ਕਾਲਜ 'ਚ ਪੜ੍ਹਦੀ ਕੁੜੀ ਨੇ 10 ਲੱਖ ਤੋਂ ਬਣਾਏ 1 ਕਰੋੜ ਰੁਪਏ ਤੇ ਖੜ੍ਹਾ ਕੀਤਾ ਆਪਣਾ ਬ੍ਰਾਂਡ

0

ਪ੍ਰਿਯੰਕਾ ਅਗਰਵਾਰ ਨਾਂਅ ਦੀ ਇੱਕ ਕੁੜੀ ਨੇ ਆਪਣੇ ਕਾਲਜ ਦੇ ਦਿਨਾਂ 'ਚ ਹੀ ਉਹ ਸਭ ਕੁੱਝ ਹਾਸਲ ਕਰ ਲਿਆ ਸੀ, ਜਿਸ ਨੂੰ ਅਸੀਂ ਸ਼ਾਇਦ 10 ਸਾਲਾ ਯੋਜਨਾ ਉਲੀਕ ਕੇ ਹਾਸਲ ਕਰ ਸਕਦੇ ਹਨ। ਉਹ ਜਦੋਂ 20 ਸਾਲਾਂ ਦੇ ਸਨ, ਤਦ ਉਨ੍ਹਾਂ ਨੇ ਆਪਣੇ ਵਿਚਾਰ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਅਤੇ ਉਹ ਵਿਚਾਰ ਸੀ ਵਿਅਕਤੀਗਤ ਸੁੰਦਰਤਾ ਉਤਪਾਦਾਂ ਦੀ ਲਾਈਨ 'ਕੱਲੌਸ'। ਜਿਸ ਦੇ ਉਤਪਾਦ ਅੱਜ 6 ਵੱਖੋ-ਵੱਖਰੇ ਸੂਬਿਆਂ ਵਿੱਚ ਵਿਕਦੇ ਹਨ ਅਤੇ ਇਨ੍ਹਾਂ ਸੂਬਿਆਂ ਵਿੱਚ 100 ਤੋਂ ਵੱਧ ਸਟੋਰ ਹਨ।

ਮਿਲੋ ਇਸ ਅਦਭੁਤ ਉੱਦਮੀ ਪ੍ਰਿਯੰਕਾ ਅਗਰਵਾਲ ਨੂੰ, ਜਿਨ੍ਹਾਂ ਨੇ ਵਿਸ਼ੇਸ਼ ਪਰਸਨਲ ਕੇਅਰ ਲਾਈਨ ਦੀ ਚੋਣ ਸੰਜੋਗਵੱਸ ਕੀਤੀ ਸੀ; ਪਰ ਅੱਜ ਉਹ ਇੱਕ ਸਫ਼ਲ ਉੱਦਮੀ ਹਨ। ਉਨ੍ਹਾਂ ਨੂੰ ਕਦੇ ਇਹ ਅਨੁਮਾਨ ਵੀ ਨਹੀਂ ਸੀ ਕਿ ਉਹ ਕਦੇ ਕੋਈ ਜੋਖਮ ਵੀ ਲੈ ਸਕਦੇ ਹਨ। ਪ੍ਰਿਯੰਕਾ ਅਨੁਸਾਰ,''ਦਿਲਚਸਪ ਗੱਲ ਇਹ ਹੈ ਕਿ ਮੇਰਾ ਰੁਝਾਨ ਇਤਿਹਾਸ, ਰਾਜਨੀਤੀ ਸ਼ਾਸਤਰ ਅਤੇ ਸਮਾਜ ਸ਼ਾਸਤਰ ਵੱਲ ਸੀ। ਇਨ੍ਹਾਂ ਤੋਂ ਇਲਾਵਾ ਮੈਨੂੰ ਖੇਡ ਅਤੇ ਨ੍ਰਿਤ ਵਿੱਚ ਦਿਲਚਸਪੀ ਸੀ। ਇੱਥੋਂ ਤੱਕ ਕਿ ਮੇਰਾ ਬਚਪਨ ਅਨਿਸ਼ਚਤਤਾਵਾਂ ਤੋਂ ਦੂਰ ਅਤੇ ਸੁਰੱਖਿਅਤ ਸੀ। ਜੇ ਮੈਂ ਪਿਛਾਂਹ ਮੁੜ ਕੇ ਤੱਕਦੀ ਹਾਂ ਤਾਂ ਮੈਂ ਇਹ ਸੋਚ ਵੀ ਨਹੀਂ ਸਕਦੀ ਕਿ ਮੈਂ ਕੋਈ ਜੋਖਮ ਲੈ ਸਕਦੀ ਹਾਂ।''

ਪਰ ਵਧੀਆ ਆਗੂ ਉਹੀ ਹੁੰਦਾ ਹੈ, ਜਿਸ ਕੋਲ ਜਦੋਂ ਵੀ ਕੋਈ ਮੌਕਾ ਆਉਂਦਾ ਹੈ, ਤਾਂ ਉਸ ਦਾ ਲਾਹਾ ਲੈ ਲੈਂਦਾ ਹੈ। ਪ੍ਰਿਯੰਕਾ ਅਨੁਸਾਰ 'ਇਹ ਗੱਲ ਉਸ ਵੇਲੇ ਦੀ ਹੈ, ਜਦੋਂ ਕਾਲਜ ਦੇ ਦਿਨਾਂ ਵਿੱਚ ਮੈਂ ਆਪਣੇ ਪਿਤਾ ਨਾਲ ਦਫ਼ਤਰ ਜਾਣਾ ਸ਼ੁਰੂ ਕਰ ਦਿੱਤਾ ਸੀ। ਤਦ ਮੇਰਾ ਰੁਝਾਨ ਕਾਰੋਬਾਰ ਵੱਲ ਹੋਣ ਲੱਗਾ। ਭਾਵੇਂ ਤਦ ਮੈਂ ਵਿਅਕਤੀਗਤ ਸੁੰਦਰਤਾ ਜਾਂ ਅਜਿਹੇ ਉਤਪਾਦਾਂ ਬਾਰੇ ਕੁੱਝ ਵੀ ਨਹੀਂ ਸੋਚਿਆ ਸੀ ਪਰ ਮੈਂ ਸੈਲੂਨ ਖੋਲ੍ਹਣਾ ਚਾਹੁੰਦੀ ਸਾਂ। ਇਸੇ ਲਈ ਮੈਂ ਇੱਕ ਸੰਸਥਾਨ ਤੋਂ ਵਾਲ਼ਾਂ ਅਤੇ ਸੁੰਦਰਤਾ ਨਾਲ ਸਬੰਧਤ ਇੱਕ ਕੋਰਸ ਕੀਤਾ। ਕਿਉਂਕਿ ਮੇਰਾ ਮੰਨਣਾ ਸੀ ਕਿ ਜਿਸ ਕੰਮ ਨੂੰ ਲੈ ਕੇ ਤੁਹਾਡੇ ਵਿੱਚ ਸ਼ੌਕ ਤੇ ਜੋਸ਼ ਹੋਵੇ, ਉਸ ਨੂੰ ਇੱਕ ਵਾਰ ਕਰ ਕੇ ਵੇਖਣਾ ਚਾਹੀਦਾ ਹੈ। ਇਸੇ ਲਈ ਮੈਂ ਇਹ ਕੰਮ ਡੂੰਘਾਈ ਵਿੱਚ ਜਾ ਕੇ ਕਰਨ ਦਾ ਫ਼ੈਸਲਾ ਕੀਤਾ। ਪਰ ਕੁੱਝ ਸਮੇਂ ਬਾਅਦ ਮੈਨੂੰ ਨਿਰਾਸ਼ਾ ਹੋਈ ਕਿਉਂਕਿ ਮੈਨੂੰ ਇਸ ਕੰਮ ਵਿੱਚ ਮਜ਼ਾ ਨਹੀਂ ਆ ਰਿਹਾ ਸੀ।' ਤਦ ਪ੍ਰਿਯੰਕਾ ਨੇ ਅਜਿਹੇ ਉੱਦਮਾਂ ਦੀ ਖੋਜਬੀਨ ਸ਼ੁਰੂ ਕੀਤੀ, ਜਿਸ ਨੂੰ ਲੈ ਕੇ ਉਨ੍ਹਾਂ ਦੇ ਮਨ ਵਿੱਚ ਉਤਸੁਕਤਾ ਪੈਦਾ ਹੋਵੇ। ਇਸ ਤਰ੍ਹਾਂ ਕੁੱਝ ਮਹੀਨਿਆਂ ਬਾਅਦ ਉਨ੍ਹਾਂ ਆਪਣੇ ਪਿਤਾ ਨਾਲ ਗੱਲ ਕੀਤੀ ਤੇ ਉਨ੍ਹਾਂ ਕੋਲ ਇੱਛਾ ਪ੍ਰਗਟਾਈ ਕਿ ਉਹ ਕੁੱਝ ਕਾਰੋਬਾਰ ਕਰਨਾ ਚਾਹੁੰਦੀ ਹੈ। ਜਿਸ ਦੇ ਜਵਾਬ ਵਿੱਚ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਵਿਅਕਤੀਗਤ ਸੁੰਦਰਤਾ ਨਾਲ ਜੁੜੇ ਉਤਪਾਦਾਂ ਦੇ ਖੇਤਰ ਵਿੱਚ ਕੰਮ ਕਰਨ ਦਾ ਸੁਝਾਅ ਦਿੱਤਾ; ਪਿਤਾ ਦੀ ਗੱਲ ਸੁਣ ਕੇ ਪਹਿਲਾਂ ਉਹ ਬਹੁਤ ਹੱਸੇ ਪਰ ਉਸ ਤੋਂ ਬਾਅਦ ਉਨ੍ਹਾਂ ਨੇ ਇਸ ਬਾਰੇ ਗੰਭੀਰਤਾ ਨਾਲ ਸੋਚਣਾ ਸ਼ੁਰੂ ਕੀਤਾ। ਪ੍ਰਿਯੰਕਾ ਨੇ ਦੱਸਿਆ,''ਜਦੋਂ ਮੈਂ ਇਹ ਕੰਮ ਸ਼ੁਰੂ ਕੀਤਾ, ਤਾਂ ਮੈਨੂੰ ਨਾ ਐਫ਼.ਐਮ.ਸੀ.ਜੀ. ਬਾਜ਼ਾਰ ਦੀ ਪ੍ਰਣਾਲੀ, ਉਸ ਦੇ ਕੰਮ ਤੇ ਪ੍ਰਕਿਰਿਆ ਬਾਰੇ ਕੋਈ ਜਾਣਕਾਰੀ ਸੀ। ਤਦ ਮੈਨੂੰ ਜ਼ਿਆਦਾਤਰ ਲੋਕ ਇੱਕ ਮਾਲਕ ਦੀ ਧੀ ਹੀ ਸਮਝਦੇ ਸਨ, ਜੋ ਗਰਮੀਆਂ ਦੀਆਂ ਛੁੱਟੀਆਂ ਵਿੱਚ ਆਪਣਾ ਸਮਾਂ ਬਰਬਾਦ ਕਰਨ ਲਈ ਆਈ ਹੈ। ਤਦ ਮੈਂ ਨਾ ਹੀ ਐਮ.ਬੀ.ਏ. ਕੀਤੀ ਤੇ ਨਾ ਹੀ ਬੀ.ਬੀ.ਏ. ਦੀ ਪੜ੍ਹਾਈ ਕੀਤੀ ਸੀ।''

ਪ੍ਰਿਯੰਕਾ ਅਗਰਵਾਲ ਦਸਦੇ ਹਨ ਕਿ 'ਅਸੀਂ ਆਪਣਾ ਕੰਮ ਤਦ ਤੱਕ ਸ਼ੁਰੂ ਨਾ ਕੀਤਾ, ਜਦੋਂ ਤੱਕ ਕਿ ਕਾਲਜ ਦੀ ਪੜ੍ਹਾਈ ਮੁਕੰਮਲ ਨਾ ਹੋ ਗਈ। ਪੜ੍ਹਾਈ ਖ਼ਤਮ ਹੋਣ ਤੋਂ ਬਾਅਦ ਇੱਕ ਸਾਲ ਤੱਕ ਅਸੀਂ ਲੋਕਾਂ ਨੂੰ ਆਪਣੇ ਨਾਲ ਜੋੜਿਆ। ਆਪਣੀ ਰਣਨੀਤੀ ਉੱਤੇ ਕੰਮ ਕੀਤਾ। ਤਦ ਕੁੱਝ ਲੋਕਾਂ ਨੂੰ ਜਾਪਣ ਲੱਗਾ ਕਿ ਇਹ ਵਿਚਾਰ ਕੰਮ ਨਹੀਂ ਕਰੇਗਾ ਅਤੇ ਸਾਨੂੰ ਇਹ ਠੰਢੇ ਬਸਤੇ ਪਾ ਦੇਣਾ ਚਾਹੀਦਾ ਹੈ। ਇਸ ਦੇ ਬਾਵਜੂਦ ਅਸੀਂ ਟੀਮ ਤਿਆਰ ਕੀਤੀ ਤੇ ਕੰਮ ਸ਼ੁਰੂ ਕਰਨ ਲਈ ਉਤਪਾਦਨ ਸ਼ੁਰੂ ਕੀਤਾ।' ਤਦ ਪ੍ਰਿਯੰਕਾ ਨੇ ਵੇਖਿਆ ਕਿ ਉਨ੍ਹਾਂ ਉੱਤੇ ਸ਼ੱਕ ਕਰਨ ਵਾਲੇ ਅਤੇ ਆਲੋਚਕਾਂ ਵਿਚੋਂ ਕੁੱਝ ਲਗਾਤਾਰ ਉਨ੍ਹਾਂ ਦਾ ਮਨੋਬਲ ਡੇਗਣ ਵਿੱਚ ਲੱਗੇ ਹੋਏ ਸਨ। ਕਿਉਂਕਿ ਸਮਾਜ ਵਿੱਚ ਬਹੁਤ ਡੂੰਘਾਈ ਤੱਕ ਫੈਲੇ ਲਿੰਗ-ਭੇਦ ਕਾਰਣ ਔਰਤਾਂ ਲਈ ਦੁਨੀਆ ਸਾਹਮਣੇ ਆਪਣੇ ਆਪ ਨੂੰ ਸਿੱਧ ਕਰਨਾ ਬਹੁਤ ਔਖਾ ਹੁੰਦਾ ਹੈ। ਤਦ ਕੁੱਝ ਲੋਕ ਸੋਚਦੇ ਹਨ ਕਿ ਲੜਕੀ ਵਿਆਹ ਤੋਂ ਪਹਿਲਾਂ ਵਕਤ ਬਿਤਾਉਣ ਲਈ ਥੋੜ੍ਹਾ ਬਹੁਤ ਕੰਮ ਕਰ ਰਹੀ ਹੈ। ਲੜਕੀਆਂ ਭਾਵੇਂ ਜਾਣਦੀਆਂ ਹੋਣ ਕਿ ਉਹ ਸਭ ਤੋਂ ਬਿਹਤਰ ਹਨ; ਇਸ ਦੇ ਬਾਵਜੂਦ ਕਿ ਉਹ ਨਾਕਾਮ ਰਹਿੰਦੀਆਂ ਹਨ ਕਿਉਂਕਿ ਕੁੱਝ ਚੀਜ਼ਾਂ ਉਨ੍ਹਾਂ ਦੇ ਵਿਰੁੱਧ ਜਾਂਦੀਆਂ ਹਨ। ਇਸ ਲਈ ਸਭ ਤੋਂ ਬਿਹਤਰ ਤਰੀਕਾ ਇਹੋ ਹੈ ਕਿ ਇਨ੍ਹਾਂ ਸਭ 'ਚੋਂ ਬਾਹਰ ਨਿੱਕਲ ਕੇ ਉਨ੍ਹਾਂ ਨੂੰ ਉਹ ਕਰਨਾ ਚਾਹੀਦਾ ਹੈ, ਜੋ ਖ਼ੁਦ ਨੂੰ ਠੀਕ ਲੱਗੇ ਅਤੇ ਆਪਣੇ ਕੰਮ ਨੂੰ ਅੱਗੇ ਵਧਾਉਂਦੇ ਰਹਿਣਾ ਚਾਹੀਦਾ ਹੈ। ਪ੍ਰਿਯੰਕਾ ਦਾ ਮੰਨਣਾ ਸੀ ਕਿ ਤੁਹਾਡਾ ਤਜਰਬਾ ਹੀ ਤੁਹਾਨੂੰ ਸੰਤੁਸ਼ਟ ਕਰ ਸਕਦਾ ਹੈ; ਇਸ ਦੀ ਥਾਂ ਤੁਸੀਂ ਕਿਸੇ ਦੂਜੇ ਸਾਹਮਣੇ ਆਪਣੇ ਆਪ ਨੂੰ ਸਹੀ ਸਿੱਧ ਕਰੋ। ਇਸ ਲਈ ਜ਼ਰੂਰ ਹੈ ਕਿ ਉਨ੍ਹਾਂ ਲੋਕਾਂ ਨਾਲ ਜੁੜਿਆ ਜਾਵੇ ਜੋ ਤੁਹਾਡੀ ਮਦਦ ਲਈ ਤਿਆਰ ਰਹਿੰਦੇ ਹਨ। ਤੁਹਾਡੇ ਵਿੱਚ ਊਰਜਾ ਭਰਦੇ ਹਨ ਤੇ ਇਹੋ ਕੰਮ ਉਨ੍ਹਾਂ ਨੇ ਕੀਤਾ।

ਕਿਸੇ ਦੂਜੇ ਸਟਾਰਟ-ਅੱਪ ਵਾਂਗ ਪ੍ਰਿਯੰਕਾ ਨੂੰ ਵੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਨੌਜਵਾਨ ਹੋਣ ਕਾਰਣ ਉਹ ਚੁਣੌਤੀਆਂ ਦਾ ਸਾਹਮਣਾ ਕਰਦੇ ਚਲੇ ਗਏ ਤੇ ਔਰਤ ਹੋਣ ਕਾਰਣ ਇਹ ਚੁਣੌਤੀਆਂ ਹੋਰ ਵੀ ਵੱਧ ਔਖੀਆਂ ਸਨ। ਇਸ ਦੇ ਬਾਵਜੂਦ ਉਨ੍ਹਾਂ ਨੇ ਔਖੇ ਹਾਲਾਤ ਤੇ ਗ਼ਲਤੀਆਂ 'ਚੋਂ ਨਾ ਕੇਵਲ ਆਪਣੇ ਆਪ ਨੂੰ ਬਾਹਰ ਕੱਢਿਆ, ਸਗੋਂ ਉਨ੍ਹਾਂ ਤੋਂ ਸਿੱਖਿਆ ਵੀ ਲਈ। ਇੱਕ ਵੱਡੀ ਗ਼ਲਤੀ ਜੋ ਉਨ੍ਹਾਂ ਕੀਤੀ, ਉਹ ਸੀ ਕਿ ਉਨ੍ਹਾਂ ਆਪਣੇ ਕੰਮ ਵਿੱਚ ਆਪਣੇ ਪਿਤਾ ਦੀ ਟੀਮ ਨੂੰ ਜੋੜਿਆ, ਜਿਸ ਕੋਲ ਖਾਣਿਆਂ ਨਾਲ ਸਬੰਧਤ ਤਜਰਬਾ ਸੀ। ਇਸ ਕਾਰਣ ਪ੍ਰਿਯੰਕਾ ਦਾ ਕਾਰੋਬਾਰ ਪਹਿਲੇ ਦੋ ਮਹੀਨੇ ਤਾਂ ਬਿਲਕੁਲ ਠੰਢਾ ਹੀ ਰਿਹਾ। ਇਸ ਦੌਰਾਨ ਉਨ੍ਹਾਂ ਕੋਲ ਵੇਚਣ ਲਈ ਸਾਮਾਨ ਤਾਂ ਹੁੰਦਾ ਸੀ ਪਰ ਉਸ ਦੀ ਠੀਕ ਤਰੀਕੇ ਵਿਕਰੀ ਨਾ ਹੋਣ ਕਾਰਣ ਉਹ ਬਰਬਾਦ ਹੋ ਰਿਹਾ ਸੀ। ਖ਼ਾਸ ਗੱਲ ਇਹ ਕਿ ਪ੍ਰਿਯੰਕਾ ਨੇ ਆਪਣਾ ਕੰਮ ਸ਼ੁਰੂ ਕਰਨ ਲਈ ਆਪਣੇ ਪਿਤਾ ਤੋਂ 10 ਲੱਖ ਰੁਪਏ ਲਏ ਸਨ। ਤਦ ਪ੍ਰਿਯੰਕਾ ਨੇ ਫ਼ੈਸਲਾ ਲਿਆ ਕਿ ਉਹ ਆਪਣੀ ਵੱਖਰੀ ਟੀਮ ਤਿਆਰ ਕਰਨਗੇ, ਜੋ ਕੇਵਲ ਉਨ੍ਹਾਂ ਲਈ ਕੰਮ ਕਰੇ। ਇਸ ਤਰ੍ਹਾਂ ਉਨ੍ਹਾਂ ਨੇ ਚਾਰ ਜਣਿਆਂ ਨੂੰ ਆਪਣੇ ਨਾਲ ਜੋੜਿਆ, ਜਿਨ੍ਹਾਂ ਨੂੰ ਆਪਣੇ ਕੰਮ ਬਾਰੇ ਪਤਾ ਸੀ ਕਿ ਉਨ੍ਹਾਂ ਨੇ ਕੀ ਕਰਨਾ ਹੈ। ਇਸ ਲਈ ਇਨ੍ਹਾਂ ਲੋਕਾਂ ਨੇ ਸਭ ਤੋਂ ਪਹਿਲਾਂ ਟੀਅਰ2 ਅਤੇ ਟੀਅਰ3 ਸ਼ਹਿਰਾਂ ਉੱਤੇ ਆਪਣਾ ਧਿਆਨ ਕੇਂਦ੍ਰਿਤ ਕੀਤਾ। ਇੱਥੇ ਇਨ੍ਹਾਂ ਲੋਕਾਂ ਨੇ ਆਪਣੇ ਡਿਸਟ੍ਰੀਬਿਊਟਰਜ਼ ਦਾ ਜਾਲ਼ ਫੈਲਾਇਆ ਤੇ ਅਜਿਹੇ ਲੋਕਾਂ ਤੇ ਸਟੋਰਜ਼ ਦੀ ਪਛਾਣ ਕੀਤੀ, ਜਿੱਥੇ ਉਹ ਆਪਣਾ ਸਾਮਾਨ ਰੱਖ ਸਕਦੇ ਸਨ।

ਆਪਣੇ ਉਤਪਾਦ ਦੇ ਪਹਿਲੇ ਗੇੜ ਵਿੱਚ ਪ੍ਰਿਯੰਕਾ ਨੂੰ ਆਪਣੇ ਪਿਤਾ ਦਾ ਸਾਥ ਮਿਲਿਆ ਤੇ ਉਨ੍ਹਾਂ ਪ੍ਰਿਯੰਕਾ ਦੇ ਕੰਮ ਵਿੱਚ ਮੁੱਖ ਰੂਪ ਵਿੱਚ ਨਿਵੇਸ਼ ਕੀਤਾ। ਪ੍ਰਿਯੰਕਾ ਅਨੁਸਾਰ,''ਅਸੀਂ 10 ਲੱਖ ਰੁਪਏ ਦੇ ਨਿਵੇਸ਼ ਨਾਲ ਸ਼ੁਰੂ ਕੀਤੇ ਆਪਣੇ ਕਾਰੋਬਾਰ ਦੀ ਟਰਨਓਵਰ ਕੁੱਝ ਹੀ ਮਹੀਨਿਆਂ ਵਿੱਚ ਵਧਾ ਕੇ 1 ਕਰੋੜ ਰੁਪਏ ਕਰ ਦਿੱਤੀ; ਇਹ ਭਾਵੇਂ ਕੁੱਝ ਲੋਕਾਂ ਲਈ ਬਹੁਤ ਵੱਡੀ ਗੱਲ ਨਾ ਹੋਵੇ ਪਰ ਸਾਡੇ ਲਈ ਇਹ ਵੱਡੀ ਗੱਲ ਸੀ। ਇਹ ਅਜਿਹਾ ਕਾਰੋਬਾਰ ਸੀ, ਜਿੱਥੇ ਹਿੰਦੁਸਤਾਨ ਲੀਵਰ, ਪੀ. ਐਂਡ ਜੀ. ਤੇ ਡਾਬਰ ਜਿਹੇ ਵਿਸ਼ਾਲ ਗਰੁੱਪ ਪਹਿਲਾਂ ਤੋਂ ਹੀ ਮੌਜੂਦ ਸਨ। ਇੰਨਾ ਹੀ ਨਹੀਂ, ਇਨ੍ਹਾਂ ਵਿਸ਼ਾਲ ਕੰਪਨੀਆਂ ਤੋਂ ਇਲਾਵਾ ਖੇਤਰੀ ਪੱਧਰ ਉੱਤੇ ਸੈਂਕੜੇ ਖਿਡਾਰੀ ਸਨ, ਜੋ ਇਸ ਖੇਤਰ ਵਿੱਚ ਪਹਿਾਂ ਤੋਂ ਹੀ ਮੌਜੂਦ ਸਨ। ਸ਼ੁਰੂਆਤ ਵਿੱਚ ਜਿੱਥੇ ਪਹਿਲਾਂ ਸਾਡੇ ਉਤਪਾਦ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਮੰਗੀ ਜਾਂਦੀ ਸੀ, ਉਥੇ ਹੀ ਹੌਲੀ-ਹੌਲੀ ਡਿਸਟ੍ਰੀਬਿਊਟਰ ਅਤੇ ਗਾਹਕ ਸਾਡੇ ਉਤਪਾਦ ਦੀ ਜਾਣਕਾਰੀ ਮੰਗਣ ਲੱਗੇ ਸਨ। ਅਜਿਹੇ ਹਾਲਾਤ ਵਿੱਚ ਸਾਡੇ ਲਈ ਰਣਨੀਤੀ ਉਲੀਕਣ ਤੋਂ ਲੈ ਕੇ ਸਪਲਾਈ ਲੜੀ ਬਣਾਉਣੀ ਪਹਿਲਾਂ ਦੇ ਮੁਕਾਬਲੇ ਸੁਖਾਲ਼ੀ ਹੋ ਗਈ।'' ਇਸ ਨੌਜਵਾਨ ਉੱਦਮੀ ਅਨੁਸਾਰ ਉਨ੍ਹਾਂ ਨੇ ਇਹ ਗੱਲ ਚੰਗੀ ਤਰ੍ਹਾਂ ਸਿੱਖੀ ਹੈ ਕਿ ਆਪਣੇ ਸਾਹਮਣੇ ਵਾਲੇ ਨੂੰ ਸਤਿਕਾਰ ਦੇਵੋ ਤੇ ਉਸ ਤੋਂ ਆਦਰ ਹਾਸਲ ਕਰੋ। ਖ਼ਾਸ ਤੌਰ ਉੱਤੇ ਤਦ, ਜਦੋਂ ਤੁਸੀਂ ਖ਼ੁਦ ਨੌਜਵਾਨ ਹੋਵੋ ਤੇ ਆਪਣੀ ਟੀਮ ਦੇ ਬੌਸ ਹੋਵੋ। ਪ੍ਰਿਯੰਕਾ ਅਨੁਸਾਰ,'ਇੱਕ-ਦੂਜੇ ਨਾਲ ਗੱਲਬਾਤ ਕਰਦੇ ਰਹਿਣਾ ਤੇ ਦੂਜਿਆਂ ਨੂੰ ਸੁਣਨਾ ਬਹੁਤ ਜ਼ਰੂਰੀ ਹੁੰਦਾ ਹੈ ਤੇ ਲੋੜ ਪੈਣ ਉੱਤੇ ਆਪਣੀ ਟੀਮ ਦੀ ਪ੍ਰਤਿਭਾ ਦੀ ਸ਼ਲਾਘਾ ਪੂਰੇ ਜੋਸ਼ ਨਾਲ ਕਰਨੀ ਚਾਹੀਦੀ ਹੈ।'

ਉਹ ਦਸਦੇ ਹਨ ਕਿ ਫ਼ਿਲਹਾਲ ਉਨ੍ਹਾਂ ਨੂੰ ਆਪਣੇ ਕੰਮ ਦੌਰਾਨ ਲਿੰਗ ਭੇਦ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ ਤੇ ਉਨ੍ਹਾਂ ਨੂੰ ਆਸ ਹੈ ਕਿ ਅੱਗੇ ਵੀ ਅਜਿਹੀ ਕਿਸੇ ਸਮੱਸਿਆ ਦਾ ਸਾਹਮਣਾ ਉਨ੍ਹਾਂ ਨੂੰ ਨਾ ਹੋਵੇ।

ਲੇਖਕ: ਬਿੰਜਲ ਸ਼ਾਹ