ਤਸਵੀਰਾਂ ਦੇ ਸ਼ੌਕ ਨੇ ਬਣਾ ਦਿੱਤਾ ਸਟਾਰ

0

ਜੇ ਕਿਸੇ ਕਲਾਕਾਰ ਵਿੱਚ ਨਵੀਂ ਦੁਨੀਆ ਦਾ ਪਤਾ ਲਾਉਣ ਦਾ ਜਨੂੰਨ ਹੋਵੇ, ਤਾਂ ਕਲਾਤਮਕਤਾ ਨੂੰ ਕਿਸੇ ਇੱਕ ਸ਼ੈਲੀ ਵਿੱਚ ਸੀਮਤ ਰੱਖਣਾ ਔਖਾ ਹੁੰਦਾ ਹੈ। ਮਕਬੂਲ ਫ਼ਿਦਾ ਹੁਸੈਨ, ਕਿਸ਼ੋਰ ਕੁਮਾਰ ਅਤੇ ਪ੍ਰਸੂਨ ਜੋਸ਼ੀ ਜਿਹੇ ਬਹੁ-ਪੱਖੀ ਪ੍ਰਤਿਭਾ ਵਾਲੇ ਕਲਾਕਾਰਾਂ ਨੈ ਆਪਣੀ ਮੁੱਖ ਕਲਾ ਦੇ ਨਾਲ ਹੀ ਕਈ ਹੋਰ ਸ਼ੈਲੀਆਂ 'ਤੇ ਵੀ ਹੱਥ ਅਜ਼ਮਾਇਆ ਅਤੇ ਉਸ ਵਿੱਚ ਸਫ਼ਲਤਾ ਹਾਸਲ ਕੀਤੀ। ਰੌਨਿਕਾ ਕੰਧਾਰੀ ਵੀ ਅਜਿਹੀ ਹੀ ਇੱਕ ਕਲਾਤਮਕ ਸ਼ਖ਼ਸੀਅਤ ਹਨ, ਜੋ ਲਗਜ਼ਰੀ ਲਾਈਫ਼ਸਟਾਈਲ ਵੈਡਿੰਗ ਫ਼ੋਟੋਗ੍ਰਾਫ਼ੀ ਦੇ ਖੇਤਰ ਵਿੱਚ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਰਾਹ-ਦਿਸੇਰੀ ਬਣੇ ਹੋਏ ਹਨ।

ਰੌਨਿਕਾ ਪਹਿਲੀ ਭਾਰਤੀ ਮਹਿਲਾ ਹਨ, ਜੋ ਇਸ ਚੁਣੌਤੀ ਭਰੇ ਖੇਤਰ ਵਿੱਚ ਆਪਣੀ ਛਾਪ ਛੱਡਣ ਵਿੱਚ ਸਫ਼ਲ ਰਹੇ ਹਨ। ਉਹ ਪਹਿਲੀ ਭਾਰਤੀ ਮਹਿਲਾ ਹਨ, ਜਿਨ੍ਹਾਂ ਨੂੰ ਸਊਦੀ ਰਾਜ-ਘਰਾਣੇ ਦੀਆਂ ਤਸਵੀਰਾਂ ਖਿੱਚਣ ਦਾ ਮੌਕਾ ਮਿਲਿਆ ਹੈ। ਰੌਨਿਕਾ ਨੇ ਸੁਨੀਲ ਭਾਰਤੀ ਮਿੱਤਲ (ਏਅਰਟੈਲ), ਨਾਰਾਇਣ ਮੂਰਤੀ (ਇਨਫ਼ੋਸਿਸ) ਅਤੇ ਅੰਮ੍ਰਿਤਾ ਅਰੋੜਾ, ਜੈਨੇਲੀਆ ਅਤੇ ਰਿਤੇਸ਼ ਦੇਸ਼ਮੁਖ ਸਮੇਤ ਬਾੱਲੀਵੁੱਡ ਕਲਾਕਾਰਾਂ ਦੀਆਂ ਤਸਵੀਰਾਂ ਵੀ ਖਿੱਚੀਆਂ ਹਨ।

ਲਗਜ਼ਰੀ ਲਾਈਫ਼ਸਟਾਈਲ ਵੈਡਿੰਗ ਫ਼ੋਟੋਗ੍ਰਾਫ਼ੀ ਤੋਂ ਇਲਾਵਾ ਰੌਨਿਕਾ ਨੇ 15 ਤੋਂ ਵੱਧ ਕਿਤਾਬਾਂ ਲਿਖੀਆਂ ਹਨ ਅਤੇ 2012 'ਚ 'ਚਲੋ ਡਰਾਇਵਰ' ਨਾਂਅ ਦੀ ਇੱਕ ਫ਼ਿਲਮ ਦਾ ਨਿਰਮਾਣ ਵੀ ਕੀਤਾ। ਉਨ੍ਹਾਂ ਦੇ ਕੰਮ ਨੂੰ ਕੌਮਾਂਤਰੀ ਪੱਧਰ ਦੇ ਪ੍ਰਸਿੱਧ ਪ੍ਰਕਾਸ਼ਨਾਂ ਜਿਹੇ 'ਵੋਗ', 'ਗਰੇਜੀਆ', 'ਇੰਡੀਆ ਟੂਡੇ' ਅਤੇ 'ਬ੍ਰਾਈਡਜ਼' 'ਚ ਪੇਸ਼ ਕੀਤਾ ਗਿਆ।

ਇੱਕ ਗ੍ਰਾਫ਼ਿਕ ਡਿਜ਼ਾਇਨਰ ਅਤੇ ਬਾੱਲੀਵੁੱਡ ਫ਼ਿਲਮ ਨਿਰਮਾਤਾ, ਰੌਨਿਕਾ ਕੋਲ ਸੰਵੇਦਨਸ਼ੀਲਤਾ ਅਤੇ ਗਿਆਨ ਦਾ ਭੰਡਾਰ ਹੈ, ਜਿਸ ਦੀ ਮਦਦ ਨਾਲ ਉਹ ਇੰਨੇ ਹਰਮਨਪਿਆਰੇ ਹੋ ਸਕੇ ਹਨ। ਰੌਨਿਕਾ ਦਸਦੇ ਹਨ,''ਇਸ ਧਰਤੀ ਉਤੇ ਵਿਆਹ ਸਭ ਤੋਂ ਵਧੀਆ ਆਯੋਜਨਾਂ ਵਿੱਚੋਂ ਇੱਕ ਹੈ, ਲੋਕ ਬਹੁਤ ਖ਼ੁਸ਼ ਰਹਿੰਦੇ ਹਨ, ਪੂਰਾ ਮਾਹੌਲ ਖ਼ੁਸ਼ੀ ਅਤੇ ਵੱਖੋ-ਵੱਖਰੀਆਂ ਭਾਵਨਾਵਾਂ ਨਾਲ ਭਰਪੂਰ ਹੁੰਦਾ ਹੈ।'' ਉਹ ਮੰਨਦੇ ਹਨ ਕਿ ਹਰੇਕ ਵਿਆਹ ਦੀ ਆਪਣੀ ਇੱਕ ਕਹਾਣੀ ਹੁੰਦੀ ਹੈ ਅਤੇ ਹਰੇਕ ਵਿਆਹ ਵਿੱਚ ਵੱਖੋ-ਵੱਖਰੀ ਤਰ੍ਹਾਂ ਦੇ 'ਸਰਪ੍ਰਾਈਜ਼' ਅਤੇ ਨਾਟਕ ਹੁੰਦੇ ਹਨ ਪਰ ਇਹ ਸਭ ਤਦ ਹੁੰਦਾ ਹੈ, ਜਦੋਂ ਉਨ੍ਹਾਂ ਨੂੰ ਵਧੀਆ ਤਰੀਕੇ ਨਾਲ ਕੈਮਰੇ 'ਚ ਕੈਦ ਕੀਤਾ ਜਾਵੇ।, ਕਿਉਂਕਿ ਜੇ ਅਜਿਹਾ ਕੋਈ ਇੱਕ ਵੀ ਮੌਕਾ ਖੁੰਝ ਜਾਵੇ, ਤਾਂ ਫਿਰ ਉਹ ਵਾਪਸ ਨਹੀਂ ਹੋ ਸਕਦਾ ਕਿਉਂਕਿ ਇਸ ਵਿੱਚ ਕੋਈ ਰੀਟੇਕ ਨਹੀਂ ਹੁੰਦਾ।

ਸਿੱਖ ਪਰਿਵਾਰ ਨਾਲ ਸਬੰਧਤ ਰੌਨਿਕਾ ਨੇ ਏ.ਪੀ.ਜੇ. ਇੰਸਟੀਚਿਊਟ ਆੱਫ਼ ਡਿਜ਼ਾਇਨ ਤ੍ਰਿਵੇਣੀ ਕਲਾ ਸੰਗਤ ਅਤੇ ਨਿਊ ਯਾਰਕ ਫ਼ਿਲਮ ਅਕੈਡਮੀ ਤੋਂ ਗਰੈਜੂਏਸ਼ਨ ਕੀਤਾ ਹੈ।

ਮਰਦ ਪ੍ਰਧਾਨ ਖੇਤਰ ਵਿੱਚ ਮਹਿਲਾ ਲਈ ਆਪਣਾ ਨਾਂਅ ਬਣਾਉਣਾ ਔਖਾ ਹੈ?

ਇਸ ਮਰਦ ਪ੍ਰਧਾਨ ਖੇਤਰ (ਲਗਜ਼ਰੀ ਲਾਈਫ਼ਸਟਾਈਲ ਵੈਡਿੰਗ ਫ਼ੋਟੋਗ੍ਰਾਫ਼ੀ) ਵਿੱਚ ਇੱਕੋ-ਇੱਕ ਮਹਿਲਾ ਹੋਣ ਕਾਰਣ ਰੌਨਿਕਾ ਦਾ ਸਫ਼ਰ ਕਾਫ਼ੀ ਚੁਣੌਤੀਆਂ ਭਰਪੂਰ ਅਤੇ ਦਿਲਚਸਪ ਰਿਹਾ ਹੈ। ਉਹ ਦਸਦੇ ਹਨ,''ਮਰਦ ਫ਼ੋਟੋਗ੍ਰਾਫ਼ਰਾਂ ਦੀ ਭੀੜ ਵਿਚੋਂ ਵੀ ਮੈਂ ਕਿਸੇ ਨਾ ਕਿਸੇ ਤਰ੍ਹਾਂ ਇੱਕ ਅਨੋਕਾ ਐਂਗਲ ਜ਼ਰੂਰ ਕੱਢ ਹੀ ਲੈਂਦੀ ਸਾਂ। ਇਹ ਸੁਖਾਲ਼ਾ ਕੰਮ ਨਹੀਂ ਸੀ। ਦੇਰ ਰਾਤ ਤੱਕ ਕੰਮ ਕਰਨਾ, ਭਾਰੀ ਕੈਮਰੇ ਅਤੇ ਲੈਨਜ਼ਾਂ ਨਾਲ ਅੱਠ ਤੋਂ 10 ਘੰਟਿਆਂ ਤੱਕ ਲਗਾਤਾਰ ਕੰਮ ਕਰਨਾ, ਕਾਫ਼ੀ ਔਕੜਾਂ ਭਰਿਆ ਹੁੰਦਾ ਸੀ।''

ਰੌਨਿਕਾ ਨੂੰ ਵੱਡਾ ਮੌਕਾ ਤਦ ਮਿਲਿਆ ਜਦੋਂ ਓਸਵਾਲ ਗਰੁੱਪ ਦੇ ਕਾਰਜਕਾਰੀ ਨਿਰਦੇਸ਼ਕ ਆਦਿਸ਼ ਓਸਵਾਲ ਨੇ ਉਨ੍ਹਾਂ ਉਤੇ ਭਰੋਸਾ ਕੀਤਾ ਅਤੇ ਉਨ੍ਹਾਂ ਨੂੰ ਕੰਮ ਦਾ ਮੌਕਾ ਦਿੱਤਾ। ਉਨ੍ਹਾਂ ਦੇ ਕਲਾਇੰਟ ਵਿੱਚ ਅਲ ਸਊਦ (ਸਊਦੀ ਅਰਬ ਦਾ ਸ਼ਾਹੀ ਪਰਿਵਾਰ), ਪ੍ਰਫ਼ੁੱਲ ਪਟੇਲ, ਵਿਲਾਸਰਾਓ ਦੇਸ਼ਮੁਖ, ਸੱਜਣ ਜਿੰਦਲ (ਜਿੰਦਲ ਸਟਰੀਟ), ਸੁਨੀਲ ਭਾਰਤੀ (ਏਅਰਟੈਲ), ਵੇਨੂੰ ਸ਼੍ਰੀਨਿਵਾਸਨ (ਟੀ.ਵੀ.ਐਸ.), ਅਤੁਲ ਪੁੰਜ (ਪੁੰਜ ਲਾੱਇਡ) ਅਤੇ ਮੁੰਜਾਲ (ਹੀਰੋ ਹੌਂਡਾ) ਜਿਹੇ ਵੱਡੇ ਨਾਂਅ ਸ਼ਾਮਲ ਹਨ।

ਰੌਨਿਕਾ ਇੰਨੀ ਕਲਾਤਮਕ ਕਿਵੇਂ ਰਹਿ ਲੈਂਦੀ ਹੈ?

ਰੌਨਿਕਾ ਆਪਣੀ ਸਾਥੀ ਫ਼ੋਟੋਗ੍ਰਾਫ਼ਰਾਂ ਤੋਂ ਇਸ ਪੱਖੋਂ ਵੱਖ ਹਨ ਕਿਉਂਕਿ ਉਹ ਤਦ ਤੱਕ ਸੰਤੁਸ਼ਟ ਨਹੀਂ ਹੁੰਦ, ਜਦੋਂ ਤੱਕ ਕਿ ਉਨ੍ਹਾਂ ਨੂੰ ਆਪਣੀ ਤਸਵੀਰ ਲਈ ਇੱਕ ਖ਼ਾਸ, ਅਨੋਖਾ ਐਂਗਲ ਨਾ ਮਿਲ ਜਾਵੇ ਅਤੇ ਜਿਸ ਸਦਕਾ ਉਨ੍ਹਾਂ ਦੀ ਤਸਵੀਰ ਬਹੁਤ ਖ਼ੂਬਸੂਰਤ ਨਾ ਬਣ ਜਾਵੇ। ਰੌਨਿਕਾ ਨੇ ਦੱਸਿਆ,''ਮੈਂ ਸਦਾ ਵੱਖੋ-ਵੱਖਰੇ ਐਂਗਲਜ਼ ਦੀ ਭਾਲ਼ ਕਰਦੀ ਰਹਿੰਦੀ ਹਾਂ, (ਇਸ ਲਈ ਭਾਵੇਂ ਉਨ੍ਹਾਂ ਨੂੰ ਕੰਧ ਹੀ ਕਿਉਂ ਨਾ ਟੱਪਣੀ ਪਵੇ ਜਾਂ ਫਿਰ ਹਵਾ ਵਿੱਚ ਵੀ ਕਿਉਂ ਨਾ ਲਟਕਣਾ ਪਵੇ), ਇੰਝ ਮੈਂ ਅਜਿਹੀਆਂ ਤਸਵੀਰਾਂ ਕੱਢ ਲੈਂਦੀ ਹਾਂ, ਜਿਨ੍ਹਾਂ ਕਰ ਕੇ ਮੈਂ ਭਾਰਤ ਦੇ ਬਿਹਤਰੀਨ ਫ਼ੋਟੋਗ੍ਰਾਫ਼ਰਜ਼ ਦੀ ਸੂਚੀ ਵਿੱਚ ਸ਼ਾਮਲ ਹੋ ਸਕੀ ਹਾਂ।''

ਰੌਨਿਕਾ ਨੂੰ ਇਹ ਸਭ ਕਰਨ ਦੀ ਪ੍ਰੇਰਣਾ ਵੱਖੋ-ਵੱਖਰੇ ਦੇਸ਼ਾਂ ਦੀ ਯਾਤਰਾ ਕਰਨ, ਨਵੇਂ ਫ਼ੈਸ਼ਨ ਅਪਨਾਉਣ, ਬਿਹਤਰੀਨ ਇਮਾਰਤਸਾਜ਼ੀ ਅਤੇ ਕਲਾ ਦੀਆਂ ਵੱਖੋ-ਵੱਖਰੀਆਂ ਸ਼ੈਲੀਆਂ ਅਪਨਾਉਣ ਨਾਲ ਮਿਲੀ ਹੈ।

ਕਲਾ ਵਿੱਚ ਤਕਨੀਕ ਦੀ ਅਹਿਮੀਅਤ

ਰੌਨਿਕਾ ਦਾ ਕਹਿਣਾ ਹੈ,''ਹੁਣ ਅੱਖ ਦੇ ਫੋਰ ਵਿੱਚ ਹੀ ਤਕਨੀਕ ਬਦਲ ਜਾਂਦੀ ਹੈ। ਅਜਿਹੀ ਹਾਲਤ ਵਿੱਚ ਸਮੇਂ ਉਤੇ ਅਤੇ ਬਿਹਤਰ ਮਿਆਰੀ ਉਤਪਾਦ ਦੇਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਜੇ ਕੋਈ ਨਵੇਂ ਅਤੇ ਅਤਿ-ਆਧੁਨਿਕ ਉਪਕਰਣ ਅਤੇ ਪੋਸਟ ਪ੍ਰੋਡਕਸ਼ਨ ਤਕਨੀਕ ਦੀ ਜਾਣਕਾਰੀ ਰਖਦਾ ਹੋਵੇ, ਤਾਂ ਉਹ ਆਪਣੀ ਕਲਾ ਅਤੇ ਕੰਮ ਨੂੰ ਵੱਖਰੇ ਮੁਕਾਮ ਦੇ ਸਕਦਾ ਹੈ। ਆਉਣ ਵਾਲਾ ਸਮਾਂ ਡਿਜੀਟਲ ਅਤੇ ਸੋਸ਼ਲ ਮੀਡੀਆ ਦਾ ਹੈ।''

ਅਗਲੇਰਾ ਸਫ਼ਰ

ਰੌਨਿਕਾ ਨੇ ਆਪਣੀ ਜ਼ਿੰਦਗੀ ਦਾ ਇੱਕ ਪੰਨਾ ਪਲਟਿਆ, ਤਾਂ ਉਨ੍ਹਾਂ ਦੀ ਕਲਾਤਮਕਤਾ ਦੁਨੀਆ ਸਾਹਮਣੇ ਆ ਗਈ। ਇਹ ਇੱਕ ਅਤਿ-ਆਧੁਨਿਕ ਸਟੂਡੀਓ ਅਤੇ ਗੈਲਰੀ ਸੀ, ਜਿੱਥੇ ਬਿਹਤਰੀਨ ਫ਼ੋਟੋਗ੍ਰਾਫ਼ੀ ਦੇ ਨਮੂਨੇ ਰੱਖੇ ਹੋਏ ਸਨ। ਰੌਨਿਕਾ ਨੇ ਦੱਸਿਆ,''ਇਹ ਨਵੀਂ ਥਾਂ ਮੇਰੀ ਉਸ ਵੱਡੀ ਸੋਚ ਲਈ ਹੈ, ਜਿੱਥੇ ਫ਼ੋਟੋਗ੍ਰਾਫ਼ੀ ਨੂੰ ਘਰ ਦੀ ਅੰਦਰੂਨੀ ਸਜਾਵਟ ਵਜੋਂ ਇਸਤੇਮਾਲ ਕੀਤਾ ਜਾਵੇਗਾ।''

ਸ਼ੌਕੀਨ ਫ਼ੋਟੋਗ੍ਰਾਫ਼ਰਾਂ ਅਤੇ ਉਦਮੀਆਂ ਲਈ ਨਸੀਹਤ

ਰੌਨਿਕਾ ਦਸਦੇ ਹਨ,''ਹਰੇਕ ਫ਼ੋਟੋਗ੍ਰਾਫ਼ਰ ਦਾ ਆਪਣਾ ਇੱਕ ਸਟਾਈਲ ਹੋਣਾ ਚਾਹੀਦਾ ਹੈ। ਕਿਸੇ ਦੂਜੇ ਦੀਆਂ ਖਿੱਚੀਆਂ ਤਸਵੀਰਾਂ ਵੇਖ ਕੇ ਪ੍ਰੇਰਿਤ ਹੋਣਾ ਚੰਗੀ ਗੱਲ ਹੈ ਪਰ ਹੋਰਨਾਂ ਦੀਆਂ ਤਸਵੀਰਾਂ ਵਿੱਚ ਕਿਤੇ ਗੁਆਚ ਨਹੀਂ ਜਾਣਾ ਚਾਹੀਦਾ, ਉਨ੍ਹਾਂ ਦੇ ਤਰੀਕੇ ਜਾਂ ਸਟਾਇਲ ਵਿੱਚ ਵਹਿ ਨਹੀਂ ਜਾਣਾ ਚਾਹੀਦਾ।'' ਉਹ ਫ਼ੋਟੋਗ੍ਰਾਫ਼ਰਾਂ ਨੂੰ ਅਪੀਲ ਕਰਦੇ ਹਨ ਕਿ ਉਹ ਖ਼ੂਬ ਅਭਿਆਸ ਕਰਨ ਅਤੇ ਆਪਣੀ ਖ਼ੁਦ ਦੀ ਸੋਚ ਅਤੇ ਦੂਰ-ਦ੍ਰਿਸ਼ਟੀ ਨੂੰ ਵਿਕਸਤ ਕਰਨ। ਰੌਨਿਕਾ ਅਨੁਸਾਰ,''ਤੁਸੀਂ ਜਿੰਨੀ ਵੀ ਮਿਹਨਤ ਕਰੋਗੇ, ਤੁਸੀਂ ਓਨੇ ਹੀ ਖ਼ੁਸ਼ਕਿਸਮਤ ਹੋਵੋਗੇ ਕਿਉਂਕਿ ਮਿਹਨਤ ਕਰਨਾ ਸਦਾ ਲਾਹੇਵੰਦ ਹੁੰਦਾ ਹੈ।''

''ਕਲਾਤਕਤਾ ਅਤੇ ਕਾਰੋਬਾਰ ਦੋਵੇਂ ਇੱਕੋ ਹੀ ਖੰਭੇ ਦੇ ਦੋ ਕਿਨਾਰੇ ਹਨ ਪਰ ਮੁਕਾਬਲੇ ਵਿੱਚ ਅੱਵਲ ਬਣਨ ਲਈ ਦੋਵੇਂ ਹੀ ਮਾਮਲਿਆਂ ਵਿੱਚ ਤੁਹਾਨੂੰ ਗੁਣੀ ਹੋਣਾ ਹੋਵੇਗਾ। ਤੁਸੀਂ ਆਪਣੇ ਲਈ ਖ਼ੁਦ ਰਾਹ ਬਣਾਓ, ਲੀਡਰ ਬਣੋ ਅਤੇ ਹੋਰਨਾਂ ਨੂੰ ਆਪਣੇ ਪਿੱਛੇ ਆਉਣ ਦੇਵੋ।''

ਲੇਖਕ: ਸਾਹਿਲ

ਅਨੁਵਾਦ: ਮਹਿਤਾਬ-ਉਦ-ਦੀਨ