ਕੇਵਲ 60 ਦਿਨਾਂ 'ਚ ਇੱਕ ਕਾਰੋਬਾਰ ਸਥਾਪਤ ਕਰ ਕੇ ਚਲਾਉਣ ਵਾਲੇ ਅਰਚਨਾ ਝਾਅ

ਕੇਵਲ 60 ਦਿਨਾਂ 'ਚ ਇੱਕ ਕਾਰੋਬਾਰ ਸਥਾਪਤ ਕਰ ਕੇ ਚਲਾਉਣ ਵਾਲੇ ਅਰਚਨਾ ਝਾਅ

Monday December 21, 2015,

5 min Read

ਕੱਪੜਿਆਂ ਲਈ ਖ਼ਰੀਦਦਾਰੀ ਵੀ ਹੁਣ ਵਿਕਸਤ ਹੋ ਗਈ ਹੈ। ਲਾਗਲੇ ਬਾਜ਼ਾਰ 'ਚ ਜਾ ਕੇ ਕੱਪੜੇ ਲਿਆਉਣਾ, ਸ਼ਾੱਪਿੰਗ ਮਾੱਲਜ਼ ਦੀਆਂ ਫ਼ੈਂਸੀ ਦੁਕਾਨਾਂ ਤੱਕ ਜਾਣਾ ਹੁਣ ਘਟਦਾ ਜਾ ਰਿਹਾ ਹੈ। ਹੁਣ ਕੱਪੜੇ ਵੀ ਜ਼ਿਆਦਾਤਰ ਆੱਨਲਾਈਨ ਵਿਕਣ ਲੱਗ ਪਏ ਹਨ। ਜ਼ਿਆਦਾਤਰ ਆੱਨਲਾਈਨ ਪੋਰਟਲਜ਼ (ਵੈਬਸਾਈਟਸ) ਔਰਤਾਂ ਲਈ ਅਨੇਕਾਂ ਪ੍ਰਕਾਰ ਦੇ ਫ਼ੈਸ਼ਨਾਂ ਵਾਲੇ ਕੱਪੜੇ ਵੇਚਦੇ ਹਨ ਪਰ ਕੋਈ ਵੀ ਔਰਤਾਂ ਦੇ ਲੋਅਰਜ਼/ਲੱਤਾਂ ਢਕਣ ਵਾਲੇ ਕੱਪੜੇ ਵਿਆਪਕ ਪੱਧਰ ਉਤੇ ਨਹੀਂ ਵੇਚਦੇ। 42 ਸਾਲਾਂ ਦੇ ਅਰਚਨਾ ਝਾਅ ਵਾਈ.ਡਬਲਿਊ.ਸੀ.ਏ. ਤੋਂ ਸਿਖਲਾਈ ਪ੍ਰਾਪਤ ਫ਼ੈਸ਼ਨ ਡਿਜ਼ਾਇਨਰ ਹਨ। ਉਹ ਘਰ ਵਿੱਚ ਸਭ ਦਾ ਖ਼ਿਆਲ ਰੱਖਣ ਵਾਲੀ ਸੁਆਣੀ ਵੀ ਹਨ ਤੇ ਇੱਕ ਜ਼ਿੰਮੇਵਾਰ ਮਾਂ ਵੀ ਹਨ, ਜੋ ਆਪਣੇ ਛੋਟੇ ਬੱਚਿਆਂ ਨੂੰ 20 ਕਿਲੋਮੀਟਰ ਦੂਰ ਸਕੂਲ ਛੱਡਣ ਵੀ ਜਾਂਦੇ ਹਨ ਤੇ ਉਨ੍ਹਾਂ ਨੂੰ ਲਿਆਉਂਦੇ ਵੀ ਹਨ। ਉਨ੍ਹਾਂ 'ਲੈੱਗਸਟਾਇਲੀ' (Legstylee) ਸ਼ੁਰੂ ਕੀਤੀ ਹੈ। ਲੈੱਗਸਟਾਇਲੀ ਇੱਕ ਅਜਿਹਾ ਪੋਰਟਲ ਹੈ, ਜਿੱਥੇ ਔਰਤਾਂ ਦੇ ਹਰ ਪ੍ਰਕਾਰ ਦੇ ਲੋਅਰਜ਼ ਮਿਲ ਜਾਂਦੇ ਹਨ; ਜਿਵੇਂ ਡੈਨਿਮ ਪੈਂਟਾਂ, ਪਲਾਜ਼ੋ ਪੈਂਟਾਂ, ਹਰੇਮ ਪੈਂਟਾਂ, ਨਿੱਕਰਾਂ, ਸਕੱਰਟਾਂ (ਫ਼ਰਾਕਾਂ), ਕੈਪਰੀਜ਼ ਆਦਿ। ਉਹ ਦਸਦੇ ਹਨ,''ਇਹ ਇੱਕ ਅਜਿਹਾ ਵਿਚਾਰ ਸੀ, ਜੋ ਸਭ ਨੂੰ ਪਸੰਦ ਆਇਆ। ਮੇਰੇ ਬੈਂਕਰ ਨੂੰ ਵੀ ਹੈਰਾਨੀ ਹੋਈ ਕਿ ਆਖ਼ਰ ਪਹਿਲਾਂ ਕਿਸੇ ਨੂੰ ਅਜਿਹਾ ਪੋਰਟਲ ਅਰੰਭ ਕਰਨ ਦਾ ਖ਼ਿਆਲ ਕਿਉਂ ਨਹੀਂ ਆਇਆ। ਇੰਝ ਮੇਰਾ ਆਪਣੇ ਕੰਮ ਪ੍ਰਤੀ ਇਰਾਦਾ ਦ੍ਰਿੜ੍ਹ ਹੋਇਆ ਤੇ ਮੇਰਾ ਆਤਮ-ਵਿਸ਼ਵਾਸ ਮਜ਼ਬੂਤ ਹੋਇਆ।''

ਪਰਿਵਾਰਕ ਫ਼ੈਸ਼ਨ-ਗੁਰੂ

ਇੱਕ ਉਹ ਵੇਲਾ ਵੀ ਸੀ, ਜਦੋਂ ਅਰਚਨਾ ਨੂੰ ਵਿਸ਼ੇਸ਼ ਮੌਕਿਆਂ ਉਤੇ ਫ਼ੈਸ਼ਨ ਬਾਰੇ ਸਲਾਹ ਦੇਣ ਲਈ ਕਿਤੇ ਨਾ ਕਿਤੇ ਜਾਣਾ ਪੈਂਦਾ ਸੀ। ਉਹ ਉਤਸਾਹ ਨਾਲ ਦਸਦੇ ਹਨ,''ਮੈਂ ਆਪਣੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਕੱਪੜਿਆਂ ਬਾਰੇ ਦਿਸ਼ਾ-ਨਿਰਦੇਸ਼ ਦਿੰਦੀ ਸਾਂ। ਉਨ੍ਹਾਂ ਦੇ ਸਰੀਰ ਦੇ ਆਕਾਰ, ਉਚਾਈ ਤੇ ਸੁਵਿਧਾ ਦੇ ਪੱਧਰਾਂ ਦੇ ਨਾਲ-ਨਾਲ ਹੋਰ ਬਹੁਤ ਸਾਰੀਆਂ ਗੱਲਾਂ ਦਾ ਖ਼ਿਆਲ ਰੱਖ ਕੇ ਮੈਂ ਲੋੜੀਂਦੇ ਸੁਝਾਅ ਦਿੰਦੀ ਸਾਂ। ਮੈਂ ਉਨ੍ਹਾਂ ਨੂੰ ਦਸਦੀ ਸਾਂ ਕਿ ਉਨ੍ਹਾਂ ਉਤੇ ਕਿਸ ਕਿਸਮ ਦੇ ਕੱਪੜੇ ਜਚਣਗੇ। ਮੈਂ ਉਨ੍ਹਾਂ ਨੂੰ ਦਸਦੀ ਸਾਂ ਕਿ ਕੱਪੜੇ ਨੂੰ ਜੇ ਇਸ ਖ਼ਾਸ ਤਰੀਕੇ ਘੁਮਾ ਲਿਆ ਜਾਵੇ ਜਾਂ ਇਸ ਸ਼ੈਲੀ ਨਾਲ ਪਹਿਨਿਆ ਜਾਵੇ, ਤਾਂ ਉਹ ਵਧੀਆ ਦਿਸੇਗਾ ਤੇ ਕਿਹੜੇ ਰੰਗ ਠੀਕ ਲੱਗਣਗੇ ਤੇ ਉਨ੍ਹਾਂ ਉਤੇ ਕਿਹੋ ਜਿਹਾ ਪ੍ਰਿੰਟ ਚਾਹੀਦਾ ਹੈ।'' ਕੱਪੜਿਆਂ, ਰੰਗਾਂ ਅਤੇ ਸਟਾਇਲ ਪ੍ਰਤੀ ਉਨ੍ਹਾਂ ਦਾ ਜਨੂੰਨ ਕਦੇ ਨਾ ਘਟਿਆ; ਉਦੋਂ ਵੀ ਜਦੋਂ ਉਹ ਆਪਣੇ ਪਰਿਵਾਰ ਵਿੱਚ ਵੀ ਪੂਰੀ ਤਰ੍ਹਾਂ ਖੁਭੇ ਹੋਏ ਸਨ। ਹਰ ਤਰ੍ਹਾਂ ਦੇ ਨਵੇਂ ਸਟਾਇਲ, ਰੁਝਾਨਾਂ ਆਦਿ ਦੀ ਉਨ੍ਹਾਂ ਨੂੰ ਸਦਾ ਪੂਰੀ ਜਾਣਕਾਰੀ ਰਹੀ ਹੈ। ਇੱਕ ਵਾਰ ਜਦੋਂ ਉਨ੍ਹਾਂ ਨੂੰ ਆਪਣੇ ਸਰੀਰ ਦੇ ਹੇਠਲੇ ਹਿੱਸੇ ਲਈ ਕੱਪੜਿਆਂ ਦੀ ਲੋੜ ਸੀ, ਤਾਂ ਉਨ੍ਹਾਂ ਇੰਟਰਨੈਟ ਉਤੇ ਸਰਚ ਦੌਰਾਨ ਮਹਿਸੂਸ ਕੀਤਾ ਕਿ ਕੇਵਲ ਲੈਗਿੰਗਜ਼ (ਟੰਗਾਂ) ਲਈ ਕੋਈ ਵੀ ਪੋਰਟਲ ਮੌਜੂਦ ਨਹੀਂ ਹੈ। 'ਮੈਂ ਵੇਖਿਆ ਕਿ ਇਸ ਖੇਤਰ ਵਿੱਚ ਮੈਦਾਨ ਪੂਰੀ ਤਰ੍ਹਾਂ ਖ਼ਾਲੀ ਪਿਆ ਸੀ। ਮੈਂ ਇਸ ਮਾਮਲੇ 'ਚ ਹੋਰ ਈ-ਕਾਰੋਬਾਰੀ ਖੋਜ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਸ ਸਬੰਧੀ ਕਾਰੋਬਾਰ ਦੇ ਵਿਚਾਰ ਨੂੰ ਵਿਕਸਤ ਕਰਨ ਲਈ ਕੰਮ ਕੀਤਾ। ਮੇਰੇ ਪਤੀ ਨੇ ਇਸ ਉਦਮ ਵਿੱਚ ਮੇਰਾ ਸਾਥ ਦਿੱਤਾ ਤੇ ਉਨ੍ਹਾਂ ਵਿੱਤੀ ਸਹਾਇਤਾ ਵੀ ਕੀਤੀ ਤੇ ਕੁੱਝ ਪੈਸੇ ਮੈਂ ਪਹਿਲਾਂ ਬਚਾ ਕੇ ਰੱਖੇ ਹੋਏ ਸਨ।'

image


ਉਨ੍ਹਾਂ ਰਵਾਇਤੀ ਤੇ ਸਮਕਾਲੀ ਰੂਟ ਦੇ ਮਿਸ਼ਰਣ ਰਾਹੀਂ ਕੇਵਲ ਦੋ ਮਹੀਨਿਆਂ ਦੇ ਰਿਕਾਰਡ ਸਮੇਂ ਅੰਦਰ ਆਪਣਾ ਆੱਨਲਾਈਨ ਪੋਰਟਲ ਇਸ ਸਤੰਬਰ ਮਹੀਨੇ ਕਾਇਮ ਕਰ ਲਿਆ। 'ਆਪਣੀਆਂ ਸਪਲਾਈਜ਼ ਨੂੰ ਸਹੀ ਟਿਕਾਣੇ ਉਤੇ ਰੱਖਣ ਲਈ ਮੈਂ ਆਪਣੇ-ਆਪ ਨੂੰ 'ਇੰਡੀਆ-ਮਾਰਟ ਉਤੇ ਰਜਿਸਟਰਡ ਕੀਤਾ ਤੇ ਲੈਗਿੰਗਜ਼ ਦੇ ਸਪਲਾਇਰਾਂ ਨਾਲ ਸੰਪਰਕ ਬਣਾਇਆ। ਮੈਂ ਉਨ੍ਹਾਂ ਤੋਂ ਵ੍ਹਟਸਐਪ ਉਤੇ ਉਨ੍ਹਾਂ ਦੇ ਉਤਪਾਦਾਂ ਦੀਆਂ ਤਸਵੀਰਾਂ ਮੰਗੀਆਂ। ਮੈਂ ਗੁਜਰਾਤ, ਰਾਜਸਥਾਨ ਤੇ ਲੁਧਿਆਣਾ ਦੇ ਬਾਜ਼ਾਰ ਵੀ ਘੁੰਮ ਕੇ ਵੇਖੇ ਤੇ ਸਭ ਕੁੱਝ ਨੋਟ ਕੀਤਾ ਕਿ ਕੀ ਕੁੱਝ ਉਪਲਬਧ ਸੀ ਤੇ ਕਿਹੜੀ ਚੀਜ਼ ਦੀ ਵਧੇਰੇ ਵਿਕਰੀ ਹੋ ਰਹੀ ਸੀ। ਸਥਾਨਕ ਡਿਜ਼ਾਇਨਾਂ ਤੋਂ ਇਲਾਵਾ, ਮੈਂ ਚੀਨ ਤੇ ਹਾਂਗ ਕਾਂਗ ਦੇ ਵੀ ਕੁੱਝ ਉਤਪਾਦ ਚੁਣੇ; ਤਾਂ ਜੋ ਪੋਰਟਲ ਨੂੰ ਕੁੱਝ ਕੌਮਾਂਤਰੀ ਦਿੱਖ ਮਿਲੇ।''

ਖੱਟੀਆਂ-ਮਿੱਠੀਆਂ ਯਾਦਾਂ

ਇੱਕ ਵਾਰ ਅਰਚਨਾ ਨੂੰ ਮਾਲ ਦੀ ਸਪਲਾਈ ਆ ਜਾਣ ਦਾ ਪੂਰਾ ਭਰੋਸਾ ਸੀ। ਉਨ੍ਹਾਂ ਨੇ 'ਪੇਅ-ਯੂ ਮਨੀ' ਅਤੇ 'ਸ਼ਿਪ-ਰਾਕੇਟ' ਨਾਲ ਭੁਗਤਾਨ ਅਤੇ ਡਿਲੀਵਰੀ ਲੂਪਸ ਦੇ ਸਮਝੌਤੇ ਵੀ ਕਰ ਲਏ। ਉਹ ਦਸਦੇ ਹਨ,''ਸਾਡੇ ਬਹੁਤੇ ਆੱਰਡਰ ਸੀ.ਓ.ਡੀ. ਆਧਾਰਤ ਹਨ; ਜਿਸ ਕਰ ਕੇ ਸਾਨੂੰ ਸਮੇਂ ਸਿਰ ਧਨ ਪ੍ਰਾਪਤੀ ਜਾਂ ਸ਼ਿਪਿੰਗ ਆੱਰਡਰਜ਼ ਲੈਣ ਵਿੱਚ ਕਦੇ ਕੋਈ ਔਕੜ ਪੇਸ਼ ਨਹੀਂ ਆਈ।'' ਅਗਲਾ ਕਦਮ ਸੀ ਪੋਰਟਲ ਤੱਕ ਗਾਹਕਾਂ ਨੂੰ ਖਿੱਚ ਕੇ ਲਿਆਉਣਾ। ਅਰਚਨਾ ਨੇ ਇਸ ਲਈ ਫ਼ੇਸਬੁੱਕ ਤੇ ਗੂਗਲ ਜਿਹੇ ਆੱਨਲਾਈਨ ਮਾਧਿਅਮਾਂ ਨੂੰ ਅਪਣਾਇਆ ਅਤੇ ਕੁੱਝ ਅਖ਼ਬਾਰਾਂ ਵਿੱਚ ਵੀ ਇਸ਼ਤਿਹਾਰ ਦਿੱਤੇ। 'ਮੈਂ ਇੱਕ ਕਦਮ ਅਗਾਂਹ ਗਈ ਤੇ ਐਮੇਜ਼ੌਨ ਜਿਹੇ ਹੋਰ ਆੱਨਲਾਈਨ ਪੋਰਟਲਜ਼ ਨਾਲ ਸਮਝੌਤਾ ਕੀਤਾ; ਤਾਂ ਜੋ ਮੇਰਾ ਬ੍ਰਾਂਡ ਦੂਰ-ਦੁਰਾਡੇ ਤੱਕ ਵਿਖਾਈ ਦੇਵੇ।' ਹਾਲੇ ਉਨ੍ਹਾਂ ਨੂੰ ਆਪਣਾ ਕਾਰੋਬਾਰ ਅਰੰਭਿਆਂ ਨੂੰ ਕੋਈ ਬਹੁਤਾ ਸਮਾਂ ਨਹੀਂ ਹੋਇਆ ਹੈ; ਫਿਰ ਵੀ ਆਪਣਾ ਪੋਰਟਲ ਚਲਾਉਣ ਨਾਲ ਉਨ੍ਹਾਂ ਕੁੱਝ ਖੱਟੀਆਂ-ਮਿੱਠੀਆਂ ਯਾਦਾਂ ਵੀ ਜੁੜ ਗਈਆਂ ਹਨ। ''ਇੱਕ ਵਾਰ ਮਹਾਰਾਸ਼ਟਰ ਦੀ ਇੱਕ ਔਰਤ ਨੂੰ ਉਹ ਚੀਜ਼ ਪਸੰਦ ਨਹੀਂ ਆਈ, ਜਿਸ ਦਾ ਉਸ ਨੇ ਆੱਰਡਰ ਦਿੱਤਾ ਸੀ ਤੇ ਉਹ ਉਤਪਾਦ ਨੂੰ ਵਾਪਸ ਕਰਨਾ ਚਾਹੁੰਦੀ ਸੀ। ਪਰ ਮੈਂ ਉਸ ਨਾਲ ਬਹੁਤ ਵਿਸਥਾਰ ਨਾਲ ਗੱਲ ਕੀਤੀ ਤੇ ਅੰਤ ਉਸ ਨੇ ਦੋ ਹੋਰ ਡਿਜ਼ਾਇਨ ਖ਼ਰੀਦ ਲਏ ਪਰ ਉਸ ਨੇ ਉਨ੍ਹਾਂ ਵਿਚੋਂ ਇੱਕ ਵਾਪਸ ਕਰ ਦਿੱਤਾ, ਜਿਹੜਾ ਉਸ ਨੂੰ ਪਸੰਦ ਨਹੀਂ ਆਇਆ ਸੀ।''

image


ਹੁਸ਼ਿਆਰ ਤੇ ਸੂਝਵਾਨ 'ਬਿਜ਼ਨੇਸ-ਵੋਮੈਨ'

ਅਰਚਨਾ ਝਾਅ ਵਿੱਚ ਆਪਣਾ ਕਾਰੋਬਾਰ ਚਲਾਉਣ ਦੀ ਬਹੁਤ ਡੂੰਘੀ ਸਮਝ ਹੈ। ਆਪਣੇ ਕੰਮਕਾਜ ਲਈ ਉਨ੍ਹਾਂ ਤੁਰੰਤ ਦੋ ਸਹਾਇਕ ਸਟਾਫ਼ ਮੈਂਬਰ ਰੱਖ ਲਏ। ਉਨ੍ਹਾਂ ਨੂੰ ਮਾਰਕਿਟਿੰਗ ਪ੍ਰੋਮੋਸ਼ਨ ਲਈ ਬਹੁਤ ਕੰਮ ਕਰਨਾ ਪੈਂਦਾ ਸੀ। 'ਮੈਂ ਕਦੇ ਜਵਾਨ ਕੁੜੀਆਂ ਤੇ ਹੋਰ ਔਰਤਾਂ ਨਾਲ ਗੱਲਬਾਤ ਕਰਨ ਦਾ ਮੌਕਾ ਨਹੀਂ ਗੁਆਇਆ। ਮੈਂ ਸਦਾ ਉਨ੍ਹਾਂ ਤੋਂ ਇਹੋ ਜਾਣਨਾ ਚਾਹਿਆ ਕਿ ਉਹ ਕਿਹੋ ਜਿਹਾ ਫ਼ੈਸ਼ਨ ਚਾਹੁੰਦੀਆਂ ਹਨ ਤੇ ਉਨ੍ਹਾਂ ਦੀਆਂ ਕੀ-ਕੀ ਲੋੜਾਂ ਹਨ। ਨੌਜਵਾਨ ਕੁੜੀਆਂ 'ਚ ਲੈਗਿੰਗਜ਼ ਤੇ ਨਿੱਕਰਾਂ ਆਦਿ ਲਈ ਰੁਝਾਨ ਹੈ, ਔਰਤਾਂ ਪਲਾਜ਼ੋ ਪੈਂਟਾਂ ਬਾਰੇ ਗੱਲ ਕਰਦੀਆਂ ਹਨ। ਇੰਝ ਮੇਰੇ ਬ੍ਰਾਂਡ ਦਾ ਪਾਸਾਰ ਵੀ ਹੁੰਦਾ ਹੈ ਅਤੇ ਉਹ ਸਾਮਾਨ ਖ਼ਰੀਦਣ ਲਈ ਪ੍ਰੇਰਿਤ ਵੀ ਹੁੰਦੀਆਂ ਹਨ।' ਆਪਣੇ ਫ਼ਾਲਤੂ ਸਮੇਂ 'ਚ, ਅਰਚਨਾ ਉਪਲਬਧ ਵਰਗਾਂ ਤੇ ਆੱਨਲਾਈਨ ਸਟੋਰ ਦੀ ਸੂਚੀ ਵਿੱਚ ਵਾਧਾ ਕਰਨ ਲਈ ਕੁੱਝ ਨਾ ਕੁੱਝ ਨਿਵੇਕਲਾ ਕਰਦੇ ਹੀ ਰਹਿੰਦੇ ਹਨ। ਭਾਵੇਂ ਅਰਚਨਾ ਨੂੰ ਆਪਣੀ ਧਾਰਨਾ ਨਾਲ ਸਫ਼ਲਤਾ ਕੁੱਝ ਛੇਤੀ ਹੀ ਮਿਲ ਗਈ ਹੈ ਪਰ ਫਿਰ ਵੀ ਉਹ ਆਪਣੇ ਭਵਿੱਖ ਦੀਆਂ ਯੋਜਨਾਵਾਂ ਨੂੰ ਹੌਲੀ-ਹੌਲੀ ਹੀ ਅਗਾਂਹ ਵਧਾਉਣਾ ਚਾਹੁੰਦੇ ਹਨ। ਉਹ ਆਪਣੇ ਪੋਰਟਲ ਉਤੇ ਜੁੱਤੀਆਂ ਦੀ ਵਿਕਰੀ ਵੀ ਅਰੰਭ ਕਰਨ ਜਾ ਰਹੇ ਹਨ ਅਤੇ ਉਨ੍ਹਾਂ ਦੀ ਯੋਜਨਾ ਛੇਤੀ ਹੀ ਇੱਕ ਪ੍ਰਚੂਨ ਆਊਟਲੈਟ ਖੋਲ੍ਹਣ ਦੀ ਵੀ ਹੈ; ਜਿੱਥੇ ਗਾਹਕ ਆ ਕੇ ਵੀ ਉਨ੍ਹਾਂ ਦੇ ਉਤਪਾਦ ਖ਼ਰੀਦ ਸਕਦੇ ਹਨ। ਉਹ ਹੁਣ ਆਪਣੀ 'ਲੈਗਸਟਾਇਲੀ' ਨੂੰ ਬਹੁਤ ਉਚੇ ਸਿਖ਼ਰਾਂ ਤੱਕ ਲਿਜਾਣਾ ਚਾਹੁੰਦੇ ਹਨ।

ਲੇਖਕ:ਇੰਦਰੋਜੀਤ ਡੀ. ਚੌਧਰੀ

ਅਨੁਵਾਦ: ਮਹਿਤਾਬ-ਉਦ-ਦੀਨ