ਸੋਲਰ ਉਰਜਾ ਨਾਲ ਜਗਮਗਾਉਂਦੀ ਜਿੰਦਗੀ 

0

ਅੰਗ੍ਰੇਜ਼ੀ ਵਿੱਚ ਇੱਕ ਅਖੌਤ ਹੈ ਕੇ ਜੇਤੂ ਕੋਈ ਵੱਖਰਾ ਕੰਮ ਨਹੀਂ ਕਰਦੇ ਸਗੋਂ ਕਿਸੇ ਵੀ ਕੰਮ ਨੂੰ ਵੱਖਰੇ ਤਰੀਕੇ ਨਾਲ ਕਰਦੇ ਹਨ. ਇਸ ਅਖੌਤ ਨੂੰ ਸਹੀ ਕਰ ਵਿਖਾਇਆ ਹੈ ਹਰੀਸ਼ ਹਾਂਡੇ ਨੇ, ਜਿਨ੍ਹਾਂ ਨੇ ਆਪਣੀ ਮਿਹਨਤ, ਲਗਨ ਅਤੇ ਹੁਨਰ ਨਾਲ ਪਿੰਡਾਂ ‘ਚ ਰਹਿਣ ਵਾਲੇ ਲੋਕਾਂ ਦੇ ਘਰਾਂ ਤਕ ਸੋਲਰ ਰੋਸ਼ਨੀ ਪਹੁੰਚਾਈ ਅਤੇ ਉਨ੍ਹਾਂ ਦੀ ਜਿੰਦਗੀ ਵਿੱਚ ਚਾਨਣਾ ਕਰ ਦਿੱਤਾ. ਇਸ ਕੰਮ ਲਈ ਹਰੀਸ਼ ਹਾਂਡੇ ਨੂੰ ਬਹੁਤ ਸਤਿਕਾਰ ਮਿਲਿਆ ਅਤੇ ਉਨ੍ਹਾਂ ਨੂੰ ਰੈਮਨ ਮੈਗਸੇਸੇ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ.

ਹਰੀਸ਼ ਦਾ ਜਨਮ ਬੰਗਲੁਰੂ ਵਿੱਖੇ ਅਤੇ ਉਨ੍ਹਾਂ ਦਾ ਬਚਪਨ ਅਤੇ ਨੌਜਵਾਨੀ ਰਾਉਰਕੇਲਾ ‘ਚ ਬੀਤੀ. ਪੜ੍ਹਾਈ ਵਿੱਚ ਉਹ ਹਮੇਸ਼ਾ ਅੱਵਲ ਨੰਬਰ ‘ਤੇ ਰਹੇ. ਉਨ੍ਹਾਂ ਨੇ ਆਈਆਈਟੀ ਖੜਗਪੁਰ ‘ਤੋਂ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਅਤੇ ਫੇਰ ਅਮਰੀਕਾ ਚਲੇ ਗਏ. ਉਥੋਂ ਮੈਸਾਚੁਸੇੰਟ ਇੰਸਟੀਟਿਉਟ ‘ਚੋਂ ਮਾਸਟਰ ਡਿਗਰੀ ਕੀਤੀ. ਇਸ ਤੋਂ ਬਾਅਦ ਉਨ੍ਹਾਂ ਨੇ ਥਰਮਲ ਸਾਇਟ ‘ਤੇ ਕੰਮ ਕਰਨਾ ਸ਼ੁਰੂ ਕੀਤਾ. ਇਸੇ ਦੌਰਾਨ ਉਨ੍ਹਾਂ ਨੂੰ ਡੋਮਨਿਕ ਰਿਪਬਲਿਕ ਜਾਣ ਦਾ ਮੌਕਾ ਮਿਲਿਆ. ਉਨ੍ਹਾਂ ਵੇਖਿਆ ਕੇ ਉਥੇ ਦੇ ਲੋਕ ਸੋਲਰ ਉਰਜਾ ਨਾਲ ਘਰਾਂ ਵਿੱਚ ਕੰਮ ਕਰ ਰਹੇ ਸਨ. ਇਹ ਵੇਖ ਕੇ ਹਰੀਸ਼ ਨੇ ਫ਼ੈਸਲਾ ਕੀਤਾ ਕੇ ਉਹ ਆਪਣੀ ਰਿਸਰਚ ਸਮਾਜਿਕ ਅਤੇ ਆਰਥਿਕ ਖੇਤਰ ਵਿੱਚ ਹੀ ਕਰਨਗੇ.

ਇਸ ਤੋਂ ਮਗਰੋਂ ਉਨ੍ਹਾਂ ਨੇ ਰਿਸਰਚ ਲਈ ਭਾਰਤ ਅਤੇ ਸ੍ਰੀਲੰਕਾ ਦੇ ਪਿੰਡਾਂ ‘ਚ ਸਮਾਂ ਬਤੀਤ ਕੀਤਾ. ਸ੍ਰੀਲੰਕਾ ਵਿੱਚ ਭਾਸ਼ਾ ਪਹਿਲੀ ਵੱਡੀ ਸਮਸਿਆ ਸੀ ਅਤੇ ਅੱਤਵਾਦ ਦੂਜੀ. ਸ੍ਰੀਲੰਕਾ ਦੇ ਪੀਂਦਾ ਵਿੱਚ ਹਰੀਸ਼ ਨੇ ਛੇ ਮਹੀਨੇ ਤੋਂ ਵੀ ਵੱਧ ਸਮਾਂ ਰਿਸਰਚ ਕੀਤੀ. ਭਾਰਤ ਦੇ ਪੇਂਡੂ ਇਲਾਕਿਆਂ ਵਿੱਚ ਕਿਸੇ ਨੂੰ ਸੋਲਰ ਉਰਜਾ ਬਾਰੇ ਕੋਈ ਗਿਆਨ ਨਹੀਂ ਸੀ. ਉਨ੍ਹਾਂ ਨੂੰ ਸਮਝ ਆਇਆ ਕੇ ਪਿੰਡ ਦੇ ਲੋਕਾਂ ਦੀ ਜਰੂਰਤਾਂ ਸ਼ਹਿਰਾਂ ਨਾਲੋਂ ਕਿਵੇਂ ਵੱਖ ਸਨ. ਪਿੰਡਾਂ ਵਿੱਚ ਰਹੀ ਕੇ ਨਵੇਂ ਕਿਸਮ ਦਾ ਗਿਆਨ ਪ੍ਰਾਪਤ ਕੀਤਾ ਜਾ ਸਕਦਾ ਸੀ.

ਹਰੀਸ਼ ਨੇ 1995 ਵਿੱਚ ਬਹੁਤ ਹੀ ਘੱਟ ਰਕਮ ਲਾ ਕੇ ਸੇਲਕੋ ਇੰਡੀਆ ਦੀ ਸ਼ੁਰੁਆਤ ਕੀਤੀ. ਕੰਪਨੀ ਦਾ ਟੀਚਾ ਸੀ ਸੋਲਰ ਉਰਜਾ ਨੂੰ ਪਿੰਡਾਂ ਵਿੱਚ ਲੈ ਕੇ ਜਾਣਾ ਅਤੇ ਪਿੰਡ ਦੇ ਲੋਕਾਂ ਨੂੰ ਇਸ ਦਾ ਫਾਇਦਾ ਦੇਣਾ. ਸ਼ੁਰੁਆਤੀ ਸਮੇਂ ਦੇ ਦੌਰਾਨ ਹਰੀਸ਼ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ. ਉਨ੍ਹਾਂ ਨੇ ਬਹੁਤ ਹੀ ਘੱਟ ਬਜਟ ਵਿੱਚ ਆਪਣਾ ਕੰਮ ਸ਼ੁਰੂ ਕੀਤਾ ਅਤੇ ਕਾਫ਼ੀ ਲੰਮੇ ਸਮੇਂ ਤਕ ਉਸਨੂੰ ਚਲਾਇਆ. ਪਰ ਉਨ੍ਹਾਂ ਨੇ ਹੌਸਲਾ ਕਾਇਮ ਰਖਿਆ ਅਤੇ ਨਵੇਂ ਆਈਡੀਆ ਸੋਚਦੇ ਰਹੇ. ਉਨ੍ਹਾਂ ਨੇ ਪਹਿਲੋਂ ਹੀ ਮੌਜੂਦ ਤਕਨੀਕ ਵਿੱਚ ਹੀ ਸੁਧਾਰ ਕੀਤਾ. ਕੰਮ ਹੌਲੇ ਹੌਲੇ ਵੱਧਦਾ ਗਿਆ. ਸ਼ੁਰੁਆਤੀ ਸਮੇਂ ਦੌਰਾਨ ਉਨ੍ਹਾਂ ਕੋਲ ਇੰਨੇ ਪੈਸੇ ਨਹੀਂ ਸੀ ਕੇ ਉਹ ਕੋਈ ਕਰਮਚਾਰੀ ਨਾਲ ਰਖ ਸਕਦੇ. ਇਸ ਲਈ ਉਹ ਹਰ ਘਰ ਵਿੱਚ ਆਪ ਜਾ ਕੇ ਸੋਲਰ ਉਰਜਾ ਦਾ ਜੰਤਰ ਲਾ ਕੇ ਆਉਂਦੇ. ਉਸ ਸਮੇਂ ਸੋਲਰ ਦੀ ਕੀਮਤ 15 ਹਜ਼ਾਰ ਰੁਪਏ ਪੈਂਦੀ ਸੀ. ਇਸ ਲਈ ਮਾਲੀ ਤੌਰ ‘ਤੇ ਸੌਖੇ ਲੋਕ ਹੀ ਸੋਲਰ ਉਰਜਾ ਜੰਤਰ ਲਾਉਣ ਲਈ ਤਿਆਰ ਹੁੰਦੇ ਸੀ.

ਹਰੀਸ਼ ਨੇ ਫ਼ੈਸਲਾ ਕੀਤਾ ਕੇ ਉਹ ਪਿੰਡਾਂ ਵਿੱਚ ਜਾ ਕੇ ਆਪਣੇ ਕੰਮ ਨੂੰ ਵੱਧਾਉਣਗੇ. ਇਸ ਲਈ ਉਨ੍ਹਾਂ ਨੇ ਫ਼ਾਇਨੇੰਸ ਸਕੀਮਾਂ ਬਾਰੇ ਵਿਚਾਰ ਕੀਤਾ ਤਾਂ ਜੋ ਗਰੀਬ ਲੋਕ ਵੀ ਸੋਲਰ ਉਰਜਾ ਦਾ ਲਾਭ ਲੈ ਸਕਣ. ਪਿੰਡਾਂ ਦੇ ਲੋਕਾਂ ਨੂੰ ਹੁਣ ਤਕ ਸੋਲਰ ਉਰਜਾ ਦਾ ਫਾਇਦਾ ਤਾਂ ਸਮਝ ਆ ਗਿਆ ਸੀ. ਉਹ ਆਪਣੇ ਘਰਾਂ ਵਿੱਚ ਸੋਲਰ ਦੀ ਰੋਸ਼ਨੀ ਤਾਂ ਕਰਨਾ ਚਾਹੁੰਦੇ ਸਨ ਪਰ ਪਰ ਪੈਸੇ ਦੀ ਪਰੇਸ਼ਾਨੀ ਹੋਣ ਕਰਕੇ ਅਜਿਹਾ ਨਹੀਂ ਸੀ ਕਰ ਪਾ ਰਹੇ.

ਹਰੀਸ਼ ਨੇ ਦੋ ਸਾਲ ਮਿਹਨਤ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਫ਼ਾਇਨੇੰਸ ਦੀ ਸੁਵਿਧਾ ਹਾਸਿਲ ਹੋ ਗਈ. ਹੁਣ ਲੋਕਾਂ ਨੂੰ ਮਾਹਵਾਰ ਕਿਸਤਾਂ ‘ਤੇ ਸੋਲਰ ਉਰਜਾ ਜੰਤਰ ਮਿਲ ਸਕਦਾ ਸੀ. ਇਸ ਸੁਵਿਧਾ ਤੋਂ ਬਾਅਦ ਲੋਕਾਂ ਵੱਲੋਂ ਸੋਲਰ ਉਰਜਾ ਦੀ ਡਿਮਾੰਡ ਆਉਣ ਲੱਗੀ. ਪਿੰਡਾਂ ਵਿੱਚ ਸੋਲਰ ਉਰਜਾ ਨਾਲ ਰੋਸ਼ਨੀ ਹੋਣ ਲੱਗੀ.

ਸੇਲਕੋ ਕੰਪਨੀ ਵਿੱਚ ਇੱਕ ਇਨੋਵੇਸ਼ਨ ਲੈਬੋਰੇਟ੍ਰੀ ਵੀ ਹੈ. ਇਸ ਦਾ ਮਕਸਦ ਪੇਂਡੂ ਇਲਾਕਿਆਂ ਦੀ ਲੋੜ ਦੇ ਮੁਤਾਬਿਕ ਨਵੇਂ ਪ੍ਰੋਡਕਟ ਤਿਆਰ ਕਰਨਾ ਹੈ. ਲੈਬੋਰੇਟ੍ਰੀ ਵਿੱਚ ਸੋਲਰ ਉਰਜਾ ਤੋਂ ਚੱਲਣ ਵਾਲੇ ਲੈੰਪ ਅਤੇ ਹੋਰ ਪ੍ਰੋਡਕਟ ਤਿਆਰ ਕੀਤੇ ਜਾਂਦੇ ਹਨ.

ਸੇਲਕੋ ਨੂੰ ਹੁਣ ਸਰਕਾਰ ਵੱਲੋਂ ਵੀ ਸਾਹਿਯਿਗ ਮਿਲ ਰਿਹਾ ਹੈ. ਰਾਜ ਸਰਕਾਰਾਂ ਵੀ ਸੋਲਰ ਉਰਜਾ ਦੇ ਇਸਤੇਮਾਲ ਨੂੰ ਵੱਧਾਉਣ ਦੇ ਉਪਰਾਲੇ ਕਰ ਰਹੀਆਂ ਹਨ. ਆਈਆਈਟੀ ਤੋਂ ਪੜ੍ਹਾਈ ਕਰਨ ਮਗਰੋਂ ਹਰੀਸ਼ ਕਿਸੇ ਵੀ ਸੰਸਥਾਨ ਵਿੱਚ ਆਰਾਮ ਦੀ ਨੌਕਰੀ ਕਰ ਸਕਦੇ ਸੀ ਪਰ ਉਨ੍ਹਾਂ ਨੇ ਜੋ ਕਰਨ ਦਾ ਫ਼ੈਸਲਾ ਕੀਤਾ, ਉਸ ਨਾਲ ਬਹੁਤ ਲੋਕਾਂ ਦਾ ਜੀਵਨ ਰੋਸ਼ਨ ਹੋ ਗਿਆ.

ਲੇਖਕ: ਆਸ਼ੁਤੋਸ਼ ਖੰਤਵਾਲ

ਅਨੁਵਾਦ: ਰਵੀ ਸ਼ਰਮਾ