240 ਰੁਪਏ ਤੋਂ 20 ਕਰੋੜ ਰੁਪਏ ਤੱਕ, ਰੀ-ਫ਼ੀਲ ਕਾਰਟਰਿਜ ਇੰਜੀਨੀਅਰਿੰਗ ਦੇ ਅਲਕੇਸ਼ ਅਗਰਵਾਲ ਦੀ ਕਹਾਣੀ

240 ਰੁਪਏ ਤੋਂ 20 ਕਰੋੜ ਰੁਪਏ ਤੱਕ, ਰੀ-ਫ਼ੀਲ ਕਾਰਟਰਿਜ ਇੰਜੀਨੀਅਰਿੰਗ ਦੇ ਅਲਕੇਸ਼ ਅਗਰਵਾਲ ਦੀ ਕਹਾਣੀ

Wednesday February 03, 2016,

7 min Read

ਅਲਕੇਸ਼ ਅਗਰਵਾਲ ਲਈ ਕਾਰੋਬਾਰ ਕਰਨਾ ਕੋਈ ਇੱਛਾ ਜਾਂ ਐਸ਼-ਪ੍ਰਸਤੀ ਨਹੀਂ ਸੀ; ਸਗੋਂ ਇੱਕ ਜ਼ਰੂਰਤ ਸੀ। 16 ਸਾਲਾਂ ਦੀ ਉਮਰੇ ਆਪਣੇ ਮਾਪੇ ਗੁਆਉਣ ਵਾਲੇ ਅਲਕੇਸ਼ ਅਗਰਵਾਲ ਨੇ ਉਹ ਸਮਾਂ ਵੀ ਵੇਖਿਆ ਹਾੈ, ਜਦੋਂ ਉਸ ਨੂੰ ਇਹ ਵੀ ਪਤਾ ਨਹੀਂ ਹੁੰਦਾ ਸੀ ਕਿ ਉਸ ਨੂੰ ਅਗਲੇ ਡੰਗ ਦਾ ਖਾਣਾ ਕਿੱਥੋਂ ਮਿਲੇਗਾ।

''ਮੇਰੇ ਮੰਮੀ ਸਦਾ ਹੀ ਇਸ ਗੱਲ ਉੱਤੇ ਜ਼ੋਰ ਦਿੰਦੇ ਰਹੇ ਸਨ ਕਿ ਮੈਂ ਭਾਵੇਂ ਕੰਮ ਕਿਉਂ ਨਾ ਕਰਦਾ ਹੋਵਾਂ, ਮੈਨੂੰ ਆਪਣੀ ਪੜ੍ਹਾਈ ਨਹੀਂ ਛੱਡਣੀ ਚਾਹੀਦੀ। ਮੇਰਾ ਦਿਨ ਰਾਤ ਦੇ 11 ਵਜੇ ਜਾ ਕੇ ਖ਼ਤਮ ਹੁੰਦਾ ਸੀ।''

ਜੋ ਕੁੱਝ ਅਲਕੇਸ਼ ਅਗਰਵਾਲ ਨਾਲ ਵਾਪਰਿਆ, ਉਹ ਨਿਆਂਪੂਰਣ ਨਹੀਂ ਸੀ। ਪੰਜ ਕੁ ਸਾਲ ਪਹਿਲਾਂ ਤੱਕ ਸਭ ਕੁੱਝ ਆਮ ਵਾਂਗ ਹੀ ਚਲਦਾ ਰਿਹਾ ਸੀ।

''ਮੈਂ ਜੋ ਕੁੱਝ ਵੀ ਕਰਨਾ ਚਾਹਿਆ, ਉਹ ਇੱਕ ਆਪਣੀ ਵੱਖਰੀ ਸ਼ੈਲੀ ਵਿੱਚ।''

ਉਸ ਦੀ ਜ਼ਿੰਦਗੀ ਵਿੱਚ ਕਈ ਬਿਹਤਰ ਸੁਧਾਰ ਹੁੰਦੇ ਰਹੇ। ਉਸ ਨੇ ਸਖ਼ਤ ਮਿਹਨਤ ਨਾਲ ਆਪਣੀ ਸ਼ੁਰੂਆਤ ਕੀਤੀ ਅਤੇ ਉਹ ਐਨ.ਆਈ.ਆਈ.ਟੀ. ਵਿੱਚ ਬੇਸਿਕ ਕੰਪਿਊਟਰਜ਼ ਪੜ੍ਹਾ ਕੇ 240 ਰੁਪਏ ਹਫ਼ਤਾ ਕਮਾਉਂਦਾ ਸੀ ਤੇ ਇੰਝ ਉਹ ਆਪਣੇ ਕਾਲਜ ਦੀ ਫ਼ੀਸ 1,240 ਰੁਪਏ ਇਕੱਠੇ ਕਰਦਾ ਸੀ। ਫਿਰ ਉਸ ਨੇ ਕੰਪਿਊਟਰ ਦੀ ਮੁਰੰਮਤ ਦੀ ਸਰਵਿਸ ਸ਼ੁਰੂ ਕੀਤੀ ਤੇ ਤਦ ਹਰ ਮਹੀਨੇ ਉਸ ਦੇ ਬੈਂਕ ਵਿੱਚ 10 ਹਜ਼ਾਰ ਰੁਪਏ ਬਕਾਇਆ ਬਚਦਾ ਸੀ, ਜਿਸ ਤੋਂ ਉਹ ਬਹੁਤ ਸੰਤੁਸ਼ਟ ਸੀ।

image


ਕੰਪਨੀਆਂ ਲਈ ਵਿਸ਼ੇ ਅਤੇ ਬ੍ਰਾਂਡਿੰਗ ਦੇ ਛੋਟੇ-ਛੋਟੇ ਕੰਮ ਵੀ ਫੜ ਲੈਂਦਾ ਸੀ। ਮੈਂ ਅਲਕੇਸ਼ ਨੂੰ ਸ੍ਰੀਮਾਨ ਜੁਗਾੜ ਜਾਂ ਸ੍ਰੀਮਾਨ ਕੁਇੱਕ-ਫ਼ਿਕਸ ਕਹਿਣਾ ਚਾਹਾਂਗਾ - ਉਸ ਕੋਲ ਸਦਾ ਹੀ ਹਰੇਕ ਮੌਕੇ ਲਈ ਬਲੇਡ ਵਰਗਾ ਤਿੱਖਾ ਰਾਡਾਰ ਰਹਿੰਦਾ ਸੀ।

''ਕਿਸੇ ਚੀਜ਼ ਉੱਤੇ ਮੇਰਾ ਕਾਬੂ ਨਹੀਂ ਵੀ ਹੋ ਸਕਦਾ, ਪਰ ਮੈਂ ਉਸ ਬਾਰੇ ਕੋਈ ਸ਼ਿਕਾਇਤ ਨਹੀਂ ਕਰਾਂਗਾ। ਪਰ ਮੈਂ ਉਸ ਵਿੱਚ ਕੋਈ ਤਬਦੀਲੀ ਤਾਂ ਲਿਆ ਹੀ ਸਕਦਾ ਹਾਂ।''

ਉਨ੍ਹਾਂ ਸਾਲਾਂ ਦੌਰਾਨ ਉਹ ਕੰਪਿਊਟਰਾਂ ਨਾਲ ਘੁਲ਼ਦਾ ਰਿਹਾ। ਫਿਰ ਇੱਕ ਸਮਾਂ ਅਜਿਹਾ ਆਇਆ, ਜਦੋਂ ਅਲਕੇਸ਼ ਨੂੰ ਕੁੱਝ ਵੱਡਾ ਕਰਨ ਜਾਂ ਘਰ ਜਾਣ ਦੀ ਸੋਚੀ। ਉਸ ਨੇ ਆਪਣਾ ਮੁਰੰਮਤ ਦਾ ਕਾਰੋਬਾਰ ਆਪਣੇ ਬਚਪਨ ਦੇ ਦੋਸਤ ਅਤੇ ਆਪਣੇ ਭਵਿੱਖ ਦੇ ਭਾਈਵਾਲ ਅਮਿਤ ਬਾਰਮੇਚਾ ਨੂੰ ਦੇ ਦਿੱਤਾ ਅਤੇ ਆਪ ਕੁੱਝ ਵੱਡਾ ਕਰਨ ਵਿੱਚ ਰੁੱਝ ਗਿਆ।

ਉਸ ਨੇ ਆਪਣੀ ਖੋਜ ਦੌਰਾਨ ਪਾਇਆ ਕਿ ਪ੍ਰਿੰਟਰ ਦੀਆਂ ਕਾਰਟਰਿਜਸ ਨੂੰ ਬਦਲਣਾ ਖਪਤਕਾਰਾਂ ਨੂੰ ਬਹੁਤ ਔਖਾ ਜਾਪਦਾ ਹੈ। ਫਿਰ ਪਲਾਸਟਿਕ ਦੀਆਂ ਇਨ੍ਹਾਂ ਕਾਰਟਰਿਜਸ ਦਾ ਨਿਬੇੜਾ ਕਰਨਾ ਵੀ ਇੱਕ ਵੱਖਰਾ ਹੀ ਮੁੱਦਾ ਸੀ। ਇਨ੍ਹਾਂ ਕਾਰਟਰਿਜਸ ਦਾ ਸਾਢੇ ਤਿੰਨ ਕਰੋੜ ਟਨ ਪਲਾਸਟਿਕ ਹਰ ਸਾਲ ਜ਼ਮੀਨ ਦੀਆਂ ਤੈਹਾਂ ਵਿੱਚ ਗਰਕ ਕੀਤਾ ਜਾਂਦਾ ਹੈ; ਜੋ ਕਿ ਫ਼ੁਟਬਾਲ ਦੇ 17 ਮੈਦਾਨਾਂ ਦੇ ਬਰਾਬਰ ਹੈ; ਜਿਨ੍ਹਾਂ ਨੂੰ ਮਿੱਟੀ ਬਣਨ ਵਿੱਚ ਹਜ਼ਾਰਾਂ ਸਾਲ ਲੱਗ ਜਾਣਗੇ। ਅਲਕੇਸ਼ ਨੇ ਉਨ੍ਹਾਂ ਨੂੰ ਮੁੜ ਵਰਤਣ ਦਾ ਤਰੀਕਾ ਲੱਭਿਆ ਤੇ ਉਸ ਨਾਲ ਕਾਰਬਨ ਦੀ ਨਿਕਾਸੀ ਵੀ ਘਟੀ।

image


'ਮੈਂ ਖ਼ੁਸ਼ਕਿਸਮਤ ਸਾਂ ਕਿ ਮੈਨੂੰ ਚਾਰ ਸਾਥੀਆਂ ਦਾ ਸਾਥ ਮਿਲਿਆ।'

ਅਲਕੇਸ਼ ਦੇ ਪੱਕੇ ਮਿੱਤਰ ਰਾਜੇਸ਼ ਅਗਰਵਾਲ, ਸਮਿਤ ਲਖੋਟੀਆ ਤੇ ਅਮਿਤ ਉਸ ਦਾ ਸਾਥ ਦੇਣ ਲਈ ਤਿਆਰ ਸਨ ਅਤੇ ਉਨ੍ਹਾਂ ਨੇ ਆਪਣੇ ਜੀਵਨ ਭਰ ਦੀ ਬੱਚਤ ਉਸ ਦੇ ਵਿਚਾਰ ਵਿੱਚ ਲਾਉਣ 'ਚ ਸਾਥ ਦਿੱਤਾ। ਦੋਸਤਾਂ ਦੇ ਸਾਥ ਸਦਕਾ ਦੋ ਲੱਖ ਰੁਪਏ ਨਾਲ ਸ਼ੁਰੂਆਤ ਹੋ ਗਈ। ਅਲਕੇਸ਼ ਨੇ ਕੁੱਝ ਜਵਾਬ ਲੱਭੇ। 'ਮੈਂ ਢਾਈ ਮਹੀਨੇ ਲਗਾਤਾਰ ਯਾਤਰਾ ਕੀਤੀ ਤੇ ਉਸ ਦੌਰਾਨ ਚੰਡੀਗੜ੍ਹ, ਲੁਧਿਆਣਾ, ਅੰਮ੍ਰਿਤਸਰ ਅਤੇ ਦਿੱਲੀ ਗਿਆ। ਬਾਜ਼ਾਰ ਦੀ ਆਪਣੀ ਖੋਜ ਦੌਰਾਨ ਮੈਨੂੰ ਸੜਕ ਕੰਢੇ ਕੋਈ ਇੱਕ ਵੀ ਵਿਕਰੇਤਾ ਨਾ ਮਿਲਿਆ।' ਆਪਣੀ ਖੋਜ ਕਰਦਾ ਅਲਕੇਸ਼ ਚੀਨ ਵੀ ਚਲਾ ਗਿਆ, ਜਿੱਥੇ ਉਸ ਦਾ ਸਾਮਾਨ ਗੁਆਚ ਗਿਆ, ਉਸ ਦਾ ਧਨ ਵੀ ਲੁੱਟਿਆ-ਪੁੱਟਿਆ ਗਿਆ। ਕਾਜੂ-ਬਰਫ਼ੀ ਨੂੰ ਛੱਡ ਕੇ ਉਸ ਕੋਲ ਕੁੱਝ ਵੀ ਬਾਕੀ ਨਾ ਬਚਿਆ; ਇਹ ਵੀ ਉਹ ਆਪਣੇ ਘਰ ਤੋਂ ਨਾਲ ਲੈ ਕੇ ਤੁਰਿਆ ਸੀ।

ਕਾਰਟਰਿਜਸ ਨੂੰ ਰੀਸਾਇਕਲ ਕਰਨ ਦੇ ਉਦਯੋਗ ਵਿੱਚ ਉਦੋਂ ਇੱਕ ਕੰਪਨੀ ਨੂੰ ਛੱਡ ਕੇ ਹੋਰ ਕੋਈ ਨਹੀਂ ਸੀ - ਇਹ ਬਾਜ਼ਾਰ ਪੂਰੀ ਤਰ੍ਹਾਂ ਗ਼ੈਰ-ਸੰਗਠਤ ਸੀ ਅਤੇ ਆਪਣੇ ਮੁਢਲੇ ਦੌਰ ਵਿੱਚ ਹੀ ਸੀ ਇਹ - ਕਾਰਟਿਰਜ ਵਰਲਡ। ਅਲਕੇਸ਼ ਨੇ ਫਿਰ ਆਪਣਾ ਗੱਠਜੋੜ ਬਾਜ਼ਾਰ ਵਿੱਚ ਉਦੋਂ ਦੇ ਆਗੂ ਨਾਲ ਕਰਨ ਦਾ ਫ਼ੈਸਲਾ ਕੀਤਾ।

'ਇੱਕ ਫ਼ਰੈਂਚਾਇਜ਼ੀ ਲਈ ਇੱਕ ਕਰੋੜ ਰੁਪਏ' ਅੱਗਿਓਂ ਜਵਾਬ ਮਿਲਿਆ।

ਪਰ ਇਨ੍ਹਾਂ ਚਾਰ ਦੋਸਤਾਂ ਕੋਲ ਤਾਂ ਕੇਵਲ ਦੋ ਲੱਖ ਰੁਪਏ ਸਨ। ਕਾਰਟਰਿਜ ਬਹੁਤ ਜ਼ਿਆਦਾ ਸਨ; ਉਦੋਂ ਹੀ ਇੱਕ ਵਿਚਾਰ ਉਨ੍ਹਾਂ ਦੇ ਮਨ ਵਿੱਚ ਆਇਆ।

'ਕਿਉਂ ਨਾ ਆਪਣਾ ਖ਼ੁਦ ਦਾ ਬ੍ਰਾਂਡ ਅਰੰਭਿਆ ਜਾਵੇ। ਜੇ ਕੰਮ ਵਧੀਆ ਹੋਵੇਗਾ, ਤਾਂ ਮੁਕਾਬਲਾ ਵੀ ਕੋਈ ਨਹੀਂ।'

ਫਿਰ ਉਨ੍ਹਾਂ ਮਿਲ ਕੇ ਆਪਣੀ ਧਾਰਨਾ ਦਾ ਨਾਂਅ ਧਰਿਆ: ਰੀ-ਫ਼ੀਲ। ਅਲਕੇਸ਼ ਨੇ ਲੋਗੋ ਤਿਆਰ ਕਰਨ ਲਈ 30 ਦਿਨਾਂ ਵਿੱਚ ਫ਼ੋਟੋਸ਼ਾੱਪ ਸਿੱਖੀ। ਉਦੋਂ ਇੱਕ-ਇੱਕ ਪੈਸਾ ਕੀਮਤੀ ਸੀ ਅਤੇ ਉਸ ਪੈਸੇ ਦੀ ਵਰਤੋਂ ਕੇਵਲ ਤਦ ਹੀ ਕਰਨੀ ਚਾਹੀਦੀ ਸੀ, ਜੇ ਉਸ ਤੋਂ ਅੱਗੇ ਕਈ ਗੁਣਾ ਰੁਪਏ ਬਣਾਏ ਜਾਣ।

image


9 ਫ਼ਰਵਰੀ, 2007 ਨੂੰ ਕੰਪਨੀ ਅਰੰਭ ਹੋ ਗਈ, ਜਿਸ ਦਾ ਦਫ਼ਤਰ ਦਰਮਿਆਨਾ ਜਿਹਾ ਸੀ। ਉਹ ਇੱਕ ਸ਼ੋਅਰੂਮ ਖੋਲ੍ਹਣਾ ਚਾਹੁੰਦੇ ਸਨ, ਜਿਸ ਉਤੇ ਘੱਟੋ-ਘੱਟ 25 ਲੱਖ ਰੁਪਏ ਖ਼ਰਚ ਹੋਣੇ ਸਨ।

ਅਲਕੇਸ਼ ਕੋਲ ਤਰਕਾਂ ਦਾ ਇੱਕ ਸਮਾਨੰਤਰ ਬ੍ਰਹਿਮੰਡ ਸੀ। ਉਨ੍ਹਾਂ ਤਰਕਾਂ ਦੇ ਆਧਾਰ ਉਤੇ ਹੀ ਉਨ੍ਹਾਂ ਫ਼ਰੈਂਚਾਇਜ਼ੀ ਪੇਸ਼ਕਸ਼ਾਂ ਨਾਲ ਬ੍ਰਾਂਡ ਚਲਾਉਣ ਦਾ ਫ਼ੈਸਲਾ ਕੀਤਾ। ਇੱਕ ਫ਼ਰੈਂਚਾਇਜ਼ੀ ਬਹੁਤ ਸਸਤੀ ਕੀਮਤ - ਇੱਕ ਲੱਖ ਰੁਪਏ ਵਿੱਚ।

ਅਲਕੇਸ਼ ਹੁਣ ਚੇਤੇ ਕਰਦਾ ਦਸਦਾ ਹੈ,''ਨਾ ਤਾਂ ਸਾਡਾ ਆਪਣਾ ਕੋਈ ਸਟੋਰ ਸੀ, ਨਾ ਹੀ ਕੋਈ ਅਦਭੁੱਤ ਦਫ਼ਤਰ ਤੇ ਨਾ ਹੀ ਕੋਈ ਪੱਕੀ ਧਾਰਨਾ।''

''ਰੱਬ ਵੀ ਤੁਹਾਡੀ ਭਾਲ 'ਚ ਰਹਿੰਦਾ ਹੈ। ਸਾਡੀ ਪਹਿਲੀ ਫ਼ਰੈਂਚਾਇਜ਼ੀ ਬੇਨਤੀ 10-15 ਦਿਨਾਂ ਵਿੱਚ ਹੀ ਆ ਗਈ। ਐਨ.ਐਮ. ਬੋਦਰਾ ਸਨ; ਜੋ ਸਾਡੇ ਲਈ ਤਾਂ ਫ਼ਰਿਸ਼ਤਾ ਹੀ ਸਨ।'' ਦੂਜੀ ਫ਼ਰੈਂਚਾਇਜ਼ੀ ਵੀ ਬੋਦਰਾ ਰਾਹੀਂ ਆਈ।

ਉਧਰ ਬੈਂਕ ਵਿੱਚ ਕੇਵਲ ਸਵਾ ਲੱਖ ਰੁਪਏ ਰਹਿ ਗਏ ਸਨ। ਅਲਕੇਸ਼ ਨੇ ਇੱਕ ਵਾਰ ਹੋਰ ਜੂਆ ਖੇਡਣ ਦੀ ਸੋਚੀ। ਐਤਕੀਂ 'ਫ਼ਰੈਂਚਾਇਜ਼ ਇੰਡੀਆ' ਵੱਲੋਂ ਮੁੰਬਈ ਵਿਖੇ ਇੱਕ ਪ੍ਰਦਰਸ਼ਨੀ ਰੱਖੀ ਗਈ ਸੀ; ਜਿੱਥੇ ਫ਼ਰੈਂਚਾਇਜ਼ੀ ਖੋਲ੍ਹਣ ਦੇ ਚਾਹਵਾਨਾਂ ਨੇ ਹੀ ਪੁੱਜਣਾ ਸੀ।ਅਲਕੇਸ਼ ਨੇ ਪ੍ਰਬੰਧਕਾਂ ਨਾਲ ਗੱਲਬਾਤ ਤੇ ਸੌਦੇਬਾਜ਼ੀ ਕਰਦਿਆਂ ਸਟਾੱਲ ਦਾ ਕਿਰਾਇਆ ਅੱਧਾ ਕਰਵਾ ਲਿਆ। 'ਮੈਂ ਈਵੈਂਟ ਹੌਸਟੈਸਜ਼ ਦੀਆਂ ਸੇਵਾਵਾਂ ਵੀ ਨਾ ਲਈਆਂ। ਮੈਨੂੰ ਫ਼ੈਂਸੀ ਲਾਈਟਾਂ ਤੇ ਗੈਜੇਟਸ ਤੇ ਫ਼ਲੈਸ਼ੀ ਬੈਨਰਾਂ ਦੀ ਵੀ ਜ਼ਰੂਰਤ ਨਹੀਂ ਸੀ। ਮੈਂ ਤਾਂ ਕੇਵਲ ਆਪਣੀ ਕੰਪਨੀ ਦੀ ਕਾਰਗੁਜ਼ਾਰੀ ਦੇ ਦਮ ਉੱਤੇ ਹੀ ਸਾਂ।'

ਇਹ ਵਿਚਾਰ ਕੰਮ ਕਰ ਗਿਆ ਅਤੇ ਉਸ ਪ੍ਰਦਰਸ਼ਨੀ ਵਿਚੋਂ ਤਿੰਨ ਫ਼ਰੈਂਚਾਈਜ਼ੀ ਮਿਲ ਗਈਆਂ ਤੇ ਕੰਪਨੀ ਨੂੰ 10 ਲੱਖ ਰੁਪਏ ਦੀ ਆਮਦਨ ਹੋ ਗਈ।

''ਫਿਰ ਪਿਛਾਂਹ ਮੁੜ ਕੇ ਨਾ ਤੱਕਿਆ''

ਅਗਲੇ ਦੋ ਸਾਲਾਂ ਦੇ ਸਮੇਂ ਦੌਰਾਨ ਇੱਕ-ਦੂਜੇ ਤੋਂ ਸੁਣ-ਸੁਣਾ ਕੇ ਕਾਰੋਬਾਰ ਵਧਦਾ ਚਲਾ ਗਿਆ। ਫਿਰ ਉਨ੍ਹਾਂ ਭਾਰਤ ਵਿੱਚ 'ਕਾਰਟਰਿਜ ਵਰਲਡ' ਦੇ ਮੋਹਰੀ ਦਾ ਦਰਜਾ ਸੰਭਾਲ਼ ਲਿਆ।

''ਜਦੋਂ ਕਾਰਟਰਿਜ ਵਰਲਡ ਦੇ 30 ਸਟੋਰ ਸਨ, ਸਾਡੇ ਕੋਲ ਕੇਵਲ ਤਿੰਨ ਹੀ ਸਨ। ਜਦੋਂ ਉਨ੍ਹਾਂ ਦੇ 50 ਸਟੋਰ ਹੋਏ, ਤਦ ਸਾਡੇ ਕੋਲ ਵੀ 50 ਸਨ। ਅਸੀਂ 2009 'ਚ ਭਾਰਤ ਵਿੱਚ ਹਰੇਕ ਪੰਜ ਦਿਨਾਂ ਬਾਅਦ ਇੱਕ ਸਟੋਰ ਖੋਲ੍ਹਿਆ।'' ਫਿਰ ਸਾਲ 2009 ਵਿੱਚ ਸਾਨੂੰ ਉਭਰਦੀ ਕੰਪਨੀ; 2009, 2010 ਅਤੇ 2011 ਦੇ ਸਿਖ਼ਰਲੇ 100 ਫ਼ਰੈਂਚਾਇਜ਼ਰ ਵਿਚੋਂ ਇੱਕ ਕਰਾਰ ਦਿੱਤਾ ਜਾਂਦਾ ਰਿਹਾ। 2010 ਵਿੱਚ ਬੈਸਟ ਕਸਟਮਰ ਸਪੋਰਟ ਦਾ ਇਨਾਮ ਮਿਲਿਆ। 'ਟਾਈਮਜ਼ ਆੱਫ਼ ਇੰਡੀਆ' ਨੇ ਅਲਕੇਸ਼ ਨੂੰ ਪੂਰਬ ਦੇ 10 ਉੱਦਮੀਆਂ ਵਿਚੋਂ ਇੱਕ ਦੇ ਤੌਰ ਉਤੇ ਚੁਣਿਆ।

ਸਾਲ 2010 ਦੌਰਾਨ 'ਰੀ-ਫ਼ੀਲ' ਨੇ 'ਟਾਈਮਜ਼ ਆੱਫ਼ ਇੰਡੀਆ' ਨਾਲ 15 ਕਰੋੜ ਰੁਪਏ ਦਾ ਸੌਦਾ ਕੀਤਾ।

ਫਿਰ ਬ੍ਰਿਟਿਸ਼ ਕੰਪਨੀ ਟੀ.ਐਲ.ਜੀ. ਕੈਪੀਟਲ ਨੇ 10 ਕਰੋੜ ਰੁਪਏ ਦੀ 'ਰੀ-ਫ਼ੀਲ ਕਾਰਟਰਿਜ ਇੰਜੀਨੀਅਰਿੰਗ ਪ੍ਰਾਈਵੇਟ ਲਿਮਟਿਡ' ਦੀ ਕੀਮਤ 53 ਕਰੋੜ ਰੁਪਏ ਜਾਂ 50 ਲੱਖ ਅਮਰੀਕੀ ਡਾਲਰ ਲਾਈ ਤੇ ਕੰਪਨੀ ਦਾ 36 ਫ਼ੀ ਸਦੀ ਹਿੱਸਾ ਖ਼ਰੀਦ ਲਿਆ। ਫਿਰ ਇੱਕ ਨਵਾਂ ਉਦਮ 'ਕਲੱਬ-ਲੈਪਟਾੱਪ' ਸਾਹਮਣੇ ਆਇਆ। ਇਹ ਪ੍ਰਿੰਟਰ ਇਨਸਟਾਲੇਸ਼ਨ, ਰੱਖ-ਰਖਾਅ ਅਤੇ ਮੁਰੰਮਤ ਦੇ ਨਾਲ ਨਾਲ ਵੱਡੀ ਮਾਤਰਾ ਵਿੱਚ ਪ੍ਰਿੰਟ ਦੀਆਂ ਸੇਵਾਵਾਂ ਕਾਰਪੋਰੇਟ ਮੁਵੱਕਿਲਾਂ ਨੂੰ ਦੇਣ ਲੱਗਾ। ਇਸ ਦੌਰਾਨ, ਮਾਂ-ਕੰਪਨੀ ਦਾ ਵਿਸਥਾਰ ਹੋਇਆ। ਹੁਣ ਇਸ ਕੰਪਨੀ ਦੇ ਦੇਸ਼ ਭਰ ਵਿੱਚ 83 ਥਾਵਾਂ ਉੱਤੇ 100 ਤੋਂ ਵੱਧ ਸਟੋਰ ਹਨ।

ਇਸ ਪ੍ਰਦੂਸ਼ਣ-ਮੁਕਤ ਉੱਦਮ ਨਾਲ ਨਵੇਂ ਉਦਮੀ ਨਿੱਤ ਆ ਕੇ ਜੁੜਦੇ ਰਹੇ। ਸ਼ੁਰੂਆਤ ਦੇ ਮੁਕਾਬਲੇ ਹੁਣ ਇਸ ਕੰਪਨੀ ਦੀ ਟਰਨਓਵਰ ਹਜ਼ਾਰ ਗੁਣਾ ਵੱਧ ਹੈ। ਪਹਿਲਾਂ ਇਸ ਕੰਪਨੀ ਦੀ ਟਰਨਓਵਰ 350 ਫ਼ੀ ਸਦੀ, ਫਿਰ 1,000 ਅਤੇ ਹੁਣ ਹਰ ਸਾਲ 200 ਫ਼ੀ ਸਦੀ ਦੀ ਦਰ ਨਾਲ ਵਧ ਰਹੀ ਹੈ।

ਅਲਕੇਸ਼ ਦਸਦਾ ਹੈ ਕਿ ਇਸ ਵੇਲੇ ਉਨ੍ਹਾਂ ਦੇ ਹੇਠਾਂ 10 ਐਮ.ਬੀ.ਏ. ਕੰਮ ਕਰਦੇ ਹਨ। ਅਲਕੇਸ਼ ਇਸ ਸਫ਼ਲਤਾ ਦਾ ਸਿਹਰਾ ਆਪਣੀ ਪ੍ਰਤੀਬੱਧ ਟੀਮ ਸਿਰ ਬੱਝਦੇ ਹਨ। ਸਾਲ 2011 ਵਿੱਚ ਉਨ੍ਹਾਂ ਦੀ 16 ਮੈਂਬਰੀ ਟੀਮ ਵਧ ਕੇ 100 ਮੈਂਬਰਾਂ ਵਾਲੀ ਬਟਾਲੀਅਨ ਬਣ ਗਈ ਸੀ ਤੇ 800 ਹੋਰ ਆਪਣੇ ਫ਼ਰੈਂਚਾਈਜ਼ੀਸ ਵਿੱਚ ਕੰਮ ਕਰ ਰਹੇ ਸਨ। ਅਲਕੇਸ਼ ਅਨੁਸਾਰ,''ਅਸੀਂ ਜ਼ਿਆਦਾਤਰ ਪਹਿਲੀ ਵਾਰ ਬਾਜ਼ਾਰ ਵਿੱਚ ਉਤਰੇ ਵਿਅਕਤੀਆਂ ਨਾਲ ਸ਼ੁਰੂਆਤ ਕੀਤੀ ਸੀ। ਪਿਛਲੇ ਅੱਠ ਵਰ੍ਹਿਆਂ ਦੌਰਾਨ ਉਨ੍ਹਾਂ ਵਿਚੋਂ ਬਹੁਤੇ ਅੱਜ ਵੀ ਮੇਰੇ ਨਾਲ ਖੜ੍ਹੇ ਹਨ।''

ਅਲਕੇਸ਼ ਦੀ ਇਹ ਵਿਲੱਖਣ ਕਹਾਣੀ ਇਹੋ ਸਿੱਧ ਕਰਦੀ ਹੈ ਕਿ ਇੱਕ ਉੱਦਮੀ ਦੀਆਂ ਤਿੰਨ ਵੱਡੀਆਂ ਸੰਪਤੀਆਂ ਉਸ ਦਾ ਵਿਚਾਰ, ਲੋਕਾਂ ਨਾਲ ਉਸ ਦਾ ਸੁਖਾਵਾਂਪਣ ਤੇ ਉਸ ਦੇ ਆਪਣੇ ਅੰਦਰੂਨੀ ਗੁਣ; ਹੁੰਦੀਆਂ ਹਨ।

ਲੇਖਕ: ਬਿੰਜਲ ਸ਼ਾਹ