ਦੋਵੇਂ ਹੱਥ ਨਹੀਂ ਪਰ ਪੰਜਾਬ ਦੇ ਜਗਵਿੰਦਰ ਨੇ ਪੇਂਟਿੰਗ 'ਚ ਜਿੱਤੇ ਰਾਸ਼ਟਰੀ ਤੇ ਸਾਇਕਲਿੰਗ 'ਚ ਸੂਬਾਈ ਮੈਡਲ

ਦੋਵੇਂ ਹੱਥ ਨਹੀਂ ਪਰ ਪੰਜਾਬ ਦੇ ਜਗਵਿੰਦਰ ਨੇ ਪੇਂਟਿੰਗ 'ਚ ਜਿੱਤੇ ਰਾਸ਼ਟਰੀ ਤੇ ਸਾਇਕਲਿੰਗ 'ਚ ਸੂਬਾਈ ਮੈਡਲ

Monday December 07, 2015,

3 min Read

24 ਸਾਲਾ ਜਗਵਿੰਦਰ ਸਿੰਘ ਦੇ ਜਨਮ ਤੋਂ ਹੀ ਦੋਵੇਂ ਹੱਥ ਨਹੀਂ ਹਨ ਪਰ ਉਸ ਦੇ ਹੌਸਲੇ ਆਕਾਸ਼ ਤੋਂ ਵੀ ਬੁਲੰਦ ਹਨ। ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ ਉਹ ਆਪਣੇ ਪੈਰਾਂ ਨਾਲ਼ ਡਟ ਕੇ ਕਰ ਰਿਹਾ ਹੈ। ਅੱਜ ਉਹ ਡਰਾਇੰਗ ਅਧਿਆਪਕ ਹੈ ਅਤੇ ਪੇਂਟਿੰਗ ਵਿੱਚ ਜਿੱਥੇ ਉਹ ਰਾਸ਼ਟਰੀ ਜੇਤੂ ਹੈ, ਉਥੇ ਉਹ ਸਾਇਕਲਿੰਗ ਵਿੱਚ ਸੋਨ-ਤਮਗ਼ਾ (ਗੋਲਡ ਮੈਡਲ) ਜੇਤੂ ਵੀ ਹੈ। ਉਸ ਦਾ ਟੀਚਾ ਵਿਸ਼ਵ ਸਾਈਕਲਿੰਗ ਚੈਂਪੀਅਨਸ਼ਿਪ ਜਿੱਤਣ ਦਾ ਹੈ। ਉਹ ਹੁਣ ਵੱਧ ਤੋਂ ਵੱਧ 47 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਸਾਇਕਲ ਦੌੜਾ ਲੈਂਦਾ ਹੈ। ਤਿੰਨ ਅਪ੍ਰੈਲ, 1991 ਨੂੰ ਪੰਜਾਬ ਦੇ ਪਟਿਆਲ਼ਾ ਜ਼ਿਲ੍ਹੇ 'ਚ ਦੇ ਕਸਬੇ ਪਾਤੜਾਂ ਲਾਗਲੇ ਇੱਕ ਪਿੰਡ 'ਚ ਜਨਮੇ ਜਗਵਿੰਦਰ ਸਿੰਘ ਦੇ ਜਨਮ ਤੋਂ ਹੀ ਦੋਵੇਂ ਹੱਥ ਨਹੀਂ ਸਨ। ਤਦ ਉਸ ਦੀ ਮਾਂ ਸ੍ਰੀਮਤੀ ਅਮਰਜੀਤ ਕੌਰ ਅਤੇ ਪਿਤਾ ਸ੍ਰੀ ਸੁਖਦੇਵ ਸਿੰਘ ਨੂੰ ਛੱਡ ਕੇ ਹਰ ਕੋਈ ਬਹੁਤ ਨਿਰਾਸ਼ ਹੋਇਆ ਸੀ। ਸਾਢੇ ਤਿੰਨ ਸਾਲਾਂ ਦਾ ਹੋਇਆ, ਤਾਂ ਮਾਂ ਸਕੂਲ ਲੈ ਗਈ। ਹੱਥ ਨਾ ਹੋਣ ਕਾਰਣ ਦਾਖ਼ਲਾ ਵੀ ਨਾ ਮਿਲ ਸਕਿਆ। ਕਈ ਸਕੂਲਾਂ 'ਚ ਗਏ ਪਰ ਸਭਨਾਂ ਨੇ ਜਵਾਬ ਦੇ ਦਿੱਤਾ। ਪਿੰਡ ਵਾਸੀ ਕਹਿੰਦੇ ਸਨ ਕਿ ਇਸ ਬੱਚੇ ਦਾ ਕੁੱਝ ਨਹੀਂ ਹੋਣ ਲੱਗਾ। ਉਸ ਦੇ ਪਰਿਵਾਰ ਉਸ ਦੀਆਂ ਤਿੰਨ ਭੈਣਾਂ ਅਤੇ ਇੱਕ ਛੋਟਾ ਭਰਾ ਸਰੀਰਕ ਤੌਰ ਉਤੇ ਪੂਰੀ ਤਰ੍ਹਾਂ ਸਹੀ ਸਲਾਮਤ ਹਨ।

image


ਨਿਰਾਸ਼ ਮਾਂ ਸ੍ਰੀਮਤੀ ਅਮਰਜੀਤ ਕੌਰ ਨੇ ਤਦ ਫ਼ੈਸਲਾ ਲਿਆ ਕਿ ਉਹ ਅਜਿਹਾ ਪਿੰਡ ਹੀ ਛੱਡ ਦੇਵੇਗੀ, ਜਿੱਥੇ ਉਸ ਦੇ ਪੁੱਤਰ ਦੇ ਅੱਗੇ ਵਧਣ ਵਿੱਚ ਕੋਈ ਅੜਿੱਕਾ ਪਵੇ। ਫਿਰ ਉਨ੍ਹਾਂ ਦਾ ਪਰਿਵਾਰ ਪਿੰਡ ਛੱਡ ਕੇ ਪਾਤੜਾਂ ਆ ਗਿਆ। ਪਿੰਡ ਦਾ ਨਾਂਅ ਜਗਵਿੰਦਰ ਸਿੰਘ ਜਾਣਬੁੱਝ ਕੇ ਨਹੀਂ ਦੱਸਣਾ ਚਾਹੁੰਦਾ। ਤੀਜੀ ਜਮਾਤ ਤੱਕ ਪੜ੍ਹੀ ਮਾਂ ਨੇ ਜਗਵਿੰਦਰ ਨੂੰ ਖ਼ੁਦ ਹੀ ਪੜ੍ਹਾਉਣ ਦੀ ਜ਼ਿੰਮੇਵਾਰੀ ਲਈ। ਉਹ ਆਪਣੇ ਪੁੱਤਰ ਨੂੰ ਪੈਰਾਂ ਨਾਲ ਲਿਖਣਾ ਸਿਖਾਉਣ ਲੱਗੇ। ਜਗਵਿੰਦਰ ਦੀ ਲਗਨ ਵੀ ਇੰਨੀ ਜ਼ਬਰਦਸਤ ਸੀ ਕਿ ਕੁੱਝ ਹੀ ਮਹੀਨਿਆਂ ਵਿੱਚ ਉਨ੍ਹਾਂ ਲਿਖਣਾ ਸਿੱਖ ਲਿਆ। ਵਿਕਟੋਰੀਆ ਮਾੱਡਲ ਸਕੂਲ ਵਿੱਚ ਦਾਖ਼ਲਾ ਮਿਲ ਗਿਆ। ਬਾਰ੍ਹਵੀਂ ਜਮਾਤ ਤੱਕ ਪੜ੍ਹਾਈ ਕੀਤੀ। ਪਿਤਾ ਸੁਖਦੇਵ ਨੇ ਪਾਤੜਾਂ 'ਚ ਹੀ ਬੂਟੀਕ ਸ਼ੁਰੂ ਕੀਤਾ। ਪਿਤਾ ਦੇ ਕੱਪੜਿਆਂ ਦੇ ਡਿਜ਼ਾਇਨ ਵੇਖ ਕੇ ਜਗਵਿੰਦਰ ਨੇ ਪੈਰਾਂ ਨਾਲ ਹੀ ਡਰਾਇੰਗ ਬਣਾਉਣੀ ਸ਼ੁਰੂ ਕੀਤੀ। ਡਿਜ਼ਾਇਨ ਬਣਾਉਂਦੇ-ਬਣਾਉਂਦੇ ਪੇਂਟਿੰਗ ਵਿੱਚ ਪਹਿਲਾਂ ਸਕੂਲ, ਫਿਰ ਜ਼ਿਲ੍ਹਾ, ਫਿਰ ਪੰਜਾਬ ਰਾਜ ਦਾ ਅਤੇ ਫਿਰ ਰਾਸ਼ਟਰ ਪੱਧਰ ਦਾ ਇਨਾਮ ਜਿੱਤਿਆ। ਹੁਣ ਉਹ ਵਿਕਟੋਰੀਆ ਸਕੂਲ ਵਿੱਚ ਡਰਾਇੰਗ ਅਧਿਆਪਕ ਹੈ।

image


ਇੱਕ ਸਮਾਰੋਹ 'ਚ ਹਿੱਸਾ ਲੈਣ ਜਲੰਧਰ ਪੁੱਜੇ ਜਗਵਿੰਦਰ ਸਿੰਘ ਨੇ ਦੱਸਿਆ ਕਿ 8ਵੀਂ ਜਮਾਤ ਵਿੱਚ ਸੀ, ਤਦ ਦੋ ਸਾਲਾ ਛੋਟੀ ਭੈਣ ਲਈ ਸਾਇਕਲ ਆਈ। ਹੱਥ ਨਾ ਹੋਣ ਕਾਰਣ ਉਸ ਨੂੰ ਕੋਈ ਸਾਇਕਲ ਚਲਾਉਣ ਨਹੀਂ ਦਿੰਦਾ ਸੀ। ਇੱਕ ਦਿਨ ਕੰਧ ਕੋਲ ਖੜ੍ਹੀ ਸਾਇਕਲ ਉਤੇ ਚੜ੍ਹ ਗਿਆ। ਹੌਲ਼ੀ-ਹੌਲ਼ੀ ਸਾਇਕਲ ਚਲਾਉਣੀ ਸ਼ੁਰੂ ਕਰ ਦਿੱਤੀ। ਕਈ ਵਾਰ ਡਿੱਗਿਆ ਵੀ, ਸੱਟਾਂ ਖਾਧੀਆਂ ਪਰ ਜ਼ਿੱਦ ਨਾ ਛੱਡੀ। ਜ਼ਮੀਨ ਉਤੇ ਪੈਰ ਰਗੜ ਕੇ ਸਾਇਕਲ ਰੋਕਦਾ। ਦੋ ਸਾਲ ਇੰਝ ਹੀ ਚੱਲਿਆ। ਇੱਕ ਦਿਨ ਤੇਜ਼ ਰਫ਼ਤਾਰ ਸਾਇਕਲ ਪੈਰਾਂ ਨਾਲ ਨਾ ਰੁਕ ਸਕੀ ਤੇ ਬਹੁਤ ਜ਼ੋਰ ਦੀ ਖੰਭੇ ਨਾਲ ਜਾ ਟਕਰਾਇਆ। ਬਹੁਤ ਸੱਟਾਂ ਵੱਜੀਆਂ। ਸਭ ਨੇ ਕਿਹਾ ਕਿ ਹੁਣ ਸਾਇਕਲ ਨੂੰ ਹੱਥ ਨਾ ਲਾਵੀਂ। ਜਦੋਂ ਉਸ ਨੇ ਆਪਣੀ ਸਾਇਕਲ ਵੇਖੀ, ਤਾਂ ਬਰੇਕ ਟੁੱਟ ਕੇ ਹੈਂਡਲ ਕੋਲ ਆ ਗਈ ਸੀ, ਉਸ ਨੇ ਬਰੇਕ ਦਬਾਈ, ਤਾਂ ਬਰੇਕ ਲੱਗ ਗਈ। ਬੱਸ ਫਿਰ ਕੀ ਸੀ, ਸਾਇਕਲ ਦੀ ਬਰੇਕ ਹੈਂਡਲ ਨਾਲ ਹੀ ਸੈਟ ਕਰਵਾ ਲਈ ਅਤੇ ਸਾਇਕਲ ਚਲਾਉਣ ਲੱਗਾ। ਜਗਵਿੰਦਰ ਓਲੰਪਿਕ ਪੈਰਾ ਸਾਈਕਲਿੰਗ ਵਿੱਚ ਤਮਗ਼ਾ ਜਿੱਤਣਾ ਚਾਹੁੰਦਾ ਸੀ ਪਰ ਇੰਨਾ ਪੈਸਾ ਨਹੀਂ ਕਿ ਲੋੜੀਂਦੀ ਟਰੇਨਿੰਗ ਹਾਸਲ ਕਰ ਸਕੇ। 'ਦੈਨਿਕ ਭਾਸਕਰ' ਵਿੱਚ ਛਪੀ ਅੰਕਿਤ ਸ਼ਰਮਾ ਦੀ ਰਿਪੋਰਟ ਅਨੁਸਾਰ ਜਗਵਿੰਦਰ ਨਿੱਕੇ ਹੁੰਦਿਆਂ ਪਾਤੜਾਂ ਛਾਉਣੀ 'ਚ ਸਾਇਕਲ-ਦੌੜਾਕਾਂ ਨੂੰ ਵੇਖਦਾ ਰਹਿੰਦਾ ਸੀ। ਕਦੇ ਉਹ ਰਾਹ ਵਿੱਚ ਮਿਲਣ ਵਾਲੇ ਅਜਿਹੇ ਕਿਸੇ ਚਾਲਕ ਤੋਂ ਕੋਈ ਸੁਝਾਅ ਵੀ ਲੈਂਦਾ ਸੀ। ਦੋ ਸਾਲ ਪਹਿਲਾਂ ਸਾਇਕਲਿਸਟ ਵਜੋਂ ਐਨ.ਆਈ.ਐਸ. ਪਟਿਆਲ਼ਾ ਵਿੱਚ ਦਾਖ਼ਲਾ ਮਿਲਿਆ ਪਰ ਕਿਸੇ ਨੇ ਕੁੱਝ ਨਾ ਸਿਖਾਇਆ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸ੍ਰੀ ਰਾਕੇਸ਼ ਕੁੰਦਰਾ ਨੂੰ ਮਿਲਿਆ, ਤਾਂ ਉਨ੍ਹਾਂ ਡੇਢ ਮਹੀਨਾ ਚੰਡੀਗੜ੍ਹ ਦੀ ਟੀਮ ਨਾਲ ਲੋੜੀਂਦੀ ਸਿਖਲਾਈ ਦਿਵਾਈ। ਫਿਰ ਉਸ ਦੀ ਕਈ ਸੀਨੀਅਰ ਸਾਇਕਲ-ਦੌੜਾਕਾਂ ਤੋਂ ਵੀ ਵਧੀਆ ਕਾਰਗੁਜ਼ਾਰੀ ਆਈ। ਪੰਜਾਬ ਚੈਂਪੀਅਨਸ਼ਿਪ ਵਿੱਚ ਛੇ ਸਾਲਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਪਹਿਲਾ ਤਮਗ਼ਾ ਮਿਲਿਆ।

ਲੇਖਕ: ਰਵੀ ਸ਼ਰਮਾ

ਅਨੁਵਾਦ: ਮਹਿਤਾਬ-ਉਦ-ਦੀਨ