17 ਸਾਲਾ ਕੁੜੀ ਲੋੜਵੰਦਾਂ ਨੂੰ ਵਿਖਾ ਰਹੀ ਹੈ 'ਦੁਨੀਆ'

0

ਦ੍ਰਿਸ਼ਟੀ ਨੂੰ 'ਵੇਖਣ ਦੀ ਸਮਰੱਥਾ ਅਤੇ ਅਵਸਥਾ' ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਪਰ ਇਸ ਸ਼ਬਦ ਦਾ ਮੂਲ-ਅਰਥ ਸਿਰਫ਼ ਇੰਨਾ ਹੀ ਨਹੀਂ ਹੈ। ਦੂਜਿਆਂ ਦੀ ਮਦਦ ਕਰਨ ਦਾ ਮਤਲਬ ਸਿਰਫ਼ ਦੂਜਿਆਂ ਨੂੰ ਖਾਣਾ-ਪੀਣਾ ਦੇਦ ਅਤੇ ਕੱਪੜੇ ਦੇਣ ਜਾਂ ਉਨ੍ਹਾਂ ਲਈ ਸਿੱਖਿਆ ਦਾ ਪ੍ਰਬੰਧ ਕਰਨਾ ਹੀ ਨਹੀਂ ਹੈ। ਜੇ ਤੁਹਾਡੇ ਅੰਦਰ ਦੂਜਿਆਂ ਦੀ ਮਦਦ ਕਰਨਦੀ ਦੂਰ-ਦ੍ਰਿਸ਼ਟੀ ਹੈ, ਤਾਂ ਤੁਸੀਂ ਰਾਹ ਵਿੱਚ ਆਉਣ ਵਾਲੀਆਂ ਪਰੇਸ਼ਾਨੀਆਂ ਨੂੰ ਪਾਰ ਕਰ ਕੇ ਸਮਾਜ ਲਈ ਕੁੱਝ ਕਰ ਸਕਦੇ ਹੋ। 17 ਸਾਲ ਦੀ ਆਰੂਸ਼ੀ ਗੁਪਤਾ ਇਸ ਗੱਲ ਦੀ ਜਿਊਂਦੀ-ਜਾਗਦੀ ਉਦਾਹਰਣ ਹੈ।

ਆਰੂਸ਼ੀ ਦਿੱਲੀ ਦੇ ਬਾਰਾਖੰਭਾ ਰੋਗ ਸਥਿਤ ਮਾਡਰਨ ਸਕੂਲ 'ਚ ਇੰਟਰ ਦੀ ਪੜ੍ਹਾਈ ਕਰ ਰਹੀ ਹੈ। ਸਾਲ 2009 ਵਿੱਚ ਆਰੂਸ਼ੀ ਨੇ ਅੱਖਾਂ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਦੀ ਮਦਦ ਕਰਨ ਦੀ ਠਾਦੀ ਅਤੇ ਆਪਣੇ ਪੱਧਰ ਉਤੇ ਇਸ ਦਿਸ਼ਾ ਵਿੱਚ ਇੱਕ 'ਸਪੈਕਟੈਕੁਲਰ' ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ਅਧੀਨ ਆਰੂਸ਼ੀ ਨੇ ਲੋਕਾਂ ਦੀਆਂ ਅਜਿਹੀਆਂ ਐਨਕਾਂ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ, ਜਿਨ੍ਹਾਂ ਨੂੰ ਲੋਕ ਪੁਰਾਣੀਆਂ ਹੋ ਜਾਣ ਉਤੇ ਨਹੀਂ ਵਰਤਦੇ ਅਤੇ ਸੁੱਟ ਦਿੰਦੇ ਹਨ। ਆਰੂਸ਼ੀ ਅਜਿਹੀਆਂ ਐਨਕਾਂ ਜਮ੍ਹਾ ਕਰ ਕੇ 'ਹੈਲਪ ਏਜ ਇੰਡੀਆ', ਜਨ ਸੇਵਾ ਫ਼ਾਊਂਡੇਸ਼ਨ ਅਤੇ 'ਗੂੰਜ' ਜਿਹੇ ਐਨ.ਜੀ.ਓਜ਼ ਤੱਕ ਪਹੁੰਚਾ ਦਿੰਦੀ ਹੈ, ਜਿੱਥੋਂ ਇਨ੍ਹਾਂ ਨੂੰ ਲੋੜਵੰਦਾਂ ਤੱਕ ਪਹੁੰਚਾਇਆ ਜਾਂਦਾ ਹੈ। ਆਰੂਸ਼ੀ ਦਸਦੀ ਹੈ ਕਿ ਇਸ ਤਰ੍ਹਾਂ ਦਾ ਵਿਚਾਰ ਸਭ ਤੋਂ ਪਹਿਲਾਂ ਉਨ੍ਹਾਂ ਦੇ ਮਨ ਵਿੱਚ 10 ਸਾਲ ਦੀ ਉਮਰ ਵਿੱਚ ਆਇਆ ਸੀ। ਉਦੋਂ ਉਨ੍ਹਾਂ ਨੂੰ ਪਹਿਲੀ ਵਾਰ ਮਹਿਸੂਸ ਹੋਇਆ ਕਿ ਉਨ੍ਹਾਂ ਦੀ ਪੁਰਾਣੀ ਐਨਕ ਕਿਸੇ ਗ਼ਰੀਬ ਦੇ ਕੰਮ ਆ ਸਕਦੀ ਹੈ ਅਤੇ ਉਸ ਨੂੰ ਕਿਸੇ ਲੋੜਵੰਦ ਨੂੰ ਦਿੱਤਾ ਜਾ ਸਕਦਾ ਹੈ। ਥੋੜ੍ਹਾ ਵੱਡਾ ਹੋਣ ਉਤੇ ਉਨ੍ਹਾਂ ਨੇ ਇਸ ਬਾਰੇ ਗੰਭੀਰਤਾ ਨਾਲ ਸੋਚਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੂੰ ਸਮਝ ਆਇਆ ਕਿ ਇਹ ਮੁੱਦਾ ਉਨ੍ਹਾਂ ਦੀ ਸੋਚ ਨਾਲੋਂ ਬਹੁਤ ਵੱਡਾ ਹੈ। ਸ਼ੁਰੂਆਤ ਵਿੱਚ ਉਨ੍ਹਾਂ ਦੀ ਘੱਟ ਉਮਰ ਨੇ ਰੁਕਾਵਟ ਪਾਈ ਪਰ ਧੁਨ ਦੀ ਪੱਕੀ ਆਰੂਸ਼ੀ ਨੇ ਵੀ ਹਾਰ ਨਾ ਮੰਨੀ ਅਤੇ ਸਮੇਂ ਦੇ ਨਾਲ ਦੂਜਿਆਂ ਦੀ ਮਦਦ ਕਰਨ ਦਾ ਸੁਫ਼ਨਾ ਸੱਚ ਹੁੰਦਾ ਗਿਆ।

ਵਰਤਮਾਨ ਸਮੇਂ ਵਿੱਚ ਸਾਡੇ ਦੇਸ਼ 'ਚ ਲਗਭਗ 15 ਕਰੋੜ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਨਜ਼ਰ ਵਿੱਚ ਨੁਕਸ ਕਾਰਣ ਐਨਕ ਦੀ ਲੋੜ ਹੁੰਦੀ ਹੈ ਪਰ ਆਰਥਿਕ ਤੰਗ ਕਾਰਣ ਉਹ ਉਨ੍ਹਾਂ ਨੂੰ ਖ਼ਰੀਦ ਨਹੀਂ ਸਕਦੇ। ਆਪਣੀ ਸਮਾਜਕ ਜ਼ਿੰਮੇਵਾਰੀ ਅਧੀਨ ਆਰੂਸ਼ੀ ਆਂਢ-ਗੁਆਂਢ, ਐਨਕਾਂ ਦੀਆਂ ਦੁਕਾਨਾਂ, ਵੱਖੋ-ਵੱਖਰੀਆਂ ਸੰਸਥਾਵਾਂ ਅਤੇ ਆਪਣੇ ਜਾਣ-ਪਛਾਣ ਵਾਲਿਆਂ ਕੋਲੋਂ ਪੁਰਾਣੀਆਂ ਐਨਕਾਂ ਇਕੱਠੀਆਂ ਕਰ ਕੇ ਭਿੰਨ-ਭਿੰਨ ਐਨ.ਜੀ.ਓਜ਼ ਤੱਕ ਪਹੁੰਚਾਉਂਦੀ ਹੈ। ਇਸ ਤੋਂ ਇਲਾਵਾ ਉਹ ਵਿਭਿੰਨ ਸਮਾਜਕ ਸੰਸਥਾਵਾਂ ਦੀ ਮਦਦ ਨਾਲ ਅਲੱਗ-ਅਲੱਗ ਇਲਾਕਿਆਂ ਵਿੱਚ ਮੁਫ਼ਤ ਕੈਂਪ ਲਗਵਾਉਣ ਤੋਂ ਇਲਾਵਾ ਮੋਤੀਆ-ਬਿੰਦ ਦੇ ਆੱਪਰੇਸ਼ਨ ਕਰਵਾਉਣ ਦੇ ਕੈਂਪ ਦਾ ਆਯੋਜਨ ਵੀ ਕਰਵਾਉਂਦੇ ਹਨ। ਹੁਣ ਤੱਕ ਦੇ ਸਫ਼ਰ ਵਿੱਚ ਉਨ੍ਹਾਂ ਦੇ ਮਾਤਾ-ਪਿਤਾ ਨੇ ਉਨ੍ਹਾਂ ਦਾ ਪੂਰਾ ਸਹਿਯੋਗ ਦਿੱਤਾ ਹੈ ਅਤੇ ਆਪਣੇ ਪੱਧਰ ਉਤੇ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਹੈ। ਇੱਥੋਂ ਤੱਕ ਕਿ ਉਨ੍ਹਾਂ ਦੇ ਸਕੂਲ ਨੇ ਵੀ ਹੁਣ ਤੱਕ ਉਨ੍ਹਾਂ ਦੇ ਇਸ ਨੇਕ ਕੰਮ ਵਿੱਚ ਸਹਾਇਤਾ ਕੀਤੀ ਹੈ। ਚੁਪਾਸਿਓਂ ਮਿਲੀ ਮਦਦ ਦੇ ਬਾਵਜੂਦ ਆਰੂਸ਼ੀ ਦਾ ਸਫ਼ਰ ਇੰਨਾ ਆਸਾਨ ਵੀ ਨਹੀਂ ਰਿਹਾ ਹੈ। ਦੂਜਿਆਂ ਨੂੰ ਆਪਣੇ ਇਸ ਵਿਚਾਰ ਬਾਰੇ ਸਮਝਾਉਣਾ ਸਭ ਤੋਂ ਵੱਡੀ ਔਕੜ ਰਹੀ। ਆਰੂਸ਼ੀ ਦਸਦੇ ਹਨ ਕਿ ਸ਼ੁਰੂਆਤ ਵਿੱਚ ਕਈ ਵਾਰ ਲੋਕਾਂ ਵੱਲੋਂ ਕੋਈ ਪ੍ਰਤੀਕਿਰਿਆ ਨਾ ਮਿਲਣ ਉਤੇ ਉਨ੍ਹਾ ਨੂੰ ਬਹੁਤ ਨਿਰਾਸ਼ਾ ਹੁੰਦੀ ਸੀ।

ਆਰੂਸ਼ੀ ਜਨਤਕ ਸਥਾਨਾਂ ਉਤੇ ਡ੍ਰੌਪ ਬਾੱਕਸ ਰੱਖ ਦਿੰਦੇ ਹਨ, ਜਿਸ ਵਿੱਚ ਆਪਣੀਆਂ ਪੁਰਾਣੀਆਂ ਐਨਕਾਂ ਪਾ ਦਿੰਦੇ ਹਨ। ਆਪਣੀ ਇਸ ਮੁਹਿੰਮ ਨੂੰ ਵਧੇਰੇ ਲੋਕਾਂ ਤੱਕ ਪਹੁੰਚਾਉਣ ਲਈ ਆਰੂਸ਼ੀ ਰੋਜ਼ਾਨਾ ਕਈ ਲੋਕਾਂ ਨੂੰ ਮਿਲਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਇਸ ਕੰਮ ਬਾਰੇ ਜਿਵੇਂ ਵੀ ਸੰਭਵ ਹੋਵੇ, ਸਮਝਾਉਣ ਦਾ ਜਤਨ ਕਰਦੇ ਹਨ। ਇਸ ਤੋਂ ਇਲਾਵਾ ਉਹ ਵੀ ਕਈ ਤਰ੍ਹਾਂ ਦੇ ਜਤਨ ਕਰ ਕੇ ਵੱਧ ਤੋਂ ਵੱਧ ਲੋਕਾਂ ਨੂੰ ਆਪਣੀਆਂ ਪੁਰਾਣੀਆਂ ਐਨਕਾਂ ਦਾਨ ਕਰਨ ਲਈ ਪ੍ਰੇਰਦੇ ਹਨ।

ਆਰੂਸ਼ੀ ਵੱਲੋਂ ਕੀਤੇ ਗਏ ਜਤਨ ਫ਼ਿਜ਼ੂਲ ਨਹੀਂ ਗਏ ਅਤੇ ਤਕਰੀਬਨ 1,500 ਤੋਂ ਵੱਧ ਲੋਕ ਉਨ੍ਹਾਂ ਦੀ ਇਸ ਮੁਹਿੰਮ ਦਾ ਲਾਭ ਉਠਾ ਚੁੱਕੇ ਹਨ। ਆਰੂਸ਼ੀ ਕਹਿੰਦੇ ਹਨ ਕਿ 'ਦਾਨ ਕਰਨ ਦੀ ਕੋਈ ਕੀਮਤ ਨਹੀਂ ਹੈ ਪਰ ਇਸ ਤੋਂ ਤੁਸੀਂ ਕਈ ਲੋਕਾਂ ਦਾ ਆਸ਼ੀਰਵਾਦ ਲੈ ਸਕਦੇ ਹੋ।'

ਆਖ਼ਰ ਆਰੂਸ਼ੀ ਦੇ ਇਸ ਜਤਨ ਨੂੰ ਉਸ ਸਮੇਂ ਮਾਨਤਾ ਮਿਲੀ, ਜਦੋਂ ਉਨ੍ਹਾਂ ਨੂੰ ਇਸ ਮੁਹਿੰਮ ਲਈ ਚੌਥੇ ਸਾਲਾਨਾ 'ਪੈਰਾਮੇਰਿਕਾ ਸਪਿਰਿਟ ਆੱਫ਼ ਕਮਿਊਨਿਟੀ ਐਵਾਰਡਜ਼' ਦੇ ਫ਼ਾਈਨਲਿਸਟ ਦੇ ਰੂਪ ਵਿੱਚ ਚੁਣਿਆ ਗਿਆ। ਆਰੂਸ਼ੀ ਕਹਿੰਦੇ ਹਨ ਕਿ ਇਸ ਮੁਹਿੰਮ ਨੂੰ ਲੋਕਾਂ ਕੋਲੋਂ ਮਿਲ਼ੀ ਸ਼ਲਾਘਾ ਅਤੇ ਨਾਮਣੇ ਨਾਲ ਉਨ੍ਹਾਂ ਨੂੰ ਲਗਾਤਾਰ ਅੱਗੇ ਵਧਣ ਦੀ ਪ੍ਰੇਰਣਾ ਮਿਲਦੀ ਹੈ।

ਲੇਖਕ: ਨਿਸ਼ਾਂਤ ਗੋਇਲ

ਅਨੁਵਾਦ: ਸਿਮਰਨਜੀਤ ਕੌਰ