ਅਣਛੋਹੇ ਖੇਤਰ ਦਾ ਚਮਕਦਾ ਤਾਰਾ: ਲੀਜ਼ਾ ਸਰਾਓ ਨੂੰ ਮਿਲੋ ਜੋ ਲਿਖ ਰਹੇ ਹਨ ਸ਼ਰਾਬ ਦੇ ਕਾਰੋਬਾਰ ਦੇ ਨਵੇਂ ਨਿਯਮ

ਅਣਛੋਹੇ ਖੇਤਰ ਦਾ ਚਮਕਦਾ ਤਾਰਾ: ਲੀਜ਼ਾ ਸਰਾਓ ਨੂੰ ਮਿਲੋ ਜੋ ਲਿਖ ਰਹੇ ਹਨ ਸ਼ਰਾਬ ਦੇ ਕਾਰੋਬਾਰ ਦੇ ਨਵੇਂ ਨਿਯਮ

Thursday December 03, 2015,

11 min Read

ਲੀਜ਼ਾ ਸਰਾਓ ਦਾ ਕਹਿਣਾ ਹੈ,''ਮਹਿਲਾ ਉਦਮੀਓ ਬਾਹਰ ਆਓ, ਨਵੇਂ ਰਾਹ ਰੁਸ਼ਨਾਓ ਤੇ ਆਪਣੇ-ਆਪ ਨੂੰ ਵੇਲਾ-ਵਿਹਾਅ ਚੁੱਕੀਆਂ ਰਵਾਇਤਾਂ ਨਾਲ ਬੰਨ੍ਹਣ ਦੀ ਇਜਾਜ਼ਤ ਨਾ ਦੇਵੋ।''

ਲੀਜ਼ਾ ਨੂੰ ਮਿਲੋ, ਇਹ ਉਹ ਮਹਿਲਾ ਹਨ ਜੋ 'ਅਲਕੋਹਲ ਉਦਯੋਗ ਔਰਤਾਂ ਲਈ ਨਹੀਂ ਹੈ' ਜਿਹੇ ਪੁਰਾਣੇ ਵਿਚਾਰਾਂ ਨੂੰ ਨਹੀਂ ਮੰਨਦੇ ਅਤੇ ਜੇ ਕਦੇ ਭਾਰਤੀ ਅਲਕੋਹਲ ਉਦਯੋਗ 'ਚ ਕੋਈ ਉਨ੍ਹਾਂ ਦਾ ਸੁਆਗਤ ਨਹੀਂ ਕਰਦਾ, ਤਾਂ ਉਨ੍ਹਾਂ ਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ।

ਅੱਜ ਉਹ 'ਆਈ ਬ੍ਰਾਂਡਜ਼ ਬੈਵਰੇਜਸ ਲਿਮਟਿਡ' ਦੇ ਚੇਅਰਪਰਸਨ ਅਤੇ ਮੈਨੇਜਿੰਗ ਡਾਇਰੈਕਟਰ ਵਜੋਂ ਸ਼ਰਾਬ ਦੇ ਕਾਰੋਬਾਰ ਦੇ ਨਵੇਂ ਨਿਯਮ ਲਿਖ ਰਹੇ ਹਨ। ਉਨ੍ਹਾਂ ਆਪਣੀ ਇਹ ਫ਼ਰਮ ਅਗਸਤ 2010 'ਚ ਸ਼ੁਰੂ ਕੀਤੀ ਸੀ। ਉਨ੍ਹਾਂ ਦਾ ਉਦੇਸ਼ ਸੀ ਉਤਪਾਦਾਂ ਦਾ ਕੌਮਾਂਤਰੀ ਮਿਆਰ ਅਨੁਸਾਰ ਮਿਸ਼ਰਣ, ਡਿਜ਼ਾਇਨ, ਦਿੱਖ ਤਿਆਰ ਕਰਨਾ ਅਤੇ ਉਨ੍ਹਾਂ ਬਾਰੇ ਵਧੀਆ ਅਹਿਸਾਸ ਦਿਵਾਉਣ ਦੇ ਨਾਲ-ਨਾਲ ਖਪਤਕਾਰਾਂ ਲਈ ਉਨ੍ਹਾਂ ਦੀ ਕੀਮਤ ਸਸਤੀ ਰੱਖਣਾ। ਉਨ੍ਹਾਂ ਦਾ ਕਹਿਣਾ ਹੈ,''ਇਹੋ ਗੱਲਾਂ ਉਨ੍ਹਾਂ ਨੂੰ ਹੋਰਨਾਂ ਤੋਂ ਵੱਖ ਕਰਦੀਆਂ ਹਨ।''

image


ਉਂਝ ਤਾਂ ਸ਼ੁਰੂਆਤ ਵਿੱਚ ਹੀ ਇਸ ਕਾਰੋਬਾਰ ਦੇ ਨਵੇਂ ਖਿਡਾਰੀਆਂ ਨੂੰ ਛੇਤੀ ਕਿਤੇ ਕੋਈ ਟਿਕਣ ਨਹੀਂ ਦਿੰਦਾ ਪਰ ਸ਼ਰਾਬ ਉਦਯੋਗ ਦੇ ਕੁੱਝ ਖਿਡਾਰੀ ਲੀਜ਼ਾ ਸਰਾਓ ਨੂੰ ਵੀ ਸ਼ਾਇਦ ਇੱਕ ਮੌਕਾ ਦੇਣਾ ਚਾਹੁੰਦੇ ਸਨ।

ਲੀਜ਼ਾ ਦਸਦੇ ਹਨ,''ਅਸੀਂ ਇਸ ਉਦਯੋਗ ਵਿੱਚ ਬਹੁਤ ਤੇਜ਼ੀ ਨਾਲ ਅੱਗੇ ਵਧੇ ਹਾਂ, ਜਦ ਕਿ ਨਵੇਂ ਖਿਡਾਰੀਆਂ ਦੀ ਦੁਕਾਨ ਛੇ ਕੁ ਮਹੀਨਿਆਂ ਵਿੱਚ ਹੀ ਬੰਦ ਹੋ ਜਾਂਦੀ ਹੈ ਜਾਂ ਬੰਦ ਕਰਵਾ ਦਿੱਤੀ ਜਾਂਦੀ ਹੈ!''

ਜਦੋਂ ਲੀਜ਼ਾ ਪਹਿਲੀ ਵਾਰ ਭਾਰਤ ਆਏ, ਤਾਂ ਉਨ੍ਹਾਂ ਮਹਿਸੂਸ ਕੀਤਾ ਕਿ ਇੱਥੇ ਸ਼ਰਾਬ ਦੇ ਮਿਆਰ ਅਤੇ ਕੀਮਤ ਵਿੱਚ ਕੁੱਝ ਗੜਬੜੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਦੇ ਵੱਡੇ ਬਾਜ਼ਾਰ ਵਿੱਚ ਪ੍ਰੀਮੀਅਰ ਸ਼ਰਾਬ ਦਾ ਕੋਈ ਲਾਹਾ ਨਹੀਂ ਲੈ ਰਿਹਾ ਸੀ। ਉਨ੍ਹਾਂ ਤਦ ਹੀ ਇਸ ਦੇਸ਼ ਵਿੱਚ ਸ਼ਰਾਬ ਦੇ ਕਾਰੋਬਾਰ ਵਿੱਚ ਹੱਥ ਅਜ਼ਮਾਉਣ ਅਤੇ ਗਾਹਕਾਂ ਨੂੰ ਵਧੀਆ ਉਤਪਾਦ ਦੇਣ ਦਾ ਫ਼ੈਸਲਾ ਕਰ ਲਿਆ ਸੀ।

ਪੰਜਾਬੀ ਮਾਪਿਆਂ ਦੀ ਧੀ ਲੀਜ਼ਾ ਇੰਗਲੈਂਡ ਦੇ ਜੰਮਪਲ਼ ਹਨ ਅਤੇ ਲੰਡਨ 'ਚ ਹੀ ਰਹਿੰਦੇ ਹਨ। ਉਹ ਅਕਸਰ ਭਾਰਤ ਆਉਂਦੇ-ਜਾਂਦੇ ਰਹਿੰਦੇ ਸਨ, ਜਿਸ ਕਰ ਕੇ ਉਨ੍ਹਾਂ ਨੂੰ ਇੱਥੋਂ ਦੇ ਸਭਿਆਚਾਰ ਅਤੇ ਕਦਰਾਂ-ਕੀਮਤਾਂ ਬਾਰੇ ਪਹਿਲਾਂ ਤੋਂ ਹੀ ਜਾਣਕਾਰੀ ਸੀ।

ਲੀਜ਼ਾ ਦਸਦੇ ਹਨ,''ਨਿੱਕੀ ਹੁੰਦਿਆਂ ਮੈਂ ਇੱਕ ਸਮੁੰਦਰੀ ਜੀਵ-ਵਿਗਿਆਨੀ ਬਣਨਾ ਚਾਹੁੰਦੀ ਸੀ ਕਿਉਂਕਿ ਮੈਨੂੰ ਸ਼ਾਰਕ ਮੱਛੀਆਂ ਬਹੁਤ ਪਸੰਦ ਸਨ। ਪਰ ਮੈਨੂੰ ਜੀਵ-ਵਿਗਿਆਨ ਇੱਕ ਵਿਸ਼ੇ ਵਜੋਂ ਪੜ੍ਹਨੀ ਪਸੰਦ ਨਹੀਂ ਸੀ। ਮੈਂ ਵੱਖਰਾ ਰਾਹ ਚੁਣਿਆ ਅਤੇ ਮੀਡੀਆ ਉਦਯੋਗ ਵਿੱਚ ਚਲੀ ਗਈ। ਇੰਗਲੈਂਡ ਦੀਆਂ ਚੋਟੀ ਦੀਆਂ ਮੀਡੀਆ ਕੰਪਨੀਆਂ; ਜਿਵੇਂ ਕਿ ਵਾਇਆਕੌਮ, ਵਿਵੇਂਡੀ ਯੂਨੀਵਰਸਲ ਤੇ ਨਿਊਜ਼ ਕਾਰਪੋਰੇਸ਼ਨ ਆਦਿ ਨਾਲ ਕੰਮ ਕੀਤਾ।'' ਲੀਜ਼ਾ ਨੇ ਬਰਮਿੰਘਮ ਦੀ ਐਸਟਨ ਯੂਨੀਵਰਸਿਟੀ ਤੋਂ 'ਮੈਨੇਜੇਰੀਅਲ ਐਂਡ ਐਡਮਿਨਿਸਟ੍ਰੇਟਿਵ ਸਟੱਡੀਜ਼' ਵਿਸ਼ੇ ਨਾਲ ਬੀ.ਐਸ-ਸੀ. (ਆੱਨਰਜ਼) ਕੀਤੀ ਹੈ। ਉਨ੍ਹਾਂ 'ਕੌਮਾਂਤਰੀ ਮਾਰਕਿਟਿੰਗ ਅਤੇ ਖਪਤਕਾਰ ਵਿਵਹਾਰ' ਦੇ ਖੇਤਰ ਵਿੱਚ ਵਿਸ਼ਿਸ਼ਟਤਾ (ਸਪੈਸ਼ਲਾਇਜ਼ੇਸ਼ਨ) ਵੀ ਹਾਸਲ ਕੀਤੀ ਹੈ।

ਪੇਅ-ਪਦਾਰਥਾਂ ਦੇ ਉਦਯੋਗ ਨਾਲ ਲੀਜ਼ਾ ਪਿਛਲੇ ਲੰਮੇ ਸਮੇਂ ਤੋਂ ਜੁੜੇ ਰਹੇ ਹਨ। ਉਹ ਇਸ ਉਦਯੋਗ ਤੋਂ ਬਹੁਤ ਪ੍ਰਭਾਵਿਤ ਹਨ ਕਿਉਂਕਿ ਉਨ੍ਹਾਂ ਦੇ ਪਿਤਾ ਨੇ 15 ਸਾਲ ਪਹਿਲਾਂ ਇੰਗਲੈਂਡ 'ਚ ਬੀਅਰ ਦਾ ਆਪਣਾ ਇੱਕ ਬ੍ਰਾਂਡ 'ਡਬਲ ਡਚ' ਜਾਰੀ ਕੀਤਾ ਸੀ। ਲੀਜ਼ਾ ਦਸਦੇ ਹਨ,''ਜਦੋਂ ਮੈਂ ਭਾਰਤ ਆਈ ਸਾਂ, ਤਾਂ ਮੈਂ ਮਹਿਸੂਸ ਕੀਤਾ ਕਿ ਇੱਥੇ ਕੌਮਾਂਤਰੀ ਪੱਧਰ ਦੇ ਮਿਆਰੀ ਉਤਪਾਦਾਂ ਦੀ ਬਹੁਤ ਘਾਟ ਹੈ ਤੇ ਨਾ ਤਾਂ ਉਨ੍ਹਾਂ ਦੀ ਆਮ ਲੋਕਾਂ ਤੱਕ ਪਹੁੰਚ ਹੀ ਹੈ ਤੇ ਨਾ ਹੀ ਉਨ੍ਹਾਂ ਵਿੱਚ ਕੋਈ ਵਿਭਿੰਨਤਾਵਾਂ ਹਨ। ਫਿਰ ਮੈਂ ਵੇਖਿਆ ਭਾਰਤ ਦੇ ਅਰਬਾਂ ਡਾਲਰ ਦੇ ਸ਼ਰਾਬ ਉਦਯੋਗ ਵਿੱਚ ਨਵੇਂ ਬ੍ਰਾਂਡਾਂ ਦੀਆਂ ਵੀ ਬਹੁਤ ਸੰਭਾਵਨਾਵਾਂ ਸਨ। ਇੰਨੇ ਵੱਡੇ ਬਾਜ਼ਾਰ ਵਿੱਚ ਪ੍ਰੀਮੀਅਮ ਬ੍ਰਾਂਡਾਂ ਵੱਲ ਕੋਈ ਧਿਆਨ ਹੀ ਨਹੀਂ ਦੇ ਰਿਹਾ ਸੀ। ਮੈਂ ਤਦ ਹੀ ਫ਼ੈਸਲਾ ਕਰ ਲਿਆ ਸੀ ਕਿ ਵੱਡੇ ਬ੍ਰਾਂਡ ਆਮ ਗਾਹਕਾਂ ਤੱਕ ਪਹੁੰਚਾਉਣੇ ਹਨ। ਮੈਂ 'ਆਈ ਬ੍ਰਾਂਡਜ਼ ਬੈਵਰੇਜਸ' ਲਾਂਚ ਕਰ ਦਿੱਤੀ।

ਦੋ ਸਾਲਾਂ ਤੱਕ ਭਾਰਤੀ ਬਾਜ਼ਾਰ ਦੀ ਖੋਜ ਕੀਤੀ ਗਈ ਤੇ ਕਈ ਵਿਚਾਰ ਵਿਕਸਤ ਕੀਤੇ ਗਏ। ਫਿਰ ਅਗਸਤ 2010 'ਚ ਭਾਰਤ ਆਪਣਾ ਝੰਡਾਬਰਦਾਰ ਉਤਪਾਦ 'ਗ੍ਰੈਂਟਨ ਵ੍ਹਿਸਕੀ' ਲਾਂਚ ਕਰ ਦਿੱਤਾ। ਅੱਜ 'ਆਈ ਬ੍ਰਾਂਡਜ਼ ਬੈਵਰੇਜਸ' ਇੱਕ ਪੁਰਸਕਾਰ-ਜੇਤੂ ਕੰਪਨੀ ਹੈ ਤੇ ਭਾਰਤ ਦੀਆਂ ਤੇਜ਼ੀ ਨਾਲ ਪ੍ਰਫ਼ੁੱਲਤ ਹੋ ਰਹੀਆਂ ਨਵੀਆਂ ਸ਼ਰਾਬ ਕੰਪਨੀਆਂ ਵਿਚੋਂ ਇੱਕ ਹੈ। ਸਾਡੇ ਚਾਰ ਵਧੀਆ ਉਤਪਾਦ ਹਨ - ਇੱਕ ਪ੍ਰੀਮੀਅਮ ਵ੍ਹਿਸਕੀ ਬ੍ਰਾਂਡ - ਥ੍ਰੀ ਰਾਇਲਜ਼, ਇੱਕ ਡੀਲਕਸ ਵ੍ਹਿਸਕੀ ਬ੍ਰਾਂਡ ਗ੍ਰੈਂਟਨ, ਜਿਸ ਨੂੰ ਪਿੱਛੇ ਜਿਹੇ ਪੈਕੇਜਿੰਗ ਲਈ 'ਇੰਡ-ਸਪਿਰਿਟ 2014' ਪੁਰਸਕਾਰ ਮਿਲਿਆ ਹੈ। ਫਿਰ ਜਮਾਇਕਾ ਦੇ ਸੁਆਦ ਵਾਲੀ ਗੂੜ੍ਹੇ ਰੰਗ ਦੀ ਰਮ - ਰਮ 999 ਹੈ ਅਤੇ ਇੱਕ ਬਹੁਤ ਹੀ ਦੁਰਲੱਭ ਬ੍ਰਾਂਡੀ ਗ੍ਰੈਂਟਨ ਐਕਸ-ਓ ਬ੍ਰਾਂਡੀ' ਹੈ।

ਮੇਰਾ ਮੰਨਣਾ ਹੈ ਕਿ ਮੈਂ ਇਹੋ ਕਾਰੋਬਾਰ ਕਰਨ ਲਈ ਪੈਦਾ ਹੋਈ ਹਾਂ। ਮੈਨੂੰ ਇਹ ਚੁਣੌਤੀ ਚੰਗੀ ਲਗਦੀ ਹੈ ਕਿ ਇਸ ਉਦਯੋਗ ਵਿੱਚ ਇੱਕੋ-ਇੱਕ ਔਰਤ ਉਦਮੀ ਹਾਂ। ਇਸ ਉਦਯੋਗ ਵਿੱਚ ਪਹਿਲਾਂ ਤੋਂ ਹੀ ਮਰਦ ਭਾਰੂ ਰਹੇ ਹਨ ਤੇ ਉਨ੍ਹਾਂ ਦਾ ਹੀ ਸਿੱਕਾ ਚਲਦਾ ਰਿਹਾ ਹੈ। ਇਸ ਖੇਤਰ ਵਿੱਚ ਇੱਕ-ਦੂਜੇ ਦਾ ਗਲ਼ਾ ਵੱਢਣ ਵਾਲ਼ੇ ਮੁਕਾਬਲੇ ਵੀ ਚਲਦੇ ਹਨ। ਪਰ ਮੈਂ ਆਪਣੇ ਅਰੰਭ ਤੋਂ ਹੀ ਇਸ ਉਦਯੋਗ ਵਿੱਚ ਨਹੀਂ ਆਉਣਾ ਚਾਹੁੰਦੀ ਸਾਂ ਪਰ ਅੱਜ ਜਦੋਂ ਇਸ ਖੇਤਰ ਵਿੱਚ ਮੈਂ ਪ੍ਰਫ਼ੁੱਲਤ ਹੋ ਰਹੀ ਹਾਂ, ਤਾਂ ਮੈਨੂੰ ਅਜਿਹਾ ਜਾਪਦਾ ਹੈ ਕਿ ਮੈਂ ਇਸੇ ਖੇਤਰ ਲਈ ਬਣੀ ਹਾਂ।''

ਲੀਜ਼ਾ ਆਪਣੀ ਕੰਪਨੀ 'ਆਈ ਬ੍ਰਾਂਡਜ਼ ਬੈਵਰੇਜਸ' ਵਿੱਚ ਤਿਆਰ ਹੋਣ ਵਾਲੇ ਉਤਪਾਦਾਂ ਦੇ ਹਰ ਪੜਾਅ ਵਿੱਚ ਸ਼ਾਮਲ ਹੁੰਦੇ ਹਨ। ਭਾਵੇਂ ਉਹ ਕਾਰੋਬਾਰੀ ਨੀਤੀਆਂ ਉਲੀਕਣਾ ਤੇ ਵਿਕਸਤ ਕਰਨ ਦਾ ਕੰਮ ਹੋਵੇ, ਚਾਹੇ ਉਹ ਨਿਰਮਾਣ, ਸੇਲਜ਼, ਬ੍ਰਾਂਡਿੰਗ, ਮਾਰਕਿਟਿੰਗ ਕਰਨ ਦਾ ਹੋਵੇ ਤੇ ਚਾਹੇ ਉਤਪਾਦ ਡਿਜ਼ਾਇਨ ਤਿਆਰ ਕਰਨ ਦਾ ਜਾਂ ਪੈਕੇਜਿੰਗ ਦਾ; ਸਾਰੇ ਮਾਮਲਿਆਂ ਵਿੱਚ ਉਨ੍ਹਾਂ ਦਾ ਪੂਰਾ ਦਖ਼ਲ ਹੁੰਦਾ ਹੈ ਤੇ ਉਨ੍ਹਾਂ ਦਾ ਹੀ ਦਿਮਾਗ਼ ਚਲਦਾ ਹੈ। ਉਹ ਆਪਣੇ ਕੰਮ ਵਿੱਚ ਇੰਨੇ ਖੁਭ ਜਾਂਦੇ ਹਨ ਕਿ ਉਨ੍ਹਾਂ ਅਰੰਭ ਵਿੱਚ ਆਪਣੇ ਉਤਪਾਦ ਦੇ ਮੁਢਲੇ ਡਿਜ਼ਾਇਨ ਦੇ ਸਕੈਚ ਖ਼ੁਦ ਆਪਣੇ ਹੱਥਾਂ ਨਾਲ ਤਿਆਰ ਕੀਤੇ ਸਨ।

ਉਨ੍ਹਾਂ ਨੇ ਆਪਣੀ ਕੰਪਨੀ ਦਾ ਬਾਕਾਇਦਾ ਇੱਕ ਬੋਰਡ ਕਾਇਮ ਕੀਤਾ ਹੋਇਆ ਹੈ, ਜਿਸ ਵਿੱਚ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਸਲਾਹਕਾਰ ਸ਼ਾਮਲ ਹਨ ਅਤੇ ਉਹ ਸਭ ਕੰਪਨੀ ਦੇ ਉਤਪਾਦ ਕੌਮਾਂਤਰੀ ਮਿਆਰਾਂ ਵਾਲੇ ਬਣਾਉਣ 'ਚ ਮਦਦ ਕਰਦੇ ਹਨ। ਲੀਜ਼ਾ ਦਸਦੇ ਹਨ,''ਅਸੀਂ ਗਾਹਕ ਨੂੰ ਹਰ ਪੱਖੋਂ ਵਧੀਆ ਉਤਪਾਦ ਦੇਣਾ ਚਾਹੁੰਦੇ ਹਾਂ। ਮਿਸ਼ਰਣ ਤੋਂ ਲੈ ਕੇ ਪੈਕੇਜਿੰਗ ਤੱਕ ਹਰ ਗੱਲ ਦਾ ਖ਼ਿਆਲ ਰੱਖਿਆ ਜਾਂਦਾ ਹੈ। ਸਾਡੀ ਕੰਪਨੀ ਹਾਲੇ ਵੀ ਮੁਢਲੀ ਅਵਸਥਾ ਵਿੱਚ ਹੀ ਹੈ ਪਰ ਅਸੀਂ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ।'' ਆਪਣੇ ਚੌਥੇ ਸਾਲ ਦੌਰਾਨ ਆਈ ਬ੍ਰਾਂਡਜ਼ ਹੁਣ ਉਤਰੀ ਭਾਰਤ ਦੇ ਪੰਜਾਬ, ਹਰਿਆਣਾ, ਚੰਡੀਗੜ੍ਹ, ਆਸਾਮ, ਅਰੁਣਾਚਲ ਪ੍ਰਦੇਸ਼ ਤੇ ਉਤਰਾਖੰਡ ਜਿਹੇ ਸੂਬਿਆਂ ਅਤੇ ਦੱਖਣੀ ਭਾਰਤ 'ਚ ਗੋਆ ਅਤੇ ਪਾਂਡੀਚੇਰੀ ਵਿੱਚ ਪ੍ਰਸਿੱਧ ਹੋ ਚੱਲਿਆ ਹੈ। ਇਨ੍ਹਾਂ ਸਾਰੇ ਸੂਬਿਆਂ 'ਚ ਲੀਜ਼ਾ ਦਾ ਉਤਪਾਦ 5,000 ਸਥਾਨਾਂ ਤੋਂ ਖ਼ਰੀਦਿਆ ਜਾ ਸਕਦਾ ਹੈ। ਹਾਲੇ ਪਿੱਛੇ ਜਿਹੇ ਉਨ੍ਹਾਂ ਨੂੰ ਪਹਿਲੀ ਵਾਰ ਨੀਮ ਫ਼ੌਜੀ ਬਲਾਂ ਨੂੰ ਸਪਲਾਈ ਕਰਨ ਦਾ ਆੱਰਡਰ ਵੀ ਮਿਲਿਆ ਹੈ।

ਲੀਜ਼ਾ ਦੀਆਂ ਭਵਿੱਖ ਦੀਆਂ ਯੋਜਨਾਵਾਂ ਕਾਫ਼ੀ ਸੰਭਾਵਨਾਵਾਂ ਭਰਪੂਰ ਜਾਪਦੀਆਂ ਹਨ। ਉਨ੍ਹਾਂ ਦਾ ਕਹਿਣਾ ਹੈ,''ਸਾਡੇ ਉਤਪਾਦਾਂ ਨੂੰ ਹੁਣ ਬਾਜ਼ਾਰ ਵਿੱਚ ਵਰਣਨਯੋਗ ਪ੍ਰਵਾਨਗੀ ਮਿਲ ਰਹੀ ਹੈ। ਸਾਡਾ ਝੰਡਾਬਰਦਾਰ ਉਤਪਾਦ 'ਗ੍ਰੈਂਟਨ ਵ੍ਹਿਸਕੀ' ਬਹੁਤ ਤੇਜ਼ੀ ਨਾਲ ਵਿਕ ਰਿਹਾ ਹੈ। ਹੁਣ ਛੇਤੀ ਹੀ ਉਤਰੀ ਭਾਰਤ ਦੇ ਦਿੱਲੀ, ਰਾਜਸਥਾਨ, ਤ੍ਰਿਪੁਰਾ ਤੇ ਮੇਘਾਲਿਆ 'ਚ ਵੀ ਅਸੀਂ ਆਪਣੇ ਉਤਪਾਦ ਲਾਂਚ ਕਰਨ ਜਾ ਰਹੇ ਹਾਂ ਅਤੇ ਅਗਲੇ ਇੱਕ-ਦੋ ਸਾਲਾਂ ਵਿੱਚ ਦੱਖਣੀ ਭਾਰਤ ਦੇ ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ, ਪੱਛਮੀ ਬੰਗਾਲ ਤੇ ਅੰਡੇਮਾਨ ਤੇ ਨਿਕੋਬਾਰ ਟਾਪੂਆਂ ਤੱਕ ਵੀ ਪਹੁੰਚ ਬਣਾ ਲਈ ਜਾਵੇਗੀ। ਅਸੀਂ ਛੇਤੀ ਹੀ 100 ਕਰੋੜ ਦਾ ਨਿਸ਼ਾਨ ਪਾਰ ਕਰ ਲੈਣਾ ਚਾਹੁੰਦੇ ਹਾਂ। ਸਾਡੀ ਯੋਜਨਾ ਹੈ ਕਿ ਅਸੀਂ ਦੇਸ਼ ਦੀਆਂ ਪੰਜ ਚੋਟੀ ਦੀਆਂ ਸ਼ਰਾਬ ਕੰਪਨੀਆਂ ਵਿਚੋਂ ਇੱਕ ਹੋਈਏ।''

ਮੈਂ ਜਮਾਂਦਰੂ ਉਦਮੀ ਹਾਂ ਤੇ ਮੈਂ ਜੋ ਵੀ ਕਰਦੀ ਹਾਂ, ਮੈਨੂੰ ਉਹ ਚੰਗਾ ਲਗਦਾ ਹੈ

''ਇਸ ਵੇਲੇ ਸੱਚਾਈ ਇਹੋ ਹੈ ਕਿ 'ਆਈ ਬ੍ਰਾਂਡਜ਼' ਦੇ ਸਾਰੇ ਉਤਪਾਦ ਬਾਜ਼ਾਰ ਵਿੱਚ ਬਹੁਤ ਪਸੰਦ ਕੀਤੇ ਜਾਂਦੇ ਹਨ ਅਤੇ ਗਾਹਕ ਵਾਰ-ਵਾਰ ਇਹੋ ਬ੍ਰਾਂਡ ਮੰਗਦੇ ਹਨ, ਇਹੋ ਕਾਰਣ ਹੈ ਕਿ ਸਾਡੇ ਵਿੱਚ ਨਵੀਂ ਊਰਜਾ ਭਰੀ ਰਹਿੰਦੀ ਹੈ। ਇਹ ਕਾਰੋਬਾਰ ਬਹੁਤ ਚੁਣੌਤੀਪੂਰਨ ਹੈ ਅਤੇ ਇੱਥੇ ਇੱਕ-ਦੂਜੇ ਦਾ ਗਲ਼ਾ ਵੱਢਣ ਵਾਲਾ ਮੁਕਾਬਲਾ ਵੀ ਚਲਦਾ ਰਹਿੰਦਾ ਹੈ। ਸਾਡੇ ਉਤਪਾਦ ਨੌਜਵਾਨਾਂ ਦੀ ਇੱਕ ਨਵੇਂ ਖ਼ਿਆਲਾਤ ਵਾਲੀ ਟੀਮ ਵੱਲੋਂ ਤਿਆਰ ਕੀਤੇ ਜਾਂਦੇ ਹਨ।

ਮੈਂ ਸੱਚਮੁਚ ਸਟੀਵ ਜੌਬਸ ਤੋਂ ਪ੍ਰੇਰਿਤ ਹਾਂ। ਉਹ ਕਿਹਾ ਕਰਦੇ ਸਨ,'ਜਿਹੜੇ ਲੋਕ ਇੰਨੇ ਕੁ ਸਨਕੀ ਹੁੰਦੇ ਹਨ, ਜੋ ਇਹ ਸੋਚਦੇ ਹਨ ਕਿ ਉਹ ਇਸ ਸੰਸਾਰ ਨੂੰ ਬਦਲ ਸਕਦੇ ਹਨ, ਉਹੀ ਅਸਲ ਵਿੱਚ ਕੁੱਝ ਕਰ ਸਕਦੇ ਹਨ।' ਮੈਨੂੰ ਇਹ ਮੰਤਰ ਨਸਾਈ ਰਖਦਾ ਹੈ ਤੇ ਇਸੇ ਕਰ ਕੇ ਸਾਡੀ ਕੰਪਨੀ ਇੰਨੀ ਛੇਤੀ ਸਫ਼ਲਤਾ ਵੀ ਹਾਸਲ ਕਰ ਸਕੀ ਹੈ।

ਮੈਨੂੰ ਚੇਤੇ ਹੈ ਕਿ ਮੈਂ ਜਦੋਂ ਨਿੱਕੀ ਸਾਂ, ਤਾਂ ਮੇਰਾ ਪਰਿਵਾਰ ਮੈਨੂੰ ਸਦਾ ਪਰਿਵਾਰ ਦੇ ਪੁੱਤਰ ਵਾਂਗ ਪਿਆਰ ਕਰਦਾ ਸੀ ਕਿਉਂਕਿ ਪਰਿਵਾਰ 'ਚ ਅਸੀਂ ਦੋਵੇਂ ਭੈਣਾਂ ਹੀ ਹਾਂ। ਆਪਣੇ ਘਰ ਲਈ ਬਾਜ਼ਾਰ ਦੇ ਸਾਰੇ ਕੰਮ ਮੈਂ ਹੀ ਕਰਦੀ ਸਾਂ। ਕੋਈ ਅਹਿਮ ਦਸਤਾਵੇਜ਼ ਤਿਆਰ ਕਰਨਾ ਹੁੰਦਾ ਸੀ, ਤਾਂ ਉਹ ਵੀ ਮੈਂ ਹੀ ਕਰਦੀ ਸਾਂ। ਮੈਂ ਉਨ੍ਹਾਂ ਗੱਲਾਂ ਤੋਂ ਵੀ ਬਹੁਤ ਕੁੱਝ ਸਿੱਖਿਆ। ਮੇਰੇ ਪਿਤਾ ਜੀ ਮੇਰੀ ਸ਼ਕਤੀ ਦੇ ਸਰੋਤ ਰਹੇ ਹਨ।''

ਲੀਜ਼ਾ ਦੇ ਪਤੀ ਸਦਾ ਉਨ੍ਹਾਂ ਦਾ ਸਾਥ ਦਿੰਦੇ ਰਹੇ ਹਨ। ਲੀਜ਼ਾ ਦੇ ਦ੍ਰਿਸ਼ਟੀਕੋਣ ਬਾਰੇ ਪੂਰਾ ਸੰਸਾਰ ਕੁੱਝ ਵੀ ਉਲਟ ਸੋਚੀ ਜਾਵੇ, ਪਰ ਉਨ੍ਹਾਂ ਦੇ ਪਤੀ ਨੂੰ ਉਨ੍ਹਾਂ ਦੀ ਹਰੇਕ ਗੱਲ ਮਨਜ਼ੂਰ ਹੈ। ਲੀਜ਼ਾ ਦਸਦੇ ਹਨ,''ਮੈਂ ਜਦੋਂ 'ਆਈ ਬ੍ਰਾਂਡਜ਼' ਸ਼ੁਰੂ ਕੀਤੀ, ਤਾਂ ਉਨ੍ਹਾਂ ਬਹੁਤ ਸਾਰੀਆਂ ਮੁਲਾਕਾਤਾਂ ਦੌਰਾਨ ਮੇਰੀ ਸੁਰੱਖਿਆ ਦਾ ਖ਼ਿਆਲ ਰਖਦਿਆਂ ਮੇਰੇ ਨਾਲ ਚੱਲਣ ਨੂੰ ਤਰਜੀਹ ਦਿੱਤੀ। ਭਾਵੇਂ ਸਾਡੇ ਰਾਹ ਵਿੱਚ ਬਹੁਤ ਔਕੜਾਂ ਆਈਆਂ ਪਰ ਉਨ੍ਹਾਂ ਹਰ ਥਾਂ ਮੇਰਾ ਸਾਥ ਦਿੱਤਾ ਤੇ ਸਦਾ ਹੌਸਲਾ ਵਧਾਇਆ।''

image


ਔਰਤ ਹੋ ਕੇ ਸ਼ਰਾਬ ਉਦਯੋਗ ਵਿੱਚ ਦਾਖ਼ਲ ਹੋਣਾ ਹੀ ਇੱਕ ਵੱਡੀ ਚੁਣੌਤੀ ਸੀ

''ਮੁਢਲੇ ਪੜਾਵਾਂ ਉਤੇ 'ਆਈ ਬ੍ਰਾਂਡਜ਼ ਬੈਵਰੇਜਸ' ਦੀ ਉਸਾਰੀ ਤੇ ਤਿਆਰੀ ਹੀ ਆਪਣੇ ਆਪ ਵਿੱਚ ਇੱਕ ਚੁਣੌਤੀ ਸੀ। ਮੈਨੂੰ ਬਹੁਤ ਜਣਿਆਂ ਨੇ ਕਿਹਾ ਕਿ ਮੈਂ ਇਸ ਕਾਰੋਬਾਰ 'ਚ ਨਾ ਦਾਖ਼ਲ ਹੋਵਾਂ। ਨਿਵੇਸ਼ਕਾਂ ਤੋਂ ਲੈ ਕੇ ਸਾਡੇ ਉਤਪਾਦਾਂ ਦੇ ਡਿਸਟ੍ਰੀਬਿਊਟਰਜ਼ ਤੱਕ ਦੀ ਵੀ ਇਹੋ ਰਾਇ ਸੀ। ਸ਼ੁਰੂ 'ਚ ਕਾਫ਼ੀ ਬਿਖੜਾ ਪੈਂਡਾ ਸੀ। ਪਰ ਬਹੁਤ ਸਾਰੇ ਦ੍ਰਿੜ੍ਹ ਇਰਾਦਿਆਂ ਨਾਲ ਮੈਂ ਆਪਣੇ ਸੀਮਤ ਨਿਵੇਸ਼ ਨਾਲ ਅੱਗੇ ਵਧਣ ਦਾ ਹੀ ਫ਼ੈਸਲਾ ਲਿਆ।''

ਇਸ ਉਦਯੋਗ ਵਿੱਚ ਦਾਖ਼ਲ ਹੋਣ ਲਈ ਲੀਜ਼ਾ ਨੂੰ ਕਈ ਸਾਲ ਲੱਗ ਗਏ। ਹੁਣ ਉਨ੍ਹਾਂ ਦੀ ਸਖ਼ਤ ਮਿਹਨਤ ਰੰਗ ਲੈ ਆਈ ਹੈ। ''ਸਾਡੇ 'ਆਈ ਬ੍ਰਾਂਡਜ਼' ਦੇ ਉਤਪਾਦਾਂ ਨੂੰ ਦੇਸ਼ ਭਰ ਵਿੱਚ ਬਹੁਤ ਤਕੜਾ ਹੁੰਗਾਰਾ ਮਿਲ ਰਿਹਾ ਹੈ। ਇਹੋ ਕਾਰਣ ਹੈ ਕਿ ਸਾਡੀ ਕੰਪਨੀ ਹੁਣ ਇਸ ਗੁੰਝਲਦਾਰ ਉਦਯੋਗ ਵਿੱਚ ਤੇਜ਼ੀ ਨਾਲ ਪੈਰ ਜਮਾਉਂਦੀ ਜਾ ਰਹੀ ਹੈ। ਸਾਡੇ ਮੁਕਾਬਲੇ ਬਹੁਤ ਪੁਰਾਣੇ ਤੇ ਭਾਰੀ ਕਾਰੋਬਾਰੀ ਖਿਡਾਰੀ ਹਨ। ਉਨ੍ਹਾਂ ਵਿੱਚ ਕੇਵਲ ਤਿੰਨ ਸਾਲਾਂ ਅੰਦਰ ਸਾਡੀ ਟਰਨਓਵਰ ਦੁੱਗਣੀ ਹੋ ਕੇ 10 ਲੱਖ ਡਾਲਰ ਦਾ ਅੰਕੜਾ ਪਾਰ ਕਰ ਗਈ ਹੈ।''

ਲੀਜ਼ਾ ਅੱਗੇ ਦਸਦੇ ਹਨ,''ਸਾਡੇ ਚੌਥੇ ਵਰ੍ਹੇ ਸਾਨੂੰ ਚਾਰ ਪੁਰਸਕਾਰ ਮਿਲੇ ਹਨ। ਸਪਿਰਿਟਿਜ਼ 2014 ਪੁਰਸਕਾਰ ਸਮਾਰੋਹ (ਜੋ ਆਪਣੇ ਖੇਤਰ ਦਾ ਵੱਕਾਰੀ ਹੈ) ਦੌਰਾਨ ਸਾਡੀ ਕੰਪਨੀ ਨੂੰ 'ਬਿਹਤਰੀਨ ਸਟਾਰਟ-ਅੱਪ' ਕੰਪਨੀ ਦਾ ਪੁਰਸਕਾਰ ਮਿਲਿਆ ਹੈ। ਫਿਰ ਅਸੀਂ ਪੈਕੇਜਿੰਗ ਐਵਾਰਡ ਵੀ ਜਿੱਤਿਆ ਹੈ। ਇਸ ਤੋਂ ਇਲਾਵਾ ਫ਼ਰੈਂਚਾਈਜ਼ ਇੰਡੀਆ 2014 ਨੇ ਵੀ ਆਪਣੇ ਚੌਥੇ ਉਦਮੀ ਪੁਰਸਕਾਰਾਂ ਦੀ ਲੜੀ ਵਿੱਚ ਸਾਡੀ ਕੰਪਨੀ ਨੂੰ 'ਇਨੋਵੇਟਿਵ ਸਟਾਰਟਅੱਪ' ਦਾ ਇਨਾਮ ਦਿੱਤਾ ਹੈ। ਇਹ ਇਨਾਮ ਸਬੂਤ ਹਨ ਸਾਡੀ ਸਖ਼ਤ ਮਿਹਨਤ ਦੇ। ਮੇਰੀ ਟੀਮ ਅਤੇ ਮੇਰੀ ਆਪਣੀ ਮਿਹਨਤ ਰੰਗ ਲਿਆਈ ਹੈ।''

'ਆਈ ਬ੍ਰਾਂਡਜ਼' ਨੇ ਦੇਸ਼ ਦੇ ਅੱਠ ਸੂਬਿਆਂ ਵਿੱਚ ਆਪਣੇ 5,000 ਆਊਟਲੈਟਸ ਖੋਲ੍ਹੇ ਹਨ ਤੇ ਆਪਣੀ ਰੀਟੇਲ ਹੋਂਦ ਦਾ ਅਹਿਸਾਸ ਕਰਵਾਇਆ ਹੈ।

''ਇਹ ਪੁਰਸਕਾਰ ਅਤੇ ਪ੍ਰਚੂਨ ਤੇ ਕਾਰੋਬਾਰੀ ਪੱਧਰਾਂ ਉਤੇ ਸਾਡੇ ਬ੍ਰਾਂਡ ਦੀ ਹਰਮਨਪਿਆਰਤਾ ਦਰਸਾਉਂਦੀ ਹੈ ਕਿ ਸਾਡੇ ਉਤਪਾਦ ਬਿਲਕੁਲ ਨਵੀਨ ਹਨ ਤੇ ਗਾਹਕਾਂ ਦਾ ਪੂਰਾ ਖ਼ਿਆਲ ਰਖਦੇ ਹਨ। ਹੁਣ ਡਿਸਟਰੀਬਿਊਟਰਜ਼ ਆਪ ਵੀ ਸਾਡੇ ਬੂਹੇ ਉਤੇ ਦਸਤਕ ਦੇਣ ਲੱਗ ਪਏ ਹਨ।''

ਭਾਰਤ ਦੇ ਸ਼ਰਾਬ ਉਦਯੋਗ ਵਿੱਚ ਮਰਦ ਹੀ ਭਾਰੂ ਹਨ ਪਰ ਲੀਜ਼ਾ ਨੂੰ ਔਰਤ ਹੋਣ ਦੇ ਨਾਤੇ ਕਈ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ। ''ਜਦੋਂ ਮੈਂ ਆਪਣੇ ਇਸ ਕਾਰੋਬਾਰ ਦਾ ਵਿਚਾਰ ਲੈ ਕੇ ਬਾਜ਼ਾਰ 'ਚ ਪੁੱਜੀ, ਤਾਂ ਉਹ ਮੇਰੇ ਉਤੇ ਹੱਸੇ ਅਤੇ ਉਨ੍ਹਾਂ ਮੈਨੂੰ ਕਿਹਾ ਕਿ ਮੈਂ ਇੱਥੇ ਬਹੁਤੀ ਦੇਰ ਨਹੀਂ ਰਹਿ ਸਕਾਂਗੀ। ਮੈਨੂੰ ਕਿਸੇ ਨੇ ਵੀ ਗੰਭੀਰਤਾ ਨਾਲ ਨਾ ਲਿਆ। ਜਦੋਂ ਡਿਸਟਰੀਬਿਊਟਰਜ਼ ਨਾਲ ਸਾਡੀ ਮੀਟਿੰਗ ਹੁੰਦੀ, ਤਾਂ ਉਹ ਮੇਰੇ ਮੈਨੇਜਰ ਨਾਲ ਹੀ ਗੱਲਾਂ ਕਰਦੇ ਕਿਉਂਕਿ ਉਹ ਮਰਦ ਸੀ। ਪਰ ਹੁਣ ਸਭ ਬਦਲਦਾ ਜਾ ਰਿਹਾ ਹੈ। ਇਹ ਉਦਯੋਗ ਪਿਛਲੇ ਕੁੱਝ ਵਰ੍ਹਿਆਂ ਦੌਰਾਨ ਕਾਫ਼ੀ ਸੰਗਠਤ ਹੋਇਆ ਹੈ। ਹੁਣ ਇਹ ਐਫ਼.ਐਮ.ਸੀ.ਜੀ. ਹੋ ਜਾਣਾ ਹੈ ਤੇ ਪ੍ਰਚੂਨ ਦਾ ਖ਼ਾਸ ਖ਼ਿਆਲ ਰੱਖਿਆ ਜਾਣਾ ਹੈ, ਜੋ ਕਿ ਬਹੁਤ ਵੱਡੀ ਗੱਲ ਹੈ।''

ਜੇ ਲੀਜ਼ਾ ਤੋਂ ਪੁੱਛੀਏ ਕਿ ਇੱਕ ਔਰਤ ਹੋਣ ਦੇ ਨਾਤੇ ਕੀ ਉਹ ਜ਼ਿੰਦਗੀ ਨੂੰ ਸਖ਼ਤ ਮੰਨਦੇ ਹਨ ਕਿ ਆਸਾਨ; ਤਾਂ ਉਨ੍ਹਾਂ ਦਾ ਜਵਾਬ ਹੁੰਦਾ ਹੈ,''ਮੈਂ ਕਦੇ ਵੀ ਇਸ ਤਰੀਕੇ ਨਹੀਂ ਸੋਚਿਆ। ਇੱਕੀਵੀਂ ਸਦੀ ਦੀ ਔਰਤ ਹੋਣ ਦੇ ਨਾਤੇ ਮੇਰੇ ਵਿਕਲਪ ਅਨੰਤ ਹਨ ਤੇ ਮੈਂ ਅਜਿਹੇ ਹਾਲਾਤ ਵਿੱਚ ਆਪਣੇ ਆਲੇ-ਦੁਆਲੇ ਦੇ ਵਿਸ਼ਵ ਤੋਂ ਆਪਣੇ-ਆਪ ਨੂੰ ਵੱਖ ਕਰ ਕੇ ਕਿਵੇਂ ਵੇਖ ਸਕਦੀ ਹਾਂ। ਪੱਛਮੀ ਦੇਸ਼ਾਂ ਦੇ ਮੁਕਾਬਲੇ ਭਾਰਤ 'ਚ ਨੈਨੀਜ਼ ਬਹੁਤ ਆਰਾਮ ਨਾਲ ਮਿਲ ਜਾਂਦੀਆਂ ਹਨ ਤੇ ਬੱਚੇ ਪਾਲਣੇ ਆਸਾਨ ਹਨ। ਮੇਰੇ ਲਈ ਜ਼ਿੰਦਗੀ ਤੇ ਕੰਮ ਵਿੱਚ ਸੰਤੁਲਨ ਬਿਠਾਉਣਾ ਕਾਫ਼ੀ ਵੱਡਾ ਕੰਮ ਹੈ। ਆਪਣੀ ਸਵੇਰ ਅਤੇ ਸ਼ਾਮ ਮੈਂ ਆਪਣੇ ਪਰਿਵਾਰ ਨਾਲ ਬਿਤਾਉਂਦੀ ਹਾਂ। ਮੈਂ ਵੇਖਦੀ ਹਾਂ ਕਿ ਕਿਹੜਾ ਕੰਮ ਪਹਿਲਾਂ ਕਰਨਾ ਚਾਹੀਦਾ ਹੈ ਤੇ ਕਿਵੇਂ ਕਰਨਾ ਚਾਹੀਦਾ ਹੈ।''

ਮਹਿਲਾ ਉਦਮੀਆਂ ਨੂੰ ਉਨ੍ਹਾਂ ਦਾ ਸੁਨੇਹਾ ਹੈ,''ਵੇਲਾ ਵਿਹਾਅ ਚੁੱਕੀਆਂ ਰਵਾਇਤਾਂ ਨਾਲ ਨਾ ਬੱਝੀਆਂ ਰਹੋ। ਆਪਣੇ ਕਾਰੋਬਾਰ ਦੇ ਵੇਰਵਿਆਂ ਵੱਲ ਧਿਆਨ ਦੇਵੋ ਅਤੇ ਆਪਣੀਆਂ ਸ਼ਕਤੀਆਂ ਨੂੰ ਪਛਾਣੋ। ਮੈਨੂੰ ਚੁਣੌਤੀਆਂ ਵਾਲੇ ਰਾਹ ਚੁਣਨੇ ਪਸੰਦ ਹਨ ਤੇ ਉਨ੍ਹਾਂ ਤੋਂ ਬਹੁਤ ਕੁੱਝ ਸਿੱਖਣਾ ਚੰਗਾ ਲਗਦਾ ਹੈ। ਮੇਰੇ ਅੰਦਰ ਪ੍ਰੇਰਣਾ ਦੀ ਵੱਡੀ ਭਾਵਨਾ ਹੈ ਤੇ ਉਹੀ ਮੈਨੂੰ ਚਲਾਉਂਦੀ ਹੈ। ਆਪਣਾ ਜੀਵਨ ਇੱਕ ਜਨੂੰਨ ਨਾਲ ਜੀਵੋ। ਬਹਾਦਰ ਬਣੋ, ਕੰਮ ਨੂੰ ਕੇਵਲ ਕਰਨ ਲਈ ਹੀ ਕੁੱਝ ਨਾ ਕਰੋ। ਆਪਣੀ ਦ੍ਰਿਸ਼ਟੀ ਬਿਲਕੁਲ ਸਪੱਸ਼ਟ ਰੱਖੋ ਤੇ ਤੁਹਾਡੇ ਨਿਸ਼ਾਨੇ ਵੀ ਸਪੱਸ਼ਟ ਹੀ ਹੋਣੇ ਚਾਹੀਦੇ ਹਨ। ਸਦਾ ਵੱਡਾ ਸੁਫ਼ਨਾ ਲਵੋ!''

''ਮੈਂ ਇੱਕ ਵਾਰ ਪੜ੍ਹਿਆ ਸੀ ਕਿ ਅਲਬਰਟ ਆਈਨਸਟਾਈਨ ਨੇ ਆਖਿਆ ਸੀ,''ਜਿਹੜੀ ਔਰਤ ਭੀੜ ਦੇ ਪਿੱਛੇ-ਪਿੱਛੇ ਚਲਦੀ ਹੈ, ਉਹ ਉਸ ਭੀੜ ਤੋਂ ਕਦੇ ਅੱਗੇ ਨਹੀਂ ਵਧ ਸਕਦੀ। ਅਤੇ ਜਿਹੜੀ ਔਰਤ ਇਕੱਲੀ ਤੁਰਦੀ ਹੈ ਤੇ ਉਹ ਅਜਿਹੇ ਥਾਂ ਲੱਭ ਲੈਂਦੀ ਹੈ, ਜਿੱਥੇ ਪਹਿਲਾਂ ਕੋਈ ਨਹੀਂ ਪੁੱਜਾ ਹੁੰਦਾ।'' ਅਤੇ ਪਿਛਲੇ ਸਾਲਾਂ ਵਿੱਚ ਆਈਨਸਟਾਈਨ ਦੇ ਕਥਨ ਨੂੰ ਆਪਣੇ ਦਿਲ ਵਿੱਚ ਉਕੇਰ ਲਿਆ ਹੈ ਤੇ ਮੈਂ ਇਸੇ ਉਤੇ ਚਲਦੀ ਹੋਈ ਅੱਗੇ ਵਧ ਰਹੀ ਹਾਂ।''

ਲੀਜ਼ਾ ਨੂੰ ਆਪਣੇ ਪਰਿਵਾਰ ਤੇ ਬੱਚਿਆਂ ਨਾਲ ਬਹੁਤ ਮੋਹ ਹੈ। ''ਆਈ ਬ੍ਰਾਂਡਜ਼ ਮੇਰੇ ਬੱਚੇ ਵਾਂਗ ਹੀ ਹੈ। ਮੈਂ ਔਰਤਾਂ ਨੂੰ ਹੱਲਾਸ਼ੇਰੀ ਦਿੰਦੀ ਹਾਂ ਕਿ ਉਹ ਆਜ਼ਾਦ ਤੇ ਮਜ਼ਬੂਤ ਬਣ ਕੇ ਵਿਖਾਉਣ। ਮੇਰਾ ਮੰਨਣਾ ਹੈ ਕਿ ਸਿੱਖਿਆ ਰਾਹੀਂ ਨੌਜਵਾਨ ਲੜਕੀਆਂ ਪ੍ਰਫ਼ੁੱਲਤ ਹੁੰਦੀਆਂ ਹਨ। ਮੈਨੂੰ ਆਪਣੇ ਖ਼ਿਆਲਾਂ ਨੂੰ ਵਿਕਸਤ ਕਰਨਾ ਚੰਗਾ ਲਗਦਾ ਹੈ। ਪੇਂਟਿੰਗ ਕਰਨਾ ਵੀ ਪਸੰਦ ਹੈ ਤੇ ਮੈਨੂੰ ਇਹ ਇੱਕ ਸਾਧਨਾ ਜਾਪਦੀ ਹੈ। ਮੈਂ ਬੋਰਿਸ ਵਲੇਜੋ ਅੇਤ ਜੂਲੀ ਬੈਲ ਦੇ ਫ਼ੈਂਟਾਸੀ ਖੇਤਰ ਵਿੱਚ ਕੀਤੇ ਕੰਮ ਬਹੁਤ ਪਸੰਦ ਹਨ। ਮੈਨੂੰ ਯਾਤਰਾ ਕਰਨ ਬਹੁਤ ਪਸੰਦ ਹੈ ਤੇ ਭੋਜਨਾਂ ਨਾਲ ਨਵੇਂ-ਨਵੇਂ ਤਜਰਬੇ ਕਰਨੇ ਵੀ ਚੰਗੇ ਲਗਦੇ ਹਨ।''

ਲੇਖਿਕਾ: ਤਨਵੀ ਦੂਬੇ

ਅਨੁਵਾਦ: ਮਹਿਤਾਬ-ਉਦ-ਦੀਨ