ਫ਼੍ਰੀਡਮ 251 - ਸਭ ਤੋਂ ਸਸਤਾ ਫ਼ੋਨ ਜਾਂ ਮਾਰਕਿਟਿੰਗ ਦਾ ਕੋਈ 'ਚਤੁਰ' ਢਕਵੰਜ

ਫ਼੍ਰੀਡਮ 251 - ਸਭ ਤੋਂ ਸਸਤਾ ਫ਼ੋਨ ਜਾਂ ਮਾਰਕਿਟਿੰਗ ਦਾ ਕੋਈ 'ਚਤੁਰ' ਢਕਵੰਜ

Monday February 22, 2016,

6 min Read

ਬੀਤੇ ਦਿਨੀਂ 251 ਰੁਪਏ ਦਾ ਸਮਾਰਟਫ਼ੋਨ ਸਭ ਦੀ ਚਰਚਾ ਦਾ ਵਿਸ਼ਾ ਬਣਿਆ ਰਿਹਾ। ਇਸ਼ਤਿਹਾਰਬਾਜ਼ੀ 'ਚ ਇਸ ਨੂੰ ਦੁਨੀਆ ਦਾ ਸਭ ਤੋਂ ਸਸਤਾ ਸਮਾਰਟਫ਼ੋਨ ਕਰਾਰ ਦਿੱਤਾ ਗਿਆ; ਜਿਸ ਕਰ ਕੇ ਸਾਰੀ ਦੁਨੀਆ ਦਾ ਹੀ ਧਿਆਨ ਇਸ ਪਾਸੇ ਖਿੱਚਿਆ ਜਾਣਾ ਸੁਭਾਵਕ ਸੀ। ਅਜਿਹਾ ਫ਼ੋਨ ਕੌਣ ਨਹੀਂ ਲੈਣਾ ਚਾਹੇਗਾ। ਲੋਕਾਂ ਵਿੱਚ ਰਲ਼ਵੀਂ-ਮਿਲ਼ਵੀਂ ਉਤੇਜਨਾ ਵੇਖੀ ਗਈ ਕਿਉਂਕਿ ਕਈਆਂ ਨੂੰ ਅਜਿਹੀ ਇਸ਼ਤਿਹਾਰਬਾਜ਼ੀ ਉਤੇ ਸ਼ੱਕ ਵੀ ਹੋ ਰਿਹਾ ਸੀ। ਬਹੁਤੇ ਲੋਕ ਇਸ ਸਮਾਰਟਫ਼ੋਨ ਬਾਰੇ ਸੁਆਲ ਪੁੱਛ ਰਹੇ ਸਨ; ਜਵਾਬ ਘੱਟ ਮਿਲ ਰਹੇ ਸਨ। ਇਹ ਲੇਖ ਲਿਖਦੇ ਸਮੇਂ ਤੱਕ ਅਸੀਂ ਤੁਹਾਨੂੰ ਇਹ ਵੀ ਦੱਸਾਂਗੇ ਆਮ ਲੋਕਾਂ ਵਿੱਚ ਇਸ ਫ਼ੋਨ ਬਾਰੇ ਕਿਹੋ ਜਿਹੇ ਸੁਆਲ ਘੁੰਮ ਰਹੇ ਸਨ ਅਤੇ ਉਨ੍ਹਾਂ ਦੇ ਸੰਭਾਵੀ ਜੁਆਬ ਕੀ ਹੋ ਸਕਦੇ ਹਨ।

ਨਵੀਂ ਕੰਪਨੀ ਪ੍ਰਤੀ ਅਜਿਹਾ ਵਿਵਾਦ ਕੋਈ ਪਹਿਲੀ ਵਾਰ ਨਹੀਂ ਉਠਿਆ ਹੈ। ਦੋ ਕੁ ਸਾਲ ਪਹਿਲਾਂ 'ਸੋਸ਼ਲ ਨੈਟਵਰਕਿੰਗ ਮੰਚ' 'ਵਰਲਡ-ਫ਼ਲੋਟ' ਨੇ ਵੀ ਦਾਅਵਾ ਕੀਤਾ ਸੀ ਕਿ ਉਸ ਦੇ 60 ਲੱਖ ਵਰਤੋਂਕਾਰ (ਯੂਜ਼ਰ) ਹਨ ਅਤੇ ਉਸ ਦੀ ਵੈਬਸਾਈਟ ਦੀ ਕੀਮਤ 30 ਕਰੋੜ ਡਾਲਰ ਹੈ। ਉਹ ਕੇਵਲ ਇੱਕ ਸਥਿਰ ਭਾਵ 'ਸਟੈਟਿਕ' ਵੈਬ-ਪੰਨਾ ਸੀ। ਇਸੇ ਤਰ੍ਹਾਂ 'ਫ਼੍ਰੀਡਮ' ਦੀ ਵੈਬਸਾਈਟ ਉਤੇ ਵੀ ਆਮ ਲੋਕਾਂ ਦੀ ਭੀੜ ਲੱਗ ਗਈ ਕਿਉਂਕਿ ਸਾਰੇ ਹੀ ਆਪੋ-ਆਪਣਾ ਸਮਾਰਟਫ਼ੋਨ ਇੰਨੇ ਸਸਤੇ ਭਾਅ ਬੁੱਕ ਕਰਵਾਉਣਾ ਚਾਹੁੰਦੇ ਸਨ। ਇੱਕਦਮ ਇੰਨੀ ਭੀੜ ਨਾਲ ਵੈਬਸਾਈਟ ਕ੍ਰੈਸ਼ ਹੋ ਗਈ ਪਰ ਤਦ ਤੱਕ 30,000 ਵਿਅਕਤੀ ਆਪਣਾ ਆੱਰਡਰ ਬੁੱਕ ਕਰਵਾ ਚੁੱਕੇ ਸਨ। ਉਸ ਵੈਬਸਾਈਟ ਦਾ ਸਰਵਰ ਇੰਨੇ ਜ਼ਿਆਦਾ ਦਰਸ਼ਕਾਂ ਦਾ ਭਾਰ ਨਾ ਝੱਲ ਸਕਿਆ ਕਿਉਂਕਿ ਇੱਕ ਸੈਕੰਡ ਵਿੱਚ 6 ਲੱਖ ਵਿਅਕਤੀ ਉਸ ਨੂੰ ਵੇਖ ਰਹੇ ਸਨ। ਇਹ ਸਮਾਰਟਫ਼ੋਨ ਆਮ ਵਰਤੋਂਕਾਰ ਦੇ ਘਰ ਭੇਜਣ ਦਾ ਖ਼ਰਚਾ 40 ਰੁਪਏ ਮੰਗਿਆ ਜਾ ਰਿਹਾ ਸੀ ਅਤੇ ਇੰਝ ਅਜਿਹਾ ਇੱਕ ਆਧੁਨਿਕ ਮੋਬਾਇਲ ਫ਼ੋਨ ਕੇਵਲ 291 ਰੁਪਏ 'ਚ ਪੈ ਰਿਹਾ ਸੀ। ਇੰਝ ਇਸ ਕੰਪਨੀ ਨੇ ਆਪਣੀ ਵੈਬਸਾਈਟ ਕ੍ਰੈਸ਼ ਹੋਣ ਤੋਂ ਪਹਿਲਾਂ 87 ਲੱਖ 3 ਹਜ਼ਾਰ ਰੁਪਏ ਇਕੱਠੇ ਕਰ ਲਏ ਸਨ।

'ਫ਼੍ਰੀਡਮ 251' ਬਾਰੇ ਪਿਛਲੇ ਤਿੰਨ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਬਹਿਸ ਛਿੜੀ ਹੋਈ ਹੈ ਅਤੇ ਇਸ ਬਾਰੇ ਆਖਿਆ ਜਾ ਰਿਹਾ ਹੈ ਕਿ 'ਇਸ ਵਿੱਚ ਕੋਈ ਘੁਟਾਲਾ ਹੋ ਸਕਦਾ ਹੈ'। ਪਿਛਲੇ ਕੁੱਝ ਘੰਟਿਆਂ ਵਿੱਚ ਕੁੱਝ ਅਜਿਹੇ ਤੱਥ ਉਘੜ ਕੇ ਸਾਹਮਣੇ ਆਏ ਹਨ।

1. ਪੂਰੀ ਤਰ੍ਹਾਂ 'ਐਪਲ' ਦੀ ਨਕਲ: ਇਸ ਫ਼੍ਰੀਡਮ-251 ਫ਼ੋਨ ਦੇ 'ਆਇਕੌਨ', ਹੋਮ ਸਕ੍ਰੀਨ, ਸਮੁੱਚਾ ਯੂ.ਆਈ. (ਯੂਜ਼ਰ-ਇੰਟਰਫ਼ੇਸ) ਸਭ ਕੁੱਝ ਹੂ-ਬ-ਹੂ ਐਪਲ ਦੇ ਆਈ-ਫ਼ੋਨ ਦੀ ਨਕਲ ਜਾਪਦਾ ਹੈ। ਜਦੋਂ ਇਸ ਬਾਰੇ ਪੁੱਛਿਆ ਗਿਆ, ਤਾਂ 'ਰਿੰਗਿੰਗ ਬੈਲਜ਼' ਦੇ ਤਕਨੀਕੀ ਮਾਮਲਿਆਂ ਦੇ ਮੁਖੀ ਸ੍ਰੀ ਵਿਕਾਸ ਸ਼ਰਮਾ ਨੇ ਮੰਨਿਆ ਕਿ ਉਨ੍ਹਾਂ ਨੇ 'ਐਪਲ' ਦੇ ਆਇਕੌਨਜ਼ ਨੂੰ ਵਰਤਿਆ ਹੈ। ਉਨ੍ਹਾਂ ਕਿਹਾ,''ਅਸੀਂ 'ਐਪਲ' ਦੇ ਆਇਕੌਨਜ਼ ਨੂੰ ਵਰਤਿਆ ਹੈ ਕਿਉਂਕਿ 'ਐਪਲ' ਨੇ ਆਪਣੇ ਡਿਜ਼ਾਇਨ ਕਾੱਪਰਾਈਟ ਨਹੀਂ ਕੀਤੇ ਹਨ।'' ਇੰਝ ਜਾਪਦਾ ਹੋਵੇਗਾ ਕਿ 'ਰਿੰਗਿੰਗ ਬੈਲਜ਼' 'ਚੋਂ ਕਿਸੇ ਨੇ ਇਹ ਖ਼ਬਰ ਨਹੀਂ ਪੜ੍ਹੀ। ਪਰ ਹੋ ਸਕਦਾ ਹੈ ਕਿ 'ਐਪਲ' 'ਚ ਜ਼ਰੂਰ ਕਿਸੇ ਨੇ ਪੜ੍ਹੀ ਹੋਵੇ।

2. ਵੈਬਸਾਈਟ: ਵੈਬਸਾਈਟ ਉਤੇ ਸੰਪਰਕ ਦੇ ਕੋਈ ਵੇਰਵੇ ਨਹੀਂ ਦਿੱਤੇ ਗਏ ਹਨ। ਹਾਂ, ਉਸ ਦੀ ਥਾਂ ਸੰਪਰਕ ਕਰਨ ਲਈ ਇੱਕ ਫ਼ਾਰਮ ਜ਼ਰੂਰ ਦਿੱਤਾ ਗਿਆ ਹੈ। ਪਰ ਜਦੋਂ 'ਹੂ-ਇਜ਼' ਜਿਹੀ ਵੈਬਸਾਈਟ ਤੋਂ ਇਸ 'ਫ਼੍ਰੀਡਮ-251' ਦੀ ਵੈਬਸਾਈਟ ਬਾਰੇ ਜਾਣਕਾਰੀ ਪਤਾ ਕੀਤੀ ਗਈ, ਤਾਂ ਪਤਾ ਲੱਗਾ ਕਿ ਇਸ ਨਾਂਅ ਦਾ ਡੋਮੇਨ ਨਾਮ 10 ਫ਼ਰਵਰੀ, 2016 ਨੂੰ ਰਜਿਸਟਰ ਕਰਵਾਇਆ ਗਿਆ ਸੀ ਤੇ ਇਸ ਨੂੰ ਕੇਵਲ ਹਫ਼ਤਾ ਕੁ ਦਿਨ ਪਹਿਲਾਂ 14 ਫ਼ਰਵਰੀ, 2016 ਨੂੰ ਅਪਡੇਟ ਕੀਤਾ ਗਿਆ ਸੀ।

3. ਬਿਨਾਂ ਪ੍ਰਵਾਨਗੀ ਦੇ ਮੁੜ ਵਿਕਰੀ: ਇਹ ਉਤਪਾਦ 'ਐਡਕੌਮ' ਬ੍ਰਾਂਡਿੰਗ ਰਾਹੀਂ ਆਇਆ, ਜਿਸ ਨੂੰ 'ਚਿੱਟੀ ਸਿਆਹੀ' ਨਾਲ ਲੁਕਾ ਦਿੱਤਾ ਗਿਆ ਅਤੇ ਉਸ ਉਤੇ 'ਫ਼੍ਰੀਡਮ 251' ਲਿਖਿਆ ਗਿਆ। 'ਐਡਕੌਮ' ਇਸ ਤੱਥ ਤੋਂ ਇਨਕਾਰ ਕਰ ਰਿਹਾ ਹੈ ਕਿ ਉਹ 'ਰਿੰਗਿੰਗ ਬੈਲਜ਼' ਲਈ ਕੋਈ ਮਾਲ ਤਿਆਰ ਕਰ ਰਿਹਾ ਹੈ ਜਾਂ ਉਸ ਨੂੰ ਵੇਚ ਰਿਹਾ ਹੈ।

4. ਡਿਲੀਵਰੀ ਤਾਰੀਖ਼: ਵੈਬਸਾਈਟ ਉਤੇ ਸਮਾਰਟਫ਼ੋਨ ਵਰਤੋਂਕਾਰ ਨੂੰ ਭੇਜਣ ਭਾਵ ਡਿਲੀਵਰੀ ਕਰਨ ਦਾ ਤਾਰੀਖ਼ ਹਾਲੇ 4 ਮਹੀਨੇ ਦੂਰ ਹੈ ਅਤੇ ਇਸ ਵੈਬਸਾਈਟ ਉਤੇ ਸੰਪਰਕ ਕਰਨ ਦੇ ਕੋਈ ਵੇਰਵੇ ਦਰਜ ਨਹੀਂ ਹਨ। 'ਫ਼੍ਰੀਡਮ-251' ਦੇ ਕਰਤਿਆਂ-ਧਰਤਿਆਂ ਲਈ ਇੱਕ ਹੋਰ ਸੰਭਾਵਨਾ ਵੀ ਹੋ ਸਕਦੀ ਸੀ ਕਿ 'ਰਿੰਗਿੰਗ ਬੈਲਜ਼' ਵੱਲੋਂ ਫ਼ੋਨ ਦੀ ਇੰਝ ਪਹਿਲਾਂ ਆੱਰਡਰਿੰਗ ਲਈ 'ਫ਼ਲਿੱਪਕਾਰਟ', 'ਸਨੈਪਡੀਲ' ਜਾਂ 'ਐਮੇਜ਼ੌਨ' ਜਿਹੇ 'ਆਨਲਾਈਨ ਸੇਲਜ਼ ਪਾਰਟਨਰਜ਼' (ਆੱਨਲਾਈਨ ਵਿਕਰੀ ਭਾਈਵਾਲਾਂ) ਨਾਲ ਵੀ ਕੋਈ ਗੰਢ-ਤੁੱਪ ਕਰ ਲਈ ਜਾਂਦੀ; ਇਨ੍ਹਾਂ ਸਾਰੀਆਂ ਵੈਬਸਾਈਟਸ ਉਤੇ ਪਹਿਲਾਂ ਤੋਂ ਹੀ ਅਜਿਹੇ ਇੰਤਜ਼ਾਮ ਕਰ ਕੇ ਰੱਖੇ ਗਏ ਹਨ ਕਿ ਉਨ੍ਹਾਂ ਦੇ ਦਰਸ਼ਕਾਂ ਦੀ ਗਿਣਤੀ ਭਾਵੇਂ ਪ੍ਰਤੀ ਸੈਕੰਡ ਕਿੰਨੇ ਵੀ ਕਰੋੜਾਂ ਜਾਂ ਅਰਬਾਂ ਵਿੱਚ ਕਿਉਂ ਨਾ ਹੋਵੇ, ਉਹ ਇੰਨਾ ਭਾਰ ਝੱਲਣ ਦੇ ਸਮਰੱਥ ਹਨ। ਇੱਕ ਹੋਰ ਵਿਕਲਪ ਹੋ ਸਕਦਾ ਸੀ ਕਿ ਕਿ ਉਹ ਆਪਣੇ ਇਸ ਨਵੇਂ ਫ਼ੋਨ ਨੂੰ 'ਇੰਡੀਗੋਗੋ', 'ਕੈਟੋ' ਜਾਂ 'ਵਿਸ਼ਬੈਰੀ' ਜਿਹੀਆਂ ਵੈਬਸਾਈਟਸ ਉਤੇ ਵੀ ਪ੍ਰਚਾਰਿਤ ਤੇ ਪ੍ਰਸਾਰਿਤ ਕਰਦੇ ਕਿ ਤਾਂ ਜੋ ਭਾਰੀ ਮਾਤਰਾ ਵਿੱਚ ਫ਼ੰਡ ਇਕੱਠੇ ਕੀਤੇ ਜਾ ਸਕਣ। ਪਰ 'ਫ਼੍ਰੀਡਮ-251' ਦੇ ਪ੍ਰਬੰਧਕਾਂ ਨੇ ਅਜਿਹਾ ਕੁੱਝ ਨਹੀਂ ਕੀਤਾ; ਉਨ੍ਹਾਂ ਆਪਣੀ ਖ਼ੁਦ ਦੀ ਇੱਕ ਨਵੀਂ ਵੈਬਸਾਈਟ ਬਣਾਈ, ਜੋ ਕਿ ਵੇਖਣ ਨੂੰ ਇੰਨੀ ਵਧੀਆ ਵੀ ਨਹੀਂ ਜਾਪਦੀ।

5. ਕੋਈ ਨਿਜੀ ਧਨ ਦਾਅ 'ਤੇ ਨਹੀਂ ਲੱਗਾ: 'ਫ਼੍ਰੀਡਮ 251' ਸਮਾਰਟਫ਼ੋਨ ਬਾਰੇ ਐਲਾਨ ਕਰਦੇ ਸਮੇਂ ਰੱਖੀ ਇੱਕ ਪ੍ਰੈਸ ਕਾਨਫ਼ਰੰਸ ਦੌਰਾਨ ਜਦੋਂ ਇਹ ਪੁੱਛਿਆ ਗਿਆ ਕਿ ਕੀ 'ਰਿੰਗਿੰਗ ਬੈਲਜ਼' ਦੇ ਪ੍ਰੋਮੋਟਰਜ਼ ਨੇ ਇਸ ਕੰਪਨੀ ਵਿੱਚ ਆਪਣਾ ਕੋਈ ਧਨ ਲਾਇਆ ਹੈ, ਤਾਂ ਉਨ੍ਹਾਂ ਜਵਾਬ ਦਿੱਤਾ ਕਿ ਉਨ੍ਹਾਂ ਜੋ ਵੀ ਧਨ ਇਕੱਠਾ ਕੀਤਾ ਹੈ, ਉਹ ਅਜਿਹੇ ਲੋਕਾਂ ਨੇ ਲਾਇਆ ਹੈ ਜੋ ਆਪਣੇ ਨਿਵੇਸ਼ ਕੀਤੇ ਧਨ ਦੇ ਆਧਾਰ ਉਤੇ ਲਾਭ-ਅੰਸ਼ (ਇਕਵਿਟੀ) ਲੈਣਗੇ ਅਤੇ ਜਾਂ ਫਿਰ ਇਸ ਲਈ ਕਰਜ਼ਾ ਚੁੱਕਿਆ ਗਿਆ ਹੈ। ਇੰਝ ਇਸ ਸਮਾਰਟਫ਼ੋਨ ਦੇ ਪ੍ਰੋਮੋਟਰਜ਼ ਦਾ ਆਪਣਾ ਕੋਈ ਧਨ ਇਸ ਵਿੱਚ ਨਹੀਂ ਲੱਗਾ ਅਤੇ ਉਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਣ ਲੱਗਾ।

6. ਲਾਗਤ: ਇਸ ਵੇਲੇ ਜੋ ਤਕਨਾਲੋਜੀ ਬਾਜ਼ਾਰ ਵਿੱਚ ਉਪਲਬਧ ਹੈ, ਉਸ ਨਾਲ ਕਿਸੇ ਵੀ ਹਾਲਤ ਵਿੱਚ ਇੰਨੀ ਲਾਗਤ ਭਾਵ 251 ਰੁਪਏ 'ਚ ਕੋਈ ਮੋਬਾਇਲ ਫ਼ੋਨ ਤਿਆਰ ਨਹੀਂ ਹੋ ਸਕਦਾ। ਅਜਿਹਾ ਫ਼ੋਨ ਘੱਟ ਤੋਂ ਘੱਟ 3,800 ਰੁਪਏ ਵਿੱਚ ਤਿਆਰ ਹੋ ਸਕਦਾ ਹੈ, ਉਹ ਵੀ ਤਾਂ ਜੇ ਸਬਸਿਡੀ ਮਿਲ਼ੀ ਹੋਵੇ। ਪਰ ਇਹ ਨਵੀਂ ਕੰਪਨੀ ਪਹਿਲਾਂ ਹੀ ਇਹ ਸਪੱਸ਼ਟ ਕਰ ਚੁੱਕੀ ਹੈ ਕਿ ਉਸ ਨੂੰ ਸਰਕਾਰ ਜਾਂ ਕਿਸੇ ਹੋਰ ਤੀਜੀ ਧਿਰ ਤੋਂ ਇਸ ਪ੍ਰਾਜੈਕਟ ਲਈ ਕਿਸੇ ਤਰ੍ਹਾਂ ਦੀ ਕੋਈ ਸਬਸਿਡੀ ਵੀ ਨਹੀਂ ਮਿਲੀ। ਇੰਝ 'ਜਾਦੂ ਵਾਲਾ ਫ਼ਾਰਮੂਲਾ' ਹਾਲੇ ਇੱਕ ਭੇਤ ਹੀ ਹੈ।

7. 650+ ਸਰਵਿਸ ਸੈਂਟਰਜ਼: ਭਾਵੇਂ ਵੈਬਸਾਈਟ ਆਪਣੇ 650 ਸਰਵਿਸ ਸੈਂਟਰ ਹੋਣ ਦਾ ਦਾਅਵਾ ਕਰਦੀ ਹੈ ਪਰ ਅਜਿਹੇ ਕਿਸੇ ਇੱਕ ਵੀ ਸਰਵਿਸ ਸੈਂਟਰ ਦਾ ਕੋਈ ਵੇਰਵਾ ਕਿਤੇ ਨਹੀਂ ਦਿੱਤਾ ਗਿਆ ਅਤੇ ਹਾਲ਼ੇ ਤੱਕ ਇਹ ਵੀ ਪਤਾ ਨਹੀਂ ਹੈ ਕਿ ਇਸ ਫ਼ੋਨ ਨੂੰ ਤਿਆਰ ਕਰਨ ਵਾਲੀ ਕੰਪਨੀ/ਫ਼ੈਕਟਰੀ ਕਿੱਥੇ ਸਥਿਤ ਜਾਂ ਉਸ ਦੇ ਪ੍ਰਬੰਧਕ ਰਹਿੰਦੇ ਕਿਹੜੇ ਸ਼ਹਿਰ ਵਿੱਚ ਹਨ।

8. ਤੁਸੀਂ ਅੱਧਾ 'ਫ਼੍ਰੀਡਮ 251' ਵੀ ਖ਼ਰੀਦ ਸਕਦੇ ਹੋ: ਕੰਪਨੀ ਦੀ ਵੈਬਸਾਈਟ ਉਤੇ ਵਰਤੋਂਕਾਰਾਂ ਲਈ ਅਜਿਹਾ ਵਿਕਲਪ ਵੀ ਰੱਖਿਆ ਗਿਆ ਹੈ ਕਿ ਤੁਸੀਂ ਅੱਧਾ ਸਮਾਰਟਫ਼ੋਨ 125 ਰੁਪਏ ਵਿੱਚ ਵੀ ਖ਼ਰੀਦ ਸਕਦੇ ਹੋ। ਇੱਕ ਨਿਰਾਸ਼ ਵਰਤੋਂਕਾਰ (ਯੂਜ਼ਰ) ਨੇ ਟਵਿਟਰ ਉਤੇ ਆਪਣੀ ਬੁਕਿੰਗ ਦਾ ਸਕ੍ਰੀਨਸ਼ਾੱਟ ਆਮ ਜਨਤਾ ਨਾਲ ਸਾਂਝਾ ਕੀਤਾ ਹੈ।

9. ਨਿਰਮਾਣ ਵਿੱਚ ਹੋਰ 'ਵਾਅਦੇ': ਇਸ ਨਵੇਂ ਫ਼ੋਨ ਲਈ ਬੁਕਿੰਗਜ਼ ਕੱਲ੍ਹ ਸਵੇਰੇ ਖ਼ਤਮ ਹੋ ਗਈਆਂ ਹਨ ਅਤੇ ਸੋਸ਼ਲ ਮੀਡੀਆ ਉਤੇ ਲੋਕ ਹੁਣ ਇਹ ਅਫ਼ਸੋਸ ਪ੍ਰਗਟਾ ਰਹੇ ਹਨ ਕਿ ਉਹ 'ਰਿੰਗਿੰਗ ਬੈਲਜ਼' ਦੀ ਵੈਬਸਾਈਟ ਉਤੇ ਆਪਣਾ ਫ਼ੋਨ ਬੁੱਕ ਨਹੀਂ ਕਰਵਾ ਸਕੇ। ਅਜਿਹੇ ਚੱਕਰਾਂ ਵਿੱਚ ਸਾਈਬਰ ਕੈਫ਼ੇਜ਼ ਦੇ ਮਾਲਕਾਂ ਨੇ ਵੀ ਕਾਫ਼ੀ ਪੈਸੇ ਬਟੋਰ ਲਏ ਹਨ ਕਿਉਂਕਿ ਆਮ ਲੋਕ ਇਸ ਫ਼ੋਨ ਬਾਰੇ 'ਸਰਚ' ਕਰਨ ਲਈ ਜਾਂ ਆਪਣਾ ਨਾਂਅ ਰਜਿਸਟਰਡ ਕਰਵਾਉਣ ਲਈ ਇਸ ਵੈਬਸਾਈਟ ਨੂੰ ਖੋਲ੍ਹਦੇ ਰਹੇ ਹਨ। ਸਾਈਬਰ ਕੈਫ਼ੈਜ਼ ਦੇ ਮਾਲਕ ਆਪਣੇ ਗਾਹਕਾਂ ਨੂੰ ਇਸ ਫ਼ੋਨ ਨੂੰ ਬੁੱਕ ਕਰ ਕੇ ਉਸ ਦੀ ਰਸੀਦ ਵੀ ਛਾਪ ਕੇ ਦਿੰਦੇ ਰਹੇ ਹਨ। ਟਵਿਟਰ ਦੇ ਵਰਤੋਂਕਾਰ ਯਤਿਨ ਚਾਵਲਾ ਨੇ ਆਪਣੇ ਟਵੀਟ ਰਾਹੀਂ ਇਹ ਗੱਲ ਆਖੀ।

ਲੇਖਕ: ਆਦਿਤਿਆ ਭੂਸ਼ਨ ਦਿਵੇਦੀ

ਅਨੁਵਾਦ: ਮਹਿਤਾਬ-ਉਦ-ਦੀਨ

image