ਪਿਤਾ ਦੀ ਆਖ਼ਿਰੀ ਇੱਛਾ ਪੂਰੀ ਕਰਣ ਨੂੰ ਛੱਡੀ ਵਿਦੇਸ਼ 'ਚ ਨੌਕਰੀ; ਅੱਡੇ ਮੂਹਰੇ ਸਾੰਭ ਲਿਆ ਪਿਉ ਦਾ ਸ਼ੁਰੂ ਕੀਤਾ ਚਾਹ ਦਾ ਖੋਖਾ  

0

ਛੇ ਵਰ੍ਹੇ ਵਿਦੇਸ਼ ‘ਚ ਨੌਕਰੀ ਕਰ ਆਉਣ ਮਗਰੋਂ ਮੁੜ ਆਉਣਾ ਅਤੇ ਬਸ ਅੱਡੇ ਮੂਹਰੇ ਚਾਹ ਦਾ ਖੋਖਾ ਲਾ ਲੈਣਾ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੋ ਸਕਦੀ, ਉਹ ਵੀ ਸਿਰਫ਼ ਇਸ ਲਈ ਕੇ ਆਖਿਰੀ ਸਾਹਾਂ ਲੈ ਰਹੇ ਉਸ ਦੇ ਪਿਤਾ ਨੇ ਉਸਨੂੰ ਉਹ ਕੰਮ ਸਾੰਭ ਲੈਣ ਲਈ ਕਿਹਾ. ਉਹੀ ਕੰਮ ਅਤੇ ਅੱਡਾ ਜਿੱਥੋਂ ਕਮਾਈ ਕਰ ਕੇ ਉਨ੍ਹਾਂ ਨੇ ਆਪਣੇ ਮੁੰਡੇ ਨੂੰ ਕਮਾਈ ਕਰਨ ਲਈ ਵਿਦੇਸ਼ ਭੇਜਿਆ ਸੀ, ਕੁਲਦੀਪ ਸਿੰਘ ਉਰਫ਼ ਸੋਨੂ ਨੇ ਆਪਣੇ ਪਿਓ ਦੀ ਆਖਿਰੀ ਇੱਛਾ ਪੂਰੀ ਕਰਨ ਲਈ ਇੱਕ ਮਿਨਟ ਨਹੀਂ ਲਾਇਆ. ਪਿਉ ਦੇ ਮੌਤ ਮਗਰੋਂ ਮੁੜ ਵਿਦੇਸ਼ ਜਾ ਕੇ ਪਰਿਵਾਰ ਲਈ ਪੈਸੇ ਭੇਜਦੇ ਰਹਿਣ ਦੀ ਥਾਂ ਸੋਨੂ ਨੇ ਪਰਿਵਾਰ ਦੇ ਨਾਲ ਰਹਿ ਕੇ ਉਨ੍ਹਾਂ ਦੀ ਜ਼ਿਮੇਦਾਰੀ ਨਿਭਾਉਣ ਦਾ ਫ਼ੈਸਲਾ ਕੀਤਾ.

ਪਾਰਿਵਾਰਿਕ ਰਿਸ਼ਤਿਆਂ ਅਤੇ ਜ਼ਿਮੇਦਾਰੀਆਂ ਦਾ ਅਹਿਸਾਸ ਮਨਣ ਵਾਲੇ ਸੋਨੂ ਦੀ ਕਹਾਣੀ ਡੂੰਘਾ ਅਸਰ ਛੱਡਦੀ ਹੈ. ਕਹਾਣੀ ਫ਼ਿਲਮੀ ਵੀ ਲੱਗ ਸਕਦੀ ਹੈ ਅਤੇ ਕੁਝ-ਕੁਝ ਹੈ ਵੀ. ਜਿਸ ਪਿਤਾ ਨੇ ਚੰਡੀਗੜ੍ਹ ਬਸ ਅੱਡੇ ਮੂਹਰੇ ਚਾਹ ਦਾ ਖੋਖਾ ਚਲਾ ਕੇ ਪੂਰੇ ਪਰਿਵਾਰ ਨੂੰ ਪਾਲਿਆ, ਚਾਰ ਬੱਚਿਆਂ ਨੂੰ ਵੱਡਾ ਕੀਤਾ, ਉਸ ਪਿਤਾ ਦੀ ਆਖਿਰੀ ਇੱਛਾ ਲਈ ਵੱਡੇ ਮੁੰਡੇ ਸੋਨੂ ਨੇ ਆਪਨੇ ਵਿਦੇਸ਼ ਦੇ ਸਾਰੇ ਸੁਪਨੇ ਇੱਕ ਛਿਨ ਵਿੱਚ ਹੀ ਇੱਕ ਪਾਸੇ ਰੱਖ ਦਿੱਤੇ ਅਤੇ ਉਹ ਵੀ ਬਿਨਾਹ ਕਿਸੇ ਸ਼ਿਕਾਇਤ ਦੇ.

ਸੋਨੂ 22 ਸਾਲ ਦੀ ਉਮਰ ਵਿੱਚ ਨੌਕਰੀ ਕਰਨ ਇਟਲੀ ਚਲਾ ਗਿਆ ਸੀ. ਪਿਤਾ ਚੰਡੀਗੜ੍ਹ ਦੇ ਸੈਕਟਰ 22 ‘ਚ ਦੁਕਾਨਾਂ ਦੇ ਮੂਹਰੇ ਚਾਹ ਦਾ ਖੋਖਾ ਲਾਉਂਦੇ ਸਨ. ਇਸੇ ਖੋਖੇ ‘ਤੇ ਮਿਹਨਤ ਨਾਲ ਪੈਸੇ ਕਮਾ ਕੇ ਉਨ੍ਹਾਂ ਨੇ ਚਾਰ ਭੈਣ-ਭਰਾਵਾਂ ‘ਚੋਂ ਸਭ ਤੋਂ ਵੱਡੇ ਸੋਨੂ ਨੂੰ ਸਾਲ 2005 ਵਿੱਚ ਨੌਕਰੀ ਲਈ ਇਟਲੀ ਭੇਜ ਦਿੱਤਾ. ਉੱਥੇ ਉਸ ਨੂੰ ਇੱਕ ਸਟੋਰ ਵਿੱਚ ਨੌਕਰੀ ਮਿਲ ਗਈ ਅਤੇ ਪੈਸਾ ਵੀ ਕਮਾਉਣ ਲੱਗ ਪਿਆ.

ਸੋਨੂ ਕਹਿੰਦਾ ਹੈ-

“ਵਿਦੇਸ਼ ਜਾ ਕੇ ਪੈਸਾ ਤਾਂ ਆਉਣ ਲੱਗ ਪਿਆ ਪਰ ਮਾਂ-ਪਿਓ ਅਤੇ ਪਰਿਵਾਰ ਦੀ ਕੀਮਤ ਵੀ ਜਾਣ ਗਿਆ. ਪੈਸੇ ਕਮਾ ਕੇ ਘਰ ਭੇਜਦਾ ਸੀ ਤਾਂ ਜੋ ਗਰਮੀ-ਸਿਆਲ ਅਤੇ ਮੀਂਹ ‘ਚ ਇੱਕ ਛਤਰੀ ਹੇਠਾਂ ਸਟੂਲ ਉਪਰ ਸਟੋਵ ਰੱਖ ਕੇ ਚਾਹ ਬਣਾਉਂਦੇ ਪਿਤਾ ਨੂੰ ਆਰਾਮ ਦੇ ਸਕਦਾ. ਵਿਦੇਸ਼ ਜਾ ਕੇ ਸਮਝ ਆਇਆ ਕੇ ਪਿਤਾ ਨੇ ਸਾਨੂੰ ਵੱਡਾ ਕਰਨ ਲਈ ਕਿੰਨੀ ਮਿਹਨਤ ਕੀਤੀ ਸੀ ਅਤੇ ਕਦੇ ਚਿਹਰੇ ‘ਤੇ ਸ਼ਿਕਨ ਨਹੀਂ ਆਉਣ ਦਿੱਤੀ.”

ਇਟਲੀ ‘ਚ ਰਹਿੰਦਿਆ ਪੈਸਾ ਬਣਾ ਲਿਆ. ਸੋਨੂ ਦੱਸਦਾ ਹੈ ਕੇ ਉੱਥੇ ਰਹਿੰਦਿਆ ਉਹ ਵੀ ਵਿਦੇਸ਼ੀ ਜਿਹਾ ਹੀ ਹੋਣ ਲੱਗ ਪਿਆ. ਚਿੱਤ ਲੱਗਣ ਲੱਗਾ ਅਤੇ ਉੱਥੇ ਹੀ ਵਸ ਜਾਣ ਦਾ ਵਿਚਾਰ ਵੀ ਆ ਗਿਆ. ਪਰ ਉਸੇ ਦੌਰਾਨ ਪਿਤਾ ਜੀ ਨੂੰ ਹਾਰਟ ਅਟੈਕ ਆਉਣ ਦੀ ਖ਼ਬਰ ਲੱਗੀ.

ਸਬ ਕੁਝ ਛੱਡ ਕੇ ਭੱਜ ਕੇ ਚੰਡੀਗੜ੍ਹ ਆਇਆ. ਉਹ ਪਿਤਾ ਜੀ ਨਾਲ ਆਖਿਰੀ ਮੁਲਾਕਾਤ ਸੀ.

ਸੋਨੂ ਨੇ ਦੱਸਿਆ-

“ਉਨ੍ਹਾਂ ਕੋਲ ਬੈਠਿਆਂ ਮੈਨੂੰ ਲੱਗਾ ਉਹ ਮੈਨੂੰ ਇੱਥੇ ਰਹਿ ਕੇ ਹੀ ਪਰਿਵਾਰ ਦੀ ਜ਼ਿਮੇਦਾਰੀ ਸਾੰਭ ਲੈਣ ਲਈ ਕਹਿ ਰਹੇ ਸਨ. ਪਰ ਵਿਦੇਸ਼ ‘ਚ ਜਾ ਵਸੇ ਅਤੇ ਉੱਥੇ ਦੀ ਸਹੂਲੀਅਤਾਂ ਦੀ ਆਦਤ ਪਾ ਚੁੱਕੇ ਬੇਟੇ ਨੂੰ ਕੁਝ ਕਹਿ ਨਹੀਂ ਪਾ ਰਹੇ ਸਨ.”

ਸੋਨੂ ਉਸ ਮੌਕੇ ਨੂੰ ਯਾਦ ਕਰਦੇ ਹੋਏ ਕਹਿੰਦੇ ਹਨ ਕੇ ਉਹ ਸਮਝ ਗਿਆ ਸੀ. ਮਾਂ, ਦੋ ਨਿੱਕੀਆਂ ਭੈਣਾਂ ਅਤੇ ਇੱਕ ਭਰਾ ਦੀ ਜ਼ਿਮੇਦਾਰੀ ਸਾੰਭ ਲੈਣ ਦਾ ਫ਼ੈਸਲਾ ਕਰਨ ਲਈ ਸੋਨੂ ਨੇ ਇੱਕ ਮਿਨਟ ਹੀ ਲਾਇਆ. ਵਿਦੇਸ਼ ‘ਚ ਵੱਸਣ ਦੇ ਸੁਪਨੇ ਨੂੰ ਠੁੱਡ ਮਾਰ ਦਿੱਤੀ.

ਸੋਨੂ ਕਹਿੰਦਾ ਹੈ-

“ਪਰਿਵਾਰ ਵੱਡਮੁੱਲਾ ਹੁੰਦਾ ਹੈ. ਵਿਦੇਸ਼ੀ ਪੈਸਾ ਖਿੱਚਦਾ ਤਾਂ ਹੈ ਪਰ ਆਪਣੇ ਲੋਕਾਂ ਕੋਲੋਂ ਦੂਰ ਰਹਿ ਕੇ ਕਮਾਈ ਦਾ ਵੀ ਕੋਈ ਮਜ਼ਾ ਨਹੀਂ ਹੈ.”

ਪਿਤਾ ਦੇ ਅਕਾਲ ਚਲਾਣਾ ਕਰ ਜਾਣ ਮਗਰੋਂ ਸੋਨੂ ਨੇ ਚਾਹ ਦਾ ਓਹੁ ਖੋਖਾ ਸਾੰਭ ਲਿਆ ਅਤੇ ਪਰਿਵਾਰ ਨੂੰ ਵੀ. ਇਹ ਪੁੱਛਣ ‘ਤੇ ਕਿ ਕਿਵੇਂ ਲਗਦਾ ਹੈ ਵਿਦੇਸ਼ ‘ਚ ਸਟੋਰ ਦੀ ਨੌਕਰੀ ਛੱਡ ਕੇ ਇੱਥੇ ਚਾਹ ਦਾ ਖੋਖਾ ਚਲਾਉਣ ਲੱਗੇ, ਉਹ ਕਹਿੰਦਾ ਹੈ ਮਾੜਾ ਤਾਂ ਪਹਿਲਾਂ ਵੀ ਨਹੀਂ ਲੱਗਾ ਪਰ ਹੁਣ ਚੰਗਾ ਲੱਗਦਾ ਹੈ. ਹੁਣ ਲੋਕ ਆਉਂਦੇ ਹਨ ਫ਼ੋਰਨ-ਰਿਟਰਨ ਚਾਹ ਵਾਲੇ ਨੂੰ ਲੱਭਦੇ ਹੋਏ.

ਸੋਨੂ ਕਹਿੰਦਾ ਹੈ ਕੇ ਮਾਂ-ਪਿਉ ਅਤੇ ਭੈਣ-ਭਰਾਵਾਂ ਨੂੰ ਛੱਡ ਕੇ ਵਿਦੇਸ਼ ਜਾਣ ਦੀ ਜਿੱਦ ਫੜੇ ਬੈਠੇ ਰਹਿੰਦੇ ਮੁੰਡਿਆਂ ਨੂੰ ਇਹ ਸੋਚਣਾ ਚਾਹਿਦਾ ਹੈ ਕੇ ਖੁਸ਼ੀ ਤਾਂ ਆਪਣਿਆਂ ‘ਚ ਰਹਿ ਕੇ ਹੀ ਮਿਲਦੀ ਹੈ.

ਉਸ ਉੱਪਰ ਹੁਣ ਭਰਾ ਨੂੰ ਪੜ੍ਹਾਉਣ ਦੀ ਜ਼ਿਮੇਦਾਰੀ ਹੈ, ਨਿੱਕੀ ਭੈਣ ਦੇ ਵਿਆਹ ਦੀ ਵੀ ਫ਼ਿਕਰ ਹੈ ਪਰ ਚਾਹ ਦੇ ਖੋਖੇ ‘ਤੇ ਖੜ ਕੇ ਇੰਜ ਜਾਪਦਾ ਹੈ ਜਿਵੇਂ ਪਿਉ ਦੀ ਆਸ਼ੀਰਵਾਦ ਨਾਲ ਆ ਕੇ ਖਲ੍ਹੋ ਜਾਂਦਾ ਹੈ. ਪਿਉ ਦੀ ਥਾਂ ‘ਤੇ ਖੜ ਕੇ ਦਿਹਾੜੀ ਦੇ ਪੰਜ-ਸੱਤ ਸੌ ਦੀ ਕਮਾਈ ਕਰਕੇ ਜਦੋਂ ਸ਼ਾਮ ਨੂੰ ਪਰਿਵਾਰ ਨਾਲ ਬੈਠਦਾ ਹਾਂ ਤਾਂ ਡਾੱਲਰਾਂ ਦੀ ਕਮਾਈ ਛੋਟੀ ਲਗਦੀ ਹੈ

ਲੇਖਕ: ਰਵੀ ਸ਼ਰਮਾ