ਨਿਤਾਈ ਦਾਸ ਮੁਖਰਜੀ ਹਨ ਕੋਲਕਾਤਾ ਦੇ ਕੈਲਾਸ਼ ਸਤਿਆਰਥੀ

ਨਿਤਾਈ ਦਾਸ ਮੁਖਰਜੀ ਹਨ ਕੋਲਕਾਤਾ ਦੇ ਕੈਲਾਸ਼ ਸਤਿਆਰਥੀ

Saturday December 19, 2015,

8 min Read

ਘਰ ਦੇ ਕੋਲ ਪਾਰਕ ਵਿੱਚ ਫ਼ੁੱਟਬਾਲ ਖੇਡਦੇ ਹੋਏ ਲਗਭਗ 10 ਸਾਲ ਦੀ ਉਮਰ ਦੇ ਦੋ ਬੱਚਿਆਂ ਦੀ ਨਜ਼ਰ ਆਪਣੇ ਹਮਉਮਰ ਫਟੇ-ਪੁਰਾਣੇ ਕੱਪੜੇ ਪਾਏ ਇੱਕ ਬੱਚੇ 'ਤੇ ਪੈਂਦੀ ਹੈ ਅਤੇ ਦੋਵਾਂ ਦਾ ਦਿਲ ਪਸੀਜ ਜਾਂਦਾ ਹੈ। ਦੋਨੋਂ ਬੱਚੇ ਆਪਣੇ ਜੇਬ-ਖ਼ਰਚ ਨਾਲ ਉਸ ਬੱਚੇ ਦੀ ਮਦਦ ਕਰਨ ਦੀ ਠਾਣ ਲੈਂਦੇ ਹਨ ਅਤੇ ਉਸ ਦਾ ਢਿੱਡ ਭਰਨ ਦਾ ਪ੍ਰਬੰਧ ਕਰਦੇ ਹਨ।

ਉਸ ਗ਼ਰੀਬ ਮਾਸੂਮ ਬੱਚੇ ਦੀ ਮਦਦ ਕਰਨ ਵਾਲੇ ਬੱਚਿਆਂ ਵਿਚੋਂ ਇੱਕ ਸਨ ਨਿਤਾਈਦਾਸ ਮੁਖਰਜੀ। ਬਚਪਨ ਤੋਂ ਹੀ ਦੂਜਿਆਂ ਦੇ ਦੁੱਖ ਨੂੰ ਸੁੱਖ ਵਿੱਚ ਬਦਲਣ ਦਾ ਜਜ਼ਬਾ ਰੱਖਣ ਵਾਲੇ ਨਿਤਾਈ ਦਾਸ ਅੱਜ ਕੋਲਕਾਤਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸਮਾਜਕ ਸੇਵਾ ਕਰਨ ਵਾਲਿਆਂ ਦੇ ਵਿੱਚ ਇੱਕ ਮੰਨਿਆ-ਪ੍ਰਮੰਨਿਆ (ਜਾਣਿਆ-ਪਛਾਣਿਆ) ਨਾਮ ਹੈ। ਇੱਥੇ ਹੋਣ ਵਾਲੇ ਸਮਾਜ ਸੇਵਾ ਦੇ ਹਰ ਅਭਿਆਨ ਵਿੱਚ ਇਨ੍ਹਾਂ ਦਾ ਅਤੇ ਇਨ੍ਹਾਂ ਦੀ ਐਨ.ਜੀ. ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਕਈ ਸਾਲ ਪਹਿਲਾਂ ਨਿਤਾਈ ਦਾਸ ਅਤੇ ਉਨ੍ਹਾਂਾ ਦੇ ਮਿੱਤਰ ਸਵਰਗੀ ਡਾ. ਰਾਕੇਸ਼ ਅਗਰਵਾਲ ਨੇ ਦੂਜਿਆਂ ਦੀ ਮਦਦ ਕਰਨ ਦਾ ਇੱਕ ਸੁਪਨਾ ਵੇਖਿਆ ਸੀ। ਇਸ ਸੁਪਨੇ ਨੂੰ ਧਰਾਤਲ 'ਤੇ ਲਿਆਉਣ ਲਈ ਇੱਕ ਐਨ.ਜੀ.ਓ. ''ਹਾਈਵ ਇੰਡੀਆ'' ਦਾ ਗਠਨ ਕੀਤਾ ਗਿਆ।

ਅੱਜ ਦੇ ਸਮੇਂ ਵਿੱਚ ਇਸ ਐਨ.ਜੀ.ਓ. ਦੇ 15 ਫ਼ੁਲ-ਟਾਈਮ ਮੈਂਬਰ, ਕੋਲਕਾਤਾ ਦੇ ਸਾਰੇ 79 ਪੁਲਿਸ ਥਾਣਿਆਂ ਦੇ ਸਹਿਯੋਗ ਨਾਲ ਲਗਭਗ 216 ਵਰਗ ਕਿਲੋਮੀਟਰ ਦੇ ਖੇਤਰ ਵਿੱਚ ਲੋੜਵੰਦਾਂ ਲਈ ਕੰਮ ਕਰਦੇ ਹਨ। ਇਸ ਕੰਮ ਵਿੱਚ ਇਨ੍ਹਾਂ ਲੋਕਾਂ ਦਾ ਸਾਥ ਰਾਜ ਦੇ ਭਿੰਨ-ਭਿੰਨ ਸਰਕਾਰੀ ਮਹਿਕਮੇ ਵੀ ਦਿੰਦੇ ਹਨ, ਜਿਨ੍ਹਾਂ ਵਿੱਚ ਵਿਸ਼ੇਸ਼ ਬਾਲ ਪੁਲਿਸ ਬਲ, ਆਫ਼ਤ ਪ੍ਰਬੰਧ ਸਮਿਤੀ, ਮਹਿਲਾ ਸ਼ਿਕਾਇਤ ਸੈਲ, ਬਾਲ ਸੁਰੱਖਿਆ ਸਮਿਤੀ ਸਮੇਤ ਕੋਲਕਾਤਾ ਅਤੇ ਆਲੇ ਦੁਆਲੇ ਦੇ ਜ਼ਿਲ੍ਹਿਆਂ ਦੇ ਅੱਗ-ਬੁਝਾਊ ਅਤੇ ਐਮਰਜੈਂਸੀ ਵਿਭਾਗ ਮੁੱਖ ਹਨ।

image


ਲਗਭਗ 20 ਸਾਲ ਪਹਿਲਾਂ 'ਹਾਈਵ ਇੰਡੀਆ' ਦੀ ਨੀਂਹ ਰੱਖਣ ਤੋਂ ਪਹਿਲਾਂ ਨਿਤਾਈ ਦਾਸ ਆਪਣੇ ਪੱਧਰ ਉਤੇ ਲੋੜਵੰਦਾਂ ਦੀ ਸੇਵਾ ਦੇ ਕੰਮ ਵਿੱਚ ਲੱਗੇ ਰਹਿੰਦੇ ਸਨ।

ਅਸੀਂ ਨਿਤਾਈ ਦਾਸ ਜੀ ਨਾਲ ਉਨ੍ਹਾਂ ਦੇ ਇਸ ਸਫ਼ਰ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੇ ਆਪਣੇ ਜੀਵਨ ਬਾਰੇ ਖੁੱਲ੍ਹੇ ਦਿਲ ਨਾਲ ਦੱਸਿਆ।

? ਪਹਿਲਾਂ ਤੁਸੀਂ ਸਾਡੇ ਪਾਠਕਾਂ ਨੂੰ ਆਪਣੇ ਬਾਰੇ ਕੁੱਝ ਦੱਸੋ।

- ਮੇਰੇ ਪਿਤਾ ਇੱਕ ਮਸ਼ਹੂਰ ਸਮਾਜ-ਸੇਵਕ ਰਹੇ ਹਨ ਅਤੇ ਬਚਪਨ ਤੋਂ ਹੀ ਘਰ ਦੇ ਮਾਹੌਲ ਵਿੱਚ ਦੂਜਿਆਂ ਦੀ ਸੇਵਾ ਦੀ ਭਾਵਨਾ ਵੇਖੀ ਅਤੇ ਉਸ ਨੂੰ ਮਹਿਸੂਸ ਕੀਤਾ। ਪਿਤਾ ਜੀ ਤੋਂ ਬਾਅਦ ਸਵਾਮੀ ਵਿਵੇਕਾਨੰਦ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਮੇਰੇ ਜੀਵਨ ਦੇ ਪ੍ਰੇਰਨਾ ਸਰੋਤ ਰਹੇ ਹਨ। ਬਚਪਨ ਤੋਂ ਹੀ ਸਵਾਮੀ ਵਿਵੇਕਾਨੰਦ ਜੀ ਦੇ ਕਹੇ ਸ਼ਬਦ,''ਉਠੋ, ਜਾਗੋ ਅਤੇ ਉਦੋਂ ਤੱਕ ਨਾ ਰੁਕੋ, ਜਦੋਂ ਤੱਕ ਟੀਚਾ ਹਾਸਲ ਨਾ ਹੋ ਜਾਵੇ'' - ਮੇਰੇ ਮਨ ਵਿੱਚ ਬੈਠ ਗਏ। ਹਾਲਾਂਕਿ ਵਿਦਿਆਰਥੀ ਜੀਵਨ ਦੌਰਾਨ ਮੈਂ ਆਪਣੇ ਪੱਧਰ ਉਤੇ ਲੋੜਵੰਦਾਂ ਦੀ ਮਦਦ ਕਰਨ ਦਾ ਕੋਈ ਵੀ ਮੌਕਾ ਨਹੀਂ ਛਡਦਾ ਸੀ ਪਰ ਬੀ.ਏ. ਦੀ ਪੜ੍ਹਾਈ ਦੌਰਾਨ ਮੈਂ ਇਸ ਨੂੰ ਆਪਣੇ ਜੀਵਨ ਦਾ ਮਕਸਦ ਬਣਾ ਲਿਆ। 1989-90 ਦੇ ਦੌਰ ਵਿੱਚ ਮੈਂ ਆਪਣੇ ਜਿਹੇ ਕੁੱਝ ਜਨੂੰਨੀ ਲੋਕਾਂ ਨੂੰ ਲੈ ਕੇ ਇੱਕ ਸੰਗਠਨ ਬਣਾਇਆ। ਅਸੀਂ ਲੋਕਾਂ ਨੇ ਇੱਕ ਬਹੁਤ ਪੁਰਾਣੀ ਐਂਬੂਲੈਂਸ ਦਾ ਪ੍ਰਬੰਧ ਕੀਤਾ ਅਤੇ ਸ਼ਹਿਰ ਦੀਆਂ ਸੜਕਾਂ ਉਤੇ ਦਮ ਤੋੜਦੇ ਲੋਕਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਇਸ ਦੌਰਾਨ ਮੇਰੀ ਮੁਲਾਕਾਤ ਸਿਨੀ (ਚਾਈਲਡ ਇਨ ਨੀਡ ਇੰਡੀਆ) ਦੇ ਸੰਸਥਾਪਕ ਡਾ. ਸਮੀਰ ਚੌਧਰੀ ਨਾਲ ਹੋਈ, ਜਿਨ੍ਹਾਂ ਨੇ ਮੇਰਾ ਹੌਸਲਾ ਵਧਾਇਆ। ਸਿਨੀ ਦੇ ਸਹਿਯੋਗ ਨਾਲ ਮੈਂ ਕੁੱਝ ਸਮੇਂ ਲਈ ਗ਼ਰੀਬਾਂ ਵਾਸਤੇ ਸੜਕ ਕੰਢੇ ਇੱਕ ਦਵਾਖਾਨਾ ਸ਼ੁਰੂ ਕੀਤਾ। ਪਰ ਇੱਕ ਵਾਰ ਸਿਨੀ ਨੇ ਹੱਥ ਖਿੱਚਿਆ, ਤਾਂ ਸਾਡਾ ਇਹ ਦਵਾਖਾਨਾ ਬੰਦ ਹੋ ਗਿਆ ਅਤੇ ਕੁੱਝ ਸਮੇਂ ਲਈ ਸਾਡਾ ਅਭਿਆਨ ਰੁਕ ਗਿਆ।

ਇਸ ਤੋਂ ਬਾਅਦ 1999 ਵਿੱਚ ਮੈਂ ਆਪਣਾ ਐਨ.ਜੀ.ਓ. ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਅਤੇ ਆਇਰਲੈਂਡ ਦੇ ਹੋਪ ਫ਼ਾਊਂਡੇਸ਼ਨ ਦੇ ਸਹਿਯੋਗ ਨਾਲ 'ਹਾਈਵ ਇੰਡੀਆ' ਦੀ ਨੀਂਹ ਰੱਖੀ।

? 'ਹਾਈਵ ਇੰਡੀਆ' ਦੁਆਰਾ ਕਿਹੜੀਆਂ ਗਤੀਵਿਧੀਆਂ ਨੂੰ ਸੰਚਾਲਿਤ ਕੀਤਾ ਜਾਂਦਾ ਹੈ?

- ਹਾਈਵ ਦੁਆਰਾ ਮੇਰਾ ਮਕਸਦ ਹੈ ਵੱਧ ਤੋਂ ਵੱਧ ਲੋਕਾਂ ਦੇ ਜੀਵਨ ਨੂੰ ਬਚਾਉਣਾ ਅਤੇ ਲੋਕਾਂ ਦੇ ਹਨੇਰੇ ਜੀਵਨ ਵਿੱਚ ਰੌਸ਼ਨੀ ਦੇ ਦੀਵੇ ਜਗਾਉਣਾ। ਅਸੀਂ ਲੋਕ ਦੂਜਿਆਂ ਦੀ ਜ਼ਿੰਦਗੀ ਵਿੱਚ ਖ਼ੁਸ਼ੀ ਲਿਆਉਣ ਵਾਲੇ ਕਈ ਕੰਮ ਕਰ ਰਹੇ ਹਾਂ। ਸ਼ੁਰੂਆਤ ਵਿੱਚ ਸਾਡਾ ਇੱਕ ਹੀ ਮਕਸਦ ਸੀ, ਹੰਗਾਮੀ ਹਾਲਾਤ ਵਿੱਚ ਫਸੇ ਕਿਸੇ ਵੀ ਵਿਅਕਤੀ ਦੀ ਮਦਦ ਕਰਨਾ, ਪਰ ਹੁਣ ਅਸੀਂ ਉਸ ਤੋਂ ਕਾਫ਼ੀ ਅੱਗੇ ਦਾ ਰਸਤਾ ਤੈਅ ਕਰ ਚੁੱਕੇ ਹਾਂ।

ਲੋੜਵੰਦ ਪਰਿਵਾਰਾਂ ਦਾ ਮੁੜ-ਵਸੇਬਾ:

ਇੱਕ ਵਾਰ ਰੇਲਵੇ ਸਟੇਸ਼ਨ ਕੋਲ ਦੀ ਝੁੱਗੀ-ਬਸਤੀ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਨਾਲ ਪੂਰੀ ਬਸਤੀ ਸੜ ਕੇ ਸੁਆਹ ਹੋ ਗਈ। ਅਸੀਂ ਲੋਕਾਂ ਨੇ ਉਸ ਖੇਤਰ ਵਿੱਚ 10 ਮੈਡੀਕਲ ਕੈਂਪ ਲਵਾਏ ਅਤੇ ਉਨ੍ਹਾਂ ਲੋਕਾਂ ਨੂੰ ਮੁੱਖ-ਧਾਰਾ ਵਿੱਚ ਵਾਪਸ ਲਿਆਏ।

ਬਾਲ ਸੁਰੱਖਿਆ:

ਅਸੀਂ ਬਾਲ ਸੁਰੱਖਿਆ ਦੇ ਮੁੱਦੇ ਉਤੇ ਵੀ ਲਗਾਤਾਰ ਜਤਨਸ਼ੀਲ ਰਹੇ ਹਾਂ ਅਤੇ ਨਾਬਾਲਗ਼ਾਂ ਨਾਲ ਜੁੜੀਆਂ ਸਮੱਸਿਆਵਾਂ ਉਤੇ ਕੰਮ ਕਰਦੇ ਰਹੇ ਹਾਂ। ਅਸੀਂ ਬੱਚਿਆਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਲੈ ਕੇ ਕਾਫ਼ੀ ਸੰਵੇਦਨਸ਼ੀਲ ਰਹਿੰਦੇ ਹਾਂ। ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਅਸੀਂ ਜ਼ਿਆਦਾਤਰ ਸਥਾਨਕ ਪੁਲਿਸ ਦੀ ਵੀ ਮਦਦ ਲੈਂਦੇ ਹਾਂ। ਸਰਦੀਆਂ ਦੇ ਮੌਸਮ ਵਿੱਚ ਅੱਧੀ ਰਾਤ ਨੂੰ ਸਾਨੂੰ ਇੱਕ ਛੋਟੀ ਬੱਚੀ ਰੋਂਦੀ ਹੋਈ ਮਿਲੀ। ਉਸ ਰਾਤ ਤੋਂ ਅਸੀਂ ਸ਼ਹਿਰ ਦੇ ਸੰਵੇਦਨਸ਼ੀਲ ਖੇਤਰਾਂ ਦੀਆਂ ਸੜਕਾਂ ਉਤੇ ਘੁੰਮਣਾ ਸ਼ੁਰੂ ਕੀਤਾ ਅਤੇ ਕਈ ਮਾਸੂਮਾਂ ਦੀਆਂ ਜ਼ਿੰਦਗੀਆਂ ਨੂੰ ਬਚਾਉਣ ਵਿੱਚ ਆਪਣਾ ਯੋਗਦਾਨ ਪਾਇਆ। ਬੱਚਿਆਂ ਦੀ ਮਦਦ ਲਈ ਅਸੀਂ ਬਾਲ ਸੁਰੱਖਿਆ ਸਮਿਤੀ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੇ ਹਾਂ।

ਇਸ ਤੋਂ ਇਲਾਵਾ ਸਾਡਾ ਪੂਰਾ ਜਤਨ ਬੱਚਿਆਂ ਅਤੇ ਔਰਤਾਂ ਦੀ ਹੋਣ ਵਾਲੀ ਤਸਕਰੀ ਨੂੰ ਰੋਕਣ ਵਿੱਚ ਵੀ ਲੱਗਾ ਰਹਿੰਦਾ ਹੈ। ਅਸੀਂ ਲੋਕ ਇਸ ਦਿਸ਼ਾ ਵਿੱਚ ਕਈ ਜਾਗਰੂਕਤਾ ਪ੍ਰੋਗਰਾਮ ਚਲਾਉਣ ਤੋਂ ਇਲਾਵਾ ਬਚਾਓ-ਤੰਤਰ ਨੂੰ ਵੀ ਵਿਕਸਤ ਕਰਨ ਵਿੱਚ ਜਤਨਸ਼ੀਲ ਹਾਂ। ਇਸ ਤਰ੍ਹਾਂ ਅਸੀਂ ਕਈ ਬੱਚਿਆਂ ਅਤੇ ਔਰਤਾਂ ਦੇ ਜੀਵਨ ਬਚਾ ਚੁੱਕੇ ਹਾਂ।

ਹੰਗਾਮੀ ਪ੍ਰਤੀਕਿਰਿਆ ਇਕਾਈ:

ਐਮਰਜੈਂਸੀ ਰੈਸਪਾਂਸ ਯੂਨਿਟ ਸਾਡਾ ਮੁੱਖ ਹਥਿਆਰ ਹੈ। ਅਸੀਂ ਮੁਸੀਬਤ ਵਿੱਚ ਫਸੇ ਕਿਸੇ ਵੀ ਵਿਅਕਤੀ ਦੀ ਮਦਦ ਲਈ 24 ਘੰਟੇ ਤਤਪਰ ਹਾਂ। ਇਸ ਦਿਸ਼ਾ ਵਿੱਚ ਅਸੀਂ ਤਿੰਨ-ਤਿੰਨ ਸਾਧਨਾਂ ਦਾ ਸਹਿਯੋਗ ਲੈ ਕੇ ਅੱਗੇ ਵਧ ਰਹੇ ਹਾਂ ਅਤੇ ਆਪਣੇ ਕੰਮ ਨੂੰ ਬਾਖ਼ੂਬੀ ਅੰਜਾਮ ਦੇ ਰਹੇ ਹਾਂ।

ਸਾਡਾ ਮੁੱਖ ਉਦੇਸ਼ ਮੁਸੀਬਤ ਵਿੱਚ ਫਸੇ ਲੋਕਾਂ ਨੂੰ ਬਚਾਉਣਾ, ਗ਼ਰੀਬ ਬੱਚਿਆਂ ਦੀ ਮਦਦ ਕਰਨਾ ਅਤੇ ਆਫ਼ਤ ਸਮੇਂ ਬਚਾਅ ਤੇ ਰਾਹਤ ਕਾਰਜ ਕਰਨਾ ਹੈ। ਇਸ ਤੋਂ ਇਲਾਵਾ ਅਸੀਂ ਸਥਾਨਕ ਪੁਲਿਸ ਦੀ ਮਦਦ ਨਾਲ ਸੜਕਾਂ ਉਤੇ ਰਹਿਣ ਵਾਲੇ ਮਾਨਸਿਕ ਤੌਰ ਉਤੇ ਅਵਿਕਸਤ ਬੱਚਿਆਂ ਦੀ ਮਦਦ ਦੇ ਕੰਮ ਨੂੰ ਵੀ ਅੰਜਾਮ ਦਿੰਦੇ ਹਾਂ।

ਭਵਿੱਖ ਵਿੱਚ ਸਾਡੀ ਯੋਜਨਾ ਕੋਲਕਾਤਾ ਪੁਲਿਸ ਦੀ ਮਦਦ ਨਾਲ ਇੱਕ ਰਾਤ ਲਈ ਹੰਗਾਮੀ ਰੈਣ-ਬਸੇਰਾ ਖੋਲ੍ਹਣਾ ਹੈ, ਜੋ ਮੁੱਖ ਤੌਰ ਉਤੇ ਗ਼ਰੀਬ ਮਹਿਲਾਵਾਂ ਲਈ ਬਹੁਤ ਕਾਰਗਰ ਰਹੇਗਾ।

? ਤੁਹਾਨੂੰ ਇਨ੍ਹਾਂ ਕੰਮਾਂ ਲਈ ਆਰਥਿਕ ਸਹਾਇਤਾ ਕਿੱਥੋਂ ਮਿਲ ਰਹੀ ਹੈ?

- ਸਾਡੀ ਆਰਥਿਕ ਮਦਦ ਮੁੱਖ ਤੌਰ ਉਤੇ ਆਇਰਲੈਂਡ ਦੀ ਹੋਪ ਫ਼ਾਊਂਡੇਸ਼ਨ ਹੀ ਕਰਦੀ ਹੈ। ਇਸ ਤੋਂ ਇਲਾਵਾ ਕਈ ਵੱਡੀਆਂ ਕੰਪਨੀਆਂ ਆਪਣੀ ਸੀ.ਐਸ.ਆਰ. (ਕਾਰਪੋਰੇਟ ਸੋਸ਼ਲ ਰੈਸਪਾਂਸੀਬਿਲਟੀ) ਦਾ ਕੁੱਝ ਹਿੱਸਾ ਸਾਡੇ ਕੰਮਾਂ ਵਿੱਚ ਖ਼ਰਚ ਕਰਦੇ ਹਨ। ਨਾਲ ਹੀ ਵੱਡੀ ਗਿਣਤੀ ਵਿੱਚ ਆਮ ਜਨਤਾ ਆਪਣੇ ਸਮੇਂ ਅਤੇ ਧਨ ਰਾਹੀਂ ਸਾਡਾ ਮਨੋਬਲ ਵਧਾਉਂਦੇ ਹਨ।

ਹੁਣ ਤੱਕ ਦੇ ਸਫ਼ਰ ਵਿੱਚ ਆਈਆਂ ਕੁੱਝ ਚੁਣੌਤੀਆਂ ਬਾਰੇ ਚਰਚਾ ਕਰੀਏ, ਤਾਂ...

ਸੇਵਾ ਦੇ ਰਸਤੇ ਵਿੱਚ ਪੈਰ-ਪੈਰ ਉਤੇ ਕੰਡੇ ਹੀ ਕੰਡੇ ਵਿਛੇ ਹੋਏ ਹਨ।

ਹੁਣ ਤੱਕ ਦੇ ਅਨੁਭਵ ਦੇ ਆਧਾਰ ਉਤੇ ਆਮ ਜਨਤਾ ਦੇ ਮਨ ਵਿੱਚ ਆਪਣੇ ਲਈ ਵਿਸ਼ਵਾਸ ਪੈਦਾ ਕਰਨਾ ਸਭ ਤੋਂ ਵੱਡੀ ਚੁਣੌਤੀ ਰਿਹਾ। ਇਸ ਤੋਂ ਇਲਾਵਾ ਸਾਡੇ ਕੋਲ ਮੌਜੂਦਾ ਵਿਕਲਪਾਂ ਦੇ ਅਨੁਪਾਤ ਵਿੱਚ ਸਾਡੇ ਕੰਮ ਕਰਨ ਦਾ ਦਾਇਰਾ ਬਹੁਤ ਵੱਡਾ ਹੈ। ਇਸ ਕੰਮ ਲਈ ਤਿੰਨ-ਤਿੰਨ ਸਰਕਾਰੀ ਮਹਿਕਮਿਆਂ ਨਾਲ ਤਾਲਮੇਲ ਬਿਠਾਉਣਾ ਵੀ ਆਪਣੇ-ਆਪ ਵਿੱਚ ਇੱਕ ਬਹੁਤ ਵੱਡੀ ਚੁਣੌਤੀ ਸਿੱਧ ਹੋਇਆ ਹੈ।

ਸ਼ੁਰੂ ਦੇ ਦੋ ਤੋ ਤਿੰਨ ਸਾਲ ਤਾਂ ਸਾਨੂੰ ਪੁਲਿਸ ਨੂੰ ਆਪਣੇ ਨਾਲ ਕੰਮ ਕਰਨ ਲਈ ਤਿਆਰ ਕਰਨ ਵਿੱਚ ਹੀ ਲੱਗ ਗਏ ਕਿਉਂਕਿ ਉਹ ਲੋਕ ਸਾਡੇ ਜਤਨਾਂ ਨੂੰ ਲੈ ਕੇ ਕਾਫ਼ੀ ਖ਼ਦਸ਼ੇ ਪਾਲ਼ੀ ਬੈਠੇ ਸਨ। ਪਰ ਲੋਕਾਂ ਦੀ ਸੇਵਾ ਲਈ ਸਾਡੀ ਸਮਰਪਣ-ਭਾਵਨਾ ਵੇਖ ਕੇ ਛੇਤੀ ਹੀ ਉਨ੍ਹਾਂ ਸਰਕਾਰੀ ਵਿਭਾਗਾਂ ਨੂੰ ਸਾਡੀਆਂ ਕੋਸ਼ਿਸ਼ਾਂ ਉਤੇ ਭਰੋਸਾ ਹੋਇਆ।

ਇਸ ਤੋਂ ਇਲਾਵਾ ਸਰਕਾਰੀ ਹਸਪਤਾਲਾਂ ਨਾਲ ਕੰਮ ਕਰਨਾ ਸਾਡੇ ਲਈ ਕਾਫ਼ੀ ਔਖਾ ਸਿੱਧ ਹੋਇਆ। ਅਸੀਂ ਕਿਸੇ ਲੋੜਵੰਦ ਨੂੰ ਲੈ ਕੇ ਹਸਪਤਾਲ ਜਾਂਦੇ, ਤਾਂ ਡਾਕਟਰ ਬੜੀ ਮੁਸ਼ਕਿਲ ਨਾਲ ਉਸ ਦਾ ਇਲਾਜ ਕਰਨ ਲਈ ਤਿਆਰ ਹੁੰਦੇ। ਸ਼ੁਰੂ ਦੇ ਦੌਰ ਵਿੱਚ ਮੇਰੇ ਲਈ ਡਾਕਟਰਾਂ ਨੂੰ ਸੇਵਾ ਪ੍ਰਤੀ ਆਪਣਾ ਸਮਰਪਣ ਅਤੇ ਮਰੀਜ਼ ਪ੍ਰਤੀ ਉਨ੍ਹਾਂ ਦੀ ਨਿਸ਼ਠਾ ਸਮਝਾਉਣ ਵਿੱਚ ਕਾਫ਼ੀ ਪਰੇਸ਼ਾਨੀ ਹੋਈ ਪਰ ਅੰਤ ਵਿੱਚ ਜਿੱਤ ਮੇਰੀ ਹੀ ਹੋਈ।

ਇੱਕ ਵਾਰ ਦੀ ਗੱਲ ਹੈ, ਮੈਂ ਇੱਕ ਮਰੀਜ਼ ਨੂੰ ਲੈ ਕੇ ਸਰਕਾਰੀ ਹਸਪਤਾਲ ਵਿੱਚ ਰਾਤ ਦੇ 11 ਵਜੇ ਤੋਂ ਲੈ ਕੇ ਅਗਲੇ ਦਿਨ ਸਵੇਰੇ 6 ਵਜੇ ਤੱਕ ਬੈਠਾ ਰਿਹਾ ਕਿਉਂਕਿ ਉਸ ਮਰੀਜ਼ ਦੀ ਹਾਲਤ ਵੇਖ ਕੇ ਕੋਈ ਵੀ ਡਾਕਅਰ ਉਸ ਦਾ ਇਲਾਜ ਕਰਨ ਲਈ ਤਿਆਰ ਨਹੀਂ ਸੀ। ਅਖ਼ੀਰ ਵਿੱਚ ਮੇਰੇ ਸਮਰਪਣ ਨੂੰ ਵੇਖਦਿਆਂ ਇੱਕ ਡਾਕਟਰ ਸਾਹਮਣੇ ਆਇਆ ਅਤੇ ਉਸ ਮਰੀਜ਼ ਦਾ ਇਲਾਜ ਸ਼ੁਰੂ ਹੋਇਆ।

? ਕੀ ਤੁਸੀਂ ਇਸ ਤਰ੍ਹਾਂ ਦੇ ਕੁੱਝ ਸਹਿਯੋਗਾਤਮਕ ਕਾਰਜਾਂ ਦੇ ਉਦਾਹਰਣ ਦੇਣਾ ਚਾਹੋਗੇ?

- ਸਾਡੇ ਵੱਲੋਂ ਬਚਾਏ ਗਏ ਵਿਅਕਤੀਆਂ ਵਿੱਚੋਂ ਕਈਆਂ ਦੀ ਗੁੰਮਸ਼ੁਦਗੀ ਪੁਲਿਸ ਕਾਗਜ਼ਾਂ ਵਿੱਚ ਦਰਜ ਸੀ। ਉਨ੍ਹਾਂ ਵਿਚੋਂ ਕੁੱਝ ਨੂੰ ਅਗ਼ਵਾ ਕੀਤਾ ਗਿਆ ਸੀ ਅਤੇ ਕੁੱਝ ਘਰ ਤੋਂ ਲਾਪਤਾ ਹੋ ਕੇ ਆਪਣਾ ਰਾਹ ਭਟਕ ਗਏ ਸਨ। ਇਸ ਤੋਂ ਇਲਾਵਾ ਕਈ ਬਜ਼ੁਰਗਾਂ ਅਤੇ ਮਾਨਸਿਕ ਤੌਰ ਉਤੇ ਅਵਿਕਸਤਾਂ ਨੂੰ ਵੀ ਅਸੀਂ ਬਚਾਇਆ ਹੈ। ਇਸ ਕੰਮ ਲਈ ਅਸੀਂ ਪੁਲਿਸ ਦੇ ਮੋਢੇ ਨਾਲ ਮੋਢਾ ਮਿਲਾ ਕੇ ਲਗਾਤਾਰ ਜਤਨਸ਼ੀਲ ਰਹਿੰਦੇ ਹਾਂ।

ਤਕਰੀਬਨ ਪੰਜ ਸਾਲ ਪਹਿਲਾਂ ਦੁਰਗਾ ਪੂਜਾ ਦੌਰਾਨ ਅਸੀਂ ਇੱਕ ਅਗ਼ਵਾ ਕੁੜੀ ਨੂੰ ਬਚਾਉਣ ਵਿੱਚ ਮਦਦ ਕੀਤੀ ਸੀ। ਮੇਰੇ ਖ਼ਿਆਲ ਵਿੱਚ ਉਹ ਕੁੜੀ ਅਗ਼ਵਾਕਾਰਾਂ ਦੇ ਚੰਗੁਲ 'ਚੋਂ ਭੱਜ ਨਿੱਕਲ਼ੀ ਸੀ। ਕਿਉਂਕਿ ਉਨ੍ਹਾਂ ਦਿਨਾਂ ਵਿੱਚ ਲਗਭਗ ਸਾਰੀ ਪੁਲਿਸ ਦੁਰਗਾ ਪੂਜਾ ਦਾ ਸ਼ਾਂਤੀਪੂਰਬਕ ਆਯੋਜਨ ਕਰਵਾਉਣ 'ਚ ਰੁੱਝੀ ਹੋਈ ਸੀ। ਇਸ ਲਈ ਸਾਨੂੰ ਉਸ ਕੁੜੀ ਨੂੰ ਉਸ ਦੇ ਪਰਿਵਾਰ ਤੱਕ ਪਹੁੰਚਾਉਣ ਵਿੱਚ ਕਾਫ਼ੀ ਮਿਹਨਤ ਕਰਨੀ ਪਈ। ਇਸ ਘਟਨਾ ਤੋਂ ਬਾਅਦ ਅਸੀਂ ਇਸ ਤਰ੍ਹਾਂ ਦੀਆਂ ਘਟਨਾਵਾਂ ਉਤੇ ਲਗਾਮ ਲਾਉਣ ਲਈ ਪੁਲਿਸ ਦੇ ਸਹਿਯੋਗ ਨਾਲ ਕਾਰਜ-ਯੋਜਨਾ ਤਿਆਰ ਕੀਤੀ ਹੈ।

ਇਸ ਕੰਮ ਲਈ ਅਸੀਂ ਪੁਲਿਸ ਅਤੇ ਆਪਣੇ ਕਾਰਕੁੰਨਾਂ ਦੇ ਸਹਿਯੋਗ ਨਾਲ ਲਾਪਤਾ ਬੱਚਿਆਂ ਅਤੇ ਮਹਿਲਾਵਾਂ ਦੀ ਸੁਰੱਖਿਆ ਲਈ ਇੱਕ ਹੰਗਾਮੀ ਦਸਤਾ ਤਿਆਰ ਕੀਤਾ ਹੈ। ਇਹ ਦਸਤਾ ਮੁਢਲੀ ਸਹਾਇਤਾ ਕਿੱਟ, ਕੱਪੜੇ, ਕੰਬਲਾਂ ਅਤੇ ਖਿਡੌਣੇ ਆਦਿ ਨਾਲ ਲੈਸ ਹੈ। ਪਿਛਲੇ ਸਾਲ ਦੁਰਗਾ ਪੂਜਾ ਸਮੇਂ ਇਸ ਤਰ੍ਹਾਂ ਦੇ ਦਸਤੇ ਕਾਰਜਸ਼ੀਲ ਰਹੇ ਅਤੇ ਕਈ ਲੋਕਾਂ ਦੀ ਮਦਦ ਕਰਨ ਵਿੱਚ ਸਫ਼ਲ ਰਹੇ।

ਲੇਖਕ: ਨਿਸ਼ਾਂਤ ਗੋਇਲ

ਅਨੁਵਾਦ: ਸਿਮਰਨਜੀਤ ਕੌਰ