'ਯੁਵਾ ਪ੍ਰੇਰਣਾ ਯਾਤਰਾ', ਇੱਕ ਅਜਿਹੀ ਯਾਤਰਾ ਜਿਸ ਨੂੰ ਕਰਨ 'ਤੇ ਤੁਸੀਂ ਬਣ ਸਕਦੇ ਹੋ ਸਟਾਰਟ-ਅਪ ਅਤੇ ਉੱਦਮੀ

'ਯੁਵਾ ਪ੍ਰੇਰਣਾ ਯਾਤਰਾ', ਇੱਕ ਅਜਿਹੀ ਯਾਤਰਾ ਜਿਸ ਨੂੰ ਕਰਨ 'ਤੇ ਤੁਸੀਂ ਬਣ ਸਕਦੇ ਹੋ ਸਟਾਰਟ-ਅਪ ਅਤੇ ਉੱਦਮੀ

Thursday March 17, 2016,

7 min Read

ਤੁਸੀਂ ਆਪਣੀ ਜ਼ਿੰਦਗੀ ਵਿੱਚ ਕਈ ਤਰ੍ਹਾਂ ਦੀਆਂ ਯਾਤਰਾਵਾਂ ਕੀਤੀਆਂ ਹੋਣਗੀਆਂ, ਪਰ ਕਦੇ ਤੁਸੀਂ ਅਜਿਹੀ ਯਾਤਰਾ 'ਤੇ ਗਏ ਹੋ, ਜਿਸ ਨੇ ਤੁਹਾਡੀ ਜ਼ਿੰਦਗੀ ਬਦਲ ਦਿੱਤੀ ਹੋਵੇ, ਉਸ ਨੂੰ ਸੁਆਰ ਦਿੱਤਾ ਹੋਵੇ, ਉਸ ਨੂੰ ਇੱਕ ਦਿਸ਼ਾ ਦਿੱਤੀ ਹੋਵੇ। ਜਿਸ ਯਾਤਰਾ ਕਾਰਣ ਤੁਹਾਨੂੰ ਇਹ ਸਮਝ ਆ ਗਿਆ ਹੋਵੇ ਕਿ ਤੁਸੀਂ ਅੱਗੇ ਕੀ ਕਰ ਸਕਦੇ ਹੋ, ਤੁਸੀਂ ਇੱਕ ਚੰਗੇ ਉੱਦਮੀ ਕਿਵੇਂ ਬਣ ਸਕਦੇ ਹੋ। ਇੱਥੇ ਅਸੀਂ ਤੁਹਾਨੂੰ ਅਜਿਹੀ ਇੱਕ ਯਾਤਰਾ ਬਾਰੇ ਦੱਸਣ ਜਾ ਰਹੇ ਹਾਂ ਜੋ ਹਰ ਸਾਲ ਹੁੰਦੀ ਹੈ ਅਤੇ ਜਿਸ ਦਾ ਨਾਮ ਹੈ,''ਯੁਵਾ ਪ੍ਰੇਰਣਾ ਯਾਤਰਾ''। 'ਆਈ ਫ਼ਾਰ ਨੇਸ਼ਨ' ਅਧੀਨ ਇਸ ਯਾਤਰਾ ਦਾ ਆਯੋਜਨ ਕਰਦੇ ਹਨ ਬੀ.ਐਚ.ਯੂ. ਦੇ ਇੱਕ ਸਾਬਕਾ ਵਿਦਿਆਰਥੀ ਅਤੇ ਇਸ ਸਹਿ-ਬਾਨੀ ਰਿਤੇਸ਼ ਗਰਗ ਅਤੇ ਨਵੀਨ ਗੋਇਲ। ਜੋ ਆਪਣੀ ਇਸ ਯਾਤਰਾ ਰਾਹੀਂ ਅਜਿਹੇ ਜਨੂੰਨੀ ਨੌਜਵਾਨਾਂ ਨੂੰ ਇਕੱਠੇ ਕਰ ਕੇ ਉਸ ਜਗ੍ਹਾ ਦੀ ਸੈਰ ਕਰਵਾਉਂਦੇ ਹਨ, ਉਨ੍ਹਾਂ ਲੋਕਾਂ ਨਾਲ ਮਿਲਾਉਂਦੇ ਹਨ ਜੋ ਦੂਜਿਆਂ ਲਈ ਮਿਸਾਲ ਬਣ ਗਏ ਹਨ।

ਰਿਤੇਸ਼ ਗਰਗ ਉਤਰਾਖੰਡ ਦੇ ਹਰਿਦੁਆਰ ਜ਼ਿਲ੍ਹੇ ਦੀ ਰੁੜਕੀ ਤਹਿਸੀਲ ਦੇ ਮੰਗਲੌਰ ਪਿੰਡ ਦੇ ਰਹਿਣ ਵਾਲੇ ਹਨ। ਇੱਥੇ ਰਹਿ ਕੇ ਉਨ੍ਹਾਂ ਆਪਣੀ ਪੜ੍ਹਾਈ ਪੂਰੀ ਕੀਤੀ। ਰਿਤੇਸ਼ ਨੇ 'ਯੂਅਰ ਸਟੋਰੀ' ਨੂੰ ਦੱਸਿਆ,''ਗਰੈਜੂਏਸ਼ਨ ਦੌਰਾਨ ਲੱਗਾ ਕਿ ਮੈਂ ਕੁੱਝ ਵੱਖ ਕਰਨਾ ਹੈ ਅਤੇ ਨੌਕਰੀ ਕਦੇ ਵੀ ਮੇਰੇ ਦਿਮਾਗ਼ ਵਿੱਚ ਨਹੀਂ ਸੀ। ਸੋਚਿਆ ਕਿ ਅਲੱਗ ਕਰਨ ਲਈ ਸਭ ਤੋਂ ਮੁਸ਼ਕਿਲ ਚੀਜ਼ ਕੀ ਹੋ ਸਕਦੀ ਹੈ ਤਾਂ ਪਤਾ ਚੱਲਿਆ ਕਿ ਆਈ.ਏ.ਐਸ. ਬਣਨਾ ਸਭ ਤੋਂ ਔਖਾ ਕੰਮ ਹੈ। ਇਸ ਤਰ੍ਹਾਂ ਮੈਂ ਇਸ ਦੀ ਤਿਆਰੀ ਸ਼ੁਰੂ ਕੀਤੀ।''

ਆਈ.ਏ.ਐਸ. ਦੀ ਤਿਆਰੀ ਲਈ ਦਿੱਲੀ ਆਏ ਤਾਂ ਪਤਾ ਚੱਲਿਆ ਕਿ ਇਸ ਦੀ ਕੋਚਿੰਗ ਕਾਫ਼ੀ ਮਹਿੰਗੀ ਹੈ, ਬਾਵਜੂਦ ਕਿਸੇ ਤਰ੍ਹਾਂ ਆਈ.ਏ.ਐਸ. ਦੀ ਪ੍ਰੀਖਿਆ ਦੀ ਤਿਆਰੀ ਕੀਤੀ ਅਤੇ ਤੀਜੇ ਸਾਲ ਇਹ ਲਿਖਤੀ ਪ੍ਰੀਖਿਆ ਵਿੱਚ ਪਾਸ ਹੋ ਗਏ ਪਰ ਕਿਸਮਤ ਵਿੱਚ ਕੁੱਝ ਹੋਰ ਹੀ ਲਿਖਿਆ ਸੀ, ਇਸ ਲਈ ਇੰਟਰਵਿਊ ਦੌਰਾਨ ਉਨ੍ਹਾਂ ਨੂੰ ਸਮਝ ਆ ਗਿਆ ਕਿ ਉਹ ਸਿਸਟਮ ਵਿੱਚ ਆਪਣੇ ਆਪ ਨੂੰ ਕੈਦ ਨਹੀਂ ਕਰ ਸਕਦੇ। ਇਸ ਲਈ ਉਨ੍ਹਾਂ ਫ਼ੈਸਲਾ ਕੀਤਾ ਕਿ ਉਹ ਐਮ.ਬੀ.ਏ. ਕਰਨਗੇ ਅਤੇ ਢਾਈ ਮਹੀਨੇ ਦੀ ਪੜ੍ਹਾਈ ਬਾਅਦ ਕੈਟ ਦੀ ਪ੍ਰੀਖਿਆ ਪਾਸ ਕੀਤੀ। ਇਸ ਤਰ੍ਹਾਂ ਬੀ.ਐਚ.ਯੂ ਵਿੱਚ ਉਨ੍ਹਾਂ ਨੂੰ ਦਾਖ਼ਲਾ ਮਿਲ ਗਿਆ। ਇਹ ਤੈਅ ਸੀ ਕਿ ਉਹ ਨੌਕਰੀ ਨਹੀਂ ਕਰਨਗੇ, ਇਸ ਲਈ ਉਹ ਉਦੋਂ ਤੱਕ ਦੋ-ਤਿੰਨ ਸਰਕਾਰੀ ਨੌਕਰੀਆਂ ਵੀ ਛੱਡ ਚੁੱਕੇ ਸਨ। ਰਿਤੇਸ਼ ਚਾਹੁੰਦੇ ਸਨ ਕਿ ਉਹ ਦੇਸ਼ ਲਈ ਕੁੱਝ ਕਰਨ, ਉਹ ਕੁੱਝ ਅਜਿਹਾ ਕੰਮ ਕਰਨਾ ਚਾਹੁੰਦੇ ਸਨ, ਜਿਸ ਵਿੱਚ ਉਹ ਲੋਕਾਂ ਨੂੰ ਕੁੱਝ ਮਕਸਦ ਦੇ ਸਕਣ। ਇਸ ਲਈ ਐਮ.ਬੀ.ਏ. ਦੀ ਪੜ੍ਹਾਈ ਦੌਰਾਨ ਉਨ੍ਹਾਂ ਨੇ ਸੇਵਾਰਾਥ ਨਾਂਅ ਦਾ ਸੰਗਠਨ ਬਣਾਇਆ ਅਤੇ ਬਨਾਰਸ ਦੇ ਆਲੇ ਦੁਆਲੇ ਦੀਆਂ ਗ਼ੈਰ ਸਰਕਾਰੀ ਜੱਥੇਬੰਦੀਆਂ ਨਾਲ ਜੁੜ ਕੇ ਉਨ੍ਹਾਂ ਦੀ ਮਦਦ ਕਰਨ ਲੱਗੇ। ਐਮ.ਬੀ.ਏ. ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਇਹ ਰਾਜਸਥਾਨ ਤੇ ਗੁਜਰਾਤ ਦੇ ਆਦਿਵਾਸੀਆਂ ਦੇ ਵਿੱਚ ਰਹੇ ਅਤੇ ਉਨ੍ਹਾਂ ਲਈ ਕੰਮ ਕੀਤਾ। ਇਸ ਤੋਂ ਬਾਅਦ ਉਨ੍ਹਾਂ ਉਤਰ ਪ੍ਰਦੇਸ਼ ਦੇ ਪੰਜ ਜ਼ਿਲ੍ਹਿਆਂ ਸ਼ਾਹਜਹਾਂਪੁਰ, ਹਰਦੋਈ, ਪੀਲੀਭੀਤ, ਬਦਾਯੂੰ ਅਤੇ ਸੀਤਾਪੁਰ ਵਿੱਚ ਲੋਕਾਂ ਦੇ ਕੌਸ਼ਲ ਨਿਖਾਰ ਦਾ ਕੰਮ ਕੀਤਾ। ਇਸ ਦੌਰਾਨ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਮਿਲੀ ਪਰ ਕਿਸੇ ਵੀ ਧਮਕੀ ਤੋਂ ਬੇਪਰਵਾਹ ਰਿਤੇਸ਼ ਨੇ ਇਨ੍ਹਾਂ ਗੱਲਾਂ 'ਤੇ ਧਿਆਨ ਨਾ ਦਿੱਤਾ ਅਤੇ ਆਪਣੇ ਕੰਮ ਵਿੱਚ ਲੱਗੇ ਰਹੇ। ਲੋਕਾਂ ਵਿੱਚ ਕੰਮ ਕਰਨ ਦੌਰਾਨ ਉਨ੍ਹਾਂ ਵੇਖਿਆ ਕਿ ਦੇਸ਼ ਵਿੱਚ ਕਾਫ਼ੀ ਜ਼ਿਆਦਾ ਗ਼ਰੀਬੀ ਹੈ ਅਤੇ ਕਿਸਾਨ ਦੀ ਹਾਲਤ ਸਭ ਤੋਂ ਤਰਸਯੋਗ ਹੈ। ਉਨ੍ਹਾਂ ਦੇ ਮਨ ਵਿੱਚ ਵਿਚਾਰ ਆਇਆ ਕਿ ਪਿੰਡ ਦੇ ਬੱਚਿਆਂ ਦੇ ਵਿਕਾਸ ਉਤੇ ਧਿਆਨ ਕਿਉਂ ਨਾ ਦਿੱਤਾ ਜਾਵੇ। ਇਸ ਪੂਰੇ ਸਮੇਂ ਵਿੱਚ ਉਹ ਸਮਝ ਚੁੱਕੇ ਸਨ ਕਿ ਉਨ੍ਹਾਂ ਨੂੰ ਲੋਕਾਂ ਨੂੰ ਰੋਜ਼ਗਾਰ ਦਿਵਾਉਣ ਦੇ ਖੇਤਰ ਵਿੱਚ ਕੰਮ ਕਰਨਾ ਹੈ। ਇਸ ਲਈ ਉਨ੍ਹਾਂ ਦੇਸ਼ ਭਰ ਦਾ ਦੌਰਾ ਕੀਤਾ ਅਤੇ ਲਗਭਗ 3 ਹਜ਼ਾਰ ਪਿੰਡਾਂ ਦਾ ਜਾਇਜ਼ਾ ਲਿਆ। ਹਿਮਾਲਾ ਪਰਬਤ ਦੇ ਖੇਤਰਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਦਾ ਦੌਰਾ ਵੀ ਕੀਤਾ। ਜਿੱਥੇ ਲੋਕ ਅਕਸਰ ਉਨ੍ਹਾਂ ਨੂੰ ਕਹਿੰਦੇ ਹਨ ਕਿ ਪਹਾੜ ਦੀ ਜਵਾਨੀ ਅਤੇ ਪਹਾੜ ਦਾ ਪਾਣੀ ਕਦੇ ਕੰਮ ਨਹੀਂ ਆਉਂਦੇ। ਕਿਉਂਕਿ ਨੌਜਵਾਨ ਰੋਜ਼ਗਾਰ ਦੀ ਭਾਲ਼ ਵਿੱਚ ਸ਼ਹਿਰ ਵੱਲ ਰੁਖ਼ ਕਰ ਲੈਂਦਾ ਹੈ ਅਤੇ ਪਹਾੜ ਤੋਂ ਨਦੀਆਂ ਦਾ ਪਾਣੀ ਵਹਿ ਕੇ ਮੈਦਾਨੀ ਇਲਾਕਿਆਂ ਵਿੱਚ ਚਲਾ ਜਾਂਦਾ ਹੈ।

image


ਰਿਤੇਸ਼ ਅਨੁਸਾਰ,''ਤਦ ਮੈਂ ਸੋਚਿਆ ਕਿ ਕਿਉਂ ਨਾ ਪਾਣੀ ਅਤੇ ਜਵਾਨੀ ਨੂੰ ਇੱਕ-ਦੂਜੇ ਨਾਲ ਜੋੜ ਦਿੱਤਾ ਜਾਵੇ ਅਤੇ ਉਹ ਇੱਕ ਦੂਜੇ ਦਾ ਵਿਕਲਪ ਬਣਨ।''

ਪਰ ਉਨ੍ਹਾਂ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਸੀ ਲੋਕਾਂ ਦੀ ਅਰੁਚੀ। ਪਹਾੜੀ ਇਲਾਕਿਆਂ ਵਿੱਚ ਉੱਦਮਤਾ ਵੱਲ ਲੋਕ ਜ਼ਿਆਦਾ ਧਿਆਨ ਨਹੀਂ ਦਿੰਦੇ ਸਨ ਅਤੇ ਉਹ ਸਰਕਾਰੀ ਨੌਕਰੀ ਦੇ ਮੂੰਹ ਵੱਲ ਤੱਕਦੇ ਸਨ। ਅਜਿਹੇ ਹਾਲਾਤ ਵਿੱਚ ਰਿਤੇਸ਼ ਨੇ ਸੋਚਿਆ ਕਿ ਕਿਉਂ ਨਾ ਇੱਥੋਂ ਦੇ ਨੌਜਵਾਨਾਂ ਨੂੰ ਇਹ ਦੱਸਿਆ ਜਾਵੇ ਕਿ ਜਿਹੜੀਆਂ ਔਕੜਾਂ ਦਾ ਸਾਹਮਣਾ ਉਹ ਕਰਦੇ ਹਨ, ਉਸੇ ਤਰ੍ਹਾਂ ਦੀਆਂ ਚੁਣੌਤੀਆਂ ਦਾ ਦੂਜੇ ਲੋਕ ਵੀ ਸਾਹਮਣਾ ਕਰ ਕੇ ਵਧੀਆ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਦੇ ਕੰਮ ਤੋਂ ਕਾਫ਼ੀ ਤਬਦੀਲੀ ਵੇਖਣ ਨੂੰ ਮਿਲੀ ਹੈ। ਇਸ ਲਈ ਇਹ ਕੰਮ ਉਹ ਕਰ ਸਕਦੇ ਹਨ।

ਇਸ ਤੋਂ ਬਾਅਦ ਰਿਤੇਸ਼ ਗਰਗ ਨੇ ਇੱਕ ਪ੍ਰੋਗਰਾਮ ਡਿਜ਼ਾਇਨ ਕੀਤਾ ਅਤੇ ਉਸ ਦਾ ਨਾਂਅ ਰੱਖਿਆ 'ਯੁਵਾ ਪ੍ਰੇਰਣਾ ਯਾਤਰਾ'। ਇਸ ਵਿੱਚ ਉਨ੍ਹਾ ਨੇ 100 ਵਿਅਕਤੀਆਂ ਦੀ ਚੋਣ ਕੀਤੀ। ਇਸ ਵਿੱਚ 50 ਵਿਅਕਤੀ ਹਿਮਾਲਾ ਖੇਤਰ ਤੋਂ 50 ਦੂਜੇ ਖੇਤਰਾਂ ਵਿੱਚ ਰਹਿਣ ਵਾਲੇ ਸਨ। ਉਨ੍ਹਾਂ ਦਾ ਮੰਤਵ ਸੀ ਕਿ ਇੱਕ ਪਾਸੇ ਜ਼ਮੀਨੀ ਤੌਰ ਉੱਤੇ ਕੰਮ ਕਰ ਰਹੇ ਲੋਕਾਂ ਅਤੇ ਦੂਜੇ ਪਾਸੇ ਉਹ ਲੋਕ ਜਿਨ੍ਹਾਂ ਕੋਲ ਤਕਨੀਕੀ ਗਿਆਨ ਸੀ, ਉਨ੍ਹਾਂ ਨੂੰ ਇੱਕ ਪਲੇਟਫ਼ਾਰਮ ਰਾਹੀਂ ਜੋੜਿਆ ਜਾਵੇ। ਤਾਂ ਜੋ ਉਹ ਇੱਥ ਦੂਜੇ ਨਾਲ ਜਾਣਕਾਰੀ ਸਾਂਝੀ ਕਰ ਸਕਣ। ਇਸ ਤੋਂ ਇਲਾਵਾ ਰਿਤੇਸ਼ ਨੇ ਅਜਿਹੇ ਲੋਕ ਲੱਭੇ, ਜਿਨ੍ਹਾਂ ਨੇ ਜ਼ਮੀਨੀ ਪੱਧਰ ਉਤੇ ਆਪਣੀ ਇਨੋਵੇਸ਼ਨ ਦੇ ਦਮ ਉੱਤੇ ਕੁੱਝ ਕੰਮ ਕੀਤਾ। ਜਿਸ ਤੋਂ ਬਾਅਦ ਹੁਣ ਉਹ ਉਨ੍ਹਾਂ 100 ਵਿਅਕਤੀਆਂ ਨੂੰ ਅਜਿਹੇ ਇਨੋਵੇਟਿਵ ਲੋਕਾਂ ਨੂੰ ਮਿਲਾਉਣ ਦਾ ਕੰਮ ਕਰ ਰਹੇ ਹਨ।

ਇਹ ਆਪਣੀ ਯਾਤਰਾ ਲਈ ਜਿਹੜੇ ਲੋਕਾਂ ਦੀ ਚੋਣ ਕਰਦੇ ਹਨ, ਉਸ ਵਿੱਚ ਉਨ੍ਹਾਂ ਦੀ ਵਿਦਿਅਕ ਯੋਗਤਾ ਦੀ ਥਾਂ ਅਜਿਹੇ ਲੋਕ ਚੁਣਦੇ ਹਨ; ਜਿਨ੍ਹਾਂ ਵਿੱਚ ਕੁੱਝ ਨਵਾਂ ਕਰਨ ਦਾ ਜਨੂੰਨ ਹੁੰਦਾ ਹੈ। ਪਿਛਲੇ ਤਿੰਨ ਵਰ੍ਹਿਆਂ ਤੋਂ ਰਿਤੇਸ਼ ਇਸ ਯਾਤਰਾ ਨੂੰ ਚਲਾ ਰਹੇ ਹਨ। ਰਿਤੇਸ਼ ਅਨੁਸਾਰ ਲਗਭਗ 35 ਫ਼ੀ ਸਦੀ ਲੋਕਾਂ ਨੇ ਇਸ ਯਾਤਰਾ ਦਾ ਫ਼ਾਇਦਾ ਚੁੱਕਦੇ ਹੋਏ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਜਿਵੇਂ ਉੱਤਰਕਾਸ਼ੀ ਵਿੱਚ ਇੱਕ ਪਿੰਡ 'ਚ ਜਿੱਥੇ 6 ਕਿਸਾਨਾਂ ਨੇ ਮਿਲ ਕੇ ਸਬਜ਼ੀ ਉਗਾਉਣ ਦਾ ਕੰਮ ਮਿਲ ਕੇ ਸ਼ੁਰੂ ਕੀਤਾ ਸੀ ਅਤੇ ਅੱਜ ਉਹ 1,200 ਕਿਸਾਨ ਮਿਲ ਕੇ ਉਹ ਕੰਮ ਕਰ ਰਹੇ ਹਨ। ਖ਼ਾਸ ਗੱਲ ਇਹ ਹੈ ਕਿ ਮਦਰ ਡੇਅਰੀ ਉਨ੍ਹਾਂ ਦੀਆਂ ਸਬਜ਼ੀਆਂ ਨੂੰ ਉਨ੍ਹਾਂ ਕਿਸਾਨਾਂ ਤੋਂ ਖ਼ਰੀਦਣ ਦਾ ਕੰਮ ਕਰਦੀ ਹੈ। ਇੰਨਾ ਹੀ ਨਹੀਂ ਇਨ੍ਹਾਂ ਕਿਸਾਨਾਂ ਨੇ ਬਿਨਾਂ ਬਿਜਲੀ ਦਾ ਇੱਕ ਰੋਪ-ਵੇਅ ਬਣਾਇਆ ਹੋਇਆ ਹੈ, ਜੋ 1,200 ਮੀਟਰ ਦੀ ਉਚਾਈ ਤੱਕ ਸਬਜ਼ੀ-ਫਲ ਲਿਆਉਣ ਤੇ ਲਿਜਾਣ ਦਾ ਕੰਮ ਕਰਦਾ ਹੈ।

'ਯੁਵਾ ਪ੍ਰੇਰਣਾ ਯਾਤਰਾ' ਕਾਰਣ ਹੀ ਬਹਿਰਾਈਚ ਦੇ ਰਹਿਣ ਵਾਲੇ ਹਿਮਾਂਸ਼ੂ ਕਾਲੀਆ ਨੇ ਪਿੰਡ ਵਾਸੀਆਂ ਨਾਲ ਮਿਲ ਕੇ ਈਕੋ ਟੂਰਿਜ਼ਮ ਦਾ ਕੰਮ ਸ਼ੁਰੂ ਕੀਤਾ ਅਤੇ ਉਸ ਜਗ੍ਹਾ ਨੂੰ ਮਗਰਮੱਛ ਰੱਖ (ਸੈਂਕਚੁਅਰੀ) ਦੇ ਤੌਰ ਉੱਤੇ ਵਿਕਸਤ ਕੀਤਾ ਹੈ। ਨਤੀਜਾ ਇਹ ਹੈ ਕਿ ਅੱਜ ਇਸ ਇਲਾਕੇ ਨੂੰ ਵੇਖਣ ਲਈ ਵਿਦੇਸ਼ਾਂ ਤੋਂ ਲੋਕ ਇੱਥੇ ਆਉਂਦੇ ਹਨ। ਇਸ ਤਰ੍ਹਾਂ ਕਸ਼ਮੀਰ ਵਿੱਚ ਰਹਿਣ ਵਾਲੇ ਸੁਹਾਸ ਕੌਲ ਯੁਵਾ ਪ੍ਰੇਰਣਾ ਯਾਤਰਾ ਤੋਂ ਸਿੱਖਿਆ ਲੈਂਦੇ ਹੋਏ ਬੈਂਗਲੁਰੂ ਵਿੱਚ ਪੇਂਟਿੰਗ ਦੀ ਪ੍ਰਦਰਸ਼ਨੀ ਲਾਉਂਦੇ ਹਨ। ਇਹ ਪੇਂਟਿੰਗ ਪਿੰਡ ਦੇ ਲੋਕਾਂ ਦੀ ਬਣਾਈ ਹੁੰਦੀ ਹੈ ਅਤੇ ਪੇਂਟਿੰਗ ਵੇਚਣ 'ਤੇ ਜੋ ਆਮਦਨ ਹੁੰਦੀ ਹੈ, ਉਸ ਦਾ 80 ਫ਼ੀ ਸਦੀ ਉਨ੍ਹਾਂ ਪਿੰਡ ਵਾਸੀਆਂ ਨੂੰ ਦੇ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਪਿਥੌਰਾਗੜ੍ਹ ਦੇ ਜੀਵਨ ਠਾਕੁਰ ਨੇ ਆਪਣੇ ਪਿੰਡ ਨੂੰ ਆਦਰਸ਼ ਪਿੰਡ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

ਰਿਤੇਸ਼ ਅਨੁਸਾਰ,'' 'ਯੁਵਾ ਪ੍ਰੇਰਣਾ ਯਾਤਰਾ' ਵਿੱਚ ਸ਼ਾਮਲ ਲੋਕਾਂ ਨੂੰ ਅਜਿਹੇ ਲੋਕਾਂ ਨਾਲ ਮਿਲਾਇਆ ਜਾਂਦਾ ਹੈ। ਉਨ੍ਹਾਂ ਕੋਲੋਂ ਚੁਣੌਤੀਆਂ ਪੁੱਛੀਆਂ ਜਾਂਦੀਆਂ ਹਨ, ਉਨ੍ਹਾਂ ਦੇ ਕੰਮ ਬਾਰੇ ਜਾਣਕਾਰੀ ਲਈ ਜਾਂਦੀ ਹੈ। ਇਸ ਤਰ੍ਹਾਂ ਦੂਜੇ ਲੋਕ ਉਨ੍ਹਾਂ ਕੋਲੋਂ ਸਿੱਖਿਆ ਲੈ ਸਕਦੇ ਹਨ ਕਿ ਉਹ ਆਪ ਵੀ ਕੁੱਝ ਅਜਿਹਾ ਕੰਮ ਕਰ ਸਕਦੇ ਹਨ। ਜਿਸ ਤੋਂ ਬਾਅਦ ਲੋਕਾਂ ਨੂੰ ਵਿਸ਼ਵਾਸ ਹੁੰਦਾ ਹੈ ਕਿ ਉਹ ਵੀ ਕੁੱਝ ਕਰ ਸਕਦੇ ਹਨ ਅਤੇ ਉਸ ਬਾਰੇ ਸੋਚਦੇ ਹਨ।''

ਅਜਿਹੇ ਹਾਲਾਤ ਵਿੱਚ ਜਦੋਂ ਕੋਈ ਉਨ੍ਹਾਂ ਕੋਲ ਆਪਣਾ ਕੋਈ ਵਿਚਾਰ ਲੈ ਕੇ ਆਉਂਦਾ ਹੈ, ਤਾਂ ਰਿਤੇਸ਼ ਅਤੇ ਉਨ੍ਹਾਂ ਦੀ ਟੀਮ ਉਸ ਵਿਚਾਰ ਉੱਤੇ ਕੰਮ ਕਿਵੇਂ ਕਰਨਾ ਹੈ, ਇਹ ਵੀ ਦਸਦੀ ਹੈ।

ਸਾਲ 2013 ਵਿੱਚ ਰਿਤੇਸ਼ ਨੇ ਪਹਿਲੀ 'ਯੁਵਾ ਪ੍ਰੇਰਣਾ ਯਾਤਰਾ' ਦੀ ਸ਼ੁਰੂਆਤ ਕੀਤੀ ਸੀ। ਹਰ ਸਾਲ ਹੋਣ ਵਾਲੀ 'ਯੁਵਾ ਪ੍ਰੇਰਣਾ ਯਾਤਰਾ' ਦੀ ਸ਼ੁਰੂਆਤ ਉਤਰਾਖੰਡ ਦੇ ਦੇਹਰਾਦੂਨ ਤੋਂ ਹੁੰਦੀ ਹੈ। ਇਹ ਯਾਤਰਾ ਸੱਤ ਦਿਨਾਂ ਦੀ ਹੁੰਦੀ ਹੈ। ਜਿਨ੍ਹਾਂ 100 ਵਿਅਕਤੀਆਂ ਦੀ ਚੋਣ ਇਸ ਯਾਤਰਾ ਲਈ ਹੁੰਦੀ ਹੈ, ਉਹ ਚਾਰ ਬੱਸਾਂ ਵਿੱਚ ਸਵਾਰ ਹੁੰਦੇ ਹਨ। ਹਫ਼ਤੇ ਭਰ ਦੀ ਇਸ ਯਾਤਰਾ ਦੌਰਾਨ ਇਹ ਹਿਮਾਲਾ ਖੇਤਰ ਦੇ ਵੱਖੋ ਵੱਖਰੇ ਪਿੰਡਾਂ ਵਿੱਚ ਜਾ ਕੇ ਉਥੋਂ ਦੇ ਲੋਕਾਂ ਨੂੰ ਮਿਲਦੇ ਹਨ। ਇਸ ਦੌਰਾਨ ਉਹ ਲਗਭਗ 1,000 ਕਿਲੋਮੀਟਰ ਦੀ ਯਾਤਰਾ ਕਰਦੇ ਹਨ। ਅੱਜ ਰਿਤੇਸ਼ ਗਰਗ ਨਾਲ 'ਯੁਵਾ ਪ੍ਰੇਰਣਾ ਯਾਤਰਾ' ਦਾ ਕੰਮ ਉਨ੍ਹਾਂ ਦੇ ਸਹਿ-ਬਾਨੀ ਅਤੇ 8 ਵਲੰਟੀਅਰ ਵੇਖਦੇ ਹਨ।

ਇਹ ਯਾਤਰਾ ਹਰ ਸਾਲ ਅਪ੍ਰੈਲ 'ਚ ਹੁੰਦੀ ਹੈ। ਅਗਲੇ ਸਾਲ ਦੀ ਯਾਤਰਾ ਲਈ ਇਹ 15 ਅਗਸਤ ਤੋਂ ਲੋਕਾਂ ਦੀਆਂ ਅਰਜ਼ੀਆਂ ਮੰਗਣੀਆਂ ਸ਼ੁਰੂ ਕਰ ਦਿੰਦੇ ਹਨ ਅਤੇ ਹਰ ਵਾਰ ਅਰਜ਼ੀਆਂ ਦੀ ਆਖ਼ਰੀ ਤਾਰੀਖ਼ 29 ਫ਼ਰਵਰੀ ਰੱਖੀ ਗਈ ਹੈ।

ਲੇਖਕ: ਹਰੀਸ਼

ਅਨੁਵਾਦ: ਸਿਮਰਨਜੀਤ ਕੌਰ