ਗ਼ਰੀਬ ਬੱਚਿਆਂ ਦੀ ਜ਼ਿੰਦਗੀ ਬਿਹਤਰ ਕਰਨ ਵਿੱਚ ਜੁਟੀਆਂ ਹਨ ਦਿੱਲੀ ਪੁਲਿਸ ਦੀਆਂ ਕਾਸਟੇਬਲ ਮਮਤਾ ਅਤੇ ਨਿਸ਼ਾ

ਗ਼ਰੀਬ ਬੱਚਿਆਂ ਦੀ ਜ਼ਿੰਦਗੀ ਬਿਹਤਰ ਕਰਨ ਵਿੱਚ ਜੁਟੀਆਂ ਹਨ ਦਿੱਲੀ ਪੁਲਿਸ ਦੀਆਂ ਕਾਸਟੇਬਲ ਮਮਤਾ ਅਤੇ ਨਿਸ਼ਾ

Thursday January 14, 2016,

4 min Read

ਪੁਲਿਸ ਦਾ ਨਾਂਅ ਲੈਂਦਿਆਂ ਹੀ ਲੋਕਾਂ ਦੇ ਦਿਮਾਗ਼ ਵਿੱਚ ਖ਼ਾਕੀ ਵਰਦੀ ਪਾਏ ਅਜਿਹੇ ਸ਼ਖ਼ਸ ਦੀ ਤਸਵੀਰ ਉੱਭਰਦੀ ਹੈ, ਜਿਹੜਾ ਹੱਥ ਵਿੱਚ ਲਾਠੀ ਜਾਂ ਬੰਦੂਕ ਲੈ ਕੇ ਲੋਕਾਂ ਨੂੰ ਆਪਣਾ ਰੋਹਬ ਵਿਖਾਉਂਦਾ ਹੈ। ਪੁਲਿਸ ਵਾਲੇ ਆਮ ਤੌਰ ਉਤੇ ਬੜੇ ਕਠੋਰ ਅਤੇ ਸਖ਼ਤੀ ਨਾਲ ਕੰਮ ਲੈਣ ਵਾਲੇ ਵਿਖਾਈ ਦਿੰਦੇ ਹਨ ਪਰ ਹਮੇਸ਼ਾ ਅਜਿਹਾ ਨਹੀਂ ਹੁੰਦਾ। ਘੱਟ ਤੋਂ ਘੱਟ ਦਿੱਲੀ ਪੁਲਿਸ ਦੀਆਂ ਦੋ ਮਹਿਲਾ ਕਾਂਸਟੇਬਲਜ਼ ਮਮਤਾ ਨੇਗੀ ਅਤੇ ਨਿਸ਼ਾ ਬੈਨਰਜੀ ਬਾਰੇ ਤਾਂ ਇਹ ਬਿਲਕੁਲ ਹੀ ਨਹੀਂ ਕਿਹਾ ਜਾ ਸਕਦਾ। ਇਹ ਮਹਿਲਾਵਾਂ ਗ਼ਰੀਬ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਉਨ੍ਹਾਂ ਨੂੰ ਜੀਵਨ ਵਿੱਚ ਕੁੱਝ ਕਰਨ ਯੋਗ ਬਣਾਉਣ ਦੇ ਕੰਮ ਵਿੱਚ ਜੁਟੀਆਂ ਹੋਈਆਂ ਹਨ।

image


ਉੱਤਰੀ ਦਿੱਲੀ ਦੇ ਤੀਮਾਰਪੁਰ ਅਤੇ ਰੂਪਨਗਰ ਪੁਲਿਸ ਥਾਣਿਆਂ ਵਿੱਚ ਹਰ ਰੋਜ਼ ਝੁੱਗੀਆਂ, ਬਸਤੀਆਂ ਵਿੱਚ ਰਹਿਣ ਵਾਲੇ ਗ਼ਰੀਬ ਪਰਿਵਾਰ ਦੇ ਬੱਚਿਆਂ ਨੂੰ ਨਾ ਕੇਵਲ ਪੜ੍ਹਾਇਆ ਜਾ ਰਿਹਾ ਹੈ, ਸਗੋਂ ਉਨ੍ਹਾਂ ਨੂੰ ਇਸ ਤਰ੍ਹਾਂ ਮਜ਼ਬੂਤ ਬਣਾਇਆ ਜਾ ਰਿਹਾ ਹੈ ਕਿ ਉਹ ਆਪਣੇ ਆਲੇ-ਦੁਆਲੇ ਹੋਣ ਵਾਲੀਆਂ ਗ਼ਲਤ ਗਧੀਵਿਧੀਆਂ ਦਾ ਵਿਰੋਧ ਕਰ ਕੇ ਅਪਰਾਧ ਉਤੇ ਕਾਬੂ ਪਾਉਣ ਵਿੱਚ ਪੁਲਿਸ ਦੀ ਮਦਦ ਕਰ ਸਕਣ।

'ਯੂਅਰ ਸਟੋਰੀ' ਨੂੰ ਮਮਤਾ ਨੇਗੀ ਦਸਦੇ ਹਨ:

ਤੀਮਾਰਪੁਰ ਅਤੇ ਰੂਪਨਗਰ ਪੁਲਿਸ ਥਾਣਿਆਂ ਦੇ ਆਲੇ-ਦੁਆਲੇ ਵੱਡੀ ਗਿਣਤੀ ਵਿੱਚ ਝੁੱਗੀਆਂ ਹਨ। ਇਨ੍ਹਾਂ ਝੁੱਗੀਆਂ ਵਿੱਚ ਰਹਿਣ ਵਾਲੇ ਜ਼ਿਆਦਾਤਰ ਲੋਕ ਪਰਿਵਾਰ ਦੇ ਪਾਲਣ-ਪੋਸ਼ਣ ਲਈ ਛੋਟੇ-ਮੋਟੇ ਕੰਮ ਕਰਦੇ ਹਨ। ਇਨ੍ਹਾਂ ਪਰਿਵਾਰਾਂ ਦੇ ਬੱਚੇ ਸਕੂਲ ਤੋਂ ਬਾਅਦ ਖ਼ਾਲੀ ਸਮੇਂ ਵਿੱਚ ਇੱਧਰ-ਉੱਧਰ ਘੁੰਮਿਆ ਕਰਦੇ ਸਨ, ਜਿਸ ਕਰ ਕੇ ਉਨ੍ਹਾਂ ਦੇ ਗ਼ਲਤ ਸੰਗਤ ਵਿੱਚ ਪੈਣ ਦਾ ਖ਼ਦਸ਼ਾ ਰਹਿੰਦਾ ਸੀ। ਇਸ ਤੋਂ ਇਲਾਵਾ ਝੁੱਗੀਆਂ ਵਿੱਚ ਰਹਿਣ ਵਾਲੀਆਂ ਛੋਟੀਆਂ ਬੱਚੀਆਂ ਦੇ ਨਾਲ ਅਪਰਾਧ ਹੋਣ ਦਾ ਖ਼ਤਰਾ ਵੀ ਰਹਿੰਦਾ ਸੀ।

image


ਅਜਿਹੇ ਹਾਲਾਤ ਵਿੱਚ ਛੇ ਮਹੀਨੇ ਤੋਂ ਇਨ੍ਹਾਂ ਦੋਵੇਂ ਪੁਲਿਸ ਥਾਣਿਆਂ ਵਿੱਚ ਕਾਂਸਟੇਬਲ ਮਮਤਾ ਨੇਗੀ (ਤੀਮਾਰਪੁਰ) ਅਤੇ ਕਾਂਸਟੇਬਲ ਨਿਸ਼ਾ ਬੈਨਰਜੀ (ਰੂਪਨਗਰ) ਨੇ ਇੱਥੋਂ ਦੇ ਬੱਚਿਆਂ ਨੂੰ ਪੜ੍ਹਾਉਣ ਅਤੇ ਉਨ੍ਹਾਂ ਨੂੰ ਆਤਮ-ਰੱਖਿਆ ਵਿੱਚ ਨਿਪੁੰਨ ਕਰਨ ਦਾ ਬੀੜਾ ਚੁੱਕਿਆ ਹੈ।

ਨਿਸ਼ਾ ਜੀ ਦਸਦੇ ਹਨ:

ਹਰ ਥਾਣੇ ਵਿੱਚ ਲਗਭਗ 50 ਬੱਚੇ ਪੜ੍ਹਨ ਲਈ ਆਉਂਦੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਬੱਚੇ ਸਰਕਾਰੀ ਸਕੂਲ ਵਿੱਚ ਪੜ੍ਹਨ ਵਾਲੇ ਜਾਂ ਕਿਸੇ ਕਾਰਣ ਸਕੂਲ ਛੱਡ ਚੁੱਕੇ ਬੱਚੇ ਸ਼ਾਮਲ ਹਨ। ਜ਼ਿਆਦਾਤਰ ਬੱਚੇ ਪੜ੍ਹਨ ਵਿੱਚ ਤੇਜ਼ ਹਨ ਪਰ ਸਹੀ ਦਿਸ਼ਾ ਅਤੇ ਸਲਾਹ ਨਾ ਮਿਲ ਪਾਉਣ ਕਾਰਣ ਇਹ ਕੁੱਝ ਪੱਛੜ ਗਏ ਹਨ। ਥਾਣਿਆਂ ਵਿੱਚ ਬੱਚਿਆਂ ਦੇ ਸਕੂਲ ਦੇ ਸਿਲੇਬਸ ਤੋਂ ਇਲਾਵਾ ਅੰਗਰੇਜ਼ੀ, ਗਣਿਤ ਅਤੇ ਜਨਰਲ ਨਾੱਲੇਜ ਉਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ।

ਮੈਂ ਆਪ ਇੱਕ ਸਰਕਾਰੀ ਸਕੂਲ ਤੋਂ ਪੜ੍ਹਾਈ ਕੀਤੀ ਹੈ। ਸਰਕਾਰੀ ਸਕੂਲਾਂ ਵਿੱਚ ਨਾ ਕੇਵਲ ਸਾਧਨਾਂ ਦੀ ਘਾਟ ਹੁੰਦੀ ਹੈ, ਸਗੋਂ ਕਈ ਵਾਰ ਅਧਿਆਪਕ ਕੇਵਲ ਨਾਂਅ ਲਈ ਹੀ ਪੜ੍ਹਾਉਂਦੇ ਹਨ। ਸਾਰਿਆਂ ਕੋਲ ਟਿਊਸ਼ਨ ਪੜ੍ਹਨ ਲਈ ਪੈਸੇ ਨਹੀਂ ਹੁੰਦੇ। ਚੰਗੀ ਗੱਲ ਇਹ ਹੈ ਕਿ ਇਨ੍ਹਾਂ ਬੱਚਿਆਂ ਦੇ ਮਾਪੇ ਬੇਸ਼ਕ ਗ਼ਰੀਬ ਅਤੇ ਘੱਟ ਪੜ੍ਹੇ-ਲਿਖੇ ਹੋਣ ਪਰ ਉਹ ਪੜ੍ਹਾਈ ਪ੍ਰਤੀ ਜਾਗਰੂਕ ਹਨ ਅਤੇ ਹਰ ਰੋਜ਼ ਬੱਚਿਆਂ ਨੂੰ ਇੱਥੇ ਪੜ੍ਹਨ ਭੇਜਦੇ ਹਨ।

ਨਿਸ਼ਾ ਦਸਦੇ ਹਨ:

ਮੈਂ ਦਿੱਲੀ ਪੁਲਿਸ ਜੁਆਇਨ ਕਰਨ ਤੋਂ ਪਹਿਲਾਂ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਂਦੀ ਸਾਂ। ਇੰਝ ਮੈਨੂੰ ਬੱਚਿਆਂ ਨੂੰ ਪੜ੍ਹਾਉਣ ਦੇ ਬਹਾਨੇ ਆਪ ਵੀ ਪੜ੍ਹਨ ਦਾ ਮੌਕਾ ਮਿਲਦਾ ਸੀ। ਇੱਥੇ ਪੜ੍ਹਨ ਵਾਲ਼ੇ ਜ਼ਿਆਦਾਤਰ ਬੱਚੇ ਕਾਫ਼ੀ ਹੋਣਹਾਰ ਹਨ, ਜਿਨ੍ਹਾਂ ਨੂੰ ਸਹੀ ਰਾਹ ਵਿਖਾਉਣ ਅਤੇ ਸਹੀ ਮਾਹੌਲ ਦੇਣ ਦੀ ਜ਼ਰੂਰਤ ਹੈ।

ਇੱਥੇ ਪੜ੍ਹਨ ਵਾਲੇ ਨਿਖਿਲ ਦਸਦੇ ਹਨ,''ਪਹਿਲਾਂ ਮੇਰੀ ਅੰਗਰੇਜ਼ੀ ਚੰਗੀ ਨਹੀਂ ਸੀ ਪਰ ਜਦ ਤੋਂ ਮੈਂ ਇੱਥੇ ਆ ਕੇ ਪੜ੍ਹਨ ਲੱਗਾ ਹਾਂ, ਮੇਰੀ ਅੰਗਰੇਜ਼ੀ ਵਿੱਚ ਕਾਫ਼ੀ ਸੁਧਾਰ ਹੋਇਆ ਹੈ। ਹੁਣ ਅੰਗਰੇਜ਼ੀ ਦੀ ਪ੍ਰੀਖਿਆ ਵਿੱਚ ਮੇਰੇ ਕਾਫ਼ੀ ਵਧੀਆ ਅੰਕ ਆਉਣ ਲੱਗ ਪਏ ਹਨ। ਨਿਸ਼ਾ ਮੈਡਮ ਕਹਿੰਦੇ ਹਨ ਕਿ ਅਸੀਂ ਸਾਰੇ ਵੱਡੇ ਹੋ ਕੇ ਦੇਸ਼ ਦੀ ਸੇਵਾ ਕਰਾਂਗੇ, ਤਾਂ ਮੈਨੂੰ ਬਹੁਤ ਵਧੀਆ ਲਗਦਾ ਹੈ। ਮੈਂ ਵੀ ਉਨ੍ਹਾਂ ਵਾਂਗ ਵੱਡਾ ਹੋ ਕੇ ਪੁਲਿਸ ਜੁਆਇਨ ਕਰਾਂਗਾ।'' ਕਾਜਲ ਦਾ ਕਹਿਣਾ ਹੈ ਕਿ ਮਮਤਾ ਮੈਡਮ ਨਾ ਕੇਵਲ ਸਾਨੂੰ ਪੜ੍ਹਾਉਂਦੇ ਹਨ, ਸਗੋਂ ਡਾਂਸ ਅਤੇ ਯੋਗ ਵੀ ਸਿਖਾਉਂਦੇ ਹਨ। ਉਹ ਸਾਨੂੰ ਮੁਕਾਬਲੇ ਵਿੱਚ ਜਿੱਤਣ ਉਤੇ ਚਾਕਲੇਟ ਅਤੇ ਪੈੱਨ ਦਿੰਦੇ ਹਨ। ਮੈਡਮ ਸਾਨੂੰ 'ਅਕਸ਼ਰਧਾਮ' ਮੰਦਰ ਵੀ ਘੁੰਮਾਉਣ ਲੈ ਕੇ ਗਏ, ਜਿੱਥੇ ਅਸੀਂ ਆਪਣੇ ਦੇਸ਼ ਦੇ ਸਭਿਆਚਾਰ ਅਤੇ ਮਹਾਨ ਪੁਰਖਾਂ ਬਾਰੇ ਜਾਣਿਆ।

image


ਦਿੱਲੀ ਪੁਲਿਸ ਦੇ 'ਸ਼ੀਅ ਟੂ ਸ਼ਕਤੀ' ਪ੍ਰੋਗਰਾਮ ਅਧੀਨ ਇਹ ਪ੍ਰੋਗਰਾਮ ਚਲਾਇਆ ਜਾਂਦਾ ਹੈ, ਜਿਸ ਦਾ ਮੁੱਖ ਮੰਤਵ ਮਹਿਲਾ ਸਸ਼ੱਕਤੀਕਰਣ ਹੈ। 'ਸ਼ੀਅ ਟੂ ਸ਼ਕਤੀ' ਪ੍ਰੋਗਰਾਮ ਤਹਿਤ ਦਿੱਲੀ ਪੁਲਿਸ ਵੱਖੋ-ਵੱਖਰੇ ਕਾਲਜਾਂ ਦੀਆਂ ਕੁੜੀਆਂ ਨੂੰ ਆਤਮ-ਰੱਖਿਆ ਦੀ ਸਿਖਲਾਈ ਦਿੰਦੀ ਹੈ, ਸਮੇਂ-ਸਮੇਂ 'ਤੇ ਐਂਟੀ ਟੀਵ-ਈਜ਼ਿੰਗ ਡ੍ਰਾਈਵ ਚਲਾਉਂਦੀ ਹੈ ਅਤੇ ਉਨ੍ਹਾਂ ਨੂੰ ਆਪਣੇ ਪੈਰਾਂ ਉਤੇ ਖਲੋਣ ਵਿੱਚ ਵੀ ਮਦਦ ਕਰਦੀ ਹੈ।

ਲੇਖਕ: ਅਨਮੋਲ

ਅਨੁਵਾਦ: ਸਿਮਰਨਜੀਤ ਕੌਰ

    Share on
    close