ਗ਼ਰੀਬ ਬੱਚਿਆਂ ਨੂੰ ਪੜ੍ਹਾਉਣ ਲਈ ਟ੍ਰੇਨ ਵਿੱਚ ਪੈਸੇ ਮੰਗਦਾ ਹੈ ਇਹ ਪ੍ਰੋਫੇਸਰ ਗ਼ਰੀਬ 

0

ਗ਼ਰੀਬ ਬੱਚਿਆਂ ਨੂੰ ਪੜ੍ਹਾਉਣ ਲਈ ਲੋਕਾਂ ਵੱਲੋਂ ਕੀਤੇ ਜਾਣ ਵਾਲੇ ਉਪਰਾਲਿਆਂ ਬਾਰੇ ਤੁਸੀਂ ਸੁਣਿਆ ਹੋਣਾ ਹੈ. ਪਰ ਤੁਸੀਂ ਸੰਦੀਪ ਦੇਸਾਈ ਬਾਰੇ ਨਹੀਂ ਸੁਣਿਆ ਹੋਣਾ ਹੈ ਜੋ ਗਰੀਬ ਬੱਚਿਆਂ ਨੂੰ ਪੜ੍ਹਾਉਣ ਅਤੇ ਉਨ੍ਹਾਂ ਲਈ ਸਕੂਲ ਖੋਲਣ ਲਈ ਲੋਕਲ ਟ੍ਰੇਨਾਂ ਵਿੱਚ ਪੈਸੇ ਮੰਗਦੇ ਹਨ. ਇਸ ਕੰਮ ਲਈ ਪੈਸੇ ਮੰਗਣ ਵਾਲੇ ਨੂੰ ਭਿਖਾਰੀ ਤਾਂ ਨਹੀਂ ਕਿਹਾ ਜਾ ਸਕਦਾ ਪਰ ਰੇਲਵੇ ਪੁਲਿਸ ਸੰਦੀਪ ਦੇਸਾਈ ਨੂੰ ਫੜ ਲੈਂਦੀ ਹੈ ਅਤੇ ਉਨ੍ਹਾਂ ‘ਤੇ ਕੇਸ ਦਰਜ਼ ਹੋ ਜਾਂਦਾ ਹੈ.

ਮੁੰਬਈ ਦੇ ਜੰਮਪਲ ਸੰਦੀਪ ਦੇਸਾਈ ਪਹਿਲਾਂ ਸਮੁੰਦਰੀ ਜਹਾਜ ਵਿੱਚ ਇੰਜੀਨੀਅਰ ਸਨ. ਬਾਅਦ ਵਿੱਚ ਉਨ੍ਹਾਂ ਨੇ ਇੱਕ ਮੈਨੇਜਮੇੰਟ ਕਾਲੇਜ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ. ਉਹ ਐਸਪੀ ਜੈਨ ਇੰਸਟੀਟਿਉਟ ਆਫ਼ ਮੈਨੇਜਮੇੰਟ ਏੰਡ ਰਿਸਰਚ ਵਿੱਚ ਪ੍ਰੋਫੇਸਰ ਸਨ. ਪ੍ਰੋਜੇਕਟ ਕਰਕੇ ਉਨ੍ਹਾਂ ਨੂੰ ਪਿੰਡਾਂ ਵਿੱਚ ਜਾਣਾ ਪੈਂਦਾ ਸੀ. ਉਹ ਵੇਖਦੇ ਸਨ ਕੇ ਪਿੰਡਾਂ ਵਿੱਚ ਗਰੀਬੀ ਕਰਕੇ ਬੱਚੇ ਸਕੂਲ ਨਹੀਂ ਸੀ ਜਾਂਦੇ. ਉਨ੍ਹਾਂ ਨੇ 2001 ਵਿੱਚ ਸ਼ਲੋਕ ਪਬਲਿਕ ਫ਼ਾਉਂਡੇਸ਼ਨ ਨਾਂਅ ਦੇ ਇੱਕ ਟ੍ਰਸਟ ਦੀ ਸਥਾਪਨਾ ਕੀਤੀ.

ਉਨ੍ਹਾਂ ਨੇ ਮੁੰਬਈ ਦੇ ਝੁੱਗੀ-ਬਸਤੀ ਵਿੱਚ ਗਰੀਬ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ. ਆਪਣੇ ਸਾਥੀਆਂ ਦੀ ਮਦਦ ਨਾਲ ਉਨ੍ਹਾਂ ਨੇ ਮੁੰਬਈ ਦੇ ਗੋਰੇਗਾਂਵ ਇਲਾਕੇ ਵਿੱਚ ਇੱਕ ਸਕੂਲ ਬਣਾਇਆ. ਇਸ ਸਕੂਲ ਵਿੱਚ ਪੜ੍ਹਾਉਣ ਆਉਣ ਵਾਲੇ ਬੱਚਿਆਂ ਦੀ ਤਾਦਾਦ ਵਧ ਕੇ ਸੱਤ ਸੌ ਹੋ ਗਈ. ਇਹ ਸਕੂਲ 2005 ਵਿੱਚ ਬੰਦ ਹੋ ਗਿਆ ਕਿਉਂਕਿ ਉਸੇ ਸਾਲ ਸਿੱਖਿਆ ਦੇ ਅਧਿਕਾਰ ਦਾ ਕਾਨੂਨ ਪਾਸ ਹੋ ਗਿਆ ਸੀ. ਇਸ ਦੇ ਤਹਿਤ ਪ੍ਰਾਈਵੇਟ ਸਕੂਲਾਂ ਲਈ ਗ਼ਰੀਬ ਬੱਚਿਆਂ ਨੂੰ ਦਾਖਿਲਾ ਦੇਣਾ ਅਤੇ ਉਨ੍ਹਾਂ ਨੂੰ ਮੁਫ਼ਤ ਸਿੱਖਿਆ ਦੇਣਾ ਲਾਜ਼ਮੀ ਹੋ ਗਿਆ.

ਦੇਸਾਈ ਅਤੇ ਉਨ੍ਹਾਂ ਦੇ ਸਾਥੀਆਂ ਨੇ ਪ੍ਰਾਈਵੇਟ ਸਕੂਲਾਂ ਵਿੱਚ ਜਾ ਕੇ ਗ਼ਰੀਬ ਬੱਚਿਆਂ ਨੂੰ ਦਾਖਿਲ ਕਰਾਉਣ ਲਈ ਬਹੁਤ ਕੰਮ ਕੀਤਾ ਕਿਉਂਕਿ ਝੁੱਗੀ ਬਸਤੀ ਵਿੱਚ ਰਹਿਣ ਵਾਲਿਆਂ ਨੂੰ ਸਰਕਾਰ ਵੱਲੋਂ ਚਲਾਈ ਜਾਣ ਵਾਲੀ ਸਕੀਮਾਂ ਬਾਰੇ ਪਤਾ ਨਹੀਂ ਹੁੰਦਾ.

ਫੇਰ ਉਨ੍ਹਾਂ ਨੂੰ ਪਤਾ ਲੱਗਾ ਕੇ ਯਵਤਮਾਲ ਇਲਾਕੇ ਵਿੱਚ ਕੋਈ ਸਕੂਲ ਅਜਿਹਾ ਨਹੀਂ ਹੈ ਜਿੱਥੇ ਗਰੀਬ ਬੱਚਿਆਂ ਲਈ ਸਕੂਲ ਸਿੱਖਿਆ ਦਾ ਪ੍ਰਬੰਧ ਹੋ ਸਕੇ. ਪਹਿਲਾਂ ਤਾਂ ਕਈ ਕੰਪਨੀਆਂ ਨੇ ਕਾਰਪੋਰੇਟ ਸਮਾਜਿਕ ਜਿਮੇਦਾਰੀ ਦੇ ਤਹਿਤ ਪੈਸੇ ਨਾਲ ਮਦਦ ਕੀਤੀ ਪਰ ਬਾਅਦ ਵਿੱਚ ਜਿਵੇਂ ਜਿਵੇਂ ਇਨ੍ਹਾਂ ਦੇ ਸਕੂਲ ਵਧਦੇ ਰਹੇ ਸੰਦੀਪ ਨੂੰ ਹੋਰ ਪੈਸੇ ਦੀ ਲੋੜ ਪੈਣੀ ਸ਼ੁਰੂ ਹੋ ਗਈ. ਸੰਦੀਪ ਨੇ ਬਿਹਾਰ ਅਤੇ ਰਾਜਸਥਾਨ ਦੇ ਉਦੈਪੁਰ ‘ਚ ਸਕੂਲ ਖੋਲੇ. ਉਨ੍ਹਾਂ ਨੂੰ ਹੋਰ ਪੈਸੇ ਦੀ ਲੋੜ ਪੈਣੀ ਸ਼ੁਰੂ ਹੋ ਗਈ. ਇਸ ਕਰਕੇ ਉਨ੍ਹਾਂ ਨੇ ਲੋਕਲ ਟ੍ਰੇਨ ਵਿੱਚ ਲੋਕਾਂ ਕੋਲੋਂ ਮਦਦ ਲੈਣੀ ਸ਼ੁਰੂ ਕਰ ਦਿੱਤੀ. ਉਹ ਹਰ ਮਹੀਨੇ ਪੰਜ ਲੱਖ ਰੁਪੇ ਦਾ ਜੁਗਾੜ ਕਰ ਲੈਂਦੇ ਹਨ.

ਉਹ ਕਹਿੰਦੇ ਹਨ ਕੇ ਕਿਸੇ ਨੇਤਾ ਜਾਂ ਕਿਸੇ ਹੋਰ ਆਗੂ ਨੇ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ. ਸਕੂਲ ਉਨ੍ਹਾਂ ਨੇ ਆਪਣੇ ਆਪ ਤਿਆਰ ਕੀਤੇ. ਸਕੂਲ ਵਿੱਚ ਪੀਣ ਦੇ ਪਾਣੀ ਦਾ ਪ੍ਰਬੰਧ ਵੀ ਆਪ ਹੀ ਕਰਨਾ ਪੈਂਦਾ ਹੈ. ਉਹ ਸਕੂਲ ਵਿੱਚ ਬਿਜਲੀ ਦਾ ਪ੍ਰਬੰਧ ਕਰਨ ਲਈ ਬਿਜਲੀ ਵਿਭਾਗ ਦੇ ਗੇੜੇ ਲਾ ਰਹੇ ਹਨ.

ਪਿਛੇ ਜਿਹੇ ਫਿਲਮੀ ਹੀਰੋ ਸਲਮਾਨ ਖਾਨ ਨੇ ਉਨ੍ਹਾਂ ਬਾਰੇ ਜਾਣਿਆ ਅਤੇ ਮਦਦ ਦਾ ਭਰੋਸਾ ਦਿੱਤਾ ਹੈ.

ਟ੍ਰੇਨਾਂ ਵਿੱਚ ਪੈਸੇ ਮੰਗਣ ਕਰਕੇ ਸੰਦੀਪ ਦੇਸਾਈ ਨੂੰ ਕਈ ਔਕੜਾਂ ਦਾ ਸਾਹਮਣਾ ਵੀ ਕਰਨਾ ਪਿਆ. ਉਨ੍ਹਾਂ ਨੂੰ ਭਿਖਾਰੀ ਕਿਹਾ ਗਿਆ. ਰੇਲਵੇ ਪੁਲਿਸ ਨੇ ਉਨ੍ਹਾਂ ਉਨ ਫੜ ਕੇ ਕੇਸ ਦਰਜ਼ ਕਰ ਦਿੱਤਾ.