ਕਿਸੇ ਵੇਲੇ ਆਪਣੇ ਘਰ 'ਚ ਨਹੀਂ ਸੀ ਪਖਾਨਾ, ਅੱਜ ਦੇਸ਼ ਤੇ ਦੁਨੀਆਂ 'ਚ ਕਰਵਾਇਆ 'ਸੁਲਭ'

ਕਿਸੇ ਵੇਲੇ ਆਪਣੇ ਘਰ 'ਚ ਨਹੀਂ ਸੀ ਪਖਾਨਾ, ਅੱਜ ਦੇਸ਼ ਤੇ ਦੁਨੀਆਂ 'ਚ ਕਰਵਾਇਆ 'ਸੁਲਭ'

Sunday November 08, 2015,

8 min Read

ਗਾਂਧੀ ਜੀ ਦੇ ਜੀਵਨ ਅਤੇ ਯੋਗਦਾਨ ਨੂੰ ਸਮੁੱਚਾ ਵਿਸ਼ਵ ਜਾਣਦਾ ਹੈ। ਮਹਾਤਮਾ ਗਾਂਧੀ ਦੇ ਵਿਚਾਰਾਂ ਅਤੇ ਦਰਸ਼ਨ ਨੇ ਪਤਾ ਨਹੀਂ ਕਿੰਨੇ ਹੀ ਲੋਕਾਂ ਨੂੰ ਪ੍ਰੇਰਿਤ ਕੀਤਾ, ਜਿਨ੍ਹਾਂ ਨੇ ਅੱਗੇ ਫਿਰ ਇਤਿਹਾਸ ਰਚਿਆ। ਉਨ੍ਹਾਂ ਵਿਚੋਂ ਇੱਕ ਵੱਡਾ ਨਾਮ ਹ ਡਾ. ਬਿੰਦੇਸ਼ਵਰ ਪਾਠਕ ਦਾ। ਜੀ ਹਾਂ, 'ਸੁਲਭ ਇੰਟਰਨੈਸ਼ਨਲ' ਦੇ ਬਾਨੀ ਬਿੰਦੇਸ਼ਵਰ ਪਾਠਕ ਸ਼ੁਰੂ ਤੋਂ ਹੀ ਮਹਾਤਮਾ ਗਾਂਧੀ ਤੋਂ ਬਹੁਤ ਜ਼ਿਆਦਾ ਪ੍ਰੇਰਿਤ ਰਹੇ ਹਨ। ਗਾਂਧੀ ਜੀ ਦੀ ਇਹ ਗੱਲ ਕਿ ਪਹਿਲਾਂ ਭਾਰਤ ਨੂੰ ਸਵੱਛ ਕਰੋ, ਆਜ਼ਾਦੀ ਅਸੀਂ ਬਾਅਦ 'ਚ ਹਾਸਲ ਕਰ ਸਕਦੇ ਹਾਂ, ਨੇ ਉਨ੍ਹਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਸੀ ਅਤੇ ਉਹ ਗਾਂਧੀ ਦੀ ਸਵੱਛਤਾ ਮਿਸ਼ਨ ਨਾਲ ਜੁੜ ਗਏ। ਇਸ ਦਿਸ਼ਾ ਵਿੱਚ ਬਹੁਤ ਕੰਮ ਕੀਤਾ। ਕਈ ਕਾਢਾਂ ਕੱਢੀਆਂ। ਲਗਭਗ 44 ਸਾਲ ਪਹਿਲਾਂ ਨਵੀਂ ਅਤੇ ਉਨਤ ਸਵਦੇਸ਼ੀ ਤਕਨੀਕਾਂ ਦੀ ਖੋਜ ਕੀਤੀ, ਜੋ 'ਸੁਲਭ ਸ਼ੌਚਾਲਯ' ਦੇ ਨਾਂਅ ਨਾਲ ਪ੍ਰਸਿੱਧ ਹੈ। ਬਿੰਦੇਸ਼ਵਰ ਪਾਠਕ ਆਪਣੇ ਜੀਵਨ ਵਿੱਚ ਜੌਨ ਐਫ਼. ਕੈਨੇਡੀ ਤੋਂ ਵੀ ਕਾਫ਼ੀ ਪ੍ਰਭਾਵਿਤ ਰਹੇ ਹਨ। ਕੈਨੇਡੀ ਨੇ ਇੱਕ ਵਾਰ ਆਖਿਆ ਸੀ - ''ਇਹ ਨਾ ਪੁੱਛੋ ਕਿ ਦੇਸ਼ ਨੇ ਤੁਹਾਡੇ ਲਈ ਕੀ ਕੀਤਾ ਹੈ, ਸਗੋਂ ਇਹ ਪੁੱਛੋ ਕਿ ਤੁਸੀਂ ਆਪਣੇ ਦੇਸ਼ ਲਈ ਕੀ ਕੀਤਾ।'' ਭਾਰਤ ਵਿੱਚ ਖੁੱਲ੍ਹੇ ਆਕਾਸ਼ ਹੇਠਾਂ ਪਖਾਨੇ ਲਈ ਜਾਣਾ ਅੱਜ ਵੀ ਇੱਕ ਵੱਡੀ ਸਮੱਸਿਆ ਹੈ। ਅਜਿਹੀ ਹਾਲਤ ਵਿੱਚ ਸਮਝਿਆ ਜਾ ਸਕਦਾ ਹੈ ਕਿ ਜਦੋਂ ਬਿੰਦੇਸ਼ਵਰ ਪਾਠਕ ਨੇ ਆਪਣੀ ਜਵਾਨੀ ਸਮੇਂ ਇਸ ਦਿਸ਼ਾ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਹੋਵੇਗਾ, ਉਦੋਂ ਇਹ ਕਿੰਨੀ ਵੱਡੀ ਸਮੱਸਿਆ ਹੋਵੇਗੀ।

image


ਅੱਜ ਬਿੰਦੇਸ਼ਵਰ ਪਾਠਕ ਦੇ ਕੰਮ ਤੋਂ ਸਾਰੇ ਹੀ ਜਾਣੂ ਹਨ। ਪਦਮਭੂਸ਼ਨ ਜਿਹੇ ਵੱਡੇ ਪੁਰਸਕਾਰ ਉਨ੍ਹਾਂ ਨੂੰ ਮਿਲ ਚੁੱਕੇ ਹਨ ਪਰ ਬਿੰਦੇਸ਼ਵਰ ਪਾਠਕ ਲਈ ਇਹ ਰਾਹ ਬਹੁਤ ਜ਼ਿਆਦਾ ਔਖਿਆਈਆਂ ਭਰਿਆ ਰਿਹਾ ਹੈ। ਕਿਉਂਕਿ ਇਹ ਉਹ ਸਮਾਂ ਸੀ, ਜਦੋਂ ਦੇਸ਼ ਜਾਤ-ਪਾਤ ਦੇ ਬੰਧਨਾਂ ਵਿੱਚ ਬਹੁਤ ਜ਼ਿਆਦਾ ਜਕੜਿਆ ਹੋਇਆ ਸੀ। ਅਜਿਹੇ ਹਾਲਾਤ ਵਿੱਚ ਇੱਕ ਬ੍ਰਾਹਮਣ ਪਰਿਵਾਰ ਵਿੱਚ ਜਨਮੇ ਬਿੰਦੇਸ਼ਵਰ ਪਾਠਕ ਲਈ ਕੇਵਲ ਘਰ ਤੋਂ ਬਾਹਰ ਸਮਾਜ ਵਿੱਚ ਕੰਮ ਕਰਨਾ ਹੀ ਔਖਾ ਨਹੀਂ ਸੀ, ਸਗੋਂ ਘਰੇਲੂ ਮੋਰਚੇ ਉਤੇ ਵੀ ਇਹ ਗੱਲ ਸਿੱਧ ਕਰਨੀ ਸੀ ਕਿ ਜਿਸ ਦਿਸ਼ਾ ਵਿੱਚ ਉਹ ਅੱਗੇ ਵਧ ਰਹੇ ਹਨ, ਉਹ ਬਹੁਤ ਔਖਾ ਕੰਮ ਹੈ ਅਤੇ ਭਵਿੱਖ ਵਿਚ ਬਹੁਤ ਵੱਡੀਆਂ ਤਬਦੀਲੀਆਂ ਲੈ ਕੇ ਆਵੇਗਾ।

ਬਿੰਦੇਸ਼ਵਰ ਪਾਠਕ ਦਾ ਜਨਮ ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਦੇ ਰਾਮਪੁਰ ਪਿੰਡ 'ਚ ਹੋਇਆ। ਉਨ੍ਹਾਂ ਦੇ ਦਾਦਾ ਮਸ਼ਹੂਰ ਜੋਤਿਸ਼-ਸ਼ਾਸਤਰੀ ਸਨ ਅਤੇ ਪਿਤਾ ਆਯੁਰਵੇਦ ਦੇ ਡਾਕਟਰ। ਇੱਕ ਖ਼ੁਸ਼ਹਾਲ ਪਰਿਵਾਰ, ਜਿੱਥੇ ਘਰ ਵਿੱਚ 9 ਕਮਰੇ ਸਨ, ਆਪਣਾ ਖੂਹ ਸੀ ਪਰ ਪਖਾਨਾ ਨਹੀਂ ਸੀ। ਪਖਾਨੇ ਲਈ ਬਾਹਰ ਹੀ ਜਾਣਾ ਪੈਂਦਾ ਸੀ। ਘਰ ਦੀਆਂ ਸਾਰੀਆਂ ਔਰਤਾਂ ਨੂੰ ਸਵੇਰੇ ਚਾਰ ਵਜੇ ਉਠ ਕੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਆਪਣੇ ਰੋਜ਼ਮੱਰਾ ਦੇ ਇਨ੍ਹਾਂ ਕੰਮਾਂ ਨੂੰ ਨਿਬੇੜਨਾ ਪੈਂਦਾ ਸੀ। ਘਰ ਦੀਆਂ ਸਾਰੀਆਂ ਔਰਤਾਂ ਨੂੰ ਦਿਨ ਭਰ ਸਿਰ-ਦਰਦ ਦੀ ਸ਼ਿਕਾਇਤ ਰਹਿੰਦੀ ਸੀ ਕਿਉਂਕਿ ਉਨ੍ਹਾਂ ਨੂੰ ਦਿਨ ਭਰ ਪਿਸ਼ਾਬ ਰੋਕ ਕੇ ਰੱਖਣਾ ਪੈਂਦਾ ਸੀ। ਖੁੱਲ੍ਹੇ ਆਕਾਸ਼ ਹੇਠਾਂ ਬਾਹਰ ਉਹ ਜਾ ਨਹੀਂ ਸਕਦੀਆਂ ਸਨ। ਇਸ ਤਰ੍ਹਾਂ ਬਚਪਨ ਤੋਂ ਹੀ ਘਰ ਤੇ ਪਿੰਡ ਵਿੱਚ ਪੱਕਾ ਪਖਾਨਾ ਨਾ ਹੋਣ ਕਾਰਣ ਕਿਹੋ ਜਿਹੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਹ ਗੱਲ ਉਹ ਬਹੁਤ ਚੰਗੀ ਤਰ੍ਹਾਂ ਜਾਣਦੇ ਸਨ। ਇਸ ਤੋਂ ਇਲਾਵਾ ਉਸ ਵੇਲੇ ਜਾਤ-ਪਾਤ ਦੀ ਵਿਵਸਥਾ ਇੰਨੀ ਜ਼ਿਆਦਾ ਸਮਾਜ ਵਿੱਚ ਫੈਲੀ ਹੋਈ ਸੀ ਕਿ ਸਮਾਜ ਇੱਕ ਹੁੰਦਿਆਂ ਹੋਇਆਂ ਵੀ ਕਈ ਟੁਕੜਿਆਂ ਵਿੱਚ ਵੰਡਿਆ ਹੋਇਆ ਸੀ। ਇੱਕ ਵਾਰ ਅਚਾਨਕ ਬਿੰਦੇਸ਼ਵਰ ਪਾਠਕ ਨੇ ਇੱਕ ਦਲਿਤ ਨੂੰ ਛੋਹ ਲਿਆ ਸੀ, ਜਿਸ ਉਤੇ ਘਰ 'ਚ ਹੰਗਾਮਾ ਖੜ੍ਹਾ ਹੋ ਗਿਆ ਸੀ ਅਤੇ ਬਿੰਦੇਸ਼ਵਰ ਜੀ ਦੀ ਦਾਦੀ ਨੇ ਗੋਬਰ, ਗੰਗਾ-ਜਲ ਅਤੇ ਗਊ-ਮੂਤਰ ਉਨ੍ਹਾਂ ਦੇ ਮੂੰਹ 'ਚ ਪਾ ਕੇ ਉਨ੍ਹਾਂ ਦੀ 'ਸ਼ੁੱਧੀ' ਕਰਵਾਈ ਸੀ। ਇਹ ਘਟਨਾ ਵੀ ਉਨ੍ਹਾਂ ਦੇ ਦਿਲ ਅਤੇ ਦਿਮਾਗ਼ ਉਤੇ ਡੂੰਘਾ ਅਸਰ ਛੱਡ ਗਈ ਸੀ। ਤਦ ਤੋਂ ਇਹ ਜਾਤ-ਪਾਤ ਦੀ ਵਿਵਸਥਾ ਉਨ੍ਹਾਂ ਨੂੰ ਬਹੁਤ ਪਰੇਸ਼ਾਨ ਕਰਦੀ ਸੀ। ਬੇਸ਼ੱਕ ਉਸ ਵੇਲੇ ਬੱਚੇ ਬਿੰਦੇਸ਼ਵਰ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਅੱਗੇ ਚੱਲ ਕੇ ਉਹ ਇਸ ਸਮੱਸਿਆ ਦਾ ਇੱਕ ਬਹੁਤ ਸ਼ਕਤੀਸ਼ਾਲੀ ਹੱਲ ਕੱਢ ਕੇ ਦੇਸ਼ ਸਾਹਵੇਂ ਰੱਖ ਦੇਣਗੇ।

ਹਰੇਕ ਨੌਜਵਾਨ ਵਾਂਗ ਪਹਿਲਾਂ ਬਿੰਦੇਸ਼ਵਰ ਪਾਠਕ ਨੂੰ ਵੀ ਠੀਕ ਤਰ੍ਹਾਂ ਪਤਾ ਨਹੀਂ ਸੀ ਕਿ ਉਹ ਕਿਸ ਦਿਸ਼ਾ ਵਿੱਚ ਭਵਿੱਖ ਬਣਾਉਣਗੇ, ਕੀ ਕਰਨਾ ਚਾਹੁਣਗੇ? ਕਈ ਤਰ੍ਹਾਂ ਦੇ ਵਿਚਾਰ ਸਨ, ਜੋ ਸਮੇਂ-ਸਮੇਂ ਉਤੇ ਆ ਕੇ ਲੈਂਦੇ ਰਹੇ ਪਰ ਇੱਕ ਗੱਲ ਸਪੱਸ਼ਟ ਸੀ ਕਿ ਉਹ ਕੋਈ ਅਜਿਹਾ ਕੰਮ ਕਰਨਾ ਚਾਹੁੰਦੇ ਸਨ, ਜਿਸ ਨੂੰ ਇੱਜ਼ਤ ਦੀ ਨਜ਼ਰ ਨਾਲ ਵੇਖਿਆ ਜਾਵੇ। ਇਸੇ ਲਈ ਉਨ੍ਹਾਂ ਮਹਿਸੂਸ ਕੀਤਾ ਕਿ ਲੈਕਚਰਾਰ ਬਣਨਾ ਹੀ ਵਧੀਆ ਵਿਚਾਰ ਹੈ ਅਤੇ ਉਹ ਆਪਣੀ ਪੜ੍ਹਾਈ ਵਿੱਚ ਧਿਆਨ ਦੇਣ ਲੱਗੇ। ਉਨ੍ਹਾਂ ਬੀ.ਏ. ਸਮਾਜ-ਸ਼ਾਸਤਰ ਵਿਸ਼ੇ ਨਾਲ ਕੀਤੀ ਅਤੇ ਐਮ.ਏ. ਅਪਰਾਧ ਵਿਗਿਆਨ ਵਿੱਚ ਕੀਤਾ। ਉਹ ਇਸ ਵਿਸ਼ੇ ਵਿੱਚ ਸਪੈਸ਼ਲਾਇਜ਼ੇਸ਼ਨ ਕਰਨੀ ਚਾਹੁੰਦੇ ਸਨ ਪਰ ਪਹਿਲੇ ਦਰਜੇ ਵਿੱਚ ਪਾਸ ਨਾ ਹੋ ਸਕੇ। ਇਸ ਵਿਸ਼ੇ ਉਤੇ ਖੋਜ ਕਰਨ ਦਾ ਉਨ੍ਹਾਂ ਦਾ ਸੁਫ਼ਨਾ ਟੁੱਟ ਗਿਆ। ਇਹ ਇੱਕ ਤਰ੍ਹਾਂ ਨਾਲ ਉਨ੍ਹਾਂ ਦੀ ਜ਼ਿੰਦਗੀ ਦਾ ਇੱਕ ਵੱਡਾ ਮੋੜ ਵੀ ਸੀ ਕਿਉਂਕਿ ਹੁਣ ਇੱਕ ਤੋਂ ਬਾਅਦ ਇੱਕ ਉਨ੍ਹਾਂ ਦੀ ਜ਼ਿੰਦਗੀ ਵਿੱਚ ਇੰਨੇ ਸਾਰੇ ਮੋੜ ਆਉਂਦੇ ਜਾ ਰਹੇ ਸਨ ਕਿ ਉਹ ਖ਼ੁਦ ਸਮਝ ਨਹੀਂ ਸਕ ਰਹੇ ਸਨ ਕਿ ਅੱਗੇ ਕੀ ਹੋਵੇਗਾ। ਇਸ ਦੌਰਾਨ ਉਨ੍ਹਾਂ ਅਧਿਆਪਨ ਵੀ ਕੀਤਾ ਅਤੇ ਆਯੁਰਵੇਦਿਕ ਦਵਾਈਆਂ ਵੀ ਵੇਚੀਆਂ। ਫਿਰ ਮਨ ਵਿੱਚ ਬਿਜ਼ਨੇਸ ਕਰਨ ਦਾ ਵਿਚਾਰ ਆਇਆ ਪਰ ਉਸ ਵੇਲੇ ਬਿਜ਼ਨੇਸ-ਮੈਨ ਦੀ ਸਮਾਜ ਵਿੱਚ ਖ਼ਾਸ ਇੱਜ਼ਤ ਨਹੀਂ ਸੀ ਅਤੇ ਬਿੰਦੇਸ਼ਵਰ ਪਾਠਕ ਅਜਿਹਾ ਕੰਮ ਕਰਨਾ ਚਾਹੁੰਦੇ ਸਨ, ਜਿਸ ਨਾਲ ਉਨ੍ਹਾਂ ਨੂੰ ਪੈਸੇ ਦੇ ਨਾਲ-ਨਾਲ ਇੱਜ਼ਤ ਵੀ ਮਿਲੇ। ਇਸੇ ਲਈ ਬਿਜ਼ਨੇਸ ਵੀ ਛੱਡ ਦਿੱਤਾ। ਫਿਰ ਉਨ੍ਹਾਂ ਆਪਣੇ ਪੁਰਾਣੇ ਸੁਫ਼ਨੇ ਨੂੰ ਸਾਕਾਰ ਕਰਨ ਦਾ ਮਨ ਬਣਾਇਆ ਅਤੇ ਅਪਰਾਧ-ਵਿਗਿਆਨ ਵਿੱਚ ਅਗਲੇਰੀ ਪੜ੍ਹਾਈ ਕਰਨ ਲਈ ਸਾਗਰ ਯੂਨੀਵਰਸਿਟੀ ਵਿੱਚ ਅਰਜ਼ੀ ਦਿੱਤੀ ਅਤੇ ਉਨ੍ਹਾਂ ਦੀ ਚੋਣ ਵੀ ਹੋ ਗਈ ਪਰ ਕਹਿੰਦੇ ਹਨ ਨਾ 'ਹੁੰਦਾ ਉਹੀ ਹੈ, ਜੋ ਕਿਸਮਤ ਨੂੰ ਮਨਜ਼ੂਰ ਹੁੰਦਾ ਹੈ।' ਕਿਸਮਤ ਉਨ੍ਹਾਂ ਨੂੰ ਪਟਨਾ ਲੈ ਗਈ, ਜਿੱਥੇ ਉਨ੍ਹਾਂ 'ਗਾਂਧੀ ਸੰਦੇਸ਼ ਪ੍ਰਚਾਰ' ਨਾਂਅ ਦੀ ਇੱਕ ਉਪ-ਕਮੇਟੀ ਵਿੱਚ ਕੰਮ ਕੀਤਾ। ਕੁੱਝ ਸਮੇਂ ਬਾਅਦ ਉਨ੍ਹਾਂ ਦਾ ਤਬਾਦਲਾ ਸਫ਼ਾਈ ਵਿਭਾਗ ਵਿੱਚ ਹੋ ਗਿਆ, ਜਿੱਥੇ ਗਾਂਧੀ ਜੀ ਦੇ ਸੁਫ਼ਨੇ ਨੂੰ ਸਾਕਾਰ ਕਰਨ ਦੇ ਕੰਮ ਵਿੱਚ ਉਹ ਲੱਗ ਗਏ। ਉਸ ਸਮੇਂ ਮਲ-ਮੂਤਰ ਹਟਾਉਣ ਲਈ 'ਬਕੇਟ ਟਾਇਲਟ' ਦੀ ਵਰਤੋਂ ਕੀਤੀ ਜਾਂਦੀ ਸੀ, ਜਿਸ ਦਾ ਵਿਕਲਪ ਲੱਭਣਾ ਬਹੁਤ ਜ਼ਰੂਰੀ ਸੀ। ਨਾਲ ਹੀ ਜਿਸ ਬ੍ਰਾਹਮਣ ਵਰਗ ਨਾਲ ਉਹ ਸਬੰਧਤ ਸਨ, ਉਥੇ ਵੀ ਉਨ੍ਹਾਂ ਦਾ ਵਿਰੋਧ ਹੋ ਗਿਆ। ਕੇਵਲ ਬ੍ਰਾਹਮਣ ਸਮਾਜ ਹੀ ਨਹੀਂ, ਸਗੋਂ ਘਰ 'ਚ ਵੀ ਬਹੁਤ ਜ਼ਿਆਦਾ ਵਿਰੋਧ ਹੋਣ ਲੱਗਾ।

ਅਜਿਹੇ ਔਖੇ ਹਾਲਾਤ ਵਿੱਚ ਵੀ ਉਹ ਘਬਰਾਏ ਨਹੀਂ ਕਿਉਂਕਿ ਉਹ ਜਾਣਦੇ ਸਨ ਕਿ ਬੇਸ਼ੱਕ ਅੱਜ ਉਨ੍ਹਾਂ ਦਾ ਵਿਰੋਧ ਹੋ ਰਿਹਾ ਹੈ ਪਰ ਜੇ ਉਹ ਆਪਣੇ ਕੰਮ ਵਿੱਚ ਸਫ਼ਲ ਹੋ ਗਏ, ਤਾਂ ਇਹ ਸਮਾਜ ਲਈ ਬਹੁਤ ਵੱਡੀ ਤਬਦੀਲੀ ਹੋਵੇਗੀ। ਇਸੇ ਲਈ ਉਨ੍ਹਾਂ ਨੇ ਸਮਾਜ ਤੋਂ ਮਿਲ਼ ਰਹੇ ਤਾਅਨਿਆਂ ਦੀ ਕੋਈ ਪਰਵਾਹ ਨਾ ਕੀਤੀ ਅਤੇ 'ਮੈਲਾ ਢੋਣ' ਦਾ ਵਿਕਲਪ ਲੱਭਣ ਲੱਗੇ। ਇਸ ਲਈ ਉਨ੍ਹਾਂ ਸਭ ਤੋਂ ਪਹਿਲਾਂ ਉਸ ਭਾਈਚਾਰੇ ਨਾਲ ਘੁਲਣਾ-ਮਿਲਣਾ ਸੀ, ਜੋ ਸਫ਼ਾਈ ਦੇ ਕੰਮ ਨਾਲ ਜੁੜਿਆ ਸੀ, ਤਾਂ ਜੋ ਮੈਲਾ ਢੋਣ ਵਾਲਿਆਂ ਦੀਆਂ ਸਮੱਸਿਆਵਾਂ ਨੂੰ ਡੂੰਘਾਈ ਨਾਲ ਸਮਝਣ ਸਕਣ। ਉਨ੍ਹਾਂ ਉਸੇ ਬਸਤੀ ਵਿੱਚ ਕਮਰਾ ਲੈ ਲਿਆ ਅਤੇ ਕੰਮ ਕਰਨ ਲੱਗੇ। ਇਸ ਦੌਰਾਨ ਉਨ੍ਹਾਂ ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਵੱਲੋਂ ਪ੍ਰਕਾਸ਼ਿਤ ਪੁਸਤਕ 'ਐਕਸਕ੍ਰੀਟਾ ਡਿਸਪੋਜ਼ਲ ਇਨ ਰੂਰਲ ਏਰੀਆ ਐਂਡ ਸਮਾਲ ਕਮਿਊਨਿਟੀਜ਼' ਅਤੇ ਰਾਜੇਂਦਰ ਲਾਲ ਦਾਸ ਦੀ ਕਿਤਾਬ ਜੋ ਕਿ ਬਿਹਤਰ ਟਾਇਲਟ ਸਿਸਟਮ ਦੇ ਸਰੂਪ ਬਾਰੇ ਲਿਖੀ ਗਈ ਸੀ, ਉਹ ਵੀ ਪੜ੍ਹੀ। ਇਨ੍ਹਾਂ ਦੋਵੇਂ ਕਿਤਾਬਾਂ ਨੇ ਬਿੰਦੇਸ਼ਵਰ ਪਾਠਕ ਦੇ ਦਿਮਾਗ਼ ਵਿੱਚ ਘੁੰਮ ਰਹੇ ਸੁਆਲਾਂ ਨੂੰ ਕਾਫ਼ੀ ਹੱਦ ਤੱਕ ਸਪੱਸ਼ਟ ਕਰਨ ਵਿੱਚ ਮਦਦ ਕੀਤੀ। ਬਿੰਦੇਸ਼ਵਰ ਪਾਠਕ ਅਜਿਹੀ ਤਕਨੀਕ ਚਾਹੁੰਦੇ ਸਨ, ਜਿਸ ਵਿੱਚ ਲਾਗਤ ਘੱਟ ਆਵੇ ਅਤੇ ਪਾਣੀ ਵੀ ਘੱਟ ਖ਼ਰਚ ਹੋਵੇ। ਛੇਤੀ ਬਣ ਜਾਵੇ, ਨਾਲ ਹੀ ਕਿਤੇ ਵੀ ਬਣਾਇਆ ਜਾ ਸਕੇ। ਇਸੇ ਸੋਚ ਨਾਲ ਸੁਲਭ ਤਕਨੀਕ ਦੀ ਖੋਜ ਹੋਈ। ਸੁਲਭ ਦੋ ਡੱਬਿਆਂ ਵਿੱਚ ਬਣਿਆ ਹੈ। ਪਹਿਲਾਂ ਫ਼ਲੱਸ਼ ਕਰਨ ਤੋਂ ਬਾਅਦ ਮਲ ਕੰਪੋਸਟ ਟਾਇਲਟ ਵਿੱਚ ਜਾ ਕੇ ਇਕੱਠਾ ਹੋ ਜਾਂਦਾ ਹੈ। ਇਹ ਇੱਕ ਢਲਾਣ ਵਾਲਾ ਟਾਇਲਟ ਪੈਨ ਹੈ, ਜਿਸ ਦੀ ਸਫ਼ਾਈ ਬਹੁਤ ਸੁਖਾਲ਼ੀ ਹੈ। ਬੱਸ ਇੱਕ ਵੱਡੇ ਕੱਪ ਪਾਣੀ ਨਾਲ ਇਸ ਨੂੰ ਸਾਫ਼ ਕੀਤਾ ਜਾ ਸਕਦਾ ਹੈ। ਇਸ ਲਈ ਕਿਸੇ ਸੀਵਰ ਲਾਈਨ ਦੀ ਜ਼ਰੂਰਤ ਨਹੀਂ ਹੁੰਦੀ। ਪਹਿਲਾਂ ਇੱਕ ਖੱਡੇ ਵਿੱਚਮੌਜੂਦ ਮਲ, ਖਾਦ ਵਿੱਚ ਤਬਦੀਲ ਹੋ ਜਾਂਦਾ ਹੈ। ਨਾ ਉਸ ਵਿੱਚ ਬੋਅ ਹੁੰਦੀ ਹੈ, ਨਾ ਕੀਛੇ ਅਤੇ ਨਾ ਹੀ ਉਸ ਦੀ ਹੱਥ ਨਾਲ ਸਫ਼ਾਈ ਦੀ ਜ਼ਰੂਰਤ ਹੁੰਦੀ ਹੈ।

ਸ਼ੁਰੂ ਵਿੱਚ ਇਸ ਦੇ ਡਿਜ਼ਾਇਨ ਨੂੰ ਤਿਆਰ ਕਰਨ ਵਿੱਚ ਬਿੰਦੇਸ਼ਵਰ ਪਾਠਕ ਨੂੰ ਦੋ ਤੋਂ ਤਿੰਨ ਸਾਲਾਂ ਦਾ ਸਮਾਂ ਲੱਗਾ। ਉਸ ਤੋਂ ਬਾਅਦ ਸਮੇਂ-ਸਮੇਂ ਉਤੇ ਉਹ ਇਸ ਵਿੱਚ ਸੁਧਾਰ ਕਰਦੇ ਚਲੇ ਗਏ।

ਪਹਿਲਾਂ ਜਦੋਂ ਬਿੰਦੇਸ਼ਵਰ ਪਾਠਕ ਨੇ ਆਪਣੀ ਇਹ ਯੋਜਨਾ ਸਰਕਾਰ ਸਾਹਮਣੇ ਰੱਖੀ, ਤਾਂ ਕਿਸੇ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਇਹ ਕਾਮਯਾਬ ਹੋ ਸਕਦਾ ਹੈ। ਉਨ੍ਹਾਂ ਨੂੰ ਬਹੁਤ ਮਿਹਨਤ ਕਰਨੀ ਪਈ, ਆਪਣੇ ਪ੍ਰਾਜੈਕਟ ਡਿਜ਼ਾਇਨ ਨੂੰ ਸਮਝਾਉਣ ਵਿੱਚ। ਕਈ ਇੰਜੀਨੀਅਰਜ਼ ਨੂੰ ਵੀ ਲੱਗਾ ਕਿ ਬਿੰਦੇਸ਼ਵਰ ਤਾਂ ਇੰਜੀਨੀਅਰ ਨਹੀਂ ਹਨ, ਇਸ ਲਈ ਉਨ੍ਹਾਂ ਨੇ ਉਨ੍ਹਾਂ ਦੀ ਗੱਲ ਨੂੰ ਗੰਭੀਰਤਾ ਨਾਲ ਨਾ ਲਿਆ। ਪਰ ਬਿੰਦੇਸ਼ਵਰ ਪਾਠਕ ਦੀ ਮਿਹਨਤ ਰੰਗ ਲਿਆ ਅਤੇ ਸੰਨ 1970 ਵਿੱਚ ਬਿਹਾਰ 'ਚ ਸੁਲਭ ਸ਼ੌਚਾਲਯ (ਪਖਾਨਾ) ਬਣਾਉਣ ਲਈ ਮਨਜ਼ੂਰੀ ਮਿਲ ਗਈ। ਫਿਰ ਬਿੰਦੇਸ਼ਵਰ ਪਾਠਕ ਨੇ ਸੁਲਭ ਨਾਂਅ ਦੀ ਆਪਣੀ ਸੰਸਥਾ ਵੀ ਕਾਇਮ ਕੀਤੀ। ਬਿੰਦੇਸ਼ਵਰ ਪਾਠਕ ਦਾ ਵਿਚਾਰ ਕਾਮਯਾਬ ਰਿਹਾ। ਅੱਗੇ ਚੱਲ ਕੇ ਸਰਕਾਰ ਵੱਲੋਂ ਉਨ੍ਹਾਂ ਨੂੰ ਹੱਲਾਸ਼ੇਰੀ ਮਿਲਣ ਲੱਗੀ। ਬਿੰਦੇਸ਼ਵਰ ਪਾਠਕ ਨੇ ਡਿਜ਼ਾਇਨ ਬਣਾਉਣ ਦੇ ਨਾਲ-ਨਾਲ ਸੁਲਭ ਪਖਾਨਿਆਂ ਦਾ ਨਿਰਮਾਣ ਵੀ ਸ਼ੁਰੂ ਕਰ ਦਿੱਤਾ। ਪਰ ਫ਼ੰਡ ਲਈ ਉਨ੍ਹਾਂ ਨੂੰ ਬਹੁਤ ਜ਼ਿਆਦਾ ਉਡੀਕ ਕਰਨੀ ਪੈਂਦੀ ਸੀ। ਜਿੰਨਾ ਫ਼ੰਡ ਮੰਗਿਆ ਜਾਂਦਾ ਸੀ, ਓਨਾ ਮਿਲਦਾ ਵੀ ਨਹੀਂ ਸੀ, ਜਿਸ ਕਰ ਕੇ ਉਸ ਪ੍ਰਗਤੀ ਨਾਲ ਨਹੀਂ ਹੋ ਸਕ ਰਿਹਾ ਸੀ, ਜਿੰਨਾ ਹੋਣਾ ਚਾਹੀਦਾ ਸੀ। ਫਿਰ ਰਾਮੇਸ਼ਵਰ ਨਾਥ ਜੀ, ਜੋ ਇੱਕ ਆਈ.ਏ.ਐਸ. ਅਧਿਕਾਰੀ ਸਨ, ਉਨ੍ਹਾਂ ਨੇ ਬਿੰਦੇਸ਼ਵਰ ਪਾਠਕ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਇਸ ਕੰਮ ਲਈ ਸਰਕਾਰੀ ਗ੍ਰਾਂਟ ਦੇ ਭਰੋਸੇ ਨਾ ਰਹਿਣ ਅਤੇ ਜੋ ਕੰਮ ਕਰ ਰਹੇ ਹਨ, ਉਸੇ ਦਾ ਪੈਸਾ ਲੈਣ। ਇਸ ਸਲਾਹ ਨੂੰ ਬਿੰਦੇਸ਼ਵਰ ਪਾਠਕ ਨੇ ਅਪਣਾ ਲਿਆ ਅਤੇ ਟਾਇਲਟ ਇਨਸਟਾਲੇਸ਼ਨ ਲਈ ਉਹ ਪ੍ਰਤੀ ਪ੍ਰਾਜੈਕਟ ਪੈਸੇ ਲੈਣ ਲੱਗੇ ਅਤੇ ਪਖਾਨਿਆਂ ਦੇ ਰੱਖ-ਰਖਾਅ ਲਈ ਵਰਤੋਂ ਕਰਨ ਵਾਲਿਆਂ ਤੋਂ ਫ਼ੀਸ ਲੈਣ ਲੱਗੇ। ਇਸ ਦਾ ਲਾਭ ਇਹ ਹੋਇਆ ਕਿ ਸੁਲਭ ਹੁਣ ਆਪਣੇ ਪੈਰਾਂ ਉਤੇ ਖੜ੍ਹਾ ਹੋਣ ਦੇ ਸਮਰੱਥ ਹੋ ਗਿਆ।

ਆਪਣੇ ਇਸ ਸਫ਼ਲ ਪ੍ਰਯੋਗ ਕਾਰਣ ਅੱਜ ਸੁਲਭ ਇੰਟਰਨੈਸ਼ਨਲ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਸੰਸਥਾ ਹੈ। ਪਖਾਨਾ ਨਿਰਮਾਣ ਅੱਜ ਵੀ ਇੱਕ ਵੱਡਾ ਮੁੱਦਾ ਹੈ। ਜਿਸ ਲਈ ਸਰਕਾਰ ਸਵੱਛਤਾ ਮੁਹਿੰਮ ਵੀ ਚਲਾ ਰਹੀ ਹੈ। ਲਗਾਤਾਰ ਲੋਕਾਂ ਨੂੰ ਘਰ ਵਿੱਚ ਪਖਾਨੇ ਬਣਾਉਣ ਅਤੇ ਵਰਤੋਂ ਕਰਨ ਦੀ ਸਲਾਹ ਵੀ ਦਿੱਤੀ ਜਾ ਰਹੀ ਹੈ। ਇਸੇ ਕੰਮ ਨੂੰ ਤਾਂ ਬਿੰਦੇਸ਼ਵਰ ਪਾਠਕ ਸਾਲਾਂ ਤੋਂ ਕਰਦੇ ਆ ਰਹੇ ਹਨ। ਸਮਾਜ ਨੂੰ ਦਿੱਤੇ ਆਪਣੇ ਵਡਮੁੱਲੇ ਯੋਗਦਾਨ ਲਈ ਬਿੰਦੇਸ਼ਵਰ ਪਾਠਕ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਅਨੇਕਾਂ ਪੁਰਸਕਾਰ ਮਿਲ ਚੁੱਕੇ ਹਨ; ਜਿਨ੍ਹਾਂ ਵਿੱਚ ਐਨਰਜੀ ਚਲੋਬ ਪੁਰਸਕਾਰ, ਪ੍ਰਿਯਦਰਸ਼ਿਨੀ ਪੁਰਸਕਾਰ, ਦੁਬਈ ਕੌਮਾਂਤਰੀ ਪੁਰਸਕਾਰ, ਅਕਸ਼ੇ ਊਰਜਾ ਪੁਰਸਕਾਰ ਅਤੇ ਭਾਰਤ ਸਕਰਾਰ ਦਾ ਪਦਮ ਭੂਸ਼ਣ ਪੁਰਸਕਾਰ ਸ਼ਾਮਲ ਹਨ।

    Share on
    close