ਬਨਾਵਟੀ ਪੈਰ ਨਾਲ ਐਵਰੈਸਟ ਨੂੰ ਕੀਤਾ ਫ਼ਤਿਹ, ਅਰੁਣਿਮਾ ਦੇ ਹੌਸਲੇ ਨੂੰ ਸਲਾਮ...

ਬਨਾਵਟੀ ਪੈਰ ਨਾਲ ਐਵਰੈਸਟ ਨੂੰ ਕੀਤਾ ਫ਼ਤਿਹ, ਅਰੁਣਿਮਾ ਦੇ ਹੌਸਲੇ ਨੂੰ ਸਲਾਮ...

Sunday November 08, 2015,

12 min Read

ਭਾਰਤ ਸਰਕਾਰ ਨੇ 66ਵੇਂ ਗਣਤੰਤਰ ਦਿਵਸ ਮੌਕੇ ਜਿਹੜੇ ਲੋਕਾਂ ਦੇ ਨਾਂਵਾਂ ਦਾ ਐਲਾਨ ਪਦਮ ਪੁਰਸਕਾਰਾਂ ਲਈ ਕੀਤਾ, ਉਨ੍ਹਾਂ ਵਿੱਚੋਂ ਇੱਕ ਨਾਮ ਅਰੁਣਿਮਾ ਸਿਨਹਾ ਦਾ ਵੀ ਹੈ। ਉਤਰ ਪ੍ਰਦੇਸ਼ ਦੀ ਅਰੁਣਿਮਾ ਸਿਨਹਾ ਨੂੰ ਪਦਮਸ਼੍ਰੀ ਪੁਰਸਕਾਰ ਲਈ ਚੁਣਿਆ ਗਿਆ। ਪਦਮਸ਼੍ਰੀ ਭਾਰਤ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਚੌਥਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਹੈ। ਭਾਰਤ ਰਤਨ, ਪਦਮ ਵਿਭੂਸ਼ਣ ਅਤੇ ਪਦਮ ਭੁਸ਼ਣ ਤੋਂ ਬਾਅਦ ਪਦਮ ਸ਼੍ਰੀ ਹੀ ਸਭ ਤੋਂ ਵੱਡਾ ਸਨਮਾਨ ਹੈ। ਕਿਸੇ ਵੀ ਖੇਤਰ ਵਿੱਚ ਅਸਾਧਾਰਣ ਅਤੇ ਵਿਸ਼ੇਸ਼ ਸੇਵਾ ਲਈ ਪਦਮ ਸਨਮਾਨ ਦਿੱਤੇ ਜਾਂਦੇ ਹਨ। ਖੇਡਾਂ ਦੇ ਖੇਤਰ ਵਿੱਚ ਅਸਾਧਾਰਣ ਅਤੇ ਵਿਸ਼ੇਸ਼ ਸੇਵਾ ਲਈ ਅਰੁਣਿਮਾ ਸਿਨਹਾ ਨੂੰ ਪਦਮ ਸ੍ਰੀ ਦੇਣ ਦਾ ਐਲਾਨ ਕੀਤਾ ਗਿਆ। ਅਰੁਣਿਆ ਸਿਨਹਾ ਦੁਨੀਆਂ ਦੇ ਸਭ ਤੋਂ ਉਚੇ ਪਰਬਤ ਸਿਖ਼ਰ ਐਵਰੈਸਟ ਉਤੇ ਜਿੱਤ ਪ੍ਰਾਪਤ ਕਰਨ ਵਾਲੀ ਦੁਨੀਆਂ ਦੀ ਪਹਿਲੀ ਅੰਗਹੀਣ ਮਹਿਲਾ ਹਨ। 21 ਮਈ, 2013 ਦੀ ਸਵੇਰ 10.55 ਵਜੇ ਅਰੁਣਿਮਾ ਨੇ ਮਾਊਂਟ ਐਵਰੈਸਟ ਉਤੇ ਤਿਰੰਗਾ ਲਹਿਰਾ ਕੇ 26 ਸਾਲ ਦੀ ਉਮਰ ਵਿੱਚ ਵਿਸ਼ਵ ਦੀ ਪਹਿਲੀ ਅੰਗਹੀਣ ਪਰਬਤਾਰੋਹੀ ਬਣਨ ਦਾ ਮਾਣ ਹਾਸਲ ਕੀਤਾ।

image


ਖੇਡਾਂ ਦੇ ਖੇਤਰ ਵਿੱਚ ਜਿਵੇਂ ਅਰੁਣਿਮਾ ਦੀ ਕਾਮਯਾਬੀ ਅਸਾਧਾਰਣ ਹੈ, ਉਸੇ ਤਰ੍ਹਾਂ ਉਨ੍ਹਾਂ ਦੀ ਜ਼ਿੰਦਗੀ ਵੀ ਅਸਾਧਾਰਣ ਹੀ ਹੈ।

ਅਰੁਣਿਮਾ ਨੂੰ ਕੁੱਝ ਬਦਮਾਸ਼ਾਂ ਨੇ ਚਲਦੀ ਰੇਲ ਗੱਡੀ ਵਿਚੋਂ ਬਾਹਰ ਸੁੱਟ ਦਿੱਤਾ ਸੀ। ਅਰੁਣਿਮਾ ਨੇ ਇਨ੍ਹਾਂ ਬਦਮਾਸ਼ਾਂ ਨੂੰ ਆਪਣੀ ਚੇਨ ਖੋਹਣ ਨਹੀਂ ਦਿੱਤੀ ਸੀ, ਜਿਸ ਤੋਂ ਨਾਰਾਜ਼ ਬਦਮਾਸ਼ਾਂ ਨੇ ਉਨ੍ਹਾਂ ਨੂੰ ਚਲਦੀ ਰੇਲ ਵਿਚੋਂ ਬਾਹਰ ਸੁੱਟ ਦਿੱਤਾ। ਇਸ ਹਾਦਸੇ 'ਚ ਬੁਰੀ ਤਰ੍ਹਾਂ ਜ਼ਖ਼ਮੀ ਅਰੁਣਿਮਾ ਦੀ ਜਾਨ ਤਾਂ ਬਚ ਗਈ ਸੀ ਪਰ ਉਨ੍ਹਾਂ ਨੂੰ ਜਿਊਂਦੀ ਰੱਖਣ ਲਈ ਡਾਕਟਰਾਂ ਨੂੰ ਉਨ੍ਹਾਂ ਦੀ ਖੱਬੀ ਟੰਗ ਕੱਟਣੀ ਪਈ। ਆਪਣਾ ਇੱਕ ਪੈਰ ਗੁਆ ਦੇਣ ਦੇ ਬਾਵਜੂਦ ਰਾਸ਼ਟਰੀ ਸਟਾਰ ਉਤੇ ਵਾਲੀਬਾਲ ਖੇਡਣ ਵਾਲੀ ਅਰੁਣਿਮਾ ਨੇ ਹਾਰ ਨਹੀਂ ਮੰਨੀ ਅਤੇ ਸਦਾ ਆਪਣਾ ਜੋਸ਼ ਕਾਇਮ ਰੱਖਿਆ। ਭਾਰਤੀ ਕ੍ਰਿਕੇਟਰ ਯੁਵਰਾਜ ਸਿੰਘ ਅਤੇ ਦੇਸ਼ ਦੇ ਸਭ ਤੋਂ ਨੌਜਵਾਨ ਪਰਬਤਾਰੋਹੀ ਅਰਜੁਨ ਵਾਜਪੇਈ ਬਾਰੇ ਪੜ੍ਹ ਕੇ ਅਰੁਣਿਮਾ ਨੇ ਉਨ੍ਹਾਂ ਤੋਂ ਪ੍ਰੇਰਣਾ ਲਈ। ਫਿਰ ਮਾਊਂਟ ਐਵਰੈਸਟ ਉਤੇ ਫ਼ਤਿਹ ਪਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਬਚੇਂਦਰੀ ਪਾਲ ਤੋਂ ਮਦਦ ਅਤੇ ਸਿਖਲਾਈ ਲੈ ਕੇ ਐਵਰੈਸਟ ਉਤੇ ਜਿੱਤ ਹਾਸਲ ਕੀਤੀ।

ਅਰੁਣਿਮਾ ਨੇ ਐਵਰੈਸਟ ਉਤੇ ਫ਼ਤਿਹ ਹਾਸਲ ਕਰਨ ਤੋਂ ਪਹਿਲਾਂ ਜ਼ਿੰਦਗੀ ਵਿੱਚ ਕਈ ਤਰ੍ਹਾਂ ਦੇ ਉਤਾਰ-ਚੜ੍ਹਾਅ ਵੇਖੇ। ਕਈ ਮੁਸੀਬਤਾਂ ਦਾ ਸਾਹਮਣਾ ਕੀਤਾ। ਕਈ ਵਾਰ ਅਪਮਾਨ ਝੱਲਿਆ। ਬਦਮਾਸ਼ਾਂ ਅਤੇ ਸ਼ਰਾਰਤੀ ਅਨਸਰਾਂ ਦੇ ਗੰਦੇ ਅਤੇ ਭੱਦੇ ਦੋਸ਼ ਝੱਲੇ। ਮੌਤ ਨਾਲ ਵੀ ਸੰਘਰਸ਼ ਕੀਤਾ। ਕਈ ਉਲਟ ਸਥਿਤੀਆਂ ਦਾ ਸਾਹਮਣਾ ਕੀਤਾ। ਪਰ ਕਦੇ ਹਾਰ ਨਹੀਂ ਮੰਨੀ। ਕਮਜ਼ੋਰੀ ਨੂੰ ਵੀ ਆਪਣੀ ਤਾਕਤ ਬਣਾਇਆ। ਮਜ਼ਬੂਤ ਇੱਛਾ ਸ਼ਕਤੀ, ਮਿਹਨਤ, ਸੰਘਰਸ਼ ਅਤੇ ਹਾਰ ਨਾ ਮੰਨਣ ਵਾਲੇ ਜਜ਼ਬੇ ਰਾਹੀਂ ਅਸਾਧਾਰਣ ਕਾਮਯਾਬੀ ਹਾਸਲ ਕੀਤੀ। ਦੁਨੀਆਂ ਦੀ ਸਭ ਤੋਂ ਉਚੇਰੀ ਪਰਬਤ ਚੋਟੀ ਉਤੇ ਪੁੱਜ ਕੇ ਅਰੁਣਿਮਾ ਨੇ ਸਿੱਧ ਕੀਤਾ ਕਿ ਹੌਸਲੇ ਬੁਲੰਦ ਹੋਣ, ਤਾਂ ਉਚਾਈ ਦੇ ਕੋਈ ਅਰਥ ਨਹੀਂ ਰਹਿ ਜਾਂਦੇ। ਇਨਸਾਨ ਆਪਣੇ ਦ੍ਰਿੜ੍ਹ ਇਰਾਦੇ, ਤੇਜ਼ ਬੁੱਧੀ ਅਤੇ ਮਿਹਨਤ ਨਾਲ ਵੱਡੀ ਤੋਂ ਵੱੜੀ ਕਾਮਯਾਬੀ ਹਾਸਲ ਕਰ ਸਕਦਾ ਹੈ। ਅਰੁਣਿਮਾ ਸਿਨਹਾ ਆਪਣੇ ਸੰਘਰਸ਼ ਅਤੇ ਕਾਮਯਾਬੀ ਕਾਰਣ ਦੁਨੀਆਂ ਭਰ ਦੇ ਕਈ ਲੋਕਾਂ ਲਈ ਪ੍ਰੇਰਣਾ ਬਣ ਗਏ ਹਨ।

ਕਿਸੇ ਆਮ ਮਹਿਲਾ ਜਾਂ ਮੁਟਿਆਰ ਦੀ ਜ਼ਿੰਦਗੀ ਵਾਂਗ ਸਾਧਾਣ ਨਹੀਂ ਅਰੁਣਿਮਾ ਦੀ ਜ਼ਿੰਦਗੀ ਦੀਆਂ ਕਈ ਘਟਨਾਵਾਂ।

ਬਹਾਦਰੀ ਦੀ ਅਦਭੁਤ ਮਿਸਾਲ ਪੇਸ਼ ਕਰਨ ਵਾਲੀ ਅਰੁਣਿਮਾ ਦਾ ਪਰਿਵਾਰ ਮੂਲ ਰੂਪ ਵਿੱਚ ਬਿਹਾਰ ਤੋਂ ਹੈ। ਉਨ੍ਹਾਂ ਦੇ ਪਿਤਾ ਭਾਰਤੀ ਥਲ ਸੈਨਾ ਵਿੱਚ ਸਨ। ਸੁਭਾਵਕ ਤੌਰ ਉਤੇ ਉਨ੍ਹਾਂ ਦੇ ਤਬਾਦਲੇ ਹੁੰਦੇ ਰਹਿੰਦੇ ਸਨ। ਇਨ੍ਹਾਂ ਹੀ ਤਬਾਦਲਿਆਂ ਕਾਰਣ ਉਨ੍ਹਾਂ ਨੂੰ ਉਤਰ ਪ੍ਰਦੇਸ਼ ਦੇ ਸੁਲਤਾਨਪੁਰ ਸ਼ਹਿਰ ਵੀ ਆਉਣਾ ਪਿਆ। ਪਰ ਸੁਲਤਾਨਪੁਰ 'ਚ ਅਰੁਣਿਮਾ ਦੇ ਪਰਿਵਾਰ ਉਤੇ ਮੁਸੀਬਤਾਂ ਦੇ ਪਹਾੜ ਟੁੱਟ ਗਏ। ਅਰੁਣਿਮਾ ਦੇ ਪਿਤਾ ਦਾ ਦੇਹਾਂਤ ਹੋ ਗਿਆ। ਹੱਸਦੇ-ਖੇਡਦੇ ਪਰਿਵਾਰ ਵਿੱਚ ਸੋਗ ਛਾ ਗਿਆ।

ਪਿਤਾ ਦੇ ਦੇਹਾਂਤ ਸਮੇਂ ਅਰੁਣਿਮਾ ਦੀ ਉਮਰ ਬਹੁਤ ਘੱਟ ਸੀ। ਬੱਚਿਆਂ ਦੀ ਪੜ੍ਹਾਈ-ਲਿਖਾਈ ਅਤੇ ਦੇਖਭਾਲ਼ ਦੀ ਸਾਰੀ ਜ਼ਿੰਮੇਵਾਰੀ ਮਾਂ ਉਤੇ ਆਣ ਪਈ। ਮਾਂ ਨੇ ਔਕੜਾਂ ਭਰੇ ਇਸ ਦੌਰ ਵਿੱਚ ਹਿੰਮਤ ਨਹੀਂ ਹਾਰੀ ਅਤੇ ਮਜ਼ਬੂਤ ਫ਼ੈਸਲੇ ਲਏ। ਮਾਂ ਆਪਣੇ ਤਿੰਨੇ ਬੱਚਿਆਂ - ਅਰੁਣਿਮਾ, ਉਸ ਦੀ ਵੱਡੀ ਭੈਣ ਲਕਸ਼ਮੀ ਅਤੇ ਛੋਟੇ ਭਰਾ ਨੂੰ ਲੈ ਕੇ ਸੁਲਤਾਨਪੁਰ ਤੋਂ ਅੰਬੇਡਕਰਨਗਰ ਆ ਗਈ। ਅੰਬੇਡਕਰਨਗਰ 'ਚ ਮਾਂ ਨੂੰ ਸਿਹਤ ਵਿਭਾਗ ਵਿੱਚ ਨੌਕਰੀ ਮਿਲ ਗਈ, ਜਿਸ ਕਾਰਣ ਬੱਚਿਆਂ ਦਾ ਪਾਲਣ-ਪੋਸ਼ਣ ਠੀਕ ਤਰ੍ਹਾਂ ਹੋਣ ਲੱਗਾ। ਭੈਣ ਅਤੇ ਭਰਾ ਨਾਲ ਅਰੁਣਿਮਾ ਵੀ ਸਕੂਲ ਜਾਣ ਲੱਗਾ। ਸਕੂਲ ਵਿੱਚ ਅਰੁਣਿਮਾ ਦਾ ਮਨ ਪੜ੍ਹਾਈ ਵਿੱਚ ਘੱਟ ਅਤੇ ਖੇਡਾਂ ਵਿੱਚ ਵੱਧ ਲੱਗਣ ਲੱਗਾ ਸੀ। ਦਿਨ-ਬ-ਦਿਨ ਖੇਡਾਂ ਵਿੱਚ ਉਸ ਦੀ ਦਿਲਚਸਪੀ ਵਧਦੀ ਗਈ। ਉਹ ਚੈਂਪੀਅਨ ਬਣਨ ਦਾ ਸੁਫ਼ਨਾ ਵੇਖਣ ਲੱਗੀ।

ਜਾਣ-ਪਛਾਣ ਦੇ ਲੋਕਾਂ ਨੇ ਅਰੁਣਿਮਾ ਦੇ ਖੇਡਣ-ਕੁੱਦਣ ਉਤੇ ਇਤਰਾਜ਼ ਪ੍ਰਗਟਾਏ ਪਰ ਮਾਂ ਅਤੇ ਵੱਡੀ ਭੈਣ ਨੇ ਅਰੁਣਿਮਾ ਨੂੰ ਆਪਣੇ ਮਨ ਦੀ ਇੱਛਾ ਅਨੁਸਾਰ ਕੰਮ ਕਰਨ ਦਿੱਤਾ। ਅਰੁਣਿਮਾ ਨੂੰ ਫ਼ੁੱਟਬਾਲ, ਵਾੱਲੀਬਾਲ ਅਤੇ ਹਾੱਕੀ ਖੇਡਣ ਵਿੱਚ ਬਹੁਤ ਜ਼ਿਆਦਾ ਦਿਲਚਸਪੀ ਸੀ। ਜਦੋਂ ਕਦੇ ਮੌਕਾ ਮਿਲਦਾ, ਤਾਂ ਉਹ ਮੈਦਾਨ 'ਚ ਚਲੀ ਜਾਂਦੀ ਅਤੇ ਬਹੁਤ ਖੇਡਦੀ। ਅਰੁਣਿਮਾ ਦਾ ਮੈਦਾਨ ਵਿੱਚ ਖੇਡਣਾ ਆਂਢ-ਗੁਆਂਢ ਦੇ ਕੁੱਝ ਲੜਕਿਆਂ ਦੀਆਂ ਅੱਖਾਂ ਵਿੱਚ ਰੜਕਣ ਲੱਗਾ। ਉਹ ਅਰੁਣਿਮਾ ਉਤੇ ਅਨੇਕਾਂ ਪ੍ਰਕਾਰ ਦੀਆਂ ਟਿੱਪਣੀਆਂ ਕਰਦੇ। ਅਰੁਣਿਮਾ ਨੂੰ ਛੇੜਨ ਦੀਆਂ ਕੋਸ਼ਿਸ਼ਾਂ ਕਰਦੇ ਪਰ ਅਰੁਣਿਮਾ ਸ਼ੁਰੂ ਤੋਂ ਹੀ ਤੇਜ਼ ਸੀ ਅਤੇ ਮਾਂ ਦੇ ਲਾਡ-ਪਿਆਰ ਕਾਰਣ ਕੁੱਝ ਬਾਗ਼ੀਆਨਾ ਸੁਭਾਅ ਵੀ ਉਸ ਵਿੱਚ ਸੀ। ਉਹ ਲੜਕਿਆਂ ਨੂੰ ਆਪਣੀ ਮਨਮਰਜ਼ੀ ਨਾ ਕਰਨ ਦਿੰਦੀ। ਛੇੜਖਾਨੀ ਦੀ ਕੋਸ਼ਿਸ਼ ਕਰਨ ਉਤੇ ਅਰੁਣਿਮਾ ਇਸ ਤਰ੍ਹਾਂ ਅੱਗੇ ਖਲੋ ਜਾਂਦੀ ਕਿ ਸਾਰੇ ਲੜਕੇ ਡਰ ਕੇ ਦੂਰ ਨੱਸ ਜਾਂਦੇ। ਇੱਕ ਵਾਰ ਤਾਂ ਅਰੁਣਿਮਾ ਨੇ ਆਪਣੀ ਭੈਣ ਨਾਲ ਬਦਤਮੀਜ਼ੀ ਕਰਨ ਵਾਲੇ ਇੱਕ ਵਿਅਕਤੀ ਨੂੰ ਸਰੇ-ਬਾਜ਼ਾਰ ਕੁੱਟਿਆ ਵੀ ਸੀ।

ਹੋਇਆ ਇੰਝ ਸੀ ਕਿ ਅਰੁਣਿਮਾ ਆਪਣੀ ਵੱਡੀ ਭੈਣ ਨਾਲ ਸਾਇਕਲ ਉਤੇ ਕਿਤੇ ਜਾ ਰਹੀ ਸੀ। ਰਾਹ 'ਚ ਇੱਕ ਥਾਂ ਰੁਕ ਕੇ ਵੱਡੀ ਭੈਣ ਕਿਸੇ ਨਾਲ ਗੱਲ ਕਰਨ ਲੱਗੀ। ਅਰੁਣਿਮਾ ਥੋੜ੍ਹਾ ਅੱਗੇ ਨਿੱਕਲ਼ ਗਈ ਅਤੇ ਉਥੇ ਹੀ ਰੁਕ ਕੇ ਆਪਣੀ ਭੈਣ ਦੀ ਉਡੀਕ ਕਰਨ ਲੱਗੀ। ਇਸੇ ਦੌਰਾਨ ਸਾਇਕਲ ਉਤੇ ਸਵਾਰ ਕੁੱਝ ਲੜਕੇ ਉਥੋਂ ਲੰਘੇ। ਲੜਕਿਆਂ ਨੇ ਅਰੁਣਿਮਾ ਨੂੰ ਉਨ੍ਹਾਂ ਲਈ ਰਾਹ ਛੱਡਣ ਲਈ ਆਖਿਆ। ਅਰੁਣਿਮਾ ਨੇ ਉਨ੍ਹਾਂ ਲੜਕਿਆਂ ਨੂੰ ਖ਼ਾਲੀ ਥਾਂ ਤੋਂ ਨਿੱਕਲ਼ ਜਾਣ ਲਈ ਆਖਿਆ ਅਤੇ ਆਪਣੀ ਜਗ੍ਹਾ 'ਤੇ ਟਿਕੀ ਰਹੀ। ਅਰੁਣਿਮਾ ਦੇ ਇਸ ਰਵੱਈਏ ਤੋਂ ਨਾਰਾਜ਼ ਲੜਕਿਆਂ ਨਾਲ ਉਸ ਦੀ ਬਹਿਸ ਸ਼ੁਰੂ ਹੋਈ ਅਤੇ ਇਸੇ ਦੌਰਾਨ ਵੱਡੀ ਭੈਣ ਉਥੇ ਆ ਗਈ। ਗੁੱਸੇ ਵਿੱਚ ਆਏ ਇੱਕ ਲੜਕੇ ਨੇ ਹੱਥ ਚੁੱਕ ਦਿੱਤਾ ਅਤੇ ਅਰੁਣਿਮਾ ਦੀ ਭੈਣ ਦੀ ਗੱਲ੍ਹ ਉਤੇ ਥੱਪੜ ਮਾਰਿਆ। ਇਸ ਗੱਲ ਨਾਲ ਅਰੁਣਿਮਾ ਨੂੰ ਬਹੁਤ ਗੁੱਸਾ ਆਇਆ ਅਤੇ ਉਸ ਨੇ ਉਸ ਲੜਕੇ ਨੂੰ ਫੜ ਕੇ ਕੁੱਟਣ ਬਾਰੇ ਸੋਚਿਆ। ਪਰ ਭੀੜ ਦਾ ਲਾਭ ਉਠਾ ਕੇ ਉਹ ਲੜਕਾ ਅਤੇ ਉਸ ਦੇ ਸਾਥੀ ਨੱਸ ਗਏ। ਆਖ਼ਰ ਉਹ ਲੜਕਾ ਉਨ੍ਹਾਂ ਨੂੰ ਪਾਨ ਦੀ ਇੱਕ ਦੁਕਾਨ ਉਤੇ ਵਿਖਾਈ ਦਿੱਤਾ। ਅਰੁਣਿਮਾ ਨੇ ਉਸ ਲੜਕੇ ਨੂੰ ਫੜ ਕੇ ਖ਼ੂਬ ਕੁਟਾਈ ਕੀਤੀ। ਇਸ ਕੁਟਾਈ ਨੂੰ ਖ਼ੂਬ ਹੰਗਾਮਾ ਵੀ ਮਚਿਆ। ਕਈ ਲੋਕਾਂ ਨੇ ਲੜਕੇ ਨੂੰ ਛੁਡਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਅਰੁਣਿਮਾ ਨਾ ਮੰਨੀ। ਲੜਕੇ ਦੇ ਮਾਪਿਆਂ ਨੇ ਜਦੋਂ ਆ ਕੇ ਆਪਣੇ ਲੜਕੇ ਦੀ ਕਰਤੂਤ ਬਦਲੇ ਮੁਆਫ਼ੀ ਮੰਗੀ, ਤਦ ਜਾ ਕੇ ਅਰੁਣਿਮਾ ਨੇ ਲੜਕੇ ਨੂੰ ਛੱਡਿਆ। ਇਸ ਘਟਨਾ ਦਾ ਨਤੀਜਾ ਇਹ ਨਿੱਕਲ਼ਿਆ ਕਿ ਮੁਹੱਲੇ 'ਚ ਲੜਕਿਆਂ ਨੇ ਲੜਕੀਆਂ ਨਾਲ ਬਦਸਲੂਕੀ ਬੰਦ ਕਰ ਦਿੱਤੀ। ਅਰੁਣਿਮਾ ਦੀ ਬਹਾਦਰੀ ਅਤੇ ਉਸ ਦੇ ਅਜਿਹੇ ਤਿੱਖੇ ਰਵੱਈਏ ਦੀ ਚਰਚਾ ਹੁਣ ਸਾਰੇ ਮੁਹੱਲੇ 'ਚ ਸੀ।

ਦਿਨ ਲੰਘਦੇ ਗਏ। ਅਰੁਣਿਮਾ ਨੇ ਇਸ ਦੌਰਾਨ ਕਈ ਮੁਕਾਬਲਿਆਂ ਵਿੱਚ ਹਿੱਸਾ ਲਿਆ ਅਤੇ ਆਪਣੀ ਪ੍ਰਤਿਭਾ ਨਾਲ ਕਈਆਂ ਨੂੰ ਪ੍ਰਭਾਵਿਤ ਕੀਤਾ। ਉਸ ਨੇ ਵਾਲੀਬਾਲ-ਫ਼ੁਟਬਾਲ ਖ਼ੂਬ ਖੇਡਿਆ, ਕਈ ਪੁਰਸਕਾਰ ਵੀ ਜਿੱਤੇ। ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਵੀ ਖੇਡਣ ਦਾ ਮੌਕਾ ਮਿਲਿਆ।

ਇਸੇ ਦੌਰਾਨ ਅਰੁਣਿਮਾ ਦੀ ਵੱਡੀ ਭੈਣ ਦਾ ਵਿਆਹ ਹੋ ਗਿਆ। ਵਿਆਹ ਤੋਂ ਬਾਅਦ ਵੀ ਵੱਡੀ ਭੈਣ ਨੇ ਅਰੁਣਿਮਾ ਦਾ ਕਾਫ਼ੀ ਖ਼ਿਆਲ ਰੱਖਿਆ। ਵੱਡੀ ਭੈਣ ਦੀ ਮਦਦ ਅਤੇ ਹੱਲਾਸ਼ੇਰੀ ਕਾਰਣ ਹੀ ਅਰੁਣਿਮਾ ਨੇ ਖੇਡਾਂ ਦੇ ਨਾਲ-ਨਾਲ ਆਪਣੀ ਪੜ੍ਹਾਈ ਵੀ ਜਾਰੀ ਰੱਖੀ। ਉਸ ਨੇ ਕਾਨੂੰਨ ਦੀ ਪੜ੍ਹਾਈ ਕੀਤੀ ਅਤੇ ਐਲ.ਐਲ.ਬੀ. ਦੀ ਪ੍ਰੀਖਿਆ ਵੀ ਪਾਸ ਕਰ ਲਈ।

ਘਰ-ਪਰਿਵਾਰ ਚਲਾਉਣ 'ਚ ਮਾਂ ਦੀ ਮਦਦ ਕਰਨ ਦੇ ਮੰਤਵ ਨਾਲ ਅਰੁਣਿਮਾ ਨੇ ਹੁਣ ਨੌਕਰੀ ਕਰਨ ਦੀ ਸੋਚੀ। ਨੌਕਰੀ ਲਈ ਉਸ ਨੇ ਕਈ ਥਾਵਾਂ ਉਤੇ ਅਰਜ਼ੀਆਂ ਦਿੱਤੀਆਂ।

ਇਸੇ ਦੌਰਾਨ ਉਸ ਨੂੰ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਭਾਵ ਸੀ.ਆਈ.ਐਸ.ਐਫ਼. ਦੇ ਦਫ਼ਤਰ ਤੋਂ ਸੱਦਾ ਆਇਆ। ਅਧਿਕਾਰਆਂ ਨੂੰ ਮਿਲਣ ਲਈ ਉਹ ਨੌਇਡਾ ਲਈ ਰਵਾਨਾ ਹੋ ਗਈ। ਅਰੁਣਿਮਾ ਪਦਮਾਵਤ ਐਕਸਪ੍ਰੈਸ 'ਤੇ ਸਵਾਰ ਹੋਈ ਅਤੇ ਇੱਕ ਜਨਰਲ ਡੱਬੇ 'ਚ ਖਿੜਕੀ ਲਾਗਲੀ ਇੱਕ ਸੀਟ ਉਤੇ ਬੈਠ ਗਈ। ਕੁੱਝ ਹੀ ਦੇਰ ਪਿੱਛੋਂ ਕੁੱਝ ਬਦਮਾਸ਼ ਲੜਕੇ ਅਰੁਣਿਮਾ ਕੋਲ਼ ਆਏ ਅਤੇ ਉਨ੍ਹਾਂ ਵਿਚੋਂ ਇੱਕ ਨੇ ਅਰੁਣਿਮਾ ਦੇ ਗਲ਼ੇ ਵਿੱਚ ਮੌਜੂਦ ਚੇਨ ਉਤੇ ਝਪੱਟਾ ਮਾਰਿਆ। ਅਰੁਣਿਮਾ ਨੂੰ ਗੁੱਸਾ ਆ ਗਿਆ ਅਤੇ ਉਹ ਲੜਕੇ ਉਤੇ ਝਪਟ ਪਈ। ਦੂਜੇ ਬਦਮਾਸ਼ ਸਾਥੀ ਉਸ ਲੜਕੇ ਦੀ ਮਦਦ ਲਈ ਅੱਗੇ ਆਏ ਅਤੇ ਅਰੁਣਿਮਾ ਉਤੇ ਕਾਬੂ ਪਾਉਣ ਦੇ ਜਤਨ ਕਰਨ ਲੱਗੇ ਪਰ ਅਰੁਣਿਮਾ ਨੇ ਹਾਰ ਨਾ ਮੰਨੀ ਅਤੇ ਲੜਕਿਆਂ ਨਾਲ ਜੂਝਦੀ ਰਹੀ। ਪਰ ਉਨ੍ਹਾਂ ਬਦਮਾਸ਼ ਲੜਕਿਆਂ ਨੇ ਅਰੁਣਿਮਾ ਨੂੰ ਆਪਣੇ ਉਤੇ ਭਾਰੂ ਨਾ ਪੈਣ ਦਿੱਤਾ। ਇੰਨੇ ਨੂੰ ਕੁੱਝ ਬਦਮਾਸ਼ਾਂ ਨੇ ਅਰੁਣਿਮਾ ਨੂੰ ਇੰਨੇ ਜ਼ੋਰ ਦੀ ਲੱਤ ਮਾਰੀ ਕਿ ਉਹ ਚਲਦੀ ਰੇਲ ਗੱਡੀ ਵਿਚੋਂ ਬਾਹਰ ਡਿੱਗ ਗਈ। ਅਰੁਣਿਮਾ ਦਾ ਇੱਕ ਪੈਰ ਰੇਲ ਗੱਡੀ ਦੀ ਲਪੇਟ ਵਿੱਚ ਆ ਗਿਆ। ਉਹ ਬੇਹੋਸ਼ ਹੋ ਗਈ। ਰਾਤ ਭਰ ਅਰੁਣਿਮਾ ਰੇਲ ਦੀਆਂ ਪਟੜੀਆਂ ਕੋਲ਼ ਹੀ ਪਈ ਰਹੀ। ਸਵੇਰੇ ਜਦੋਂ ਕੁੱਝ ਪਿੰਡ ਵਾਲਿਆਂ ਨੇ ਉਸ ਨੂੰ ਇਸ ਹਾਲਤ ਵਿੱਚ ਵੇਖਿਆ, ਤਾਂ ਉਹ ਉਸ ਨੂੰ ਹਸਪਤਾਲ ਲੈ ਕੇ ਗਏ। ਜਾਣ ਬਚਾਉਣ ਲਈ ਡਾਕਟਰਾਂ ਨੂੰ ਹਸਪਤਾਲ ਵਿੱਚ ਅਰੁਣਿਮਾ ਦੀ ਖੱਬੀ ਟੰਗ ਕੱਟਣੀ ਪਈ।

ਜਿਵੇਂ ਹੀ ਇਸ ਘਟਨਾ ਦੀ ਜਾਣਕਾਰੀ ਮੀਡੀਆ ਨੂੰ ਲੱਗੀ, ਰੇਲ ਦੀ ਇਹ ਅਖ਼ਬਾਰਾਂ ਅਤੇ ਨਿਊਜ਼ ਚੈਨਲਾਂ ਦੀਆਂ ਸੁਰਖ਼ੀਆਂ ਵਿੱਚ ਆ ਗਈ। ਮੀਡੀਆ ਅਤੇ ਮਹਿਲਾ ਜੱਥੇਬੰਦੀਆਂ ਦੇ ਦਬਾਅ ਹੇਠ ਆ ਕੇ ਸਰਕਾਰ ਨੂੰ ਬਿਹਤਰ ਇਲਾਜ ਲਈ ਅਰੁਣਿਮਾ ਨੂੰ ਲਖਨਊ ਦੇ ਟਰੌਮਾ ਸੈਂਟਰ ਵਿੱਚ ਦਾਖ਼ਲ ਕਰਵਾਉਣਾ ਪਿਆ।

ਸਰਕਾਰ ਵੱਲੋਂ ਕਈ ਐਲਾਨ ਵੀ ਕੀਤੇ ਗਏ। ਤਤਕਾਲੀਨ ਰੇਲ ਮੰਤਰੀ ਮਮਤਾ ਬੈਨਰਜੀ ਨੇ ਅਰੁਣਿਮਾ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ। ਖੇਡ ਮੰਤਰੀ ਅਜੇ ਮਾਕਨ ਵੱਲੋਂ ਵੀ ਮਦਦ ਦਾ ਐਲਾਨ ਹੋਇਆ। ਸੀ.ਆਈ.ਐਸ.ਐਫ਼. ਨੇ ਵੀ ਨੌਕਰੀ ਦੇਣ ਦਾ ਐਲਾਨ ਕਰ ਦਿੱਤਾ। ਪਰ ਇਨ੍ਹਾਂ ਐਲਾਨਾਂ ਦੇ ਬਾਵਜੂਦ ਜ਼ਿਆਦਾ ਕੁੱਝ ਨਾ ਹੋਇਆ। ਉਲਟਾ, ਕੁੱਝ ਲੋਕਾਂਨੇ ਅਰੁਣਿਮਾ ਬਾਰੇ ਕਈ ਪ੍ਰਕਾਰ ਦੀਆਂ ਝੂਠੀਆਂ ਗੱਲਾਂ ਦਾ ਪ੍ਰਚਾਰ ਕੀਤਾ। ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਕੁੱਝ ਸ਼ਰਾਰਤੀ ਅਨਸਰਾਂ ਨੇ ਇਹ ਕਹਿ ਕੇ ਵਿਵਾਦ ਸ਼ੁਰੂ ਕੀਤਾ ਕਿ ਅਰੁਣਿਮਾ ਸਰਕਾਰੀ ਨੌਕਰੀ ਦੀ ਹੱਕਦਾਰ ਨਹੀਂ ਹੈ ਕਿਉਂਕਿ ਉਸ ਨੇ ਕਦੇ ਰਾਸ਼ਟਰੀ ਪੱਧਰ ਉਤੇ ਖੇਡਿਆ ਹੀ ਨਹੀਂ ਹੈ। ਕੁੱਝ ਨੇ ਇਹ ਅਫ਼ਵਾਹ ਉਡਾਈ ਕਿ ਅਰੁਣਿਮਾ ਨੇ ਇੰਟਰ ਦੀ ਪ੍ਰੀਖਿਆ ਵੀ ਪਾਸ ਨਹੀਂ ਕੀਤੀ ਹੈ। ਕੁੱਝ ਲੋਕਾਂ ਨੇ ਤਾਂ ਸਾਰੀਆਂ ਹੱਦਾਂ ਉਲੰਘਦਿਆਂ ਇਹ ਵੀ ਆਖ ਦਿੱਤਾ ਕਿ ਅਰੁਣਿਮਾ ਕਿਸੇ ਨਾਲ ਰੇਲ ਗੱਡੀ ਵਿੱਚ ਭੱਜ ਰਹੀ ਸੀ।

ਕੁੱਝ ਬਦਮਾਸ਼ਾਂ ਨੇ ਦੋਸ਼ ਲਾਇਆ ਕਿ ਅਰੁਣਿਮਾ ਵਿਆਹੁਤਾ ਹੈ। ਇੱਕ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਅਰੁਣਿਮਾ ਨੇ ਰੇਲ ਗੱਡੀ ਤੋਂ ਛਾਲ਼ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਇੱਕ ਹੋਰ ਅਧਿਕਾਰੀ ਨੇ ਸ਼ੱਕ ਪ੍ਰਗਟਾਇਆ ਕਿ ਪਟੜੀਆਂ ਪਾਰ ਕਰਦੇ ਸਮੇਂ ਉਹ ਅਚਾਨਕ ਰੇਲ ਦੀ ਲਪੇਟ ਵਿੱਚ ਆ ਗਈ ਸੀ।

ਅਜਿਹੀਆਂ ਗੱਲਾਂ ਮੀਡੀਆ ਵਿੱਚ ਵੀ ਆਉਣ ਲੱਗੀਆਂ। ਅਰੁਣਿਮਾ ਅਜਿਹੀਆਂ ਗੱਲਾਂ ਤੋਂ ਬਹੁਤ ਹੈਰਾਨ ਅਤੇ ਪਰੇਸ਼ਾਨ ਹੋਈ। ਉਹ ਅਪਣੇ ਅੰਦਾਜ਼ ਵਿੱਚ ਦੋਸ਼ ਲਾਉਣ ਵਾਲਿਆਂ ਨੂੰ ਜਵਾਬ ਦੇਣਾ ਚਾਹੁੰਦੀ ਸੀ ਪਰ ਬੇਵੱਸ ਸੀ। ਇੱਕ ਪੈਰ ਕੱਟ ਦਿੱਤਾ ਗਿਆ ਸੀ ਅਤੇ ਸਰੀਰਕ ਤੌਰ ਉਤੇ ਕਮਜ਼ੋਰ ਹੋ ਕੇ ਉਹ ਹਸਪਤਾਲ ਦੇ ਬਿਸਤਰੇ ਉਤੇ ਪਈ ਹੋਈ ਸੀ। ਉਹ ਬਹੁਤ ਕੁੱਝ ਚਾਹ ਕੇ ਵੀ ਕੁੱਝ ਨਾ ਕਰ ਸਕਣ ਦੀ ਹਾਲਤ ਵਿੱਚ ਸੀ।

ਮਾਂ, ਭੈਣ ਅਤੇ ਜੀਜਾ ਜੀ ਨੇ ਅਰੁਣਿਮਾ ਦੀ ਹਿੰਮਤ ਦਿੱਤੀ ਅਤੇ ਆਪਣਾ ਜਜ਼ਬਾ ਕਾਇਮ ਰੱਖਣ ਦੀ ਸਲਾਹ ਦਿੱਤੀ।

ਹਸਪਤਾਲ ਵਿੱਚ ਇਲਾਜ ਦੌਰਾਨ ਸਮਾਂ ਕੱਟਣ ਲਈ ਅਰੁਣਿਮਾ ਨੇ ਅਖ਼ਬਾਰਾਂ ਪੜ੍ਹਨੀਆਂ ਸ਼ੁਰੂ ਕੀਤੀਆਂ। ਇੱਕ ਦਿਨ ਜਦੋਂ ਅਖ਼ਬਾਰ ਪੜ੍ਹ ਰਹੀ ਸੀ, ਤਾਂ ਉਸ ਦੀ ਨਜ਼ਰ ਇੱਕ ਖ਼ਬਰ ਉਤੇ ਗਈ। ਖ਼ਬਰ ਸੀ ਕਿ ਨੌਇਡਾ ਦੇ ਰਹਿਣ ਵਾਲੇ 17 ਸਾਲਾ ਅਰਜੁਨ ਵਾਜਪੇਈ ਨੇ ਦੇਸ਼ ਦੇ ਸਭ ਤੋਂ ਘੱਟ ਉਮਰ ਦੇ ਪਰਬਤਾਰੋਹੀ ਬਣਨ ਦਾ ਰਿਕਾਰਡ ਬਣਾਇਆ ਹੈ।

ਇਸ ਖ਼ਬਰ ਨੇ ਅਰੁਣਿਮਾ ਦੇ ਮਨ ਵਿੱਚ ਇੱਕ ਨਵੇਂ ਵਿਚਾਰ ਨੂੰ ਜਨਮ ਦਿੱਤਾ। ਖ਼ਬਰ ਨੇ ਉਸ ਦੇ ਮਨ ਵਿੱਚ ਇੱਕ ਨਵਾਂ ਜੋਸ਼ ਵੀ ਭਰਿਆ ਸੀ। ਅਰੁਣਿਮਾ ਦੇ ਮਨ ਵਿੱਚ ਵਿਚਾਰ ਆਇਆ ਕਿ ਜੇ 17 ਸਾਲਾਂ ਦਾ ਇੱਕ ਨੌਜਵਾਨ ਮਾਊਂਟ ਐਵਰੈਸਟ ਉਤੇ ਜਿੱਤ ਹਾਸਲ ਕਰ ਸਕਦਾ ਹੈ, ਤਾਂ ਉਹ ਕਿਉਂ ਨਹੀਂ?

ਉਸ ਨੂੰ ਇੱਕ ਛਿਣ ਲਈ ਜਾਪਿਆ ਕਿ ਉਸ ਦੀ ਅੰਗਹੀਣਤਾ ਅੜਿੱਕਾ ਬਣ ਸਕਦੀ ਹੈ ਪਰ ਉਸ ਨੇ ਮਨ ਵਿੱਚ ਧਾਰ ਲਿਆ ਕਿ ਉਹ ਕਿਸੇ ਵੀ ਹਾਲ ਵਿੱਚ ਮਾਊਂਟ ਐਵਰੈਸਟ ਉਤੇ ਚੜ੍ਹ ਕੇ ਹੀ ਰਹੇਗੀ। ਉਸ ਨੇ ਅਖ਼ਬਾਰਾਂ ਵਿੱਚ ਕ੍ਰਿਕੇਟਰ ਯੁਵਰਾਜ ਸਿੰਘ ਦੇ ਕੈਂਸਰ ਨਾਲ ਸੰਘਰਸ਼ ਤੋਂ ਬਾਅਦ ਫਿਰ ਮੈਦਾਨ ਵਿੱਚ ਉਤਰਨ ਦੀ ਖ਼ਬਰ ਵੀ ਪੜ੍ਹੀ। ਉਸ ਦਾ ਇਰਾਦਾ ਹੋਰ ਵੀ ਬੁਲੰਦ ਹੋ ਗਿਆ।

ਇਸੇ ਦੌਰਾਨ ਅਰੁਣਿਮਾ ਨੂੰ ਬਨਾਵਟੀ ਪੈਰ ਵੀ ਮਿਲ ਗਿਆ। ਅਮਰੀਕਾ 'ਚ ਰਹਿਣ ਵਾਲੇ ਡਾ. ਰਾਕੇਸ਼ ਸ੍ਰੀਵਾਸਤਵ ਅਤੇ ਉਨ੍ਹਾਂ ਦੇ ਭਰਾ ਸ਼ੈਲੇਸ਼ ਸ੍ਰੀਵਾਸਤਵ, ਜੋ 'ਇਨੋਵੇਟਿਵ' ਨਾਂਅ ਦੀ ਇੱਕ ਸੰਸਥਾ ਚਲਾਉਂਦੇ ਹਨ, ਉਨ੍ਹਾਂ ਅਰੁਣਿਮਾ ਲਈ ਇੱਕ ਬਨਾਵਟੀ ਪੈਰ ਬਣਵਾਇਆ ਅਤੇ ਇਸ ਬਨਾਵਟੀ ਪੈਰ ਨੂੰ ਪਹਿਨ ਕੇ ਅਰੁਣਿਮਾ ਮੁੜ ਚੱਲਣ ਲੱਗੀ।

ਪਰ ਬਨਵਾਟੀ ਟੰਗ ਲੱਗਣ ਦੇ ਬਾਵਜੂਦ ਕੁੱਝ ਦਿਨਾਂ ਤੱਕ ਅਰੁਣਿਮਾ ਦੀਆਂ ਔਕੜਾਂ ਜਾਰੀ ਰਹੀਆਂ। ਅੰਗਹੀਣਤਾ ਦਾ ਸਰਟੀਫ਼ਿਕੇਟ ਹੋਣ ਦੇ ਬਾਵਜੂਦ ਲੋਕ ਅਰੁਣਿਮਾ ਉਤੇ ਸ਼ੱਕ ਕਰਦੇ। ਇੱਕ ਵਾਰ ਤਾਂ ਰੇਲਵੇ ਸੁਰੱਖਿਆ ਬਲ ਦੇ ਇੱਕ ਜਵਾਨ ਨੇ ਅਰੁਣਿਮਾ ਦੀ ਬਨਾਵਟੀ ਟੰਗ ਖੁਲ੍ਹਵਾ ਕੇ ਵੇਖਿਆ ਕਿ ਉਹ ਸੱਚਮੁਚ ਅੰਗਹੀਣ ਹੈ ਵੀ ਜਾਂ ਨਹੀਂ। ਇਸੇ ਤਰ੍ਹਾਂ ਕਈ ਥਾਵਾਂ ਉਤੇ ਅਰੁਣਿਮਾ ਨੂੰ ਅਪਮਾਨ ਝੱਲਣੇ ਪਏ।

ਉਂਝ ਤਾਂ ਰੇਲ ਵਾਲੀ ਘਟਨਾ ਤੋਂ ਬਾਅਦ ਰੇਲ ਮੰਤਰੀ ਮਮਤਾ ਬੈਨਰਜੀ ਨੇ ਨੌਕਰੀ ਦੇਣ ਦਾ ਐਲਾਨ ਕੀਤਾ ਸੀ ਪਰ ਰੇਲ ਅਧਿਕਾਰੀਆਂ ਨੇ ਇਸ ਐਲਾਨ ਉਤੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਹਰ ਵਾਰ ਅਰੁਣਿਮਾ ਨੂੰ ਆਪਣੇ ਦਫ਼ਤਰਾਂ ਤੋਂ ਨਿਰਾਸ਼ ਹੀ ਮੋੜਿਆ। ਅਰੁਣਿਮਾ ਕਈ ਜਤਨਾਂ ਦੇ ਬਾਵਜੂਦ ਰੇਲ ਮੰਤਰੀ ਨੂੰ ਨਾ ਮਿਲ ਸਕੀ। ਪਰ ਅਰੁਣਿਮਾ ਨੇ ਹੌਸਲੇ ਬੁਲੰਦ ਰੱਖੇ ਅਤੇ ਜੋ ਹਸਪਤਾਲ ਵਿੱਚ ਫ਼ੈਸਲਾ ਲਿਆ ਸੀ, ਉਸ ਨੂੰ ਪੂਰਾ ਕਰਨ ਲਈ ਕੰਮ ਚਾਲੂ ਕਰ ਦਿੱਤਾ।

ਅਰੁਣਿਮਾ ਨੇ ਕਿਸੇ ਤਰ੍ਹਾਂ ਬਚੇਂਦਰੀ ਪਾਲ ਨਾਲ ਸੰਪਰਕ ਕੀਤਾ। ਬਚੇਂਦਰੀ ਪਾਲ ਮਾਊਂਟ ਐਵਰੈਸਟ ਉਤੇ ਫ਼ਤਿਹ ਪਾਉਣ ਵਾਲੀ ਪਹਿਲੀ ਭਾਰਤੀ ਔਰਤ ਸਨ। ਬਚੇਂਦਰੀ ਪਾਲ ਨੂੰ ਮਿਲਣ ਲਈ ਅਰੁਣਿਮਾ ਜਮਸ਼ੇਦਪੁਰ ਗਈ। ਬਚੇਂਦਰੀ ਪਾਲ ਨੇ ਅਰੁਣਿਮਾ ਨੂੰ ਨਿਰਾਸ਼ ਨਹੀਂ ਕੀਤਾ। ਅਰੁਣਿਮਾ ਨੂੰ ਹਰ ਸੰਭਵ ਮਦਦ ਦਿੱਤੀ ਅਤੇ ਸਦਾ ਉਤਸ਼ਾਹਿਤ ਕੀਤਾ।

ਅਰੁਣਿਮਾ ਨੇ ਉਤਰਾਖੰਡ ਸਥਿਤ ਨਹਿਰੂ ਇੰਸਟੀਚਿਉਅ ਆੱਫ਼ ਮਾਊਂਟੇਨੀਅਰਿੰਗ (ਐਨ.ਆਈ.ਐਮ.) ਤੋਂ ਪਰਬਤਾਰੋਹਣ ਦੀ 28 ਦਿਨਾਂ ਦੀ ਸਿਖਲਾਈ ਲਈ।

ਉਸ ਤੋਂ ਬਾਅਦ ਇੰਡੀਅਨ ਮਾਊਂਟੇਨੀਅਰਿੰਗ ਫ਼ਾਊਂਡੇਸ਼ਨ ਭਾਵ ਆਈ.ਐਮ.ਐਫ਼ ਨੇ ਉਸ ਨੂੰ ਹਿਮਾਲਾ ਪਰਬਤ ਉਤੇ ਚੜ੍ਹਨ ਦੀ ਪ੍ਰਵਾਨਗੀ ਦੇ ਦਿੱਤੀ।

ਸਿਖਲਾਈ ਮੁਕੰਮਲ ਕਰਨ ਤੋਂ ਬਾਅਦ 31 ਮਾਰਚ, 2012 ਨੂੰ ਅਰੁਣਿਮਾ ਦਾ ਮਿਸ਼ਨ ਐਵਰੈਸਟ ਸ਼ੁਰੂ ਹੋਇਆ। ਅਰੁਣਿਮਾ ਨੇ ਐਵਰੈਸਟ ਮੁਹਿੰਮ ਨੂੰ ਟਾਟਾ ਸਟੀਲ ਐਡਵੈਂਚਰ ਫ਼ਾਊਂਡੇਸ਼ਨ ਨੇ ਪ੍ਰਾਯੋਜਿਤ ਕੀਤਾ। ਫ਼ਾਊਂਡੇਸ਼ਨ ਨੇ ਮੁਹਿੰਮ ਦੇ ਆਯੋਜਨ ਅਤੇ ਮਾਰਗ-ਦਰਸ਼ਨ ਲਈ 2012 ਵਿੱਚ ਏਸ਼ੀਅਨ ਟਰੈਕਿੰਗ ਕੰਪਨੀ ਨਾਲ ਸੰਪਰਕ ਕੀਤਾ ਸੀ।

ਏਸ਼ੀਅਨ ਟਰੈਕਿੰਗ ਕੰਪਨੀ ਨੇ 2012 ਦੇ ਬਸੰਤ ਵਿੱਚ ਅਰੁਣਿਮਾ ਨੂੰ ਨੇਪਾਲ ਦੀ ਆਈਲੈਂਡ ਚੋਟੀ ਉਤੇ ਸਿਖਲਾਈ ਦਿੱਤੀ। 53ਦਿਨਾਂ ਦੇ ਪਰਬਤਾਰੋਹਣ ਤੋਂ ਬਾਅਦ 21 ਮਈ, 2013 ਦੀ ਸਵੇਰੇ 10:55 ਵਜੇ ਅਰੁਣਿਮਾ ਨੇ ਮਾਊਂਟ ਐਵਰੈਸਟ ਉਤੇ ਤਿਰੰਗਾ ਲਹਿਰਾਇਆ ਅਤੇ 26 ਸਾਲ ਦੀ ਉਮਰ ਵਿੱਚ ਵਿਸ਼ਵ ਦੀ ਪਹਿਲੀ ਅੰਗਹੀਣ ਪਰਬਤਾਰੋਹੀ ਬਣ ਗਈ।

ਬਨਾਵਟੀ ਪੈਰ ਸਹਾਰਾ ਐਵਰੈਸਟ ਦੀ ਚੋਟੀ ਉਤੇ ਪੁੱਜਣ ਵਾਲੀ ਅਰੁਣਿਮਾ ਸਿਨਹਾ ਇੱਥੇ ਹੀ ਨਹੀਂ ਰੁਕਣਾ ਚਾਹੰਦੀ। ਉਹ ਹੋਰ ਵੀ ਵੱਡੀਆਂ ਕਾਮਯਾਬੀਆਂ ਹਾਸਲ ਕਰਨ ਦਾ ਇਰਾਦਾ ਰਖਦੀ ਹੈ। ਉਸ ਦੀ ਇੱਛਾ ਹੈ ਕਿ ਉਹ ਸਰੀਰਕ ਤੌਰ ਉਤੇ ਅੰਗਹੀਣ ਲੋਕਾਂ ਦੀ ਕੁੱਝ ਇਸ ਤਰੀਕੇ ਮਦਦ ਕਰੇ ਕਿ ਉਹ ਵੀ ਅਸਾਧਾਰਣ ਕਾਮਯਾਬੀਆਂ ਹਾਸਲ ਕਰਨ ਅਤੇ ਸਮਾਜ ਵਿੱਚ ਆਦਰ-ਮਾਣ ਨਾਲ਼ ਜਿਊਣ।