ਖ਼ੁਦ ਔਖੇ ਹੋ ਕੇ ਵੀ ਗ਼ਰੀਬਾਂ ਨੂੰ ਵੰਡ ਰਹੇ ਹਨ ਲੱਖਾਂ ਰੁਪਏ ਦੀਆਂ ਮੁਫ਼ਤ ਦਵਾਈਆਂ 79 ਸਾਲਾਂ ਦੇ 'ਮੈਡੀਸਨ ਬਾਬਾ'

ਖ਼ੁਦ ਔਖੇ ਹੋ ਕੇ ਵੀ ਗ਼ਰੀਬਾਂ ਨੂੰ ਵੰਡ ਰਹੇ ਹਨ ਲੱਖਾਂ ਰੁਪਏ ਦੀਆਂ ਮੁਫ਼ਤ ਦਵਾਈਆਂ 79 ਸਾਲਾਂ ਦੇ 'ਮੈਡੀਸਨ ਬਾਬਾ'

Thursday December 10, 2015,

4 min Read

ਦਿੱਲੀ ਦੀਆਂ ਗਲ਼ੀਆਂ 'ਚ ਜਾ ਕੇ ਮੰਗਦੇ ਹਨ ਗ਼ਰੀਬਾਂ ਲਈ ਦਵਾਈਆਂ...

ਦਿੱਲੀ ਦੇ ਕਈ ਵੱਡੇ ਹਸਪਤਾਲਾਂ 'ਚ ਕਰਦੇ ਹਨ ਦਵਾਈਆਂ ਦਾਨ...

ਖ਼ੁਦ ਗ਼ਰੀਬ ਹੋ ਕੇ ਵੀ ਕਰ ਰਹੇ ਹਨ ਗ਼ਰੀਬਾਂ ਦੀ ਮਦਦ...

ਅਸਲ ਨਾਮ ਓਂਕਾਰਨਾਥ ਸ਼ਰਮਾ ਪਰ ਲੋਕ ਉਨ੍ਹਾਂ ਨੂੰ ਕਹਿੰਦੇ ਹਨ 'ਮੈਡੀਸਨ ਬਾਬਾ'...

ਹਰ ਮਹੀਨੇ ਲੱਖਾਂ ਰੁਪਏ ਦੀਆਂ ਦਵਾਈਆਂ ਇਕੱਠੀਆਂ ਕਰ ਕੇ ਗ਼ਰੀਬਾਂ ਤੱਕ ਪਹੁੰਚਾਉਂਦੇ ਹਨ...

ਅਕਸਰ 'ਬਾਬਾ' ਸ਼ਬਦ ਸੁਣ ਕੇ ਹਰੇਕ ਦੇ ਮਨ ਵਿੱਚ ਕਿਸੇ ਬਜ਼ੁਰਗ ਦੀ ਤਸਵੀਰ ਸਾਹਮਣੇ ਆ ਜਾਂਦੀ ਹੈ ਜੋ ਆਪਣੇ ਧਰਮ ਦਾ ਪ੍ਰਚਾਰ ਕਰਦਾ ਹੈ ਪਰ ਦਿੱਲੀ ਵਿੱਚ ਇੱਕ ਅਜਿਹੇ ਬਾਬਾ ਵੀ ਰਹਿੰਦੇ ਹਨ ਜੋ ਧਰਮ ਅਤੇ ਜਾਤ-ਪਾਤ ਤੋਂ ਉਤਾਂਹ ਉਠ ਕੇ ਸਮੁੱਚੀ ਮਨੁੱਖਤਾ ਬਾਰੇ ਸੋਚਦੇ ਹਨ ਅਤੇ ਜਿਨ੍ਹਾਂ ਨੇ ਗ਼ਰੀਬ ਲੋਕਾਂ ਦੀ ਮਦਦ ਕਰਨਾ ਹੀ ਆਪਣੀ ਜ਼ਿੰਦਗੀ ਦਾ ਟੀਚਾ ਬਣਾਇਆ ਹੈ। ਜੋ ਲੋਕਾਂ ਨੂੰ ਕੇਵਲ ਗਿਆਨ ਹੀ ਨਹੀਂ ਦਿੰਦੇ, ਸਗੋਂ ਉਹ ਖ਼ੁਦ ਗ਼ਰੀਬ ਲੋਕਾਂ ਦੀ ਜ਼ਿੰਦਗੀ ਬਦਲਣ ਲਈ ਕੰਮ ਕਰ ਰਹੇ ਹਨ। ਉਹ ਅੰਗਹੀਣ ਹਨ ਤੇ 79 ਸਾਲਾਂ ਦੇ ਹਨ ਪਰ ਫਿਰ ਵੀ ਆਪਣੇ ਜਨੂੰਨ ਨਾਲ ਕਿਸੇ ਵੀ ਨੌਜਵਾਨ ਨੂੰ ਪਿੱਛੇ ਛੱਡਣ ਦਾ ਦਮ ਰਖਦੇ ਹਨ।

ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ 'ਮੈਡੀਸਨ ਬਾਬਾ' ਦੀ ਜੋ ਕਾਫ਼ੀ ਬਜ਼ੁਰਗ ਹਨ ਤੇ ਪਿਛਲੇ ਕਈ ਵਰ੍ਹਿਆਂ ਤੋਂ ਦਿੱਲੀ, ਨੌਇਡਾ, ਗ਼ਾਜ਼ੀਆਬਾਦ, ਗੁੜਗਾਓਂ ਦੀਆਂ ਗਲ਼ੀਆਂ 'ਚ ਘੁੰਮ-ਘੁੰਮ ਕੇ ਲੋਕਾਂ ਨੂੰ ਪੁਰਾਣੀਆਂ ਦਵਾਈਆਂ ਦਾਨ ਕਰਨ ਦੀ ਅਪੀਲ ਕਰਦੇ ਹਨ। ਮੈਡੀਸਨ ਬਾਬਾ ਦਾ ਅਸਲ ਨਾਂਅ ਓਮਕਾਰਨਾਕ ਹੈ ਪਰ ਉਨ੍ਹਾਂ ਦੇ ਬਿਹਤਰੀਨ ਕੰਮ ਨੂੰ ਵੇਖਦਿਆਂ ਲੋਕ ਉਨ੍ਹਾਂ ਨੂੰ 'ਮੈਡੀਸਨ ਬਾਬਾ' ਦੇ ਨਾਂਅ ਨਾਲ ਸੱਦਣ ਲੱਗ ਪਏ ਹਨ। ਓਂਕਾਰਨਾਥ ਜੀ ਨੌਇਡਾ ਦੇ ਕੈਲਾਸ਼ ਹਸਪਤਾਲ ਵਿੱਚ ਤਕਨੀਸ਼ੀਅਨ ਵਜੋਂ ਕੰਮ ਕਰਦੇ ਰਹੇ ਹਨ।

ਮੈਡੀਸਨ ਬਾਬਾ ਦਸਦੇ ਹਨ ਕਿ ''ਦਿੱਲੀ ਦੇ ਲਕਸ਼ਮੀ ਨਗਰ ਇਲਾਕੇ ਵਿੱਚ ਮੈਟਰੋ ਦੀ ਉਸਾਰੀ ਵੇਲੇ ਇੱਕ ਹਾਦਸਾ ਵਾਪਰਿਆ ਸੀ, ਜਿਸ ਵਿੱਚ ਕਈ ਗ਼ਰੀਬ ਮਜ਼ਦੂਰਾਂ ਦੀ ਜਾਨ ਚਲੀ ਗਈ ਸੀ ਤੇ ਕਈ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ। ਉਸ ਘਟਨਾ ਨੇ ਮੈਨੂੰ ਬੇਚੈਨ ਕਰ ਦਿੱਤਾ, ਸੌਣ ਨਾ ਦਿੱਤਾ। ਫਿਰ ਮੈਂ ਸੋਚਿਆ ਕਿ ਕਿਉਂ ਨਾ ਗ਼ਰੀਬਾਂ ਲਈ ਕੁੱਝ ਕੀਤਾ ਜਾਵੇ। ਮੈਂ ਵੇਖਿਆ ਕਿ ਗ਼ਰੀਬ ਲੋਕਾਂ ਕੋਲ ਦਵਾਈ ਖ਼ਰੀਦਣ ਜੋਗੇ ਵੀ ਪੈਸੇ ਨਹੀਂ ਹੁੰਦੇ ਅਤੇ ਡਾਕਟਰ ਉਨ੍ਹਾਂ ਨੂੰ ਆਖ ਦਿੰਦੇ ਸਨ ਕਿ ਹਾਲੇ ਉਨ੍ਹਾਂ ਕੋਲ ਵੀ ਦਵਾਈ ਨਹੀਂ ਹੈ, ਜਿਸ ਕਰ ਕੇ ਉਨ੍ਹਾਂ ਦਾ ਇਲਾਜ ਨਹੀਂ ਹੋ ਸਕੇਗਾ। ਉਹ ਬਾਜ਼ਾਰ ਤੋਂ ਪਹਿਲਾਂ ਦਵਾਈਆਂ ਲਿਆਉਣ, ਫਿਰ ਹੀ ਉਨ੍ਹਾਂ ਦਾ ਇਲਾਜ ਸੰਭਵ ਹੈ। ਪਰ ਇਨ੍ਹਾਂ ਲੋਕਾਂ ਲਈ ਇਹ ਦਵਾਈਆਂ ਲਿਆਉਣਾ ਬਹੁਤ ਔਖਾ ਕੰਮ ਸੀ ਕਿਉਂਕਿ ਉਹ ਕਾਫ਼ੀ ਮਹਿੰਗੀਆਂ ਸਨ।'' ਇਸੇ ਔਕੜ ਕਾਰਣ ਉਨ੍ਹਾਂ ਨੂੰ ਕਾਫ਼ੀ ਪਰੇਸ਼ਾਨੀ ਹੁੰਦੀ ਹੈ ਅਤੇ ਦਵਾਈਆਂ ਦੀ ਕਮੀ ਕਾਰਣ ਕਈ ਹੋਰ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ।

image


ਓਂਕਾਰਨਾਥ ਜੀ ਨੇ ਭਗਵੇ ਰੰਗ ਦਾ ਇੱਕ ਕੁੜਤਾ ਬਣਾਇਆ ਅਤੇ ਆਪਣਾ ਫ਼ੋਨ ਨੰਬਰ, ਈ-ਮੇਲ ਸਭ ਉਸ ਵਿੱਚ ਵੱਡੇ-ਵੱਡੇ ਅੱਖਰਾਂ ਵਿੱਚ ਲਿਖਿਆ ਅਤੇ ਨਿੱਕਲ ਗਏ ਦਿੱਲੀ ਦੀਆਂ ਸੜਕਾਂ ਉਤੇ ਗ਼ਰੀਬ ਲੋਕਾਂ ਲਈ ਦਵਾਈਆਂ ਲੈਣ ਅਤੇ ਤਦ ਤੋਂ ਲੈ ਕੇ ਇਹ ਸਿਲਸਿਲਾ ਅੱਜ ਤੱਕ ਜਾਰੀ ਹੈ। ਉਹ ਲੋਕਾਂ ਦੇ ਘਰੋਂ-ਘਰੀਂ ਜਾਕੇ ਉਨ੍ਹਾਂ ਨੰ ਦਵਾਈਆਂ ਦਾਨ ਕਰਨ ਦੀ ਅਪੀਲ ਕਰਦੇ ਹਨ, ਜੋ ਹੁਣ ਉਨ੍ਹਾਂ ਦੇ ਕੰਮ ਦੀਆਂ ਨਹੀਂ ਹੁੰਦੀਆਂ। ਉਸ ਤੋਂ ਬਾਅਦ ਮੈਡੀਸਨ ਬਾਬਾ ਉਹ ਦਵਾਈਆਂ ਹਸਪਤਾਲਾਂ 'ਚ ਜਾ ਕੇ ਡਾਕਟਰਾਂ ਨੂੰ ਦੇ ਦਿੰਦੇ ਹਨ, ਤਾਂ ਜੋ ਉਹ ਦਵਾਈਆਂ ਗ਼ਰੀਬ ਲੋਕਾਂ ਤੱਕ ਮੁਫ਼ਤ ਪੁੱਜ ਜਾਣ ਅਤੇ ਉਨ੍ਹਾਂ ਦੀਆਂ ਦਵਾਈਆਂ ਨਾਲ ਕੋਈ ਗ਼ਰੀਬ ਠੀਕ ਹੋ ਸਕੇ।

image


ਮੈਡੀਸਨ ਬਾਬਾ ਹਰ ਮਹੀਨੇ ਲੱਖਾਂ ਰੁਪਏ ਦੀਆਂ ਦਵਾਈਆਂ ਦਾਨ ਕਰਦੇ ਹਨ। ਉਹ ਦਿੱਲੀ ਦੇ ਏਮਜ਼, ਰਾਮ ਮਨੋਹਰ ਲੋਹੀਆ ਹਸਪਤਾਲ, ਲੇਡੀ ਹਾਰਡਿੰਗ ਮੈਡੀਕਲ ਕਾਲਜ ਅਤੇ ਦੀਨ ਦਿਆਲ ਉਪਾਧਿਆਏ ਹਸਪਤਾਲ ਵਿੱਚ ਦਵਾਈਆਂ ਦਿੰਦੇ ਹਨ।

ਅੱਜ ਦੇਸ਼ ਹੀ ਨਹੀਂ ਵਿਦੇਸ਼ਾਂ ਤੋਂ ਵੀ ਲੋਕ ਮੈਡੀਸਨ ਬਾਬਾ ਨੂੰ ਦਵਾਈਆਂ ਭੇਜ ਰਹੇ ਹਨ, ਤਾਂ ਜੋ ਉਹ ਉਨ੍ਹਾਂ ਦਵਾਈਆਂ ਨੂੰ ਲੋੜਵੰਦ ਲੋਕਾਂ ਤੱਕ ਪਹੁੰਚਾਉਣ। ਇਸ ਤੋਂ ਇਲਾਵਾ ਲੋਕ ਵ੍ਹੀਲਚੇਅਰ, ਆਕਸੀਜਨ ਦੇ ਸਿਲੰਡਰ, ਬੈੱਡ, ਸਿਰਿੰਜਸ ਆਦਿ ਵੀ ਦੇਣ ਲੱਗ ਪਏ ਹਨ। ਉਤਰਾਖੰਡ 'ਚ ਆਈ ਆਫ਼ਤ ਸਮੇਂ ਵੀ ਮੈਡੀਸਨ ਬਾਬਾ ਨੇ ਵਧ-ਚੜ੍ਹ ਕੇ ਆਪਣਾ ਯੋਗਦਾਨ ਪਾਇਆ ਸੀ ਅਤੇ ਲੱਖਾਂ ਰੁਪਏ ਦੀਆਂ ਦਵਾਈਆਂ ਉਥੇ ਪਹੁੰਚਾਈਆਂ ਸਨ।

ਮੈਡੀਸਨ ਬਾਬਾ ਦਸਦੇ ਹਨ ਕਿ ਉਨ੍ਹਾਂ ਨੂੰ ਦਵਾਈਆਂ ਦੀ ਸਾਂਭ-ਸੰਭਾਲ਼ ਵਿੱਚ ਬਹੁਤ ਔਕੜ ਪੇਸ਼ ਆਉਂਦੀ ਹੈ। ਉਹ ਕਿਰਾਏ ਦੇ ਇੱਕ ਨਿੱਕੇ ਜਿਹੇ ਮਕਾਨ 'ਚ ਰਹਿੰਦੇ ਹਨ ਅਤੇ ਉਥੇ ਹੀ ਉਨ੍ਹਾਂ ਦਾ ਦਫ਼ਤਰ ਵੀ ਹੈ। ਉਹ ਕਹਿੰਦੇ ਹਨ ਕਿ ਉਨ੍ਹਾਂ ਕੋਲ ਜੋ ਕੁੱਝ ਵੀ ਹੈ, ਉਹ ਸਭ ਕੁੱਝ ਆਪਣੇ ਕੰਮ ਵਿੱਚ ਹੀ ਲਾ ਦਿੰਦੇ ਹਨ ਪਰ ਇਸ ਕੰਮ ਵਿੱਚ ਜੇ ਸਰਕਾਰ ਵੱਲੋਂ ਉਨ੍ਹਾਂ ਨੂੰ ਥੋੜ੍ਹੀ ਮਦਦ ਮਿਲ ਜਾਵੇ, ਤਾਂ ਇਸ ਨੂੰ ਉਹ ਹੋਰ ਵਿਆਪਕ ਤਰੀਕੇ ਨਾਲ ਕਰ ਸਕਣਗੇ; ਜਿਸ ਨਾਲ ਵੱਧ ਤੋਂ ਵੱਧ ਗ਼ਰੀਬ ਲੋਕਾਂ ਨੂੰ ਲਾਭ ਪੁੱਜ ਸਕੇਗਾ। ਉਹ ਭਵਿੱਖ 'ਚ ਇੱਕ ਮੈਡੀਸਨ ਬੈਂਕ ਬਣਾਉਣਾ ਚਾਹੁੰਦੇ ਹਨ, ਜਿੱਥੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਮਿਲ ਸਕਣ।

image


ਮੈਡੀਸਨ ਬਾਬਾ ਦਸਦੇ ਹਨ ਕਿ ਉਹ ਠੀਕ ਢੰਗ ਨਾਲ ਚੱਲ ਵੀ ਨਹੀਂ ਸਕਦੇ ਪਰ ਲੋਕਾਂ ਦੀ ਮਦਦ ਕਰਨ ਦਾ ਜਨੂੰਨ ਉਨ੍ਹਾਂ ਨੂੰ ਸਦਾ ਅੱਗੇ ਵਧਣ ਦੀ ਪ੍ਰੇਰਣਾ ਦਿੰਦਾ ਹੈ। ਉਹ ਇਸ ਕੰਮ ਨੂੰ ਨਿਸ਼ਕਾਮ ਭਾਵਨਾ ਨਾਲ ਕਰ ਰਹੇ ਹਨ ਅਤੇ ਦੇਸ਼ ਨੂੰ ਪੂਰੀ ਤਰ੍ਹਾਂ ਤੰਦਰੁਸਤ ਵੇਖਣਾ ਚਾਹੁੰਦੇ ਹਨ। ਗ਼ਰੀਬ ਲੋਕਾਂ ਦੀ ਮਦਦ ਕਰਨ ਨੂੰ ਉਹ ਆਪਣਾ ਧਰਮ ਮੰਨਦੇ ਹਨ ਅਤੇ ਉਹ ਆਪਣੇ ਇਸ ਕੰਮ ਤੋਂ ਬਹੁਤ ਖ਼ੁਸ਼ ਹਨ। ਉਹ ਮੰਨਦੇ ਹਨ ਕਿ ਸਮਰੱਥ ਲੋਕਾਂ ਨੂੰ ਦੇਸ਼ ਦੇ ਗ਼ਰੀਬਾਂ ਲਈ ਅੱਗੇ ਆਉਣਾ ਹੋਵੇਗਾ ਤੇ ਉਨ੍ਹਾਂ ਦੀ ਮਦਦ ਕਰਨੀ ਹੋਵੇਗੀ।