113 ਨਿਵੇਸ਼ਕਾਂ ਵੱਲੋਂ ਇਨਕਾਰ ਮਗਰੋਂ ਵੀ ਨਾ ਮੰਨੀ ਹਾਰ, 'ਕਾਰਯ' ਲਈ ਅਖੀਰ ਰਤਨ ਟਾਟਾ ਤੋਂ ਸੁਣੀ 'ਹਾਂ'

0

ਕਹਿੰਦੇ ਨੇ, ਮਿਹਨਤ ਕਰਨ ਵਾਲਿਆਂ ਦੀ ਕਦੀ ਹਾਰ ਨਹੀਂ ਹੁੰਦੀ। ਇਹ ਤੈਅ ਹੈ ਕਿ ਮਿਹਨਤ ਕਰਨ ਵਾਲਾ ਬੁਰੇ ਦੌਰ ਵਿੱਚੋਂ ਲੰਘਦਾ ਹੈ, ਪਰ ਹਜ਼ਾਰਾਂ ਬੁਰੇ ਦਿਨਾਂ 'ਤੇ ਇੱਕ ਚੰਗਾ ਦਿਨ ਹੀ ਭਾਰੂ ਪੈ ਜਾਂਦਾ ਹੈ। ਪੂਰੇ ਇੱਕ ਸੌ ਤੇਰਾਂ। ਇਹ ਉਨ੍ਹਾਂ ਨਿਵੇਸ਼ਕਾਂ ਦੀ ਗਿਣਤੀ ਹੈ ਜਿਨ੍ਹਾਂ ਨੂੰ ਨਿਧੀ ਅਗਰਵਾਲ ਨੇ ਬੀਤੇ 365 ਦਿਨਾਂ ਵਿੱਚ ਆਪਣੇ ਕਾਰੋਬਾਰ 'ਕਾਰਯ' ਲਈ ਫੋਨ, ਈਮੇਲ ਅਤੇ ਨਿੱਜੀ ਮੁਲਾਕਾਤਾਂ ਰਾਹੀਂ ਸੰਪਰਕ ਕੀਤਾ, ਪਰ ਸਭ ਪਾਸਿਓਂ ਇੱਕ ਹੀ ਜਵਾਬ ਮਿਲਿਆ- ਨਾਂਹ। ਸਚਮੁੱਚ, ਲਗਾਤਾਰ ਨਾਂਹ ਸੁਣਦੇ ਸੁਣਦੇ ਕਿਸੇ ਦੀ ਵੀ ਹਿੰਮਤ ਜਵਾਬ ਦੇ ਜਾਵੇਗੀ, ਪਰ ਉਲਟ ਹਾਲਾਤ ਵਿੱਚ ਵੀ ਨਿਧੀ ਖੜ੍ਹੀ ਰਹੀ ਅਤੇ ਹਾਰ ਨਾ ਮੰਨੀ। ਅਖੀਰ ਉਹ ਦਿਨ ਆ ਗਿਆ ਜੋ ਪੁਰਾਣੇ ਸਾਰੇ ਬੁਰੇ ਦਿਨਾਂ 'ਤੇ ਭਾਰੀ ਪੈ ਗਿਆ। ਨਿਧੀ ਨੂੰ 365ਵੇਂ ਦਿਨ ਕਾਮਯਾਬੀ ਮਿਲੀ। ਉਹ ਆਪਣੇ ਕਾਰੋਬਾਰ ਲਈ ਨਿਵੇਸ਼ਕਾਂ ਵਜੋਂ ਦਿੱਗਜ ਉੱਦਮੀ ਰਤਨ ਟਾਟਾ ਤੋਂ ਇਲਾਵਾ ਇੱਕ ਹੋਰ ਕਾਰੋਬਾਰੀ ਦਾ ਸਾਥ ਹਾਸਲ ਕਰਨ ਵਿੱਚ ਸਫ਼ਲ ਰਹੀ, ਜਿਨ੍ਹਾਂ ਦਾ ਨਾਂ ਜਲਦੀ ਹੀ ਅਧਿਕਾਰਤ ਤੌਰ 'ਤੇ ਸਾਹਮਣੇ ਆਉਣ ਵਾਲਾ ਹੈ। ਇਸ ਤਰ੍ਹਾਂ ਦੀਆਂ ਪ੍ਰੇਰਣਾਦਾਇਕ ਕਹਾਣੀਆਂ ਹੀ ਸਾਨੂੰ ਸਿਖਾਉਂਦੀਆਂ ਹਨ ਕਿ ਵਪਾਰ ਕਿਵੇਂ ਇੱਕ ਮੁਸ਼ਕਿਲ ਅਤੇ ਮੁੱਲਵਾਨ ਕੰਮ ਹੈ।

'ਕਾਰਯ' ਭਾਰਤੀ ਮਹਿਲਾਵਾਂ ਨੂੰ ਪੱਛਮੀ ਅਤੇ ਕੈਜੂਅਲ ਪਹਿਰਾਵੇ ਮੁਹੱਈਆ ਕਰਾਉਣ ਦੀ ਕੋਸ਼ਿਸ਼ ਕਰਨ ਵਾਲਾ ਬਰਾਂਡ ਹੈ ਜੋ ਉਨ੍ਹਾਂ ਨੂੰ ਸਭ ਤੋਂ ਫਿਟ ਸਾਈਜ਼ ਮੁਹੱਈਆ ਕਰਾਉਣ ਲਈ ਸਾਈਜ਼ਾਂ ਦੇ 18 ਵਰਗ ਮੁਹੱਈਆ ਕਰਾਉਂਦਾ ਹੈ। ਇਨ੍ਹਾਂ ਦਾ ਮੁੱਖ ਮਕਸਦ ਪੱਛਮੀ ਅਤੇ ਭਾਰਤੀ ਪਹਿਰਾਵਿਆਂ ਵਿਚਾਲੇ ਫਰਕ ਨੂੰ ਭਰਨਾ ਹੈ।

ਨਿਧੀ ਦਸਦੀ ਹੈ, "ਕਾਫੀ ਸਮੇਂ ਤੱਕ ਹਨੀਵੇਲ ਅਤੇ ਕੇ ਪੀ ਐਮ ਜੀ ਨਾਲ ਕੰਮ ਕਰਨ ਤੋਂ ਬਾਅਦ ਸਾਲ 2010 ਵਿੱਚ ਮੈਂ ਬਰੇਨ ਕਨਸਲਟਿੰਗ ਨਾਲ ਰਣਨੀਤੀ ਸਲਾਹਕਾਰ ਵਜੋਂ ਕੰਮ ਕਰ ਰਹੀ ਸੀ। ਇਸੇ ਦੌਰਾਨ ਮੈਂ ਆਪਣੇ ਇੱਕ ਖਪਤਕਾਰ ਨੂੰ ਮਿਲਣ ਲਈ ਏਅਰਪੋਰਟ ਜਾ ਰਹੀ ਸੀ ਕਿ ਰਸਤੇ ਵਿੱਚ ਮੇਰੇ ਉੱਤੇ ਕੌਫੀ ਡਿੱਗ ਗਈ। ਉਦੋਂ ਮੈਂ ਰਸਤੇ ਵਿੱਚ ਪੈਂਦੇ ਇੱਕ ਮਾਡਲ ਕੋਲ ਰੁਕੀ ਅਤੇ ਆਪਣੀ ਕਮੀਜ਼ ਬਦਲ ਕੇ ਇੱਕ ਸਾਦੀ ਸਫੈਦ ਕਮੀਜ਼ ਖਰੀਦ ਕੇ ਪਾ ਲਈ। ਉੱਥੇ ਮੌਜੂਦ ਵੱਡੇ ਬਰਾਂਡਾਂ ਦੇ ਕੱਪੜਿਆਂ ਤੱਕ ਨਾਲ ਇਹ ਸਮੱਸਿਆ ਸਾਹਮਣੇ ਆਈ ਕਿ ਜਾਂ ਤਾਂ ਉਹ ਲੱਕ ਤੋਂ ਬਹੁਤ ਵੱਡੇ ਸਨ ਜਾਂ ਸਰੀਰ 'ਤੇ ਉੱਪਰ ਵਾਲੇ ਹਿੱਸੇ 'ਤੇ ਬਹੁਤ ਤੰਗ। ਉਸ ਸਮੇਂ ਮੈਂ ਇਸ ਸੋਚ ਵਿੱਚ ਪੈ ਗਈ ਕਿ ਇਸ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਵਾਲੀ ਮੈਂ ਇਕਲੌਤੀ ਮਹਿਲਾ ਹਾਂ ਜਾਂ ਫਿਰ ਹੋਰਨਾਂ ਮਹਿਲਾਵਾਂ ਵੀ ਕੱਪੜੇ ਖਰੀਦਣ ਸਮੇਂ ਮੇਰੇ ਵਰਗੀ ਪ੍ਰੇਸ਼ਾਨੀ ਦਾ ਸਾਹਮਣਾ ਕਰਦੀਆਂ ਹਨ। ਇਸ ਤੋਂ ਬਾਅਦ ਅਸੀਂ 250 ਮਹਿਲਾਵਾਂ ਦਾ ਇੱਕ ਛੋਟਾ ਜਿਹਾ ਸਰਵੇਖਣ ਕੀਤਾ ਅਤੇ ਇਸ ਨਤੀਜੇ 'ਤੇ ਪਹੁੰਚੇ ਕਿ ਉਨ੍ਹਾਂ ਵਿੱਚੋਂ 80 ਫੀਸਦੀ ਮਹਿਲਾਵਾਂ ਕੱਪੜੇ ਖਰੀਦਣ ਸਮੇਂ ਮੇਰੇ ਵਰਗੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਦੀਆਂ ਹਨ।"

ਬਿਨਾਂ ਕਿਸੇ ਪੁਰਾਣੇ ਤਜਰਬੇ ਦੇ ਸਫਲ ਵਪਾਰ ਚਲਾਉਣ ਬਾਰੇ ਨਿਧੀ ਦੱਸਦੀ, "ਮੈਂ ਗਰੇਟਰ ਨੋਇਡਾ ਦੇ ਇੱਕ ਐਕਸਪੋਰਟ ਹਾਊਸ ਵਿੱਚ ਕੰਮ ਸ਼ੁਰੂ ਕੀਤਾ ਅਤੇ ਉੱਥੇ ਹੀ ਇਸ ਵਪਾਰ ਨਾਲ ਜੁੜੀਆਂ ਬਾਰੀਕੀਆਂ ਤੋਂ ਜਾਣੂ ਹੋਈ। ਮੈਂ ਕਿਉਂਕਿ ਪਹਿਲਾਂ ਵੀ ਸੇਵਾ ਉਦਯੋਗ ਵਿੱਚ ਕੰਮ ਕਰ ਚੁੱਕੀ ਸੀ। ਇਸ ਲਈ ਮੈਂ ਦੇਰ ਤੱਕ ਚੱਲਣ ਵਾਲੀ ਡਬਲ ਸ਼ਿਫਟ ਵਿੱਚ ਕੰਮ ਕਰਦੇ ਹੋਏ ਬਹੁਤ ਜਲਦੀ ਹੀ ਸਭ ਕੁਝ ਸਿੱਖ ਗਈ। ਮੈਂ ਸਾਹਮਣੇ ਆਉਣ ਵਾਲੀਆਂ ਦਿੱਕਤਾਂ ਨੂੰ ਸੁਲਝਾਉਣ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਰਹਿੰਦੀ ਸੀ, ਪਰ ਸਮੱਸਿਆ ਸੁਲਝਾ ਕੇ ਹੀ ਰਹਿੰਦੀ ਸੀ।"

ਉਹ ਕੀ ਚੀਜ਼ ਹੈ ਜੋ 'ਕਾਰਯ' ਨੂੰ ਬਾਕੀਆਂ ਨਾਲੋਂ ਵੱਖ ਕਰਦੀ ਸੀ? ਨਿਧੀ ਕਹਿੰਦੀ ਹੈ, "ਕਾਰਯ ਬਾਕੀਆਂ ਨਾਲੋਂ ਮੁੱਖ ਤੌਰ 'ਤੇ ਤਿੰਨ ਤਰ੍ਹਾਂ ਨਾਲ ਵੱਖ ਹੈ। ਜਿੱਥੇ ਬਾਜ਼ਾਰ ਵਿੱਚ ਮਿਲਦੇ ਹੋਰਨਾਂ ਬਰਾਂਡਾਂ ਦੇ ਉਤਪਾਦ ਸਿਰਫ਼ 6 ਸਾਈਜ਼ਾਂ ਵਿੱਚ ਮੁਹੱਈਆ ਹਨ, ਉੱਥੇ ਹੀ ਸਾਡੇ ਉਤਪਾਦ 18 ਵੱਖ ਵੱਖ ਸਾਈਜ਼ਾਂ ਵਿੱਚ ਮੁਹੱਈਆ ਹਨ ਜੋ ਭਾਰਤੀ ਮਹਿਲਾਵਾਂ ਦੇ ਸਰੀਰ ਦੇ ਅਨੁਪਾਤ ਵਿੱਚ ਖੁਦ ਨੂੰ ਬਿਹਤਰ ਤਰੀਕੇ ਨਾਲ ਢਾਲਣ ਦੇ ਯੋਗ ਹਨ। ਕਮੀਜ਼ ਦੇ ਬਟਨਾਂ ਵਿਚਲੀ ਦੂਰੀ ਵਰਗੀਆਂ ਛੋਟੀਆਂ-ਮੋਟੀਆਂ ਹੋਰ ਅਜਿਹੀਆਂ ਹੀ ਸਮੱਸਿਆਵਾਂ ਦਾ ਹੱਲ ਬਿਹਤਰੀਨ ਢੰਗ ਨਾਲ ਪੇਸ਼ ਕਰਕੇ ਅਸੀਂ ਆਪਣੇ ਖਪਤਕਾਰਾਂ ਨੂੰ ਸਹੂਲਤਾਂ ਵਾਲੇ ਕੱਪੜੇ ਮੁਹੱਈਆ ਕਰਵਾਉਂਦੇ ਹਾਂ। ਇਸ ਤੋਂ ਬਿਨਾਂ ਅਸੀਂ ਹਰ ਮਹੀਨੇ 150 ਨਵੇਂ ਡਿਜ਼ਾਈਨ ਵੀ ਬਾਜ਼ਾਰ ਵਿੱਚ ਉਤਾਰਦੇ ਹਾਂ ਅਤੇ ਇਹ ਸਿਰਫ਼ ਸਾਡੇ ਆਪਣੇ ਆਈ ਟੀ ਸਮਰੱਥ ਉਦਪਾਦਨ ਪ੍ਰਣਾਲੀ ਦੇ ਚਲਦਿਆਂ ਸੰਭਵ ਹੋ ਸਕਿਆ ਹੈ ਜੋ ਸਾਡੇ ਕੰਮ ਨੂੰ ਕਾਫੀ ਸੌਖਾ ਬਣਾ ਦਿੰਦਾ ਹੈ। ਅਸੀਂ ਸਿਰਫ਼ ਕੰਮ ਪੂਰਾ ਕਰਨ ਦੇ ਮਾਡਲ 'ਤੇ ਕੰਮ ਕਰਦੇ ਹਾਂ।"

ਨਿਧੀ ਦਾ ਸੁਪਨਾ ਪੱਛਮੀ ਫੌਰਮਲ ਕੱਪੜਿਆਂ ਦੀ ਦੁਨੀਆਂ ਵਿੱਚ ਖੁਦ ਨੂੰ ਸਭ ਤੋਂ ਵੱਡੇ ਬਰਾਂਡ ਵਜੋਂ ਸਥਾਪਤ ਕਰਨ ਦਾ ਹੈ ਅਤੇ ਇਸ ਲਈ ਬਹੁਤ ਸਾਰੇ ਨਿਵੇਸ਼ ਦੀ ਜ਼ਰੂਰਤ ਹੈ। ਇਸ ਲਈ ਉਨ੍ਹਾਂ ਫਲਿਪਕਾਰਟ ਦੇ ਬਰਾਂਡ ਰਣਨੀਤੀ ਤਿਆਰ ਕਰਨ ਦੇ ਜ਼ਿੰਮੇਵਾਰ ਫਲਿੱਪਕਾਰਟ ਐਸ ਬੀ ਜੀ ਨਾਲ ਬਰਾਂਡ ਸਲਾਹ ਰਣਨੀਤੀ ਤੈਅ ਕਰਨ ਲਈ ਹੱਥ ਵੀ ਮਿਲਾਇਆ ਹੈ। ਇਸ ਤੋਂ ਬਿਨਾਂ ਉਹ ਆਪਣੇ ਕਾਰੋਬਾਰ ਨੂੰ ਅੱਗੇ ਵਧਾਉਣ ਦੀ ਲੜੀ ਵਿੱਚ ਸਾਮਾਨ ਮੰਗਵਾਉਣ ਅਤੇ ਮੰਗ ਪੂਰੀ ਕਰਨ ਦਾ ਕੰਮ ਦੂਜਿਆਂ ਨੂੰ ਸੌਂਪਣ 'ਤੇ ਆਪਣਾ ਧਿਆਨ ਦੇ ਰਹੀ ਹੈ।

ਦੂਜਿਆਂ ਨਾਲ ਕੰਮ ਕਰਨ ਦੌਰਾਨ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਅਤੇ ਕੰਮ ਵਿੱਚ ਆਉਣ ਵਾਲੇ ਮਜ਼ੇ ਬਾਰੇ ਵੀ ਖੁੱਲ੍ਹ ਕੇ ਗੱਲ ਕਰਦੀ ਹੈ। "ਸ਼ੁਰੂ ਵਿੱਚ ਮੈਂ 'ਕਾਰਯ' ਨੂੰ ਚੁਣੌਤੀ ਵਜੋਂ ਲਿਆ ਅਤੇ ਬਾਅਦ ਵਿੱਚ ਮੈਂ ਇਸ ਨੂੰ ਪ੍ਰਾਪਤੀ ਵਜੋਂ ਲੈਣ ਲੱਗੀ। ਮੈਂ ਆਪਣੀ ਸੰਸਥਾ ਵਿੱਚ ਸਭ ਤੋਂ ਵੱਡੇ ਅਹੁਦੇ ਨੂੰ ਸੰਭਾਲਦੀ ਹਾਂ ਅਤੇ ਇਸ ਦੇ ਬਦਲੇ ਮੈਨੂੰ ਸਭ ਤੋਂ ਔਖੀਆਂ ਸਮੱਸਿਆਵਾਂ ਅਤੇ ਜੋਖਮ ਭਰੇ ਸਾਰੇ ਫੈਸਲੇ ਖੁਦ ਹੀ ਕਰਨੇ ਹੁੰਦੇ ਸਨ। ਕੋਈ ਵੀ ਕੰਮ ਕਰਨ ਦੌਰਾਨ ਤੁਹਾਨੂੰ ਰੋਜ਼ਾਨਾ ਹੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਮੇਰਾ ਕੰਮ ਵੀ ਇਸ ਤਰ੍ਹਾਂ ਦੀ ਚੁਣੌਤੀਆਂ ਤੋਂ ਵੱਖ ਨਹੀਂ ਹੈ। ਕਾਰੋਬਾਰ ਨੂੰ ਸਹੀ ਢੰਗ ਨਾਲ ਚਲਾਉਣ ਲਈ ਪੈਸੇ ਦਾ ਬੰਦੋਬਸਤ ਕਰਨਾ ਸਭ ਤੋਂ ਵੱਡੀ ਚੁਣੌਤੀ ਸਾਬਤ ਹੁੰਦਾ ਹੈ। ਅਖੀਰਕਾਰ 365 ਦਿਨਾਂ ਤੱਕ ਲਗਾਤਾਰ 113 ਵਿਅਕਤੀਆਂ ਨੂੰ ਫੋਨ ਰਾਹੀਂ ਜਾਂ ਈਮੇਲ ਜਾਂ ਨਿੱਜੀ ਮੁਲਾਕਾਤਾਂ ਕਰਨ ਤੋਂ ਬਾਅਦ ਠੀਕ 365ਵੇਂ ਦਿਨ ਮੈਨੂੰ ਇਸ ਕੰਮ ਵਿੱਚ ਕਾਮਸਾਬੀ ਮਿਲੀ।" ਚਿਹਰੇ 'ਤੇ ਲਗਾਤਾਰ ਇਹ ਮੁਸਕਾਨ ਬਖੇਰਦਿਆਂ ਅੱਗੇ ਵਧਣ ਦਾ ਜਜ਼ਬਾ ਕੋਈ ਸੌਖਾ ਕੰਮ ਨਹੀਂ ਸੀ ਅਤੇ ਅਸਲ ਵਿੱਚ ਨਿਧੀ ਹਰ ਨਾਮਨਜ਼ੂਰੀ ਮਗਰੋਂ ਵਧੇਰੇ ਉਤਸ਼ਾਹ ਨਾਲ ਅੱਗੇ ਵਧਦੀ ਗਈ।

ਨਿਧੀ ਅੱਗੇ ਕਹਿੰਦੀ ਹੈ, "ਕਾਰੋਬਾਰ ਦੌਰਾਨ ਤੁਹਾਡੇ ਰਾਹ ਵਿੱਚ ਕਈ ਛੋਟੀਆਂ ਮੋਟੀਆਂ ਗੱਲਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਵਧੇਰੇ ਮੌਕਿਆਂ 'ਤੇ ਮਹਿਲਾ ਕਾਰੋਬਾਰੀ ਵਜੋਂ ਲੋਕ ਇਹ ਸਮਝਦੇ ਹਨ ਕਿ ਜਾਂ ਤਾਂ ਆਪ ਤੁਸੀਂ ਕਾਰੋਬਾਰ ਨਹੀਂ ਚਲਾ ਰਹੇ ਜਾਂ ਤੁਸੀਂ ਆਖਰੀ ਅਧਿਕਾਰੀ ਨਹੀਂ ਹੋ। ਮੈਨੂੰ ਹੁਣ ਵੀ ਯਾਦ ਹੈ ਕਿ ਜਦੋਂ ਮੈਂ ਗੁੜਗਾਓਂ ਦੀ ਇੱਕ ਫੈਕਟਰੀ ਵਿੱਚ ਕੰਮ ਕਰ ਰਹੀ ਸੀ ਤਾਂ ਇੱਕ ਕੁਰੀਅਰ ਵਾਲਾ ਮੇਰੇ ਇੱਕ ਫਰਿੱਜ ਦੀ ਡਿਲੀਵਰੀ ਦੇਣ ਆਇਆ ਅਤੇ ਉਸ ਨੇ ਮੈਨੂੰ ਉਹ ਸੌਂਪਣ ਤੋਂ ਇਨਕਾਰ ਕਰ ਦਿੱਤਾ। ਉਸ ਦਾ ਸਾਰਾ ਜ਼ੋਰ ਸਿਰਫ਼ ਇਸ ਗੱਲ 'ਤੇ ਲੱਗਾ ਰਿਹਾ ਕਿ 'ਆਪਣੇ ਬੌਸ ਨੂੰ ਬੁਲਾਓ, ਮੈਂ ਸਿਰਫ਼ ਤੁਹਾਡੇ ਬੌਸ ਨਾਲ ਹੀ ਗੱਲ ਕਰਾਂਗਾ।' ਅਖੀਰ ਜਦੋਂ ਚੌਕੀਦਾਰ ਨੇ ਆ ਕੇ ਦੱਸਿਆ ਕਿ ਮੈਂ ਹੀ ਮਾਲਕਣ ਹਾਂ ਤਾਂ ਉਹ ਨਰਮ ਪਿਆ।"

ਕੇਲਾਗ ਸਕੂਲ ਫਾਰ ਮੈਨੇਜਮੈਂਟ ਤੋਂ ਐਮ ਬੀ ਏ ਅਤੇ ਉਥੋਂ ਤਿੰਨ ਸਰਵਿਸ ਐਵਾਰਡ ਨਾਲ ਸਨਮਾਨਤ ਹੋਣ ਤੋਂ ਬਿਨਾਂ ਨਿਧੀ ਚਾਰਟਰਡ ਅਕਾਊਂਟੈਂਟ ਦੀ ਸਿੱਖਿਆ ਪੂਰੀ ਕਰ ਚੁੱਕੀ ਹੈ। ਆਪਣੇ ਛੋਟੇ ਜਿਹੇ ਕਾਰੋਬਾਰ ਦੌਰਾਨ ਹੀ ਨਿਧੀ ਨੇ ਇੱਕ ਮਹੱਤਵਪੂਰਨ ਪਾਠ ਸਿੱਖਿਆ ਕਿ ਸਬਰ ਤੇ ਦ੍ਰਿੜ੍ਹਤਾ ਦੋ ਚੀਜ਼ਾਂ ਹਨ ਤਾਂ ਕੋਈ ਵੀ ਕੰਮ ਸੌਖਾ ਹੋ ਜਾਂਦਾ ਹੈ।

ਮੈਂ ਹੁਣ ਤੱਕ ਆਪਣੀ ਜ਼ਿੰਦਗੀ ਵਿੱਚ ਇੱਕ ਵੀ ਪਲ ਬਰਬਾਦ ਨਹੀਂ ਕੀਤਾ ਅਤੇ ਹਮੇਸ਼ਾ ਪੂਰੀ ਲਗਨ ਤੇ ਮਿਹਨਤ ਨਾਲ ਹਰ ਕੰਮ ਕੀਤਾ ਹੈ ਅਤੇ ਖਾਸ ਕਰਕੇ ਸੇਵਾ ਖੇਤਰ ਵਿੱਚ ਕੰਮ ਕਰਨ ਮਗਰੋਂ ਵਧੇਰੇ ਕੰਮਾਂ ਨੂੰ ਦੁਬਾਰਾ ਦੇਖਣ ਦੀ ਆਦੀ ਸੀ। ਕਾਰੋਬਾਰ ਨੇ ਮੈਨੂੰ ਬਹੁਤ ਕੁਝ ਸਿਖਾਇਆ ਹੈ। ਹੁਣ ਮੈ ਪੈਸਿਆਂ ਨਾਲ ਸਮਝੌਤਾ ਕਰਦੇ ਹੋਏ ਭਾਰੀ ਦਬਾਅ ਵਿੱਚ ਵੀ ਕੰਮ ਕਰਨਾ ਸਿੱਖ ਲਿਆ ਹੈ ਅਤੇ ਮੈਂ ਇਨ੍ਹਾਂ ਸਭ ਸਿੱਖਿਆਵਾਂ ਨਾਲ ਬਹੁਤ ਖੁਸ਼ ਹਾਂ ਕਿਉਂਕਿ ਇਨ੍ਹਾਂ ਨੇ ਮੈਨੂੰ ਇੱਕ ਵਿਅਕਤੀ ਵਜੋਂ ਵਿਕਸਤ ਕਰਨ ਵਿੱਚ ਬਹੁਤ ਮਦਦ ਕੀਤੀ ਹੈ।