ਗਰਮੀਆਂ 'ਚ ਜਦੋਂ ਕਦੇ ਬਾਹਰ ਘੁੰਮਣ ਜਾਂ ਕੰਮ ਲਈ ਨਿੱਕਲਦੇ ਹਾਂ, ਤਾਂ ਸਭ ਤੋਂ ਪਹਿਲਾਂ ਸਾਨੂੰ ਜ਼ਰੂਰਤ ਹੁੰਦੀ ਹੈ ਠੰਢੇ ਪਾਣੀ ਜਾਂ ਫਿਰ ਆਈਸਕ੍ਰੀਮ ਦੀ। ਪਰ ਕਈ ਵਾਰ ਸੜਕ ਕੰਢਿਓਂ ਮਿਲਣ ਵਾਲੀ ਆਈਸਕ੍ਰੀਮ ਵੀ ਸਾਨੂੰ ਪਿਘਲੀ ਹੋਈ ਮਿਲਦੀ ਹੈ। ਇਸੇ ਤਰ੍ਹਾਂ ਸੜਕ ਕੰਢੇ ਮਿਲਣ ਵਾਲਾ ਪਾਣੀ ਕਿੰਨਾ ਸ਼ੁੱਧ ਹੁੰਦਾ ਹੈ, ਸਾਨੂੰ ਪਤਾ ਨਹੀਂ ਹੁੰਦਾ ਕਿਉਂਕਿ ਹਰੇਕ ਆਦਮੀ ਬੋਤਲ ਬੰਦ ਪਾਣੀ ਨਹੀਂ ਖ਼ਰੀਦ ਸਕਦਾ। ਇਸੇ ਸਮੱਸਿਆ ਦਾ ਹੱਲ ਲੈ ਕੇ ਆਏ ਹਨ ਮੁੰਬਈ ਦੇ ਇਲੈਕਟ੍ਰੌਨਿਕ ਇੰਜੀਨੀਅਰ ਮਹੇਸ਼ ਰਾਠੀ; ਜੋ ਪਿਛਲੇ ਕਈ ਵਰ੍ਹਿਆਂ ਤੋਂ ਸੋਲਰ ਵਿੰਡ ਅਤੇ ਬਾਇਓਮਾਸ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ।
ਸ੍ਰੀ ਮਹੇਸ਼ ਰਾਠੀ ਨੇ 'ਯੂਅਰ ਸਟੋਰੀ' ਨਾਲ ਗੱਲਬਾਤ ਕਰਦਿਆਂ ਦੱਸਿਆ,''ਕੁੱਝ ਨਵਾਂ ਕਰਨ ਦੀ ਇੱਛਾ ਨਾਲ ਇੱਕ ਦਿਨ ਮੈਂ ਗੁਜਰਾਤ ਦੇ ਭੁਜ ਵਿਖੇ ਵਿੰਜ ਟਰਬਾਈਨ ਦੇ ਰੱਖ ਰਖਾਅ ਦਾ ਕੰਮ ਕਰ ਰਿਹਾ ਸਾਂ, ਤਾਂ ਕੰਮ ਕਰਦਿਆਂ ਮੈਨੂੰ ਅਹਿਸਾਸ ਹੋਇਆ ਕਿ ਗਰਮੀ ਵਿੱਚ ਠੰਢੇ ਪਾਣੀ ਦੀ ਕਿੰਨੀ ਜ਼ਰੂਰਤ ਹੁੰਦੀ ਹੈ; ਇਸ ਲਈ ਕਿਉਂ ਨਾ ਸੋਲਰ ਸਿਸਟਮ ਰਾਹੀਂ ਪਾਣੀ ਠੰਢਾ ਕਰਨ ਵਾਲਾ ਕੋਈ ਉਪਕਰਣ ਬਣਾਇਆ ਜਾਵੇ। ਤਦ ਮੈਂ ਇਸ ਖੇਤਰ ਵਿੱਚ ਕੰਮ ਕਰਨ ਬਾਰੇ ਸੋਚਿਆ।''
ਸ੍ਰੀ ਮਹੇਸ਼ ਰਾਠੀ ਦਸਦੇ ਹਨ ਕਿ ''ਜਦੋਂ ਲਗਭਗ 2 ਸਾਲ ਪਹਿਲਾਂ ਗਰਮੀਆਂ ਦੇ ਦਿਨਾਂ ਵਿੱਚ ਕੰਮ ਦੇ ਸਿਲਸਿਲੇ ਵਿੱਚ ਮੈਂ ਦਿੱਲੀ ਗਿਆ, ਤਾਂ ਸੜਕ ਕੰਢੇ ਮੈਨੂੰ ਪਿਘਲੀ ਹੋਈ ਆਈਸਕ੍ਰੀਮ ਮਿਲੀ। ਮੈਂ ਦੁਕਾਨਦਾਰ ਨੂੰ ਕਿਹਾ ਕਿ ਉਹ ਮੈਨੂੰ ਦੂਜੀ ਆਈਸਕ੍ਰੀਮ ਦੇਵੇ, ਤਾਂ ਉਸ ਨੇ ਕਿਹਾ ਕਿ ਦਿੱਲੀ ਦੀ ਇੰਨੀ ਗਰਮੀ 'ਚ ਆਈਸਕ੍ਰੀਮ ਦਾ ਹਾਲ ਅਜਿਹਾ ਹੋ ਜਾਂਦਾ ਹੈ। ਇਸੇ ਤਰ੍ਹਾਂ ਮੈਂ ਘੁੰਮਦਾ-ਘੁੰਮਦਾ ਜਦੋਂ ਅੱਗੇ ਵਧਿਆ ਤਾਂ ਮੈਂ ਵੇਖਿਆ ਕਿ ਸੜਕ ਕੰਢੇ ਇੱਕ ਪਾਣੀ ਦੇ ਡਿਸਪੈਂਸਰ ਵਾਲਾ 2 ਰੁਪਏ ਗਿਲਾਸ ਪਾਣੀ ਵੇਚ ਰਿਹਾ ਸੀ, ਪਰ ਉਹ ਪਾਣੀ ਕਿੰਨਾ ਸਾਫ਼ ਸੀ, ਮੈਂ ਨਹੀਂ ਜਾਣਦਾ ਸੀ। ਤਦ ਮੈਂ ਸੋਚਿਆ ਕਿ ਕਿਉਂ ਨਾ ਕੂਲਿੰਗ ਰੈਫ਼ਰੀਜਰੇਟਰ ਬਣਾਇਆ ਜਾਵੇ, ਇਸ ਵਿੱਚ ਨਾ ਕੇਵਲ ਸਾਫ਼ ਪਾਣੀ ਮਿਲੇ, ਸਗੋਂ ਉਹ ਠੰਢਾ ਵੀ ਹੋਵੇ।''
ਇਸ ਤਰ੍ਹਾਂ ਸ੍ਰੀ ਮਹੇਸ਼ ਰਾਠੀ ਨੇ ਕੂਲਿੰਗ ਸਿਸਟਮ ਉਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸ਼ੁਰੂਆਤ ਵਿੱਚ ਉਨ੍ਹਾਂ ਨੇ ਇਹ ਬਣਾਉਂਦਿਆਂ ਕਈ ਤਰ੍ਹਾਂ ਦੀਆਂ ਔਕੜਾਂ ਪੇਸ਼ ਆਈਆਂ; ਇਹਸ ਦੇ ਕਈ ਪੁਰਜ਼ੇ ਉਨ੍ਹਾਂ ਨੂੰ ਚੀਨ ਅਤੇ ਅਮਰੀਕਾ ਤੋਂ ਮੰਗਵਾਉਣੇ ਪਏ ਸਨ, ਕੁੱਝ ਚੀਜ਼ਾਂ ਦੀ ਤਕਨੀਕ ਤਾਂ ਕੇਵਲ ਅਮਰੀਕਾ ਕੋਲ ਹੀ ਸੀ। ਇਸ ਵਿੱਚ ਉਨ੍ਹਾਂ ਦਾ ਕਾਫ਼ੀ ਪੈਸਾ ਬਰਬਾਦ ਹੋਇਆ। ਇਸ ਤਰ੍ਹਾਂ ਲਗਭਗ 5 ਲੱਖ ਰੁਪਏ ਖ਼ਰਚ ਕਰਨ ਅਤੇ ਡੇਢ ਸਾਲ ਦੀ ਸਖ਼ਤ ਮਿਹਨਤ ਤੋਂ ਬਾਅਦ ਉਨ੍ਹਾਂ ਇੱਕ ਅਜਿਹਾ ਕੂਲਿੰਗ ਸਿਸਟਮ ਤਿਆਰ ਕੀਤਾ, ਜਿਸ ਵਿੱਚ ਆਈਸਕ੍ਰੀਮ ਵੀ ਨਹੀਂ ਪਿਘਲਦੀ ਸੀ ਅਤੇ ਪਾਣੀ ਵੀ ਠੰਢਾ ਮਿਲਦਾ ਸੀ। ਹੁਣ ਉਹ ਉਸ ਨੂੰ ਬਾਜ਼ਾਰ ਵਿੱਚ ਉਤਾਰਨ ਲਈ ਤਿਆਰ ਸਨ। ਖ਼ਾਸ ਗੱਲ ਇਹ ਸੀ ਕਿ ਇਸ ਆਈਸ ਕਾਰਟ ਨੂੰ ਸੋਲਰ ਪੈਨਲ ਨਾਲ ਚਾਰਜ ਕੀਤਾ ਜਾ ਸਕਦਾ ਸੀ। ਇਸ ਵਿੱਚ ਲੱਗਣ ਵਾਲੀ 12 ਵੋਲਟ ਦੀ ਬੈਟਰੀ ਕੇਵਲ ਅੱਧੇ ਯੂਨਿਟ ਵਿੱਚ ਹੀ ਚਾਰਜ ਹੋ ਜਾਂਦੀ ਹੈ... ਇਸ ਕਾਰਟ ਵਿੱਚ ਨਾ ਕੇਵਲ ਆਈਸਕ੍ਰੀਮ ਅਤੇ ਪਾਣੀ ਨੂੰ ਠੰਢਾ ਕਰਨ ਦੀ ਸਹੂਲਤ ਹੈ, ਸਗੋਂ ਕੋਈ ਚਾਹੇ ਤਾਂ ਆਪਣਾ ਮੋਬਾਇਲ ਵੀ ਚਾਰਜ ਕਰ ਸਕਦਾ ਹੈ।
ਸ੍ਰੀ ਮਹੇਸ਼ ਮੁਤਾਬਕ ਇਸ ਕਾਰਟ ਨੂੰ ਬਣਾਉਂਦੇ ਸਮੇਂ ਸਭ ਤੋਂ ਵੱਡੀ ਦਿੱਕਤ ਧਨ ਦੀ ਹੀ ਆਈ ਅਤੇ ਉਨ੍ਹਾਂ ਨੂੰ ਕੋਈ ਅਜਿਹਾ ਨਿਵੇਸ਼ਕ ਨਹੀਂ ਮਿਲ ਰਿਹਾ ਸੀ, ਜੋ ਉਨ੍ਹਾਂ ਦੇ ਪ੍ਰਾਜੈਕਟ ਵਿੱਚ ਧਨ ਲਾ ਸਕੇ। ਫਿਰ ਉਨ੍ਹਾਂ ਜਨਤਕ ਮੰਚ ਦੀ ਵਰਤੋਂ ਕੀਤੀ ਅਤੇ ਕਾਰਟ ਨਾਲ ਜੁੜੇ ਪੋਸਟ ਅਪਲੋਡ ਕੀਤੇ। ਇਸ ਤੋਂ ਬਾਅਦ 'ਮਿਲਾਪ' ਨੂੰ ਉਨ੍ਹਾਂ ਦਾ ਇਹ ਵਿਚਾਰ ਪਸੰਦ ਆਇਆ ਅਤੇ ਉਨ੍ਹਾਂ ਇਸ ਤਰ੍ਹਾਂ ਦੇ ਕਾਰਟ ਬਣਵਾਉਣ ਵਿੱਚ ਦਿਲਚਸਪੀ ਵਿਖਾਈ। ਸ੍ਰੀ ਮਹੇਸ਼ ਨੇ ਦੱਸਿਆ,'ਮੈਂ ਉਨ੍ਹਾਂ ਨੂੰ ਕਿਹਾ ਕਿ ਜੇ ਪੈਸਾ ਮਿਲ ਜਾਵੇ, ਤਾਂ ਉਹ ਇਸ ਤਰ੍ਹਾਂ ਦੇ ਘੱਟੋ ਘੱਟ 10 ਕਾਰਟ ਤਿਆਰ ਕਰਵਾਉਣਾ ਚਾਹੁੰਦੇ ਹਨ ਅਤੇ ਇਸ ਤਰ੍ਹਾਂ ਦੇ ਕਾਰਟ ਨੂੰ ਕਿਸੇ ਗ਼ੈਰ ਸਰਕਾਰੀ ਸੰਗਠਨ ਨੂੰ ਕਿਰਾਏ ਉਤੇ ਦੇ ਸਕਦੇ ਹਨ। ਅਜਿਹਾ ਕਰਨ ਨਾਲ ਕਈ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦੇ ਮੌਕੇ ਮਿਲ ਸਕਦੇ ਹਨ, ਜਿਸ ਨਾਲ ਹਰ ਮਹੀਨੇ ਉਨ੍ਹਾਂ ਨੂੰ ਇੱਕ ਨਿਯਮਤ ਆਮਦਨ ਵੀ ਹੋਵੇਗੀ।'
ਸ੍ਰੀ ਮਹੇਸ਼ ਇੱਥੇ ਹੀ ਨਹੀਂ ਰੁਕੇ, ਉਹ ਹੁਣ ਇੱਕ ਅਜਿਹਾ ਸੋਲਰ ਕਾਰਟ ਬਣਾ ਰਹੇ ਹਨ, ਜੋ ਮੱਛੀਆਂ ਰੱਖਣ ਲਈ ਹੋਵੇਗਾ। ਇਸ ਕਾਰਟ ਰਾਹੀਂ ਸੜਕ ਕੰਢੇ ਮੱਛੀਆਂ ਵੇਚਣ ਵਾਲਿਆਂ ਦੀਆਂ ਮੱਛੀਆਂ ਲੰਮੇ ਸਮੇਂ ਤੱਕ ਖ਼ਰਾਬ ਨਹੀਂ ਹੋਣਗੀਆਂ। ਇਸ ਤਰ੍ਹਾਂ ਉਨ੍ਹਾਂ ਦੀ ਆਮਦਨ ਵਧ ਸਕਦੀ ਹੈ। ਆਪਣੀਆਂ ਯੋਜਨਾਵਾਂ ਬਾਰੇ ਸ੍ਰੀ ਮਹੇਸ਼ ਦਸਦੇ ਹਨ ਕਿ ਉਹ ਸੋਲਰ ਵਿੰਡ ਅਤੇ ਬਾਇਓ ਮਾਸ ਉਤੇ ਕੰਮ ਕਰ ਰਹੇ ਹਨ। ਉਹ ਸੋਲਰ ਏਅਰ ਕੰਡੀਸ਼ਨਰ ਅਤੇ ਇੱਕ ਅਜਿਹਾ ਸੋਲਰ ਏਅਰ ਕੂਲਰ ਬਾਜ਼ਾਰ ਵਿੱਚ ਉਤਾਰ ਰਹੇ ਹਨ, ਜੋ ਫ਼ੋਰ ਇਨ ਵਨ ਹੈ। ਇਸ ਉਪਕਰਣ ਵਿੱਚ ਕੂਲਰ ਦੇ ਨਾਲ ਹੀ ਸੋਲਰ ਪੈਨਲ, ਬੈਟਰੀ, ਕੂਲਰ, ਇਨਵਰਟਰ ਲੱਗਾ ਹੋਇਆ ਹੈ। ਇਸ ਦੇ ਬਣਾਏ ਏਅਰ ਕੂਲਰ ਦੀ ਖ਼ਾਸੀਅਤ ਹੈ ਕਿ ਇਹ ਗਰਮੀ ਵਿੱਚ ਤਾਂ ਕਮਰੇ ਨੂੰ ਠੰਢਾ ਕਰਦਾ ਹੈ ਅਤੇ ਸੀਜ਼ਨ ਖ਼ਤਮ ਹੋਣ ਤੋਂ ਬਾਅਦ ਇਹ ਇਨਵਰਟਰ ਦਾ ਕੰਮ ਕਰਦਾ ਹੈ। ਸ੍ਰੀ ਮਹੇਸ਼ ਨੇ ਖ਼ਾਸ ਤਰ੍ਹਾਂ ਦੇ ਕੂਲਰ ਦੀ ਕੀਮਤ ਸਾਢੇ 12 ਹਜ਼ਾਰ ਰੁਪਏ ਤੋਂ ਸ਼ੁਰੂ ਹੁੰਦੀ ਹੈ।
ਸ੍ਰੀ ਮਹੇਸ਼ ਅਨੁਸਾਰ ਉਨ੍ਹਾਂ ਦਾ ਬਣਾਇਆ ਸਭ ਤੋਂ ਛੋਟਾ ਆਈਸ ਕਾਰਟ 108 ਲਿਟਰ ਦਾ ਹੈ, ਜੋ ਇੱਕ ਵਾਰ ਚਾਰਜ ਹੋ ਜਾਣ ਤੋਂ ਬਾਅਦ 16 ਤੋਂ 17 ਘੰਟਿਆਂ ਤੱਕ ਆਈਸਕ੍ਰੀਮ ਜੰਮਾਈ ਰਖਦਾ ਹੈ। ਇਸ ਤੋਂ ਇਲਾਵਾ ਇਸ ਵਿੱਚ ਇੱਕ ਵਾਰੀ 'ਚ 50 ਤੋਂ 60 ਲਿਟਰ ਪਾਣੀ ਸੰਭਾਲ ਕੇ ਰੱਖਿਆ ਜਾ ਸਕਦਾ ਹੈ; ਜੋ ਨਾ ਕੇਵਲ ਸਾਫ਼ ਹੁੰਦਾ ਹੈ, ਸਗੋਂ ਠੰਢਾ ਵੀ ਰਹਿੰਦਾ ਹੈ। ਇਸ ਆਈਸਕਾਰਟ ਦੀ ਸ਼ੁਰੂਆਤੀ ਕੀਮਤ 1 ਲੱਖ ਰੁਪਏ ਹੈ। ਸ੍ਰੀ ਮਹੇਸ਼ ਦਸਦੇ ਹਨ ਕਿ ਉਨ੍ਹਾਂ ਹੁਣ ਤੱਕ 15 ਆਈਸ ਕਾਰਟ ਭਾਵ ਡੀਪ ਫ਼ਰੀਜ਼ਰ ਹੋਟਲ ਵਾਲਿਆਂ ਨੂੰ ਵੇਚੇ ਹਨ। ਇਹ ਫ਼ੀਰੀਜ਼ 500 ਤੋਂ 1,000 ਲਿਟਰ ਆਕਾਰ ਦੇ ਹਨ। ਇਸ ਤੋਂ ਇਲਾਵਾ ਕੁੱਝ ਵੱਡੀਆਂ ਆਈਸਕ੍ਰੀਮ ਕੰਪਨੀਆਂ ਨਾਲ ਉਨ੍ਹਾਂ ਦੀ ਗੱਲਬਾਤ ਚੱਲ ਰਹੀ ਹੈ। ਮੁੰਬਈ 'ਚ ਰਹਿਣ ਵਾਲੇ ਸ੍ਰੀ ਮਹੇਸ਼ ਆਪਣਾ ਕਾਰੋਬਾਰ ਵਿਸ਼ਵਾਮਿੱਤਰ ਇਲੈਕਟ੍ਰੀਕਲ ਐਂਡ ਇੰਜੀਨੀਅਰਜ਼ ਪ੍ਰਾਈਵੇਟ ਲਿਮਟਿਡ ਰਾਹੀਂ ਕਰ ਰਹੇ ਹਨ। ਹੁਣ ਉਨ੍ਹਾਂ ਦੀ ਯੋਜਨਾ ਕ੍ਰਾਊਡ ਫ਼ੰਡਿੰਗ ਰਾਹੀਂ ਪੈਸਾ ਇਕੱਠਾ ਕਰ ਕੇ ਕੰਪਨੀ ਦਾ ਵਿਸਥਾਰ ਕਰਨ ਦੀ ਹੈ।
ਲੇਖਕ: ਹਰੀਸ਼ ਬਿਸ਼ਟ
ਅਨੁਵਾਦ: ਮਹਿਤਾਬ-ਉਦ-ਦੀਨ
Related Stories
March 14, 2017
March 14, 2017
Stories by Team Punjabi