ਗ਼ਰੀਬੀ ਕਾਰਣ ਜਿਨ੍ਹਾਂ ਛੱਡੀ ਪੜ੍ਹਾਈ, ਅੱਜ ਉਹ ਸੁਆਰ ਰਹੇ ਹਨ 200 ਤੋਂ ਵੱਧ ਬੱਚਿਆਂ ਦਾ ਭਵਿੱਖ

ਗ਼ਰੀਬੀ ਕਾਰਣ ਜਿਨ੍ਹਾਂ ਛੱਡੀ ਪੜ੍ਹਾਈ, ਅੱਜ ਉਹ ਸੁਆਰ ਰਹੇ ਹਨ 200 ਤੋਂ ਵੱਧ ਬੱਚਿਆਂ ਦਾ ਭਵਿੱਖ

Thursday November 26, 2015,

6 min Read

ਸਾਲ 2006 ਤੋਂ ਚੱਲ ਰਿਹਾ ਹੈ ਸਕੂਲ...

ਦਿੱਲੀ ਦੇ ਯਮੁਨਾ ਬੈਂਕ ਮੈਟਰੋ ਪੁਲ ਹੇਠਾਂ ਲਗਦਾ ਹੈ ਸਕੂਲ...

ਦੋ ਸ਼ਿਫ਼ਟਾਂ ਵਿੱਚ ਚਲਦਾ ਹੈ ਸਕੂਲ...

ਇੱਕ ਅਜਿਹਾ ਸਕੂਲ, ਜਿਸ ਦਾ ਕੋਈ ਨਾਂਅ ਨਹੀਂ ਹੈ ਪਰ ਇੱਥੇ ਪੜ੍ਹਨ ਆਉਂਦੇ ਹਨ 200 ਤੋਂ ਵੱਧ ਬੱਚੇ। ਇਸ ਸਕੂਲ ਦੀ ਕੋਈ ਇਮਾਰਤ ਨਹੀਂ ਹੈ ਪਰ ਇਹ ਚਲਦਾ ਹੈ ਦਿੱਲੀ ਮੈਟਰੋ ਦੇ ਇੱਕ ਪੁਲ ਹੇਠਾਂ। ਇਹ ਸਕੂਲ ਦੋ ਸ਼ਿਫ਼ਟਾਂ ਵਿੱਚ ਲਗਦਾ ਹੈ ਅਤੇ ਇੱਥੇ ਪੜ੍ਹਾਈ ਹੁੰਦੀ ਹੈ ਬਿਲਕੁਲ ਮੁਫ਼ਤ। ਦਿੱਲੀ ਦੇ ਯਮੁਨਾ ਬੈਂਕ ਮੈਟਰੋ ਸਟੇਸ਼ਨ ਕੋਲ ਚੱਲਣ ਵਾਲਾ ਇਹ ਸਕੂਲ ਸਾਲ 2006 ਤੋਂ ਲਗਾਤਾਰ ਚੱਲ ਰਿਹਾ ਹੈ ਅਤੇ ਇਸ ਕੰਮ ਨੂੰ ਅੰਜਾਮ ਦੇ ਰਹੇ ਹਨ ਰਾਜੇਸ਼ ਕੁਮਾਰ ਸ਼ਰਮਾ। ਜਿਨ੍ਹਾਂ ਦੀ ਸ਼ੱਕਰਪੁਰ 'ਚ ਪੰਸਾਰੀ (ਗਰੌਸਰੀ) ਦੀ ਦੁਕਾਨ ਵੀ ਹੈ। ਬੱਚਿਆਂ ਦੀ ਪੜ੍ਹਾਈ ਦਾ ਇਹ ਕੰਮ ਉਹ ਇੱਕ ਮਿਸ਼ਨ ਵਜੋਂ ਕਰ ਰਹੇ ਹਨ, ਉਹ ਵੀ ਬਿਨਾਂ ਕਿਸੇ ਦੀ ਮਦਦ ਲਏ।

image


ਰਾਜੇਸ਼ ਸ਼ਰਮਾ ਨੇ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਸਾਲ 2006 'ਚ ਉਦੋਂ ਸ਼ੁਰੂ ਕੀਤਾ ਸੀ, ਜਦੋਂ ਇੱਕ ਦਿਨ ਉਹ ਦਿੱਲੀ ਦੇ ਯਮੁਨਾ ਬੈਂਕ ਮੈਟਰੋ ਸਟੇਸ਼ਨ ਉਤੇ ਉਂਝ ਹੀ ਟਹਿਲ-ਕਦਮੀ ਕਰਨ ਲਈ ਚਲੇ ਗਏ। ਉਹ ਇਹ ਜਾਣਨਾ ਚਾਹੁੰਦੇ ਸਨ ਕਿ ਦਿੱਲੀ ਮੈਟਰੋ ਮਿੱਟੀ ਦੀ ਪੁਟਾਈ ਕਿਵੇਂ ਕਰਦੀ ਹੈ। ਤਦ ਉਨ੍ਹਾਂ ਦੀ ਨਜ਼ਰ ਆਲੇ-ਦੁਆਲੇ ਦੇ ਕੁੱਝ ਬੱਚਿਆਂ ਉਤੇ ਪਈ, ਜੋ ਉਥੇ ਮਿੱਟੀ ਨਾਲ ਖੇਡ ਰਹੇ ਸਨ। ਇਨ੍ਹਾਂ ਬੱਚਿਆਂ ਵਿੱਚ ਜਿੱਥੇ ਮੈਟਰੋ ਦੀ ਪੁਟਾਈ ਕਰਨ ਵਾਲੇ ਮਜ਼ਦੂਰਾਂ ਦੇ ਬੱਚੇ ਸਨ, ਤਾਂ ਕੁੱਝ ਕਬਾੜ ਚੁਗਣ ਵਾਲੇ ਬੱਚੇ ਵੀ ਉਨ੍ਹਾਂ 'ਚ ਸ਼ਾਮਲ ਸਨ। ਤਦ ਰਾਜੇਸ਼ ਸ਼ਰਮਾ ਨੇ ਉਥੇ ਮੌਜੂਦ ਕੁੱਝ ਅਜਿਹੇ ਬੱਚਿਆਂ ਦੇ ਮਾਪਿਆਂ ਨਾਲ ਗੱਲ ਕੀਤੀ ਅਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕਿਉਂ ਉਨ੍ਹਾਂ ਦੇ ਬੱਚੇ ਸਕੂਲ ਨਹੀਂ ਜਾਂਦੇ? ਜਿਸ ਦੇ ਜਵਾਬ ਵਿੱਚ ਉਨ੍ਹਾਂ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਸੀ ਕਿ ਜਿੱਥੇ ਉਹ ਰਹਿੰਦੇ ਹਨ, ਉਥੋਂ ਸਕੂਲ ਬਹੁਤ ਦੂਰ ਹੈ ਅਤੇ ਸਕੂਲ ਤੱਕ ਜਾਣ ਲਈ ਸਹੀ ਸੜਕ ਵੀ ਨਹੀਂ ਹੈ।

ਬੱਚਿਆਂ ਦੀ ਇਹ ਹਾਲਤ ਵੇਖ ਕੇ ਰਾਜੇਸ਼ ਦੇ ਮਨ 'ਚ ਖ਼ਿਆਲ ਆਇਆ ਕਿ ਕਿਉਂ ਨਾ ਇਨ੍ਹਾਂ ਬੱਚਿਆਂ ਲਈ ਕੁੱਝ ਕੀਤਾ ਜਾਵੇ। ਉਸ ਤੋਂ ਬਾਅਦ ਉਨ੍ਹਾਂ ਲਾਗਲੀ ਇੱਕ ਦੁਕਾਨ ਤੋਂ ਇਨ੍ਹਾਂ ਬੱਚਿਆਂ ਨੂੰ ਕੁੱਝ ਚਾੱਕਲੇਟ ਲਿਆ ਕੇ ਦਿੱਤੇ ਪਰ ਚਾੱਕਲੇਟ ਦੇਣ ਤੋਂ ਬਾਅਦ ਉਨ੍ਹਾਂ ਮਹਿਸੂਸ ਕੀਤਾ ਕਿ ਇਹ ਤਾਂ ਬੱਚਿਆਂ ਲਈ ਕੇਵਲ ਛਿਣ-ਭੰਗਰੀ ਖ਼ੁਸ਼ੀ ਹੈ ਅਤੇ ਉਨ੍ਹਾਂ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਰਹੇਗੀ। ਇਹ ਬੱਚੇ ਇਸੇ ਤਰ੍ਹਾਂ ਧੁੱਪ ਵਿੱਚ ਮਿੱਟੀ ਨਾਲ ਖੇਡਦੇ ਰਹਿਣਗੇ। ਤਦ ਰਾਜੇਸ਼ ਨੇ ਇਨ੍ਹਾਂ ਬੱਚਿਆਂ ਦੀ ਜ਼ਿੰਦਗੀ ਵਿੱਚ ਤਬਦੀਲੀ ਲਿਆਉਣ ਦਾ ਫ਼ੈਸਲਾ ਕੀਤਾ। ਉਨ੍ਹਾਂ ਤੈਅ ਕੀਤਾ ਕੀਤਾ ਕਿ ਉਹ ਇਨ੍ਹਾਂ ਬੱਚਿਆਂ ਨੂੰ ਪੜ੍ਹਾਉਣਗੇ ਅਤੇ ਅੱਗੇ ਵਧਣ ਦਾ ਰਾਹ ਵਿਖਾਉਣਗੇ। ਰਾਜੇਸ਼ ਦਸਦੇ ਹਨ,''ਮੇਰਾ ਮੰਨਣਾ ਸੀ ਕਿ ਜੇ ਇਹ ਬੱਚੇ ਸਕੂਲ ਜਾਣ ਲੱਗੇ, ਤਾਂ ਜੀਵਨ ਵਿੱਚ ਕੁੱਝ ਕਰ ਸਕਦੇ ਹਨ, ਨਹੀਂ ਤਾਂ ਉਨ੍ਹਾਂ ਦੀ ਜ਼ਿੰਦਗੀ ਇੰਝ ਹੀ ਲੰਘ ਜਾਵੇਗੀ।''

image


ਰਾਜੇਸ਼ ਨੂੰ ਆਪਣਾ ਇਹ ਵਿਚਾਰ ਸਹੀ ਜਾਪਿਆ। ਉਨ੍ਹਾਂ ਨੇ ਬੱਚਿਆਂ ਨੂੰ ਕਿਹਾ ਕਿ ਉਹ ਹਰ ਰੋਜ਼ ਇੱਕ ਘੰਟਾ ਪੜ੍ਹਾਉਣ ਲਈ ਆਉਣਗੇ। ਅਗਲੇ ਦਿਨ ਜਦੋਂ ਉਹ ਉਨ੍ਹਾਂ ਨੂੰ ਪੜ੍ਹਾਉਣ ਲਈ ਗਏ, ਤਾਂ ਉਨ੍ਹਾਂ ਨੂੰ ਦੋ ਬੱਚੇ ਮਿਲੇ, ਜੋ ਉਨ੍ਹਾਂ ਤੋਂ ਪੜ੍ਹਨਾ ਚਾਹੁੰਦੇ ਸਨ। ਇਸ ਤੋਂ ਬਾਅਦ ਆਲੇ-ਦੁਆਲੇ ਦੇ ਹੋਰ ਬੱਚੇ ਵੀ ਉਨ੍ਹਾਂ ਕੋਲ ਪੜ੍ਹਨ ਲਈ ਆਉਣ ਲੱਗੇ। ਇਸ ਤਰ੍ਹਾਂ ਸਾਲ 2006 'ਚ ਸ਼ੁਰੂ ਹੋਇਆ ਰਾਜੇਸ਼ ਦਾ ਬੱਚਿਆਂ ਨੂੰ ਪੜ੍ਹਾਉਣ ਦਾ ਇਹ ਸਫ਼ਰ, ਜੋ ਅੱਜ ਤੱਕ ਜਾਰੀ ਹੈ। ਅੱਜ ਉਨ੍ਹਾਂ ਦੇ ਸਕੂਲ ਵਿੱਚ 200 ਤੋਂ ਵੀ ਵੱਧ ਬੱਚੇ ਰੋਜ਼ਾਨਾ ਪੜ੍ਹਨ ਲਈ ਆਉਂਦੇ ਹਨ। ਉਨ੍ਹਾਂ ਵਿੱਚ ਲੜਕੀਆਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ।

image


ਦਿੱਲੀ ਦੇ ਯਮੁਨਾ ਬੈਂਕ ਮੈਟਰੋ ਸਟੇਸ਼ਨ ਕੋਲ ਸਕੂਲ ਚਲਾਉਣ ਵਾਲੇ ਰਾਜੇਸ਼ ਨੇ ਗ਼ਰੀਬ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਭਾਵੇਂ ਇਕੱਲਿਆਂ ਸ਼ੁਰੂ ਕੀਤਾ ਹੋਵੇ ਪਰ ਅੱਜ ਉਨ੍ਹਾਂ ਨਾਲ ਕੁੱਝ ਹੋਰ ਲੋਕ ਵੀ ਜੁਟ ਗਏ ਹਨ, ਜੋ ਸਮਾਂ ਕੱਢ ਕੇ ਬੱਚਿਆਂ ਨੂੰ ਪੜ੍ਹਾਉਣ ਲਈ ਇੱਥੇ ਆਉਂਦੇ ਹਨ। ਰਾਜੇਸ਼ ਦਾ ਕਹਿਣਾ ਹੈ,''ਇਸ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਉਣ ਲਈ ਕਾਲਜ ਦੇ ਵਿਦਿਆਰਥੀਆਂ ਤੋਂ ਲੈ ਕੇ ਅਧਿਆਪਕ ਤੱਕ ਆਉਂਦੇ ਹਨ। ਮੈਂ ਕਿਸੇ ਨੂੰ ਵੀ ਇਹ ਨੇਕ ਕੰਮ ਕਰਨ ਤੋਂ ਨਹੀਂ ਵਰਜਦਾ।'' ਖ਼ਾਸ ਗੱਲ ਇਹ ਹੈ ਕਿ ਇਸ ਸਕੂਲ ਵਿੱਚ ਪੜ੍ਹਨ ਵਾਲੇ ਬੱਚਿਆਂ ਦੀ ਉਮਰ 5 ਸਾਲ ਤੋਂ ਲੈ ਕੇ 16 ਸਾਲ ਤੱਕ ਦੇ ਵਿਚਕਾਰ ਹੈ, ਜੋ ਇੱਥੇ ਮੁਫ਼ਤ ਸਿੱਖਿਆ ਹਾਸਲ ਕਰਦੇ ਹਨ। ਰਾਜੇਸ਼ ਦੇ ਇਸ ਕੰਮ ਵਿੱਚ ਮੈਟਰੋ ਦੇ ਕਰਮਚਾਰੀ ਵੀ ਕੋਈ ਦਖ਼ਲ ਨਹੀਂ ਦਿੰਦੇ। ਕਿਉਂਕਿ ਇਹ ਗੱਲ ਲੋਕ ਵੀ ਮੰਨਦੇ ਹਨ ਕਿ ਰਾਜੇਸ਼ ਸਮਾਜਕ ਕੰਮ ਕਰ ਰਹੇ ਹਨ।

ਰਾਜੇਸ਼ ਆਪਣੇ ਕੋਲ ਪੜ੍ਹਨ ਵਾਲੇ ਕਈ ਬੱਚਿਆਂ ਦਾ ਆਲੇ-ਦੁਆਲੇ ਦੇ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਕਰਵਾ ਚੁੱਕੇ ਹਨ। ਪਿੱਛੇ ਜਿਹੇ ਉਨ੍ਹਾਂ ਸਰਬ ਸਿੱਖਿਆ ਅਭਿਆਨ ਅਧੀਨ 17 ਕੁੜੀਆਂ ਦਾ ਦਾਖ਼ਲਾ ਦਿੱਲੀ ਨਗਰ ਨਿਗਮ ਦੇ ਇੱਕ ਸਕੂਲ ਵਿੱਚ ਕਰਵਾਇਆ ਹੈ। ਕਈ ਬੱਚੇ ਭਾਵੇਂ ਆਪਣੇ ਸਕੂਲਾਂ 'ਚ ਨਿਯਮਤ ਤੌਰ ਉਤੇ ਜਾਂਦੇ ਹਨ ਪਰ ਉਹ ਇੱਥੇ ਵੀ ਰੋਜ਼ ਪੜ੍ਹਨ ਲਈ ਆਉਂਦੇ ਹਨ। ਰਾਜੇਸ਼ ਦਾ ਇਹ ਸਕੂਲ ਦਿਨ ਵਿੱਚ ਦੋ ਵਾਰ ਲਗਦਾ ਹੈ। ਪਹਿਲੀ ਸ਼ਿਫ਼ਟ ਸਵੇਰੇ 9 ਵਜੇ ਤੋਂ ਸਾਢੇ 11 ਵਜੇ ਤੱਕ ਹੁੰਦੀ ਹੈ, ਜਿਸ ਵਿੱਚ ਲੜਕੇ ਪੜ੍ਹਨ ਲਈ ਆਉਂਦੇ ਹਨ, ਜਦ ਕਿ ਦੋਪਹਿਰ 2 ਵਜੇ ਤੋਂ 4 ਵਜੇ ਤੱਕ ਦੀ ਦੂਜੀ ਸ਼ਿਫ਼ਟ ਵਿੱਚ ਕੁੜੀਆਂ ਨੂੰ ਪੜ੍ਹਾਇਆ ਜਾਂਦਾ ਹੈ। ਜਦ ਕਿ ਐਤਵਾਰ ਨੂੰ ਉਨ੍ਹਾਂ ਦਾ ਇਹ ਸਕੂਲ ਬੰਦਕ ਰਹਿੰਦਾ ਹੈ। ਅੱਜ ਉਨ੍ਹਾਂ ਦੇ ਪੜ੍ਹਾਏ ਬੱਚੇ 11ਵੀਂ, 12ਵੀਂ ਜਮਾਤ ਤੱਕ ਪੁੱਜ ਗਏ ਹਨ।

ਅੱਜ ਰਾਜੇਸ਼ ਨੂੰ ਉਨ੍ਹਾਂ ਦੇ ਕੰਮ ਕਾਰਣ ਆਲੇ-ਦੁਆਲ਼ੇ ਦੇ ਸਕੂਲਾਂ ਵਿੱਚ ਲੋਕ ਜਾਣਨ ਲੱਗੇ ਹਨ। ਇਸ ਕਰ ਕੇ ਉਨ੍ਹਾਂ ਦੇ ਇੱਥੇ ਪੜ੍ਹਨ ਵਾਲੇ ਗ਼ਰੀਬ ਬੱਚਿਆਂ ਨੂੰ ਇਨ੍ਹਾਂ ਸਕੂਲਾਂ ਵਿੱਚ ਦਾਖ਼ਲਾ ਮਿਲਣ ਵਿੱਚ ਆਸਾਨੀ ਹੋ ਜਾਂਦੀ ਹੈ। ਇਸ ਤੋਂ ਇਲਾਵਾ ਬੱਚਿਆਂ ਨੂੰ ਲਗਾਤਾਰ ਇੰਨੇ ਸਾਲ ਪੜ੍ਹਾਉਣ ਤੋਂ ਬਾਅਦ ਰਾਜੇਸ਼ ਨੂੰ ਵੀ ਤਜਰਬਾ ਹੋ ਗਿਆ ਹੈ ਕਿ ਕਿਸ ਬੱਚੇ ਨਾਲ ਕਿਵੇਂ ਗੱਲ ਕਰਨੀ ਚਾਹੀਦੀ ਹੈ, ਕਿਹੜਾ ਬੱਚਾ ਪੜ੍ਹਾਈ ਵਿੱਚ ਦਿਲਚਸਪੀ ਲਵੇਗਾ ਅਤੇ ਕੌਣ ਨਹੀਂ ਲਵੇਗਾ ਜਾਂ ਕਿਸ ਨੂੰ ਕਿਵੇਂ ਪੜ੍ਹਾਉਣ ਦੀ ਜ਼ਰੂਰਤ ਹੈ। ਰਾਜੇਸ਼ ਦੀ ਮਦਦ ਲਈ ਆਲੇ-ਦੁਆਲੇ ਦੇ ਕਾਫ਼ੀ ਲੋਕ ਵੀ ਅੱਗੇ ਆਉਂਦੇ ਹਨ ਪਰ ਰਾਜੇਸ਼ ਕਿਸੇ ਤੋਂ ਪੈਸਾ ਨਹੀਂ ਲੈਂਦੇ। ਉਨ੍ਹਾਂ ਦਾ ਕਹਿਣਾ ਹੈ,''ਮੈਂ ਲੋਕਾਂ ਨੂੰ ਕਹਿੰਦਾ ਹਾਂ ਕਿ ਜੇ ਉਨ੍ਹਾਂ ਦੀ ਮਦਦ ਕਰਨੀ ਹੈ, ਤਾਂ ਉਹ ਇਨ੍ਹਾਂ ਬੱਚਿਆਂ ਦੀ ਕਰਨ, ਉਨ੍ਹਾਂ ਨੂੰ ਖਾਣ-ਪੀਣ ਦੀਆਂ ਵਸਤਾਂ ਦੇ ਕੇ। ਇਸ ਤੋਂ ਇਲਾਵਾ ਕਈ ਲੋਕ ਸਾਨੂੰ ਨਿਯਮਤ ਤੌਰ ਉਤੇ ਸਟੇਸ਼ਨਰੀ ਵੀ ਉਪਲਬਧ ਕਰਵਾਉਂਦੇ ਹਨ। ਮੈਂ ਮੰਨਦਾ ਹਾਂ ਕਿ ਲੋਕ ਅਜਿਹਾ ਇਸ ਲਈ ਵੀ ਕਰਦੇ ਹਨ ਕਿਉਂਕਿ ਹੁਣ ਉਹ ਪਹਿਲਾਂ ਦੇ ਮੁਕਾਬਲੇ ਵਧੇਰੇ ਜਾਗਰੂਕ ਹਨ।''

image


ਰਾਜੇਸ਼ ਉਤਰ ਪ੍ਰਦੇਸ਼ ਦੇ ਅਲੀਗੜ੍ਹ ਦੇ ਰਹਿਣ ਵਾਲੇ ਹਨ। ਉਨ੍ਹਾਂ ਦੀ ਪੜ੍ਹਾਈ ਉਥੋਂ ਦੇ ਇੱਕ ਸਰਕਾਰੀ ਸਕੂਲ ਵਿੱਚ ਹੋਈ। ਪੜ੍ਹਾਈ ਵਿੱਚ ਹੁਸ਼ਿਆਰ ਰਾਜੇਸ਼ ਨੇ ਬੀ.ਐਸ-ਸੀ. ਕਰਨ ਲਈ ਕਾਲਜ ਵਿੱਚ ਦਾਖ਼ਲਾ ਲਿਆ ਪਰ ਇੱਕ ਸਾਲ ਪਿੱਛੋਂ ਉਨ੍ਹਾਂ ਨੂੰ ਆਪਣੀ ਪੜ੍ਹਾਈ ਅਧਵਾਟੇ ਛੱਡਣੀ ਪਈ ਕਿਉਂਕਿ ਭਰਾਵਾਂ-ਭੈਣਾਂ ਵਿਚੋਂ ਸਭ ਤੋਂ ਵੱਡੇ ਰਾਜੇਸ਼ ਦਾ ਪਰਿਵਾਰ ਕਾਫ਼ੀ ਗ਼ਰੀਬ ਸੀ। ਜਿਸ ਤੋਂ ਬਾਅਦ ਉਹ ਦਿੱਲੀ ਆ ਗਏ ਅਤੇ ਸ਼ੁਰੂਆਤ ਵਿੱਚ ਉਨ੍ਹਾਂ ਕਈ ਛੋਟੇ-ਵੱਡੇ ਕੰਮ ਕੀਤੇ ਪਰ ਸਮੇਂ ਦੇ ਨਾਲ ਉਨ੍ਹਾਂ ਦਾ ਕੰਮ ਵੀ ਬਦਲਦਾ ਗਿਆ। ਅੱਜ ਰਾਜੇਸ਼ ਦੀ ਸ਼ੱਕਰਪੁਰ ਵਿਖੇ ਆਪਣੀ ਗਰੌਸਰੀ ਦੀ ਦੁਕਾਨ ਹੈ। ਇਸ ਦੇ ਬਾਵਜੂਦ ਰਾਜੇਸ਼ ਨੇ ਅੱਜ ਵੀ ਪੜ੍ਹਨਾ ਨਹੀਂ ਛੱਡਿਆ, ਇਹੋ ਕਾਰਣ ਹੈ ਕਿ ਅੱਜ ਬੱਚਿਆਂ ਨੂੰ ਪੜ੍ਹਾਉਣ ਅਤੇ ਦੁਕਾਨ ਸੰਭਾਲਣ ਤੋਂ ਬਾਅਦ ਰਾਜੇਸ਼ ਨੂੰ ਜਦੋਂ ਵੀ ਸਮਾਂ ਮਿਲਦਾ ਹੈ, ਤਾਂ ਉਹ ਸਾਹਿਤ ਦੀਆਂ ਕਿਤਾਬਾਂ ਵਿੱਚ ਡੁੱਬ ਜਾਂਦੇ ਹਨ।