰਦਾ ਹੈ।'

ਇਕੱਲੀ ਮਾਂ ਹੋਣ ਦੀ ਚੁਣੌਤੀ

ਸ੍ਰੀਮਤੀ ਸੰਧਿਆ ਦਸਦੇ ਹਨ,''ਮੇਰੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਸਦਾ ਇਹੋ ਰਹੀ ਕਿ ਮੈਨੂੰ ਇਕੱਲੀ ਨੂੰ ਆਪਣੇ ਬੱਚਿਆਂ ਦਾ ਖ਼ਿਆਲ ਰੱਖਣਾ ਪੈਂਦਾ ਸੀ। ਜਦੋਂ ਤੁਸੀਂ ਕੰਮ ਵੀ ਕਰਨਾ ਹੋਵੇ, ਤਦ ਅਜਿਹੇ ਹਾਲਾਤ ਵਿੱਚ ਕਈ ਵਾਰ ਇਹ ਸਭ ਚੁਣੌਤੀਪੂਰਨ ਬਣ ਜਾਂਦਾ ਹੈ। ਕਿਸੇ-ਕਿਸੇ ਦਿਨ ਕੰਮ ਤੋਂ ਬਾਅਦ ਬਹੁਤ ਜ਼ਿਆਦਾ ਥੱਕ ਜਾਂਦੀ ਸਾਂ ਤੇ ਫਿਰ ਹੋਰ ਕੋਈ ਕੰਮ ਕਰਨ ਦਾ ਚਿੱਤ ਨਹੀਂ ਕਰਦਾ ਸੀ ਤੇ ਨਾ ਹੀ ਕੋਈ ਵਾਧੂ ਊਰਜਾ ਬਚਦੀ ਸੀ।''

''ਮੇਰੇ ਸਾਹਮਣੇ ਬਹੁਤ ਵੱਡੀ ਚੁਣੌਤੀ ਸੀ ਕਿ ਮੈਂ ਆਪਣੀਆਂ ਦੋਵੇਂ ਧੀਆਂ ਨੂੰ ਸੁਤੰਤਰ ਹੋਣ ਦੇਵਾਂ ਤੇ ਉਨ੍ਹਾਂ ਨੂੰ ਪੜ੍ਹਾਵਾਂ-ਲਿਖਾਵਾਂ ਤੇ ਉਨ੍ਹਾਂ ਦੇ ਵਿਆਹ ਕਰਾਂ। ਫਿਰ ਮੈਂ ਆਪਣੇ ਮਨ ਵਿੱਚ ਦ੍ਰਿੜ੍ਹ ਇਰਾਦਾ ਕਰਦਿਆਂ ਸੰਕਲਪ ਲਿਆ ਕਿ ਮੈਂ ਸੱਚਮੁਚ ਇਹ ਕੁੱਝ ਕਰ ਸਕਦੀ ਹਾਂ। ਮੈਨੂੰ ਬੱਸ ਆਪਣੇ-ਆਪ ਨੂੰ ਇਸ ਸਥਿਤੀ ਨਾਲ ਜੂਝਣ ਲਈ ਆਪਣੇ ਅੰਦਰਲੀ ਤਾਕਤ ਨੂੰ ਮੁੜ ਇਕੱਠੀ ਕਰ ਕੇ ਅੱਗੇ ਵਧਣਾ ਹੋਵੇਗਾ।''

ਸਦਾ ਪ੍ਰੇਰਿਤ ਰਹੇ

ਸ੍ਰੀਮਤੀ ਸੰਧਿਆ ਲਈ ਉਨ੍ਹਾਂ ਦੇ ਪਿਤਾ ਹੀ ਪ੍ਰੇਰਣਾ ਦੇ ਵੱਡੇ ਸਰੋਤ ਰਹੇ ਹਨ। 'ਮੈਂ ਉਨ੍ਹਾਂ ਨੂੰ ਵੀ ਉਦੋਂ ਇੰਝ ਹੀ ਆਪਣੀ ਸਾਰੀ ਤਾਕਤ ਇਕੱਠੀ ਕਰਦਿਆਂ ਤੱਕਿਆ ਸੀ, ਜਦੋਂ ਉਹ 60 ਸਾਲ ਦੇ ਸਨ ਤੇ ਫਿਰ ਸਫ਼ਲ ਹੋਏ ਸਨ। ਮੇਰੇ ਬੱਚੇ ਵੀ ਮੈਨੂੰ ਸਦਾ ਇੱਕ ਬਿਹਤਰ ਇਨਸਾਨ ਬਣਨ ਲਈ ਪ੍ਰੇਰਣਾ ਦਿੰਦੇ ਹਨ।'

''ਜ਼ਿੰਦਗੀ ਸੱਚਮੁਚ ਕੁੱਝ ਵਾਰ ਚੁਣੌਤੀਪੂਰਨ ਬਣ ਜਾਂਦੀ ਹੈ ਤੇ ਕਈ ਵਾਰ ਤੁਹਾਡੇ ਸਾਹਮਣੇ ਅਜਿਹੇ ਹਾਲਾਤ ਪੈਦਾ ਹੋ ਜਾਂਦਾ ਹੈ ਕਿ ਤੁਹਾਡਾ ਸਾਰਾ ਹੌਸਲਾ ਪੂਰੀ ਤਰ੍ਹਾਂ ਢਹਿ-ਢੇਰੀ ਹੋ ਕੇ ਰਹਿ ਜਾਂਦਾ ਹੈ। ਮੰਦੇਭਾਗੀਂ, ਤੁਹਾਡੀ ਜ਼ਿੰਦਗੀ ਵਿੱਚ ਤਦ ਤੱਕ ਕੋਈ ਸੁਧਾਰ ਨਹੀਂ ਆਵੇਗਾ, ਜਦੋਂ ਤੱਕ ਕਿ ਤੁਸੀਂ ਇਸ ਲਈ ਕੁੱਝ ਨਹੀਂ ਕਰਦੇ। ਤੁਹਾਨੂੰ ਖ਼ੁਦ ਨੂੰ ਹੀ ਆਪਣੀ ਦਸ਼ਾ ਸੁਧਾਰਨੀ ਹੋਵੇਗੀ; ਭਾਵੇਂ ਕਿੰਨੇ ਵੀ ਸਖ਼ਤ ਹਾਲਾਤ ਕਿਉਂ ਨਾ ਹੋਣ।'' ਅਜਿਹੇ ਹੀ ਹਨ ਸ੍ਰੀਮਤੀ ਸੰਧਿਆ ਚੇਰੀਅਨ ਜੋ ਸਦਾ ਮਜ਼ਬੂਤ ਅਤੇ ਦ੍ਰਿੜ੍ਹ ਇਰਾਦਿਆਂ ਦੇ ਮਾਲਕ ਵਿਖਾਈ ਦਿੰਦੇ ਹਨ।

ਲੇਖਕ: ਤਨਵੀ ਦੂਬੇ

ਅਨੁਵਾਦ: ਮਹਿਤਾਬ-ਉਦ-ਦੀਨ