ਜਿੱਤ ਦੇ ਮੰਤਰ ਨਾਲ ਪਿੰਡ-ਵਾਸੀਆਂ ਦੇ ਜੀਵਨ ਸੁਧਾਰਨ 'ਚ ਲੱਗਾ 'ਹਾਰਵਾ'

0

ਆਖਦੇ ਹਨ ਕਿ ਇੱਛਾ ਨੂੰ ਕਦੇ ਵੀ ਮਾਰਨਾ ਨਹੀਂ ਚਾਹੀਦਾ ਅਤੇ ਆਪਣੇ ਸੁਫ਼ਨੇ ਸਾਕਾਰ ਕਰਨ ਲਈ ਲਗਾਤਾਰ ਜਤਨ ਕਰਦੇ ਰਹਿਣਾ ਚਾਹੀਦਾ ਹੈ ਅਤੇ ਤੁਹਾਡੇ ਕੋਲ ਆਪਣਾ ਇੱਕ ਉਦੇਸ਼ ਜ਼ਰੂਰ ਹੋਣਾ ਚਾਹੀਦਾ ਹੈ। ਜੇ ਕੋਈ ਵਿਅਕਤੀ ਇਨ੍ਹਾਂ ਗੱਲਾਂ ਵੱਲ ਧਿਆਨ ਦੇਵੇ, ਤਾਂ ਉਸ ਨੂ ਸਫ਼ਲਤਾ ਦੇ ਨਿੱਤ ਨਵੇਂ ਸਿਖ਼ਰ ਛੋਹਣ ਤੋਂ ਕੋਈ ਨਹੀਂ ਰੋਕ ਸਕਦਾ। ਅਜਿਹਾ ਵਿਅਕਤੀ ਸਫ਼ਲਤਾ ਦੇ ਸਿਖ਼ਰ ਛੋਹੰਦਾ ਹੈ ਅਤੇ ਆਪਣੇ ਲਈ ਸਭ ਦੇ ਦਿਲਾਂ ਵਿੱਚ ਇੱਕ ਵੱਖਰੇ ਮੁਕਾਮ ਬਣਾਉਂਦਾ ਹੈ। ਅਜਿਹੇ ਹੀ ਵਿਅਕਤੀਤਵ ਦੇ ਧਨੀ ਵਿਅਕਤੀ ਹਨ ਅਜੇ ਚਤੁਰਵੇਦੀ। ਅਜੇ ਪੜ੍ਹਾਈ ਕਰਨ ਵਿਦੇਸ਼ ਵੀ ਗਏ ਪਰ ਜਦੋਂ ਗੱਲ ਆਪਣੇ ਸੁਫ਼ਨੇ ਸਾਕਾਰ ਕਰਨ ਦੀ ਆਈ, ਤਾਂ ਉਹ ਭਾਰਤ ਪਰਤ ਆਏ। ਇਸ ਵੇਲੇ ਅਜੇ ਭਾਰਤ ਦੇ ਦੇਹਾਤੀ ਇਲਾਕਿਆਂ ਵਿੱਚ ਕੰਮ ਕਰ ਰਹੇ ਹਨ ਅਤੇ ਆਪਣੇ ਕੰਮ ਰਾਹੀਂ ਉਹ ਪਿੰਡਾਂ ਦੇ ਵਾਸੀਆਂ ਦੇ ਜੀਵਨ ਸੁਖਾਲ਼ੇ ਬਣਾ ਰਹੇ ਹਨ।

ਅਜੇ ਨੇ ਬਿਟਸ ਪਿਲਾਈ ਤੋਂ ਇੰਜੀਨੀਅਰਿੰਗ ਕੀਤੀ, ਉਸ ਤੋਂ ਬਾਅਦ ਪੈਨਸਿਲਵਾਨੀਆ ਦੀ ਇੱਕ ਯੂਨੀਵਰਸਿਟੀ ਤੋਂ ਮੈਨੇਜਮੈਂਟ ਟੈਕਨਾਲੋਜੀ ਦੀ ਪੜ੍ਹਾਈ ਕੀਤੀ। ਉਸ ਤੋਂ ਬਾਅਦ ਉਨ੍ਹਾਂ ਸਿਟੀ ਬੈਂਕ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਪਰ ਮਨ ਵਿੱਚ ਸਦਾ ਇੱਕੋ ਹੀ ਖ਼ਿਆਲ ਰਹਿੰਦਾ ਸੀ ਕਿ ਕਿਵੇਂ ਉਹ ਭਾਰਤ ਦੇ ਗ਼ਰੀਬ ਲੋਕਾਂ ਲਈ ਕੰਮ ਕਰਨ। ਇੱਕ ਵਾਰ ਉਹ ਘੁੰਮਣ ਲਈ ਹਿਮਾਲਾ ਪਰਬਤ ਵੱਲ ਚੱਲ ਪਏ ਅਤੇ ਇਸ ਟੂਰ ਨੇ ਉਨ੍ਹਾਂ ਦੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੱਤੀ। ਇਸ ਤੋਂ ਬਾਅਦ ਅਜੇ ਨੇ ਨੌਕਰੀ ਛੱਡ ਦਿੱਤੀ ਅਤੇ ਫਿਰ ਅਗਲੇ ਛੇ ਮਹੀਨੇ ਉਥੇ ਹੀ ਬਿਤਾਏ। ਅਜੇ ਨੇ ਇੱਥੇ ਰਹਿ ਕੇ ਜ਼ਿੰਦਗੀ ਨੂੰ ਕਾਫ਼ੀ ਨੇੜਿਓਂ ਜਾਣਨ ਦਾ ਜਤਨ ਕੀਤਾ। ਕੁੱਝ ਸਮੇਂ ਬਾਅਦ ਅਜੇ ਨੂੰ ਸਪੱਸ਼ਟ ਹੋ ਗਿਆ ਕਿ ਹੁਣ ਉਨ੍ਹਾਂ ਕੀ ਕਰਨਾ ਹੈ?

ਸਾਲ 2010 'ਚ ਉਹ ਅੱਗੇ ਵਧੇ ਅਤੇ ਦੇਸ਼ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ਵਿੱਚ ਆਪਣੇ ਵੱਲੋਂ ਇੱਕ ਜਤਨ ਕੀਤਾ। ਆਪਣੇ ਇਸ ਜਤਨ ਨੂੰ ਉਨ੍ਹਾਂ ਨਾਮ ਦਿੱਤਾ 'ਹਾਰਵਾ'। ਅਜੇ ਨੇ ਪਾਇਆ ਕਿ ਪਿੰਡਾਂ ਦੇ ਵਾਸੀਆਂ ਨੂੰ ਮਜ਼ਬੂਤ ਬਣਾਉਣ ਦੇ ਜਤਨ ਤਾਂ ਸਰਕਾਰਾਂ ਵੀ ਕਰ ਹੀ ਰਹੀਆਂ ਹਨ ਪਰ ਜ਼ਮੀਨੀ ਪੱਧਰ ਉਤੇ ਸਰਕਾਰੀ ਜਤਨ ਵਿਖਾਈ ਨਹੀਂ ਦੇ ਰਹੇ। ਫਿਰ ਅਜੇ ਨੇ ਤੈਅ ਕੀਤਾ ਕਿ ਉਹ ਲੋਕਾਂ ਦੇ ਅਸਥਿਰ ਕੰਮਕਾਜ ਨੂੰ ਸਥਾਈਪਣ ਦੇਣਗੇ। ਉਹ ਪਿੰਡ ਵਾਸੀਆਂ ਦੇ ਹੁਨਰ ਵਿਕਾਸ ਦਾ ਕੰਮ ਤਾਂ ਕਰਨਗੇ ਹੀ, ਨਾਲ ਹੀ ਉਹ ਕੁੱਝ ਅਜਿਹਾ ਵੀ ਕਰਨਗੇ ਕਿ ਜਿਸ ਨਾਲ ਪਿੰਡ ਵਾਸੀਆਂ ਦੀ ਆਮਦਨ ਦੇ ਸਰੋਤ ਵਧ ਸਕਣ।

'ਹਾਰਵਾ' ਸ਼ਬਦ 'ਹਾਰਵੈਸਟਿੰਗ ਵੈਲਿਯੂ' ਤੋਂ ਬਣਿਆ ਹੈ ਅਤੇ ਇਹ ਹੁਨਰ ਵਿਕਾਸ ਦੀ ਦਿਸ਼ਾ ਵਿੱਚ ਕੰਮ ਕਰਦਾ ਹੈ। ਅਜੇ ਨੇ ਪਿੰਡ ਵਿੱਚ ਇੱਕ ਬੀ.ਪੀ.ਓ., ਕਮਿਊਨਿਟੀ ਬੇਸਡ ਫ਼ਾਰਮਿੰਗ ਅਤੇ ਪਿੰਡਾਂ ਵਿੱਚ ਮਾਈਕ੍ਰੋ-ਫ਼ਾਈਨਾਂਸ ਦੀ ਸ਼ੁਰੂਆਤ ਕੀਤੀ। ਅਜੇ ਦੇ ਬੀ.ਪੀ.ਓ. ਵਿੱਚ ਔਰਤਾਂ ਹੀ ਕੰਮ ਕਰਦੀਆਂ ਹਨ। ਅਜੇ ਨੇ ਪਿੰਡ-ਪਿੰਡ ਜਾ ਕੇ ਔਰਤਾਂ ਨੂੰ ਬੀ.ਪੀ.ਓ. ਵਿੱਚ ਕੰਮ ਕਰਨ ਦਾ ਸੱਦਾ ਦਿੱਤਾ। ਜੋ ਵੀ ਔਰਤਾਂ ਥੋੜ੍ਹਾ-ਬਹੁਤ ਪੜ੍ਹੀਆਂ-ਲਿਖੀਆਂ ਸਨ, ਉਨ੍ਹਾਂ ਨੂੰ ਕੰਪਿਊਟਰ ਟ੍ਰੇਨਿੰਗ ਕਰਵਾਈ ਗਈ ਅਤੇ ਕੰਮ ਉਤੇ ਲਾਇਆ ਗਿਆ। ਇੱਥੇ ਕੰਮ ਕਰਨ ਵਾਲੀਆਂ ਔਰਤਾਂ ਨੂੰ ਤਨਖ਼ਾਹ ਦਿੱਤੀ ਜਾਂਦੀ ਹੈ, ਜਿਸ ਨਾਲ ਉਨ੍ਹਾਂ ਦੀ ਆਰਥਿਕ ਹਾਲਤ ਵਿੱਚ ਕਾਫ਼ੀ ਸੁਧਾਰ ਆ ਰਿਹਾ ਹੈ।

'ਹਾਰਵਾ ਸੁਰੱਕਸ਼ਾ' ਪਿੱਛੇ ਜਿਹੇ ਸ਼ੁਰੂ ਕੀਤੀ ਗਈ ਹੈ। ਇਸ ਪ੍ਰਾਜੈਕਟ ਨੂੰ ਬਜਾਜ ਫ਼ਾਈਨਾਂਸ ਤੋਂ ਵੀ ਮਦਦ ਮਿਲੀ ਹੈ, ਜੋ ਕਿ ਪਿੰਡਾਂ ਦੇ ਵਾਸੀਆਂ ਨੂੰ ਮਾਈਕ੍ਰੋ-ਫ਼ਾਈਨਾਂਸ ਦੇ ਰਿਹਾ ਹੈ। 'ਹਾਰਵਾ' ਇਸ ਵੇਲੇ ਐਕਸ.ਪੀ.ਓ. ਦੀਆਂ 20 ਹਾਰਵਾ ਡਿਜੀਟਲ ਹਟਸ ਚਲਾ ਰਿਹਾ ਹੈ; ਜਿਸ ਵਿੱਚੋਂ 5 ਹਾਰਵਾ ਦੀਆਂ ਹਨ, ਜਦ ਕਿ ਬਾਕੀ ਫ਼ਰੈਂਚਾਈਜ਼ੀ ਮਾੱਡਲ ਉਤੇ ਕੰਮ ਕਰ ਰਹੀਆਂ ਹਨ। ਇਹ ਭਾਰਤ ਦੇ 14 ਸੂਬਿਆਂ ਵਿੱਚ ਫ਼ੈਲੀਆਂ ਹਨ ਅਤੇ ਇਨ੍ਹਾਂ ਵਿੱਚ 70 ਫ਼ੀ ਸਦੀ ਔਰਤਾਂ ਕੰਮ ਕਰ ਰਹੀਆਂ ਹਨ। ਲਗਭਗ ਹਜ਼ਾਰ ਪਰਿਵਾਰਾਂ ਨੂੰ ਇਸ ਪ੍ਰਾਜੈਕਟ ਤੋਂ ਲਾਭ ਪੁੱਜ ਰਿਹਾ ਹੈ। ਇੱਥੇ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਸਖ਼ਤ ਮਿਹਨਤ ਦੀ ਸਹੀ ਤਨਖ਼ਾਹ ਸਹੀ ਸਮੇਂ ਉਤੇ ਦਿੱਤੀ ਜਾਂਦੀ ਹੈ। ਇੱਥੇ ਕੰਮ ਕਰਨ ਵਾਲੇ ਜ਼ਿਆਦਾਤਰ ਗ਼ਰੀਬ ਪਰਿਵਾਰਾਂ ਦੇ ਲੋਕ ਹਨ।

ਤੇਜ਼ੀ ਨਾਲ ਵਧਣ ਦੀ ਇੱਛਾ ਨੇ ਹਾਰਵਾ ਪਾਰਟਨਰਸ਼ਿਪ ਮਾੱਡਲ ਉਤੇ ਵੀ ਕੰਮ ਕਰ ਰਿਹਾ ਹੈ। ਅਜੇ ਦਸਦੇ ਹਨ ਕਿ ਉਨ੍ਹਾਂ ਨੂੰ ਥੋੜ੍ਹੇ ਸਮੇਂ ਲਈ ਮਿਡਲ ਲੈਵਲ ਮੈਨੇਜਮੈਂਟ ਵਿੱਚ ਸੁਧਾਰ ਲਿਆਉਣੇ ਹੋਣਗੇ, ਤਾਂ ਜੋ ਕੰਮ ਹੋਰ ਰਫ਼ਤਾਰ ਫੜੇ ਅਤੇ ਵੱਖੋ-ਵੱਖਰੇ ਸੂਬਿਆਂ ਤੱਕ ਵੀ ਫੈਲੇ; ਉਥੇ ਹੀ ਵਿਭਿੰਨ ਦੇਸ਼ਾਂ ਵਿੱਚ ਪੁੱਜਣਾ ਅਜੇ ਦਾ ਲੰਮੇ ਸਮੇਂ ਦਾ ਨਿਸ਼ਾਨਾ ਹੈ।

ਪਿੰਡਾਂ ਵਿੱਚ ਨੈਟਵਰਕ ਕਾਫ਼ੀ ਖ਼ਰਾਬ ਹੁੰਦਾ ਹੈ ਅਤੇ ਉਥੇ ਦੀ ਕੁਨੈਕਟੀਵਿਟੀ ਵੀ ਸਹੀ ਨਹੀਂ ਹੁੰਦੀ; ਜਿਸ ਕਰ ਕੇ ਅਜੇ ਨੂੰ ਕੰਮ ਕਰਨ ਅਤੇ ਕੰਮ ਦੇ ਵਿਸਥਾਰ ਵਿੱਚ ਬਹੁਤ ਔਕੜਾਂ ਪੇਸ਼ ਆਉਂਦੀਆਂ ਹਨ। ਅਜੇ ਉਦਾਹਰਣ ਦਿੰਦਿਆਂ ਦਸਦੇ ਹਨ ਕਿ ਜੇ ਕਿਸੇ ਪਿੰਡ ਵਿੱਚ ਸੋਕਾ ਜਾਂ ਅਕਾਲ ਪੈ ਜਾਵੇ, ਤਾਂ ਦੂਜੇ ਪਿੰਡ ਤੋਂ ਪਾਣੀ ਦੇ ਕੈਨ ਲਿਆ ਕੇ ਲੋਕਾਂ ਦੀ ਪਿਆਸ ਤਾਂ ਬੁਝਾਈ ਜਾ ਸਕਦੀ ਹੈ ਪਰ ਇਹ ਹੱਲ ਕੋਈ ਪੱਕਾ ਨਹੀਂ ਹੈ। ਸਥਾਈ ਹੱਲ ਤਦ ਹੀ ਸੰਭਵ ਹੈ, ਜੇ ਅਸੀਂ ਪਾਣੀ ਦੇ ਪਾਈਪ ਵਿਛਾਈਏ। ਇਸ ਤਰ੍ਹਾਂ ਸਾਨੂੰ ਸਮੱਸਿਆਵਾਂ ਦੇ ਅਜਿਹੇ ਹੱਲ ਚਾਹੀਦੇ ਹਨ, ਜੋ ਸਥਾਈ ਹੋਣ, ਇਸੇ ਸੋਚ ਨਾਲ ਅਜੇ ਅੱਗੇ ਵਧ ਰਹੇ ਹਨ ਅਤੇ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਹੋ ਰਹੀ ਹੈ। ਵਿਸ਼ਵ ਆਰਥਿਕ ਮੰਚ ਨੇ ਅਜੇ ਦੇ ਵਿਲੱਖਣ ਕਾਰਜਾਂ ਨੂੰ ਵੇਖਦਿਆਂ ਸੰਨ 2013 ਵਿੱਚ ਉਨ੍ਹਾਂ ਨੂੰ ਯੰਗ ਗਲੋਬਲ ਲੀਡਰ ਪੁਰਸਕਾਰ ਨਾਲ਼ ਨਿਵਾਜ਼ਿਆ ਹੈ।