ਮੇਰਾ ਪਹਿਲਾ ਸਟਾਰਟ-ਅਪ ਪਹਿਲੇ ਹੀ ਸਾਲ ਬੰਦ ਹੋ ਗਿਆ, ਮੈਂ 15 ਲੱਖ ਰੁਪਏ ਦੇ ਨੁਕਸਾਨ 'ਚ ਰਿਹਾ

0

ਮੈਨੂੰ ਜਾਪਦਾ ਸੀ ਕਿ ਮੈਂ ਆਪਣੇ ਸਟਾਰਟ-ਅਪ (ਨਵਾਂ ਕਾਰੋਬਾਰ ਖੋਲ੍ਹਣਾ) ਰਾਹੀਂ ਕਰੋੜ ਰੁਪਏ ਬਣਾਉਣ ਵਿੱਚ ਸਫ਼ਲ ਰਹਾਂਗਾ ਪਰ ਮੈਂ ਬਹੁਤ ਬੁਰੀ ਤਰ੍ਹਾਂ ਨਾਕਾਮ ਰਿਹਾ। ਮੈਂ ਫ਼ਲਿਪਕਾਰਟ ਅਤੇ ਜੋਮੈਟੋ ਦੀਆਂ ਸ਼ਾਨਦਾਰ ਕਹਾਣੀਆਂ ਤਾਂ ਪੜ੍ਹੀਆਂ ਸਨ ਪਰ ਕਿਸੇ ਨੇ ਮੈਨੂੰ ਇਹ ਨਹੀਂ ਦੱਸਿਆ ਸੀ ਕਿ 90 ਫ਼ੀ ਸਦੀ ਸਟਾਰਟ-ਅਪ ਆਪਣੀ ਸਥਾਪਨਾ ਦੇ ਸਾਲਾਂ ਦੇ ਅੰਦਰ ਹੀ ਨਾਕਾਮ ਹੋ ਕੇ ਰਹਿ ਜਾਂਦੇ ਹਨ। ਮੇਰਾ ਤਾਂ ਪਹਿਲੇ ਹੀ ਸਾਲ 'ਚ ਢਹਿ-ਢੇਰੀ ਹੋ ਕੇ ਰਹਿ ਗਿਆ ਸੀ। ਕਈ ਵਾਰ ਮੈਂ ਆਪਣੇ-ਆਪ ਨੂੰ ਲੁੱਟਿਆ-ਪੁੱਟਿਆ ਮਹਿਸੂਸ ਕਰਦਾ ਸਾਂ ਪਰ ਇਹ ਵੀ ਸੱਚਾਈ ਹੈ ਕਿ ਗ਼ਲਤੀ ਮੇਰੀ ਹੀ ਸੀ। ਮੈਂ ਕਹਾਣੀ ਦੇ ਸਿਰਫ਼ ਇੱਕੋ ਹੀ ਪੱਖ ਨੂੰ ਸੱਚ ਮੰਨ ਲਿਆ ਸੀ।

ਅੱਜ ਮੈਂ ਤੁਹਾਨੂੰ ਆਪਣੀ ਕਹਾਣੀ ਦੇ ਦੂਜੇ ਪੱਖ ਤੋਂ ਰੂ-ਬ-ਰੂ ਕਰਵਾਉਂਦਾ ਹਾਂ।

ਉਹ ਸਾਲ 2013 ਦਾ ਅਪ੍ਰੈਲ ਮਹੀਨਾ ਸੀ, ਜਦੋਂ ਮੈਂ ਆਪਣੀ ਕੰਮ ਵਾਲੀ ਥਾਂ ਉਤੇ ਅਸਹਿਜ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਸੀ। ਕੰਮ ਛੱਡਣ ਦੇ ਵਿਚਾਰ ਮੇਰੇ ਉਤੇ ਭਾਰੂ ਹੁੰਦੇ ਜਾ ਰਹੇ ਸਨ ਅਤੇ ਮੇਂ ਕੰਮ ਵਿੱਚ ਆਪਣੀ ਦਿਲਚਸਪੀ ਖੋਹੰਦਾ ਜਾ ਰਿਹਾ ਸਾਂ।

ਮੈਂ ਹਾਲੇ ਅਮਰੀਕਾ ਤੋਂ ਪਰਤਿਆ ਹੀ ਸੀ ਅਤੇ ਮੈਂ ਭਾਰਤ 'ਚ ਮੁੜ ਆਪਣੇ ਘਰ ਦੀ ਸਥਾਪਨਾ ਦੇ ਬਹਾਨੇ ਆਪਣੇ ਮੈਨੇਜਰ ਤੋਂ ਕੁੱਝ ਸਮਾਂ ਮੰਗਿਆ। ਭਾਵੇਂ ਜੇ ਮੈਂ ਸੱਚ ਆਵਾਂ, ਤਾਂ ਅਸਲ ਸਮੱਸਿਆ ਕੰਮ ਨੂੰ ਲੈ ਕੇ ਮੇਰੀ ਨਾਖ਼ੁਸ਼ੀ ਸੀ।

ਮੈਂ ਆਪਣੇ ਦਮ ਉਤੇ ਕੁੱਝ ਸਥਾਪਤ ਕਰਨ ਦੇ ਸੁਫ਼ਨੇ ਤਾਂ ਵੇਖਦਾ ਸਾਂ ਪਰ ਮੇਰੇ ਅੰਦਰ ਅਜਿਹਾ ਕੁੱਝ ਕਰਨ ਦੀ ਹਿੰਮਤ ਨਹੀਂ ਸੀ।

ਮੈਂ ਇਸ ਬਾਰੇ ਆਪਣੇ ਇੱਕ ਦੋਸਤ ਨਾਲ ਸਲਾਹ ਕੀਤੀ ਅਤੇ ਅਸੀਂ ਇੱਕ ਕੰਪਨੀ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ। ਮੈਂ ਆਪਣੀ ਸਾਰੀ ਬੱਚਤ ਇਸ ਸਟਾਰਟ-ਅਪ ਨੂੰ ਸਮਰਪਿਤ ਕਰ ਦਿੱਤੀ।

ਅਸੀਂ ਪਹਿਲਾ ਕਦਮ ਚੁੱਕਦਿਆਂ ਇੱਕ ਪ੍ਰਾਈਵੇਟ ਲਿਮਟਿ ਕੰਪਨੀ ਦੀ ਸਥਾਪਨਾ ਕੀਤੀ ਅਤੇ ਦੋਵਾਂ ਨੇ 5 ਲੱਖ ਰੁਪਏ ਦੀ ਬਰਾਬਰ ਇਕਵਿਟੀ ਦਾ ਨਿਵੇਸ਼ ਕੀਤਾ। ਅਸੀਂ ਗੁੜਗਾਓਂ 'ਚ ਇੱਕ ਬੇਸਮੈਂਟ 'ਚ ਦਫ਼ਤਰ ਕਾਇਮ ਕਰ ਕੇ ਸ਼ੁਰੂਆਤ ਕੀਤੀ।

ਸਾਨੂੰ ਲਗਦਾ ਸੀ ਕਿ ਸਿੱਖਿਆ ਦਾ ਖੇਤਰ ਅਰਬਾਂ ਡਾਲਰ ਦਾ ਉਦਯੋਗ ਹੈ; ਇਸੇ ਲਈ ਅਸੀਂ ਸਕੂਲਾਂ ਨਾਲ ਸਬੰਧਤ ਸਮੱਸਿਆਵਾਂ ਹੱਲ ਕਰਨਾ ਚਾਹੁੰਦੇ ਸਾਂ। ਸਾਨੂੰ ਇੰਝ ਜਾਪਿਆ ਕਿ ਅਸੀਂ ਸਕੂਲਾਂ ਲਈ ਕੋਈ ਉਤਪਾਦ ਤਿਆਰ ਕਰ ਕੇ ਵੱਡਾ ਮੁਨਾਫ਼ਾ ਕਮਾ ਸਕਦੇ ਹਾਂ।

ਬਹੁਤ ਲੰਮੇ ਵਿਚਾਰ-ਵਟਾਂਦਰੇ ਤੋਂ ਬਾਅਦ ਅਸੀਂ ਸਕੂਲਾਂ ਲਈ ਇੱਕ ਈ.ਆਰ.ਪੀ. ਦੇ ਵਿਚਾਰ ਨਾਲ ਸਾਹਮਣੇ ਆਏ, ਜੋ ਇੱਕ ਅਜਿਹਾ ਆੱਨਲਾਈਨ ਸਾੱਫ਼ਟਵੇਅਰ ਹੈ, ਜਿਸ ਦੀ ਮਦਦ ਨਾਲ ਬੱਚਿਆਂ ਦੇ ਮਾਪਿਆਂ ਨਾਲ ਗੱਲਬਾਤ ਕਰਨ ਤੋਂ ਲੈ ਕੇ ਫ਼ੀਸ ਅਤੇ ਇਨਵੈਂਟਰੀ ਸਮੇਤ ਹਰ ਕੰਮ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ।

ਮੈਨੂੰ ਇਸ ਗੱਲ ਦਾ ਪੱਕਾ ਯਕੀਨ ਸੀ ਕਿ ਸਾਨੂੰ ਕੰਮ ਲਈ ਲੋਕ ਤਾਂ ਆਸਾਨੀ ਨਾਲ ਮਿਲ ਜਾਣਗੇ। ਸਾਡੇ ਕੋਲ ਉਹ ਸਭ ਮੌਜੂਦ ਸੀ, ਜੋ ਇੱਕ ਬਿਹਤਰੀਨ ਟੀਮ ਨੂੰ ਤਿਸਆਰ ਕਰਨ ਲਈ ਚਾਹੀਦਾ ਸੀ। ਇੱਕ ਦਫ਼ਤਰ, ਬੈਂਕ ਖਾਤੇ ਵਿੱਚ ਪੈਸਾ, ਭਰਤੀ ਦੀ ਨੀਤੀ ਅਤੇ ਸਭ ਤੋਂ ਵੱਧ ਅਹਿਮ ਗੱਲ ਇਹ ਸੀ ਕਿ ਮੇਰੇ ਕੋਲ ਇੱਕ ਅਜਿਹਾ ਸਹਿ-ਬਾਨੀ ਸ, ਜਿਸ ਨੂੰ ਭਰਤੀ ਦੇ ਖੇਤਰ ਵਿੱਚ ਇੱਕ ਦਹਾਕੇ ਤੋਂ ਵੀ ਵੱਧ ਦਾ ਤਜਰਬਾ ਸੀ।

ਅਸੀਂ ਆਪਣੇ ਨਾਲ ਕੰਮ ਕਰਨ ਦੇ ਚਾਹਵਾਨ ਕੁੱਝ ਲੋਕਾਂ ਨੂੰ ਮਿਲੇ। ਪਰ ਸਾਨੂੰ ਇਹ ਵੇਖ ਕੇ ਬਹੁਤ ਹੈਰਾਨੀ ਹੋਈ ਕਿ ਉਨ੍ਹਾਂ ਵਿਚੋਂ ਇੱਕ ਵੀ ਸਾਡੇ ਸਟਾਰਟ-ਅਪ ਦਾ ਹਿੱਸਾ ਬਣਨ ਲਈ ਤਿਆਰ ਨਹੀਂ ਸੀ।

ਮੇਰੇ ਸਹਿ-ਬਾਨੀ ਨੇ ਟਿੱਪਣੀ ਕੀਤੀ,''ਹੁਦ ਤੱਕ ਤਾਂ ਮੈਂ ਕਿਸੇ ਵੀ ਕੰਪਨੀ ਲਈ 10 ਤੋਂ ਵੱਧ ਵਿਅਕਤੀਆਂ ਨੂੰ ਕੰਮ ਉਤੇ ਰੱਖ ਲੈਂਦਾ ਪਰ ਮੈਂ ਹਾਲੇ ਤੱਕ ਸਮਝ ਨਹੀਂ ਸਕਿਆ ਹਾਂ ਕਿ ਲੋਕ ਸਾਡੇ ਨਾਲ ਕਿਉਂ ਨਹੀਂ ਜੁੜ ਰਹੇ ਹਨ।''

ਕਿਉਂਕਿ ਅਸੀਂ ਕਾਰਪੋਰੇਟ ਪਿਛੋਕੜ ਨਾਲ ਸਬੰਧਤ ਸਾਂ; ਇਸ ਲਈ ਅਸੀਂ ਨਵੀਂ ਭਰਤੀ ਦਾ ਖਰੜਾ ਤਿਆਰ ਕਰਨ ਵਿੱਚ ਕੁੱਝ ਦਿਨਾਂ ਦਾ ਸਮਾਂ ਲਾਇਆ। ਅਸੀਂ ਮੂਲ (ਬੇਸਿਕ) ਤਨਖ਼ਾਹ ਤੋਂ ਇਲਾਵਾ ਹੋਰ ਆਮਦਨ ਤੇ ਵਿਅਕਤੀਗਤ ਕਾਰਗੁਜ਼ਾਰੀ ਦੇ ਆਧਾਰ ਉਤੇ ਬੋਨਸ ਵਜੋਂ ਇੰਸੈਂਟਿਵ ਭਾਵ ਪ੍ਰੋਤਸਾਹਨ ਦੇਣ ਵਾਲੀ ਕੰਪਨੀ ਦੀ ਸਥਾਪਨਾ ਕੀਤੀ।

ਅਸੀਂ ਆਪਣੇ ਨਵੇਂ ਦਫ਼ਤਰ ਵਿੱਚ ਆ ਗਏ। ਅਸੀਂ ਇੱਕ ਸਿਖਾਂਦਰੂ ਨੂੰ ਆਪਣੇ ਕੋਲ ਕੰਮ 'ਤੇ ਰੱਖਿਆ ਅਤੇ ਕਾਫ਼ੀ ਮੱਥਾ ਮਾਰਨ ਤੋਂ ਬਾਅਦ ਅਸੀਂ ਇੱਕ ਅਜਿਹਾ ਵਿਅਕਤੀ ਹਾਸਲ ਕਰਨ ਵਿੱਚ ਸਫ਼ਲ ਰਹੇ, ਜਿਸ ਦੀਆਂ ਤਕਨੀਕੀ ਸਮਰੱਥਾਵਾਂ ਸਾਨੂੰ ਪ੍ਰਭਾਵਿਤ ਕਰਨ ਵਿੱਚ ਸਫ਼ਲ ਰਹੀਆਂ ਪਰ ਅਸੀਂ ਉਸ ਦੇ ਪ੍ਰਬੰਧਕੀ ਅਤੇ ਲੀਡਰਸ਼ਿਪ ਦੇ ਕੌਸ਼ਲ ਨੂੰ ਲੈ ਕੇ ਕੁੱਝ ਖ਼ਦਸ਼ੇ ਵਿੱਚ ਸਾਂ। ਉਸ ਨੂੰ ਰੱਖਣਾ ਬਹੁਤ ਮਹਿੰਗਾ ਸੌਦਾ ਸੀ। ਅਸੀਂ ਉਸ ਨੂੰ ਤਨਖ਼ਾਹ ਤੋਂ ਇਲਾਵਾ ਇੰਸਟੈਂਟਿਵ ਦੇਣ ਦੀ ਪੇਸ਼ਕਸ਼ ਕੀਤੀ ਪਰ ਜੇ ਸਾਲ ਦੇ ਅੰਤ ਤੱਕ ਅਸੀਂ ਵਾਧੂ ਆਮਦਨ ਕਮਾਉਣ ਵਿੱਚ ਸਫ਼ਲ ਹੁੰਦੇ।

ਅਸੀਂ ਦੋ ਡਿਵੈਲਪਰਜ਼ ਨਾਲ ਖ਼ੁਦ ਨੂੰ ਬਹੁਤ ਖ਼ੁਸ਼ਕਿਸਮਤ ਸਮਝ ਰਹੇ ਸਾਂ। ਮੈਂ ਉਤਪਾਦ ਨੂੰ ਆਰਕੀਟੈਕਟ ਕਰ ਦਿੰਦਾ ਅਤੇ ਡਿਵੈਲਪਰ ਤੁਰੰਤ ਹੀ ਬਿਨਾਂ ਫ਼ਰੰਟ-ਐਂਡ ਡਿਜ਼ਾਇਨ ਬਾਰੇ ਸੋਚਿਆਂ ਉਸ ਦੀ ਕੋਡਿੰਗ ਸ਼ੁਰੂ ਕਰ ਦਿੰਦੇ।

ਉਹ ਬਹੁਤ ਹੀ ਦਿਲਚਸਪ ਸਮਾਂ ਸੀ। ਸਾਡਾ ਉਤਪਾਦ ਇੱਕ ਸ਼ਕਲ ਲੈਣ ਲੱਗਾ ਸੀ। ਅਸੀਂ ਇੱਕ ਡਿਜ਼ਾਇਨਰ ਨੂੰ ਆਪਣੇ ਨਾਲ ਜੋੜਨ ਵਿੱਚ ਸਫ਼ਲ ਰਹੇ ਪਰ ਸਾਨੂੰ ਉਸ ਦੇ ਰਵੱਈਏ ਅਤੇ ਮੁਹਾਰਤ ਨੂੰ ਲੈ ਕੇ ਕਈ ਮੌਕਿਆਂ ਉਤੇ ਸਮਝੌਤੇ ਕਰਨੇ ਪਏ। ਅਸੀਂ ਸਟਾਰਟ-ਅਪ ਲਈ ਭਰਤੀ ਦੀਆਂ ਚੁਣੌਤੀਆਂ ਨੂੰ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਸੀ।

ਅਸੀਂ ਆਪਣਾ ਉਤਪਾਦ ਛੇਤੀ ਤੋਂ ਛੇਤੀ ਤਿਆਰ ਕਰਨਾ ਚਾਹੁੰਦੇ ਸਾਂ, ਤਾਂ ਜੋ ਅਸੀਂ ਉਸ ਦੀ ਵਿਕਰੀ ਅਰੰਭ ਕਰ ਸਕੀਏ।

ਪਰ ਤਦ ਹੀ ਸਾਡੇ ਸਾਹਮਣੇ ਕੁੱਝ ਅਣਕਿਆਸੀਆਂ ਸਮੱਸਿਆਵਾਂ ਆਉਣ ਲੱਗੀਆਂ। ਸਾਡਾ ਜੂਨੀਅਰ ਡਿਵੈਲਪਰ ਸਾਡੀਆਂ ਆਸਾਂ ਉਤੇ ਖਰਾ ਨਹੀਂ ਉਤਰ ਰਿਹਾ ਸੀ ਅਤੇ ਅਸੀਂ ਉਸ ਨੂੰ ਛੱਡਣ ਲਈ ਆਖ ਦਿੱਤਾ। ਸਿਰਫ਼ ਚਾਰ ਜਣਿਆਂ ਦੀ ਇੱਕ ਟੀਮ ਨਾਲ ਅਸੀਂ ਆਪਣੇ ਉਤਪਾਦ ਦਾ ਪਹਿਲਾ ਸੰਸਕਰਣ ਤਿਆਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ।

ਸਾਨੂੰ ਇਹ ਪੂਰਾ ਭਰੋਸਾ ਸੀ ਕਿ ਇੱਕ ਵਾਰ ਬਾਜ਼ਾਰ ਵਿੱਚ ਉਤਰਨ ਤੋਂ ਬਾਅਦ ਸਾਡਾ ਉਤਪਾਦ ਤਹਿਲਕਾ ਮਚਾ ਦੇਵੇਗਾ। ਅਸੀਂ ਸਿਖ਼ਰਲੇ ਈ.ਆਰ.ਪੀ. ਉਤਪਾਦਾਂ ਵਿੱਚ ਸ਼ਾਮਲ ਸਾਰੀਆਂ ਸਹੂਲਤਾਂ ਨੂੰ ਸ਼ਾਮਲ ਕੀਤਾ, ਤਾਂ ਜੋ ਅਸੀਂ ਆਪਣੇ ਮੁਕਾਬਲੇ 'ਚ ਖੜ੍ਹੇ ਲੋਕਾਂ ਤੇ ਕੰਪਨੀਆਂ ਨੂੰ ਪਿੱਛੇ ਛੱਡਣ ਵਿੱਚ ਸਫ਼ਲ ਰਹੀਏ। ਭਾਵੇਂ ਆਪਣੇ ਫ਼ਰੰਟ ਐਂਡ ਡਿਜ਼ਾਇਨ ਤੋਂ ਖ਼ੁਸ਼ ਨਹੀਂ ਸਾਂ ਅਤੇ ਅਸੀਂ ਲਗਾਤਾਰ ਇੱਕ ਬਿਹਤਰ ਡਿਜ਼ਾਇਨ ਦੀ ਭਾਲ਼ ਵਿੱਚ ਲੱਗੇ ਹੋਏ ਸਾਂ।

ਸਾਡੀ ਪਹਿਲੀ ਖਪਤਕਾਰ ਇੱਕ ਪ੍ਰਸਿੱਧ ਸਕੂਲ ਦੇ ਪ੍ਰਿੰਸੀਪਲ ਹਨ। ਉਨ੍ਹਾਂ ਨੂੰ ਸਾਡਾ ਵਿਚਾਰ ਅਤੇ ਪ੍ਰਦਰਸ਼ਨ ਬਹੁਤ ਪਸੰਦ ਆਇਆ ਪਰ ਆਪਣੇ ਉਚ ਪ੍ਰਬੰਧਕੀ ਅਧਿਕਾਰੀਆਂ ਵੱਲੋਂ ਕਿਸੇ ਫ਼ੈਸਲੇ ਦੀ ਉਡੀਕ ਵਿੱਚ ਉਨ੍ਹਾਂ ਉਸ ਨੂੰ ਠੰਢੇ ਬਸਤੇ ਪਾ ਦਿੱਤਾ। ਅਸੀਂ ਉਨ੍ਹਾਂ ਨੂੰ ਇਸ ਆਸ ਨਾਲ ਕਿ ਛੇਤੀ ਹੀ ਉਹ ਸਾਡਾ ਸਾੱਫ਼ਟਵੇਅਰ ਖ਼ਰੀਦਣਗੇ, ਵਿਕਰੀ ਸਮੱਗਰੀ ਭੇਜ ਦਿੱਤੀ।

ਹੁਣ ਤੱਕ ਦੇ ਛੇ ਮਹੀਨਿਆਂ ਦੌਰਾਨ ਉਤਪਾਦ ਦੇ ਵਿਕਾਸ ਦੀ ਲਾਗਤ ਇਸ ਪ੍ਰਕਾਰ ਸੀ:

ਕੰਪਨੀ ਨਿਗਮਨ (ਕਾਰਪੋਰੇਟਾਇਜ਼ੇਸ਼ਨ) 30,000 ਰੁਪਏ

ਦਫ਼ਤਰ ਦਾ ਨਵੀਨੀਕਰਣ 1 ਲੱਖ 20 ਹਜ਼ਾਰ ਰੁਪਏ

ਏ.ਸੀ./ਫ਼੍ਰਿਜ/ਇਨਵਰਟਰ 40,000 ਰੁਪਏ

ਕਿਰਾਇਆ 91 ਹਜ਼ਾਰ ਰੁਪਏ

ਤਨਖ਼ਾਹ 3 ਲੱਖ 60 ਹਜ਼ਾਰ, 1 ਲੱਖ, 65 ਹਜ਼ਾਰ ਰੁਪਏ

ਯਾਤਰਾ, ਭੋਜਨ, ਮਾਰਕਿਟਿੰਗ 1 ਲੱਖ ਰੁਪਏ

ਕੁੱਲ 9 ਲੱਖ 56 ਹਜ਼ਾਰ ਰੁਪਏ

ਤਦ ਅਸੀਂ ਆਪਣਾ ਡਿਵੈਲਪਮੈਂਟ ਦਫ਼ਤਰ ਚੰਡੀਗੜ੍ਹ ਲਿਜਾਣ ਦਾ ਫ਼ੈਸਲਾ ਕੀਤਾ, ਜਿੱਥੇ ਮੈਂ ਸੰਚਾਲਨ ਦਾ ਕੰਮ ਸੰਭਾਲਦਾ ਅਤੇ ਮੇਰੇ ਸਹਿ-ਬਾਨੀ ਗੁੜਗਾਓਂ 'ਚ ਹੀ ਰਹਿ ਕੇ ਸੇਲਜ਼ ਦਾ ਕੰਮ ਸੰਭਾਲਦੇ।

ਹੁਣ ਸਾਡਾ ਸੀਨੀਅਰ ਡਿਵੈਲਪਰ ਗੁੜਗਾਓਂ-ਚੰਡੀਗੜ੍ਹ-ਗੁੜਗਾਓਂ ਵਿਚਾਲੇ ਚੱਕਰ ਕੱਟਣ ਦੀ ਥਾਂ ਡਿਵੈਲਪਮੈਂਟ 'ਚ ਆਪਣਾ ਸਮਾਂ ਅਤੇ ਊਰਜਾ ਲਗਾ ਸਕ ਰਿਹਾ ਸੀ।

ਅਸੀਂ ਦਫ਼ਤਰ ਦੇ ਕਿਰਾਏ ਦੇ ਪੈਸੇ ਵੀ ਬਚਾਉਣ ਵਿੱਚ ਸਫ਼ਲ ਰਹੇ।

ਮੇਂ ਆਪਣੇ ਰਹਿਣ ਦੇ ਪੈਸੇ ਬਚਾਉਣ ਵਿੱਚ ਸਫ਼ਲ ਰਿਹਾ।

ਇਸ ਤੋਂ ਬਾਅਦ ਸਾਨੂੰ ਇੱਕ ਵਾਰ ਫਿਰ ਝਟਕਾ ਲੱਗਾ, ਜਦੋਂ ਸਾਡਾ ਡਿਜ਼ਾਇਨਰ ਸਾਡਾ ਲੈਪਟਾੱਪ ਲੈ ਕੇ ਨੱਸ ਗਿਆ।

ਭਾਵੇਂ ਅਸੀਂ ਕੁੱਝ ਹੀ ਸਮੇਂ 'ਚ ਉਸ ਨੂੰ ਲੱਭ ਲਿਆ ਅਤੇ ਲੈਪਟਾੱਪ ਬਰਾਮਦ ਕਰ ਲਿਆ ਪਰ ਅਸੀਂ ਇੱਕ ਡਿਜ਼ਾਇਨਰ ਤੋਂ ਹੱਥ ਧੋ ਬੈਠੇ। ਮੈਂ ਉਸ ਚੁਣੌਤੀ ਦਾ ਸਾਹਮਣਾ ਕਰਨ ਦਾ ਫ਼ੈਸਲਾ ਕੀਤਾ ਅਤੇ ਵੈਬ ਡਿਜ਼ਾਇਨਿੰਗ ਦੀਆਂ ਬੁਨਿਆਦੀ ਗੱਲਾਂ ਸਿੱਖਣੀਆਂ ਸ਼ੁਰੂ ਕੀਤੀਆਂ। ਅਸੀਂ ਸਿਰਫ਼ 6 ਮਹੀਨਿਆਂ ਵਿੱਚ ਹੀ ਪੂਰੇ ਡਿਜ਼ਾਇਨ ਮੁੜ ਤਿਆਰ ਕਰਨ ਵਿੱਚ ਸਫ਼ਲ ਰਹੇ। ਸਾਡਾ ਉਤਪਾਦ ਬਹੁਤ ਵਧੀਆ ਤਿਆਰ ਹੋਇਆ ਸੀ।

ਹੁਣ ਅਸੀਂ ਸਕੂਲਾਂ ਨਾਲ ਸੰਪਰਕ ਕਰਨਾ ਸ਼ੁਰੂ ਕੀਤਾ ਪਰ ਸਾਡੇ ਸਹਿ-ਬਾਨੀਆਂ ਵਿਚੋਂ ਕੋਈ ਵੀ ਸੇਲਜ਼ ਦੇ ਪਿਛੋਕੜ ਵਾਲਾ ਨਹੀਂ ਸੀ।

ਸਾਨੂੰ ਸਕੂਲਾਂ ਦੇ ਪ੍ਰਬੰਧਕਾਂ ਤੋਂ ਸਮਾਂ ਲੈਣ ਲਈ ਵੀ ਸੰਘਰਸ਼ ਕਰਨਾ ਪੈਂਦਾ।

ਅਸੀਂ 10 ਤੋਂ 12 ਸਕੂਲਾਂ ਨਾਲ ਸੰਪਰਕ ਕੀਤਾ।

ਸੁਰੱਖਿਆ ਗਾਰਡਾਂ ਤੇ ਹੋਰ ਮੁਲਾਜ਼ਮਾਂ ਨੂੰ ਪਾਰ ਕਰਨਾ ਹੀ ਇੱਕ ਬਹੁਤ ਵੱਡਾ ਅੜਿੱਕਾ ਸੀ।

ਸਾਨੂੰ ਇਹ ਪਤਾ ਚੱਲਿਆ ਕਿ ਪ੍ਰਿੰਸੀਪਲਾਂ ਕੋਲ ਫ਼ੈਸਲਾ ਲੈਣ ਦੇ ਅਧਿਕਾਰ ਹੀ ਨਹੀਂ ਹਨ।

ਫ਼ੈਸਲਾ ਲੈਣ ਵਾਲੇ ਕਦੇ ਵੀ ਸਕੂਲਾਂ ਵਿੱਚ ਮੌਜੂਦ ਹੀ ਨਹੀਂ ਹੁੰਦੇ ਸਨ।

ਜ਼ਿਆਦਾਤਰ ਸਕੂਲਾਂ ਦੇ ਪ੍ਰਬੰਧਕ ਈ-ਮੇਲ ਨੂੰ ਵੇਖ ਤਾਂ ਲੈਂਦੇ ਪਰ ਜਵਾਬ ਨਹੀਂ ਦਿੰਦੇ ਸਨ।

ਜਦੋਂ ਤੁਸੀਂ ਸਕੂਲਾਂ ਨੂੰ ਕੋਈ ਉਤਪਾਦ ਵੇਚਣ ਜਾਂਦੇ ਹੋ, ਤਾਂ ਪਹਿਲਾਂ ਦੋ-ਤਿੰਨ ਮਹੀਨਿਆਂ ਤੱਕ ਤਾਂ ਕੁੱਝ ਹੁੰਦਾ ਹੀ ਨਹੀਂ ਹੈ।

ਅਸੀਂ ਸੇਲਜ਼ ਦੇ ਖੇਤਰ ਵਿੱਚ ਤਜਰਬੇਕਾਰ ਅਹਿਮਦਾਬਾਦ ਦੇ ਇੱਕ ਵਿਅਕਤੀ ਨੂੰ ਆਪਣੇ ਨਾਲ ਜੋੜਿਆ ਪਰ ਅਸੀਂ ਆਪਣੇ ਮੁਕਾਬਲੇ 'ਚ ਖੜ੍ਹੀਆਂ ਕੰਪਨੀਆਂ ਨਾਲੋਂ ਘੱਟ ਲਾਗਤ ਵਿੱਚ ਵਧੇਰੇ ਸਹੂਲਤਾਂ ਉਪਲਬਧ ਕਰਵਾਉਣ ਵਾਲੇ ਆਪਣੇ ਉਤਪਾਦ ਨੂੰ ਵੇਚਣ 'ਚ ਨਾਕਾਮ ਹੀ ਸਿੱਧ ਹੋਏ ਸਾਂ।

ਕੁੱਝ ਹਵਾਲਿਆਂ ਰਾਹੀਂ ਸਾਨੂੰ ਨਵੇਂ ਖਪਤਕਾਰ ਮਿਲ ਤਾਂ ਰਹੇ ਸਨ ਪਰ ਆਮਦਨ ਹਾਲੇ ਵੀ ਸਾਡੇ ਲਈ ਦੂਰ ਦੀ ਕੌਡੀ ਹੀ ਬਣੀ ਹੋਈ ਸੀ। ਸੇਲਜ਼ ਦਾ ਕੰਮ ਸੰਭਾਲਣ ਵਾਲੇ ਮੇਰੇ ਸਹਿ-ਬਾਨੀ ਦਾ ਕਹਿਣਾ ਸੀ ਕਿ ਕੁੱਝ ਵੱਡੇ ਸਕੂਲ ਸਾਡਾ ਉਤਪਾਦ ਖ਼ਰੀਦਣ ਦੇ ਚਾਹਵਾਨ ਹਨ ਪਰ ਜੇ ਅਸੀਂ ਉਸ ਵਿੱਚ ਕੁੱਝ ਨਵੇਂ ਫ਼ੀਚਰ ਸ਼ਾਮਲ ਕਰੀਏ, ਤਦ।

ਭਾਵੇਂ ਮੇਰੀ ਰਾਇ ਬਿਲਕੁਲ ਹੀ ਵੱਖ ਸੀ। ਮੇਰਾ ਕਹਿਣਾ ਸੀ ਕਿ ਸਾਡੇ ਕੋਲ ਕਿਸੇ ਵੀ ਸਕੂਲ ਲਈ ਵਾਜਬ ਫ਼ੀਚਰਜ਼ ਤਾਂ ਹਨ ਪਰ ਘਾਟ ਕਿਤੇ ਸਾਡੀ ਸੇਲਜ਼ ਦੀ ਪ੍ਰਕਿਰਿਆ ਵਿੱਚ ਹੈ। ਮੇਰਾ ਮੰਨਣਾ ਸੀ ਕਿ ਸਾਨੂੰ ਕੁੱਝ ਛੋਟੇ ਤੋਂ ਲੈ ਕੇ ਦਰਮਿਆਨੇ ਸਕੂਲਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ; ਭਾਵੇਂ ਪੈਸਾ ਘੱਟ ਹੀ ਮਿਲੇ। ਇੰਝ ਸਾਡੇ ਵਿਚਕਾਰ ਟਕਰਾਅ ਹੋਣ ਲੱਗੇ।

ਸਾਡੇ ਪੈਸੇ ਖ਼ਤਮ ਹੋਣ ਲੱਗੇ ਅਤੇ ਅਜਿਹੀ ਹਾਲਤ ਵਿੱਚ ਅਸੀਂ ਸਟਾਰਟ-ਅਪ ਵਿੱਚ ਹੋਰ ਪੈਸਾ ਲਾਇਆ। ਅਸੀਂ ਆਪਣੇ ਮੁਕਾਬਲੇ ਦੀ ਇੱਕ ਕੰਪਨੀ ਤੋਂ ਤੋੜ ਕੇ ਸੇਲਜ਼ ਦਾ ਇੱਕ ਵਿਅਕਤੀ ਭਰਤੀ ਕੀਤਾ।

ਸਾਨੂੰ ਲੱਗਾ ਕਿ ਸਾਡੇ ਹੱਥ ਸ਼ਾਇਦ ਅਲਾਦੀਨ ਦਾ ਚਿਰਾਗ਼ ਹੀ ਲੱਗ ਗਿਆ ਹੈ ਕਿਉਂਕਿ ਉਸ ਨੇ ਸਾਨੂੰ ਉਸ ਮੁਕਾਬਲੇ ਵਾਲੀ ਕੰਪਨੀ ਦੇ ਉਤਪਾਦ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਸਕੂਲਾਂ ਨੂੰ ਕੀਤੀ ਜਾਣ ਵਾਲੀ ਵਿਕਰੀ ਅਤੇ ਉਸ ਵਿੱਕਰੀ ਦੇ ਸਾਰੇ ਭੇਤਾਂ ਬਾਰੇ ਵੀ ਦੱਸਿਆ।

ਉਸ ਨੇ ਸਾਡੇ ਨਾਲ ਇੱਕ ਮਹੀਨਾ ਕੰਮ ਕੀਤਾ ਪਰ ਨਤੀਜਾ ਸਿਫ਼ਰ ਹੀ ਰਿਹਾ। ਉਹ ਕੇਵਲ ਇੱਕ ਵੱਡੇ ਬ੍ਰਾਂਡ ਨਾਮ ਕਰ ਕੇ ਹੀ ਸਫ਼ਲ ਹੁੰਦਾ ਰਿਹਾ ਸੀ।

ਤਦ ਸਾਨੂੰ ਆਪਣੀ ਖ਼ੁਦ ਦੀ ਹੋਂਦ ਕਾਇਮ ਰੱਖਣ ਲਈ ਹੋਰ ਧਨ ਦੀ ਜ਼ਰੂਰਤ ਸੀ।

ਮੇਰਾ ਸਹਿ-ਬਾਨੀ ਕੁੱਝ ਅਜਿਹੇ ਵੱਡੇ ਸਕੂਲਾਂ ਦੇ ਚੱਕਰ ਵਿੱਚ ਲੱਗੇ ਹੋਏ ਕਿ ਜੋ ਕੁੱਝ ਅਗਾਊਂ ਰਕਮ ਦਾ ਭੁਗਤਾਨ ਕਰ ਸਕਣ। ਇਸ ਤੋਂ ਇਲਾਵਾ ਉਨ੍ਹਾਂ ਸੌਦੇ ਹਾਸਲ ਕਰਨ ਲਈ ਕੁੱਝ ਪ੍ਰਭਾਵਸ਼ਾਲੀ ਅਤੇ ਸਿਆਸੀ ਲੋਕਾਂ ਨਾਲ ਸੰਪਰਕ ਸਥਾਪਤ ਕਰਨੇ ਵੀ ਸ਼ੁਰੂ ਕੀਤੇ।

ਮੈਂ ਸਟਾਰਟ-ਅਪ ਨਾਲ ਸਬੰਧਤ ਕਿਤਾਬਾਂ ਅਤੇ ਬਲੌਗ ਪੜ੍ਹਨੇ ਸ਼ੁਰੂ ਕੀਤੇ। ਮੰਦੇਭਾਗੀਂ ਮੇਰੇ ਸਹਿ-ਬਾਨੀ ਹਾਲੇ ਵੀ ਆਪਣੇ ਸਟਾਰਟ-ਅਪ ਨੂੰ ਇੱਕ ਵੱਡੀ ਕਾਰਪੋਰੇਟ ਕੰਪਨੀ ਵਾਂਗ ਚਲਾ ਰਹੇ ਸਨ।

ਅਜਿਹੀ ਹਾਲਤ ਵਿੱਚ ਮੈਂ ਖ਼ਰਚੇ ਘੱਟ ਕਰਨ ਦਾ ਪ੍ਰਸਤਾਵ ਰੱਖਿਆ। ਆਖ਼ਰ ਮੇਰੇ ਸਹਿ-ਬਾਨੀ ਨੇ ਕੰਪਨੀ ਨੂੰ ਆਪਣੇ ਜ਼ਿੰਮੇ ਲੈ ਲਿਆ ਅਤੇ ਵਾਅਦਾ ਕੀਤਾ ਕਿ ਜੇ ਕੰਪਨੀ ਭਵਿੱਖ 'ਚ ਕੋਈ ਮੁਨਾਫ਼ਾ ਕਮਾਉਂਦੀ ਹੈ, ਤਾਂ ਉਹ ਮੇਰੀ ਨਕਦੀ ਵਾਪਸ ਕਰ ਦੇਣਗੇ।

ਹੁਣ ਤੱਕ ਉਸ ਉਤਪਾਦ ਨੂੰ ਖ਼ਰੀਦਣ ਲਈ ਹੀ ਕੋਈ ਤਿਆਰ ਨਹੀਂ ਸੀ, ਜਿਸ ਉਤੇ ਅਸੀਂ 15 ਲੱਖ ਰੁਪਏ ਬਰਬਾਦ ਕਰ ਚੁੱਕੇ ਸਾਂ। ਸਾਡੇ ਕੋਲ ਭੁਗਤਾਨ ਕਰਨ ਵਾਲੇ ਕੇਵਲ ਦੋ ਹੀ ਖਪਤਕਾਰ ਸਨ ਅਤੇ ਕੁੱਝ ਕੇਵਲ ਪਰੀਖਣ ਦੇ ਦੌਰ ਵਿੱਚ ਹੀ ਸਨ। ਕੁੱਝ ਹਫ਼ਤਿਆਂ ਦੇ ਸੰਘਰਸ਼ ਪਿੱਤੋਂ ਮੇਰੇ ਸਹਿ-ਬਾਨੀ ਨੇ ਇੱਕ ਨੌਕਰੀ ਕਰ ਲਈ ਅਤੇ ਇਹ 'ਸਕੂਲਜਿਨੀ' ਦਾ ਅੰਤ ਸੀ।

ਆਓ ਮੈਂ ਤੁਹਾਨੂੰ ਦਸਦਾ ਹਾਂ ਕਿ ਇਸ ਦੌਰਾਨ ਮੈਂ ਕੀ ਸਿੱਖਣ ਵਿੱਚ ਸਫ਼ਲ ਰਿਹਾ:

1. ਆਪਣੇ ਉਤਪਾਦ ਦੇ ਨਿਰਮਾਣ ਤੋਂ ਪਹਿਲਾਂ ਆਪਣੇ ਖਪਤਕਾਰ ਨੂੰ ਪਛਾਣੋ

ਅਸੀਂ ਆਪਣੇ ਉਤਪਾਦ ਦਾ ਨਿਰਮਾਣ ਆਪਣੇ ਮੁਕਾਬਲੇ ਦੀਆਂ ਕੰਪਨੀਆਂ ਦੀਆਂ ਮਾਨਤਾਵਾਂ ਅਤੇ ਫ਼ੀਚਰਜ਼ ਦੀ ਸੂਚੀ ਦੇ ਆਧਾਰ ਉਤੇ ਕੀਤਾ। ਸਾਨੂੰ ਆਪਣੇ ਉਤਪਾਦ ਦੇ ਨਿਰਮਾਣ ਤੋਂ ਪਹਿਲਾਂ ਆਪਣੇ ਖਪਤਕਾਰਾਂ ਨਾਲ ਗੱਲ ਕਰਨੀ ਚਾਹੀਦੀ ਸੀ।

2. ਇਹ ਜਾਣੋ ਕਿ ਪੈਸਾ ਕਿੱਥੇ ਖ਼ਰਚ ਕਰਨਾ ਹੈ ਅਤੇ ਕਿੱਥੇ ਨਹੀਂ

ਅਸੀਂ ਦਫ਼ਤਰ ਦੇ ਬੁਨਿਆਦੀ ਢਾਂਚੇ ਅਤੇ ਤਨਖ਼ਾਹਾਂ ਉਤੇ ਆਪਣਾ ਖ਼ਰਚਾ ਵੱਧ ਕਰ ਦਿੱਤਾ। ਅਸੀਂ ਘਰ ਤੋਂ ਕੰਮ ਕਰ ਕੇ ਅਤੇ ਘੱਟ ਤੋਂ ਘੱਟ ਤਨਖ਼ਾਹ ਨਾਲ ਈ.ਐਸ.ਓ.ਪੀ. (ਇੰਪਲਾਈ ਸਟੌਕ ਓਨਰਸ਼ਿਪ ਪਲੈਨ) ਉਤੇ ਮੁਲਾਜ਼ਮਾਂ ਨੂੰ ਰੱਖ ਕੇ ਆਪਣਾ 80 ਫ਼ੀ ਸਦੀ ਤੱਕ ਖ਼ਰਚਾ ਬਚਾ ਸਕਦੇ ਸਾਂ।

ਸਾਨੂੰ ਅਜਿਹੀਆਂ ਚੀਜ਼ਾਂ ਉਤੇ ਪੈਸਾ ਖ਼ਰਚ ਕਰਨਾ ਚਾਹੀਦਾ ਸੀ, ਜੋ ਵੱਧ ਸੇਲਜ਼ ਜਾਂ ਲੀਡਜ਼ ਵਿੱਚ ਬਦਲਦੇ। ਜੇ ਖਪਤਕਾਰ ਅਕਵਾਇਰ ਦਾ ਬੁਨਿਆਦੀ ਸਰੋਤ ਤੁਹਾਡੀ ਵੈਬਸਾਈਟ ਉਤੇ ਹੈ, ਤਾਂ ਤੁਹਾਨੂੰ ਆਪਣਾ ਵੱਧ ਪੈਸਾ ਕੰਟੈਂਟ ਮਾਰਕਿਟਿੰਗ, ਸੇਲਜ਼ ਡੈਕ ਅਤੇ ਸੇਲਜ਼ ਪੰਨੇ ਉਤੇ ਖ਼ਰਚ ਕਰਨਾ ਚਾਹੀਦਾ ਹੈ।

ਅਤੇ ਜੇ ਤੁਸੀਂ ਆੱਫ਼ਲਾਈਨ ਮਾਧਿਅਮ ਰਾਹੀਂ ਖਪਤਕਾਰ ਪਾ ਰਹੇ ਹੋ, ਤਾਂ ਤੁਸੀਂ ਸੇਲਜ਼ ਬਰੌਸ਼ਰ ਅਤੇ ਹੋਰ ਛਪੀ ਹੋਈ ਸਮੱਗਰੀ ਉਤੇ ਵੱਧ ਪੈਸਾ ਖ਼ਰਚ ਕਰੋ।

3. ਕੋਡ ਵਿੱਚ ਆਪਣੇ ਹੱਥ ਜ਼ਰੂਰ ਅਜ਼ਮਾਓ

ਗ਼ੈਰ-ਤਕਨੀਕੀ ਸਹਿ-ਬਾਨੀ ਅਕਸਰ ਤਕਨੀਕੀ ਕੰਮਕਾਜ ਨੂੰ ਲੈ ਕੇ ਕਾਫ਼ੀ ਚਿੰਤਤ ਰਹਿੰਦੇ ਹਨ।

ਮੈਂ ਉਨ੍ਹਾਂ ਨੂੰ ਸਲਾਹ ਦੇਣੀ ਚਾਹੁੰਦਾ ਹਾਂ ਕਿ ਤੁਸੀਂ ਗ਼ੈਰ-ਤਕਨੀਕੀ ਹੁੰਦੇ ਹੋਏ ਵੀ ਕੋਡਿੰਗ ਜ਼ਰੂਰ ਕਰੋ। ਮੈਂ ਜਾਣਦਾ ਹਾਂ ਕਿ ਕੁੱਝ ਮਾਮਲਿਆਂ ਵਿੱਚ ਅਜਿਹਾ ਸੰਭਵ ਨਹੀਂ ਵੀ ਹੋ ਸਕਦਾ ਪਰ ਜ਼ਿਆਦਾਤਰ ਉਹ ਗ਼ੈਰ-ਤਕਨੀਕੀ ਬਸਾਨੀ ਬਿਹਤਰ ਫ਼ੈਸਲਾ ਲੈਣ ਵਿੱਚ ਸਫ਼ਲ ਹੁੰਦੇ ਹਨ, ਜਿਨ੍ਹਾਂ ਨੂੰ ਇਹ ਪਤਾ ਹੁੰਦਾ ਹੈ ਕਿ ਚੀਜ਼ਾਂ ਕਿਵੇਂ ਅੱਗੇ ਵਧਦੀਆਂ ਹਨ।

4. ਸੇਲਜ਼ ਦਾ ਪਿਛੋਕੜ ਨਾ ਹੋਣ ਦੇ ਬਾਵਜੂਦ ਸੇਲਜ਼ ਕਰੋ

ਮੈਂ ਸਦਾ ਸੇਲਜ਼ ਦੇ ਕੰਮ ਤੋਂ ਦੂਰ ਹੀ ਨੱਸਦਾ ਸਾਂ ਕਿਉਂਕਿ ਮੇਰਾ ਮੰਨਣਾ ਸੀ ਕਿ ਮੇਰੇ ਸਹਿ-ਬਾਨੀ ਗੱਲਬਾਤ ਅਤੇ ਲੋਕਾਂ ਸਾਹਮਣੇ ਆਪਣੀ ਗੱਲ ਰੱਖਣ ਵਿੱਚ ਬਿਹਤਰ ਹਨ। ਅਸੀਂ ਉਸ ਦੇ ਬਿਹਤਰੀਨ ਸੰਚਾਰ ਅਤੇ ਐਚ.ਆਰ. ਦੇ ਪਿਛੋਕੜ ਦੇ ਬਾਵਜੂਦ ਵਿਕਰੀ ਕਰਨ ਤੋਂ ਅਸਮਰੱਥ ਰਹੇ। ਇਸ ਦਾ ਮੁੱਖ ਕਾਰਣ ਇਹ ਰਿਹਾ ਕਿ ਅਸੀਂ ਖਪਤਕਾਰਾਂ ਦੀਆਂ ਜ਼ਰੂਰਤਾਂ ਬਾਰੇ ਜਾਣਨ ਦੀ ਥਾਂ ਕੇਵਲ ਆਪਣੇ ਉਤਪਾਦ ਨੂੰ ਵੇਚਣ ਉਤੇ ਹੀ ਧਿਆਨ ਦੇ ਰਹੇ ਸਾਂ।

5. ਫ਼ੈਸਲਾ ਲਓ ਅਤੇ ਆਪਣੀ ਆਮ ਸਮਝ ਉਤੇ ਭਰੋਸਾ ਕਰੋ

ਅਸੀਂ ਲਗਭਗ ਸਾਰੇ ਵੱਡੇ ਅਤੇ ਛੋਟੇ ਫ਼ੈਸਲਿਆਂ ਨੂੰ ਮੁਲਤਵੀ ਕਰਨਾ ਸ਼ੁਰੂ ਕਰ ਦਿੱਤਾ। ਇੱਥੋਂ ਤੱਕ ਕਿ ਰਾਹ ਵੱਖ ਕਰਨ ਤੱਕ ਦਾ ਫ਼ੈਸਲਾ ਅਸੀਂ ਕਈ ਦਿਨਾਂ ਤੱਕ ਅੱਗੇ ਖਿੱਚਦੇ ਰਹੇ। ਆਪਣਾ ਪਹਿਲਾ ਸੰਸਥਾਨ ਬੰਦ ਹੋਣ ਤੋਂ ਬਾਅਦ ਮੈਂ ਉਸ ਸਮੇਂ ਉਪਲਬਧ ਜਾਣਕਾਰੀ ਦੇ ਆਧਾਰ ਉਤੇ ਠੋਸ ਫ਼ੈਸਲੇ ਲੈਣੇ ਸ਼ੁਰੂ ਕੀਤੇ। ਤੁਹਾਡੇ ਕੋਲ ਸਦਾ ਕੋਈ ਵੀ ਫ਼ੈਸਲਾ ਲੈਣ ਲਈ 100 ਫ਼ੀ ਸਦੀ ਅੰਕੜੇ ਤਾਂ ਉਪਲਬਧ ਹੋ ਨਹੀਂ ਸਕਦੇ। ਤੁਹਾਨੂੰ ਇੰਨਾ ਯੋਗ ਹੋਣਾ ਪਵੇਗਾ ਕਿ ਤੁਸੀਂ ਕੇਵਲ 60 ਜਾਂ 70 ਪ੍ਰਤੀਸ਼ਤ ਜਾਣਕਾਰੀ ਦੇ ਆਧਾਰ ਉਤੇ ਫ਼ੈਸਲਾ ਲੈ ਸਕੋ।

6. ਕਦੇ ਵੀ ਸਿੱਖਣਾ ਬੰਦ ਨਾ ਕਰੋ

ਕਿਸੇ ਵੀ ਸਟਾਰਟ-ਅਪ ਲਈ ਖ਼ਤਰੇ ਦੀਆਂ ਘੰਟੀਆਂ ਤਦ ਹੀ ਵੱਜਣ ਲਗਦੀਆਂ ਹਨ, ਜਦੋਂ ਕੋਈ ਇੱਕ ਮਾਹਿਰ ਵਾਂਗ ਵਿਵਹਾਰ ਕਰਨ ਲਗਦਾ ਹੈ ਅਤੇ ਨਵੀਆਂ ਚੀਜ਼ਾਂ ਸਿੱਖਣ ਤੋਂ ਪਿੱਛੇ ਹਟਦਾ ਹੈ। ਜੇ ਤੁਸੀਂ ਸਿੱਖਣਾ ਬੰਦ ਕਰ ਦਿੰਦੇ ਹੋ, ਤਾਂ ਤੁਹਾਨੂੰ ਨਾਕਾਮ ਹੋਣ ਤੋਂ ਕੋਈ ਨਹੀਂ ਰੋਕ ਸਕਦਾ।

7. ਪੈਸਾ ਕਿਸੇ ਵੀ ਸਟਾਰਟ-ਅਪ ਦਾ ਕੇਵਲ ਇੱਕ ਉਪ-ਉਤਪਾਦ ਹੈ

ਭਾਵੇਂ ਮੈਂ ਇਹ ਬਹੁਤ ਦੇਰ ਨਾਲ ਸਿੱਖਿਆ ਪਰ ਹੋ ਸਕਦਾ ਹੈ ਕਿ ਤੁਹਾਡੇ ਵਿਚੋਂ ਕੁੱਝ ਲੋਕ ਇਹ ਅਹਿਸਾਸ ਹੁਣੇ ਤੋਂ ਕਰ ਰਹੇ ਹੋਣ। ਅਸੀਂ ਉਦਮੀ ਕੇਵਲ ਖਪਤਕਾਰ ਦੀ ਸਮੱਸਿਆ ਦਾ ਹੱਲ ਲੱਭਣ ਜਾਂ ਫਿਰ ਆਪਣੇ ਜਨੂੰਨ ਦਾ ਪਿੱਛਾ ਕਰਨ ਲਈ ਉਦਮ ਦੀ ਸਥਾਪਨਾ ਕਰਦੇ ਹਾਂ ਅਤੇ ਪੈਸਾ ਤਾਂ ਉਸ ਲਈ ਕੇਵਲ ਇੱਕ ਈਂਧਨ ਵਾਂਗ ਹੁੰਦਾ ਹੈ। ਜੇ ਤੁਸੀਂ ਆਪਣਾ ਸਾਰਾ ਧਿਆਨ ਕੇਵਲ ਪੈਸੇ ਉਤੇ ਕੇਂਦ੍ਰਿਤ ਕਰੋਗੇ, ਤਾਂ ਤੁਸੀਂ ਦੂਰ-ਦਰਸ਼ੀ ਨਹੀਂ ਅਖਵਾਓਗੇ।

8. ਉਦਾਰ ਬਣੋ

ਮੇਰੀ ਉਦਮਸ਼ੀਲਤਾ ਦੀ ਦੁਨੀਆ ਦਾ ਸਭ ਤੋਂ ਅਹਿਮ ਸਬਕ ਰਿਹਾ ਹੈ ਉਦਾਰ ਹੋਣਾ, ਸਨਿਮਰ ਹੋਣਾ ਅਤੇ ਇੱਕ ਦਾਤਾ ਹੋਣਾ।

ਨਤੀਜਾ

ਇਹ ਮੇਰੇ ਪਹਿਲੇ ਸਟਾਰਟ-ਅਪ ਦੀ ਕਹਾਣੀ ਸੀ ਪਰ ਮੈਨੂੰ ਲਗਦਾ ਹੈ ਕਿ ਜ਼ਿਆਦਾਤਰ ਨਵੇਂ ਉਦਮੀ ਇਸੇ ਰਾਹ ਉਤੇ ਚਲਦੇ ਹਨ। ਮੈਂ ਇੱਕ ਦੂਜੇ ਸਟਾਰਟ-ਅਪ ਦੇ ਸਹਿ-ਬਾਨੀ ਦਾ ਸਾਕ ਲਿਆ ਅਤੇ ਇਸ ਨੇਮੇਰੇ ਜੀਵਨ ਵਿੱਚ ਹਾਂ-ਪੱਖੀ ਤਬਦੀਲੀ ਲਿਆਉਣ ਵਿੱਚ ਮਦਦ ਕੀਤੀ। ਹੁਣ ਮੈਂ ਸਟਾਰਟ-ਅਪਸ ਨਾਲ ਕੰਮ ਕਰ ਰਿਹਾ ਹਾਂ ਅਤੇ ਵਿਕਾਸ ਕਰਨ ਵਿੱਚ ਉਨ੍ਹਾਂ ਦੀ ਸਹਾਇਤਾ ਕਰ ਰਿਹਾ ਹਾਂ।


ਲੇਖਕ: ਪ੍ਰਦੀਪ ਗੋਇਲ