ਮਾਟੀ ਕਹੇ ਕੁਮਹਾਰ ਸੇ, ਮਨਸੁਖ ਲਾਲ ਕਾ 'ਮਿਟੀਕੂਲ' ਬਨਾ ਦੇ ਮੋਹੇ...

0

''ਮਾਟੀ ਕਹੇ ਕੁਮਹਾਰ ਸੇ ਤੋਂ ਕਿਆ ਰੌਂਦੇ ਮੋਹੇ

ਇਕ ਦਿਨ ਐਸਾ ਆਏਗਾ ਮੈਂ ਰੌਂਦੋਂਗੀ ਤੋਹੇ।''

ਭਗਤ ਰੈਦਾਸ ਦੀਆਂ ਇਨ੍ਹਾਂ ਸਤਰਾਂ ਨੂੰ ਗੁਜਰਾਤ ਦੇ ਇੱਕ ਨਿੱਕੇ ਜਿਹੇ ਸ਼ਹਿਰ ਵਾਂਕਾਨੇਰ ਦੇ ਰਹਿਣ ਵਾਲੇ ਮਨਸੁਖ ਲਾਲ ਪ੍ਰਜਾਪਤੀ ਨੇ ਬਦਲ ਦਿੱਤਾ ਹੈ। ਇਹ ਮੇਰਾ ਦਾਅਵਾ ਹੈ ਕਿ ਤੁਸੀਂ ਕਹਾਣੀ ਪੜ੍ਹਦੇ ਜਾਓਗੇ ਅਤੇ ਤੁਹਾਡਾ ਸ਼ੱਕ ਯਕੀਨ ਵਿੱਚ ਬਦਲਦਾ ਚਲਾ ਜਾਵੇਗਾ।

ਮਨਸੁਖ ਲਾਲ ਪ੍ਰਜਾਪਤੀ ਆਪਣੇ ਸਹੁਰੇ ਪਰਿਵਾਰ ਦੇ ਮੈਂਬਰਾਂ ਨੂੰ ਆਉਂਦਾ ਵੇਖ ਕੇ ਰਾਜਮਾਰਗ ਕੰਢੇ ਸਥਿਤ ਆਪਣੀ ਚਾਹ ਦੀ ਦੁਕਾਨ ਦੇ ਕੋਣੇ ਵਿੱਚ ਸੁੰਗੜ ਕੇ ਆਪਣੇ-ਆਪ ਨੂੰ ਲੁਕਾਉਣ ਦੀ ਨਾਕਾਮ ਕੋਸ਼ਿਸ਼ ਕਰਦੇ ਸਨ। ਜੀਵਨ ਦੇ 48 ਬਸੰਤ ਪਾਰ ਕਰ ਚੁੱਕੇ ਮਨਸਖ ਜ਼ਿੰਦਗੀ ਦੇ ਕਈ ਇਮਤਿਹਾਨਾਂ ਵਿੱਚ ਹਾਰ ਦਾ ਸੁਆਦ ਚਖ ਚੁੱਕੇ ਸਨ। ਵਿਦਿਆਰਥੀ ਜੀਵਨ ਵਿੱਚ 10ਵੀਂ ਦੀ ਪ੍ਰੀਖਿਆ ਪਾਸ ਨਾ ਕਰ ਸਕਣ ਤੋਂ ਬਾਅਦ ਉਨ੍ਹਾਂ ਨੇ ਮਜ਼ਦੂਰੀ ਕਰਨੀ ਸ਼ੁਰੂ ਕੀਤੀ। ਇਸ ਤੋਂ ਬਾਅਦ ਉਨ੍ਹਾਂ ਆਪਣੇ ਪਰਿਵਾਰ ਦਾ ਢਿੱਡ ਪਾਲਣ ਲਈ ਇੱਕ ਛੋਟੀ ਜਿਹੀ ਚਾਹ ਦੀ ਦੁਕਾਨ ਖੋਲ੍ਹ ਲਈ।

ਪਰ ਆਪਣੇ ਸਹੁਰੇ ਪਰਿਵਾਰ ਦੇ ਮੈਂਬਰਾਂ ਸਾਹਮਣੇ ਸੜਕ ਕੰਢੇ ਚਾਹ ਵੇਚਣ ਦਾ ਕੰਮ ਉਨ੍ਹਾਂ ਨੂੰ ਕੁੱਝ ਅਪਮਾਨਜਨਕ ਜਾਪਦਾ। 'ਮੇਰਾ ਸਹੁਰਾ ਪਰਿਵਾਰ ਮੇਰੇ ਨਾਲੋਂ ਬਹੁਤ ਬਿਹਤਰ ਸਥਿਤੀ ਵਿੱਚ ਸੀ। ਉਨ੍ਹਾਂ ਦਾ ਖਿਡੌਣੇ ਬਣਾਉਣ ਦਾ ਆਪਣਾ ਕਾਰੋਬਾਰ ਸੀ ਅਤੇ ਮੈਂ ਇੱਥੇ ਚਾਹ ਵੇਚ ਰਿਹਾ ਸਾਂ। ਉਨ੍ਹਾਂ ਸਾਹਮਣੇ ਮੈਂ ਬਹੁਤ ਸ਼ਰਮਿੰਦਗੀ ਮਹਿਸੂਸ ਕਰਦਾ ਸਾਂ।' ਮਨਸੁਖ ਦਸਦੇ ਹਨ।

ਸ਼ਰਮਿੰਦਗੀ ਦੀ ਇਸੇ ਭਾਵਨਾ ਨੇ ਉਨ੍ਹਾ ਨੂੰ ਜੀਵਨ ਵਿੱਚ ਕੁੱਝ ਕਰਨ ਲਈ ਪ੍ਰੇਰਿਤ ਕੀਤਾ ਅਤੇ ਅੱਜ ਉਹ ਇੱਕ ਸਫ਼ਲ ਅਤੇ ਪ੍ਰਸਿੱਧ ਉਦਮੀ ਹਨ। ਪ੍ਰਜਾਪਤੀ ਨੇ ਕੁੱਝ ਨਵਾਂ ਕਰਨ ਦੀ ਮਨ ਵਿੱਚ ਧਾਰੀ ਅਤੇ ਇਸ ਵੇਲੇ ਉਹ ਰੈਫ਼ਰੀਜਿਰੇਟਰ, ਪ੍ਰੈਸ਼ਰ ਕੁੱਕਰ, ਨਾੱਨ-ਸਟਿੱਕ ਪੈਨ ਸਮੇਤ ਰੋਜ਼ਮੱਰਾ ਦੇ ਕੰਮ ਆਉਣ ਵਾਲੇ ਕਈ ਘਰੇਲੂ ਉਪਕਰਣ ਬਣਾਉਣ ਦੇ ਕਾਰੋਬਾਰ ਵਿੱਚ ਹਨ। ਦਿਲਚਸਪ ਗੱਲ ਇਹ ਹੈ ਕਿ ਉਹ ਇਨ੍ਹਾਂ ਸਭ ਚੀਜ਼ਾਂ ਨੂੰ ਮਿੱਟੀ ਨਾਲ ਤਿਆਰ ਕਰਦੇ ਹਨ। 'ਮਿੱਟੀਕੂਲ' ਦੇ ਨਾਂਅ ਨਾਲ ਤਿਆਰ ਹੋ ਕੇ ਵਿਕਣ ਵਾਲੇ ਇਹ ਉਪਕਰਣ ਵਾਤਾਵਰਣ ਦੇ ਅਨੁਕੂਲ, ਟਿਕਾਊ ਅਤੇ ਪ੍ਰਭਾਵੀ ਹੋਣ ਦੇ ਨਾਲ-ਨਾਲ ਸਸਤੇ ਵੀ ਹਨ।

ਉਦਾਹਰਣ ਵਜੋਂ ਅਸੀਂ ਉਨ੍ਹਾਂ ਦੇ ਮੁੱਖ ਅਤੇ ਸਭ ਤੋਂ ਪ੍ਰਸਿੱਧ ਉਤਪਾਦ ਮਿੱਟੀ ਦੇ ਰੈਫ਼ਰੀਜਿਰੇਟਰ ਨੂੰ ਲੈ ਲੈਂਦੇ ਹਾਂ, ਜਿਸ ਦੇ ਉਹ ਹੁਣ ਤੱਕ 9 ਹਜ਼ਾਰ ਤੋਂ ਵੱਧ ਪੀਸ ਦੇਸ਼ ਭਰ ਵਿੱਚ ਵੇਚ ਚੁੱਕੇ ਹਨ। ਤਿੰਨ ਹਜ਼ਾਰ ਰੁਪਏ ਤੋਂ ਕੁੱਝ ਵੱਧ ਦੀ ਕੀਮਤ ਵਾਲਾ ਇਹ ਉਤਪਾਦ ਸਹੀ ਅਰਥਾਂ ਵਿੱਚ ਗ਼ਰੀਬ ਦੇ ਘਰ ਦਾ ਫ਼੍ਰਿਜ ਹੈ। 'ਪੈਸੇ ਵਾਲਾ ਤਾਂ ਕੁੱਝ ਵੀ ਖ਼ਰੀਦ ਸਕਦਾ ਹੈ ਪਰ ਗ਼ਰੀਬ ਲਈ ਇੱਕ ਫ਼੍ਰਿਜ ਖ਼ਰੀਦਣਾ ਬਹੁਤ ਟੇਢੀ ਖੀਰ ਹੈ। ਇਸੇ ਲਈ ਮੈਂ ਸੋਚਿਆ ਕਿ ਕਿਉਂ ਨਾ ਇੱਕ ਅਜਿਹੀ ਚੀਜ਼ ਤਿਆਰ ਕਰਾਂ ਜੋ ਗ਼ਰੀਬ ਤੋਂ ਗ਼ਰੀਬ ਵਿਅਕਤੀ ਦੀ ਪਹੁੰਚ ਵਿੱਚ ਹੋਵੇ ਅਤੇ ਉਹ ਖ਼ਰੀਦ ਕੇ ਉਸ ਦਾ ਉਪਯੋਗ ਕਰ ਸਕੇ।' ਪ੍ਰਜਾਪਤੀ ਕਹਿੰਦੇ ਹਨ।

ਮਿੱਟੀ ਦੇ ਇਸ ਫ਼੍ਰਿਜ ਅੰਦਰ ਤਾਪਮਾਨ ਕਮਰੇ ਦੇ ਤਾਪਮਾਨ ਦੇ ਮੁਕਾਬਲੇ ਲਗਭਗ 8 ਡਿਗਰੀ ਘੱਟ ਰਹਿੰਦਾ ਹੈ। ਇਸ ਵਿੱਚ ਸਬਜ਼ੀਆਂ ਚਾਰ ਦਿਨ ਅਤੇ ਦੁੱਧ ਦੋ ਦਿਨਾਂ ਤੱਕ ਤਾਜ਼ਾ ਰਹਿੰਦੇ ਹਨ। ਇਹ 15 ਇੰਚ ਚੌੜਾ, 12 ਇੰਚ ਡੂੰਘਾ ਅਤੇ 26 ਇੰਚ ਲੰਮਾ ਹੈ, ਜਿਸ ਨੂੰ ਬਹੁਤ ਆਰਾਮ ਨਾਲ ਰਸੋਈ ਘਰ ਵਿੱਚ ਜਾਂ ਘਰ ਦੇ ਕਿਸੇ ਵੀ ਕੋਣੇ ਵਿੱਚ ਰੱਖਿਆ ਜਾ ਸਕਦਾ ਹੈ। ਜ਼ਿਆਦਾਤਰ ਖ਼ਰੀਦਦਾਰ ਇਸ ਨੂੰ ਰਸੋਈਘਰ ਦੀ ਸਲੈਬ ਉਤੇ ਰੱਖਣਾ ਪਸੰਦ ਕਰਦੇ ਹਨ।

ਇਹ ਫ਼੍ਰਿਜ ਇਹ ਸਾਧਾਰਣ ਵਿਗਿਆਨਕ ਸਿਧਾਂਤ ਉਤੇ ਕੰਮ ਕਰਦਾ ਹੈ, ਜਿਸ ਵਿੱਚ ਵਾਸ਼ਪੀਕਰਣ ਠੰਢਾ ਰੱਖਣ ਦਾ ਕਾਰਣ ਬਣਦਾ ਹੈ। ਮਿੱਟੀ ਦੇ ਫ੍ਰਿੱਜ ਦੀ ਛੱਤ, ਕੰਧ ਅਤੇ ਤਲ ਵਿੱਚ ਭਰਿਆ ਪਾਣੀ ਵਾਸ਼ਪੀਕ੍ਰਿਤ ਹੋ ਕੇ ਇਸ ਨੂੰ ਠੰਢਾ ਰੱਖਣ ਵਿੱਚ ਮਦਦ ਕਰਦਾ ਹੈ। ਇਸ ਤਰ੍ਹਾਂ ਦੋ ਭਾਗਾਂ ਵਿੱਚ ਵੰਡੇ ਫ੍ਰਿੱਜ ਵਿੱਚ ਰੱਖੀਆਂ ਸਬਜ਼ੀਆਂ ਅਤੇ ਖਾਣ ਦਾ ਸਾਮਾਨ ਲੰਮੇ ਸਮੇਂ ਤੱਕ ਤਾਜ਼ਾ ਅਤੇ ਠੰਢਾ ਬਣਿਆ ਰਹਿੰਦਾ ਹੈ।

ਪ੍ਰਜਾਪਤੀ ਫ੍ਰਿਜ ਅਤੇ ਹੋਰ ਘਰੇਲੂ ਉਪਕਰਣ ਸਿਰਫ਼ ਸਾਧਾਰਣ ਮਿੱਟੀ ਨਾਲ ਬਣਾਉਂਦੇ ਹਨ। ਉਨ੍ਹਾਂ ਦੇ ਪੁਰਖੇ ਘੁਮਿਆਰ ਸਨ ਅਤੇ ਉਨ੍ਹਾਂ ਨੇ ਮਿੱਟੀ ਦੇ ਬਣੇ ਉਤਪਾਦਾਂ ਨੂੰ ਪਲਾਸਟਿਕ ਦੇ ਬਣੇ ਸਾਮਾਨ ਸਾਹਮਣੇ ਢੇਰ ਹੁੰਦਿਆਂ ਬਹੁਤ ਨੇੜਿਓਂ ਤੱਕਿਆ ਹੈ। ਭਾਰਤ ਵਿੱਚ ਵਧਦੇ ਸੰਸਾਰੀਕਰਣ ਦੇ ਚਲਦਿਆਂ ਕਈ ਕਾਰੀਗਰਾਂ ਨੂੰ ਆਪਣੇ ਪੁਸ਼ਤੈਨੀ ਕਿੱਤੇ ਛੱਡਣ ਲਈ ਮਜਬੂਰ ਹੋਣਾ ਪਿਆ ਹੈ। ਪ੍ਰਜਾਪਤੀ ਦੇ ਪਿਤਾ ਵੀ ਉਨ੍ਹਾਂ ਵਿਚੋਂ ਇੱਕ ਸਨ। 'ਮੇਰੇ ਪਿਤਾ ਨੇ ਵੀ ਘੁਮਿਆਰ ਦਾ ਜੱਦੀ-ਪੁਸ਼ਤੀ ਕੰਮ ਛੱਡ ਕੇ ਘਰ ਦਾ ਖ਼ਰਚਾ ਚੁੱਕਣ ਲਈ ਮਜ਼ਦੂਰੀ ਸ਼ੁਰੂ ਕਰ ਦਿੱਤੀ ਸੀ।' ਪ੍ਰਜਾਪਤੀ ਦਸਦੇ ਹਨ।

ਬਦਲਦੇ ਵਿਸ਼ਵ ਦ੍ਰਿਸ਼ ਦੇ ਬਾਵਜੂਦ ਪ੍ਰਜਾਪਤੀ ਨੇ ਕੇਵਲ ਆਪਣੇ ਪੁਸ਼ਤੈਨੀ ਹੁਨਰ ਨੂੰ ਮੁੜ-ਸੁਰਜੀਤ ਕੀਤਾ ਹੈ, ਸਗੋਂ ਇਹ ਵੀ ਸਿੱਧ ਕਰ ਵਿਖਾਇਆ ਹੈ ਕਿ ਹੱਥ ਦੇ ਕਾਰੀਗਾਰਾਂ ਭਾਵ ਦਸਤਕਾਰਾਂ ਲਈ ਹਾਲੇ ਆਸ ਦੀ ਕਿਰਨ ਬਾਕੀ ਹੈ। ਲਗਭਗ ਇੱਕ ਸਾਲ ਤੱਕ ਚਾਹ ਦੀ ਦੁਕਾਨ ਚਲਾਉਣ ਤੋਂ ਬਾਅਦ ਪ੍ਰਜਾਪਤੀ ਨੇ ਟਾਈਲ ਬਣਾਉਣ ਦੇ ਇੱਕ ਕਾਰਖਾਨੇ ਵਿੱਚ ਨਿਗਰਾਨ ਵਜੋਂ ਕੰਮ ਕੀਤਾ, ਜਿੱਥੇ ਉਨ੍ਹਾਂ ਦੇ ਅਚੇਤ ਮਨ ਵਿੱਚ ਪਿਆ ਘੁਮਿਆਰ ਦਾ ਰੁਝਾਨ ਮੁੜ ਜਾਗਿਆ। ''ਉਥੇ ਕੰਮ ਕਰਦੇ-ਕਰਦੇ ਮੈਨੂੰ ਮਹਿਸੂਸ ਹੋਇਆ ਕਿ ਮੈਂ ਪੁਸ਼ਤੈਨੀ ਤੌਰ ਉਤੇ ਤਾਂ ਘੁਮਿਆਰ ਹਾਂ ਅਤੇ ਜੇ ਮਿੱਟੀ ਨਾਲ ਸਫ਼ਲਤਾਪੂਰਬਕ ਟਾਈਲਾਂ ਬਣ ਸਕਦੀਆਂ ਹਨ, ਤਾਂ ਹੋਰ ਉਤਪਾਦ ਕਿਉਂ ਨਹੀਂ ਬਣ ਸਕਦੇ।''

1989 'ਚ 24 ਸਾਲ ਦੀ ਉਮਰੇ ਉਨ੍ਹਾਂ ਮਿੱਟੀ ਦੇ ਨਾਲ ਆਪਣੇ ਪ੍ਰਯੋਗ ਸ਼ੁਰੂ ਕੀਤੇ। ਅਰੰਭ ਵਿੱਚ ਉਨ੍ਹਾਂ ਨੇ ਮਿਟੀ ਨਾਲ ਨਾੱਨ-ਸਟਿੱਕ ਪੈਨ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਹੌਲੀ-ਹੌਲੀ ਉਹ ਕਈ ਤਰ੍ਹਾਂ ਦੀ ਮਿੱਟੀ ਨਾਲ ਪ੍ਰਯੋਗ ਕਰਨ ਲੱਗੇ।

ਇਸ ਵੇਲੇ ਉਨ੍ਹਾਂ ਦੇ ਬਣਾਏ ਉਤਪਾਦ ਇੰਨੇ ਸਫ਼ਲ ਹਨ ਕਿ ਗਾਹਕਾਂ ਦੀ ਵਧਦੀ ਮੰਗ ਨੂੰ ਪੂਰਾ ਕਰਨ ਅਤੇ ਮਿੱਟੀ ਦੇ ਅਣਗਿਣਤ ਉਤਪਾਦ ਤਿਆਰ ਕਰਨ ਲਈ ਉਨ੍ਹਾਂ ਨੂੰ ਕਈ ਕਾਰਖਾਨੇ ਖੋਲ੍ਹਣੇ ਪਏ ਹਨ। ਪ੍ਰਜਾਪਤੀ ਵੱਲੋਂ ਖ਼ੁਦ ਤਿਆਰ ਕੀਤੀਆਂ ਗਈਆਂ ਵੱਡੀਆਂ ਮਸ਼ੀਨਾਂ ਕੁੱਠ ਹੀ ਛਿਣਾਂ ਵਿੱਚ ਮਿੱਟੀ ਨੂੰ ਸੈਂਕੜਿਆਂ ਦੀ ਗਿਣਤੀ ਵਿੱਚ ਉਤਪਾਦਾਂ ਵਿੱਚ ਢਾਲ ਦਿੰਦੀਆਂ ਹਨ, ਜਿਸ ਨਾਲ ਉਹ ਵਧਦੀ ਹੋਈ ਮੰਗ ਨੂੰ ਸਮੇਂ ਸਿਰ ਪੂਰਾ ਕਰ ਸਕਦੇ ਹਨ। ਇਸ ਵੇਲੇ ਉਨ੍ਹਾਂ ਦਾ ਕਾਰੋਬਾਰ 45 ਲੱਖ ਰੁਪਏ ਸਾਲਾਨਾ ਤੋਂ ਵੱਧ ਦਾ ਹੈ ਅਤੇ ਉਨ੍ਹਾਂ ਕੋਲ 35 ਤੋਂ ਵੱਧ ਲੋਕ ਕੰਮ ਕਰ ਰਹੇ ਹਨ।

ਪਰ ਸਿਖ਼ਰ ਤੱਕ ਪੁੱਜਣ ਦਾ ਉਨ੍ਹਾਂ ਦਾ ਸਫ਼ਰ ਇੰਨਾ ਆਸਾਨ ਵੀ ਨਹੀਂ ਸੀ। ਇਹ ਕੰਮ ਸ਼ੁਰੂ ਕਰਨ ਲਈ ਉਨ੍ਹਾਂ ਨੂੰ 19 ਲੱਖ ਰੁਪਏ ਦਾ ਕਰਜ਼ਾ ਲੈਣਾ ਪਿਆ ਸੀ। ਮੁਢਲੀਆਂ ਨਾਕਾਮੀਆਂ ਤੋਂ ਘਬਰਾਏ ਬਿਨਾਂ ਉਨ੍ਹਾਂ ਆਪਣਾ ਸਫ਼ਰ ਜਾਰੀ ਰੱਖਿਆ ਅਤੇ ਲੋਕਾਂ ਦੇ ਪ੍ਰੋਤਸਾਹਨ ਤੋਂ ਬਾਅਦ ਉਹ ਇੱਕ ਤੋਂ ਬਾਅਦ ਇੱਕ ਸਫ਼ਲ ਉਤਪਾਦ ਬਣਾਉਂਦੇ ਗਏ।

ਉਨ੍ਹਾਂ ਦੇ ਉਤਪਾਦ ਸਮੁੱਚੇ ਭਾਰਤ ਤੋਂ ਇਲਾਵਾ ਵਿਦੇਸ਼ ਵਿੱਚ ਵੀ ਮਕਬੂਲ ਹੋ ਰਹੇ ਹਨ। ਇਸ ਵਰ੍ਹੇ ਪ੍ਰਜਾਪਤੀ ਦੇ ਬਣਾਏ ਉਤਪਾਦ ਅਫ਼ਰੀਕਾ ਲਈ ਬਰਾਮਦ ਹੋਏ ਹਨ ਅਤੇ ਉਨ੍ਹਾਂ ਦੁਬਈ ਲਈ ਮਿੱਟੀ ਦੇ ਬਣੇ 100 ਫ਼੍ਰਿਜਾਂ ਦੀ ਪਹਿਲੀ ਖੇਪ ਵੀ ਭੇਜੀ ਹੈ।

ਘਰੇਲੂ ਉਤਪਾਦਾਂ ਦੀ ਸਫ਼ਲਤਾ ਤੋਂ ਬਾਅਦ ਹੁਣ ਪ੍ਰਜਾਪਤੀ ਮਿੱਟੀ ਨਾਲ ਬਣੇ ਇੱਕ ਘਰ ਦਾ ਨਿਰਮਾਣ ਕਰਨ ਦੀ ਦਿਸ਼ਾ ਵਿੱਚ ਮਿਹਨਤ ਕਰ ਰਹੇ ਹਨ, ਜਿਸ ਨੂੰ ਉਹ ਮਿੱਟੀਕੂਲ ਘਰ ਦੇ ਨਾਂਅ ਨਾਲ ਦੁਨੀਆਂ ਸਾਹਮਣੇ ਲਿਆਉਣਾ ਚਾਹੁੰਦੇ ਹਨ। ਇਹ ਮਿੱਟੀ ਦਾ ਬਣਿਆ ਇੱਕ ਅਜਿਹਾ ਘਰ ਹੋਵੇਗਾ, ਜੋ ਕੁਦਰਤੀ ਤੌਰ ਉਤੇ ਗਰਮੀਆਂ ਵਿੱਚ ਠੰਢਾ ਅਤੇ ਸਰਦੀਆਂ ਵਿੱਚ ਗਰਮ ਰਹੇਗਾ।

ਜਿੱਥੋਂ ਤੱਕ ਉਨ੍ਹਾਂ ਦੇ ਸਹੁਰੇ ਪਰਿਵਾਰ ਦੀ ਗੱਲ ਹੈ, ਤਾਂ ਅੱਜ ਉਹ ਪ੍ਰਜਾਪਤੀ ਦੀ ਸਫ਼ਲਤਾ ਤੋਂ ਡਾਢੇ ਖ਼ੁਸ਼ ਹਨ ਅਤੇ ਉਨ੍ਹਾਂ ਉਤੇ ਮਾਣ ਵੀ ਮਹਿਸੂਸ ਕਰਦੇ ਹਨ।