22 ਸਾਲਾ ਸਮਨ ਪਾਹਵਾ ਨੇ ਇੱਕ ਸਾਲ ਪਹਿਲਾਂ ਖੋਲ੍ਹੀ ਕੰਪਨੀ ਤੋਂ ਕਮਾਏ 34 ਲੱਖ ਰੁਪਏ

Sunday April 10, 2016,

5 min Read

ਸਟਾਰਟ-ਅੱਪ (ਨਵੀਂ ਨਿੱਕੀ ਕੰਪਨੀ) ਦੇ ਇਸ ਜੁੱਗ ਵਿੱਚ ਉਮਰ ਦਾ ਕੋਈ ਲੈਣਾ-ਦੇਣਾ ਨਹੀਂ ਹੁੰਦਾ। ਸਫ਼ਲ ਵਿਅਕਤੀਆਂ ਦੀ 'ਫ਼ੋਰਬਸ' ਸੂਚੀ ਨੂੰ ਧਿਆਨ ਨਾਲ਼ ਵੇਖੋ ਤਾਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿਉਂਕਿ ਉਸ ਵਿੱਚ 45 ਭਾਰਤੀ ਉੱਦਮੀਆਂ ਦੇ ਨਾਂਅ ਸ਼ਾਮਲ ਹਨ, ਜਿਨ੍ਹਾਂ ਦੀ ਉਮਰ 30 ਸਾਲ ਤੋਂ ਘੱਟ ਹੈ। ਇਹ ਕਹਾਣੀ 22 ਸਾਲਾਂ ਦੇ ਦਿੱਲੀ ਨਿਵਾਸੀ ਸਮਨ ਪਾਹਵਾ ਦੀ ਹੈ, ਜਿਸ ਨੇ ਆਪਣੇ ਮਾਪਿਆਂ ਦੇ ਰੋਕਣ ਦੇ ਬਾਵਜੂਦ ਇੱਕ ਉੱਦਮੀ ਬਣਨ ਦਾ ਰਾਹ ਚੁਣਿਆ।

ਸਮਨ ਜਦੋਂ ਹਾਲ਼ੇ ਸ੍ਰੀ ਗੁਰੂ ਗੋਬਿੰਦ ਸਿੰਘ ਕਾੱਲੇਜ ਆੱਫ਼ ਕਾਮਰਸ ਦਾ ਵਿਦਿਆਰਥੀ ਹੀ ਸੀ, ਉਸ ਨੇ ਮਹਿਸੂਸ ਕੀਤਾ ਕਿ ਤੋਹਫ਼ਿਆਂ ਦੇ ਬਾਜ਼ਾਰ ਕੇਵਲ ਹਾੱਲਮਾਰਕ, ਆਰਚੀ'ਜ਼ ਤੇ ਤੋਹਫ਼ਿਆਂ ਦੀਆਂ ਹੋਰ ਛੋਟੀਆਂ-ਮੋਟੀਆਂ ਦੁਕਾਨਾਂ ਤੱਕ ਹੀ ਸੀਮਤ ਹੁੰਦਾ ਹੈ ਤੇ ਮੋੜ-ਘੇੜ ਕੇ ਉਹੀ ਪੁਰਾਣੇ ਅਕਾਊ ਤੋਹਫ਼ੇ।

ਉਸ ਦੀ ਸਟਾਰਟ-ਅੱਪ 'ਹੈਂਡਮੇਡ ਜੰਕਸ਼ਨ' ਅਪ੍ਰੈਲ 2015 'ਚ ਸ਼ੁਰੂ ਹੋਈ ਸੀ, ਜਿੱਥੇ ਗਾਹਕਾਂ ਦੀ ਪਸੰਦ ਅਨੁਸਾਰ ਖ਼ਾਸ ਤਰ੍ਹਾਂ ਦੇ ਹੱਥ ਦੇ ਬਣਾਏ ਤੇ ਰਵਾਇਤੀ ਤੋਹਫ਼ੇ ਬਣਾ ਕੇ ਭੇਜੇ ਜਾਂਦੇ ਹਨ। ਇਹ ਕੰਮ ਆੱਨਲਾਈਨ ਹੀ ਚਲਦਾ ਹੈ ਤੇ ਤੋਹਫ਼ਾ ਗਾਹਕ ਦੇ ਸਿੱਧਾ ਘਰ ਪੁੱਜਦਾ ਹੈ।

'ਹੈਂਡਮੇਡ ਜੰਕਸ਼ਨ' ਨੇ ਪਹਿਲਾਂ-ਪਹਿਲ ਆਪਣੇ ਉਤਪਾਦ ਆਪਣੇ ਫ਼ੇਸਬੁੱਕ ਪੰਨੇ ਰਾਹੀਂ ਆੱਨਲਾਈਨ ਵੇਚੇ। ਫਿਰ ਦਿੱਲੀ ਯੂਨੀਵਰਸਿਟੀ ਵਿੱਚ ਸਟਾੱਲਜ਼ ਲਾਏ ਗਏ ਤੇ ਇੰਝ ਗਾਹਕਾਂ ਦਾ ਆਧਾਰ ਵਧਾਇਆ ਗਿਆ। ਜਦੋਂ ਆਮ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਣ ਲੱਗਾ, ਤਾਂ ਸਮਨ ਨੇ ਆਪਣੀ ਕੰਪਨੀ 'ਹੈਂਡਮੇਡ ਜੰਕਸ਼ਨ' ਨੂੰ ਅਗਲੇ ਪੱਧਰ 'ਤੇ ਲਿਜਾਣ ਦਾ ਫ਼ੈਸਲਾ ਕੀਤਾ।

ਇੱਕ ਤਾਜ਼ਾ ਸ਼ੁਰੂਆਤ

ਸਮਨ ਨੇ ਫਿਰ ਆਪਣੀ 'ਹੈਂਡਮੇਡ ਜੰਕਸ਼ਨ' ਲਈ ਗੁੜਗਾਓਂ ਸਥਿਤ ਬਹੁ-ਰਾਸ਼ਟਰੀ ਕੰਪਨੀ ਦੀ ਨੌਕਰੀ ਛੱਡ ਦਿੱਤੀ। ਤਕਨਾਲੋਜੀ ਮੁਹਾਰਤ ਦੀ ਘਾਟ ਕਾਰਣ ਸਮਨ ਨੇ ਆਪਣੀ 'ਹੈਂਡਮੇਡ ਜੰਕਸ਼ਨ' ਵੈੱਬਸਾਈਟ ਈ-ਕਾਮਰਸ ਪਲੇਟਫ਼ਾਰਮ 'ਜ਼ੀਪੋ' ਉੱਤੇ ਚਲਾਉਣ ਦਾ ਫ਼ੈਸਲਾ ਕੀਤਾ। ਜ਼ੀਪੋ ਵੱਲੋਂ ਆੱਨਲਾਈਨ ਸਟੋਰਜ਼ ਸਥਾਪਤ ਕਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ ਅਤੇ ਮਾਰਕਿਟਿੰਗ ਵਿੱਚ ਸਹਾਇਤਾ ਦੇ ਤੌਰ 'ਤੇ ਸੰਗਠਤ ਭੁਗਤਾਨ ਗੇਟਵੇਅਜ਼ ਦੀ ਪੇਸ਼ਕਸ਼ ਵੀ ਦਿੰਦਾ ਹੈ। ਫ਼ੈਡ-ਐਕਸ ਨੇ ਸਾਰੇ ਆੱਨਲਾਈਨ ਸਟੋਰਜ਼ ਨੂੰ ਲੌਜਿਸਟਿਕ (ਵਸਤਾਂ ਨੂੰ ਗਾਹਕ ਦੇ ਘਰ ਤੱਕ ਪਹੁੰਚਾਉਣ ਦੀ ਪ੍ਰਕਿਰਿਆ) ਸਹਾਇਤਾ ਦੇਣ ਲਈ ਸਮਝੌਤਾ ਕੀਤਾ ਹੈ।

ਸਮਨ ਦਾ ਭਰਾ ਸਿਮਰਨ ਜੀਤ ਸਿੰਘ (28) ਅਪ੍ਰੈਲ 2015 'ਚ ਇਸ ਕਾਰੋਬਾਰ ਨਾਲ਼ ਆ ਕੇ ਜੁੜਿਆ ਅਤੇ ਉਨ੍ਹਾਂ ਨੇ ਬੀਜ ਪੂੰਜੀ ਵਜੋਂ 1 ਲੱਖ ਰੁਪਏ ਨਿਵੇਸ਼ ਕੀਤੇ ਹਨ। ਸਿਮਰਨ ਗੁੜਗਾਓਂ ਦੀ ਇੱਕ ਐਫ਼.ਐਮ.ਸੀ.ਜੀ. ਕੰਪਨੀ ਵਿੱਚ ਵੀ ਕੰਮ ਕਰਦਾ ਹੈ ਤੇ ਉੱਥੇ ਡਿਜੀਟਲ ਮਾਰਕਿਟਿੰਗ, ਐਸ.ਈ.ਓ. ਵਜੋਂ ਵਿਚਰਦਾ ਹੈ ਅਤੇ ਹੈਂਡਮੇਡ ਜੰਕਸ਼ਨ 'ਚ ਉਹ ਉਤਪਾਦਾਂ ਦੇ ਨਵੇਂ-ਨਵੇਂ ਵਿਚਾਰ ਰਖਦਾ ਹੈ।

ਜੰਕਸ਼ਨ ਵੱਲ ਇੱਕ ਸਫ਼ਰ

'ਹੈਂਡਮੇਡ ਜੰਕਸ਼ਨ' ਦੇ ਉਤਪਾਦਾਂ ਦੀ ਰੇਂਜ ਵਿੱਚ ਫ਼ੋਟੋ ਲੈਂਪਸ, ਵਿਲੱਖਣ ਐਲ.ਈ.ਡੀ. ਕੋਲਾਜ (ਜਿਸ ਵਿੱਚ 200 ਤੋਂ ਵੱਧ ਤਸਵੀਰਾਂ ਹੁੰਦੀਆਂ ਹਨ), ਡੇਅਰੀ ਮਿਲਕ ਸਿਲਕ ਦਾ ਵਿਸ਼ੇਸ਼ ਤੌਰ 'ਤੇ ਤਿਆਰ ਕੀਤਾ ਇਨਸਾਈਡ ਕਵਰ, ਵੋਦਕਾ ਨਾਲ ਟੈਂਪਟੇਸ਼ਨ ਬਾੱਕਸ ਅਤੇ ਵਿਲੱਖਣ ਸਕ੍ਰੌਲ ਕਾਰਡ ਸ਼ਾਮਲ ਹਨ। ਇਨ੍ਹਾਂ ਉਤਪਾਦਾਂ ਦੀ ਰੇਂਜ 300 ਰੁਪਏ ਤੋਂ ਲੈ ਕੇ 3,900 ਰੁਪਏ ਤੱਕ ਦੇ ਵਿਚਕਾਰ ਹੈ ਅਤੇ 'ਹੈਂਡਮੇਡ ਜੰਕਸ਼ਨ' ਨੂੰ ਇਨ੍ਹਾਂ ਵਿੱਚੋਂ 35 ਤੋਂ 40 ਫ਼ੀ ਸਦੀ ਲਾਭ ਹੁੰਦਾ ਹੈ।

ਗਾਹਕ ਜਦੋਂ ਆਪਣਾ ਆੱਰਡਰ ਦੇ ਦਿੰਦੇ ਹਨ, ਤਾਂ ਉਨ੍ਹਾਂ ਨੂੰ ਵਿਸ਼ੇਸ਼ ਈ-ਮੇਲ ਸੁਨੇਹੇ ਅਤੇ ਤਸਵੀਰਾਂ ਭੇਜਣ ਲਈ ਆਖਿਆ ਜਾਂਦਾ ਹੈ। ਇਸ ਤੋਂ ਇਲਾਵਾ ਟੀਮ ਫਿਰ ਗਾਹਕਾਂ ਨਾਲ਼ ਉਨ੍ਹਾਂ ਦੀ ਆਵਸ਼ਕਤਾ ਨੂੰ ਸਮਝਣ ਲਈ ਗੱਲਬਾਤ ਵੀ ਕਰਦੀ ਹੈ, ਤਾਂ ਜੋ ਉਨ੍ਹਾਂ ਦੀ ਜ਼ਰੂਰਤ ਮੁਤਾਬਕ ਡਿਜ਼ਾਇਨ ਤਿਆਰ ਕੀਤੇ ਜਾ ਸਕਣ। ਜਦੋਂ ਉਤਪਾਦ ਤਿਆਰ ਹੋ ਜਾਂਦਾ ਹੈ, ਤਦ ਉਸ ਦੀ ਝਲਕ ਗਾਹਕ ਨਾਲ਼ ਸਾਂਝੀ ਕੀਤੀ ਜਾਂਦੀ ਹੈ ਅਤੇ ਉਤਪਾਦ ਕੇਵਲ ਤਦ ਹੀ ਡਿਲਿਵਰ ਕੀਤੇ ਜਾਂਦੇ ਹਨ, ਜਦੋਂ ਗਾਹਕ ਉਸ ਦੀ ਪੁਸ਼ਟੀ ਕਰ ਦਿੰਦੇ ਹਨ।

ਸਮਨ ਦਸਦਾ ਹੈ,''ਸਾਡੇ ਕੋਲ਼ ਤਰਖਾਣ ਦੀ ਸਹੂਲਤ ਹੈ, ਜੋ ਸਾਡੇ ਲੈਂਪਸ ਲਈ ਲੱਕੜ ਦਾ ਆਧਾਰ ਤਿਆਰ ਕਰਦਾ ਹੈ। ਅਸੀਂ ਚੀਨ ਤੋਂ ਐਕ੍ਰਿਲਿਕ ਪਾਈਪਸ ਵੀ ਦਰਾਮਦ ਕਰਦੇ ਹਾਂ ਅਤੇ ਅਸੀਂ ਪ੍ਰਿਟਿੰਗ ਲਈ ਕੈਨਨ ਫ਼ਰੈਂਚਾਈਜ਼ੀ ਸਟੋਰ ਨਾਲ਼ ਵੀ ਗੱਠਜੋੜ ਕੀਤਾ ਹੈ।''

ਇਸ ਸਟਾਰਟ-ਅੱਪ ਦੇ ਹੁਣ ਦਿੱਲੀ ਰਾਜਧਾਨੀ ਖੇਤਰ ਵਿੱਚ 7 ਤੋਂ 8 ਵਿਕਰੇਤਾ ਹਨ, ਜੋ ਇਸ ਦੀਆਂ ਸਮੱਗਰੀਆਂ/ਉਤਪਾਦ ਖ਼ਰੀਦਦੇ ਹਨ। ਡਿਜੀਟਲ ਪ੍ਰਿਟਿੰਗ ਤੇ ਲੇਜ਼ਰ ਐਨਗ੍ਰੇਵਿੰਗ ਲਈ ਉਨ੍ਹਾਂ ਕੋਲ਼ ਦੋ ਹੋਰ ਵਿਕਰੇਤਾ ਹਨ।

'ਹੈਂਡਮੇਡ ਜੰਕਸ਼ਨ' ਦੀ ਪੰਜ ਜਣਿਆਂ ਦੀ ਟੀਮ ਹੈ, ਜਿਨ੍ਹਾਂ ਵਿੱਚ ਸਮਨ ਤੇ ਸਿਮਰਨ ਵੀ ਸ਼ਾਮਲ ਹਨ। ਕ੍ਰਿਤਿਕਾ ਅਰੋੜ ਉਤਪਾਦਾਂ ਦੀ ਡਿਜ਼ਾਇਨਿੰਗ ਦਾ ਕੰਮ ਵੇਖਦੇ ਹਨ, ਰਾਮ ਚੰਦਰ ਪੈਕੇਜਿੰਗ ਦਾ ਅਤੇ ਸੁਨੀਲ ਕੁਮਾਰ ਉਤਪਾਦਾਂ ਦੀ ਸਥਾਨਕ ਡਿਲੀਵਰੀ ਦਾ ਕੰਮ ਕਰਦੇ ਹਨ।

'ਹੈਂਡਮੇਡ ਜੰਕਸ਼ਨ' ਦੇ ਉਤਪਾਦ ਗਿਵੇਟਰ, ਗਿਫ਼ਟਿੰਗ ਨੇਸ਼ਨ, ਗਿਫ਼ਟਸਵਿਲਾ, ਕ੍ਰਾਫ਼ਟਸਵਿਲਾ ਤੇ ਸ਼ੌਪੋ ਐਪ. ਰਾਹੀਂ ਵੀ ਵੇਚੇ ਜਾਂਦੇ ਹਨ ਅਤੇ ਉਨ੍ਹਾਂ ਦੀ ਗਿਣਤੀ ਕੁੱਲ ਵਿਕਰੀ ਦਾ ਹਾਲ਼ੇ ਕੇਵਲ 3.6 ਫ਼ੀ ਸਦੀ ਬਣਦੀ ਹੈ।

ਡਿਲੀਵਰੀਜ਼ ਦੀ ਗਿਣਤੀ

'ਹੈਂਡਮੇਡ ਜੰਕਸ਼ਨ' ਪਿਛਲੇ ਡੇਢ ਸਾਲ ਦੌਰਾਨ 4,000 ਤੋਂ ਵੱਧ ਆੱਰਡਰ ਮੁਕੰਮਲ ਕਰ ਚੁੱਕਾ ਹੈ। ਕੰਪਨੀ ਦੀ ਵੈੱਬਸਾਈਟ ਨੂੰ ਹਰ ਮਹੀਨੇ 8 ਤੋਂ 9 ਹਜ਼ਾਰ ਵਿਅਕਤੀ ਆ ਕੇ ਵੇਖਦੇ ਹਨ। 'ਹੈਂਡਮੇਡ ਜੰਕਸ਼ਨ' ਦੀ ਆਮਦਨ ਹਰ ਮਹੀਨੇ 10 ਫ਼ੀ ਸਦੀ ਦੀ ਦਰ ਨਾਲ਼ ਵਧ ਰਹੀ ਹੈ। ਪਿਛਲੇ ਵਿੱਤੀ ਵਰ੍ਹੇ ਭਾਵ 2015-16 ਦੌਰਾਨ ਇਸ ਕੰਪਨੀ ਨੂੰ 34 ਲੱਖ ਰੁਪਏ ਦੀ ਆਮਦਨ ਹੋਈ ਹੈ। ਦਿੱਲੀ ਤੋਂ ਇਲਾਵਾ ਇਸ ਮੰਚ ਨੇ ਚੇਨਈ, ਬੈਂਗਲੁਰੂ ਤੇ ਹੈਦਰਾਬਾਦ ਦੇ ਗਾਹਕਾਂ ਨੂੰ ਵੀ ਆਪਣੇ ਵਿਲੱਖਣ ਉਤਪਾਦ ਵੇਚੇ ਹਨ।

ਬਾਜ਼ਾਰ ਦੀ ਇੱਕ ਝਲਕ

ਟੈਕਨੋਪੈਕ ਦੀ ਇੱਕ ਰਿਪੋਰਟ ਅਨੁਸਾਰ ਭਾਰਤ 'ਚ ਤੋਹਫ਼ਿਆਂ ਦਾ ਬਾਜ਼ਾਰ ਲਗਭਗ 40 ਤੋਂ 42 ਅਰਬ ਡਾਲਰ ਦਾ ਹੈ ਪਰ ਇਸ ਖੇਤਰ ਵਿੱਚ ਕੰਪਨੀਆਂ ਨਾਮਾਤਰ ਹੀ ਹਨ ਤੇ ਉਨ੍ਹਾਂ ਵਿਚੋਂ ਬਹੁਤੇ ਕਾਰਪੋਰੇਟ ਗਿਫ਼ਟਿੰਗ ਤੇ ਨਿਜੀ ਗਿਫ਼ਟਿੰਗ ਨਾਲ਼ ਸਬੰਧਤਹਨ ਅਤੇ ਉਹ 20 ਤੋਂ 40 ਫ਼ੀ ਸਦੀ ਸਾਲਾਨਾ ਦੀ ਦਰ ਨਾਲ਼ ਵਧ ਰਹੀਆਂ ਹਨ। ਉਨ੍ਹਾਂ ਵਿਚੋਂ ਕੁੱਝ ਫ਼ਲਾਬੇਰੀ ਡਾੱਟ ਕਾੱਮ, ਰੈੱਡਨਬਰਾਊਨ, ਬਡੀ ਗਿਫ਼ਟਿੰਗ, ਪਿਕਚਰ ਬਾਈਟ, ਇੰਡੀਬਨੀ ਹਨ ਅਤੇ ਉਨ੍ਹਾਂ ਵਿਚਾਲ਼ੇ ਹੀ ਮੁਕਾਬਲੇਬਾਜ਼ੀ ਦੀ ਰੱਸਾਕਸ਼ੀ ਚਲਦੀ ਰਹਿੰਦੀ ਹੈ ਤੇ ਇਹ ਸਾਰੀਆਂ ਕੰਪਨੀਆਂ ਹਰੇਕ ਗਾਹਕ ਦਾ ਧਿਆਨ ਰੱਖ ਕੇ ਉਨ੍ਹਾਂ ਦੀ ਮਰਜ਼ੀ ਦੇ ਡਿਜ਼ਾਇਨ ਮੁਤਾਬਕ ਤੋਹਫ਼ਾ ਤਿਆਰ ਕਰ ਕੇ ਦਿੰਦੀਆਂ ਹਨ।

'ਹੈਂਡਮੇਡ ਜੰਕਸ਼ਨ' ਦਾ ਉਦੇਸ਼ ਹਰ ਮਹੀਨੇ ਇੱਕ ਲੱਖ ਗਾਹਕਾਂ ਤੱਕ ਆਪਣੀ ਪਹੁੰਚ ਬਣਾਉਣਾ ਹੈ ਅਤੇ ਆਪਣੇ ਉਤਪਾਦ ਦੀ ਰੇਂਜ ਦਾ ਪਾਸਾਰ ਮਾਈਕ੍ਰੋਕੰਟਰੋਲ ਆਧਾਰਤ ਵਿਅਕਤੀਕ੍ਰਿਤ ਤੋਹਫ਼ਿਆਂ, ਬੱਚਿਆਂ ਤੇ ਮਾਪਿਆਂ ਲਈ ਅਦਭੁਤ ਕਿਸਮ ਦੇ ਤੋਹਫ਼ਿਆਂ ਤੱਕ ਕਰਨਾ ਹੈ। ਵਿਅਕਤੀਕ੍ਰਿਤ ਤੋਹਫ਼ੇ ਦੇ ਇਸ ਖੇਤਰ ਵਿੱਚ ਇਸ ਸਟਾਰਟ-ਅੱਪ ਨੇ ਬਹੁਤ ਹੀ ਸੋਹਣੇ ਤਰੀਕੇ ਨਾਲ਼ ਆਪਣਾ ਸਥਾਨ ਬਣਾ ਲਿਆ ਹੈ। ਹੁਣ ਸਮਨ ਤੇ ਸਿਮਰਨ ਦੋਵੇਂ ਹੀ ਕੁੱਝ ਨਿਵੇਸ਼ਕਾਂ ਨਾਲ਼ ਗੱਲਬਾਤ ਕਰ ਰਹੇ ਹਨ ਅਤੇ ਉਨ੍ਹਾਂ ਦੇ ਇੱਕ ਇਨਕਿਊਬੇਟਰ ਪ੍ਰੋਗਰਾਮ ਦਾ ਹਿੱਸਾ ਬਣਨ ਦੀ ਸੰਭਾਵਨਾ ਹੈ। ਛੇਤੀ ਹੀ 'ਹੈਂਡਮੇਡ ਜੰਕਸ਼ਨ' ਐਪ. ਵੀ ਬਾਜ਼ਾਰ ਵਿੱਚ ਉਤਾਰ ਦਿੱਤੀ ਜਾਵੇਗੀ ਅਤੇ ਫਿਰ ਇਸ ਦੇ ਵਿਕਾਸ-ਪੰਧ ਵਿੱਚ ਭਰੋਸੇਯੋਗਤਾ ਹੋਰ ਵੀ ਵਧ ਜਾਵੇਗੀ, ਜਿੱਥੇ ਗਾਹਕ ਪਿੰਨਟ੍ਰੈਸਟ, ਇੰਸਟਾਗ੍ਰਾਮ, ਐਟਸੀ ਤੇ ਹੋਰ ਸੋਸ਼ਲ ਮੀਡੀਆ ਵੈੱਬਸਾਈਟਸ ਰਾਹੀਂ ਵੀ ਆਪਣੀਆਂ ਤਸਵੀਰਾਂ ਸਾਂਝੀਆਂ ਕਰ ਸਕਣਗੇ।

ਲੇਖਕ: ਅਪਰਾਜਿਤਾ ਚੌਧਰੀ

ਅਨੁਵਾਦ: ਮਹਿਤਾਬ-ਉਦ-ਦੀਨ