ਕਾੱਲੇਜ ਡ੍ਰਾਪ ਆਊਟ' ਤੋਂ 'ਮਿਲਿਅਨੇਰ ਹੈਕਰ' ਬਣਨ ਦਾ ਅਨੋਖਾ ਸਫ਼ਰ ਹੈ ਸ਼ਸ਼ਾਂਕ ਦਾ

ਕਾੱਲੇਜ ਡ੍ਰਾਪ ਆਊਟ' ਤੋਂ 'ਮਿਲਿਅਨੇਰ ਹੈਕਰ' ਬਣਨ ਦਾ ਅਨੋਖਾ ਸਫ਼ਰ ਹੈ ਸ਼ਸ਼ਾਂਕ ਦਾ

Sunday November 08, 2015,

7 min Read

ਬਿਲ ਗੇਟਸ, ਸਟੀਵ ਜਾੱਬਸ, ਮਾਰਕ ਜ਼ੁਕੇਰਬਰਗ ਇਹ ਉਹ ਤਿੰਨ ਸ਼ਖ਼ਸੀਅਤਾਂ ਹਨ, ਜੋ ਅੱਜ ਦੁਨੀਆਂ ਭਰ ਵਿੱਚ ਮਸ਼ਹੂਰ ਹਨ। ਸ਼ਾਇਦ ਹੀ ਕੋਈ ਦੇਸ਼ ਹੋਵੇਗਾ, ਜਿੱਥੇ ਇਨ੍ਹਾਂ ਦੇ ਨਾਂਅ ਦੀ ਚਰਚਾ ਨਾ ਹੁੰਦੀ ਹੋਵੇ। ਇਨ੍ਹਾਂ ਤਿੰਨਾਂ ਦੀਆਂ ਕੰਪਨੀਆਂ ਦੇ ਉਤਪਾਦ ਅਤੇ ਉਨ੍ਹਾਂ ਦੀਆਂ ਖੋਜਾਂ ਦੁਨੀਆਂ ਦੇ ਕੋਣੇ-ਕੋਣੇ ਵਿੱਚ ਪ੍ਰਸਿੱਧ ਹਨ। ਇਨ੍ਹਾਂ ਤਿੰਨਾਂ ਨੇ ਆਪਣੇ ਜੀਵਨ ਵਿੱਚ ਜੋ ਕਾਮਯਾਬੀਆਂ ਹਾਸਲ ਕੀਤੀਆਂ ਹਨ, ਉਹ ਕਾਮਯਾਬੀਆਂ ਮੌਜੂਦਾ ਦੌਰ ਦੀਆਂ ਸਭ ਤੋਂ ਵੱਡੀਆਂ ਕਾਮਯਾਬੀਆਂ ਮੰਨੀਆਂ ਜਾਂਦੀਆਂ ਹਨ। ਇਨ੍ਹਾਂ ਤਿੰਨਾਂ ਦੀ ਸਫ਼ਲਤਾ ਦੀ ਕਹਾਣੀ ਬੇਮਿਸਾਲ ਹੈ। ਇਨ੍ਹਾਂ ਤਿੰਨਾਂ ਦੀ ਗਿਣਤੀ ਦੁਨੀਆਂ ਦੇ ਸਭ ਤੋਂ ਅਮੀਰ, ਤਾਕਤਵਰ ਅਤੇ ਪ੍ਰਭਾਵਸ਼ਾਲੀ ਲੋਕਾਂ ਵਿੱਚ ਹੁਦੀ ਹੈ। ਇੰਨਾ ਹੀ ਨਹੀਂ, ਲੋਕਾਂ ਨੂੰ ਪ੍ਰੇਰਿਤ ਕਰਨ ਦੇ ਮੰਤਵ ਨਾਲ ਇਨ੍ਹਾਂ ਤਿੰਨਾਂ ਦੇ ਸੰਘਰਸ਼ ਦੀ ਦਾਸਤਾਨ ਸੁਣਾਈ-ਸਮਝਾਈ ਜਾਂਦੀ ਹੈ। ਉਂਝ ਤਾਂ ਇਨ੍ਹਾਂ ਤਿੰਨਾਂ ਵਿੱਚ ਕਈ ਸਮਾਨਤਾਵਾਂ ਹਨ, ਪਰ ਇੱਕ ਵੱਡੀ ਅਤੇ ਬਹੁ-ਚਰਚਿਤ ਸਮਾਨਤਾ ਇਹ ਹੈ ਕਿ ਇਹ ਤਿੰਨੇ 'ਕਾੱਲੇਜ ਡ੍ਰਾਪ ਆਊਟ' ਹਨ। ਭਾਵ ਇਨ੍ਹਾਂ ਤਿੰਨਾਂ ਨੇ ਹੀ ਪੜ੍ਹਾਈ ਵਿਚਾਲੇ ਹੀ ਛੱਡ ਦਿੱਤੀ ਸੀ ਅਤੇ ਆਪੋ-ਆਪਣੇ ਸੁਫ਼ਨੇ ਸਾਕਾਰ ਕਰਨ ਵਿੱਚ ਪੂਰੀ ਤਾਕਤ ਨਾਲ ਜੁਟ ਗਏ।

image


ਬਿਲ ਗੇਟਸ ਨੇ ਹਾਰਵਰਡ ਦੀ ਪੜ੍ਹਾਈ ਅਧਵਾਟੇ ਛੱਡੀ ਅਤੇ ਅੱਗੇ ਚੱਲ ਕੇ 'ਮਾਈਕ੍ਰੋਸਾੱਫ਼ਟ' ਦੀ ਸ਼ੁਰੂਆਤ ਕੀਤੀ। ਸਟੀਵ ਜਾੱਬਸ ਨੇ ਰੀਡ ਕਾੱਲੇਜ ਨੂੰ ਵਿਚਾਲੇ ਹੀ ਅਲਵਿਦਾ ਆਖ ਦਿੱਤਾ ਅਤੇ 'ਐਪਲ' ਦੀ ਸਥਾਪਨਾ ਕੀਤੀ। ਮਾਰਕ ਜ਼ੁਕੇਰਬਰਗ ਨੇ ਵੀ ਕਾਲਜ ਦੀ ਪੜ੍ਹਾਈ ਵਿਚਾਲੇ ਰੋਕੀ ਅਤੇ ਅੱਗੇ ਚੱਲ ਕੇ ਦੁਨੀਆਂ ਨੂੰ 'ਫ਼ੇਸਬੁੱਕ' ਦਿੱਤੀ। 'ਮਾਈਕ੍ਰੋਸਾੱਫ਼ਟ', 'ਐਪਲ' ਅਤੇ 'ਫ਼ੇਸਬੁੱਕ'... ਇਹ ਉਹ ਨਾਮ ਹਨ, ਜੋ ਦੁਨੀਆਂ ਦੇ ਹਰ ਕੋਣੇ ਵਿੱਚ ਹਰ ਦਿਨ ਬੋਲੇ, ਸੁਣੇ ਅਤੇ ਵਰਤੇ ਜਾਂਦੇ ਹਨ।

ਭਾਵੇਂ ਬਿਲ ਗੇਟਸ, ਸਟੀਵ ਜਾੱਬਸ ਅਤੇ ਮਾਰਕ ਜ਼ੁਕੇਰਬਰਗ 'ਕਾੱਲੇਜ ਡ੍ਰਾਪ ਆਊਟ' ਹੋਣ ਦੇ ਬਾਵਜੂਦ ਬਹੁਤ ਕਾਮਯਾਬ ਹੋਏ ਅਤੇ ਮਹਾਨ ਬਣੇ ਪਰ ਭਾਰਤ ਵਿੱਚ 'ਕਾੱਲੇਜ ਡ੍ਰਾਪ ਆਊਟ' ਨੂੰ ਚੰਗੀ ਨਜ਼ਰ ਨਾਲ ਨਹੀਂ ਵੇਖਿਆ ਜਾਂਦਾ। ਮਾਤਾ-ਪਿਤਾ ਹੀ ਨਹੀਂ, ਸਗੋਂ ਰਿਸ਼ਤੇਦਾਰ, ਦੋਸਤ ਅਤੇ ਦੂਜੇ ਵੀ ਇਹ ਮੰਨਣ ਲਗਦੇ ਹਨ ਕਿ 'ਕਾੱਲੇਜ ਡ੍ਰਾਪ ਆਊਟ' ਹੋਣ ਦਾ ਮਤਲਬ ਤਰੱਕੀ ਅਤੇ ਕਾਮਯਾਬੀ ਦੇ ਰਾਹ ਤੋਂ ਹਟ ਜਾਣਾ ਹੈ। ਕਈ ਲੋਕਾਂ ਦੀ ਨਜ਼ਰ ਵਿੱਚ ਸਕੂਲ ਜਾਂ ਫਿਰ ਕਾੱਲੇਜ ਦੀ ਪੜ੍ਹਾਈ ਵਿਚਾਲੇ ਛੱਡਣ ਦਾ ਮਤਲਬ ਹਾਰ ਹੈ।

ਪਰ, ਹੁਣ ਭਾਰਤ ਵਿੱਚ ਵੀ ਤਬਦੀਲੀ ਆ ਰਹੀ ਹੈ। 'ਕਾੱਲੇਜ ਡ੍ਰਾਪ ਆਊਟ' ਕਾਮਯਾਬੀ ਦੀਆਂ ਨਵੀਆਂ-ਨਵੀਆਂ ਕਹਾਣੀਆਂ ਲਿਖ ਰਹੇ ਹਨ। ਸਕੂਲ-ਕਾੱਲੇਜ ਨੂੰ ਵਿੱਚੇ ਹੀ ਛੱਡ ਕੇ ਕਈ ਨੌਜਵਾਨ ਆਪਣੇ ਸੁਫ਼ਨੇ ਸਾਕਾਰ ਕਰਨ ਵਿੱਚ ਜੁਟ ਗਏ ਹਨ। ਖੇਡ-ਕੁੱਦ, ਵਿਗਿਆਨ-ਤਕਨਾਲੋਜੀ, ਉਦਯੋਗ, ਕਾਰੋਬਾਰ, ਖੋਜ, ਈਜਾਦ ਅਤੇ ਅਨੁਸੰਧਾਨ ਜਿਹੇ ਖੇਤਰਾਂ ਵਿੱਚ ਵਿਲੱਖਣ ਜਿੱਤ ਹਾਸਲ ਕਰ ਰਹੇ ਹਨ। 'ਕਾੱਲੇਜ ਡ੍ਰਾਪ ਆਊਟ' ਵੀ ਆਪਣੇ ਨਵੇਂ-ਨਵੇਂ ਪ੍ਰਯੋਗਾਂ, ਖੋਜਾਂ, ਕਾਮਯਾਬੀਆਂ ਰਾਹੀਂ ਨਵੀਂ ਮਿਸਾਲ ਬਣ ਰਹੇ ਹਨ। ਇਨ੍ਹਾਂ ਹੀ ਕਾਮਯਾਬ 'ਕਾੱਲੇਜ ਡ੍ਰਾਪ ਆਊਟ' ਵਿਚੋਂ ਇੱਕ ਹਨ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਦੇ ਸ਼ਸ਼ਾਂਕ ਚੌਰੇ। ਸ਼ਸ਼ਾਂਕ ਚੌਰੇ ਨੇ ਵੀ ਕਾਮਯਾਬੀ ਦੀ ਆਪਣੀ ਅਨੋਖੀ ਕਹਾਣੀ ਲਿਖੀ ਹੈ। ਇੱਕ ਆਮ ਮੱਧ ਵਰਗੀ ਪਰਿਵਾਰ ਵਿੱਚ ਜਨਮੇ ਸ਼ਸ਼ਾਂਕ ਨੇ ਆਪਣੀ ਪ੍ਰਤਿਭਾ ਦੇ ਦਮ ਉਤੇ ਸੁਫ਼ਨੇ ਵੇਖੇ ਅਤੇ ਸੁਫ਼ਨੇ ਸਾਕਾਰ ਕਰਨ ਲਈ ਜੋਖਮ ਉਠਾਇਆ। ਰਾਹ ਔਖੀ ਸੀ, ਪਰ ਹੌਸਲੇ ਬੁਲੰਦ ਸਨ। ਸ਼ਸ਼ਾਂਕ ਕਾਮਯਾਬ ਹੁੰਦੇ ਗਏ ਅਤੇ ਦੁਨੀਆਂ ਭਰ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾ ਲਈ। ਸ਼ਸ਼ਾਂਕ ਚੌਰੇ ਦੀ ਗਿਣਤੀ ਹੁਣ ਦੁਨੀਆਂ ਦੇ ਸਭ ਤੋਂ ਵੱਧ ਕਾਮਯਾਬ ਅਤੇ ਮਸ਼ਹੂਰ ਹੈਕਰਾਂ ਵਿੱਚ ਹੁੰਦੀ ਹੈ। ਕੁੱਝ ਲੋਕ ਉਨ੍ਹਾਂ ਨੂੰ ''ਕਰੋੜਪਤੀ ਹੈਕਰ'' ਦੇ ਨਾਂਅ ਨਾਲ ਸੱਦਦੇ ਹਨ।

ਇੱਕ ਆਮ ਬੱਚੇ ਤੋਂ ਮਸ਼ਹੂਰ ਕੰਪਿਊਟਰ ਮਾਹਿਰ ਅਤੇ ਹੈਕਰ ਬਣਨ ਦੀ ਸ਼ਸ਼ਾਂਕ ਦੀ ਕਹਾਣੀ ਦਿਲਚਸਪ ਵੀ ਹੈ।

13 ਸਾਲ ਦੀ ਉਮਰ ਵਿੱਚ ਸ਼ਸ਼ਾਂਕ ਨੇ ਪਹਿਲੀ ਵਾਰ ਕੰਪਿਊਟਰ ਵੇਖਿਆ ਸੀ। ਉਹ ਜਾਣ-ਪਛਾਣ ਅਜਿਹੀ ਹੋਈ ਕਿ ਰਿਸ਼ਤਾ ਜ਼ਿੰਦਗੀ ਭਰ ਦਾ ਹੋ ਗਿਆ। ਪਹਿਲੀ ਜਾਣ-ਪਛਾਣ ਤੋਂ ਹੀ ਸ਼ਸਾਂਕ ਨੇ ਕੰਪਿਊਟਰ 'ਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਸੀ। ਦਿਲਚਸਪੀ ਦਿਨ-ਬ-ਦਿਨ ਵਧਦੀ ਹੀ ਗਈ। ਕੁੱਝ ਹੀ ਦਿਨਾਂ ਵਿੱਚ ਸ਼ਸ਼ਾਂਕ ਲਈ ਕੰਪਿਊਟਰ ਹੀ ਸਭ ਕੁੱਝ ਹੋ ਗਿਆ।

ਕੰਪਿਉਅਰ ਸ਼ਸ਼ਾਂਕ ਦਾ ਸਭ ਤੋਂ ਪਿਆਰਾ ਸਾਥੀ ਬਣ ਗਿਆ। ਬਚਪਨ ਤੋਂ ਹੀ ਸ਼ਸ਼ਾਂਕ ਨੇ ਘੰਟਿਆਂ ਬੱਧੀ ਕੰਪਿਊਟਰ ਉਤੇ ਬਿਤਾਉਣੇ ਸ਼ੁਰੂ ਕਰ ਦਿੱਤੇ ਸਨ। ਸ਼ਸ਼ਾਂਕ ਘੰਟਿਆਂ ਬੱਧੀ ਕੰਪਿਊਟਰ ਉਤੇ ਗੇਮਜ਼ ਖੇਡਦੇ। ਹਾਲਾਤ ਅਜਿਹੇ ਬਣੇ ਕਿ ਕੰਪਿਊਟਰ ਤੋਂ ਨਜ਼ਰ ਹੀ ਨਹੀਂ ਹਟਦੀ ਸੀ।

ਕੰਪਿਊਟਰ ਵਿੱਚ ਸ਼ਸ਼ਾਂਕ ਦੀ ਦਿਲਚਸਪੀ ਵੇਖ ਕੇ ਉਨ੍ਹਾਂ ਦੇ ਮਾਪੇ ਵੀ ਹੈਰਾਨ ਸਨ। ਕੰਪਿਊਟਰ ਉਤੇ ਕੰਮ ਕਰਦੇ-ਕਰਦੇ ਸ਼ਸ਼ਾਂਕ ਬਹੁਤ ਕੁੱਝ ਸਿੱਖਣ ਲੱਗੇ। ਪਹਿਲਾਂ ਕੰਪਿਊਟਰ ਨਾਲ ਦੋਸਤੀ ਕੀਤੀ। ਫਿਰ ਉਸ ਨੂੰ ਚੰਗੀ ਤਰ੍ਹਾਂ ਸਮਝਿਆ ਅਤੇ ਪਰਖਿਆ। ਅੱਗੇ ਚੱਲ ਕੇ ਕੰਪਿਊਟਰ ਦੀਆਂ ਬਾਰੀਕੀਆਂ ਜਾਣੀਆਂ ਅਤੇ ਫਿਰ ਇਸੇ ਕ੍ਰਮ ਵਿੱਚ ਸ਼ਸ਼ਾਂਕ ਨੂੰ ਕੋਡਿੰਗ ਦਾ ਚਸਕਾ ਲੱਗ ਗਿਆ। ਸ਼ਸ਼ਾਂਕ ਨੇ ਹੈਕਿੰਗ ਬਾਰੇ ਸਿੱਖਣਾ ਤੇ ਸਮਝਣਾ ਸ਼ੁਰੂ ਕੀਤਾ। ਅਤੇ ਹੌਲੀ-ਹੌਲੀ ਸ਼ਸ਼ਾਂਕ ਲਈ ਹੈਕਿੰਗ ਸਭ ਤੋਂ ਪਿਆਰਾ ਵਿਸ਼ਾ ਅਤੇ ਕੰਮ ਬਣ ਗਿਆ। ਕੁੱਝ ਹੀ ਮਹੀਨਿਆਂ 'ਚ ਸ਼ਸ਼ਾਂਕ ਲਈ ਹੈਕਿੰਗ ਨਵਾਂ ਸ਼ੌਕ ਸੀ। ਆਪਣੇ ਇਸੇ ਨਵੇਂ ਸ਼ੌਕ ਕਾਰਣ ਉਨ੍ਹਾਂ ਕ੍ਰੈਕਪਾਲ ਡਾੱਟ ਕਾੱਮ ਨਾਂਅ ਦੀ ਇੱਕ ਵੈਬਸਾਈਟ ਲਈ ਕੰਮ ਕਰਨਾ ਸ਼ੁਰੂ ਕੀਤਾ। ਇੱਥੋਂ ਉਨ੍ਹਾਂ ਇੱਕ ਈ-ਮੇਲ ਅਕਾਊਂਟ ਨੂੰ ਹੈਕ ਕਰਨ ਲਈ 50 ਡਾਲਰ ਮਿਲਦੇ।

ਇਸੇ ਦੌਰਾਨ ਸ਼ਸ਼ਾਂਕ ਨੇ ਕੰਪਿਊਟਰਾਂ ਦੇ ਵਾਇਰਸ ਬਾਰੇ ਜਾਣਨਾ ਅਤੇ ਸਮਝਣਾ ਸ਼ੁਰੂ ਕੀਤਾ। ਦਿਨ-ਰਾਤ ਦੀ ਮਿਹਨਤ ਨਾਲ ਸ਼ਸ਼ਾਂਕ ਨੇ ਵਾਇਰਸ ਨੂੰ ਲੱਭਣ, ਪਛਾਣਨ ਅਤੇ ਉਸ ਨੂੰ ਦੂਰ ਕਰਨ ਵਿੱਚ ਮੁਹਾਰਤ ਹਾਸਲ ਕਰ ਲਈ। ਸ਼ਸ਼ਾਂਕ ਦੇ ਐਲਗੋਰਿਦਮ ਬਣਾਉਣੇ ਵੀ ਸ਼ੁਰੂ ਕੀਤੇ। ਇੱਕ ਤੋਂ ਬਾਅਦ ਇੱਕ ਐਲਗੋਰਿਦਮ ਲਿਖੇ।

ਸ਼ਸ਼ਾਂਕ ਦੀ ਪ੍ਰਤਿਭਾ ਬਾਰੇ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਇੰਦੌਰ ਸ਼ਹਿਰ ਦੀ ਪੁਲਿਸ ਨੇ ਵੀ ਉਸ ਦੀਆਂ ਸੇਵਾਵਾਂ ਲਈਆਂ। ਸ਼ਸ਼ਾਂਕ ਨੇ ਲਗਭਗ ਦੋ ਸਾਲਾਂ ਤੱਕ ਇੰਦੌਰ ਪੁਲਿਸ ਲਈ ਬਤੌਰ ਸਾਈਬਰ ਸਕਿਓਰਿਟ ਕਨਸਲਟੈਂਟ ਕੰਮ ਕੀਤਾ। ਭਾਵੇਂ ਮਿਹਨਤ ਕੁੱਝ ਵੱਧ ਸੀ ਅਤੇ ਆਮਦਨ ਘੱਟ ਪਰ ਫਿਰ ਵੀ ਉਨ੍ਹਾਂ ਪੂਰੀ ਈਮਾਨਦਾਰੀ ਨਾਲ ਕੰਮ ਕੀਤਾ।

ਇੰਜੀਨੀਅਰਿੰਗ ਕਾਲਜ ਵਿੱਚ ਦਾਖ਼ਲਾ ਲੈਣ ਤੋਂ ਬਾਅਦ ਵੀ ਸ਼ਸ਼ਾਂਕ ਨੇ ਐਥੀਕਲ ਹੈਕਿੰਗ ਦਾ ਕੰਮ ਜਾਰੀ ਰੱਖਿਆ।

ਇੰਜੀਨੀਅਰਿੰਗ ਕਾਲਜ ਵਿੱਚ ਪੜ੍ਹਾਈ-ਲਿਖਾਈ ਦੌਰਾਨ ਸ਼ਸ਼ਾਂਕ ਵਿੱਚ ਕਈ ਤਬਦੀਲੀਆਂ ਆਈਆਂ। ਹੌਲੀ-ਹੌਲੀ ਪੜ੍ਹਾਈ-ਲਿਖਾਈ ਵਿੱਚ ਉਨ੍ਹਾਂ ਦੀ ਦਿਲਚਸਪੀ ਖ਼ਤਮ ਹੋਣ ਲਗੀ। ਪਾਠਕ੍ਰਮ ਬੇਕਾਰ ਅਤੇ ਅਕਾਊ ਜਾਪਣ ਲੱਗੇ। ਉਨ੍ਹਾਂ ਮਨ ਵਿੱਚ ਧਾਰ ਲਿਆ ਕਿ ਕੰਪਿਊਟਰ ਮਾਹਿਰ ਦੇ ਤੌਰ ਉਤੇ ਲੋਕਾਂ ਨੂੰ ਆਪਣੀਆਂ ਸੇਵਾਵਾਂ ਦੇਣਗੇ ਅਤੇ ਦੁਨੀਆਂ ਭਰ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾਉਣਗੇ।

ਸੈਕੰਡ ਈਅਰ ਵਿੱਚ ਉਨ੍ਹਾਂ ਇੰਜੀਨੀਅਰਿੰਗ ਕਾਲਜ ਛੱਡ ਦਿੱਤਾ। ਆਪਣੇ ਫ਼ੈਸਲੇ ਮੁਤਾਬਕ ਕੰਪਿਊਟਰ ਮਾਹਿਰ ਵਜੋਂ ਆਪਣੀ ਪਛਾਣ ਬਣਾਉਣ ਲਈ ਮੌਕਿਆਂ ਦੀ ਭਾਲ਼ ਸ਼ੁਰੂ ਕੀਤੀ। ਉਨ੍ਹਾਂ ਉਸ ਵੇਲੇ ਇੰਦੌਰ ਸ਼ਹਿਰ ਦੀ ਸਭ ਤੋਂ ਵੱਧ ਜਾਣੀ-ਪਛਾਣੀ ਕੰਪਨੀ ਦੇ ਮਾਲਕਾਂ ਨੂੰ ਪ੍ਰਭਾਵਿਤ ਕਰਨ ਦੀ ਸੋਚੀ। ਸ਼ਸ਼ਾਂਕ ਨੇ ਇੰਦੌਰ ਦੀ ਸਭ ਤੋਂ ਵੱਧ ਪ੍ਰਸਿੱਧ ਸਾੱਫ਼ਟਵੇਅਰ ਕੰਪਨੀ ਵਿੱਚ ਵੈਬ ਸਕਿਓਰਿਟੀ ਕਨਸਲਟੈਂਟ ਵਜੋਂ ਜਗ੍ਹਾ ਹਾਸਲ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ। ਇੱਥੇ ਸ਼ਸ਼ਾਂਕ ਨੇ ਕੰਪਨੀ ਦੇ ਕਲਾਇੰਟਸ ਦੀ ਵੈਬਸਾਈਟ ਨੂੰ ਹੈਕ ਕੀਤਾ। ਇਨ੍ਹਾਂ ਵੈਬਸਾਈਟਸ ਦੀ ਸੁਰੱਖਿਆ ਸਬੰਧੀ ਖ਼ਾਮੀਆਂ ਬਾਰੇ ਆਪਣੀ ਕੰਪਨੀ ਨੂੰ ਦੱਸਿਆ ਅਤੇ ਬਿਜ਼ਨੇਸ ਨੂੰ ਵਧਾਉਣ ਲਈ ਨਵੇਂ-ਨਵੇਂ ਸੁਝਾਅ ਦਿੱਤੇ।

ਲਗਭਗ ਡੇਢ ਸਾਲ ਤੱਕ ਸ਼ਸ਼ਾਂਕ ਨੇ ਇਸ ਕੰਪਨੀ ਵਿੱਚ ਕੰਮ ਕੀਤਾ। ਇਸ ਦੌਰਾਨ ਪ੍ਰਤਿਭਾ ਅਤੇ ਸਫ਼ਲਤਾ ਕਾਰਣ ਉਨ੍ਹਾਂ ਨੂੰ ਨੌਕਰੀ ਵਿੱਚ ਤਿੰਨ ਵਾਰ ਤਰੱਕੀ ਵੀ ਮਿਲੀ।

ਪਰ ਇੱਕ ਹੋਰ ਕੰਪਨੀ ਨੇ ਵੱਡੀ ਤਨਖ਼ਾਹ ਦੇਣ ਦੀ ਪੇਸ਼ਕਸ਼ ਕੀਤੀ, ਤਾਂ ਸ਼ਸ਼ਾਂਕ ਨੇ ਇਹ ਨੌਕਰੀ ਛੱਡ ਦਿੱਤੀ। ਨਵੀਂ ਥਾਂ 45 ਦਿਨ ਕੰਮ ਕਰਨ ਤੋਂ ਬਾਅਦ ਫਿਰ ਅਚਾਨਕ ਸ਼ਸ਼ਾਂਕ ਨੇ ਫ਼ੈਸਲਾ ਕੀਤਾ ਕਿ ਕਿਸੇ ਦੂਜੇ ਕੋਲ ਇੱਥੇ ਤਨਖ਼ਾਹ ਉਤੇ ਨੌਕਰੀ ਨਹੀਂ ਕਰਨਗੇ। ਸਗੋਂ ਆਪਣੀ ਖ਼ੁਦ ਦੀ ਕੰਪਨੀ ਸ਼ੁਰੂ ਕਰਨਗੇ। ਇਸ ਕੰਪਨੀ ਨੇ ਸ਼ਸ਼ਾਂਕ ਨਾਲ ਕੀਤੇ ਵਾਅਦੇ ਵੀ ਪੂਰੇ ਨਹੀਂ ਕੀਤੇ ਸਨ।

23 ਫ਼ਰਵਰੀ 2009 ਨੂੰ ਸ਼ਸ਼ਾਂਕ ਨੇ ਨੌਕਰੀ ਛੱਡ ਦਿੱਤੀ। ਜਦੋਂ ਉਹ ਅਸਤੀਫ਼ਾ ਦੇ ਕੇ ਦਫ਼ਤਰ ਤੋਂ ਬਾਹਰ ਨਿੱਕਲੇ, ਤਦ ਉਨ੍ਹਾਂ ਕੋਲ ਕੋਈ ਡਿਗਰੀ ਨਹੀਂ ਸੀ ਅਤੇ ਨਾ ਹੀ ਕੋਈ ਵੱਡੀ ਰਕਮ, ਜਿਸ ਨਾਲ ਉਹ ਆਪਣੀ ਕੰਪਨੀ ਖੋਲ੍ਹ ਸਕਣ। ਜੇਬ ਵਿੱਚ ਕੇਵਲ 5,000 ਰੁਪਏ ਸਨ।

ਸ਼ਸ਼ਾਂਕ ਨੇ ਘਰ ਪਰਤ ਕੇ ਇੰਟਰਨੈਟ ਦਾ ਸਹਾਰਾ ਲਿਆ। ਆੱਨਲਾਈਨ ਕੰਮ ਲੱਭਿਆ। ਕੰਮ ਮਿਲਿਆ ਵੀ ਅਤੇ ਕਮਾਈ ਵੀ ਸ਼ੁਰੂ ਹੋਈ। ਕਮਾਈ ਵਧਦੀ ਗਹਂ ਅਤੇ ਇੰਨੇ ਰੁਪਏ ਜਮ੍ਹਾ ਹੋ ਗਏ, ਜਿਸ ਨਾਲ ਕੰਪਨੀ ਦੀ ਸ਼ੁਰੂਆਤ ਕੀਤੀ ਜਾ ਸਕੇ।

ਅਕਤੂਬਰ 2009 ਵਿੱਚ ਸ਼ਸ਼ਾਂਕ ਨੇ ਇੱਕ ਛੋਟੀ ਟੀਮ ਲਾਂਲ 'ਇਡੀਆ ਇਨਫ਼ੋਟੈਕ' ਦੇ ਨਾਮ ਨਾਲ ਇੱਕ ਕੰਪਨੀ ਖੋਲ੍ਹੀ।

ਕੰਪਨੀ ਨੇ ਕੰਮ ਵੀ ਸ਼ੁਰੂ ਕੀਤਾ, ਜਿਵੇਂ-ਜਿਵੇਂ ਕੰਮ ਅੱਗੇ ਵਧਦਾ ਗਿਆ, ਸ਼ਸ਼ਾਂਕ ਨੂੰ ਅਹਿਸਾਸ ਹੋਇਆ ਕਿ ਕੰਪਨੀ ਦਾ ਵੱਡੇ ਪੱਧਰ ਉਤੇ ਵਿਸਥਾਰ ਕਰਨ ਲਈ ਉਤਪਾਦਨ ਦੇ ਖੇਤਰ ਵਿੱਚ ਉਤਰਨਾ ਜ਼ਰੂਰੀ ਹੈ। ਘੱਟ ਪੂੰਜੀ ਨਾਲ ਉਤਪਾਦਨ ਦੇ ਖੇਤਰ ਵਿੱਚ ਉਤਰਨਾ ਔਖਾ ਸੀ ਪਰ ਸ਼ਸ਼ਾਂਕ ਨੇ ਸੇਵਾ ਨੂੰ ਹੀ ਉਤਪਾਦ ਵਾਂਗ ਵੇਚਣ ਦੀ ਤਰਕੀਬ ਅਪਣਾਈ। ਸ਼ਸ਼ਾਂਕ ਦੀ ਕੰਪਨੀ ਛੇਤੀ ਹੀ ਇੱਕ ਸਪੈਸ਼ਲਾਇਜ਼ਡ ਈ-ਕਾੱਮਰਸ ਵੈਬਸਾਈਟ ਡਿਵੈਲਪਮੈਂਟ ਕੰਪਨੀ ਵਿੱਚ ਤਬਦੀਲ ਹੋ ਗਈ।

ਸ਼ਸ਼ਾਂਕ ਨੇ ਆਪਣੀ ਕੰਪਨੀ ਰਾਹੀਂ ਸਰਚ ਇੰਜਨ ਆੱਪਟਿਮਾਇਜ਼ੇਸ਼ਨ ਸਰਵਿਸ ਭਾਵ ਐਸ.ਈ.ਓ. ਸਰਵਿਸੇਜ਼ ਉਪਲਬਧ ਕਰਵਾਉਣੀਆਂ ਸ਼ੁਰੂ ਕੀਤੀਆਂ। ਇਸ ਸੇਵਾ ਕਾਰਣ ਸ਼ਸ਼ਾਂਕ ਨੂੰ ਦੁਨੀਆਂ ਭਰ ਤੋਂ ਕਲਾਇੰਟ ਮਿਲਣ ਲੱਗੇ। ਲੋਕ ਸ਼ਸ਼ਾਂਕ ਅਤੇ ਉਨ੍ਹਾਂ ਦੀ ਕੰਪਨੀ ਤੋਂ ਬਹੁਤ ਪ੍ਰਭਾਵਿਤ ਹੋਏ। ਅਕਤੂਬਰ, 2009 ਵਿੱਚ ਸ਼ੁਰੂ ਹੋਈ ਕੰਪਨੀ ਲਈ ਫ਼ਰਵਰੀ 2014 ਵਿੱਚ 10,000 ਪ੍ਰਾਜੈਕਟਸ ਹੱਥ ਵਿੱਚ ਸਨ। ਕੰਪਨੀ ਸਾਲਾਨਾ 5 ਕਰੋੜ ਰੁਪਏ ਕਮਾਉਣ ਲੱਗੀ।

ਸ਼ਸ਼ਾਂਕ ਨੇ ਆਪਣੀ ਕੰਪਨੀ ਰਾਹੀਂ ਪੰਜ ਸਾਲਾਂ ਵਿੱਚ 5 ਹਜ਼ਾਰ ਤੋਂ 5 ਕਰੋੜ ਰੁਪਏ ਦਾ ਸਫ਼ਰ ਤੈਅ ਕੀਤਾ ਸੀ। ਇੱਕ ਕਾੱਲੇਜ ਡ੍ਰਾਪਆਊਟ ਦਾ ਇਹ ਸਫ਼ਰ ਕਾਮਯਾਬੀ ਦੀ ਮਿਸਾਲ ਬਣ ਗਿਆ।

ਕੰਪਨੀ ਖ਼ੂਬ ਚੱਲ ਰਹੀ ਹੈ। ਦੁਨੀਆਂ ਭਰ ਤੋਂਕੰਮ ਮਿਲ ਰਿਹਾ ਹੈ। ਕਾਰੋਬਾਰ ਵੀ ਖ਼ੂਬ ਹੋ ਰਿਹਾ ਹੈ। ਲੋਕਾਂ ਦੀ ਨਜ਼ਰ ਵਿੱਚ ਸ਼ਸ਼ਾਂਕ ਆਦਰਸ਼ ਵੀ ਬਣ ਗਏ ਹਨ। ਉਹ ਕਈਆਂ ਲਈ ਪ੍ਰੇਰਣਾ ਸਰੋਤ ਵੀ ਹਨ। ਇਸ ਸਭ ਦੇ ਬਾਵਜੂਦ ਸ਼ਸ਼ਾਂਕ ਨੇ ਆਪਣਾ ਮਨਪਸੰਦ ਕੰਮ ਕਰਨਾ ਨਹੀਂ ਛੱਡਿਆ। ਉਹ ਹੁਣ ਵੀ ਹੈਕਿੰਗ ਅਤੇ ਕੰਪਿਊਟਰ ਸਕਿਓਰਿਟੀ ਉਤੇ ਕੰਮ ਕਰਦੇ ਹੀ ਰਹਿੰਦੇ ਹਨ।