ਵੀਰੇਂਦਰ ਸਿੰਘ ਨੇ ਕੀਤਾ ਆਪਣੀ ਭਲਵਾਨੀ ਨਾਲ ਸਰੀਰਕ ਅਸਮਰੱਥਾ ਨੂੰ ਚਿੱਤ

ਵੀਰੇਂਦਰ ਸਿੰਘ ਨੇ ਕੀਤਾ ਆਪਣੀ ਭਲਵਾਨੀ ਨਾਲ ਸਰੀਰਕ ਅਸਮਰੱਥਾ ਨੂੰ ਚਿੱਤ

Sunday November 08, 2015,

6 min Read

ਗੂੰਗਾ ਭਲਵਾਨ (ਪਹਿਲਵਾਨ) ਦੇ ਨਾਂਅ ਨਾਲ ਆਪਣੀਆਂ ਕਾਮਯਾਬੀਆਂ ਰਾਹੀਂ ਵਿਲੱਖਣ ਮਿਸਾਲ ਕਾਇਮ ਕੀਤੀ ਹੈ। ਗੂੰਗਾ ਅਤੇ ਬੋਲ਼ਾ (ਬਹਿਰਾ) ਹੋਣ ਦੇ ਬਾਵਜੂਦ ਉਨ੍ਹਾਂ ਕਦੇ ਵੀ ਇਸ ਕਮੀ ਨੂੰ ਆਪਣੇ ਸੁਫ਼ਨਿਆਂ ਦੀ ਉਡਾਣ ਦੇ ਰਾਹ ਦਾ ਅੜਿੱਕਾ ਨਹੀਂ ਬਣਨ ਦਿੱਤਾ। ਯੋਗਤਾ ਅਤੇ ਕੁਸ਼ਤੀ ਦੇ ਦਾਅ-ਪੇਚ ਵਿੱਚ ਮੁਹਾਰਤ ਨਾਲ ਦੰਗਲ ਵਿੱਚ ਕਈ ਵੱਡੇ-ਵੱਡੇ ਭਲਵਾਨਾਂ ਨੂੰ ਚਿੱਤ ਕਰ ਕੇ ਭਾਰਤ ਨੂੰ ਤਮਗ਼ੇ ਦਿਵਾਏ। ਕਈ ਰਿਕਾਰਡ ਆਪਣੇ ਨਾਂਅ ਕੀਤੇ। ਦੁਨੀਆਂ ਭਰ ਵਿੱਚ ਆਪਣੀ ਭਲਵਾਨੀ ਦਾ ਲੋਹਾ ਮੰਨਵਾਇਆ। ਮਿਹਨਤ, ਜੋਸ਼ ਅਤੇ ਲਗਨ ਨਾਲ ਖ਼ੂਬ ਨਾਮ ਕਮਾਇਆ ਹੈ। ਸਿੱਧ ਕੀਤਾ ਕਿ ਜੇ ਇਨਸਾਨ ਦੇ ਹੌਸਲੇ ਬੁਲੰਦ ਹਨ ਅਤੇ ਉਸ ਵਿੱਚ ਕੁੱਝ ਵੱਡਾ ਹਾਸਲ ਕਰਨ ਦਾ ਜਜ਼ਬਾ ਹੈ ਤਾਂ ਅੰਗਹੀਣਤਾ/ਵਿਕਲਾਂਗਤਾ ਕਾਮਯਾਬੀ ਨੂੰ ਰੋਕ ਨਹੀਂ ਸਕਦੀ।

image


ਵੀਰੇਂਦਰ ਸਿੰਘ ਨੇ ਜੋਸ਼, ਮਿਹਨਤ ਅਤੇ ਲਗਨ ਨਾਲ ਨਾ ਕੇਵਲ ਭਲਵਾਨਾਂ ਨੂੰ ਮਾਤ ਦਿੱਤੀ ਹੈ, ਸਗੋਂ ਆਪਣੀ ਸਰੀਰਕ ਸਮਰੱਥਾ ਨੂੰ ਵੀ ਚਿੱਤ ਕੀਤਾ ਹੈ। ਵੀਰੇਂਦਰ ਦੀ ਕਾਮਯਾਬੀ ਦੀ ਕਹਾਣੀ ਬਹੁਤ ਹੀ ਪ੍ਰੇਰਣਾਦਾਇਕ ਹੈ।

ਵੀਰੇਂਦਰ ਦਾ ਜਨਮ ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਪਿੰਡ ਸਾਸਰੋਲੀ ਵਿਖੇ ਹੋਇਆ ਸੀ। ਵੀਰੇਂਦਰ ਬਚਪਨ ਤੋਂ ਹੀ ਨਾ ਸੁਣ ਸਕਦੇ ਸਨ ਅਤੇ ਨਾ ਹੀ ਬੋਲ ਸਕਦੇ ਸਨ। ਆਂਢ-ਗੁਆਂਢ ਦੇ ਲੋਕ ਉਨ੍ਹਾਂ ਨੂੰ 'ਗੂੰਗਾ' ਕਹਿ ਕੇ ਹੀ ਸੱਦਦੇ ਸਨ ਅਤੇ ਹੌਲੀ-ਹੌਲੀ ਇਹੋ ਸ਼ਬਦ ਉਨ੍ਹਾਂ ਦੀ ਪਛਾਣ ਬਣ ਗਿਆ। ਵੀਰੇਂਦਰ ਦੇ ਪਿੰਡ ਦੇ ਲੋਕ ਗੂੰਗੇ ਅਤੇ ਬਹਿਰੇ ਲੋਕਾਂ ਵੱਲ ਵੱਧ ਧਿਆਨ ਨਹੀਂ ਦਿੰਦੇ ਸਨ ਅਤੇ ਇਹ ਮੰਨਦੇ ਸਨ ਕਿ ਇਨ੍ਹਾਂ ਲੋਕਾਂ ਦਾ ਕੋਈ ਭਵਿੱਖ ਨਹੀਂ ਹੁੰਦਾ। ਵੀਰੇਂਦਰ ਤੋਂ ਵੀ ਕਿਸੇ ਨੂੰ ਕੋਈ ਉਮੀਦ ਨਹੀਂ ਸੀ। ਪਰ ਜਿਵੇਂ ਹੀ ਵੀਰੇਂਦਰ ਆਪਣੇ ਪਿੰਡ ਤੋਂ ਦਿੱਲੀ ਗਏ, ਉਨ੍ਹਾਂ ਦੀ ਕਿਸਮਤ ਨੇ ਕਰਵਟ ਲਈ।

ਦਿੱਲੀ ਜਾਣ ਦੇ ਪਿੱਛੇ ਵੀ ਇੱਕ ਘਟਨਾ ਸੀ। ਹੋਇਆ ਇੰਝ ਸੀ ਕਿ ਬਚਪਨ ਵਿੱਚ ਵੀਰੇਂਦਰ ਦੇ ਪੈਰ 'ਤੇ ਧੱਦਰ ਹੋ ਗਈ ਸੀ। ਉਨ੍ਹਾਂ ਦੇ ਇੱਕ ਰਿਸ਼ਤੇਦਾਰ ਨੇ ਜਦੋਂ ਇਹ ਧੱਦਰ ਵੇਖੀ, ਤਾਂ ਉਹ ਹੈਰਾਨ ਹੋਏ ਅਤੇ ਇਲਾਜ ਲਈ ਵੀਰੇਂਦਰ ਨੂੰ ਆਪਣੇ ਨਾਲ ਦਿੱਲੀ ਲੈ ਗਏ। ਵੀਰੇਂਦਰ ਕਾਫ਼ੀ ਸਮਾਂ ਦਿੱਲੀ ਰਹੇ ਅਤੇ ਇਸੇ ਦੌਰਾਨ ਉਹ ਛਤਰਸਾਲ ਅਖਾੜੇ ਵਿੱਚ ਜਾਣ ਲੱਗੇ। ਛਤਰਸਾਲ ਅਖਾੜਾ ਸਮੁੱਚੇ ਭਾਰਤ ਵਿੱਚ ਕਾਫ਼ੀ ਮਸ਼ਹੂਰ ਹੈ ਅਤੇ ਇੱਥੋਂ ਕਈ ਚੈਂਪੀਅਨ ਭਲਵਾਨ ਨਿੱਕਲ਼ੇ ਹਨ। ਛਤਰਸਾਲ ਅਖਾੜੇ ਵਿੱਚ ਆਉਂਦੇ-ਜਾਂਦੇ ਵੀਰੇਂਦਰ ਦੀ ਕੁਸ਼ਤੀ ਵਿੱਚ ਦਿਲਚਸਪੀ ਲਗਾਤਾਰ ਵਧਦੀ ਗਈ ਅਤੇ ਇਸੇ ਦਿਲਚਸਪੀ ਦੇ ਚਲਦਿਆਂ ਉਹ ਅਖਾੜੇ ਵਿੱਚ ਕੁੱਦ ਪਏ ਅਤੇ ਕੁਸ਼ਤੀ ਦੀ ਸ਼ੁਰੂਆਤ ਹੋ ਗਈ। ਉਂਝ ਤਾਂ ਉਨ੍ਹਾਂ ਭਲਵਾਨੀ ਦਾ ਸ਼ੌਕ ਆਪਣੇ ਪਿੰਡ ਦੇ ਘਰ ਲਾਗਲੇ ਅਖਾੜੇ ਤੋਂ ਲੱਗਾ, ਜਿੱਥੇ ਉਨ੍ਹਾਂ ਦੇ ਪਿਤਾ ਅਜੀਤ ਸਿੰਘ ਵੀ ਭਲਵਾਨੀ ਕਰਦੇ ਸਨ ਪਰ ਛਤਰਸਾਲ ਅਖਾੜੇ ਵਿੱਚ ਉਨ੍ਹਾਂ ਦਾ ਸ਼ੌਕ ਹੋਰ ਪ੍ਰਵਾਨ ਚੜ੍ਹਿਆ ਸੀ।

ਅਖਾੜੇ ਦੇ ਕੋਚ ਦੀ ਦੇਖ-ਰੇਖ ਵਿੱਚ ਹੀ ਵੀਰੇਂਦਰ ਨੇ ਪੜ੍ਹਾਈ ਵੀ ਕੀਤੀ। ਉਨ੍ਹਾਂ ਕੋਚ ਦੀ ਹੱਲਾਸ਼ੇਰੀ ਸਦਕਾ ਹੀ 10ਵੀਂ ਦੀ ਪ੍ਰੀਖਿਆ ਪਾਸ ਕਰ ਲਈ।

ਫਿਰ ਅਖਾੜੇ ਵਿੱਚ ਅਭਿਆਸ ਤੇਜ਼ ਹੋ ਗਿਆ। ਵੀਰੇਂਦਰ ਨੇ ਦੰਗਲ ਵਿੱਚ ਜੀਅ-ਜਾਨ ਲਾ ਕੇ ਕੁਸ਼ਤੀ ਲੜਨੀ ਸ਼ੁਰੂ ਕੀਤੀ। ਉਨ੍ਹਾਂ ਹੁਣ ਧਾਰ ਲਿਆ ਸੀ ਕਿ ਉਹ ਭਲਵਾਨ ਹੀ ਬਣਨਗੇ। ਪਰ ਪਰਿਵਾਰਕ ਮੈਂਬਰ ਵੀਰੇਂਦਰ ਦੇ ਇਸ ਫ਼ੈਸਲੇ ਤੋਂ ਨਾਰਾਜ਼ ਹੋ ਗਏ। ਉਹ ਵੀਰੇਂਦਰ ਦੇ ਅਖਾੜੇ ਜਾਣ ਅਤੇ ਭਲਵਾਨ ਬਣਨ ਦੇ ਖ਼ਿਲਾਫ਼ ਸਨ। ਪਰਿਵਾਰਕ ਮੈਂਬਰ ਮੰਨਦੇ ਸਨ ਕਿ ਭਲਵਾਨ ਬਣ ਕੇ ਵੀਰੇਂਦਰ ਨੂੰ ਕੁੱਝ ਨਹੀਂ ਮਿਲ਼ੇਗਾ। ਸਿਰਫ਼ ਸਮਾਂ ਹੀ ਬਰਬਾਦ ਹੋਵੇਗਾ। ਪਰਿਵਾਰਕ ਮੈਂਬਰਾਂ ਨੂੰ ਲਗਦਾ ਸੀ ਕਿ ਵੀਰੇਂਦਰ ਵੀ ਆਪਣੇ ਪਿਤਾ ਵਾਂਗ ਹੀ ਬਣਨਗੇ। ਵੀਰੇਂਦਰ ਦੇ ਪਿਤਾ ਵੀ ਇੱਕ ਭਲਵਾਨ ਸਨ ਅਤੇ ਉਨ੍ਹਾਂ ਨੂੰ ਕੁਸ਼ਤੀ ਤੋਂ ਕੁੱਝ ਨਹੀਂ ਮਿਲਿਆ ਸੀ।

ਪਰ ਵੀਰੇਂਦਰ ਦੇ ਹੌਸਲੇ ਬੁਲੰਦ ਸਨ। ਉਨ੍ਹਾਂ ਵਿੱਚ ਜੋਸ਼ ਸੀ। ਸੁਫ਼ਨੇ ਉਡਾਣ ਭਰ ਰਹੇ ਸਨ। ਭਵਿੱਖ ਉਜਲ ਵਿਖਾਈ ਦੇ ਰਿਹਾ ਸੀ। ਉਨ੍ਹਾਂ ਨੂੰ ਭਰੋਸਾ ਸੀ ਕਿ ਉਹ ਚੈਂਪੀਅਨ ਭਲਵਾਨ ਬਣਨਗੇ। ਦੰਗਲ ਵਿੱਚ ਵਿਰੋਧੀਆਂ ਨੂੰ ਪਛਾੜਨਗੇ ਅਤੇ ਆਪਣੀ ਕਿਸਮਤ ਵੀ ਬਦਲ ਦੇਣਗੇ।

ਵੀਰੇਂਦਰ ਦੇ ਜੋਸ਼ ਅਤੇ ਹੌਸਲਿਆਂ ਦੇ ਸਾਹਮਣੇ ਪਰਿਵਾਰਕ ਮੈਂਬਰਾਂ ਨੂੰ ਝੁਕਣਾ ਪਿਆ।

ਫਿਰ ਤਾਂ ਵੀਰੇਂਦਰ ਨੇ ਆਪਣੀ ਪੂਰੀ ਤਾਕਤ ਅਖਾੜੇ ਵਿੱਚ ਲਾ ਦਿੱਤੀ। ਵਿਰੋਧੀ ਭਲਵਾਨ ਨੂੰ ਚਾਰੋ ਖਾਨੇ ਚਿੱਤ ਕਰਨ ਦੇ ਗੁਰ ਸਿੱਖਣ ਲੱਗੇ।

ਸ਼ੁਰੂਆਤ ਵਿੱਚ ਅਭਿਆਸ ਦੌਰਾਨ ਕੋਚ ਨੂੰ ਉਨ੍ਹਾਂ ਨੂੰ ਸਮਝਾਉਣ ਵਿੱਚ ਬਹੁਤ ਸਾਰੀਆਂ ਔਕੜਾਂ ਵੀ ਪੇਸ਼ ਆਈਆਂ, ਪਰ ਹੌਲੀ-ਹੌਲੀ ਵੀਰੇਂਦਰ ਸਭ ਕੁੱਝ ਸਮਝਣ ਲੱਗੇ।

ਸਾਲ 2002 ਵਿੱਚ ਵੀਰੇਂਦਰ ਨੇ ਦੰਗਲ ਲੜਨਾ ਸ਼ੁਰੂ ਕੀਤਾ। ਉਹ ਹਰੇਕ ਕੁਸ਼ਤੀ ਵਿੱਚ ਹੀ ਵਿਰੋਧੀ ਨੂੰ ਪਛਾੜ ਦਿੰਦੇ ਸਨ। ਪਛਾੜ ਦੇਣ ਦਾ ਸਿਲਸਿਲਾ ਜਾਰੀ ਰਿਹਾ ਅਤੇ ਉਹ ਲਗਾਤਾਰ ਅੱਗੇ ਵਧਦੇ ਚਲੇ ਗਏ।

ਹੌਲੀ-ਹੌਲੀ ਉਨ੍ਹਾਂ ਦੀ ਪ੍ਰਸਿੱਧੀ ਵਧਣ ਲੱਗੀ। ਦੇਸ਼ ਭਰ ਵਿੱਚ ਨਾਂਅ ਵੀ ਹੋਣ ਲੱਗਾ। ਲੋਕ ਉਨ੍ਹਾਂ ਨੂੰ 'ਗੂੰਗਾ ਭਲਵਾਨ' ਦੇ ਨਾਂਅ ਨਾਲ ਜਾਣੇ ਜਾਣ ਲੱਗੇ। ਦੇਸ਼ ਦੇ ਦੰਗਲ ਵਿੱਚ ਸ਼ੋਹਰਤ ਹਾਸਲ ਕਰਨ ਤੋਂ ਬਾਅਦ ਵੀਰੇਂਦਰ ਨੇ ਕੌਮਾਂਤਰੀ ਮੁਕਾਬਲਿਆਂ ਵਿੱਚ ਵੀ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਵੀਰੇਂਦਰ ਨੇ ਕੌਮਾਂਤਰੀ ਮੁਕਾਬਲਿਆਂ ਵਿੱਚ ਵੀ ਆਪਣਾ ਲੋਹਾ ਮੰਨਵਾਇਆ। ਕਈ ਵੱਡੇ ਭਲਵਾਨਾਂ ਨੂੰ ਦੰਗਲ ਵਿੱਚ ਮਾਤ ਦਿੱਤੀ। ਵੀਰੇਂਦਰ ਨੇ ਦੂਜੇ ਭਲਵਾਨਾਂ ਨੂੰ ਹਰਾ ਕੇ ਕਈ ਕੌਮੀ ਅਤੇ ਕੌਮਾਂਤਰੀ ਖ਼ਿਤਾਬ ਆਪਣੇ ਨਾਂਅ ਕੀਤੇ।

ਸਾਲ 2005 ਵਿੱਚ ਮੈਲਬੌਰਨ (ਆਸਟਰੇਲੀਆ) ਵਿਖੇ ਹੋਏ ਡੈਫ਼-ਉਲੰਪਿਕਸ 'ਚ ਭਾਰਤ ਦਾ ਪਹਿਲਾ ਅਤੇ ਇੱਕੋ-ਇੱਕ ਸੋਨ ਤਮਗ਼ਾ ਵੀਰੇਂਦਰ ਨੇ ਵੀ ਆਪਣੇ ਨਾਂਅ ਕੀਤਾ।

ਵੀਰੇਂਦਰ ਨੇ 2009 ਤਾਇਪੇਈ ਡੈਫ਼-ਉਲੰਪਿਕਸ ਵਿੱਚ ਕਾਂਸੇ ਦਾ ਤਮਗ਼ਾ, 2008 ਵਿੱਚ ਡੈਫ਼ ਕੁਸ਼ਤੀ ਵਿੱਚ ਚਾਂਦੀ ਦਾ ਤਮਗ਼ਾ ਅਤੇ 2012 ਦੀ ਵਰਲਡ ਡੈਫ਼ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਤਮਗ਼ਾ ਜਿੱਤਿਆ। ਸਾਲ 2013 ਵਿੱਚ ਬਲਗਾਰੀਆ ਵਿਖੇ ਹੋਏ ਡੈਫ਼-ਉਲੰਪਿਕਸ ਦੌਰਾਨ ਉਨ੍ਹਾਂ ਮੁੜ ਸੋਨ ਤਮਗ਼ਾ ਜਿੱਤਿਆ।

ਇੰਨਾ ਹੀ ਨਹੀਂ, ਵੀਰੇਂਦਰ ਨੂੰ 'ਨੌਂ ਸੇਰਵੇਂ' ਦੇ ਖ਼ਿਤਾਬ ਨਾਲ਼ ਵੀ ਨਿਵਾਜ਼ਿਆ ਜਾ ਚੁੱਕਾ ਹੈ। ਇਹ ਖ਼ਿਤਾਬ ਉਨ੍ਹਾਂ ਭਲਵਾਨਾਂ ਨੂੰ ਮਿਲਦਾ ਹੈ, ਜੋ ਲਗਾਤਾਰ 9 ਐਤਵਾਰਾਂ ਤੱਕ ਸਾਰੇ ਦੰਗਲ ਜਿੱਤਦੇ ਹਨ। ਸਾਲ 2009 ਵਿੱਚ ਵੀਰੇਂਦਰ ਨੇ ਇਹ ਕਾਮਯਾਬੀਆਂ ਹਾਸਲ ਕੀਤੀਆਂ ਸਨ।

ਬਹੁਤ ਘੱਟ ਲੋਕ ਇਹ ਜਾਣਦੇ ਹਨ ਕਿ ਉਲੰਪਿਕ ਤਮਗ਼ਾ ਜੇਤੂ ਸੁਸ਼ੀਲ ਕੁਮਾਰ ਦੀ ਉਲੰਪਿਕ ਮੁਹਿੰਮ ਵਿੱਚ ਵੀਰੇਂਦਰ ਨੇ ਕਾਫ਼ੀ ਮਦਦ ਕੀਤੀ ਹੈ। ਸੁਸ਼ੀਲ ਵੀ ਛਤਰਸਾਲ ਅਖਾੜੇ ਵਿੱਚ ਹੀ ਅਭਿਆਸ ਕਰਦੇ ਹਨ ਅਤੇ ਇੱਥੇ ਹੀ ਵੀਰੇਂਦਰ ਨੇ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ।

ਆਪਣੀ ਯੋਗਤਾ ਅਤੇ ਦਾਅ-ਪੇਚਾਂ ਰਾਹੀਂ ਵੀਰੇਂਦਰ ਅਨੇਕਾਂ ਲੋਕਾਂ ਦਾ ਦਿਲ ਜਿੱਤ ਚੁੱਕੇ ਹਨ। ਕੁਸ਼ਤੀ ਦੇ ਮਹਾਰਥੀ ਗੁਰੂ ਸਤਪਾਲ ਅਤੇ ਕੋਚ ਰਾਮਫਲ ਮਾਨ ਵੀ ਉਨ੍ਹਾਂ ਦੇ ਪ੍ਰਸ਼ੰਸਕ ਹਨ। ਵੀਰੇਂਦਰ ਦੇ ਚਾਹੁਣ ਵਾਲੇ ਹੁਣ ਦੁਨੀਆ ਭਰ ਵਿੱਚ ਹਨ।

ਵੀਰੇਂਦਰ ਦੀ ਜ਼ਿੰਦਗੀ ਤੋਂ ਸਿੱਖਣ ਲਈ ਬਹੁਤ ਕੁੱਝ ਹੈ। ਉਨ੍ਹਾਂ ਦੀਆਂ ਕਈ ਖ਼ਾਸੀਅਤਾਂ ਹਨ। ਉਨ੍ਹਾਂ ਖ਼ੁਦ ਦੇ ਗੂੰਗਾ-ਬਹਿਰਾ ਹੋਣ ਨੂੰ ਕਦੇ ਵੀ ਆਪਣੀ ਤਰੱਕੀ ਦੇ ਰਾਹ ਦਾ ਅੜਿੱਕਾ ਨਹੀਂ ਬਣਨ ਦਿੱਤਾ। ਉਹ ਬੋਲ ਅਤੇ ਸੁਣ ਨਹੀਂ ਸਕਦੇ ਪਰ ਉਨ੍ਹਾਂ ਆਪਣੀ ਪ੍ਰਤਿਭਾ ਅਤੇ ਦਾਅ-ਪੇਚ ਨਾਲ ਵੱਡੇ-ਵੱਡੇ ਭਲਵਾਨਾਂ ਨੂੰ ਚਿੱਤ ਕੀਤਾ ਹੈ। ਵੀਰੇਂਦਰ ਨੇ ਔਕੜਾਂ ਨੂੰ ਕਦੇ ਵੀ ਆਪਣੇ ਆਪ ਉਤੇ ਭਾਰੂ ਨਹੀਂ ਹੋਣ ਦਿੱਤਾ। ਸਮੱਸਿਆਵਾਂ ਦਾ ਬਿਨਾਂ ਡਰੇ ਮੁਕਾਬਲਾ ਕੀਤਾ।

ਵੀਰੇਂਦਰ ਦੀ ਕਾਮਯਾਬੀ ਦੀ ਕਹਾਣੀ ਤੋਂ ਕਈ ਲੋਕ ਬਹੁਤ ਪ੍ਰਭਾਵਿਤ ਹਨ। ਤਿੰਨ ਨੌਜਵਾਨਾਂ - ਵਿਵੇਕ ਚੌਧਰੀ, ਮੀਤ ਜਾਨੀ ਅਤੇ ਪ੍ਰਤੀਕ ਗੁਪਤਾ ਨੇ ਉਨ੍ਹਾਂ ਦੇ ਸੰਘਰਸ਼ ਅਤੇ ਕਾਮਯਾਬੀਆਂ ਉਤੇ 'ਗੂੰਗਾ ਪਹਿਲਵਾਨ' ਦੇ ਨਾਂਅ ਨਾਲ ਦਸਤਾਵੇਜ਼ੀ ਫ਼ਿਲਮ ਵੀ ਬਣਾਈ ਹੈ।

ਵੀਰੇਂਦਰ ਦੀਆਂ ਨਜ਼ਰਾਂ ਹੁਣ 2016 'ਚ ਬ੍ਰਾਜ਼ੀਲ ਦੇ ਰੀਓ ਡੀ ਜਨੇਰੋ ਵਿਖੇ ਹੋਣ ਵਾਲੇ ਉਲੰਪਿਕਸ ਉਤੇ ਟਿਕੀਆਂ ਹਨ। ਉਹ ਰੀਓ ਉਲੰਪਿਕਸ ਵਿੱਚ ਭਾਰਤ ਲਈ ਤਮਗ਼ਾ ਜਿੱਤਣਾ ਚਾਹੁੰਦੇ ਹਨ ਤੇ ਉਸ ਲਈ ਉਹ ਜੀਅ-ਜਾਨ ਨਾਲ ਮਿਹਨਤ ਕਰ ਰਹੇ ਹਨ।

ਪਰ ਵੀਰੇਂਦਰ ਇੱਕ ਗੱਲ ਤੋਂ ਬਹੁਤ ਦੁਖੀ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸਰਕਾਰਾਂ ਤੋਂ ਉਨ੍ਹਾਂ ਨੂੰ ਓਨੀ ਮਦਦ ਨਹੀਂ ਮਿਲੀ, ਜਿੰਨੀ ਕਿ ਮਿਲਣੀ ਚਾਹੀਦੀ ਸੀ। ਕੌਮੀ ਅਤੇ ਕੌਮਾਂਤਰੀ ਪੱਧਰ ਉਤੇ ਤਮਗ਼ਾ ਜਿੱਤਣ ਉਤੇ ਲੋਕ ਸਨਮਾਨ ਅਤੇ ਰਾਸ਼ੀ ਆਮ ਭਲਵਾਨਾਂ ਅਤੇ ਦੂਜੇ ਖਿਡਾਰੀਆਂ ਨੂੰ ਦਿੱਤੀ ਜਾਂਦੀ ਹੈ, ਉਹ ਗੂੰਗੇ-ਬਹਿਰੇ ਜਾਂ ਫਿਰ ਹੋਰ ਅੰਗਹੀਣ ਖਿਡਾਰੀਆਂ ਨੂੰ ਨਹੀਂ ਦਿੱਤੀ ਜਾਂਦੀ। ਵੀਰੇਂਦਰ ਆਪਣੇ ਜਿਹੇ ਖਿਡਾਰੀਆਂ ਨੂੰ ਇਨਸਾਫ਼ ਦਿਵਾਉਣ ਲਈ ਵੀ ਸੰਘਰਸ਼ ਕਰ ਰਹੇ ਹਨ।

    Share on
    close