ਰਿਕਸ਼ਾ ਚਲਾਉਣ ਵਾਲੇ ਗ਼ਰੀਬ ਪਿਤਾ ਦਾ ਪੁੱਤਰ ਬਣਿਆ ਆਈ.ਏ.ਐਸ. ਅਧਿਕਾਰੀ

ਰਿਕਸ਼ਾ ਚਲਾਉਣ ਵਾਲੇ ਗ਼ਰੀਬ ਪਿਤਾ ਦਾ ਪੁੱਤਰ ਬਣਿਆ ਆਈ.ਏ.ਐਸ. ਅਧਿਕਾਰੀ

Sunday November 08, 2015,

7 min Read

ਬਨਾਰਸ ਸ਼ਹਿਰ ਵਿੱਚ ਇੱਕ ਬੱਚਾ ਆਪਣੇ ਦੋਸਤਾਂ ਨਾਲ ਖੇਡਦੇ-ਖੇਡਦੇ ਆਪਣੇ ਹੀ ਇੱਕ ਦੋਸਤ ਦੇ ਘਰ ਚਲਾ ਗਿਆ। ਜਿਵੇਂ ਹੀ ਉਸ ਦੋਸਤ ਦੇ ਪਿਤਾ ਨੇ ਇਸ ਬੱਚੇ ਨੂੰ ਆਪਣੇ ਘਰ ਵਿੱਚ ਵੇਖਿਆ, ਤਾਂ ਉਹ ਗੁਸੇ ਨਾਲ ਲੋਹੇ-ਲਾਖੇ ਹੋ ਗਏ। ਦੋਸਤ ਦੇ ਪਿਤਾ ਨੇ ਬੱਚੇ ਉਤੇ ਚੀਕਣਾ ਸ਼ੁਰੂ ਕਰ ਦਿੱਤਾ। ਉਸ ਨੇ ਉਚੀ ਆਵਾਜ਼ ਵਿੱਚ ਪੁੱਛਿਆ,''ਤੂੰ ਮੇਰੇ ਘਰ ਵਿੱਚ ਕਿਵੇਂ ਆ ਸਕਦਾ ਹੈਂ? ਤੇਰੀ ਹਿੰਮਤ ਕਿਵੇਂ ਹੋਈ ਮੇਰੇ ਘਰ ਆਉਣ ਦੀ? ਤੂੰ ਜਾਣਦੈਂ ਕਿ ਤੇਰਾ ਬੈਕਗ੍ਰਾਊਂਡ ਕੀ ਹੈ? ਤੇਰਾ ਬੈਕਗ੍ਰਾਊਂਡ ਵੱਖ ਹੈ, ਸਾਡਾ ਵੱਖ। ਆਪਣੇ ਬੈਕਗ੍ਰਾਊਂਡ ਵਾਲਿਆਂ ਨਾਲ ਹੀ ਰਿਹਾ ਕਰ।'' ਇਹ ਆਖ ਕੇ ਪਿਤਾ ਨੇ ਉਸ ਬੱਚੇ ਨੂੰ ਬਾਹਰ ਦਾ ਰਾਹ ਵਿਖਾ ਦਿੱਤਾ।

image


ਦੋਸਤ ਦੇ ਪਿਤਾ ਦੇ ਇਸ ਵਿਵਹਾਰ ਤੋਂ ਬੱਚਾ ਘਬਰਾ ਗਿਆ। ਉਸ ਨੂੰ ਸਮਝ ਨਹੀਂ ਆਇਆ ਕਿ ਆਖ਼ਰ ਉਸ ਨੇ ਕੀ ਗ਼ਲਤ ਕੀਤਾ ਹੈ। ਉਸ ਨੂੰ ਲੱਗਾ ਕਿ ਦੂਜੇ ਬੱਚਿਆਂ ਵਾਂਗ ਉਹ ਵੀ ਆਪਣੇ ਇੱਕ ਦੋਸਤ ਨਾਲ ਖੇਡਦੇ-ਖੇਡਦੇ ਦੋਸਤ ਦੇ ਘਰ ਚਲਾ ਗਿਆ ਸੀ। ਦੋਸਤਾਂ ਦੇ ਘਰ ਤਾਂ ਹਰੇਕ ਬੱਚਾ ਜਾਂਦਾ ਹੈ, ਫਿਰ ਉਸ ਨੇ ਕੀ ਗ਼ਲਤ ਕੀਤਾ?

ਉਸ ਬੱਚੇ ਦੇ ਮਨ ਵਿੱਚ ਹੁਣ 'ਬੈਕਗ੍ਰਾਊਂਡ' ਬਾਰੇ ਜਾਣਨ ਦੀ ਤੀਬਰ ਇੱਛਾ ਪੈਦਾ ਹੋ ਗਈ। ਆਪਣੀ ਜਿਗਿਆਸਾ ਦੂਰ ਕਰਨ ਲਈ ਉਹ ਬੱਚਾ ਆਪਣੇ ਇੱਕ ਜਾਣਕਾਰ ਕੋਲ ਗਿਆ, ਜੋ ਪੜ੍ਹਿਆ-ਲਿਖਿਆ ਸੀ ਅਤੇ ਕਿਸੇ ਵੱਡੀ ਪ੍ਰੀਖਿਆ ਦੀ ਤਿਆਰੀ ਵੀ ਕਰ ਰਿਹਾ ਸੀ। ਉਸ ਜਾਣਕਾਰ ਵਿਅਕਤੀ ਨੇ ਬੱਚੇ ਨੂੰ ਉਸ ਦੀ ਸਮਾਜਕ ਪਿੱਠ-ਭੂਮੀ ਬਾਰੇ ਸਮਝਾਇਆ। ਬੱਚੇ ਨੂੰ ਅਹਿਸਾਸ ਹੋ ਗਿਆ ਕਿ ਉਹ ਗ਼ਰੀਬ ਹੈ ਅਤੇ ਉਸ ਦਾ ਦੋਸਤ ਅਮੀਰ। ਉਸ ਦੇ ਪਿਤਾ ਰਿਕਸ਼ਾ ਚਲਾਉਂਦੇ ਹਨ ਅਤੇ ਉਸ ਦੀ ਸਮਾਜਕ ਹਾਲਤ ਠੀਕ ਨਹੀਂ ਹੈ।

ਅਚਾਨਕ ਹੀ ਬੱਚੇ ਨੇ ਉਸ ਜਾਣਕਾਰ ਤੋਂ ਇਹ ਪੁੱਛ ਲਿਆ ਕਿ ਸਮਾਜਕ ਬੈਕਗ੍ਰਾਊਂਡ ਨੂੰ ਬਦਲਣ ਲਈ ਕੀ ਕੀਤਾ ਜਾ ਸਕਦਾ ਹੈ, ਤਦ ਅਚਾਨਕ ਹੀ ਉਸ ਜਾਣਕਾਰ ਦੇ ਮੂੰਹ 'ਚੋਂ ਨਿੱਕਲ ਗਿਆ ਕਿ ਆਈ.ਏ.ਐਸ. ਅਧਿਕਾਰੀ ਬਣ ਜਾ, ਤੇਰੀ ਵੀ ਬੈਕਗ੍ਰਾਊਂਡ ਬਦਲ ਜਾਵੇਗੀ।

image


ਸ਼ਾਇਦ ਮਜ਼ਾਕ 'ਚ ਜਾਂ ਫਿਰ ਉਸ ਵੇਲੇ ਬੱਚੇ ਦਾ ਦਿਲ ਖ਼ੁਸ਼ ਕਰਨ ਲਈ ਉਸ ਜਾਣਕਾਰ ਨੇ ਇਹ ਗੱਲ ਆਖੀ ਸੀ। ਪਰ, ਇਸ ਗੱਲ ਨੂੰ ਬੱਚੇ ਨੇ ਬਹੁਤ ਗੰਭੀਰਤਾ ਨਾਲ ਲਿਆ ਸੀ। ਉਸ ਦਿਲ-ਦਿਮਾਗ਼ ਉਤੇ ਇਸ ਗੱਲ ਨੇ ਡੂੰਘੀ ਛਾਪ ਛੱਡੀ ਸੀ। ਉਸ ਵੇਲੇ ਛੇਵੀਂ ਜਮਾਤ ਵਿੱਚ ਪੜ੍ਹ ਰਹੇ ਉਸ ਬੱਚੇ ਨੇ ਮਨ 'ਚ ਪੱਕਾ ਇਰਾਦਾ ਕਰ ਲਿਆ ਸੀ ਕਿ ਉਹ ਹਰ ਹਾਲ ਵਿੱਚ ਆਈ.ਏ.ਐਸ. ਅਧਿਕਾਰੀ ਬਣ ਕੇ ਰਹੇਗਾ। ਅਤੇ ਤਦ ਤੋਂ ਹੀ ਉਸ ਬੱਚੇ ਨੇ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਜਾਅ-ਜਾਨ ਲਾ ਕੇ ਮਿਹਨਤ ਕੀਤੀ। ਅਨੇਕਾਂ ਔਕੜਾਂ, ਪ੍ਰਤੀਕੂਲ ਸਥਿਤੀਆਂ ਅਤੇ ਕਮੀਆਂ ਦੇ ਬਾਵਜੂਦ ਉਹ ਬੱਚਾ ਅੱਗੇ ਚੱਲ ਕੇ ਆਪਣੀ, ਲਗਨ, ਮਿਹਨਤ, ਦ੍ਰਿੜ੍ਹ ਇਰਾਦਿਆਂ ਦੇ ਦਮ ਉਤੇ ਆਈ.ਏ.ਐਸ. ਅਧਿਕਾਰੀ ਬਣ ਗਿਆ।

ਜਿਸ ਘਟਨਾ ਦੀ ਇੱਥੇ ਗੱਲ ਹੋਈ ਹੈ, ਉਹ ਗੋਵਿੰਦ ਜਾਇਸਵਾਲ ਦੇ ਬਚਪਨ ਦੀ ਸੱਚੀ ਘਟਨਾ ਹੈ।

ਰਿਕਸ਼ਾ ਚਲਾਉਣ ਵਾਲੇ ਇੱਕ ਗ਼ਰੀਬ ਪਰਿਵਾਰ ਵਿੱਚ ਜਨਮੇ ਗੋਵਿੰਦ ਜਾਇਸਵਾਲ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ ਹੀ ਆਈ.ਏ.ਐਸ. ਦੀ ਪ੍ਰੀਖਿਆ ਪਾਸ ਕਰ ਲਈ ਸੀ। ਅੱਜ ਉਹ ਇੱਕ ਕਾਮਯਾਬ ਅਤੇ ਪ੍ਰਸਿੱਧ ਅਧਿਕਾਰੀ ਹੈ।

ਪਰ ਜਿਹੜੀਆਂ ਔਖੀਆਂ ਸਥਿਤੀਆਂ ਅਤੇ ਕਮੀਆਂ ਵਿੱਚ ਗੋਵਿੰਦ ਨੇ ਆਪਣੀ ਪੜ੍ਹਾਈ ਕੀਤੀ, ਉਹ ਕਿਸੇ ਨੂੰ ਵੀ ਤੋੜ ਸਕਦੀਆਂ ਹਨ। ਅਕਸਰ ਆਮ ਲੋਕ ਇਨ੍ਹਾਂ ਹਾਲਾਤ ਅਤੇ ਕਮੀਆਂ ਤੋਂ ਹਾਰ ਜਾਂਦੇ ਹਨ ਅਤੇ ਅੱਗੇ ਨਹੀਂ ਵਧ ਪਾਉਂਦੇ। ਪਰ ਗੋਵਿੰਦ ਨੇ ਜੋ ਹਾਸਲ ਕਰ ਵਿਖਾਇਆ ਹੈ, ਉਹ ਵੱਡੀ ਮਿਸਾਲ ਹੈ। ਗ਼ਰੀਬ ਪਰਿਵਾਰ ਵਿੱਚ ਜਨਮ ਲੈਣ ਵਾਲੇ ਬੱਚੇ-ਨੌਜਵਾਨ ਅਤੇ ਦੂਜੇ ਲੋਕ ਵੀ ਗੋਵਿੰਦ ਦੀ ਕਾਮਯਾਬੀ ਦੀ ਕਹਾਣੀ ਤੋਂ ਪ੍ਰੇਰਣਾ ਲੈ ਸਕਦੇ ਹਨ।

ਗੋਵਿੰਦ ਦੇ ਪਿਤਾ ਨਾਰਾਇਣ ਜਾਇਸਵਾਲ ਬਨਾਰਸ ਵਿੱਚ ਰਿਕਸ਼ਾ ਚਲਾਉਂਦੇ ਸਨ। ਰਿਕਸ਼ਾਾ ਹੀ ਉਨ੍ਹਾਂ ਦੀ ਕਮਾਈ ਦਾ ਇੱਕੋ ਇੱਕ ਸਾਧਨ ਸੀ। ਰਿਕਸ਼ੇ ਦੇ ਦਮ ਉਤੇ ਹੀ ਸਾਰਾ ਘਰ-ਪਰਿਵਾਰ ਚਲਦਾ ਸੀ। ਗ਼ਰੀਬੀ ਅਜਿਹੀ ਸੀ ਕਿ ਪਰਿਵਾਰ ਦੇ ਸਾਰੇ ਪੰਜ ਮੈਂਬਰ ਇੱਕੋ ਕਮਰੇ ਵਿੱਚ ਰਹਿੰਦੇ ਸਨ। ਪਹਿਨਣ ਲਈ ਠੀਕ ਕੱਪੜੇ ਵੀ ਨਹੀਂ ਸਨ। ਗੋਵਿੰਦ ਦੀ ਮਾਂ ਦਾ ਦੇਹਾਂਤ ਬਚਪਨ ਵਿੱਚ ਹੀ ਹੋ ਗਿਆ ਸੀ। ਤਿੰਨ ਭੈਣਾਂ ਗੋਵਿੰਦ ਦੀ ਦੇਖਭਾਲ ਕਰਦੀਆਂ, ਪਿਤਾ ਸਾਰਾ ਦਿਨ ਰਿਕਸ਼ਾ ਵਾਹੁੰਦੇ, ਫਿਰ ਵੀ ਕੋਈ ਵਧੇਰੇ ਕਮਾਈ ਨਹੀਂ ਹੁੰਦੀ ਸੀ। ਬਹੁਤ ਔਖਿਆਈ ਨਾਲ਼ ਦਿਨ ਨਿੱਕਲਦੇ ਸਨ। ਬਹੁਤ ਔਕੜਾਂ ਝੱਲ ਕੇ ਪਿਤਾ ਨੇ ਗੋਵਿੰਦ ਦੀ ਪੜ੍ਹਾਈ ਜਾਰੀ ਰੱਖੀ। ਚਾਰੇ ਬੱਚਿਆਂ ਦੀ ਪੜ੍ਹਾਈ ਅਤੇ ਖ਼ਰਚੇ ਲਈ ਪਿਤਾ ਨੇ ਦਿਨ-ਰਾਤ ਮਿਹਨਤ ਕੀਤੀ। ਸਖ਼ਤ ਠੰਢ ਹੋਵੇ, ਤੇਜ਼ ਗਰਮੀ ਜਾਂ ਫਿਰ ਜ਼ੋਰਦਾਰ ਬਰਸਤਾ, ਪਿਤਾ ਨੇ ਰਿਕਸ਼ਾ ਚਲਾਇਆ ਅਤੇ ਬੱਚਿਆਂ ਦਾ ਪੇਟ ਭਰਿਆ। ਇੱਕ ਦਿਨ ਜਦੋਂ ਗੋਵਿੰਦ ਨੇ ਇਹ ਵੇਖਿਆ ਕਿ ਤੇਜ਼ ਬੁਖ਼ਾਰ ਦੇ ਬਾਵਜੂਦ ਉਸ ਦੇ ਪਿਤਾ ਰਿਕਸ਼ਾ ਲੈ ਕੇ ਚਲੇ ਗਏ, ਤਦ ਉਸ ਦਾ ਇਰਾਦਾ ਤੇ ਸੰਕਲਪ ਹੋਰ ਵੀ ਮਜ਼ਬੂਤ ਹੋ ਗਏ ਕਿ ਉਸ ਨੇ ਕਿਸੇ ਵੀ ਕੀਮਤ ਉਤੇ ਆਈ.ਏ.ਐਸ. ਬਣਨਾ ਹੈ। ਬਚਪਨ ਤੋਂ ਹੀ ਗੋਵਿੰਦ ਨੇ ਕਦੇ ਵੀ ਪਿਤਾ ਅਤੇ ਭੈਣਾਂ ਨੂੰ ਨਿਰਾਸ਼ ਨਹੀਂ ਕੀਤਾ। ਭਾਵੇਂ ਉਸ ਕੋਲ ਦੂਜੇ ਬੱਚਿਆਂ ਜਿਹੀਆਂ ਸਹੂਲਤਾਂ ਨਹੀਂ ਸਨ ਪਰ ਉਸ ਨੇ ਖ਼ੂਬ ਮਨ ਲਾ ਕੇ ਪੜ੍ਹਾਈ ਕੀਤੀ ਅਤੇ ਹਰੇਕ ਪ੍ਰੀਖਿਆ ਵਿੱਚ ਅੱਵਲ ਅੰਕ ਲਏ।

ਗੋਵਿੰਦ ਦੇ ਘਰ ਦੇ ਆਲੇ-ਦੁਆਲੇ ਕਈ ਫ਼ੈਕਟਰੀਆਂ ਸਨ। ਇਨ੍ਹਾਂ ਫ਼ੈਕਟਰੀਆਂ ਵਿੱਚ ਚੱਲਣ ਵਾਲੇ ਜੈਨਰੇਟਰਾਂ ਦੀ ਆਵਾਜ਼ ਪਰਿਵਾਰਕ ਮੈਂਬਰਾਂ ਨੂੰ ਬਹੁਤ ਪਰੇਸ਼ਾਨ ਕਰਦੀ ਸੀ। ਤੇਜ਼ ਆਵਾਜ਼ਾਂ ਤੋਂ ਬਚਣ ਲਈ ਗੋਵਿੰਦ ਕੰਨਾਂ ਵਿੱਚ ਰੂੰ ਪਾ ਕੇ ਪੜ੍ਹਾਈ ਕਰਦਾ।

ਹੋਰ ਤਾਂ ਹੋਰ, ਗੋਵਿੰਦ ਨੂੰ ਕੁੱਝ ਲੋਕ ਅਕਸਰ ਤਾਅਨੇ ਮਾਰ ਕੇ ਵੀ ਪਰੇਸ਼ਾਨ ਕਰਦੇ। ਉਸ ਨੂੰ ਪੜ੍ਹਾ-ਲਿਖਦਾ ਵੇਖ ਕੇ ਆਂਢ-ਗੁਆਂਢ ਦੇ ਲੋਕ ਵੀ ਤਾਅਨੇ ਮਾਰਦੇ - ਜਿੰਨਾ ਮਰਜ਼ੀ ਪੜ੍ਹ ਲੈ ਪੁੱਤਰਾ, ਚਲਾਉਣਾ ਤਾਂ ਤੂੰ ਰਿਕਸ਼ਾ ਈ ਹੈ। ਪਰ ਗੋਵਿੰਦ ਉਤੇ ਇਨ੍ਹਾਂ ਗੱਲਾਂ ਅਤੇ ਤਾਅਨਿਆਂ ਦਾ ਕੋਈ ਫ਼ਰਕ ਨਾ ਪਿਆ।

ਗ਼ਰੀਬੀ ਦੇ ਥਪੇੜੇ ਝੱਲਦਿਆਂ ਕਿਸੇ ਤਰ੍ਹਾਂ ਜ਼ਿੰਦਗੀ ਅੱਗੇ ਵਧ ਰਹੀ ਸੀ ਕਿ ਹਾਲਾਤ ਉਸ ਵੇਲੇ ਹੋਰ ਵੀ ਵਿਗੜ ਗਏ, ਜਦੋਂ ਪਿਤਾ ਦੇ ਪੈਰ ਵਿੱਚ ਸੈਪਟਿਕ ਹੋ ਗਿਆ।

ਸੈਪਟਿਕ ਹੋਣ ਕਾਰਣ ਪਿਤਾ ਦਾ ਰਿਕਸ਼ਾ ਚਲਾਉਣਾ ਅਸੰਭਵ ਹੋ ਗਿਆ। ਘਰ-ਪਰਿਵਾਰ ਚਲਾਉਣ ਲਈ ਪਿਤਾ ਨੇ ਰਿਕਸ਼ਾ ਕਿਰਾਏ ਉਤੇ ਦੇ ਦਿੱਤਾ। ਪਿਤਾ ਦੀ ਮਿਹਨਤ ਕਾਰਣ ਗੋਵਿੰਦ ਦੀਆਂ ਭੈਣਾਂ ਦੇ ਵਿਆਹ ਵੀ ਹੋ ਗਏ।

ਇਸ ਸਭ ਦੌਰਾਨ ਗੋਵਿੰਦ ਨੇ ਚੰਗੇ ਅੰਕਾਂ ਨਾਲ ਗਰੈਜੂਏਸ਼ਨ ਵੀ ਮੁਕੰਮਲ ਕਰ ਲਈ ਸੀ। ਉਸ ਨੇ ਆਈ.ਏ.ਐਸ. ਅਧਿਕਾਰੀ ਬਣਨ ਦਾ ਆਪਣਾ ਸੁਫ਼ਨਾ ਸਾਕਾਰ ਕਰਨ ਲਈ ਕੋਚਿੰਗ ਲੈਣ ਦਾ ਮਨ ਬਣਾਇਆ। ਕੋਚਿੰਗ ਲਈ ਗੋਵਿੰਦ ਨੂੰ ਬਨਾਰਸ ਤੋਂ ਦਿੱਲੀ ਜਾਣਾ ਪਿਆ। ਦਿੱਲੀ ਵਿੱਚ ਵੀ ਦਿਨ ਔਖਿਆਈਆਂ ਭਰੇ ਹੀ ਰਹੇ।

ਵਿਦਿਆਰਥੀਆਂ ਨੂੰ ਟਿਊਸ਼ਨ ਪੜ੍ਹਾ ਕੇ ਗੋਵਿੰਦ ਨੇ ਖ਼ਰਚਿਆਂ ਲਈ ਰੁਪਏ ਇਕੱਠੇ ਕੀਤੇ। ਕਈ ਵਾਰ ਤਾਂ ਗੋਵਿੰਦ ਨੇ ਦਿਨ ਭਰ ਵਿੱਚ ਕੇਵਲ ਇੱਕੋ ਵਾਰ ਭੋਜਨ ਖਾ ਕੇ ਆਪਣਾ ਕੰਮ ਚਲਾਇਆ। ਆਈ.ਏ.ਐਸ. ਦੀ ਪ੍ਰੀਖਿਆ ਵਿੱਚ ਪਾਸ ਹੋਣ ਦੇ ਮੰਤਵ ਨਾਲ ਗੋਵਿੰਦ ਨੇ ਹਰ ਦਿਨ ਘੱਟੋ-ਘੱਟ 12-13 ਘੰਟੇ ਤੱਕ ਪੜ੍ਹਾਈ ਕੀਤੀ। ਘੱਟ ਖਾਦ ਅਤੇ ਵੱਧ ਪੜ੍ਹਨ ਨਾਲ ਹਾਲਾਤ ਅਜਿਹੇ ਹੋ ਗਏ ਕਿ ਗੋਵਿੰਦ ਦੀ ਤਬੀਅਤ ਵਿਗੜ ਗੀ ਅਤੇ ਉਸ ਨੂੰ ਡਾਕਟਰ ਕੋਲ ਲਿਜਾਣਾ ਪਿਆ। ਡਾਕਟਰ ਨੇ ਸਲਾਹ ਦਿੱਤੀ ਕਿ ਜੇ ਕੁੱਝ ਸਮੇਂ ਲਈ ਪੜ੍ਹਾਈ ਨੂੰ ਨਾ ਰੋਕਿਆ ਗਿਆ, ਤਾਂ ਹਾਲਤ ਹੋਰ ਵੀ ਵਿਗੜ ਜਾਵੇਗੀ ਅਤੇ ਬਹੁਤ ਨੁਕਸਾਨ ਹੋਵੇਗਾ। ਪਰ ਸਿਰਫ਼ ਟੀਚੇ ਵੱਲ ਵੇਖ ਰਹੇ ਗੋਵਿੰਦ ਨੇ ਕਿਸੇ ਦੀ ਨਾ ਸੁਣੀ ਅਤੇ ਆਪਣੀ ਪੜ੍ਹਾਈ ਜਾਰੀ ਰੱਖੀ। ਇਸ ਮਿਹਨਤ ਅਤੇ ਦ੍ਰਿੜ੍ਹ ਇਰਾਦੇ ਦਾ ਨਤੀਜਾ ਇਹ ਨਿੱਕਲਿਆ ਕਿ ਗੋਵਿੰਦ ਪਹਿਲੀ ਹੀ ਕੋਸ਼ਿਸ਼ ਵਿੱਚ ਆਈ.ਏ.ਐਸ. ਦੀ ਪ੍ਰੀਖਿਆ ਪਾਸ ਕਰ ਗਿਆ। ਗੋਵਿੰਦ ਨੇ ਆਈ.ਏ.ਐਸ. (ਜਨਰਲ ਕੈਟਾਗਰੀ - ਆਮ ਵਰਗ) ਪ੍ਰੀਖਿਆ ਵਿੱਚ 48ਵਾਂ ਰੈਂਕ ਹਾਸਲ ਕੀਤਾ। ਗੋਵਿੰਦ ਨੇ ਹਿੰਦੀ ਮਾਧਿਅਮ ਰਾਹੀਂ ਅੱਵਲ ਨੰਬਰ ਪਾਉਣ ਦਾ ਖ਼ਿਤਾਬ ਵੀ ਆਪਣੇ ਨਾਂਅ ਕੀਤਾ।

ਮਹੱਤਵਪੂਰਣ ਗੱਲ ਇਹ ਵੀ ਹੈ ਕਿ ਗੋਵਿੰਦ ਨੂੰ ਆਪਣੀ ਪੜ੍ਹਾਈ ਅਤੇ ਕੈਰੀਅਰ ਸਬੰਧੀ ਪਰਿਵਾਰ ਤੋਂ ਕੋਈ ਵੀ ਮਾਰਗ ਦਰਸ਼ਨ ਨਹੀਂ ਮਿਲਿਆ। ਪਰ ਔਖਿਆਈਆਂ ਦੇ ਦੋਰ ਵਿੱਚ ਭੈਣਾਂ ਨੇ ਗੋਵਿੰਦ ਦਾ ਪੂਰਾ ਸਾਥ ਦਿੱਤਾ। ਸਦਾ ਉਸ ਦਾ ਹੌਸਲਾ ਵਧਾਇਆ। ਗੋਵਿੰਦ ਦੀ ਹਰ ਸੰਭਵ ਮਦਦ ਕੀਤੀ, ਮਾਂ ਵਾਂਗ ਪਿਆਰ ਦਿੱਤਾ। ਕੁੱਝ ਦੋਸਤਾਂ ਅਤੇ ਅਧਿਆਪਕਾਂ ਨੇ ਵੀ ਸਮੇਂ-ਸਮੇਂ ਉਤੇ ਸਲਾਹ ਦਿੱਤੀ। ਆਈ.ਏ.ਐਸ. ਦੀ ਪ੍ਰੀਖਿਆ ਦੀ ਤਿਆਰੀ ਵਿੱਚ ਦਿੱਲੀ ਦੇ 'ਪਤੰਜਲੀ ਇੰਸਟੀਚਿਊਟ' ਤੋਂ ਵੀ ਮਦਦ ਮਿਲੀ। ਇੱਥੇ ਧਰਮਿੰਦਰ ਕੁਮਾਰ ਦੇ ਵਿਅਕਤੀ ਨੇ ਗੋਵਿੰਦ ਦੀ ਸਭ ਤੋਂ ਵੱਧ ਮਦਦ ਕੀਤੀ।

ਦਿਲਚਸਪ ਗੱਲ ਇਹ ਵੀ ਹੈ ਕਿ ਗੋਵਿੰਦ ਨੇ ਆਪਣੇ ਜੀਵਨ ਵਿੱਚ ਕਦੇ 'ਸ਼ਾਰਟ ਕੱਟ ਰਾਹ' ਨਹੀਂ ਫੜਿਆ ਅਤੇ ਬਹੁਤ ਹੀ ਯੋਜਨਾਬੱਧ ਤਰੀਕੇ ਨਾਲ ਪੜ੍ਹਾਈ-ਲਿਖਾਈ ਕੀਤੀ। ਮਿਹਨਤ ਬਹੁਤ ਜ਼ਿਆਦਾ ਕੀਤੀ। ਔਕੜਾਂ ਤੇ ਘਾਟਾਂ ਨੂੰ ਰਾਹ ਦੇ ਅੜਿੱਕੇ ਨਾ ਬਣਨ ਦਿੱਤਾ।

ਆਈ.ਏ.ਐਸ. ਪ੍ਰੀਖਿਆ ਲਈ ਵਿਸ਼ਾ ਚੁਣਨ ਬਾਰੇ ਵੀ ਗੋਵਿੰਦ ਦੀ ਕਹਾਣੀ ਦਿਲਚਸਪ ਹੈ। ਗੋਵਿੰਦ ਦੇ ਇੱਕ ਦੋਸਤ ਕੋਲ ਇਤਿਹਾਸ ਦੀਆਂ ਬਹੁਤ ਕਿਤਾਬਾਂ ਸਨ, ਇਸੇ ਲਈ ਉਸ ਨੇ ਇਤਿਹਾਸ ਨੂੰ ਮੁੱਖ ਵਿਸ਼ਾ ਚੁਣਿਆ। ਦੂਜਾ ਵਿਸ਼ਾ ਦਰਸ਼ਨ ਸ਼ਾਸਤਰ ਰੱਖਿਆ, ਕਿਉਂਕਿ ਉਸ ਦਾ ਸਿਲੇਬਸ ਛੋਟਾ ਸੀ ਅਤੇ ਵਿਗਿਆਨ ਉਤੇ ਉਸ ਦੀ ਪਕੜ ਮਜ਼ਬੂਤ ਸੀ।

ਗੋਵਿੰਦ ਜਾਇਸਵਾਲ ਦੀ ਇਹ ਕਹਾਣੀ ਲੋਕਾਂ ਨੂੰ ਬਹੁਤ ਕੁੱਝ ਸਿਖਾਉਂਦੀ ਹੈ। ਅਕਸਰ ਲੋਕ ਗ਼ਰੀਬੀ, ਤੰਗ ਹਾਲਾਤ ਅਤੇ ਪ੍ਰਤੀਕੂਲ ਹਾਲਾਤ ਨੂੰ ਆਪਣੀ ਨਾਕਾਮੀ ਦਾ ਕਾਰਣ ਦਸਦੇ ਹਨ। ਪਰ ਗੋਵਿੰਦ ਨੇ ਸਿੱਧ ਕੀਤਾ ਹੈ ਕਿ ਜੇ ਹੌਸਲੇ ਬੁਲੰਦ ਹੋਣ, ਮਿਹਨਤ ਕੀਤੀ ਜਾਵੇ, ਸੰਘਰਸ਼ ਚਲਦਾ ਰਹੇ, ਤਾਂ ਕਮੀਆਂ ਅਤੇ ਗ਼ਰੀਬੀ ਵਿੱਚ ਵੀ ਜਿੱਤ ਹਾਸਲ ਕੀਤੀ ਜਾ ਸਕਦੀ ਹੈ। ਸੁਫ਼ਨੇ ਸਾਕਾਰ ਕਰਨ ਲਈ ਹਾਲਤ ਅਤੇ ਔਖਿਆਈਆਂ ਤੋਂ ਘਬਰਾਉਣਾ ਨਹੀਂ ਚਾਹੀਦਾ। ਕਮੀਆਂ ਦੂਰ ਕਰਨ ਲਈ ਮਿਹਨਤ ਅਤੇ ਸੰਘਰਸ਼ ਹੀ ਸਫ਼ਲਤਾ ਦੇ ਸੂਤਰ ਹਨ। ਇਸ ਗੱਲ ਵਿੱਚ ਵੀ ਦੋ ਰਾਇ ਨਹੀਂ ਕਿ ਕਮੀਆਂ ਦੇ ਅਸਰ ਨੇ ਹੀ ਗੋਵਿੰਦ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਕਰਨ ਦਾ ਦ੍ਰਿੜ੍ਹ ਸੰਕਲਪ ਲੈਣ ਉਤੇ ਮਜਬੂਰ ਕੀਤਾ ਅਤੇ ਇਹ ਸੰਕਲਪ ਪੂਰਾ ਹੋਇਆ ਮਿਹਨਤ ਅਤੇ ਨਿਰੰਤਰ ਸੰਘਰਸ਼ ਕਾਰਣ।

ਗੋਵਿੰਦ ਦੀ ਕਹਾਣੀ ਇਹ ਵੀ ਦਸਦੀ ਹੈ ਕਿ ਪਿੱਠਭੂਮੀ ਦਾ ਵੀ ਕਾਮਯਾਬੀ ਉਤੇ ਅਸਰ ਨਹੀਂ ਪੈਣ ਦਿੱਤਾ ਜਾ ਸਕਦਾ। ਬੈਕਗ੍ਰਾਊਂਡ ਜੇ ਕਮਜ਼ੋਰ ਹੋਵੇ, ਤਾਂ ਮਜ਼ਬੂਤ ਸੰਕਲਪ ਅਤੇ ਸੰਘਰਸ਼ ਨਾਲ ਸੁਫ਼ਨੇ ਸਾਕਾਰ ਕੀਤੇ ਜਾ ਸਕਦੇ ਹਨ।

    Share on
    close