ਜਾਣੋ, ਮੋਟਰ-ਸਾਇਕਲ 'ਤੇ ਸਮੁੱਚੇ ਵਿਸ਼ਵ ਦੀ ਯਾਤਰਾ ਕਰਨ ਵਾਲੀ ਭਾਰਤੀ ਜੋੜੀ ਦੇ ਤਜਰਬੇ

0

ਮੋਟਰ-ਸਾਇਕਲ ਉਤੇ ਸਮੁੱਚੇ ਵਿਸ਼ਵ ਦੀ ਯਾਤਰਾ ਕਰ ਰਹੀ ਜੋੜੀ ਨੇ ਸਾਂਝੇ ਕੀਤੇ ਆਪਣੇ ਤਜਰਬੇ ਤੇ ਇਹ ਵੀ ਦੱਸਿਆ ਕਿ ਤੁਸੀਂ ਵੀ ਸਮੁੱਚੇ ਵਿਸ਼ਵ ਦਾ ਅਜਿਹਾ ਸਫ਼ਰ ਕਿਵੇਂ ਕਰ ਸਕਦੇ ਹੋ।

ਵਿਆਹਾਂ ਦੀਆਂ ਤਸਵੀਰਾਂ ਖਿੱਚਣ ਵਾਲੀ ਫ਼ੋਟੋਗ੍ਰਾਫ਼ਰ ਜੋੜੀ ਮੋਨਿਕਾ ਮੋਘੇ ਅਤੇ ਸ਼ੈਰਿਕ ਵਰਮਾ ਇਸ ਵੇਲੇ ਆਪਣੀ ਸੁਫ਼ਨਿਆਂ ਦੀ ਯਾਤਰਾ 'ਤੇ ਹਨ। ਜੇ ਆਖੀਏ ਕਿ ਕਈ ਛੁੱਟੀਆਂ ਦਾ ਆਨੰਦ ਇੱਕੋ ਵਾਰੀ 'ਚ ਮਾਣ ਰਹੇ ਹਨ, ਤਾਂ ਵੀ ਕੋਈ ਅਤਿਕਥਨੀ ਨਹੀਂ ਹੋਵੇਗੀ। ਉਹ ਆਪਣੀ ਮੋਟਰ-ਸਾਇਕਲ 'ਤੇ ਦੁਨੀਆ ਦੇ ਹਰੇਕ ਇੰਚ ਦੀ ਖੋਜ ਕਰ ਲੈਣੀ ਚਾਹੁੰਦੇ ਹਨ। ਇਹ ਵੇਖਣ ਨੂੰ ਬਹੁਤ ਵਧੀਆ ਵਿਚਾਰ ਜਾਪ ਸਕਦਾ ਹੈ ਪਰ ਇਸ ਯਾਤਰਾ ਦੀ ਸਾਵਧਾਨੀ ਨਾਲ ਯੋਜਨਾ ਉਲੀਕਣ ਤੇ ਬੱਚਤ ਕਰ ਕੇ ਕੁੱਝ ਧਨ ਇਕੱਠਾ ਕਰਨ ਵਿੱਚ ਹੀ ਉਨ੍ਹਾਂ ਨੂੰ ਪੰਜ ਸਾਲ ਲੱਗ ਗਏ ਸਨ। ਇਸੇ ਲਈ ਜੇ ਤੁਸੀਂ ਕਿਤੇ ਜਾਣਾ ਚਾਹੁੰਦੇ ਹੋ, ਤਾਂ ਪਹਿਲਾਂ ਉਸ ਉਤੇ ਜ਼ਰੂਰ ਹੀ ਨਿੱਠ ਕੇ ਵਿਚਾਰ-ਵਟਾਂਦਰਾ ਕਰੋ। ਯਾਤਰਾ ਕਰ ਰਹੀ ਇਸ ਜੋੜੀ ਲਈ ਕੁੱਝ ਘੰਟਿਆਂ ਬਾਅਦ ਆਪਣਾ ਫ਼ੇਸਬੁੱਕ ਸਟੇਟਸ ਅਪਡੇਟ ਕਰਨਾ ਵੀ ਬਹੁਤ ਰੋਮਾਂਚਕ ਹੈ ਪਰ ਇਸ ਉਤੇ ਖ਼ਰਚਾ ਬਹੁਤ ਹੋ ਜਾਂਦਾ ਹੈ। ਇਹ ਜੋੜੀ ਆਪਣੇ ਵਿਵਹਾਰਕ ਤਜਰਬਿਆਂ ਰਾਹੀਂ ਆਪਣੇ ਨੁਕਤੇ ਸਾਂਝੇ ਕਰ ਰਹੀ ਹੈ ਕਿ ਤੁਸੀਂ ਇੱਕ ਸਾਲ ਵਿੱਚ ਸਮੁੱਚੇ ਵਿਸ਼ਵ ਦੀ ਯਾਤਰਾ ਕਰਨ ਲਈ ਵਧੀਆ ਯੋਜਨਾ ਕਿਵੇਂ ਉਲੀਕਣੀ ਹੈ ਤੇ ਖ਼ਰਚਾ ਕਿਵੇਂ ਘਟਾਇਆ ਜਾ ਸਕਦਾ ਹੈ।

ਮੋਨਿਕਾ ਦਸਦੇ ਹਨ,''ਅਸੀਂ ਇਸ ਟੂਰ ਦੀ ਯੋਜਨਾ ਪਿਛਲੇ ਲਗਭਗ ਪੰਜ ਸਾਲਾਂ ਤੋਂ ਕਰ ਰਹੇ ਸਾਂ। ਇੰਝ ਇਹ ਕੋਈ ਛਿਣ-ਭੰਗਰੀ ਫ਼ੈਸਲਾ ਨਹੀਂ ਸੀ। ਬਹੁਤੇ ਲੋਕ, ਖ਼ਾਸ ਕਰ ਕੇ ਭਾਰਤ ਵਿੱਚ, ਆਪਣੇ ਨਿੱਤ ਦੇ ਕੰਮਕਾਜ ਕਰ ਕੇ ਨਿਯਮਤ ਦੇ ਟਾਈਮ-ਟੇਬਲਜ਼ ਕਾਰਣ ਅਕਾਊ ਮਹਿਸੂਸ ਕਰਨ ਲਗਦੇ ਹਨ। ਉਹ ਅਜਿਹੀ ਯਾਤਰਾ ਨੂੰ ਕਿਸੇ ਬਹਾਦਰੀ ਭਰੇ ਰੋਮਾਂਚ ਦੇ ਤੌਰ ਉਤੇ ਵੇਖਦੇ ਹਨ ਅਤੇ ਉਸ ਵਿੱਚ ਮਨੋਰੰਜਨ ਚਾਹੁੰਦੇ ਹਨ। ਪਰ ਯਾਤਰਾ ਹਰ ਵਾਰ ਅਜਿਹੀ ਨਹੀਂ ਵੀ ਹੋ ਸਕਦੀ। ਜਦੋਂ ਤੁਸੀਂ ਆੱਨਲਾਈਨ ਵੈਬਸਾਈਟ ਰਾਹੀਂ ਕੋਈ ਹੋਟਲ ਬੁੱਕ ਕਰਦੇ ਹੋ, ਤਾਂ ਜਦੋਂ ਉਸ ਅਸਲ ਥਾਂ ਉਤੇ ਜਾ ਕੇ ਵੇਖਦੇ ਹੋ ਤਾਂ ਉਹ ਉਹੋ ਜਿਹੀ ਤਾਂ ਬਿਲਕੁਲ ਵੀ ਨਹੀਂ ਹੁੰਦੀ; ਜਿਹੋ ਜਿਹੀ ਉਹ ਆੱਨਲਾਈਨ ਪੋਰਟਲ ਉਤੇ ਵਿਖਾਈ ਤੇ ਦਰਸਾਈ ਗਈ ਹੁੰਦੀ ਹੈ।''

ਸਮੁੱਚੇ ਵਿਸ਼ਵ ਦੀ ਯਾਤਰਾ ਕਰਨੀ ਬਹੁਤ ਸਖ਼ਤ ਮਿਹਨਤ ਵਾਲ਼ਾ ਕੰਮ ਹੈ; ਖ਼ਾਸ ਕਰ ਕੇ ਜਦੋਂ ਤੁਸੀਂ ਮੋਟਰ ਸਾਇਕਲ ਉਤੇ ਜਾ ਰਹੇ ਹੋਵੋ। ਮੋਨਿਕਾ ਅਤੇ ਸ਼ੈਰਿਕ ਇ ਯਾਤਰਾ 'ਟ੍ਰਾਇੰਫ਼ ਟਾਈਗਰ 800 ਐਕਸ-ਸੀ' ਮੋਟਰ-ਸਾਇਕਲ ਉਤੇ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਆਪਣੀ ਇਸ ਵਿਸ਼ਾਲ ਯਾਤਰਾ ਲਈ ਇਸ ਮਸ਼ੀਨ ਭਾਵ ਮੋਟਰ-ਸਾਇਕਲ ਦੇ ਰੱਖ-ਰਖਾਅ ਵਾਲਾ ਕੁੱਝ ਸਾਮਾਨ ਵੀ ਨਾਲ ਲੈ ਕੇ ਚੱਲਣਾ ਪਿਆ ਹੈ। ਉਨ੍ਹਾਂ ਨਾਲ ਆਪਣੇ ਕੱਪੜੇ ਤੇ ਰੂਟੀਨ ਦਾ ਹੋਰ ਸਾਮਾਨ ਤੇ ਯੰਤਰ ਵੀ ਲਏ ਹਨ। ਉਨ੍ਹਾਂ ਦੀ ਸਿਫ਼ਾਰਸ਼ ਹੈ ਕਿ ਲੰਮੀ ਦੂਰੀ ਦੀਆਂ ਯਾਤਰਾਵਾਂ ਕਰਨ ਵਾਲੇ ਆਪਣੇ ਨਾਲ ਨਰਮ ਸੈਡਲ ਬੈਗ ਰੱਖਣ। ਉਹ ਆਪਣੇ ਦੋਵੇਂ ਬੈਗ ਮੋਟਰ ਸਾਇਕਲ ਦੇ ਦੋਵੇਂ ਪਾਸੇ ਟੰਗਦੇ ਹਨ ਤੇ ਉਨ੍ਹਾਂ ਉਤੇ ਖ਼ੁਸ਼ਕ ਬੈਗ ਵੱਖਰੇ ਚੜ੍ਹਾਏ ਜਾਂਦੇ ਹਨ। ਇੰਝ ਹੀ ਪਿੱਛੇ ਟੰਗਿਆ ਸਾਮਾਨ ਇੱਕ ਪੈਲਿਕਨ ਕੇਸ ਵਿੱਚ ਬੰਦ ਰਹਿੰਦਾ ਹੈ। ਇਹ ਅਜਿਹਾ ਕੇਸ ਹੈ, ਜੋ ਫ਼ੋਟੋਗ੍ਰਾਫ਼ਰ ਤੇ ਸੰਗੀਤਕਾਰ ਅਕਸਰ ਆਪਣੇ ਯੰਤਰ ਸੰਭਾਲਣ ਲਈ ਰਖਦੇ ਹਨ। ਉਨ੍ਹਾਂ ਆਪਣੇ ਡਫ਼ਲ ਸਟਾਈਲ ਡਰਾਈ ਬੈਗ ਵਿੱਚ ਕੈਂਪਿੰਗ ਗੀਅਰ ਵੀ ਰੱਖਿਆ ਹੋਇਆ ਹੈ ਅਤੇ ਬੰਗੀ ਰੱਸੀਆਂ ਨਾਲ ਉਨ੍ਹਾਂ ਨੂੰ ਪੈਲਿਕਨ ਕੇਸ ਉਤੇ ਬੰਨ੍ਹਿਆ ਹੋਇਆ ਹੈ। ਇਹ ਯਾਤਰਾ ਉਨ੍ਹਾਂ ਲਈ ਜੀਵਨ ਭਰ ਯਾਦ ਰਹਿਣ ਵਾਲਾ ਰੋਮਾਂਚ ਹੋਵੇਗਾ। ਇਸ ਜੋੜੀ ਦੀ ਸਲਾਹ ਹੈ ਕਿ ਹਰ ਕੋਈ ਆਪਣੇ ਨਾਲ ਸੁਰੱਖਿਆ ਗੀਅਰ ਵੀ ਨਾਲ ਲੈ ਕੇ ਚੱਲੇ ਤੇ ਇਸ ਗੱਲ ਨੂੰ ਐਂਵੇਂ ਨਾ ਸਮਝਿਆ ਜਾਵੇ। ਇਸੇ ਲਈ ਉਹ ਵਧੀਆ ਮਿਆਰੀ ਹੈਲਮੈਟ ਤੇ ਰਾਈਡਿੰਗ ਗੀਅਰ ਲੈ ਕੇ ਨਿੱਕਲੇ ਹਨ।

ਉਨ੍ਹਾਂ ਦੇ ਟੂਰ ਦਾ ਸਭ ਤੋਂ ਚੁਣੌਤੀਪੂਰਣ ਹਿੱਸਾ ਉਹੀ ਰਿਹਾ, ਜਦੋਂ ਉਹ ਇੱਕ ਮਹਾਂਦੀਪ ਤੋਂ ਦੂਜੇ ਮਹਾਂਦੀਪ ਤੱਕ ਆਪਣਾ ਮੋਟਰ ਸਾਇਕਲ ਲੈ ਕੇ ਜਾਂਦੇ ਹਨ। ਬਹੁਤ ਸਾਰੇ ਦੇਸ਼ ਅਜਿਹੇ ਯਾਤਰੀਆਂ ਤੋਂ 'ਕਾਰਨੈਟ ਡੀ ਪੈਸੇਜ' ਨਾਂਅ ਦਾ ਇੱਕ ਦਸਤਾਵੇਜ਼ ਮੰਗਦੇ ਹਨ, ਜਿਸ ਉਤੇ ਇਹ ਯਕੀਨੀ ਬਣਾਇਆ ਗਿਆ ਹੁੰਦਾ ਹੈ ਕਿ ਜਿਹੜਾ ਵਾਹਨ ਦੇਸ਼ ਤੋਂ ਬਾਹਰ ਲਿਜਾਇਆ ਜਾ ਰਿਹਾ ਹੈ, ਉਹ ਵਾਪਸ ਵੀ ਲਿਆਂਦਾ ਜਾਵੇਗਾ।

ਪਰ ਅਜਿਹੀਆਂ ਗੱਲਾਂ ਤਾਂ ਇੱਕ ਪਾਸੇ ਰਹੀਆਂ, ਆਖ਼ਰ ਉਨ੍ਹਾਂ ਆਪਣੇ ਇਸ ਵਿਸ਼ਵ-ਟੂਰ ਲਈ ਧਨ ਕਿਵੇਂ ਇਕੱਠਾ ਕੀਤਾ ਹੋਵੇਗਾ। ਮੋਨਿਕਾ ਦਸਦੇ ਹਨ,''ਅਸੀਂ ਇਸ ਯਾਤਰਾ ਉਤੇ ਸਾਰਾ ਖ਼ਰਚਾ ਆਪੇ ਹੀ ਕਰ ਰਹੇ ਹਾਂ। ਅਸੀਂ ਇਸ ਲਈ ਪੰਜ ਸਾਲਾਂ ਤੱਕ ਬੱਚਤ ਕੀਤੀ ਹੈ। ਅਸੀਂ ਇਸ ਲਈ ਕੋਈ ਕੁਰਬਾਨੀ ਨਹੀਂ ਕੀਤੀ। ਅਸੀਂ ਕੇਵਲ ਆਪਣੇ ਕੰਮ ਅਨੁਸਾਰ ਆਪਣੀਆਂ ਪਸੰਦਾਂ ਚੁਣੀਆਂ। ਹਰੇਕ ਦੂਜੇ ਦਿਨ ਕਿਸੇ ਵਧੀਆ ਰੈਸਟੋਰੈਂਟ 'ਚ ਖਾਣਾ ਖਾਣ ਲਈ ਜਾਣ ਦੀ ਆਪਣੀ ਆਦਤ ਤਿਆਗ ਕੇ ਉਸ ਦੀ ਥਾਂ ਉਹ ਰਕਮ ਬਚਾਓ, ਤਾਂ ਤੁਹਾਡੀ ਤੁਰਕੀ ਤੋਂ ਵਾਪਸੀ ਦੀ ਟਿਕਟ ਵੀ ਖ਼ਰੀਦੀ ਜਾਂਦੀ ਹੈ। ਅਜਿਹੇ ਕੇਵਲ ਛੇ ਤੋਂ ਅੱਠ ਖਾਣੇ ਛੱਡਣ ਦੀ ਲੋੜ ਹੈ। ਤੁਸੀਂ ਕੇਵਲ ਆਪਣੀ ਸੋਚਣੀ ਵਿੱਚ ਤਬਦੀਲੀ ਲੈ ਆਓ, ਸਭ ਕੁੱਝ ਠੀਕ ਹੋਣ ਲਗਦਾ ਹੈ।'' ਉਨ੍ਹਾਂ ਆਪਣੇ ਹੋਟਲ ਦੇ ਖ਼ਰਚੇ ਘਟਾਉਣ ਲਈ ਕਾਊਚ-ਸਰਫ਼ਿੰਗ (ਇੱਕ ਸੋਸ਼ਲ ਵੈਬਸਾਈਟ) ਰਾਹੀਂ ਲੋਕਾਂ ਨਾਲ ਸੰਪਰਕ ਕਾਇਮ ਕੀਤਾ।

ਮੋਨਿਕਾ ਦਸਦੇ ਹਨ,''ਮੇਰਾ ਅਨੁਭਵ ਤਾਂ ਇਹੋ ਹੈ ਕਿ ਸਾਨੂੰ ਕਦੇ ਕੋਈ ਮਾੜਾ ਵਿਅਕਤੀ ਨਹੀਂ ਮਿਲਿਆ। ਪਰ ਕੁੱਝ ਲੋਕਾਂ ਦੇ ਇਸ ਮਾਮਲੇ 'ਚ ਮਾੜੇ ਤਜਰਬੇ ਰਹੇ ਹਨ। ਤੁਹਾਨੂੰ ਕਿਸੇ ਸ਼ਹਿਰ ਵਿੱਚ ਜਾਣ ਤੋਂ ਪਹਿਲਾਂ ਉਥੋਂ ਦੇ ਕਿਸੇ ਵਿਅਕਤੀ ਨਾਲ ਸੰਪਰਕ ਕਾਇਮ ਕਰਨਾ ਹੁੰਦਾ ਹੈ। ਇਹ ਬਹੁਤ ਹੀ ਪਾਰਦਰਸ਼ੀ ਵੀ ਰਹਿੰਦਾ ਹੈ। ਲੋਕ ਖ਼ੁਸ਼ ਹੋ ਕੇ ਮੇਜ਼ਬਾਨੀ ਕਰਦੇ ਹਨ। ਕਾਊਚ-ਸਰਫ਼ਿੰਗ ਨੇ ਹਰੇਕ ਸ਼ਹਿਰ ਦੇ ਸਥਾਨਕ ਲੋਕਾਂ ਦੇ ਘਰਾਂ ਵਿੱਚ ਰਹਿਣ 'ਚ ਸਾਡੀ ਮਦਦ ਕੀਤੀ ਤੇ ਇਹ ਵੀ ਆਪਣੀ ਕਿਸਮ ਦਾ ਇੱਕ ਵਧੀਆ ਤਜਰਬਾ ਸੀ। ਇੰਝ ਸਾਡੇ ਖ਼ਰਚੇ ਵੀ ਘਟੇ ਪਰ ਅਸੀਂ ਕਿਸੇ ਘਰ 'ਚ ਕਦੇ ਮੁਫ਼ਤ ਵੀ ਨਹੀਂ ਸੌਂਏ।''

ਫ਼ਰੈਂਕਫ਼ਰਟ, ਜਰਮਨੀ:

ਸਾਡੇ ਪਹਿਲੇ ਮੇਜ਼ਬਾਨ ਫ਼ਰੈਂਕਫ਼ਰਟ ਦੇ ਜੋਨਾਸ ਪੀਟਰਸਨ। ਜੋਨਾਸ ਇੱਕ ਵਿਦਿਆਰਥੀ ਹਨ ਤੇ ਦੋ ਹੋਰ ਸਾਥੀਆਂ ਨਾਲ ਆਪਣੇ ਕਮਰੇ 'ਚ ਰਹਿੰਦੇ ਹਨ। ਸਾਨੂੰ ਹੋਰ ਵੀ ਬਹੁਤ ਸਾਰੇ ਅਜਿਹੇ ਮੇਜ਼ਬਾਨ ਮਿਲੇ, ਜਿਹੜੇ ਆਪਣੇ ਸਾਥੀਆਂ ਨਾਲ ਕਮਰੇ ਸਾਂਝੇ ਕਰਦੇ ਹਨ ਤੇ ਉਨ੍ਹਾਂ ਦੇ ਅਨੇਕਾਂ ਚੰਗੇ ਤੇ ਮਾੜੇ ਅਨੁਭਵ ਹਨ; ਜੋ ਉਨ੍ਹਾਂ ਨੇ ਸਾਨੂੰ ਦੱਸੇ। ਸਾਨੂੰ ਜਰਮਨ ਬੀਅਰ ਤੇ ਦੇਸੀ ਮਸਾਲਾ ਚਾਹ ਬਾਰੇ ਬਹੁਤ ਕੁੱਝ ਜਾਣਨ ਦਾ ਮੌਕਾ ਮਿਲ਼ਿਆ।

ਜ਼ਿਊਰਿਖ, ਸਵਿਟਜ਼ਰਲੈਂਡ:

ਐਵਰਟ ਸਮਿੱਟ ਨੂੰ ਕਾਊਚ-ਸਰਫ਼ਿੰਗ ਦਾ ਚੋਖਾ ਤਜਰਬਾ ਹੈ। ਉਹ ਇਸ ਵੈਬਸਾਈਟ ਰਾਹੀਂ 234 ਵਧੀਆ ਵਿਅਕਤੀਆਂ ਨੂੰ ਮਿਲ ਚੁੱਕੇ ਹਨ। ਉਨ੍ਹਾਂ ਕੋਲ ਜਾਣਕਾਰੀ ਦਾ ਭੰਡਾਰ ਮੌਜੂਦ ਹੈ ਤੇ ਬਹੁਤ ਖੁੱਲ੍ਹੇ ਸੁਭਾਅ ਦੇ ਮਾਲਕ ਹਨ ਤੇ ਬਹੁਤ ਵਧੀਆ ਮੇਜ਼ਬਾਨੀ ਕਰਦੇ ਹਨ।

ਮਿਲਾਨ, ਇਟਲੀ:

ਅਸੀਂ ਇੱਥੇ ਆਪਣੇ ਇੱਕ ਪੁਰਾਣੇ ਯਾਤਰਾ-ਦੌਰਾਨ ਦੇ ਮਿੱਤਰ ਮਾਸ਼ਾ ਟਕੇਰਕਸਕਾਈਆ ਕੋਲ ਰੁਕੇ। ਅਸੀਂ ਮਾਸ਼ਾ ਨੂੰ ਕੁੱਝ ਸਾਲ ਪਹਿਲਾਂ ਪੋਰਟ ਬਲੇਅਰ 'ਚ ਮਿਲੇ ਸਾਂ। ਤਦ ਤੋਂ ਅਸੀਂ ਨਿਰੰਤਰ ਇੱਕ-ਦੂਜੇ ਦੇ ਸੰਪਰਕ ਵਿੱਚ ਰਹੇ ਸਾਂ। ਜਦੋਂ ਅਸੀਂ ਬੀਬਾ ਮਾਸ਼ਾ ਨੂੰ ਦੱਸਿਆ ਕਿ ਅਸੀਂ ਮਿਲਾਨ ਆ ਰਹੇ ਹਾਂ, ਤਾਂ ਉਹ ਬਹੁਤ ਖ਼ੁਸ਼ ਹੋਈ। ਉਸ ਦੀ ਇੱਕ ਸਹੇਲੀ ਨੈ ਸਾਨੂੰ ਮਿਲਾਨ ਦੇ ਸ਼ੁੱਧ ਸੁਆਦੀ ਭੋਜਨ ਖਵਾਏ ਤੇ ਸ਼ਰਾਬ ਵੀ ਪਿਆਈ।

ਰੈਵੇਲੋ, ਇਟਲੀ:

ਅਸੀਂ ਇੱਥੇ ਸਾਡੇ ਵਰਗੇ ਵਿਆਹਾਂ ਦੀਆਂ ਤਸਵੀਰਾਂ ਖਿੱਚਣ ਵਾਲੇ ਜੀਆਨੀ ਡੀ ਨਤਾਲੇ ਕੋਲ ਰਹੇ। ਅਸੀਂ ਉਸ ਨੂੰ ਵੀ ਕੁੱਝ ਸਾਲ ਪਹਿਲਾਂ ਭਾਰਤ 'ਚ ਹੀ ਇੱਕ ਵਿਆਹ ਮੌਕੇ ਮਿਲੇ ਸਾਂ। ਜੀਆਨੀ ਦਾ ਪਰਿਵਾਰ ਬਹੁਤ ਹੀ ਖ਼ੂਬਸੂਰਤ ਹੈ ਤੇ ਉਨ੍ਹਾਂ ਦਾ ਘਰ ਇਟਲੀ ਦੇ ਸਭ ਤੋਂ ਸੋਹਣੇ ਹਿੱਸਿਆਂ ਵਿਚੋਂ ਇੱਕ ਵਿੱਚ ਸਥਿਤ ਹੈ।

ਨਿਊ ਯਾਰਕ, ਅਮਰੀਕਾ:

ਅਸੀਂ ਇੱਥੇ ਆਪਣੇ ਇੱਕ ਭਾਰਤੀ ਦੋਸਤ ਕੋਲ ਰਹੇ। ਅਸੀਂ ਇੱਥੇ ਇੱਕ ਗ਼ਲਤ ਮੋੜ ਗਏ ਅਤੇ ਆਵਾਜਾਈ ਦੇ ਬਹੁਤ ਭਾਰੀ ਜਾਮ ਵਿੱਚ ਫਸ ਗਏ। ਉਹ ਬਹੁਤ ਮਾੜਾ ਤਜਰਬਾ ਸੀ। ਸਾਨੂੰ ਹਜ਼ਾਰਾਂ ਲੋਕਾਂ ਦੀ ਭੀੜ ਵਿਚੋਂ ਦੀ ਨਿੱਕਲਣਾ ਪਿਆ, ਜੋ ਪਤਾ ਨਹੀਂ ਕਿੱਧਰ ਨੂੰ ਨੱਸੇ ਜਾ ਰਹੇ ਸਨ। ਅਸੀਂ ਤਾਂ ਆਪ ਇਹੋ ਜਿਹੇ ਭੀੜ-ਭੜੱਕਿਆਂ ਤੋਂ ਬਚ ਕੇ ਸ਼ਾਂਤੀ ਨਾਲ ਕੁੱਝ ਸਮਾਂ ਬਿਤਾਉਣ ਅਤੇ ਜੀਵਨ ਵਿੱਚ ਕੁੱਝ ਤਬਦੀਲੀ ਲਿਆਉਣ ਲਈ ਨਿੱਕਲ਼ੇ ਸਾਂ।

ਸੇਂਟ ਲੂਈ, ਮਿਸੂਰੀ-ਅਮਰੀਕਾ

ਅਸੀਂ ਇੱਥੇ ਆਪਣੇ ਭਾਰਤੀ ਦੋਸਤਾਂ ਜੱਸ ਹੁੰਦਲ ਅਤੇ ਪਵਨ ਮਨੋਚਾ ਕੋਲ਼ ਰੁਕੇ। ਇਹ ਦਰਅਸਲ, ਸ਼ੈਰਿਕ ਦੇ ਗਾਹਕ ਬਣਨ ਵਾਲੇ ਸਨ ਪਰ ਜਿਸ ਦਿਨ ਉਨ੍ਹਾਂ ਦਾ ਵਿਆਹ ਸੀ, ਉਸੇ ਦਿਨ ਸ਼ੈਰਿਕ ਨੂੰ ਕੋਈ ਅਜਿਹਾ ਕੰਮ ਆਣ ਪਿਆ ਕਿ ਉਹ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਨਾ ਖਿੱਚ ਸਕਿਆ। ਪਰ ਫਿਰ ਵੀ ਇਸ ਜੋੜੀ ਨੇ ਲਗਾਤਾਰ ਸੰਪਰਕ ਬਣਾ ਕੇ ਰੱਖਿਆ।

ਬੈਡਲੈਂਡਜ਼ ਨੈਸ਼ਨਲ ਪਾਰਕ, ਸਾਊਥ ਡਕੋਟਾ-ਅਮਰੀਕਾ

ਇੱਥੇ ਮੋਟਰ ਸਾਇਕਲ ਦੀ ਕਾਫ਼ੀ ਜ਼ਿਆਦਾ ਓਵਰ-ਹਾੱਲਿੰਗ ਕਰਵਾਉਣੀ ਪਈ। ਫਿਰ ਸ਼ੈਰਿਕ ਨੇ ਅਮਰੀਕਾ ਦੇ ਪੱਛਮ ਵੱਲ ਚਾਲੇ ਪਾਏ ਤੇ ਨੇਬਰਾਸਕਾ ਤੇ ਆਇਓਵਾ ਸੂਬਿਆਂ ਨੂੰ ਪਾਰ ਕੀਤੇ, ਜਿੱਥੇ ਮੱਕੀ ਦੇ ਸੁਨਹਿਰੀ ਖੇਤ ਬਹੁਤ ਸੋਹਣੇ ਲੱਗ ਰਹੇ ਸਨ। ਡੁੱਬਦੇ ਸੂਰਜ ਦੀ ਰੌਸ਼ਨੀ ਵਿੱਚ ਇਹ ਖੇਤ ਬਹੁਤ ਚਮਕੀਲੇ ਵਿਖਾਈ ਦੇ ਰਹੇ ਸਨ। ਸਾਨੂੰ ਪਤਾ ਨਹੀਂ ਸੀ ਕਿ ਅਸੀਂ ਰਾਤ ਕਿੱਥੇ ਬਿਤਾਉਣੀ ਹੈ। ਫਿਰ ਲੰਮੀ ਯਾਤਰਾ ਤੋਂ ਬਾਅਦ ਜਿੱਥੇ ਅਸੀਂ ਪਹਿਲੀ ਵਾਰ ਰੁਕੇ, ਉਥੇ ਸਾਨੂੰ ਇੱਕ ਵਿਅਕਤੀ ਮਿਲਿਆ। ਸ਼ੈਰਿਕ ਨੇ ਉਸ ਨਾਲ ਮੋਟਰ-ਸਾਇਕਲਾਂ ਤੇ ਲੰਮੀਆਂ ਯਾਤਰਾਵਾਂ ਦੀਆਂ ਗੱਲਾਂ ਛੇੜ ਲਈਆਂ। ਫਿਰ ਉਸ ਤੋਂ ਬਾਅਦ ਅਜਨਬੀ ਨੇ ਸਾਡੇ ਨਾਲ ਨਾਸ਼ਤਾ ਵੀ ਕੀਤਾ ਅਤੇ ਉਸ ਨੇ ਸਾਨੂੰ ਹੋਟਲ ਦਾ ਬਿਲ ਵੀ ਅਦਾ ਨਾ ਕਰਨ ਦਿੱਤਾ। ਉਸ ਰਾਤ ਪਹਿਲੀ ਵਾਰ ਸ਼ੈਰਿਕ ਨੇ ਅਮਰੀਕੀ ਪ੍ਰਾਹੁਣਚਾਰੀ ਦੀਆਂ ਅਨੇਕਾਂ ਕਹਾਣੀਆਂ ਵਿੱਚ ਵਿਸ਼ਵਾਸ ਕੀਤਾ ਤੇ ਵੇਖਿਆ ਕਿ ਅਮਰੀਕੀ ਸੱਚਮੁਚ ਕਿੰਨੀ ਸੋਹਣੀ ਤਰ੍ਹਾਂ ਸੁਆਗਤ ਕਰਦੇ ਹਨ। ਉਸ ਸ਼ਾਮ ਨੂੰ, ਸ਼ੈਰਿਕ ਨੇ ਐਵੇਂ ਹੀ ਸੜਕ 'ਤੇ ਆਪਣੇ ਘਰ ਪਰਤ ਰਹੇ ਇੱਕ ਜੋੜੇ ਤੋਂ ਪੁੱਛ ਲਿਆ ਕਿ ਕੀ ਉਹ ਉਨ੍ਹਾਂ ਦੇ ਵਿਹੜੇ 'ਚ ਬਾਹਰ ਕੁੱਝ ਦੇਰ ਟਿਕ ਕੇ ਆਰਾਮ ਕਰ ਸਕਦੇ ਹਨ। ਉਹ ਖ਼ੁਸ਼ੀ-ਖ਼ੁਸ਼ੀ ਮੰਨ ਗਏ। ਅਗਲੇ ਦਿਨ, ਅਸੀਂ ਦੇਰ ਰਾਤ ਤੱਕ ਬੈਡ ਲੈਂਡਜ਼ ਪੁੱਜ ਸਕੇ। ਅਸੀਂ ਮੁੱਖ ਸੜਕਾਂ ਭਾਵ ਵੱਡੇ ਹਾਈਵੇਅਜ਼ ਦੀ ਭੀੜ ਤੋਂ ਬਚਦੇ ਹੋਏ ਪਿੰਡਾਂ ਤੇ ਛੋਟੇ ਕਸਬਿਆਂ ਵਿਚੋਂ ਦੀ ਯਾਤਰਾ ਕਰਨੀ ਬਿਹਤਰ ਸਮਝੀ ਅਤੇ ਇੰਝ ਅਸੀਂ ਅਮਰੀਕਾ ਦੇ ਪੱਛਮੀ ਹਿੱਸੇ ਤੱਕ ਪੁੱਜੇ। ਅਸੀਂ ਕਿਉਂਕਿ ਬੈਡ ਲੈਂਡਜ਼ ਬਹੁਤ ਦੇਰੀ ਨਾਲ ਪੁੱਜੇ ਸਾਂ, ਇਸੇ ਲਈ ਸਾਨੂੰ ਉਥੇ ਮੁੱਖ ਮੈਦਾਨ ਵਿੱਚ ਕੈਂਪ ਲਾਉਣ ਲਈ ਕੋਈ ਜਗ੍ਹਾ ਨਾ ਮਿਲ਼ ਸਕੀ। ਉਸ ਵੇਲੇ ਉਥੇ ਬਹੁਤ ਜ਼ਿਆਦਾ ਭੀੜ ਪਹਿਲਾਂ ਤੋਂ ਹੀ ਜਮ੍ਹਾ ਹੋ ਚੁੱਕੀ ਸੀ। ਇਸ ਲਈ ਅਸੀਂ ਅਮਰੀਕਾ ਦੇ ਇਸ ਰਾਸ਼ਟਰੀ ਪਾਰਕ ਦੀ ਪਾਰਕਿੰਗ ਵਿੱਚ ਹੀ ਤਾਰਿਆਂ ਦੀ ਛਾਂ ਹੇਠ ਰਾਤ ਬਿਤਾਉਣ ਦਾ ਫ਼ੈਸਲਾ ਕੀਤਾ। ਅਸੀਂ ਉਥੇ ਚਟਾਈ ਵਿਛਾ ਕੇ ਸੌਂ ਗਏ।

ਮੋਨਿਕਾ ਤੇ ਸ਼ੈਰਿਕ ਨੇ ਇਹ ਸਾਰੀਆਂ ਗੱਲਾਂ ਕਾਊਚ-ਸਰਫ਼ਿੰਗ ਉਤੇ ਸਾਂਝੀਆਂ ਕੀਤੀਆਂ ਹਨ।

ਹੁਣ ਤੱਕ ਇਹ ਜੋੜੀ ਸੜਕ ਰਸਤੇ 33 ਹਜ਼ਾਰ ਕਿਲੋਮੀਟਰ ਦੀ ਯਾਤਰਾ ਕਰ ਚੁੱਕੀ ਹੈ। ਉਹ ਕਿਉਂਕਿ ਮੌਸਮ ਦੇ ਹਿਸਾਬ ਨਾਲ਼ ਚੱਲ ਰਹੇ ਹਨ, ਇਸੇ ਲਈ ਉਨ੍ਹਾਂ ਦੀ ਯੋਜਨਾ ਅਗਲੇ ਚਾਰ ਤੋਂ ਪੰਜ ਸਾਲਾਂ ਤੱਕ ਇੰਝ ਹੀ ਯਾਤਰਾ ਕਰਨ ਦੀ ਹੈ। ਉਹ ਹਰ ਸਾਲ ਵੱਧ ਤੋਂ ਵੱਧ ਦੇਸ਼ ਕਵਰ ਕਰਨਾ ਚਾਹੁੰਦੇ ਹਨ। ਪਰ ਕੀ ਇੰਝ ਕਰਦੇ ਹੋਏ ਬਹੁਤ ਜ਼ਿਆਦਾ ਕਾਰਬਨ ਗੈਸਾਂ ਛੱਡਣ ਵਿੱਚ ਆਪਣਾ ਯੋਗਦਾਨ ਪਾਉਂਦੇ ਰਹੇ ਹਨ ਕਿਉਂਕਿ ਉਹ ਹਰ ਸਾਲ ਅਨੇਕਾਂ ਉਡਾਣਾਂ ਵਿੱਚ ਬੈਠੇ ਹਨ? ਮੋਨਿਕਾ ਦਸਦੇ ਹਨ,''ਸਾਡਾ ਮੋਟਰ-ਸਾਇਕਲ ਪ੍ਰਦੂਸ਼ਣ ਤੋਂ ਪੂਰੀ ਤਰ੍ਹਾਂ ਮੁਕਤ ਹੈ। ਅਸੀਂ ਇਸ ਨੂੰ ਸਹੀ ਰਫ਼ਤਾਰ ਉਤੇ ਚਲਾਉਂਦੇ ਹਾਂ, ਤਾਂ ਜੋ ਪੈਟਰੋਲ ਦੀ ਖਪਤ ਘੱਟ ਤੋਂ ਘੱਟ ਹੋਵੇ। ਇੰਝ ਵਾਹਨ ਵੀ ਠੀਕ ਰਹਿੰਦਾ ਹੈ ਤੇ ਖ਼ਰਚਾ ਵੀ ਘਟਦਾ ਹੈ। ਘੱਟ ਈਂਧਨ ਖਪਤ ਸਦਕਾ ਫਿਰ ਪ੍ਰਦੂਸ਼ਣ ਵੀ ਘੱਟ ਫੈਲਦਾ ਹੈ। ਅਸੀਂ ਵਰਤ ਕੇ ਸੁੱਟਣ ਵਾਲੀਆਂ ਵਸਤਾਂ ਜਿਵੇਂ ਕਿ ਪਲੇਟਾਂ, ਪਿਆਲੇ, ਕਟਲਰੀ ਤੇ ਪਾਣੀ ਦੀਆਂ ਬੋਤਲਾਂ ਦੀ ਵਰਤੋਂ ਬਹੁਤ ਨਾਮਾਤਰ ਕਰਦੇ ਹਾਂ। ਸਗੋਂ ਅਸੀਂ ਪਾਣੀ ਦੀਆਂ ਬੋਤਲਾਂ ਦੋਬਾਰਾ ਭਰ ਲੈਂਦੇ ਹਾਂ ਤੇ ਮੁੜ ਵਰਤੇ ਜਾਣ ਵਾਲੇ ਪੈਕਸ ਵਿੱਚ ਆਪਣਾ ਭੋਜਨ ਖ਼ਰੀਦ ਕੇ ਪਾ ਲੈਂਦੇ ਹਾਂ। ਅਸੀਂ ਦੋਬਾਰਾ ਚਾਰਜ ਕਰਨ ਯੋਗ ਬੈਟਰੀਆਂ ਵਰਤਦੇ ਹਾਂ। ਅਸੀਂ ਆਪਣੇ ਨਾਲ ਘੱਟ ਤੋਂ ਘੱਟ ਉਪਕਰਣ ਲੈ ਕੇ ਚਲਦੇ ਹਾਂ। ਅਸੀਂ ਜੰਗਲਾਂ ਤੇ ਹੋਰ ਜ਼ਮੀਨਾਂ ਦੀ ਕਦਰ ਕਰਦੇ ਹਾਂ, ਜਿੱਥੇ ਵੀ ਅਸੀਂ ਆਪਣਾ ਕੈਂਪ ਲਾਉਂਦੇ ਹਾਂ ਅਤੇ ਉਥੋਂ ਜਾਂਦੇ ਸਮੇਂ ਆਪਣਾ ਕੋਈ ਨਿਸ਼ਾਨ ਜਾਂ ਕੋਈ ਕੂੜਾ-ਕਰਕਟ ਵੀ ਨਹੀਂ ਛਡਦੇ।''

ਇੰਨਾ ਸਮਾਂ ਇੱਕ-ਦੂਜੇ ਨਾਲ ਬਿਤਾਉਣ ਤੋਂ ਬਾਅਦ ਇਨ੍ਹਾਂ ਦੋਵਾਂ ਵਿਚਾਲੇ ਕਿਹੋ ਜਿਹੇ ਸਬੰਧ ਹਨ? ਕੀ ਇਹ ਸਬੰਧ ਹਰ ਪ੍ਰਕਾਰ ਦੀਆਂ ਸਥਿਤੀਆਂ ਵਿੱਚ ਕਦੇ ਕੁੱਝ ਤਣਾਅਪੂਰਨ ਵੀ ਰਹੇ ਹਨ? ਕਿਉਂਕਿ ਬਹੁਤੀਆਂ ਜੋੜੀਆਂ ਸੱਚਮੁਚ ਕਦੇ ਵੀ ਇੱਕ ਦਿਨ-ਰਾਤ ਦੇ 24 ਘੰਟੇ ਅਤੇ ਹਫ਼ਤੇ ਦੇ ਸੱਤੇ ਦਿਨ ਇੱਕ-ਦੂਜੇ ਦੇ ਨਾਲ਼ ਨਹੀਂ ਬਿਤਾਉਂਦੇ। ਸ਼ੈਰਿਕ ਦਾ ਕਹਿਣਾ ਹੈ,''ਅਸੀਂ ਸਵੇਰੇ ਇੱਕ-ਦੂਜੇ ਨੂੰ ਨੀਂਦਰ ਤੋਂ ਜਗਾਉਂਦੇ ਹਾਂ। ਅਸੀਂ ਭਾਵੇਂ ਉਸ ਰਾਤ ਕਿਸੇ ਨਿੱਕੇ ਤੰਬੂ ਵਿੱਚ ਸੁੱਤੇ ਹੋਈਏ ਜਾਂ ਫ਼ਰਸ਼ 'ਤੇ ਜਾਂ ਕਾਊਚ ਜਾਂ ਕਿਸੇ ਵਧੀਆ ਬੈੱਡ ਉਤੇ - ਅਸੀਂ ਸਵੇਰੇ ਇੱਕ ਦੂਜੇ ਨੂੰ ਮੁਸਕਰਾਹਟ ਨਾਲ ਹੀ ਉਠਾਉਂਦੇ ਹਾਂ। ਅਸੀਂ ਸਵੇਰੇ-ਸਵੇਰੇ ਇੱਕ-ਦੂਜੇ ਨੂੰ ਸ਼ੁਭਕਾਮਨਾਵਾਂ ਵੀ ਦਿੰਦੇ ਹਾਂ; ਜੋ ਸੱਚਮੁਚ ਅਸਰ ਕਰਦੀਆਂ ਹਨ। ਅਸੀਂ ਭਾਵੇਂ ਪਿਛਲੀ ਰਾਤ ਕਿਸੇ ਮੂਰਖਤਾਪੂਰਨ ਗੱਲ ਉਤੇ ਗਰਮਾ-ਗਰਮ ਬਹਿਸ ਕਰ ਕੇ ਸੁੱਤੇ ਹੋਈਏ।'' ਮੋਨਿਕਾ ਨੂੰ ਆਪਣੀ ਯਾਤਰਾ ਦਾ ਸਭ ਤੋਂ ਔਖਾ ਹਿੱਸਾ ਉਹ ਜਾਪਦਾ ਹੈ, ਜਦੋਂ ਪਿੱਛੇ ਬੈਠਿਆਂ ਤੇਜ਼ ਹਵਾ ਤੇ ਮੋਟਰ ਸਾਇਕਲ ਦੀ ਤੇਜ਼ ਆਵਾਜ਼ ਕਾਰਣ ਸ਼ੈਰਿਕ ਨੂੰ ਉਨ੍ਹਾਂ ਦੀ ਕੋਈ ਗੱਲ ਛੇਤੀ ਕਿਤੇ ਨਹੀਂ ਸੁਣਦੀ ਅਤੇ ਇਸੇ ਲਈ ਉਨ੍ਹਾਂ ਨੂੰ ਬਹੁਤ ਉੱਚੀ-ਉੱਚੀ ਬੋਲਣਾ ਪੈਂਦਾ ਹੈ।

ਮੋਨਿਕਾ ਚੇਤੇ ਕਰ ਕੇ ਆਪਣਾ ਇੱਕ ਮਾੜਾ ਤਜਰਬਾ ਦਸਦੇ ਹਨ। ਨਾਰਵੇ 'ਚ ਉਹ ਇੱਕ ਕਿਸ਼ਤੀ ਦੇ ਦਫ਼ਤਰ ਦੇ ਉਡੀਕ ਕਰਨ ਵਾਲ਼ੇ ਕਮਰੇ 'ਚ ਸੌਂ ਗਏ। ਉਥੇ ਅਸੀਂ ਬਹੁਤ ਔਖੀ ਰਾਤ ਗੁਜ਼ਾਰੀ ਕਿਉਂਕਿ ਉਥੇ ਉਨ੍ਹਾਂ ਨੂੰ ਉਹ ਕੁੱਝ ਵੇਖਣਾ ਪਿਆ, ਜਿਸ ਨਾਲ ਇੱਕ ਵਾਰ ਤਾਂ ਉਨ੍ਹਾਂ ਦੇ ਸਾਹ ਹੀ ਰੁਕ ਗਏ ਸਨ।

ਹਾਲ਼ੇ ਇਸ ਫ਼ੋਟੋਗ੍ਰਾਫ਼ਰ ਜੋੜੀ ਨੇ ਕਈ ਦੇਸ਼ਾਂ ਦੀ ਯਾਤਰਾ ਇਕੱਠਿਆਂ ਕਰਨੀ ਹੈ। ਉਹ ਆਪਣੇ ਇਸ ਵਿਸ਼ਵ-ਟੂਰ ਦੇ ਤਜਰਬਿਆਂ ਦੇ ਆਧਾਰ ਉਤੇ ਕੁੱਝ ਨੁਕਤੇ ਦਸਦੇ ਹਨ ਕਿ ਆਪਣੇ ਨਿੱਤ ਦਿਨ ਦਾ ਕੰਮ ਜਾਰੀ ਰੱਖੋ, ਆਪਣਾ ਕੰਮ ਕਦੇ ਨਾ ਤਿਆਗੋ ਤੇ ਸਖ਼ਤ ਮਿਹਨਤ ਕਰੋ ਤੇ ਹਰ ਕੰਮ ਪੂਰੀ ਯੋਜਨਾਬੰਦੀ ਨਾਲ ਕਰੋ। ਜੀਵਨ ਦੇ ਸਾਹਸਿਕ ਕਾਰਨਾਮੇ ਸਦਾ ਸਖ਼ਤ ਮਿਹਨਤ ਨਾਲ ਹੀ ਕੀਤੇ ਜਾਂਦੇ ਹਨ।

ਲੇਖਕ: ਬਹਾਰ ਦੱਤ

ਅਨੁਵਾਦ: ਮਹਿਤਾਬ-ਉਦ-ਦੀਨ