ਆਖ਼ਰ, ਕਿਉਂ ਤੇ ਕਿਵੇਂ ਇੰਨਾ ਨੀਵਾਂ ਹੋ ਗਿਆ ਭਾਰਤੀ ਸਿਆਸੀ ਆਗੂਆਂ ਦੀ ਭਾਸ਼ਾ ਦਾ ਪੱਧਰ?

0

ਭਾਰਤ ਦੇ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨੇ 'ਫ਼ੇਸਬੁੱਕ' ਉਤੇ ਇੱਕ ਪੋਸਟ ਲਿਖੀ ਹੈ; ਜੋ ਕਿ ਜੀ.ਐਸ.ਟੀ. (ਗੁੱਡਜ਼ ਐਂਡ ਸਰਵਿਸੇਜ਼ ਟੈਕਸ - ਵਸਤਾਂ ਅਤੇ ਸੇਵਾ ਟੈਕਸ) ਦੇ ਮੁੱਦੇ ਨੂੰ ਲੈ ਕੇ ਸੰਸਦ 'ਚ ਚੱਲ ਰਹੇ ਗਤੀਰੋਧ ਦੇ ਜ਼ਿਕਰ ਤੋਂ ਸ਼ੁਰੂ ਹੁੰਦੀ ਹੈ। ਪਰ ਉਸ ਸਾਰੀ ਪੋਸਟ ਦਾ ਮੁੱਖ ਕੇਂਦਰ-ਬਿੰਦੂ ਬਹੁਤ 'ਸਦਾਚਾਰਕ ਰੂਪ ਵਿੱਚ' ਸਿਆਸੀ ਭਾਸ਼ਣਾਂ ਦੀ ਭਾਸ਼ਾ ਦੇ ਡਿਗਦੇ ਜਾ ਰਹੇ ਪੱਧਰ ਨੂੰ ਦਰਸਾਉਂਦਾ ਹੈ। ਸਿਆਸੀ ਆਗੂਆਂ ਨੂੰ ਅਜਿਹੇ ਪ੍ਰਗਟਾਵੇ ਦਾ ਤੁਰੰਤ ਸੁਆਗਤ ਕਰਨਾ ਚਾਹੀਦਾ ਹੈ। ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪਿਛਲੇ ਕੁੱਝ ਸਮੇਂ ਦੌਰਾਨ ਸਿਆਸੀ ਭਾਸ਼ਣਾਂ ਦਾ ਮਿਆਰ ਬਹੁਤ ਹੇਠਾਂ ਚਲਾ ਗਿਆ ਹੈ ਅਤੇ ਬਹਿਸ ਦਾ ਮਿਆਰ ਡਿੱਗ ਕੇ ਆਲੋਚਨਾ ਕਰਨ ਦੀ ਥਾਂ ਇੱਕ-ਦੂਜੇ ਨੂੰ ਗਾਲ਼ੀ-ਗਲੋਚ ਤੱਕ ਪੁੱਜ ਗਿਆ ਹੈ। ਅਜਿਹੀ ਗ਼ੈਰ-ਸੰਸਦੀ ਭਾਸ਼ਾ ਅਤੇ ਪ੍ਰਗਟਾਵਿਆਂ ਦੀ ਵਰਤੋਂ ਇੰਨੀ ਜ਼ਿਆਦਾ ਕੀਤੀ ਜਾ ਰਹੀ ਹੈ ਕਿ ਕੁੱਝ ਵਾਰ ਤਾਂ ਇਹ ਫ਼ਰਕ ਕਰਨਾ ਵੀ ਔਖਾ ਹੋ ਜਾਂਦਾ ਹੈ ਕਿ ਕੀ ਸੰਸਦੀ ਹੈ ਅਤੇ ਕੀ ਨਹੀਂ। ਅਜਿਹੀ ਸਥਿਤੀ ਨੂੰ ਬਿਨਾਂ ਕੁੱਝ ਸੋਚੇ 'ਸਿਆਸਤ ਦਾ ਭੱਦਾਪਣ' ਕਰਾਰ ਦਿੱਤਾ ਜਾ ਸਕਦਾ ਹੈ। ਜਿਸ ਤੇਜ਼ ਰਫ਼ਤਾਰ ਨਾਲ ਅਪਰਾਧਕ ਵਿਭਿੰਨ ਵਿਧਾਨ-ਮੰਡਲਾਂ (ਸੰਸਦ, ਵਿਧਾਨ ਸਭਾਵਾਂ ਤੇ ਵਿਧਾਨ ਪ੍ਰੀਸ਼ਦਾਂ ਤੇ ਹੋਰ ਚੁਣੀਆਂ ਇਕਾਈਆਂ) ਵਿੱਚ ਅਪਰਾਧੀ ਦਾਖ਼ਲ ਹੁੰਦੇ ਜਾ ਰਹੇ ਹਨ ਤੇ ਸਰਕਾਰਾਂ ਦੇ ਨਾਲ-ਨਾਲ ਪਾਰਟੀਆਂ ਵਿੱਚ ਅਹਿਮ ਅਹੁਦੇ ਹਾਸਲ ਕਰਦੇ ਜਾ ਰਹੇ ਹਨ; ਅਜਿਹਾ ਕੁੱਝ ਤਾਂ ਵਾਪਰਨਾ ਹੀ ਸੀ। ਇਸ ਦੀ ਵਧੀਆ ਵਿਆਖਿਆ ਤਾਂ ਇਹੋ ਹੋ ਸਕਦੀ ਹੈ ਕਿ ਇਹ 'ਸਾਡੀ ਸਿਆਸਤ ਦੇ ਡਿਗਦੇ ਜਾ ਰਹੇ ਪੱਧਰ' ਦਾ ਉਪ-ਉਤਪਾਦ ਹੈ ਜਾਂ ਇਸ ਨੂੰ 'ਮੁੱਖ-ਧਾਰਾ ਦਾ ਖੇਤਰੀਕਰਣ' ਵੀ ਕਿਹਾ ਜਾ ਸਕਦਾ ਹੈ।

ਪਰ ਇਸ ਦਾ ਡੂੰਘੇਰਾ ਵਿਸ਼ਲੇਸ਼ਣ ਕੀਤਾ ਜਾਣਾ ਲੋੜੀਂਦਾ ਹੈ ਅਤੇ ਨਾਲ ਹੀ ਸਵੈ-ਪੜਚੋਲ ਕਰਨ ਦੀ ਵੀ ਜ਼ਰੂਰਤ ਹੈ। ਆਜ਼ਾਦੀ ਸੰਘਰਸ਼ ਦੌਰਾਨ ਇੱਕ ਵੇਲਾ ਸੀ, ਜਦੋਂ ਕਾਂਗਰਸ ਪਾਰਟੀ ਦੀ ਸਾਰੀ ਸਿਖ਼ਰਲੀ ਲੀਡਰਸ਼ਿਪ ਸਮਾਜ ਦੀਆਂ ਪ੍ਰਮੁੱਖ ਹਸਤੀਆਂ ਉਤੇ ਆਧਾਰਤ ਸੀ; ਜਿਹੜੇ ਇੰਗਲੈਂਡ ਦੇ ਬਿਹਤਰੀਨ ਕਾਲਜਾਂ ਤੇ ਯੂਨੀਵਰਸਿਟੀਜ਼ ਵਿੱਚ ਪੜ੍ਹੇ ਹੋਏ ਸਨ। ਉਹ ਸਾਰੇ ਹੀ ਅੰਗਰੇਜ਼ ਸੰਸਦੀ ਰਵਾਇਤਾਂ ਤੋਂ ਭਲੀਭਾਂਤ ਜਾਣੂ ਸਨ। ਉਹ ਸਾਰੇ ਹੀ ਅੰਗਰੇਜ਼ੀ ਭਾਸ਼ਾ ਵਧੀਆ ਢੰਗ ਨਾਲ ਬੋਲ ਸਕਦੇ ਸਨ ਤੇ ਅੰਗਰੇਜ਼ੀ ਸਭਿਆਚਾਰ ਬਾਰੇ ਵੀ ਜਾਣਦੇ ਸਨ ਅਤੇ ਅੰਗਰੇਜ਼ੀ ਅੜਕ-ਮੜਕ ਵਿੱਚ ਰਚੇ-ਵਸੇ ਹੋਏ ਸਨ। ਉਹ ਆਪਣੇ ਨਾਲ ਅਜਿਹੀ ਭਾਸ਼ਾ ਅਤੇ ਪਹਿਰਾਵਾ ਲਿਆਏ, ਜਿਹੜਾ ਭਾਰਤੀ ਮਾਹੌਲ ਲਈ ਕੁੱਝ ਪਰਾਇਆ ਸੀ ਪਰ ਉਹ ਦੇਸ਼ ਵਿੱਚ ਲੀਡਰਸ਼ਿਪ ਦੇ ਸਭ ਤੋਂ ਸ਼ੁੱਧ ਤੇ ਸਥਾਪਤ ਹਸਤਾਖਰ ਬਣ ਗਏ। ਇਹ ਰਵਾਇਤ ਮਹਾਤਮਾ ਗਾਂਧੀ ਨੇ ਤੋੜੀ ਸੀ, ਜਿਨ੍ਹਾਂ ਨੇ ਖਾਦੀ ਦਾ ਫ਼ੈਸ਼ਨ ਚਲਾਇਆ ਸੀ। ਉਨ੍ਹਾਂ ਦੀ ਪੋਸ਼ਾਕ ਤੋਂ ਵਿੰਸਟਨ ਚਰਚਿਲ ਆਪਣਾ ਆਪਾ ਗੁਆ ਬੈਠੇ ਸਨ ਤੇ ਉਨ੍ਹਾਂ ਨੇ ਗਾਂਧੀਜੀ ਨੂੰ ਬਹੁਤ ਅਪਮਾਨਜਨਕ ਤਰੀਕੇ ਨਾਲ 'ਅਧਨੰਗਾ ਫ਼ਕੀਰ' ਆਖ ਦਿੱਤਾ ਸੀ। ਚਰਚਿਲ ਆਪ ਭਾਵੇਂ ਬਹੁਤ ਅਮੀਰ ਨਹੀਂ ਸਨ ਪਰ ਉਹ ਅੰਗਰੇਜ਼ੀ ਤੌਰ-ਤਰੀਕਿਆਂ ਤੇ ਸਭਿਆਚਾਰ ਵਿੱਚ ਪਲ਼ੇ ਸਨ ਤੇ ਸਿਗਾਰ ਪੀਂਦੇ ਸਨ ਅਤੇ ਸ਼ਾਮ ਨੂੰ ਸ਼ਰਾਬ ਵੀ ਪੀਂਦੇ ਸਨ। ਗਾਂਧੀਜੀ ਇਸ ਸ਼ੈਲੀ ਤੋਂ ਬਿਲਕੁਲ ਹੀ ਭਿੰਨ ਸਨ। ਉਨ੍ਹਾਂ ਨੂੰ ਪਤਾ ਸੀ ਜੇ ਆਮ ਲੋਕਾਂ ਤੇ ਜਨ-ਸਾਧਾਰਣ ਨਾਲ ਜੁੜਨਾ ਹੈ, ਤਾਂ ਉਨ੍ਹਾਂ ਨੂੰ ਨਾ ਤਾਂ ਵਿਦੇਸ਼ੀ ਭਾਸ਼ਾ ਵਿੱਚ ਗੱਲ ਕਰਨੀ ਹੋਵੇਗੀ ਅਤੇ ਨਾ ਹੀ ਵਿਦੇਸ਼ੀ ਕੱਪੜੇ ਪਾਉਣੇ ਹੋਣਗੇ। ਖਾਦੀ ਨਾਲ ਉਨ੍ਹਾਂ ਵੱਲੋਂ ਕੀਤਾ ਗਿਆ ਤਜਰਬਾ ਬਹੁਤ ਸਫ਼ਲ ਸੀ।

ਦੂਜੇ ਪਾਸੇ ਨਹਿਰੂ ਬ੍ਰਿਟਿਸ਼ ਦੇ ਵਧੇਰੇ ਨੇੜੇ ਸਨ। ਅੰਗਰੇਜ਼ੀ ਭਾਸ਼ਾ ਉਤੇ ਉਨ੍ਹਾਂ ਦੀ ਪਕੜ ਬਹੁਤ ਮਜ਼ਬੂਤ ਸੀ। ਜਿਹੜੇ ਵੀ ਵਿਅਕਤੀ ਉਨ੍ਹਾਂ ਨਾਲ ਉਸ ਮਾਹੌਲ ਵਿੱਚ ਗੱਲਬਾਤ ਕਰਦੇ ਸਨ, ਉਹ ਉਨ੍ਹਾਂ ਸਭਨਾਂ ਨੂੰ ਹੱਲਾਸ਼ੇਰੀ ਦੇਣੀ ਪਸੰਦ ਕਰਦੇ ਸਨ। ਉਨ੍ਹਾਂ ਦੇ ਪੈਰੋਕਾਰਾਂ ਵਿਚੋਂ ਸ਼ਾਇਦ ਲਾਲ ਬਹਾਦਰ ਸ਼ਾਸਤਰੀ ਹੀ ਇੱਕੋ-ਇੱਕ ਅਜਿਹੇ ਵਿਅਕਤੀ ਸਨ ਜਿਨ੍ਹਾਂ ਦਾ ਪਾਲਣ-ਪੋਸ਼ਣ ਕੁੱਝ ਘੱਟ ਵਧੀਆ ਤਰੀਕੇ ਨਾਲ ਹੋਇਆ ਸੀ। ਪਰ ਭਾਸ਼ਾ ਦਾ ਇਹ ਅੜਿੱਕਾ ਅਤੇ ਭਾਰਤ ਦੀ ਸਿਆਸਤ ਦੇ ਇਸ ਵਰਗ ਦਾ ਸ੍ਰੇਸ਼ਠਵਾਦ ਪਹਿਲੀ ਵਾਰ ਰਾਮ ਮਨੋਹਰ ਲੋਹੀਆ ਨੇ ਤੋੜਿਆ ਸੀ। ਇਹ ਸ੍ਰੀ ਲੋਹੀਆ ਹੀ ਸਨ, ਜਿਨ੍ਹਾਂ ਨੇ ਕਾਂਗਰਸਵਾਦ ਦਾ ਵਿਰੋਧ ਕਰਦਿਆਂ ਪ੍ਰਤਿਗਾਮੀ-ਸਿਆਸਤ (ਬੈਕਵਰਡ ਪੌਲਿਟਿਕਸ) ਦੀ ਪਹਿਲ ਕੀਤੀ ਸੀ। ਭਾਰਤੀ ਸਿਆਸਤ ਵਿੱਚ ਦਾਖ਼ਲ ਹੋਣ ਵਾਲੇ ਉਹ ਪਹਿਲੇ ਅਜਿਹੇ ਵਿਅਕਤੀ ਸਨ, ਜੋ ਕੁੱਝ ਕਮਜ਼ੋਰ ਵਰਗ ਨਾਲ ਸਬੰਧਤ ਸਨ। ਤਦ ਤੱਕ ਕਾਂਗਰਸ ਹੀ ਸਭ ਤੋਂ ਵੱਧ ਸਿਰ-ਕੱਢਵੀਂ ਪਾਰਟੀ ਸੀ ਤੇ ਸਮਾਜ ਦੇ 'ਬ੍ਰਾਹਮਣ' ਉਸ ਦੀ ਅਗਵਾਈ ਕਰਦੇ ਸਨ। ਸ੍ਰੀ ਲੋਹੀਆ ਨੇ ਕਿਹਾ,''ਜਿਨ੍ਹਾਂ ਦੀ ਗਿਣਤੀ ਵੱਧ ਹੈ, ਉਹੀ ਸਮਾਜ ਦੇ ਹਾਕਮ ਵੀ ਹੋਣੇ ਚਾਹੀਦੇ ਹਨ।'' ਉਦੋਂ ਦੇ ਸੱਤਾਧਾਰੀ ਸ੍ਰੇਸ਼ਠਾਂ ਦੀਆਂ ਇੱਛਾਵਾਂ ਦੇ ਵਿਰੁੱਧ ਇਹ ਪਹਿਲਾ ਸੰਪੂਰਨ ਜਮਹੂਰੀ ਤਰਕ ਸੀ। ਭਾਵੇਂ ਉਹ ਆਪਣੀ ਪ੍ਰਤਿਗਾਮੀ ਸਿਆਸਤ ਦੀ ਸਫ਼ਲਤਾ ਵੇਖਣ ਲਈ ਬਹੁਤਾ ਲੰਮਾ ਸਮਾਂ ਜਿਊਂਦੇ ਨਾ ਰਹਿ ਸਕੇ ਪਰ 1990ਵਿਆਂ ਦੇ ਅਰੰਭ ਵਿੱਚ ਮੰਡਲ ਕਮਿਸ਼ਨ ਦੀ ਆਮਦ ਨਾਲ ਇੱਕ ਨਵੀਂ ਲੀਡਰਸ਼ਿਪ ਆਈ, ਜੋ ਹਰ ਪੱਖੋਂ ਭਿੰਨ ਸੀ।

ਲਾਲੂ, ਮੁਲਾਇਮ, ਮਾਇਆਵਤੀ, ਕਾਂਸ਼ੀਰਾਮ, ਕਲਿਆਣ ਸਿੰਘ, ਉਮਾ ਭਾਰਤੀ ਨਾ ਤਾਂ ਅਮੀਰ ਘਰਾਣਿਆਂ ਵਿੱਚ ਪੈਦਾ ਹੋਏ ਸਨ ਤੇ ਨਾ ਹੀ ਉਨ੍ਹਾਂ ਦਾ 'ਸ੍ਰੇਸ਼ਠ' ਵਰਗ ਦਾ ਸੁਆਦ ਚਖਣ ਦਾ ਕੋਈ ਰੁਝਾਨ ਹੀ ਸੀ। ਉਹ ਗਲ਼ੀਆਂ ਦੀਆਂ ਧੂੜ ਫੱਕਦੇ ਹੋਏ ਵੱਡੇ ਹੋਏ ਸਨ। ਉਨ੍ਹਾਂ ਨੇ ਭਾਰਤੀ ਸਿਆਸਤ ਵਿੱਚ ਇੱਕ ਨਵੀਂ ਭਾਸ਼ਾ ਅਰੰਭੀ, ਜੋ ਬੇਸ਼ੱਕ ਉਨ੍ਹਾਂ ਨੂੰ ਪਸੰਦ ਨਹੀਂ ਆਉਂਦੀ ਸੀ, ਜੋ ਕਦੇ ਸਰਕਾਰੀ ਸਿਆਸੀ ਸਮੂਹ ਵਿੱਚ ਸ਼ਾਮਲ ਸਨ। ਉਸ ਧੜੇ ਨੇ ਲਾਲੂ, ਮੁਲਾਇਮ ਤੇ ਮਾਇਆਵਤੀ ਦਾ ਮਜ਼ਾਕ ਉਡਾਇਆ। ਉਨ੍ਹਾਂ ਦੀ ਭਾਸ਼ਾ ਅਪਮਾਨਜਨਕ ਹੁੰਦੀ ਸੀ। ਇਹ ਆਗੂ ਆਪਣੀ ਜੋੜਬੰਦੀ ਵਿੱਚ ਸਭਿਅਕ ਨਹੀਂ ਸਨ। ਉਨ੍ਹਾਂ ਵਿਚੋਂ ਬਹੁਤਿਆਂ ਨੂੰ ਅੰਗਰੇਜ਼ੀ ਬੋਲਣ ਵਿੱਚ ਸਮੱਸਿਆ ਹੁੰਦੀਸੀ। ਜਾਤ-ਪਾਤ ਦੇ ਆਧਾਰ ਉਤੇ ਪੱਖਪਾਤ ਵੀ ਉਥੇ ਸੀ। 'ਉਚ ਜਾਤਾਂ ਅਤੇ ਉਚ ਵਰਗਾਂ' ਨੇ ਉਨ੍ਹਾਂ ਨਾਲ ਅਪਮਾਨਜਨਕ ਤਰੀਕੇ ਵਿਵਹਾਰ ਕੀਤਾ। ਭ੍ਰਿਸ਼ਟਾਚਾਰ ਅਤੇ ਕਾਰਜਕੁਸ਼ਲਤਾ ਦੀ ਅਣਹੋਂਦ ਉਹ ਨੁਕਤੇ ਸਨ, ਜਿੱਥੋਂ ਉਹ ਆਪਣਾ ਤਰਕ ਸਿੱਧ ਕਰ ਸਕਦੇ ਸਨ। ਪਰ ਉਸ ਸਾਬਕਾ ਸੱਤਾਧਾਰੀ ਕੁਲੀਨ ਵਰਗ ਕੋਲ ਬਹੁ-ਗਿਣਤੀ ਦੀ ਸਰਦਾਰੀ ਪ੍ਰਵਾਨ ਕਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ। ਸੰਵਿਧਾਨ ਤਿਆਰ ਕਰਦੇ ਸਮੇਂ ਜਿਹੜੀ ਵਿਚਾਰ-ਚਰਚਾ ਹੋਈ ਸੀ, ਉਸ ਵਿੱਚ ਇਸ ਵਰਗ ਦਾ ਵਤੀਰਾ ਕੁੱਝ ਉਲਟ ਸੀ ਕਿਉਂਕਿ ਉਨ੍ਹਾਂ ਦਾ ਵਿਚਾਰ ਸੀ ਕਿ ਵੋਟਿੰਗ ਅਧਿਕਾਰ ਕੇਵਲ ਪੜ੍ਹੇ-ਲਿਖਿਆਂ ਨੂੰ ਹੀ ਦਿੱਤੇ ਜਾਣੇ ਚਾਹੀਦੇ ਹਨ ਪਰ ਇਸ ਵਿਚਾਰ ਨੂੰ ਮੁੱਢੋਂ ਰੱਦ ਕਰ ਦਿੱਤਾ ਗਿਆ ਸੀ।

ਇੱਥੇ ਮੇਰੀ ਗੱਲ ਦਾ ਇਹ ਮਤਲਬ ਹਰਗਿਜ਼ ਨਹੀਂ ਹੈ ਕਿ ਸਿਆਸਤ ਵਿੱਚ ਕੁੱਝ ਨੀਵੇਂ ਵਰਗਾਂ ਦੀ ਆਮਦ ਸਦਕਾ ਹੀ ਸੰਸਦੀ ਭਾਸ਼ਾ ਵਿੱਚ ਨਿਘਾਰ ਆਇਆ ਹੈ। ਪਰ ਹਾਂ, ਇਸ ਨਾਲ ਭਾਸ਼ਣਾਂ ਦੀ ਇੱਕ ਵੱਖਰੀ ਭਾਸ਼ਾ ਤਾਂ ਜ਼ਰੂਰ ਆਈ। ਅੰਗਰੇਜ਼ੀ ਦੀ ਥਾਂ ਖੇਤਰੀ ਭਾਸ਼ਾਵਾਂ ਨੇ ਲੈ ਲਈ। ਇਹ ਨਵਾਂ ਭਾਸ਼ਾਈ ਸਭਿਆਚਾਰ ਅੰਗਰੇਜ਼ੀ ਬੋਲਣ ਵਾਲੇ ਵਰਗ ਲਈ ਇੱਕ ਝਟਕਾ ਸੀ। ਮਾਮਲਾ ਉਦੋਂ ਹੋਰ ਗੁੰਝਲ਼ਦਾਰ ਬਣ ਗਿਆ, ਜਦੋਂ ਦੋਵੇਂ ਸਮੂਹਾਂ ਵਿਚਾਲੇ 'ਟਕਰਾਅ' ਹੋਇਆ। ਉਸ ਪੁਰਾਣੇ ਸੱਤਾਧਾਰੀ ਕੁਲੀਨ ਵਰਗ ਨੂੰ ਤਦ ਪੀੜ ਹੋਈ, ਜਦੋਂ ਉਨ੍ਹਾਂ ਨੂੰ ਚੁਣੌਤੀ ਦਿੱਤੀ ਗਈ ਅਤੇ ਉਨ੍ਹਾਂ ਦੀ ਥਾਂ ਬਿਲਕੁਲ ਇੱਕ ਨਵਾਂ ਸਿਆਸੀ ਵਰਗ ਅੱਗੇ ਆ ਗਿਆ। ਇੰਝ ਭਾਰਤੀ ਸਿਆਸਤ ਵਿੱਚ ਵਿਰੋਧ ਦੀਆਂ ਕਤਾਰਾਂ ਹੋਰ ਡੂੰਘੀਆਂ ਹੁੰਦੀਆਂ ਚਲੀਆਂ ਗਈਆਂ। ਇਹ ਵੰਡ ਵਧੇਰੇ ਬੁਨਿਆਦੀ ਸੀ; ਕੜਵਾਹਟ ਬਹੁਤ ਜ਼ਿਆਦਾ ਸੀ। ਪਰ ਇਹ ਦੋਵੇਂ ਸਮੂਹ ਇੱਕੋ ਸਿਆਸੀ ਸਥਾਨ ਲਈ ਲੜ ਰਹੇ ਸਨ। ਕੋਈ ਵੀ ਆਤਮ-ਸਮਰਪਣ ਕਰਨ ਲਈ ਤਿਆਰ ਨਹੀਂ ਸੀ। ਪਰ ਨੰਬਰ ਜ਼ਿਆਦਾ ਦੂਜੇ ਸਮੂਹ ਦੇ ਹੱਕ ਵਿੱਚ ਹੀ ਸਨ। ਤਦ ਆਪਸੀ ਸਤਿਕਾਰ ਅਤੇ ਇੱਕ-ਦੂਜੇ ਦੀ ਤਾਰੀਫ਼ ਸਭ ਤੋਂ ਪਹਿਲਾਂ ਖ਼ਤਮ ਹੋਏ। ਸਿਆਸੀ-ਵਿਰੋਧ ਫਿਰ ਸਿਆਸੀ-ਦੁਸ਼ਮਣੀ ਵਿੱਚ ਤਬਦੀਲ ਹੋ ਗਏ। ਬਹਿਸ-ਮੁਬਾਹਿਸੇ ਗਾਲੀ-ਗਲੋਚ ਵਿੱਚ ਬਦਲ ਗਏ।

ਆਮ ਆਦਮੀ ਪਾਰਟੀ (ਆਪ) ਨੇ ਇੱਕ ਨਵਾਂ ਪਾਸਾਰ ਜੋੜਿਆ। ਸਿਆਸਤ ਦੀ ਖੇਡ ਵਿੱਚ ਇਹ ਨਵੀਂ ਗੱਲ ਹੈ। ਅਤੇ ਇਹ ਰਵਾਇਤੀ ਸਿਆਸਤ ਨੂੰ ਚੁਣੌਤੀ ਦੇ ਰਹੀ ਹੈ। ਪੁਰਾਣੇ ਖਿਡਾਰੀਆਂ ਨੂੰ ਨਵੀਂਆਂ ਅਸਲੀਅਤਾਂ ਵਿੱਚ ਸਮਾਯੋਜਿਤ (ਐਡਜਸਟ) ਹੋਣ ਵਿੱਚ ਔਖ ਪੇਸ਼ ਆ ਰਹੀ ਹੈ। ਆਪ ਨੇ ਪਹਿਲਾਂ ਤੋਂ ਮੌਜੂਦ ਵਿਰੋਧ ਉਤੇ ਜ਼ੋਰ ਦਿੱਤਾ। ਇਸ ਦੇ ਦਾਖ਼ਲ ਹੋਣ ਨਾਲ ਵਧੇਰੇ ਕੜਵਾਹਟ ਆ ਗਈ। ਸਾਰੀਆਂ ਸਥਾਪਤ ਪਾਰਟੀਆਂ ਨੂੰ ਇਸ ਨਵੇਂ ਬੱਚੇ ਭਾਵ 'ਆਪ' ਨਾਲ ਸਿੱਝਣ ਵਿੱਚ ਕੁੱਝ ਔਖਿਆਈ ਹੋ ਰਹੀ ਹੈ। ਪਾਰਟੀ ਦੀ ਸਥਾਪਨਾ ਹੋਣ ਤੋਂ ਪਹਿਲਾਂ ਵੀ ਆਪ ਲੀਡਰਸ਼ਿਪ ਨੂੰ ਗਾਲੀ-ਗਲੋਚ ਦਾ ਸਾਹਮਣਾ ਕਰਨਾ ਪਿਆ ਸੀ। ਸਾਨੂੰ ਸੀਵਰੇਜ ਦੇ ਚੂਹੇ ਆਖਿਆ ਗਿਆ ਸੀ। ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਤੱਕ ਨੇ ਵੀ ਸਾਨੂੰ ਬਖ਼ਸ਼ਿਆ ਨਹੀਂ ਸੀ ਤੇ ਸਾਨੂੰ 'ਨਕਸਲੀ' ਆਖਦਿਆਂ ਕਿਹਾ ਸੀ ਕਿ ਇਨ੍ਹਾਂ (ਆਪ ਮੈਂਬਰਾਂ) ਨੂੰ ਜੰਗਲਾਂ ਵਿੱਚ ਜਾ ਕੇ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਸਾਨੂੰ 'ਬਦਨਸੀਬ' ਵੀ ਕਿਹਾ ਸੀ। ਇੱਕ ਪ੍ਰਧਾਨ ਮੰਤਰੀ ਪਹਿਲੀ ਵਾਰ ਅਜਿਹੀ ਘਟੀਆ ਭਾਸ਼ਾ ਦੀ ਵਰਤੋਂ ਕਰ ਰਿਹਾ ਸੀ। ਪ੍ਰਧਾਨ ਮੰਤਰੀ ਦਾ ਦਫ਼ਤਰ ਸੰਭਾਲਣ ਵਾਲੇ ਵਿਅਕਤੀ ਲਈ ਅਜਿਹੀ ਭਾਸ਼ਾ ਦਾ ਪ੍ਰਯੋਗ ਸ਼ੋਭਦਾ ਨਹੀਂ। ਭਾਰਤੀ ਜਨਤਾ ਪਾਰਟੀ ਦੇ ਇੱਕ ਹੋਰ ਸੀਨੀਅਰ ਆਗੂ ਗਿਰੀਰਾਜ ਸਿੰਘ ਨੇ ਸਾਨੂੰ 'ਰਾਖ਼ਸ਼ਸ਼' ਭਾਵ 'ਦੈਂਤ' ਕਿਹਾ ਸੀ। ਸਾਧਵੀ ਜਿਓਤੀ ਨਿਰੰਜਣ ਤਾਂ ਇੱਕ ਕਦਮ ਹੋਰ ਅਗਾਂਹ ਚਲੇ ਗਏ ਸਨ। ਉਨ੍ਹਾਂ ਨੇ ਸਾਨੂੰ 'ਹਰਾਮਜ਼ਾਦੇ' ਆਖਿਆ ਸੀ। ਭਾਜਪਾ ਲੀਡਰਸ਼ਿਪ ਨੇ ਉਨ੍ਹਾਂ ਨੂੰ ਨਾ ਤਾਂ ਕਦੇ ਰੋਕਣ ਦਾ ਜਤਨ ਕੀਤਾ ਸੀ ਅਤੇ ਨਾ ਹੀ ਉਨ੍ਹਾਂ ਨੂੰ ਕਦੇ ਕੋਈ ਚੇਤਾਵਨੀ ਹੀ ਦਿੱਤੀ ਸੀ। ਇਹ ਸੂਚੀ ਬਹੁਤ ਲੰਮੀ ਹੈ।

ਮੈਨੂੰ ਹਾਲੇ ਵੀ ਚੇਤੇ ਹੈ ਕਿ ਸ੍ਰੀ ਮੋਦੀ ਨੇ ਸਾਲ 2007 ਦੀਆਂ ਗੁਜਰਾਤ ਚੋਣਾਂ ਦੌਰਾਨ ਸੋਨੀਆ ਗਾਂਧੀ ਲਈ ਅਤੇ ਉਦੋਂ ਦੇ ਮੁੱਖ ਚੋਣ ਕਮਿਸ਼ਨਰ ਸ੍ਰੀ ਜੇ.ਐਮ. ਲਿੰਗਦੋਹ ਬਾਰੇ ਕਿਹੋ ਜਿਹੇ ਸ਼ਬਦ ਵਰਤੇ ਸਨ। ਮੈਂ ਇੱਥੇ ਉਹ ਸ਼ਬਦ ਦੁਹਰਾਉਣਾ ਨਹੀਂ ਚਾਹੁੰਦਾ ਪਰ ਨਿਸ਼ਚਤ ਤੌਰ ਉਤੇ ਉਹ ਗੱਲਾਂ ਚੇਤੇ ਕਰ ਕੇ ਵੀ ਮੂੰਹ ਦਾ ਸੁਆਦ ਵਿਗੜਦਾ ਹੈ। ਮੈਨੂੰ ਇਹ ਵੀ ਚੇਤੇ ਹੈ ਕਿ ਸ੍ਰੀ ਯਸ਼ਵੰਤ ਸਿਨਹਾ ਨੇ ਉਦੋਂ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ 'ਸ਼ਿਖੰਡੀ' ਕਿਹਾ ਸੀ, ਜਿਸ ਦਾ ਮਤਲਬ 'ਨਾਮਰਦ' ਹੁੰਦਾ ਹੈ। ਸ੍ਰੀ ਯਸ਼ਵੰਤ ਸਿਨਹਾ ਤਦ ਵਾਜਪੇਈ ਕੈਬਿਨੇਟ ਵਿੱਚ ਬਹੁਤ ਸ਼ਕਤੀਸ਼ਾਲੀ ਮੰਤਰੀ ਸਨ। ਹੁਣ ਅਰੁਣ ਜੇਤਲੀ ਤੇ ਭਾਰਤੀ ਜਨਤਾ ਪਾਰਟੀ ਦੀ ਉਚ ਲੀਡਰਸ਼ਿਪ ਨੂੰ ਉਸ ਸ਼ਬਦ ਤੋਂ ਸਮੱਸਿਆ ਹੈ, ਜਿਹੜਾ ਸ੍ਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਲਈ ਵਰਤਿਆ ਹੈ। ਮੈਂ ਕੇਵਲ ਇਹੋ ਕਹਿਣਾ ਚਾਹੁੰਦਾ ਹਾਂ ਕਿ ਹੋਰਨਾਂ ਉਤੇ ਦੂਸ਼ਣਬਾਜ਼ੀ ਕਰਨਾ ਪਰ ਆਪਣੇ ਅੰਦਰ ਝਾਤੀ ਨਾ ਮਾਰਨਾ ਕੋਈ ਵਧੀਆ ਨੀਤੀ ਨਹੀਂ ਹੈ। ਜਿਹੜੀ ਗੱਲ ਦਾ ਉਹ ਪ੍ਰਚਾਰ ਕਰ ਰਹੇ ਹਨ, ਅਸਲੀਅਤ ਵਿੱਚ ਉਸ ਉਤੇ ਚੱਲਣਾ ਵੀ ਚਾਹੀਦਾ ਹੈ। ਆਮ ਆਦਮੀ ਪਾਰਟੀ ਇਸ ਮੁੱਦੇ ਪ੍ਰਤੀ ਜਾਗਰੂਕ ਹੈ ਪਰ ਤਦ ਸਾਨੂੰ ਸਭ ਨੂੰ ਆਪਣੇ ਆਪ ਅੰਦਰ ਵੀ ਝਾਤੀ ਜ਼ਰੂਰ ਮਾਰਨੀ ਚਾਹੀਦੀ ਹੈ ਤੇ ਮਾਮਲਾ ਸਹੀ ਕਰਨ ਲਈ ਕਦਮ ਚੁੱਕਣੇ ਚਾਹੀਦੇ ਹਨ। ਜਦੋਂ ਆਮ ਆਦਮੀ ਪਾਰਟੀ ਦੀ ਹੋਂਦ ਵੀ ਕਾਇਮ ਨਹੀਂ ਹੋਈ ਸੀ, ਤਦ ਵੀ ਸੰਸਦ ਨੇ ਸਮੂਹ ਐਮ.ਪੀਜ਼ ਦੇ ਵਿਵਹਾਰ ਲਈ ਦਿਸ਼ਾ-ਨਿਰਦੇਸ਼ ਜਾਰੀ ਕਰਨ ਹਿਤ ਨੈਤਿਕਤਾ ਕਮੇਟੀ ਕਾਇਮ ਕੀਤੀ ਸੀ ਪਰ ਉਸ ਨੂੰ ਕਦੇ ਗੰਭੀਰਤਾ ਨਾਲ ਲਿਆ ਹੀ ਨਹੀਂ ਗਿਆ। ਇਸ ਦਾ ਕਾਰਣ ਬਿਲਕੁਲ ਸਾਦਾ ਹੈ। ਭਾਰਤ ਦੀ ਸਿਆਸਤ ਬਦਲ ਚੁੱਕੀ ਹੈ। ਇਤਿਹਾਸਿਕ ਕਾਰਣਾਂ ਦੇ ਬਾਵਜੂਦ ਪੁਰਾਣੀਆਂ ਪਾਰਟੀਆਂ ਲਈ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਔਖਾ ਹੋ ਗਿਆ ਹੈ ਅਤੇ ਪੁਰਾਣੀਆਂ ਪਾਰਟੀਆਂ ਛੇਤੀ ਕਿਤੇ ਲਾਂਭੇ ਵੀ ਨਹੀਂ ਹੋਣਾ ਚਾਹੁੰਦੀਆਂ। ਇਤਿਹਾਸ ਅਤੇ ਵਰਤਮਾਨ ਸਮਾਂ ਦੋਵੇਂ ਇਸ ਛਿਣ ਮਿਲ ਰਹੇ ਹਨ ਅਤੇ ਜਿਸ ਦੇ ਸਿੱਟੇ ਵਜੋਂ ਕੁੱਝ ਅਜਿਹੀ ਭਾਸ਼ਾ ਦਾ ਪ੍ਰਯੋਗ ਹੋ ਰਿਹਾ ਹੈ, ਜਿਹੜੀ ਗ਼ੈਰ-ਸੰਸਦੀ ਹੈ। ਪਰ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਮਾਹੌਲ ਹੁਣ ਤੇਜ਼ੀ ਨਾਲ ਬਦਲਦਾ ਜਾ ਰਿਹਾ ਹੈ ਅਤੇ ਇਹ ਤਬਦੀਲੀ ਬਿਹਤਰੀ ਲਈ ਹੀ ਹੋ ਰਹੀ ਹੈ।

ਲੇਖਕ: ਆਸ਼ੂਤੋਸ਼