ਮਜ਼ਦੂਰੀ ਕਰ ਕੇ 9 ਰੁਪਏ ਰੋਜ਼ ਕਮਾ ਕੇ ਬਹੁਤ ਔਖਿਆਈ ਨਾਲ ਪੜ੍ਹਾਈ ਕਰਨ ਵਾਲੀ ਆਰਤੀ ਅੱਜ ਮੁਫ਼ਤ ਪੜ੍ਹਾ ਰਹੀ ਹੈ ਸੈਂਕੜੇ ਕੁੜੀਆਂ ਨੂੰ

ਮਜ਼ਦੂਰੀ ਕਰ ਕੇ 9 ਰੁਪਏ ਰੋਜ਼ ਕਮਾ ਕੇ ਬਹੁਤ ਔਖਿਆਈ ਨਾਲ ਪੜ੍ਹਾਈ ਕਰਨ ਵਾਲੀ ਆਰਤੀ ਅੱਜ ਮੁਫ਼ਤ ਪੜ੍ਹਾ ਰਹੀ ਹੈ ਸੈਂਕੜੇ ਕੁੜੀਆਂ ਨੂੰ

Tuesday March 08, 2016,

6 min Read

ਮੁੰਬਈ ਦੇ ਝੁੱਗੀ-ਝੌਂਪੜੀ ਇਲਾਕੇ ਵਿੱਚ ਰਹਿਣ ਵਾਲੀ ਉਹ ਕੁੜੀ ਜੋ 10ਵੀਂ ਜਮਾਤ ਵਿਚੋਂ ਫ਼ੇਲ੍ਹ ਹੋ ਗਈ ਸੀ, ਉਸ ਨੂੰ ਉਸ ਦੇ ਘਰ ਵਾਲਿਆਂ ਨੈ ਅੱਗੇ ਪੜ੍ਹਨ ਨਹੀਂ ਦਿੱਤਾ; ਜਿਸ ਤੋਂ ਬਾਅਦ ਉਸ ਕੁੜੀ ਨੇ ਰੋਜ਼ਾਨਾ ਮਜ਼ਦੂਰੀ ਕਰ ਕੇ ਹਰ ਦਿਨ 9 ਰੁਪਏ ਕਮਾਏ ਅਤੇ ਉਨ੍ਹਾਂ ਪੈਸਿਆਂ ਨੂੰ ਇਕੱਠਾ ਕਰ ਕੇ ਕੁੱਝ ਸਾਲਾਂ ਬਾਅਦ ਅਗਲੇਰੀ ਪੜ੍ਹਾਈ ਕੀਤੀ। ਅੱਜ ਉਹੀ ਕੁੜੀ ਆਪਣੇ ਸੰਗਠਨ 'ਸਖੀ' ਰਾਹੀਂ ਝੁੱਗੀ-ਬਸਤੀ ਵਿੱਚ ਰਹਿਣ ਵਾਲੀਆਂ ਹੋਰ ਲੜਕੀਆਂ ਨੂੰ ਪੜ੍ਹਾਉਣ ਦਾ ਕੰਮ ਕਰ ਰਹੀ ਹੈ, ਤਾਂ ਜੋ ਉਨ੍ਹਾਂ ਕੁੜੀਆਂ ਦੀ ਪੜ੍ਹਾਈ ਅਧਵਾਟੇ ਨਾ ਛੁੱਟੇ।

ਕਿਸੇ ਵੀ ਸਮਾਜ ਦੇ ਵਿਕਾਸ ਵਿੱਚ ਸਿੱਖਿਆ ਦਾ ਅਹਿਮ ਯੋਗਦਾਨ ਹੁੰਦਾ ਹੈ। ਸਾਡੇ ਦੇਸ਼ ਵਿੱਚ ਆਜ਼ਾਦੀ ਦੇ 69 ਸਾਲਾਂ ਬਾਅਦ ਵੀ ਸਮਾਜ ਦੇ ਕਈ ਹਿੱਸਿਆਂ ਵਿੱਚ ਸਿੱਖਿਆ ਦਾ ਪੱਧਰ ਬਹੁਤ ਹੀ ਖ਼ਰਾਬ ਹੈ ਅਤੇ 7ਵੀਂ ਅਤੇ 8ਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਸਿੱਖਿਆ ਦਾ ਮੁਢਲਾ ਗਿਆਨ ਜਿਵੇਂ ਗਿਣਤੀ, ਪਹਾੜੇ, ਜੋੜ-ਘਟਾਉਣਾ ਅਤੇ ਅੰਗਰੇਜ਼ੀ ਸ਼ਬਦਾਂ ਦਾ ਗਿਆਨ ਵੀ ਨਹੀਂ ਹੁੰਦਾ ਹੈ। ਜਿਸ ਕਾਰਣ 10ਵੀਂ ਵਿੱਚ ਬੋਰਡ ਦੀ ਪ੍ਰੀਖਿਆ ਵਿੱਚ ਬੱਚੇ ਫ਼ੇਲ੍ਹ ਹੋ ਜਾਂਦੇ ਹਨ। ਬੱਚਿਆਂ ਦੀਆਂ ਇਨ੍ਹਾਂ ਪਰੇਸ਼ਾਨੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਮੁੰਬਈ ਦੇ ਮੁਲੰਡ ਇਲਾਕੇ ਵਿੱਚ ਰਹਿਣ ਵਾਲੀ ਆਰਤੀ ਨਾਇਕ। ਆਰਤੀ ਆਪਣੇ ਸੰਗਠਨ 'ਸਖੀ' ਰਾਹੀਂ ਝੁੱਗੀ-ਬਸਤੀ ਵਿੱਚ ਰਹਿਣ ਵਾਲੀਆਂ ਲਗਭਗ 400 ਕੁੜੀਆਂ ਨੂੰ ਸਿੱਖਿਆ ਦੀ ਮੁਢਲੀ ਜਾਣਕਾਰੀ ਦੇ ਰਹੇ ਹਨ।

ਆਰਤੀ ਅਨੁਸਾਰ,''ਮੈਨੂੰ ਇਸ ਸੰਗਠਨ ਨੂੰ ਸ਼ੁਰੂ ਕਰਨ ਦਾ ਵਿਚਾਰ ਉਦੋਂ ਆਇਆ, ਜਦੋਂ ਮੈਨੂੰ 10ਵੀਂ ਜਮਾਤ ਵਿੱਚੋਂ ਫ਼ੇਲ੍ਹ ਹੋਣ ਕਾਰਣ ਆਪਣੀ ਪੜ੍ਹਾਈ ਛੱਡਣੀ ਪਈ ਕਿਉਂਕਿ ਮੇਰੇ ਮਾਪਿਆਂ ਦੀ ਆਰਥਿਕ ਹਾਲਤ ਅਜਿਹੀ ਨਹੀਂ ਸੀ ਕਿ ਮੈਂ ਅੱਗੇ ਦੀ ਪੜ੍ਹਾਈ ਕਰ ਸਕਾਂ। ਪੜ੍ਹਾਈ ਛੱਡਣ ਤੋਂ ਬਾਅਦ ਲਗਭਗ 4 ਸਾਲਾਂ ਤੱਕ ਮੈਂ ਘਰ ਰਹਿ ਕੇ ਚੂੜੀਆਂ ਅਤੇ ਫ਼ਰੈਂਡਸ਼ਿਪ ਬੈਂਡ ਬਣਾਉਣ ਦਾ ਕੰਮ ਕੀਤਾ, ਇਸ ਲਈ ਮੈਨੂੰ ਹਰ ਰੋਜ਼ 9 ਰੁਪਏ ਮਿਲਦੇ ਸਨ। ਇਸ ਤਰ੍ਹਾਂ ਚਾਰ ਵਰ੍ਹਿਆਂ ਤੱਕ ਪੈਸੇ ਜਮ੍ਹਾ ਕਰਨ ਤੋਂ ਬਾਅਦ ਮੈਂ ਆਪਣੀ ਪੜ੍ਹਾਈ ਮੁੜ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਅਤੇ 12ਵੀਂ ਦੀ ਪ੍ਰੀਖਿਆ ਵਿੱਚ ਮੈਂ ਪਹਿਲੇ ਸਥਾਨ 'ਤੇ ਆਈ।''

ਆਰਤੀ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਇਸ ਤੋਂ ਬਾਅਦ ਸਮਾਜ-ਸ਼ਾਸਤਰ ਵਿੱਚ ਬੀ.ਏ. ਦੀ ਪੜ੍ਹਾਈ ਨਾਸਿਕ ਦੀ ਯਸ਼ਵੰਤ ਰਾਏ ਓਪਨ ਯੂਨੀਵਰਸਿਟੀ ਤੋਂ ਮੁਕੰਮਲ ਕੀਤੀ। ਫ਼ਿਲਹਾਲ ਉਹ ਇੰਟਰਨੈਸ਼ਨਲ ਮਾਂਟੈਸਰੀ ਟੀਚਰ ਟ੍ਰੇਨਿੰਗ ਦਾ ਕੋਰਸ ਕਰ ਰਹੇ ਹਨ।

image


ਆਰਤੀ ਅਨੁਸਾਰ,''ਸਾਲ 2008 ਵਿੱਚ ਮੈਂ 5 ਕੁੜੀਆਂ ਨਾਲ ਆਪਣੇ ਸੰਗਠਨ 'ਸਖੀ' ਦੀ ਸ਼ੁਰੂਆਤ ਕੀਤੀ। ਸ਼ੁਰੂ ਵਿੱਚ ਲੋਕ ਮੇਰੇ ਕੋਲ ਕੁੜੀਆਂ ਨੂੰ ਪੜ੍ਹਨ ਲਈ ਨਹੀਂ ਭੇਜਦੇ ਸਨ ਕਿਉਂਕਿ ਮੈਂ ਬੱਚਿਆਂ ਨੂੰ ਕੇਵਲ ਸਿੱਖਿਆ ਦਾ ਬੇਸਿਕ ਗਿਆਨ ਹੀ ਦਿੰਦੀ ਸਾਂ ਅਤੇ ਝੁੱਗੀ-ਬਸਤੀ ਵਿੱਚ ਰਹਿਣ ਵਾਲੀਆਂ ਕੁੜੀਆਂ ਦੇ ਮਾਪਿਆਂ ਦਾ ਕਹਿਣਾ ਸੀ ਕਿ ਉਨ੍ਹਾਂ ਦੀਆਂ ਕੁੜੀਆਂ ਪੜ੍ਹਨ ਲਈ ਸਕੂਲ ਜਾਂਦੀਆਂ ਹਨ ਅਤੇ ਉਨ੍ਹਾਂ ਲਈ ਉਹੀ ਕਾਫ਼ੀ ਹੈ।''

ਇੱਕ ਸਾਲ ਬਾਅਦ ਉਨ੍ਹਾਂ ਨੇ ਇਨ੍ਹਾਂ ਕੁੜੀਆਂ ਨਾਲ ਰੋਡ ਸ਼ੋਅ ਦਾ ਆਯੋਜਨ ਕੀਤਾ, ਜਿਸ ਨੂੰ ਆਰਤੀ ਨੇ ਨਾਂਅ ਦਿੱਤਾ 'ਬਾਲ ਮੇਲਾਵਾ'। ਇਸ ਵਿੱਚ ਕੁੜੀਆਂ ਨੇ ਆਪਣੇ ਸੁਫ਼ਨੇ ਬਾਰੇ ਦੱਸਣਾ ਸੀ ਕਿ ਉਹ ਜੀਵਨ ਵਿੱਚ ਕੀ ਬਣਨਾ ਚਾਹੁੰਦੀਆਂ ਹਨ। ਜਿਸ ਦੇ ਜਵਾਬ ਵਿੱਚ ਝੁੱਗੀ-ਬਸਤੀ ਵਿੱਚ ਰਹਿਣ ਵਾਲੀਆਂ ਕੁੜੀਆਂ ਨੇ ਦੱਸਿਆ ਕਿ ਕੋਈ ਅਧਿਆਪਕਾ ਬਣਨਾ ਚਾਹੁੰਦੀ ਸੀ, ਤੇ ਕੋਈ ਨਰਸ ਬਣ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਸੀ। ਖ਼ਾਸ ਗੱਲ ਇਹ ਸੀ ਕਿ ਉਨ੍ਹਾਂ ਦੀ ਇਸ ਮੁਹਿੰਮ ਦਾ ਲੋਕਾਂ ਉੱਤੇ ਬਹੁਤ ਹੀ ਹਾਂ-ਪੱਖੀ ਅਸਰ ਪਿਆ। ਨਾਲ ਹੀ ਕੁੱਝ ਮਹੀਨਿਆਂ ਬਾਅਦ ਜਦੋਂ ਇਨ੍ਹਾਂ ਕੁੜੀਆਂ ਦਾ ਨਤੀਜਾ ਆਇਆ, ਤਾਂ ਕਾਫ਼ੀ ਵਧੀਆ ਸੀ; ਜਿਸ ਤੋਂ ਬਾਅਦ ਉਨ੍ਹਾਂ ਕੋਲ ਆਉਣ ਵਾਲੀਆਂ ਕੁੜੀਆਂ ਗਿਣਤੀ ਵਧਣ ਲੱਗੀ। ਅੱਜ ਲਗਭਗ 400 ਕੁੜੀਆਂ ਨੂੰ ਪੜ੍ਹਾਉਣ ਦਾ ਕੰਮ ਕਰ ਰਹੇ ਹਨ। ਕੁੜੀਆਂ ਨੂੰ ਉਹ ਦੋ ਵਾਰੀਆਂ ਵਿੱਚ ਪੜ੍ਹਾਉਂਦੇ ਹਨ; ਪਹਿਲੀ ਵਾਰੀ ਸ਼ਾਮੀਂ 5 ਵਜੇ ਤੋਂ 7 ਵਜੇ ਤੱਕ ਹੁੰਦੀ ਹੈ ਅਤੇ ਦੂਜੀ ਵਾਰੀ 7 ਤੋਂ 9 ਵਜੇ ਤੱਕ।

ਆਰਤੀ ਇੱਕ ਘਟਨਾ ਨੂੰ ਚੇਤੇ ਕਰਦਿਆਂ ਦਸਦੇ ਹਨ ਕਿ ''ਇੱਕ ਕੁੜੀ ਜਿਸ ਦਾ ਨਾਂਅ ਸਾਕਸ਼ੀ ਹੈ, ਉਸ ਦੀ ਮਾਂ ਜਦੋਂ ਬਾਜ਼ਾਰ ਤੋਂ ਉਸ ਤੋਂ ਕੁੱਝ ਸਾਮਾਨ ਮੰਗਵਾਉਂਦੀ ਸੀ, ਤਾਂ ਬਾਜ਼ਾਰ ਪਹੁੰਚਣ ਤੱਕ ਉਹ ਸਭ ਕੁੱਝ ਭੁੱਲ ਜਾਂਦੀ ਸੀ। ਇਹ ਵੇਖ ਕੇ ਉਸ ਦੀ ਮਾਂ ਬਹੁਤ ਹੀ ਪਰੇਸ਼ਾਨ ਰਹਿੰਦੀ ਸੀ, ਉਦੋਂ ਮੈਂ ਉਸ ਦੀ ਮਾਂ ਨੂੰ ਕਿਹਾ ਕਿ ਸਾਕਸ਼ੀ ਨੂੰ ਮੇਰੇ ਕੋਲ ਪੜ੍ਹਨ ਲਈ ਭੇਜੇ। ਅੱਜ ਮੈਂ ਲਭਗ 5 ਸਾਲਾਂ ਤੋਂ ਉਸ ਨੂੰ ਪੜ੍ਹਾ ਰਹੀ ਹਾਂ ਅਤੇ ਇਸ ਵੇਲੇ ਉਹ 11ਵੀਂ ਜਮਾਤ ਵਿੱਚ ਪੜ੍ਹਦੀ ਹੈ।''

ਆਰਤੀ ਪੜ੍ਹਾਈ ਦੇ ਨਾਲ-ਨਾਲ ਕੁੜੀਆਂ ਲਈ ਸਾਲ 2010 ਤੋਂ ਗਰਲਜ਼ ਸੇਵਿੰਗਜ਼ ਬੈਂਕ ਵੀ ਚਲਾ ਰਹੇ ਹਨ। ਇਸ ਅਧੀਨ ਇੱਥੇ ਹਰੇਕ ਕੁੜੀ ਕੋਲ ਇੱਕ ਗੋਲਕ ਹੁੰਦੀ ਹੈ, ਉਸ ਗੋਲਕ ਵਿੱਚ ਕੁੜੀਆਂ ਨੇ ਆਪਣੀ ਬੱਚਤ ਦੇ ਪੈਸੇ ਪਾਉਣੇ ਹੁੰਦੇ ਹਨ ਅਤੇ ਮਹੀਨੇ ਦੇ ਅੰਤ ਵਿੱਚ ਕੁੜੀਆਂ ਦੇ ਮਾਪਿਆਂ ਦੀ ਮੌਜੂਦਗੀ ਵਿੱਚ ਗੋਲਕ ਖੋਲ੍ਹ ਕੇ ਉਸ ਵਿੱਚ ਜਮ੍ਹਾ ਰਕਮ ਨੂੰ ਵੇਖਿਆ ਜਾਂਦਾ ਹੈ, ਨਾਲ ਹੀ ਜਮ੍ਹਾ ਪੈਸੇ ਦਾ ਰਿਕਾਰਡ ਵੀ ਰੱਖਿਆ ਜਾਂਦਾ ਹੈ। ਕੁੜੀਆਂ ਨੂੰ ਇਸ ਗੱਲ ਦੀ ਛੋਟ ਹੁੰਦੀ ਹੈ ਕਿ ਆਪਣੀ ਪੜ੍ਹਾਈ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਇਸ ਵਿਚੋਂ ਜਦੋਂ ਚਾਹੁਣ ਪੈਸੇ ਕੱਢ ਸਕਦੀਆਂ ਹਨ।

ਆਰਤੀ ਸਾਲ 2011 ਤੋਂ ਇੱਕ ਅੰਗਰੇਜ਼ੀ ਗਰਲਜ਼ ਲਾਇਬਰੇਰੀ ਵੀ ਚਲਾ ਰਹੇ ਹਨ, ਜਿਸ ਵਿੱਚ ਮੁਢਲੇ ਗਿਆਨ ਦੀਆਂ ਲਗਭਗ 400 ਕਿਤਾਬਾਂ ਰੱਖੀਆਂ ਗਈਆਂ ਹਨ। ਕੁੜੀਆਂ ਨੂੰ ਰੋਟੇਸ਼ਨ ਭਾਵ 'ਵਾਰੀ-ਵਾਰੀ' ਦੀ ਪ੍ਰਕਿਰਆ ਨਾਲ ਹਰ ਹਫ਼ਤੇ ਕਿਤਾਬਾਂ ਮਿਲਦੀਆਂ ਹਨ। ਆਰਤੀ ਦੇ ਇਸ ਨੇਕ ਕੰਮ ਵਿੱਚ ਸੀ.ਜੇ. ਹੇਠਨ ਨਾਂਅ ਦੀ ਮਹਿਲਾ ਮਦਦ ਕਰਦੀ ਹੈ। ਉਨ੍ਹਾਂ ਦੀ ਮਦਦ ਨਾਲ ਆਰਤੀ ਨੇ ਆਪਣੇ ਝੁੱਗੀ-ਬਸਤੀ ਇਲਾਕੇ ਵਿੱਚ ਇੱਕ ਕਮਿਊਨਿਟੀ ਹਾੱਲ ਕਿਰਾਏ 'ਤੇ ਲੈ ਲਿਆ ਹੈ, ਜਿਸ ਵਿੱਚ ਉਨ੍ਹਾਂ ਨੇ ਲਾਇਬਰੇਰੀ ਖੋਲ੍ਹ ਰੱਖੀ ਹੈ। ਇੱਥੇ ਆ ਕੇ ਝੁੱਗੀ-ਬਸਤੀ ਵਿੱਚ ਰਹਿਣ ਵਾਲੀਆਂ ਕੁੜੀਆਂ ਮੁਫ਼ਤ ਵਿੱਚ ਕਿਤਾਬਾਂ ਪੜ੍ਹ ਸਕਦੀਆਂ ਹਨ।

ਆਰਤੀ ਇੱਥੇ ਹੀ ਨਹੀਂ ਰੁਕੇ, ਉਹ ਕੁੜੀਆਂ ਨੂੰ ਪੜ੍ਹਾਈ ਅਤੇ ਜੀਵਨ-ਹੁਨਰ ਦੇ ਨਾਲ-ਨਾਲ ਖੇਡ-ਕੁੱਦ ਦਾ ਗਿਆਨ ਵੀ ਦੇਣਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ ਪਿਛਲੇ ਵਰ੍ਹੇ ਜੁਲਾਈ ਵਿੱਚ ਆਪਣੇ ਜਨਮ ਦਿਨ ਮੌਕੇ ਗਰਲਸ ਸਪੋਰਟਸ ਸਕੂਲ ਦੀ ਸਥਾਪਨਾ ਕੀਤੀ। ਇਸ ਵਿੱਚ ਉਹ ਕੁੜੀਆਂ ਨੂੰ ਇਨਡੋਰ ਅਤੇ ਆਊਟਡੋਰ ਗੇਮ ਨੂੰ ਕਮਿਊਨਿਟੀ ਹਾੱਲ ਦੇ ਅੰਦਰ ਅਤੇ ਆਊਟਡੋਰ ਗੇਮ ਨੂੰ ਉਹ ਕਮਿਊਨਿਟੀ ਹਾੱਲ ਦੇ ਕੋਲ ਹੀ ਰੋਡ ਉੱਤੇ ਖਿਡਾਉਂਦੇ ਹਨ।

ਆਰਤੀ ਪੜ੍ਹਾਈ ਅਤੇ ਖੇਡ-ਕੁੱਦ ਦੇ ਨਾਲ ਬੱਚਿਆਂ ਦੀ ਸਿਹਤ ਦਾ ਵੀ ਪੂਰਾ ਧਿਆਨ ਰਖਦੇ ਹਨ। ਦੋ ਮਹੀਨੇ ਪਹਿਲਾਂ ਹੀ ਉਨ੍ਹਾਂ ਨੇ ਕੁੜੀਆਂ ਲਈ ਪ੍ਰੋਟੀਨ ਐਕਟੀਵਿਟੀ ਸ਼ੁਰੂ ਕੀਤੀ ਹੈ; ਤਾਂ ਜੋ ਉਨ੍ਹਾਂ ਦਾ ਸਰੀਰਕ ਵਿਕਾਸ ਚੰਗੀ ਤਰ੍ਹਾਂ ਹੋ ਸਕੇ। ਇਸ ਅਧੀਨ ਉਹ ਮਾਤਾਵਾਂ ਨੂੰ ਪ੍ਰੋਟੀਨ-ਯੁਕਤ ਖਾਣੇ ਦਾ ਮੇਨਯੂ ਦਿੰਦੇ ਹਨ, ਜਿਸ ਵਿੱਚ ਉਹ ਦਸਦੇ ਹਨ ਕਿ ਇਸ ਖਾਣੇ ਵਿੱਚ ਕਿੰਨਾ ਪ੍ਰੋਟੀਨ ਹੁੰਦਾ ਹੈ। ਆਪਣੀਆਂ ਔਕੜਾਂ ਬਾਰੇ ਆਰਤੀ ਦਾ ਕਹਿਣਾ ਹੈ ਕਿ ਜਗ੍ਹਾ ਦੀ ਘਾਟ ਕਾਰਣ ਉਹ 85 ਕੁੜੀਆਂ ਨੂੰ ਦੋ ਸ਼ਿਫ਼ਟਾਂ ਵਿੱਚ ਪੜ੍ਹਾ ਪਾਉਂਦੇ ਹਨ। ਬਾਕੀ 400 ਕੁੜੀਆਂ ਨੂੰ ਉਹ ਸਨਿੱਚਰਵਾਰ ਨੂੰ ਉਨ੍ਹਾਂ ਦੇ ਘਰ-ਘਰ ਜਾ ਕੇ ਉਨ੍ਹਾਂ ਦੀ ਪੜ੍ਹਾਈ ਵਿੱਚ ਆ ਰਹੀਆਂ ਔਕੜਾਂ ਦੂਰ ਕਰਨ ਦਾ ਕੰਮ ਕਰਦੇ ਹਨ। ਨਾਲ ਹੀ ਇਨ੍ਹਾਂ ਕੁੜੀਆਂ ਨੂੰ ਉਹ ਗਰਲਜ਼ ਬੁੱਕ ਬੈਂ ਤੋਂ ਕਿਤਾਬਾਂ ਵੀ ਦਿੰਦੇ ਹਨ। ਕਿਤਾਬਾਂ ਵੰਡਣ ਵਿੱਚ ਦੋ ਮਹਿਲਾਵਾਂ ਅਤੇ ਇੱਕ ਪੁਰਸ਼ ਇਨ੍ਹਾਂ ਦੀ ਮਦਦ ਕਰਦੇ ਹਨ।

ਅਜੇ ਹਾੱਲ ਵਿੱਚ ਆਰਤੀ ਨੂੰ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦੇ ਕੰਮ ਨੂੰ ਵੇਖਦਿਆਂ ਮੁੰਬਈ ਵਿਖੇ ਆਯੋਜਿਤ ਏਸ਼ੀਅਨ ਕਾਨਫ਼ਰੰਸ ਵਿੱਚ ਉਨ੍ਹਾਂ ਨੂੰ ਬੁਲਾਰੇ ਵਜੋਂ ਸੱਦਿਆ ਗਿਆ ਅਤੇ ਉਥੇ ਉਨ੍ਹਾਂ ਨੂੰ ਚਾਂਦੀ ਦੇ ਤਮਗ਼ੇ ਨਾਲ ਸਨਮਾਨਿਤ ਕੀਤਾ ਗਿਆ। ਭਵਿੱਖ ਦੀਆਂ ਯੋਜਨਾਵਾਂ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅਗਲੇ ਤਿੰਨ ਸਾਲਾਂ ਅੰਦਰ ਲਗਭਗ 1,000 ਕੁੜੀਆਂ ਤੱਕ ਆਪਣੀ ਪਹੁੰਚ ਬਣਾਉਣੀ ਚਾਹੁੰਦੇ ਹਨ। ਇਸ ਲਈ ਉਹ ਤਿੰਨ ਗਰਲਜ਼ ਲਰਨਿੰਗ ਸੈਂਟਰ ਅਤੇ ਗਰਲਜ਼ ਬੁੱਕ ਸੈਂਟਰ ਖੋਲ੍ਹਣਾ ਚਾਹੁੰਦੇ ਹਨ, ਤਾਂ ਜੋ ਕੁੜੀਆਂ ਨੂੰ ਵਧੀਆ ਸਿੱਖਿਆ ਮਿਲ ਸਕੇ। ਇਸ ਤੋਂ ਇਲਾਵਾ ਉਹ ਆਪਣਾ ਸਟਾਫ਼ ਵਧਾਉਣਾ ਚਾਹੁੰਦੇ ਹਨ ਕਿਉਂਕਿ ਹਾਲੇ ਪੜ੍ਹਾਈ ਦਾ ਸਾਰਾ ਕੰਮ ਉਹ ਆਪ ਹੀ ਕਰ ਰਹੇ ਹਨ। ਆਰਤੀ ਪੈਸੇ ਦੀ ਘਾਟ ਨੂੰ ਵੇਖਦਿਆਂ ਫ਼ੰਡ ਇਕੱਠੇ ਕਰਨ ਦੇ ਜਤਨ ਵੀ ਕਰ ਰਹੇ ਹਨ; ਜਿਸ ਨਾਲ ਉਹ ਵੱਧ ਤੋਂ ਵੱਧ ਕੁੜੀਆਂ ਤੱਕ ਆਪਣੀ ਪਹੁੰਚ ਬਣਾ ਸਕਣ।

ਲੇਖਕ: ਹਰੀਸ਼

ਅਨੁਵਾਦ: ਸਿਮਰਨਜੀਤ ਕੌਰ