ਗੋਆ 'ਚ ਨਾਮਾਤਰ ਧਨ ਨਾਲ਼ ਸ਼ੁਰੂ ਕੀਤੀ ਸਟਾਰਟ-ਅੱਪ ਨੇ ਚਾਰ ਮਹੀਨਿਆਂ 'ਚ ਫੈਲਾਇਆ ਛੇ ਸ਼ਹਿਰਾਂ ਤੱਕ ਕਾਰੋਬਾਰ

0

ਭਾਵੇਂ ਵਾਹਨਾਂ ਦੀ ਵਧਦੀ ਗਿਣਤੀ ਕਾਰਣ ਆਉਣ-ਜਾਣ ਜਾਣ ਵਿੱਚ ਕੋਈ ਔਖ ਪੇਸ਼ ਆਉਂਦੀ ਹੋਵੇ, ਤੇ ਚਾਹੇ ਕਿਸੇ ਨਵੇਂ ਸ਼ਹਿਰ 'ਚ ਜਾਣਾ ਹੋਵੇ ਜਾਂ ਉਂਝ ਹੀ ਕੋਈ ਯਾਤਰਾ ਕਰਨੀ ਹੋਵੇ; ਅੱਜ ਤੁਹਾਡੇ ਲਈ ਆਪਣਾ ਵਾਹਨ ਜਾਂ ਆਵਾਜਾਈ ਦਾ ਕੋਈ ਆਪਣਾ ਸਾਧਨ ਲਿਜਾਣ ਦੀ ਜ਼ਰੂਰਤ ਵਧਦੀ ਹੀ ਜਾ ਰਹੀ ਹੈ। ਕਿਸੇ ਹੋਰ ਡਰਾਇਵਰ ਦੀਆਂ ਸੇਵਾਵਾਂ ਲੈਣ, ਕੋਈ ਟੈਕਸੀ ਸੇਵਾ ਲੈਣ ਜਾਂ ਵਾਹਨ ਖ਼ੁਦ ਚਲਾਉਣ ਵਿਚੋਂ ਜੇ ਤੁਸੀਂ ਕੋਈ ਚੋਣ ਕਰਨੀ ਹੋਵੇ; ਤਦ ਕੀ ਕਰੋਗੇ। ਇੱਕ ਰਿਪੋਰਟ ਅਨੁਸਾਰ 60 ਤੋਂ 70 ਫ਼ੀ ਸਦੀ ਭਾਰਤੀ ਆਪਣਾ ਵਾਹਨ ਖ਼ੁਦ ਚਲਾਉਣ ਨੂੰ ਹੀ ਤਰਜੀਹ ਦਿੰਦੇ ਹਨ। ਕਈ ਨਵੀਆਂ ਕੰਪਨੀਆਂ ਹੁਣ ਇਸੇ ਗੱਲ ਨੂੰ ਧਿਆਨ 'ਚ ਰੱਖ ਕੇ ਅਰੰਭ ਕੀਤੀਆਂ ਗਈਆਂ ਹਨ; ਜਿਵੇਂ ਕਿ ਕਾਰਟੀਜ਼ਨ, ਜ਼ੂਮ ਕਾਰ ਅਤੇ ਲੈੱਟ ਮੀ ਡ੍ਰਾਈਵ। ਇਹ ਕੰਪਨੀਆਂ ਆਪਣੇ ਗਾਹਕਾਂ ਨੂੰ ਆਪਣੀਆਂ ਕਾਰਾਂ ਖ਼ੁਦ ਚਲਾ ਕੇ ਲਿਜਾਣ ਦੀ ਪ੍ਰਵਾਨਗੀ ਦਿੰਦੀਆਂ ਹਨ; ਭਾਵ ਤੁਸੀਂ ਜੇ ਕਿਤੇ ਜਾਣਾ ਹੈ, ਤਾਂ ਤੁਸੀਂ ਇਨ੍ਹਾਂ ਕੰਪਨੀਆਂ ਵਿਚੋਂ ਕਿਸੇ ਇੱਕ 'ਚ ਜਾਓਗੇ, ਉੱਥੇ ਆਪਣੀ ਜ਼ਰੂਰਤ ਦੱਸੋਗੇ। ਉਹ ਕੰਪਨੀ ਤੁਹਾਨੂੰ ਆਪਣੀਆਂ ਕੁੱਝ ਕਾਨੂੰਨੀ ਖ਼ਾਨਾ-ਪੂਰਤੀਆਂ ਕਰ ਕੇ ਆਪਣੀ ਕਾਰ ਲਿਜਾਣ ਲਈ ਦੇ ਦੇਵੇਗੀ।

ਅਜਿਹੇ ਉੱਦਮਾਂ ਵਿਚੋਂ ਹੀ ਇੱਕ ਹੈ 'ਜ਼ਿਪ-ਹੌਪ'; ਇਹ ਇੱਕ ਆੱਨਲਾਈਨ ਬੁਕਿੰਗ ਮੰਚ ਹੈ; ਜਿੱਥੇ ਤੁਸੀਂ ਖ਼ੁਦ ਚਲਾ ਕੇ ਲਿਜਾਣ ਵਾਲੀਆਂ ਕਾਰਾਂ ਜਾਂ ਮੋਟਰਸਾਇਕਲ ਬੁੱਕ ਕਰ ਸਕਦੇ ਹੋ। ਇਹ ਕੰਪਨੀ ਪਿਛਲੇ ਵਰ੍ਹੇ ਗੋਆ 'ਚ ਸ਼ੁਰੂ ਹੋਈ ਸੀ ਅਤੇ ਹੁਣ ਇਸ ਦੀ ਟੀਮ ਨੇ ਆਪਣਾ ਪਾਸਾਰ ਬੈਂਗਲੁਰੂ, ਮੁੰਬਈ, ਦਿੱਲੀ, ਹੈਦਰਾਬਾਦ, ਕੋਚੀਨ ਅਤੇ ਮੁੰਨਾਰ ਤੱਕ ਕਰ ਲਿਆ ਹੈ। ਇਸ ਮੰਚ ਉੱਤੇ ਤੁਸੀਂ ਆਪਣੀਆਂ ਵਿਭਿੰਨ ਜ਼ਰੂਰਤਾਂ ਲਈ ਹਾਰਲੇ ਡੇਵਿਡਸਨ ਤੋਂ ਲੈ ਕੇ ਹੀਰੋ ਹੌਂਡਾ ਜਾਂ ਐਕਟਿਵਾ ਤੱਕ ਜਿਹੇ ਮੋਟਰਸਾਇਕਲ ਬੁੱਕ ਕਰ ਸਕਦੇ ਹੋ। ਇਸੇ ਤਰ੍ਹਾਂ, ਉਨ੍ਹਾਂ ਕੋਲ਼ ਵੱਡੀ ਰੇਂਜ ਦੀਆਂ ਕਾਰਾਂ ਅਤੇ ਸਪੋਰਟਸ ਯੂਟਿਲਿਟੀ ਵਾਹਨ ਵੀ ਮੌਜੂਦ ਹਨ।

ਖ਼ੁਦ ਵਾਹਨ ਚਲਾਉਣ ਵਾਲੇ ਡਰਾਇਵਰ

ਪਿਛਲੇ ਵਰ੍ਹੇ ਅਗਸਤ 'ਚ, 'ਜ਼ਿਪ-ਹੌਪ' ਦੇ ਇੱਕ ਬਾਨੀ ਅਪੂਰਵ ਅਗਰਵਾਲ ਨੂੰ ਇਹ ਵਿਚਾਰ ਆਇਆ। ਉਹ ਜਲੰਧਰ ਤੋਂ ਮੁੰਬਈ ਆ ਕੇ ਵਸੇ ਹਨ। ਉਨ੍ਹਾਂ ਪਾਇਆ ਕਿ ਕਿਸੇ ਥਾਂ ਤੋਂ ਆਪਣੇ ਘਰ ਤੱਕ ਆੱਟੋ ਜਾਂ ਕੋਈ ਵਾਹਨ ਲਿਆਉਣਾ ਬਹੁਤ ਔਖਾ ਕੰਮ ਹੈ। ਇੱਕ ਦਿਨ ਜਦੋਂ ਉਹ ਬਹੁਤ ਸਾਰੇ ਲੋਕਾਂ ਨੂੰ ਮੋਟਰਸਾਇਕਲਾਂ ਉੱਤੇ ਆਉਂਦੇ-ਜਾਂਦੇ ਵੇਖ ਰਹੇ ਸਨ, ਤਾਂ ਉਨ੍ਹਾਂ ਮਹਿਸੂਸ ਕੀਤਾ ਕਿ ਵਾਹਨ ਕਿਰਾਏ 'ਤੇ ਦੇਣ ਦੀ ਸੇਵਾ ਅਰੰਭ ਕਰਨਾ ਠੀਕ ਰਹੇਗਾ। ਇੰਝ ਲੋਕ ਆਪਣੇ ਹਰੇਕ ਵੀਕਐਂਡ 'ਤੇ ਕੋਈ ਪ੍ਰੋਗਰਾਮ ਵੀ ਆਸਾਨੀ ਨਾਲ਼ ਉਲੀਕ ਸਕਣਗੇ। ਸ੍ਰੀ ਅਪੂਰਵ ਟਾਟਾ ਸਟੀਲ, ਮਹਿੰਦਰਾ ਐਂਡ ਮਹਿੰਦਰਾ ਅਤੇ ਏਸ਼ੀਅਨ ਪੇਂਟਸ ਜਿਹੀਆਂ ਵੱਡੀਆਂ ਕੰਪਨੀਆਂ ਵਿੱਚ ਕੰਮ ਕਰ ਚੁੱਕੇ ਹਨ।

ਸ੍ਰੀ ਅਪੂਰਵ ਨੇ ਤਦ ਆਪਣੇ ਮਨ ਵਿੱਚ ਆਇਆ ਇਹ ਵਿਚਾਰ ਆਪਣੇ ਦੋਸਤ ਅੰਕਿਤ ਚਤੁਰਵੇਦੀ ਨਾਲ ਸਾਂਝਾ ਕੀਤਾ, ਜੋ ਏਸ਼ੀਅਨ ਪੇਂਟਸ ਦੇ ਬ੍ਰਾਂਡ ਮੈਨੇਜਰ ਵਜੋਂ ਕੰਮ ਕਰ ਰਹੇ ਸਨ। ਦੋਵਾਂ ਨੇ ਆਪਣੀ ਇੱਕ ਨਵੀਂ ਕੰਪਨੀ ਖੋਲ੍ਹਣ ਦਾ ਫ਼ੈਸਲਾ ਕਰ ਲਿਆ ਤੇ ਉਨ੍ਹਾਂ ਨੂੰ ਆਪਣੀ ਖ਼ੁਦ ਦੀ ਟੀਮ ਤਿਆਰ ਕਰਨ ਵਿੱਚ ਕੁੱਝ ਮਹੀਨੇ ਲੱਗ ਗਏ। ਸ੍ਰੀ ਅੰਕਿਤ ਨੇ ਆਪਣੇ ਬਚਪਨ ਦੇ ਦੋਸਤ ਸੁਮਿਤ ਹਬਲਾਨੀ ਦੀ ਮਦਦ ਲਈ, ਜੋ ਉਸ ਵੇਲੇ ਰਿਲਾਇੰਸ ਇੰਡਸਟਰੀਜ਼ ਨਾਲ ਜੁੜੇ ਹੋਏ ਸਨ। ਉੱਧਰ ਸ੍ਰੀ ਅਪੂਰਵ ਨੇ ਆਪਣੇ ਦੋਸਤ ਦੁਸ਼ਯੰਤ ਸਿੰਘ ਨਾਲ ਗੱਲ ਕੀਤੀ, ਜੋ ਗ੍ਰੌਫ਼ਰਜ਼, ਟ੍ਰਾਇਟਨ ਗਰੁੱਪ ਤੇ ਟਾਟਾ ਕਨਸਲਟੈਂਸੀ ਸਰਵਿਸੇਜ਼ ਨਾਲ ਕੰਮ ਕਰ ਚੁੱਕੇ ਹਨ। ਸ੍ਰੀ ਸੁਮੀਤ ਨੇ ਆਪਣੇ ਕਾਲਜ ਵੇਲੇ ਦੇ ਦੋਸਤ ਸੁਧਾਂਸ਼ੂ ਸਕਸੈਨਾ ਨਾਲ ਗੱਲ ਕੀਤੀ, ਜੋ ਟਾਟਾ ਟੈਕਨਾਲੋਜੀਜਸ, ਸੈਫ਼ਰੈਨ ਐਮ.ਬੀ.ਡੀ. ਤੇ ਟਾਟਾ ਹਾਲ ਨਾਲ ਕੰਮ ਕਰ ਚੁੱਕੇ ਹਨ ਅਤੇ ਤਕਨਾਲੋਜੀ ਨਾਲ ਸਬੰਧਤ ਮਾਮਲਿਆਂ ਦੇ ਮਾਹਿਰ ਹਨ।

ਸਭ ਤੋਂ ਵੱਡੀ ਚੁਣੌਤੀ ਸੀ; ਬਹੁਤ ਵੱਡੇ ਪੱਧਰ 'ਤੇ ਵਿਖੰਡਤ ਬਾਜ਼ਾਰ ਨੂੰ ਜੱਥੇਬੰਦ ਕਰਨਾ ਅਤੇ ਆਪਣੇ ਸਾਰੇ ਭਾਈਵਾਲਾਂ ਲਈ ਵਾਹਨ ਉਪਲਬਧ ਰੱਖਣਾ ਅਤੇ ਵੈੱਬਸਾਈਟ ਉੱਤੇ ਉਨ੍ਹਾਂ ਦੀ ਉਪਲਬਧਤਾ ਨੂੰ ਅਪਡੇਟ ਕਰਦੇ ਰਹਿਣਾ। 26 ਸਾਲਾ ਸ੍ਰੀ ਅੰਕਿਤ ਨੇ ਦੱਸਿਆ,''ਸਾਡਾ ਕੰਮ ਹੋਟਲਾਂ ਵਾਂਗ ਨਹੀਂ ਹੁੰਦਾ, ਜਿਹੜੇ ਆੱਨਲਾਈਨ ਬੁਕਿੰਗ ਕਰਦੇ ਹਨ ਅਤੇ ਲੋੜ ਪੈਣ 'ਤੇ ਤੁਰੰਤ ਆਪਣੇ ਕਮਰਿਆਂ ਦੀ ਉਪਲਬਧਤਾ ਨੂੰ ਚੈੱਕ ਕਰਦੇ ਹਨ, ਸਾਡੇ ਭਾਈਵਾਲ ਆੱਨਲਾਈਨ ਰਿਜ਼ਰਵੇਸ਼ਨ ਸਿਸਟਮ ਨਹੀਂ ਵਰਤਦੇ।''

ਸ੍ਰੀ ਅੰਕਿਤ ਅੱਗੇ ਦਸਦੇ ਹਨ,''ਇਸੇ ਲਈ ਜੇ ਕੋਈ ਗਾਹਕ ਆਉਂਦਾ ਹੈ ਤੇ ਕੋਈ ਵਾਹਨ ਚੁਣਦਾ ਹੈ; ਤਦ ਉਸ ਵਾਹਨ ਦਾ ਰਜਿਸਟਰੇਸ਼ਨ ਨੰਬਰ ਅਤੇ ਉਸ ਯੂਜ਼ਰ/ਗਾਹਕ ਦਾ ਨਾਮ ਤੇ ਪਤਾ ਇੱਕ ਰਜਿਸਟਰ ਵਿੱਚ ਲਿਖ ਲਿਆ ਜਾਂਦਾ ਹੈ, ਉਸ ਤੋਂ ਬਾਅਦ ਸਾਡੀ ਵੈੱਬਸਾਈਟ ਉੱਤੇ ਉਸ ਜਾਣਕਾਰੀ ਨੂੰ ਅਪਡੇਟ ਕਰਨਾ ਸੰਭਵ ਨਹੀਂ ਹੁੰਦਾ ਸੀ।'' ਇਸੇ ਲਈ ਟੀਮ ਨੇ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਇੱਕ ਪਾਰਟਨਰ (ਗਾਹਕ) ਐਪ. ਤਿਆਰ ਕੀਤੀ, ਜਿਸ ਉੱਤੇ ਗਾਹਕ ਵਾਹਨਾਂ ਦੀ ਉਪਲਬਧਤਾ ਦੀ ਤਾਜ਼ਾ ਸਥਿਤੀ ਨੂੰ ਚੈੱਕ ਕਰ ਸਕਦੇ ਹਨ।

ਵਿਕਲਪ ਦੀ ਤਾਕਤ

ਜਦੋਂ ਕੋਈ ਗਾਹਕ ਕੋਈ ਵਾਹਨ ਲੈ ਜਾਂਦਾ ਹੈ, ਤਾਂ ਵਿਕਰੇਤਾ ਉਸ ਵਾਹਨ ਨੂੰ ਪਾਰਟਨਰ ਐਪ. 'ਚ ਬਲਾੱਕ ਕਰ ਦਿੰਦਾ ਹੈ ਅਤੇ ਉਹੀ ਸਥਿਤੀ ਅੱਗੇ ਤੁਰੰਤ ਆਪਣੇ-ਆਪ ਹੀ ਵੈੱਬਸਾਈਟ ਉੱਤੇ ਵੀ ਅਪਡੇਟ ਹੋ ਜਾਂਦੀ ਹੈ। ਟੀਮ ਦਾ ਮੰਨਣਾ ਹੈ ਕਿ ਵਾਹਨਾਂ ਦੀ ਸਥਿਤੀ ਨੂੰ ਅਪਡੇਟ ਕਰਨ ਲਈ ਸਾਰੇ ਭਾਈਵਾਲਾਂ (ਗਾਹਕਾਂ) ਲਈ ਸਾਂਝਾ ਮੰਚ ਇਸ ਬਾਜ਼ਾਰ ਵਿੱਚ ਇੱਕ ਵਿਲੱਖਣ ਸ਼ਕਤੀ ਬਣ ਕੇ ਉੱਘੜ ਰਿਹਾ ਹੈ। ਹਰੇਕ ਲੈਣ-ਦੇਣ 'ਤੇ, ਇਹ ਟੀਮ ਆਪਣੇ ਭਾਈਵਾਲ ਤੋਂ ਇੱਕ ਕਮਿਸ਼ਨ ਵਸੂਲ ਕਰਦੀ ਹੈ। ਇਸ ਟੀਮ ਦਾ ਮੰਤਵ ਜੈਕੇਟਸ, ਹੈਲਮੈਟਸ ਤੇ ਸਟੋਰੇਜ ਕੰਪਾਰਟਮੈਂਟਸ ਕਿਰਾਏ 'ਤੇ ਦੇਣ ਦੇ ਹੋਰ ਵਿਕਲਪਾਂ ਰਾਹੀਂ ਆਪਣੀ ਆਮਦਨ ਵਿੱਚ ਵਾਧਾ ਕਰਨਾ ਹੈ।

ਯੂਜ਼ਰ ਭਾਵ ਵਰਤੋਂਕਾਰ ਜਾਂ ਗਾਹਕ ਨੂੰ ਸ਼ਹਿਰ ਤੇ ਆਪਣੇ ਪਸੰਦ ਦੀ ਕਾਰ ਜਾਂ ਮੋਟਰਸਾਇਕਲ ਦੀ ਚੋਣ ਕਰਨੀ ਪੈਂਦੀ ਹੈ, ਜੋ ਵੀ ਉਹ ਕਿਰਾਏ 'ਤੇ ਲੈਣਾ ਚਾਹੁੰਦਾ/ਚਾਹੁੰਦੀ ਹੈ। ਫਿਰ ਗਾਹਕ ਨੂੰ ਜਾਣ ਤੇ ਆਉਣ ਦਾ ਸਮਾਂ ਦੱਸਣਾ ਪੈਂਦਾ ਹੈ ਅਤੇ ਫਿਰ 'ਬੁੱਕ' ਬਟਨ ਦਬਾਉਣਾ ਹੁੰਦਾ ਹੈ। ਜਿੱਥੋਂ ਵਾਹਨ ਲੈਣਾ ਹੈ, ਉਸ ਦੇ ਨਾਲ ਵਾਹਨਾਂ ਦੀ ਸੂਚੀ ਵੀ ਉਥੇ ਵਿਖਾਈ ਦਿੰਦੀ ਹੈ ਅਤੇ ਵਿਕਰੇਤਾ ਦੀਆਂ ਸ਼ਰਤਾਂ ਤੇ ਹੋਰ ਨਿਯਮ ਵੀ ਸਾਹਮਣੇ ਆਉਂਦੇ ਹਨ। ਗਾਹਕ ਆਪਣੇ ਸਥਾਨ ਜਾਂ ਵਾਹਨ ਬਾਰੇ ਆਪਣੀ ਪਸੰਦ ਨੂੰ ਫ਼ਿਲਟਰ ਵੀ ਕਰ ਸਕਦਾ ਹੈ।

ਇੱਕ ਵਾਰ ਵਾਹਨ ਬਾਰੇ ਅੰਤਿਮ ਫ਼ੈਸਲਾ ਲੈਣ ਤੋਂ ਬਾਅਦ ਵਰਤੋਂਕਾਰ ਉਸ ਵਾਹਨ ਨੂੰ ਲੈਣ ਤੇ ਛੱਡਣ ਦਾ ਪਤਾ ਦਸਦਾ ਹੈ। ਜੇ ਕਈ ਦੋਸਤਾਂ ਦਾ ਸਮੂਹ ਕਿਤੇ ਯਾਤਰਾ ਲਈ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਇੱਕੋ ਵੇਲੇ ਕਈ ਵਾਹਨਾਂ ਦੀ ਜ਼ਰੂਰਤ ਹੈ, ਤਦ ਉਨ੍ਹਾਂ ਨੂੰ ਕਾਰਟ ਵਿੱਚ ਵਾਹਨ ਜੋੜਨੇ ਹੁੰਦੇ ਹਨ, ਤਦ ਇਸ ਤਰ੍ਹਾਂ ਗਾਹਕ ਦੇ ਸਮੇਂ ਦੀ ਵੀ ਬੱਚਤ ਹੁੰਦੀ ਹੈ।

ਇਸ ਨੂੰ ਤਦ 'ਪੋਸਟ' ਕੀਤਾ ਜਾਂਦਾ ਹੈ, ਗਾਹਕ ਤਦ ਭੁਗਤਾਨ ਕਰਦਾ ਹੈ ਅਤੇ ਫਿਰ ਐਸ.ਐਮ.ਐਸ. ਰਾਹੀਂ ਉਸ ਦੀ ਪੁਸ਼ਟੀ ਆਉਂਦੀ ਹੈ ਅਤੇ ਬੁਕਿੰਗ ਦੇ ਵੇਰਵਿਆਂ ਦੀ ਈ-ਮੇਲ ਉਸ ਕੋਲ ਆਉਂਦੀ ਹੈ। ਇਸ ਦੇ ਨਾਲ ਹੀ ਸਬੰਧਤ ਵਿਕਰੇਤਾ ਨੂੰ ਨਾਲ ਦੀ ਨਾਲ ਇੱਕ ਐਸ.ਐਮ.ਐਸ. ਮਿਲਦਾ ਹੈ ਤੇ ਨਾਲ ਹੀ ਈ-ਮੇਲ ਵੀ; ਜਿਸ ਵਿੱਚ ਗਾਹਕ ਅਤੇ ਬੁਕਿੰਗ ਦੇ ਵੇਰਵੇ ਦਰਜ ਹੁੰਦੇ ਹਨ। ਕੌਮਾਂਤਰੀ ਗਾਹਕਾਂ ਲਈ 'ਪੇਅਪਾਲ' ਰਾਹੀਂ ਭੁਗਤਾਨ ਦਾ ਵਿਕਲਪ ਹੁੰਦਾ ਹੈ।

ਗਿਣਤੀਆਂ ਅਤੇ ਵਾਧੇ

ਸ੍ਰੀ ਅੰਕਿਤ ਦਸਦੇ ਹਨ,''ਇਸ ਵੇਲੇ, ਸਾਡੇ ਛੇ ਸ਼ਹਿਰਾਂ ਵਿੱਚ 20 ਭਾਈਵਾਲਾਂ ਨਾਲ ਗੱਠਜੋੜ ਹਨ ਅਤੇ ਸਾਡੇ ਮੰਚ ਉੱਤੇ ਇਸ ਵੇਲੇ 900 ਮੋਟਰਸਾਇਕਲਾਂ ਅਤੇ 100 ਕਾਰਾਂ ਦੀ ਸੂਚੀ ਮੌਜੂਦ ਹੈ।'' ਇਸ ਟੀਮ ਦਾ ਦਾਅਵਾ ਹੈ ਕਿ ਰੋਜ਼ਾਨਾ 300 ਨਵੇਂ ਵਿਅਕਤੀ ਉਨ੍ਹਾਂ ਦੀ ਵੈੱਬਸਾਈਟ 'ਤੇ ਆਉਂਦੇ ਹਨ ਅਤੇ 250 ਨਵੀਆਂ ਬੁਕਿੰਗਜ਼ ਹੁੰਦੀਆਂ ਹਨ ਅਤੇ 800 ਤੋਂ ਵੱਧ ਅਗਲੇ ਦਿਨਾਂ ਦੀਆਂ ਬੁਕਿੰਗਜ਼ ਹੁੰਦੀਆਂ ਹਨ। ਹਰ ਹਫ਼ਤੇ ਇਹ ਕਾਰੋਬਾਰ 20 ਫ਼ੀ ਸਦੀ ਦੀ ਦਰ ਨਾਲ ਵਧਦਾ ਜਾ ਰਿਹਾ ਹੈ। ਇਸ ਟੀਮ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਆਮਦਨ ਚਾਰ ਲੱਖ ਰੁਪਏ ਤੋਂ ਵਧ ਗਈ ਹੈ।

ਇਸ ਵੇਲੇ ਇਸ ਕੰਪਨੀ ਨੇ ਕੋਈ ਬਹੁਤਾ ਧਨ ਨਹੀਂ ਲਾਇਆ ਹੈ, ਟੀਮ ਦਾ ਉਦੇਸ਼ ਮੌਜੂਦਾ ਸ਼ਹਿਰਾਂ ਵਿੱਚ ਆਪਣੀ ਮੌਜੂਦਗੀ ਨੂੰ ਕੁੱਝ ਹੋਰ ਮਜ਼ਬੂਤ ਬਣਾਉਣਾ ਹੈ। ਇਸ ਟੀਮ ਦੀ ਯੋਜਨਾ ਛੇਤੀ ਹੀ ਸਾਇਕਲਾਂ ਨੂੰ ਵੀ ਸ਼ਾਮਲ ਕਰਨ ਦੀ ਹੈ।

ਖ਼ੁਦ ਚਲਾ ਕੇ ਲਿਜਾਣ ਵਾਲੇ ਕਿਰਾਏ ਦੇ ਵਾਹਨਾਂ ਦਾ ਬਾਜ਼ਾਰ

ਖ਼ੁਦ ਚਲਾ ਕੇ ਲਿਜਾਣ ਵਾਲੇ ਕਿਰਾਏ ਦੇ ਵਾਹਨਾਂ ਦਾ ਬਾਜ਼ਾਰ ਉਨ੍ਹਾਂ ਲੋਕਾਂ ਲਈ ਹੈ, ਜਿਨ੍ਹਾਂ ਕੋਲ਼ ਆਪਣੀ ਕਾਰ ਨਹੀਂ ਹੈ ਪਰ ਉਹ ਇੱਕ ਕਾਰ ਦਾ ਆਨੰਦ ਮਾਣਨਾ ਚਾਹੁੰਦੇ ਹਨ ਅਤੇ ਭਾਰਤ ਵਿੱਚ ਅਜਿਹੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਜ਼ੂਮਕਾਰ, ਜਸਟਰਾਈਡ, ਰੈਵ, ਵੌਲੇਰ ਕਾਰਜ਼ ਅਤੇ ਕਾਰਜ਼ਨਰੈਂਟ ਤੋਂ ਮਾਇਲਜ਼, ਕਾਰਟੀਜ਼ਨ ਅਤੇ ਲੈਟ ਮੀ ਡ੍ਰਾਈਵ ਜਿਹੀਆਂ ਕੰਪਨੀਆਂ ਹੁਣ ਤੱਕ ਉੱਘੜ ਕੇ ਸਾਹਮਣੇ ਆ ਚੁੱਕੀਆਂ ਹਨ। ਕਿਰਾਏ ਦੇ ਵਾਹਨ ਖ਼ੁਦ ਚਲਾ ਕੇ ਲਿਜਾਣ ਦੀ ਧਾਰਨਾ ਅਮਰੀਕਾ ਤੇ ਚੀਨ ਜਿਹੇ ਦੇਸ਼ਾਂ ਵਿੱਚ ਪਹਿਲਾਂ ਹੀ ਬਹੁਤ ਹਰਮਨਪਿਆਰੀ ਹੋ ਚੁੱਕੀ ਹੈ; ਜਿੱਥੇ ਹਰਟਜ਼, ਜ਼ਿਪਕਾਰ, ਈਹਾਇ ਆਦਿ ਜਿਹੀਆਂ ਵੱਡੀਆਂ ਕੰਪਨੀਆਂ ਚੋਖਾ ਮੁਨਾਫ਼ਾ ਕਮਾ ਰਹੀਆਂ ਹਨ।

ਪਿਛਲੇ ਵਰ੍ਹੇ, ਆੱਨਲਾਈਨ ਆਟੋਮੋਬਾਇਲ ਬਾਜ਼ਾਰ ਵਿੱਚ ਕਾਫ਼ੀ ਧਨ ਨਿਵੇਸ਼ ਕੀਤਾ ਗਿਆ ਸੀ। ਨਿਵੇਸ਼ਕ ਹੁਣ ਵਰਤੀਆਂ ਕਾਰਾਂ ਤੋਂ ਲੈ ਕੇ ਖ਼ੁਦ ਚਲਾ ਕੇ ਲਿਜਾਣ ਵਾਲੀਆਂ ਕਿਰਾਏ ਦੀਆਂ ਕਾਰਾਂ ਤੋਂ ਲੈ ਕੇ ਆਟੋਮੋਬਾਇਲ ਸਰਵਿਸ ਪ੍ਰੋਵਾਈਡਰਜ਼ ਤੱਕ ਵਿੱਚ ਆਪਣਾ ਚੋਖਾ ਧਨ ਲਾ ਰਹੇ ਹਨ।

ਜੂਨ 2015 ਦੌਰਾਨ, ਵਰਤੀਆਂ ਕਾਰਾਂ ਦੇ ਬਾਜ਼ਾਰ 'ਟਰੂਬਿਲ' ਨੇ 5 ਲੱਖ ਡਾਲਰ ਕੇ ਕੈਪਟਲ ਅਤੇ ਅਨੁਪਮ ਮਿੱਤਲ ਤੋਂ ਇਕੱਠੇ ਕੀਤੇ ਸਨ। ਇਸ ਮਹੀਨੇ ਆਟੋਮੋਬਾਇਲ ਉੱਤੇ ਕੇਂਦ੍ਰਿਤ ਕਲਾਸੀਫ਼ਾਈਡਜ਼ ਦੇ ਬਾਜ਼ਾਰ 'ਡਰੂਮ' ਨੇ 1 ਕਰੋੜ 60 ਲੱਖ ਡਾਲਰ ਇਕੱਠੇ ਕੀਤੇ ਸਨ। ਇਸੇ ਮਹੀਨੇ ਦੇ ਅਰੰਭ ਵਿੱਚ ਖ਼ੁਦ ਚਲਾ ਕੇ ਲਿਜਾਈਆਂ ਜਾਣ ਵਾਲੀਆਂ ਕਿਰਾਏ ਦੀਆਂ ਕਾਰਾਂ ਦੀ ਕੰਪਨੀ ਜ਼ੂਮਕਾਰ ਨੇ ਸੈਕੁਇਆ ਕੈਪਟਲ, ਐਂਪਾਇਰ ਏਂਜਲਸ ਅਤੇ ਐਨ.ਜੀ.ਪੀ. ਤੋਂ 1 ਕਰੋੜ 10 ਲੱਖ ਡਾਲਰ ਇਕੱਠੇ ਕੀਤੇ ਸਨ।

ਲੇਖਕ: ਸਿੰਧੂ ਕਸ਼ਿਅਪ

ਅਨੁਵਾਦ: ਮਹਿਤਾਬ-ਉਦ-ਦੀਨ