ਕਦੇ ਆਪ ਮਜ਼ਦੂਰੀ ਕਰਦੇ ਸੀ, ਅੱਜ ਇੱਕ ਸੋ ਲੋਕਾਂ ਨੂੰ ਦਿੱਤਾ ਹੋਇਆ ਹੈ ਰੁਜ਼ਗਾਰ 

0

ਲੱਕੜਾਂ ਵੱਡ ਕੇ ਅਤੇ ਹੋਰ ਤਰ੍ਹਾਂ ਦੀ ਮਜਦੂਰੀ ਕਰਕੇ ਦੋ ਜੂਨ ਦੀ ਰੋਟੀ ਦਾ ਜੁਗਾੜ ਕਰਨ ਵਾਲੇ ਸਤਪਾਲ ਨੇ ਆਪਣੀ ਮਿਹਨਤ ਅਤੇ ਜਿੱਦ ਨਾਲ ਸਾਰੇ ਪਿੰਡ ਦੀ ਹੀ ਰੂਹ ਬਦਲ ਦਿੱਤੀ ਹੈ. ਸਤਪਾਲ ਮਿਹਨਤ ਅਤੇ ਨਵੀਂ ਸੋਚ ਦੇ ਸਦਕੇ ਅੱਜ ਸਤਪਾਲ ਦੇ ਪਿੰਡ ਨੂੰ ਸ਼ਹਿਦ ਵਾਲੇ ਪਿੰਡ ਦੇ ਨਾਂਅ ਨਾਲ ਜਾਣਿਆਂ ਜਾਂਦਾ ਹੈ. ਉਹ ਹਰ ਮਹੀਨੇ ਦੋ ਸੌ ਕੁੰਟਲ ਸ਼ਹਿਦ ਦੀ ਸਪਲਾਈ ਕਰਦੇ ਹਨ.

ਹਰਿਆਣਾ ਦੇ ਜਿਲ੍ਹਾ ਕੈਥਲ ਦੇ ਪਿੰਡ ਗੋਹਰਾ ਦੇ ਸਤਪਾਲ ਮਜਦੂਰੀ ਕਰਦੇ ਸਨ. ਕਦੇ ਕਿਸੇ ਦੇ ਨਾਲ ਖੇਤਾਂ ‘ਚ ਜਾ ਕੇ ਕੰਮ ਕਰ ਲਿਆ ਤੇ ਕਦੇ ਲੱਕੜ ਵੱਡ ਕੇ ਸ਼ਹਿਰ ਵੇਚ ਆਉਣੀਆਂ. ਇਹੋ ਰੁਜਗਾਰ ਸੀ ਉਸ ਕੋਲ. ਪਰ ਉਸਨੇ ਇਸ ਤਰੀਕੇ ਨੂੰ ਬਦਲ ਲੈਣ ਦਾ ਫ਼ੈਸਲਾ ਕਰ ਲਿਆ.

ਸਾਲ 1996 ਵਿੱਚ ਉਨ੍ਹਾਂ ਨੇ ਸ਼ਹਿਦ ਦੀ ਮੱਖੀ ਪਾਲਣ ਦਾ ਕੰਮ ਸ਼ੁਰੂ ਕੀਤਾ. ਉਨ੍ਹਾਂ ਨੇ ਪੰਜ ਡੱਬੇ ਲੈ ਕੇ ਕੰਮ ਸ਼ੁਰੂ ਕੀਤਾ. ਆਪਣੀ ਜ਼ਮੀਨ ਵੀ ਨਹੀਂ ਸੀ. ਇਸ ਕਰਕੇ ਹੋਰ ਲੋਕਾਂ ਦੇ ਖੇਤਾਂ ਦੇ ਡੋਲਿਆਂ ‘ਤੇ ਡੱਬੇ ਰੱਖ ਕੇ ਕੰਮ ਸ਼ੁਰੂ ਕੀਤਾ. ਇੱਕ-ਅੱਧੀ ਵਾਰ ਮੱਖੀਆਂ ਨੇ ਵੱਡ ਵੀ ਲਿਆ. ਪਰ ਹੌਸਲਾ ਕਰਕੇ ਕੰਮ ‘ਚ ਲੱਗਾ ਰਿਹਾ.

ਸਤਪਾਲ ਨੇ ਦੱਸਿਆ-

“ਮੈਂ ਅਤੇ ਪਿੰਡ ‘ਚ ਹੀ ਇੱਕ ਹੋਰ ਗੁਆਂਡੀ ਨੇ ਇਹ ਕੰਮ ਸਿੱਖਿਆ ਸੀ. ਕੈਥਲ ਦੇ ਖੇਤੀ ਵਿਗਿਆਨ ਕੇਂਦਰ ਨੇ ਇਸ ਕੰਮ ਲਈ ਮਦਦ ਕੀਤੀ. ਅੱਜ ਪਿੰਡ ਦਾ ਹਰ ਨਿਵਾਸੀ ਸ਼ਹਿਦ ਦੀ ਪੈਦਾਵਾਰ ਕਰਦਾ ਹੈ ਅਤੇ ਤਰੱਕੀ ਕਰ ਰਿਹਾ ਹੈ.”

ਸਤਪਾਲ ਨੇ ਪਿੰਡ ਦੇ ਹੋਰ ਲੋਕਾਂ ਦੀ ਵੀ ਮਦਦ ਕੀਤੀ ਅਤੇ ਉਨ੍ਹਾਂ ਨੂੰ ਇਸ ਕੰਮ ‘ਕਗ ਲਾਇਆ. ਵੀਹ ਸਾਲ ਪਹਿਲਾਂ ਕੱਲਿਆਂ ਹੀ ਸ਼ੁਰੂ ਕੀਤੇ ਇਸ ਕੰਮ ‘ਚ ਉਨ੍ਹਾਂ ਨੇ ਇੱਕ ਸੋ ਲੋਕਾਂ ਨੂੰ ਰੁਜਗਾਰ ਦੇ ਰੱਖਿਆ ਹੈ. ਮਾਤਰ ਪੰਜ ਡੱਬੇ ਲੈ ਕੇ ਸ਼ੁਰੂ ਕੀਤੇ ਕੰਮ ਨਾਲ ਅੱਜ ਉਨ੍ਹਾਂ ਕੋਲ ਦਸ ਹਜ਼ਾਰ ਡੱਬੇ ਹਨ. ਇਸ ਕੰਮ ਨਾਲ ਉਨ੍ਹਾਂ ਨੂੰ ਹਰ ਮਹੀਨੇ ਦਸ ਲੱਖ ਰੁਪਏ ਦੀ ਆਮਦਨ ਹੁੰਦੀ ਹੈ.

ਸਤਪਾਲ ਤੋਂ ਪ੍ਰੇਰਨਾ ਲੈ ਕੇ ਅਤੇ ਕੰਮ ਸਿੱਖ ਕੇ ਅੱਜ ਪਿੰਡ ਦਾ ਹਰ ਨਿਵਾਸੀ ਸ਼ਹਿਦ ਦੀ ਮੱਖੀ ਪਾਲਣ ਦਾ ਕੰਮ ਕਰ ਰਿਹਾ ਹੈ. ਪਿੰਡ ਦੇ ਕਈ ਪਰਿਵਾਰ ਅਜਿਹੇ ਹਨ ਜਿਨ੍ਹਾਂ ਨੇ ਰਕਬਾ ਹੁੰਦਿਆਂ ਵੀ ਖੇਤੀਬਾੜੀ ਛੱਡ ਕੇ ਸ਼ਹਿਦ ਮੱਖੀ ਪਾਲਣ ਦਾ ਕੰਮ ਅਪਣਾ ਲਿਆ ਹੈ.

ਇਸ ਪਿੰਡ ਦੇ ਹੀ ਇਸ਼ਾਨ ਸਿੰਘ ਦੱਸਦੇ ਹਨ-

“ਮੇਰੇ ਕੋਲ ਸ਼ਹਿਦ ਦੀ ਮੱਖੀ ਪਾਲਣ ਦੇ ਇੱਕ ਸੋ ਡੱਬੇ ਹਨ. ਮੈਂ ਇਨ੍ਹਾਂ ਦੀ ਆਮਦਨ ਤੋਂ ਆਪਣੀਆਂ ਦੋ ਧੀਆਂ ਨੂੰ ਨਰਸਿੰਗ ਦਾ ਕੋਰਸ ਕਰਾਇਆ. ਉਹ ਹੁਣ ਸਰਕਾਰੀ ਨੌਕਰੀ ‘ਚ ਹਨ. ਇੱਕ ਮੁੰਡਾ ਐਮਸੀਏ ਕਰ ਰਿਹਾ ਹੈ ਅਤੇ ਦੂਜਾ ਸੀਏ ਦੀ ਪੜ੍ਹਾਈ ਕਰ ਰਿਹਾ ਹੈ.”

ਇਸ ਪਿੰਡ ਦੇ ਲੋਕਾਂ ਦੀ ਮਿਹਨਤ ਅਤੇ ਕਾਮਯਾਬੀ ਵੇਖਦਿਆਂ ਪਿੰਡ ਦੇ ਲੋਕਾਂ ਦੇ ਰਿਸ਼ਤੇਦਾਰ ਵੀ ਇੱਥੇ ਆ ਕੇ ਟ੍ਰੇਨਿੰਗ ਲੈਂਦੇ ਹਨ. ਉਨ੍ਹਾਂ ਨੇ ਆਪਣੇ ਆਪਣੇ ਪਿੰਡਾਂ ‘ਚ ਜਾ ਕੇ ਇਹ ਕੰਮ ਸ਼ੁਰੂ ਕਰ ਲਿਆ ਹੈ. ਪਿੰਡ ਦੇ ਹੀ ਇੱਕ ਹੋਰ ਕਿਸਾਨ ਨਰੇਸ਼ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ 145 ਡੱਬੇ ਹਨ. ਉਹ ਹਰ ਸਾਲ ਇਨ੍ਹਾਂ ‘ਤੋਂ ਤਿਨ ਲੱਖ ਰੁਪਏ ਦਾ ਸ਼ਹਿਦ ਵੇਚਦੇ ਹਨ. ਉਨ੍ਹਾਂ ਨੇ ਆਪਣੀ ਧੀ ਨੂੰ ਵੀ ਇਹ ਕੰਮ ਸ਼ੁਰੂ ਕਰਨ ਲਈ ਇੱਕ ਸੋ ਡੱਬੇ ਤੋਹਫ਼ੇ ‘ਦੇ ਤੌਰ ਤੇ ਦਿੱਤੇ ਹਨ.

ਪਿੰਡ ਦੀ ਗ੍ਰਾਮ ਪ੍ਰਧਾਨ ਰੇਖਾ ਰਾਨੀ ਦਾ ਕਹਿਣਾ ਹੈ ਕਿ ਇਸ ਕਾਰੋਬਾਰ ਨੇ ਪਿੰਡ ਦੀ ਸੂਰਤ ਹੀ ਬਦਲ ਦਿੱਤੀ ਹੈ. ਜਿਨ੍ਹਾਂ ਕੋਲ ਕਦੇ ਸਾਈਕਲ ਵੀ ਨਹੀਂ ਸੀ ਹੁੰਦਾ ਉਨ੍ਹਾਂ ਕੋਲ ਅੱਜ ਕਾਰਾਂ ਹਨ. ਇਹ ਪਿੰਡ ਦੀ ਤਰੱਕੀ ਦਾ ਸਬੂਤ ਹੈ.

ਲੇਖਕ: ਰਵੀ ਸ਼ਰਮਾ