ਹਨੇਰੇ ਵਿੱਚ ਮਸ਼ਾਲ ਬਾਲਣ ਲਈ ਜ਼ਰੂਰੀ ਹੈ 'ਨਜ਼ਰ ਜਾਂ ਨਜ਼ਰੀਆ'

ਹਨੇਰੇ ਵਿੱਚ ਮਸ਼ਾਲ ਬਾਲਣ ਲਈ ਜ਼ਰੂਰੀ ਹੈ 'ਨਜ਼ਰ ਜਾਂ ਨਜ਼ਰੀਆ'

Sunday November 08, 2015,

7 min Read

ਜਿਸ ਦੇਸ਼ ਵਿੱਚ ਕ੍ਰਿਕੇਟ ਇੱਕ ਪੂਜਾ ਹੋਵੇ ਅਤੇ ਸਚਿਨ ਤੇਂਦੁਲਕਰ ਉਸ ਦੇ 'ਭਗਵਾਨ' ਹੋਣ, ਤਾਂ ਇਹ ਆਸਾਨੀ ਨਾਲ ਸਮਝ ਵਿੱਚ ਆ ਸਕਦਾ ਹੈ ਕਿ ਇਹ ਖੇਡ ਲੋਕਾਂ ਦੇ ਜੀਵਨ ਵਿੱਚ ਕਿੰਨਾ ਘਰ ਕਰ ਚੁੱਕੀ ਹੈ। ਜਾਰਜ ਅਬਰਾਹਮ ਵੀ ਇਸ ਦੇ ਜਾਦੂ ਤੋਂ ਬਚ ਨਾ ਸਕੇ ਪਰ ਉਨ੍ਹਾਂ ਉਤੇ ਚੜ੍ਹਿਆ ਇਹ ਜਾਦੂ ਆਪਣੇ ਲਈ ਨਹੀਂ, ਸਗੋਂ ਅਜਿਹੇ ਨੇਤਰਹੀਣ ਲੋਕਾਂ ਲਈ ਸੀ, ਜੋ ਇਸ ਖੇਡ ਨੂੰ ਓਨਾ ਹੀ ਪਸੰਦ ਕਰਦੇ ਹਨ, ਜਿੰਨਾ ਕਿ ਦੂਜੇ ਲੋਕ। ਇਸ ਗੱਲ ਦਾ ਅਹਿਸਾਸ ਉਨ੍ਹਾਂ ਨੂੰ ਤਦ ਹੋਇਆ, ਜਦੋਂ ਉਹ ਦੇਹਰਾਦੂਨ ਸਥਿਤ ਨੇਤਰਹੀਣਾਂ ਦੇ ਇੱਕ ਸਕੂਲ ਦੇ ਗੈਸਟ ਹਾਊਸਟ ਵਿੱਚ ਠਹਿਰੇ ਹੋਏ ਸਨ। ਇੱਥੇ ਜਾਰਜ ਨੇ ਵੇਖਿਆ ਕਿ ਬੱਚੇ ਸਵੇਰੇ ਉਠਦੇ ਸਾਰ ਕ੍ਰਿਕੇਟ ਖੇਡਣੀ ਸ਼ੁਰੂ ਕਰ ਦਿੰਦੇ ਹਨ। ਸਕੂਲ ਤੋਂ ਪਰਤ ਕੇ ਦਿਨ ਦਾ ਖਾਣਾ ਖਾਣ ਤੋਂ ਬਾਅਦ ਉਹ ਮੁੜ ਕ੍ਰਿਕੇਟ ਖੇਡਣ ਵਿੱਚ ਜੁਟ ਜਾਂਦੇ ਹਨ।

image


ਜਾਰਜ ਦਾ 10 ਮਹੀਨਿਆਂ ਦੀ ਉਮਰ ਵਿੱਚ ਇੱਕ ਬੀਮਾਰੀ ਕਾਰਨ ਆੱਪਟਿਕ ਨਵਰ ਅਤੇ ਰੈਟਿਨਾ ਖ਼ਰਾਬ ਹੋ ਗਿਆ ਸੀ। ਇਸ ਤੋਂ ਬਾਅਦ ਉਹ ਨੇਤਰਹੀਣ ਹੋ ਗਏ। ਮਾਤਾ-ਪਿਤਾ ਨੇ ਫ਼ੈਸਲਾ ਕੀਤਾ ਕਿ ਉਹ ਆਪਣੇ ਪੁੱਤਰ ਦਾ ਭਵਿੱਖ ਚੰਗੀ ਤਰ੍ਹਾਂ ਸੁਆਰਨਗੇ। ਅਬਰਾਹਮ ਨੂੰ ਇੱਕ ਆਮ ਸਕੂਲ ਵਿੱਚ ਹੀ ਭੇਜਿਆ ਗਿਆ। ਇਸ ਫ਼ੈਸਲੇ ਕਾਰਣ ਕਈ ਚੁਣੌਤੀਆਂ ਸਾਹਮਣੇ ਆਈਆਂ। ਅਬਰਾਹਮ ਦਸਦੇ ਹਨ ਕਿ ਅਜਿਹੇ ਬੱਚੇ ਅੰਗਹੀਣ ਹੋਣ ਕਾਰਣ ਜ਼ਿੰਦਗੀ ਦੀ ਦੌੜ ਵਿੱਚ ਪਿੱਛੇ ਨਹੀਂ ਰਹਿੰਦੇ, ਸਗੋਂ ਆਮ ਲੋਕਾਂ ਦੇ ਨਜ਼ਰੀਏ ਭਾਵ ਦ੍ਰਿਸ਼ਟੀਕੋਣ ਕਾਰਣ ਅੱਗੇ ਨਹੀਂ ਵਧ ਪਾਉਂਦੇ। ਆਪਣੇ ਨੂੰ ਆਮ ਲੋਕਾਂ ਦੇ ਮੁਕਾਬਲੇ ਵੱਧ ਬਿਹਤਰ ਸਿੱਧ ਕਰਨ ਲਈ ਜਾਰਜ ਨੇ ਨਾ ਕੇਵਲ ਇੱਕ ਇਸ਼ਤਿਹਾਰ ਏਜੰਸੀ ਖੋਲ੍ਹੀ, ਸਗੋਂ ਵਰਲਡ ਬਲਾਈਂਡ ਕ੍ਰਿਕੇਟ ਕੌਂਸਲ ਦੀ ਸਥਾਪਨਾ ਵੀ ਕੀਤੀ। ਇਹ ਤਾਂ ਕੇਵਲ ਸ਼ੁਰੂਆਤ ਸੀ, ਇਸ ਤੋਂ ਬਾਅਦ ਉਨ੍ਹਾਂ ਸਮਾਜ ਦੀ ਬਿਹਤਰੀ ਲਈ ਕਈ ਅਜਿਹੇ ਕੰਮ ਕੀਤੇ, ਜੋ ਹੋਰਨਾਂ ਲਈ ਮਿਸਾਲ ਬਣ ਗਏ।

ਆਪਣੇ ਬਚਪਨ ਦੇ ਦਿਨਾਂ ਨੂੰ ਚੇਤੇ ਕਰਦਿਆਂ ਉਹ ਦਸਦੇ ਹਨ ਕਿ ਉਨ੍ਹਾਂ ਨੂੰ ਕ੍ਰਿਕੇਟ, ਸੰਗੀਤ ਅਤੇ ਫ਼ਿਲਮਾਂ ਦਾ ਕਾਫ਼ੀ ਸ਼ੌਕ ਸੀ ਅਤੇ ਜਦੋਂ ਉਹ ਵੱਡੇ ਹੋਏ, ਤਾਂ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਡੈਨਿਸ ਲਿਲੀ ਉਨ੍ਹਾਂ ਦੇ ਹੀਰੋ ਬਣ ਗਏ ਅਤੇ ਹੌਲੀ-ਹੌਲੀ ਉਨ੍ਹਾਂ ਦੇ ਦੋਸਤ ਸਕੂਲ ਵਿੱਚ ਮਿਲਣ ਵਾਲੇ ਕੰਮ ਵਿੱਚ ਵੀ ਉਨ੍ਹਾਂ ਦਾ ਹੱਥ ਵੰਡਾਉਣ ਲੱਗੇ। ਕੁੱਝ ਇਸੇ ਤਰ੍ਹਾਂ ਦੀ ਮਦਦ ਉਨ੍ਹਾਂ ਨੂੰ ਖੇਡ ਦੇ ਮੈਦਾਨ ਵਿੱਚ ਵੀ ਮਿਲੀ; ਜਿੱਥੇ ਉਨ੍ਹਾਂ ਦੇ ਦੋਸਤ ਨਾ ਕੇਵਲ ਉਨ੍ਹਾਂ ਦਾ ਖ਼ਿਆਲ ਰਖਦੇ, ਸਗੋਂ ਆਪਣੇ ਨਾਲ ਖੇਡਣ ਨੂੰ ਉਤਸ਼ਾਹਿਤ ਵੀ ਕਰਦੇ ਸਨ। ਦੋਸਤਾਂ ਤੋਂ ਮਿਲੇ ਸਾਥ ਅਤੇ ਪਰਿਵਾਰ ਵਾਲਿਆਂ ਦਾ ਭਰੋਸਾ ਜਾਰਜ ਦੇ ਆਤਮ-ਵਿਸ਼ਵਾਸ ਨੂੰ ਵਧਾਉਣ ਲਈ ਕਾਫ਼ੀ ਸੀ। ਇਹੋ ਕਾਰਣ ਹੈ ਕਿ 16 ਸਾਲ ਦੀ ਉਮਰ ਵਿੱਚ ਉਨ੍ਹਾਂ ਪਹਿਲੀ ਵਾਰ ਇਕੱਲਿਆਂ ਰੇਲ ਗੱਡੀ ਵਿੱਚ ਸਫ਼ਰ ਕੀਤਾ। ਇਹ ਸਫ਼ਰ ਸੀ ਕੋਚੀਨ ਤੋਂ ਦਿੱਲੀ ਤੱਕ ਦਾ। ਜਾਰਜ ਦਸਦੇ ਹਨ ਕਿ ਜਦੋਂ ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਸਟੇਸ਼ਨ ਉਤੇ ਛੱਡਣ ਲਈ ਆਏ, ਤਦ ਕੁੱਝ ਨਨਜ਼ ਵੀ ਉਸੇ ਰੇਲ ਵਿੱਚ ਯਾਤਰਾ ਕਰ ਰਹੀਆਂ ਸਨ। ਤਦ ਉਨ੍ਹਾਂ ਦੀ ਮਾਂ ਨੇ ਨਨ ਦੇ ਉਸ ਸਮੂਹ ਨੂੰ ਕਿਹਾ ਕਿ ਉਹ ਸਫ਼ਰ ਦੌਰਾਨ ਜਾਰਜ ਉਤੇ ਲਗਾਤਾਰ ਨਜ਼ਰ ਬਣਾ ਕੇ ਰੱਖਣ। ਇਹ ਗੱਲ ਜਾਰਜ ਨੂੰ ਚੁਭੀ, ਜਿਸ ਨੂੰ ਉਨ੍ਹਾਂ ਦੇ ਪਿਤਾ ਨੇ ਨੋਟ ਕੀਤਾ ਅਤੇ ਨਨਜ਼ ਦੇ ਸਮੂਹ ਨੂੰ ਕਿਹਾ ਕਿ ਜੇ ਉਨ੍ਹਾਂ ਨੂੰ ਕੋਈ ਜ਼ਰੂਰਤ ਹੋਵੇ, ਤਾਂ ਉਹ ਮਦਦ ਲਈ ਜਾਰਜ ਨੂੰ ਬੋਲ ਸਕਦੇ ਹਨ। ਇਸ ਗੱਲ ਨਾਲ ਉਨ੍ਹਾਂ ਵਿੱਚ ਥੋੜ੍ਹੇ ਚਿਰ ਲਈ ਗੁਆਚਿਆ ਆਤਮ-ਵਿਸ਼ਵਾਸ ਪਰਤ ਆਇਆ। ਜਾਰਜ ਦਾ ਮੰਨਣਾ ਹੈ ਕਿ ਜੇ ਤੁਹਾਡੇ ਵਿੱਚ ਆਤਮ-ਵਿਸ਼ਵਾਸ ਹੋਵੇ, ਤਾਂ ਇਹ ਗੱਲ ਕੋਈ ਅਰਥ ਨਹੀਂ ਰਖਦੀ ਕਿ ਤੁਸੀਂ ਵੇਖ ਸਕਦੇ ਹੋ ਜਾਂ ਤੁਸੀਂ ਨੇਤਰਹੀਣ ਹੋ।

ਜਾਰਜ ਨੇ 1982 ਵਿੱਚ ਇਸ਼ਤਿਹਾਰ ਜਗਤ ਵਿੱਚ ਪੈਰ ਧਰਿਆ। ਤਦ ਉਨ੍ਹਾਂ ਦੀ ਕੰਪਨੀ ਨੇ ਮੁੰਬਈ ਵਿੱਚ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਸੀ। ਜਿੱਥੇ ਉਨ੍ਹਾਂ ਦੇ ਕੁੱਝ ਨਵੇਂ ਦੋਸਤ ਬਣੇ ਅਤੇ ਦੋਸਤਾਂ ਦੀ ਮਦਦ ਅਤ ਖ਼ੁਦ ਦੇ ਆਤਮ-ਵਿਸ਼ਵਾਸ ਨਾਲ ਉਹ ਓਗਿਲਵੀ ਇਸ਼ਤਿਹਾਰ ਏਜੰਸੀ ਵਿੱਚ ਕੰਮ ਕਰਨ ਲੱਗੇ। ਲਗਭਗ ਤਿੰਨ ਸਾਲ ਇੱਥੇ ਕੰਮ ਕਰਨ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਪਰਤਣਾ ਪਿਆ। ਕਿਉਂਕਿ ਉਨ੍ਹਾਂ ਦਾ ਵਿਆਹ ਹੋ ਗਿਆ ਸੀ; ਜਿਸ ਤੋਂ ਬਾਅਦ ਉਹ ਪੁਰਾਣੀ ਕੰਪਨੀ ਵਿੱਚ ਪਰਤ ਆਏ ਪਰ ਇੱਥੇ ਵੀ ਕੁੱਝ ਸਮੇਂ ਬਾਅਦ ਨੌਕਰੀ ਛੱਡ ਕੇ ਨੇਤਰਹੀਣਾਂ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ।

image


ਜਾਰਜ ਦਾ ਮੰਨਣਾ ਹੈ ਕਿ ਖੇਡ ਵਿਅਕਤੀ ਦੇ ਜਨੂੰਨ ਨੂੰ ਵਿਖਾਉਂਦੀ ਹੈ। ਜੇ ਤੁਸੀਂ ਆਪਣੇ ਜਨੂੰਨ ਵਿੱਚ ਕੁੱਝ ਕਰ ਗੁਜ਼ਰਨ ਦੀ ਇੱਛਾ ਰਖਦੇ ਹੋ, ਤਾਂ ਉਹ ਤੁਹਾਡੇ ਵਿੱਚ ਇੰਨਾ ਮਾਦਾ ਪੈਦਾ ਕਰ ਦਿੰਦਾ ਹੈ ਕਿ ਤੁਸੀਂ ਕਿਸੇ ਨਾਲ ਵੀ ਟੱਕਰ ਲੈ ਸਕਦੇ ਹੋ। ਤਦ ਤੁਸੀਂ ਇਹ ਵੀ ਭੁੱਲ ਜਾਂਦੇ ਹੋ ਕਿ ਸਾਹਮਣੇ ਵਾਲਾ ਅਮੀਰ ਹੈ ਜਾਂ ਗ਼ਰੀਬ, ਔਰਤ ਹੈ ਜਾਂ ਮਰਦ। ਇਹ ਸਿਰਫ਼ ਖੇਡ ਵਿੱਚ ਹੀ ਨਹੀਂ, ਸਗੋਂ ਜ਼ਿੰਦਗੀ ਦੇ ਹਰੇਕ ਮੋੜ ਉਤੇ ਹੁੰਦਾ ਹੈ। ਜਦੋਂ ਗੱਲ ਕ੍ਰਿਕੇਟ ਵਿੱਚ ਦਖ਼ਲ ਦੀ ਆਉਂਦੀ ਹੈ, ਤਾਂ ਜਾਰਜ ਦਸਦੇ ਹਨ ਕਿ ਉਨ੍ਹਾਂ ਜਦੋਂ ਨੇਤਰਹੀਣਾਂ ਲਈ ਕ੍ਰਿਕੇਟ ਬਾਰੇ ਸੋਚਿਆ, ਤਾਂ ਸਭ ਤੋਂ ਪਹਿਲਾਂ ਸੁਨੀਲ ਗਾਵਸਕਰ ਅਤੇ ਕਪਿਲ ਦੇਵ ਤੋਂ ਮਦਦ ਦੀ ਅਪੀਲ ਕੀਤੀ ਸੀ। ਤਾਂ ਦੋਵਾਂ ਨੇ ਕਿਹਾ ਕਿ ਉਨ੍ਹਾਂ ਕੋਲ ਸਮੇਂ ਦੀ ਘਾਟ ਹੈ ਪਰ ਜਾਰਜ ਉਨ੍ਹਾਂ ਦੇ ਨਾਂਅ ਦੀ ਵਰਤੋਂ ਇਸ ਨੇਕ ਕੰਮ ਲਈ ਕਰ ਸਕਦੇ ਹਨ। ਇਹ ਗੱਲ ਜਾਰਜ ਲਈ ਕਾਫ਼ੀ ਮਦਦਗਾਰ ਸਿੱਧ ਹੋਈ ਕਿਉਂਕਿ ਇਨ੍ਹਾਂ ਦੋਵਾਂ ਦੇ ਨਾਂਅ ਉਤੇ ਲੋਕਾਂ ਨੂੰ ਡੂੰਘੇਰਾ ਵਿਸ਼ਵਾਸ ਸੀ। ਇਸ ਤੋਂ ਬਾਅਦ ਜਾਰਜ ਨੇ ਕਈ ਕ੍ਰਿਕੇਟ ਮੈਚ ਅਤੇ ਟੂਰਨਾਮੈਂਟ ਆਯੋਜਿਤ ਕਰਵਾਉਣੇ ਸ਼ੁਰੂ ਕਰ ਦਿੱਤੇ। 1993 ਵਿੱਚ ਮਿਲੇ 'ਸੰਸਕ੍ਰਿਤੀ ਐਵਾਰਡ' ਨੇ ਤਾਂ ਉਨ੍ਹਾਂ ਲਈ ਇਸ ਖੇਤਰ ਵਿੱਚ ਕਈ ਨਵੇਂ ਰਾਹ ਖੋਲ੍ਹ ਦਿੱਤੇ। ਹੌਲੀ-ਹੌਲੀ ਮੀਡੀਆ ਵੀ ਉਨ੍ਹਾਂ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਲੈਣ ਲੱਗਾ। ਇਸ ਕਾਰਣ ਕਈ ਹੋਰ ਲੋਕ ਵੀ ਉਨ੍ਹਾਂ ਦੀ ਮਦਦ ਨੂੰ ਜੁੜਨ ਲੱਗੇ। ਲੋਕਾਂ ਦੇ ਵਧ ਰਹੇ ਸਮਰਥਨ ਨਾਲ ਹੁਣ ਉਹ ਨੇਤਰਹੀਣਾਂ ਦੇ ਵਰਲਡ ਕੱਪ ਕ੍ਰਿਕੇਟ ਦੀ ਕਲਪਨਾ ਕਰਨ ਲੱਗੇ। ਪਰ ਉਨ੍ਹਾਂ ਸਾਹਮਣੇ ਵੱਡੀ ਚੁਣੌਤੀ ਸੀ ਇਸ ਖੇਡ ਨੂੰ ਨੇਤਰਹੀਣਾਂ 'ਚ ਉਤਸ਼ਾਹਿਤ ਕਰਨ ਲਈ ਵਸੀਲਿਆਂ ਦੀ।

ਜਾਰਜ ਨੇ ਜਿਵੇਂ ਕਦੇ ਹਾਰ ਮੰਨਣੀ ਤਾਂ ਸਿੱਖੀ ਹੀ ਨਹੀਂ ਸੀ ਅਤੇ ਸਾਲ 1996, ਇਹ ਉਹ ਸਾਲ ਸੀ, ਜਦੋਂ ਵਰਲਡ ਬਲਾਈਂਡ ਕ੍ਰਿਕੇਟ ਕੌਂਸਲ ਦੀ ਸਥਾਪਨਾ ਹੋਈ। ਇਹ ਆਪਣੇ-ਆਪ ਵਿੱਚ ਪਹਿਲਾ ਮੌਕਾ ਸੀ, ਜਦੋਂ ਲੋਕ ਨੇਤਰਹੀਣਾਂ ਦੀ ਕ੍ਰਿਕੇਟ ਨਾਲ ਜੁੜਨ ਲੱਗੇ ਅਤੇ ਇਸ ਤਰ੍ਹਾਂ ਕ੍ਰਿਕੇਟ ਖੇਡਣ ਵਾਲੇ ਸੱਤ ਦੇਸ਼ ਨਾਲ ਆ ਜੁੜੇ। ਇਨ੍ਹਾਂ ਦੇਸ਼ਾਂ ਨੇ ਮਿਲ ਕੇ ਵਰਲਡ ਬਲਾਈਂਡ ਕ੍ਰਿਕੇਟ ਕੌਂਸਲ ਦਾ ਗਠਨ ਕੀਤਾ, ਨੇਤਰਹੀਣਾਂ ਲਈ ਖੇਡ ਦੇ ਨਿਯਮ ਅਤੇ ਖੇਡ ਨਾਲ ਜੁੜੇ ਉਪਕਰਣ ਬਾਰੇ ਚਰਚਾ ਕੀਤੀ। ਇਸ ਮੀਟਿੰਗ ਵਿੱਚ ਇਹ ਵੀ ਤੈਅ ਹੋਇਆ ਕਿ ਭਾਰਤ 1998 ਵਿੱਚ ਨੇਤਰਹੀਣਾਂ ਲਈ ਹੋਣ ਵਾਲਾ ਪਹਿਲਾ ਕ੍ਰਿਕੇਟ ਵਰਲਡ ਕੱਪ ਆਯੋਜਿਤ ਕਰੇਗਾ। ਇਸ ਤਰ੍ਹਾਂ ਦਿੱਲੀ ਵਿੱਚ ਪਹਿਲਾ ਫ਼ਾਈਨਲ ਮੈਚ ਦੱਖਣੀ ਅਫ਼ਰੀਕਾ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਗਿਆ, ਜਿਸ ਵਿੱਚ ਦੱਖਣੀ ਅਫ਼ਰੀਕਾ ਜੇਤੂ ਰਿਹਾ। ਖ਼ਾਸ ਗੱਲ ਇਹ ਸੀ ਕਿ ਇਸ ਟੂਰਨਾਮੈਂਟ ਨੂੰ ਆਯੋਜਿਤ ਕਰਨ ਤੋਂ ਠੀਕ ਪਹਿਲਾਂ ਭਾਰਤ ਸਰਕਾਰ ਨੇ ਪ੍ਰਾਯੋਜਕ ਦੇ ਤੌਰ ਉਤੇ ਆਪਣਾ ਨਾਂਅ ਵਾਪਸ ਲੈ ਲਿਆ। ਜਦ ਕਿ ਸਰਕਾਰ ਨੇ 50 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਅਜਿਹੇ ਵੇਲੇ ਕਈ ਛੋਟੇ ਸੰਗਠਨ ਅਤੇ ਕੰਪਨੀਆਂ ਨੇ ਮਿਲ ਕੇ ਪੈਸੇ ਦੀ ਇਸ ਸਮੱਸਿਆ ਨੂੰ ਦੂਰ ਕੀਤਾ। ਤਦ ਉਨ੍ਹਾਂ ਨੂੰ ਆਈ.ਟੀ.ਡੀ.ਸੀ. ਤੋਂ ਵੀ ਕਾਫ਼ੀ ਮਦਦ ਮਿਲੀ। ਉਨ੍ਹਾਂ ਨੇ ਘੱਟ ਕੀਮਤ ਉਤੇ ਠਹਿਰਨ ਲਈ ਕਮਰੇ ਉਪਲਬਧ ਕਰਵਾਏ। ਜਾਰਜ ਦਸਦੇ ਹਨ ਕਿ ਨੇਤਰਹੀਣਾਂ ਦੇ ਕ੍ਰਿਕੇਟ ਨੂੰ ਹੱਲਾਸ਼ੇਰੀ ਦੇਣ ਲਈ ਗਵਾਲੀਅਰ ਦੇ ਮਹਾਰਾਜਾ ਮਾਧਵ ਰਾਓ ਸਿੰਧੀਆ ਨੇ ਕਾਫ਼ੀ ਮਦਦ ਕੀਤੀ। ਉਨ੍ਹਾਂ ਦੀ ਹੀ ਮਦਦ ਨਾਲ ਸਰਕਾਰ ਨੇ ਨੇਤਰਹੀਣਾਂ ਦੇ ਕ੍ਰਿਕੇਟ ਨੂੰ ਹੱਲਾਸ਼ੇਰੀ ਦੇਣ ਲਈ 20 ਲੱਖ ਰੁਪਏ ਦਿੱਤੇ।

ਸਾਲ 1999 ਵਿੱਚ ਜਾਰਜ ਨੇ ਵਿਚਾਰ ਕੀਤਾ ਕਿ ਉਨ੍ਹਾਂ ਨੂੰ ਆਪਣੇ ਕੰਮ ਵਿੱਚ ਕੁੱਝ ਨਵਾਂ ਜੋੜਨਾ ਚਾਹੀਦਾ ਹੈ। ਇਸ ਲਈ ਜਾਰਜ ਨੂੰ ਵਿਚਾਰ ਆਇਆ ਕਿ ਉਹ ਦੂਜਿਆਂ ਦੇ ਸਾਹਮਣੇ ਆਪਣੀ ਗੱਲ ਰੱਖਣ ਵਿੱਚ ਮਾਹਿਰ ਹਨ। ਉਥੇ ਜ਼ਿਆਦਾਤਰ ਨੇਤਰਹੀਣ ਵਿਅਕਤੀ ਅਜਿਹਾ ਨਹੀਂ ਕਰ ਪਾਉਂਦੇ। ਇਸ ਲਈ ਉਨ੍ਹਾਂ ਦੇਸ਼ ਭਰ ਵਿੱਚ ਆਪਣੇ ਨਾਲ ਮਰਦ ਅਤੇ ਔਰਤ ਨੇਤਰਹੀਣ ਵਿਅਕਤੀਆਂ ਨੂੰ ਜੋੜਨ ਦਾ ਕੰਮ ਸ਼ੁਰੂ ਕੀਤਾ ਅਤੇ ਉਨ੍ਹਾਂ ਦੇ ਵਿਅਕਤੀਤਵ ਅਤੇ ਕੌਸ਼ਲ ਨੂੰ ਨਿਖਾਰਨ ਲਈ ਕਈ ਵਰਕਸ਼ਾੱਪਸ ਦਾ ਆਯੋਜਨ ਕੀਤਾ, ਤਾਂ ਜੋ ਇਹ ਲੋਕ ਆਪਣੇ ਪੈਰਾਂ ਉਤੇ ਖਲੋ ਸਕਣ। ਜਾਰਜ ਦਾ ਮੰਨਣਾ ਹੈ ਕਿ ਨੇਤਰਹੀਣਾਂ ਨੂੰ ਸਿਰਫ਼ ਮੌਕਾ ਚਾਹੀਦਾ ਹੈ ਅਤੇ ਉਹ ਕਿਤੇ ਵੀ ਦੂਜਿਆਂ ਤੋਂ ਬਿਹਤਰ ਸਿੱਧ ਹੋ ਸਕਦੇ ਹਨ। ਜਾਰਜ ਨੇ ਪਿੱਛੇ ਜਿਹੇ ਇੱਕ ਟੀ.ਵੀ. ਲੜੀਵਾਰ ਦਾ ਨਿਰਮਾਣ ਵੀ ਕੀਤਾ ਹੈ 'ਨਜ਼ਰ ਯਾ ਨਜ਼ਰੀਆ'। ਇਸ ਸੀਰੀਅਲ ਦੇ ਹਰੇਕ ਕਿਸ਼ਤ ਦੇ ਅੰਤ ਉਤੇ ਫ਼ਿਲਮ ਅਦਾਕਾਰ ਨਸੀਰੁੱਦੀਨ ਸ਼ਾਹ ਇਸ ਨੂੰ ਸਾਈਨ-ਆੱਫ਼ ਕਰਦੇ ਹਨ।

image


ਗੀਤ-ਸੰਗੀਤ ਨੂੰ ਲੈ ਕੇ ਸ਼ੁਰੂਆਤ ਤੋਂ ਹੀ ਜਾਰਜ ਵਿੱਚ ਇੱਕ ਵੱਖਰੀ ਕਿਸਮ ਦਾ ਜਨੂੰਨ ਸੀ। ਉਹ ਅਕਸਰ ਸੋਚਦੇ ਸਨ ਕਿ ਦੇਸ਼ ਵਿੱਚ ਕਈ ਨੇਤਰਹੀਣ ਵਿਅਕਤੀ ਸੰਗੀਤ ਦੀ ਸਿੱਖਆ ਤਾਂ ਲੈਂਦੇ ਹਨ ਪਰ ਉਹ ਕਿਸੇ ਮੰਚ ਉਤੇ ਵਿਖਾਈ ਨਹੀਂ ਦਿੰਦੇ। ਇਸੇ ਗੱਲ ਨੂੰ ਧਿਆਨ ਵਿੱਚ ਰਖਦਿਆਂ ਉਨ੍ਹਾਂ ਅਜਿਹੇ ਨੇਤਰਹੀਣ ਗਾਇਕ-ਗਾਇਕਾਵਾਂ ਦੀ ਭਾਲ਼ ਸ਼ੁਰੂ ਕਰ ਦਿੱਤੀ ਅਤੇ ਜੋ ਵਧੀਆ ਗਾਣਾ ਗਾਉਂਦੇ, ਉਨ੍ਹਾਂ ਨੂੰ ਉਹ ਉਤਸ਼ਾਹਿਤ ਕਰਨ ਲੱਗੇ। ਇਸ ਤੋਂ ਇਲਾਵਾ ਉਹ ਇਨ੍ਹਾਂ ਲੋਕਾਂ ਲਈ ਵੱਖੋ-ਵੱਖਰੇ ਸ਼ਹਿਰਾਂ ਵਿੱਚ 'ਕਨਰਸਟ' ਦਾ ਆਯੋਜਨ ਕਰਦੇ। ਜਾਰਜ ਦਾ ਕਹਿਣਾ ਹੈ ਕਿ ਅੱਜ ਦੇ ਦੌਰ ਵਿੱਚ ਟੀ.ਵੀ. 'ਚ ਆਉਣ ਵਾਲੇ ਰੀਐਲਿਟੀ ਸ਼ੋਅ ਵਿੱਚ ਵੀ ਜੇ ਕੋਈ ਨੇਤਰਹੀਣ ਵਿਅਕਤੀ ਪੁੱਜਦਾ ਹੈ, ਤਾਂ ਲੋਕ ਉਸ ਦੇ ਗਾਣੇ ਕਰ ਕੇ ਨਹੀਂ, ਸਗੋਂ ਹਮਦਰਦੀ ਕਾਰਣ ਵੋਟ ਦਿੰਦੇ ਹਨ, ਜੋ ਕਿ ਗ਼ਲਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨੇਤਰਹੀਣ ਵਿਅਕਤੀ ਲਈ ਹਮਦਰਦੀ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਉਹ ਸਰੀਰਕ ਚੁਣੌਤੀਆਂ ਦਾ ਸਾਹਮਣਾ ਕਰਨਾ ਜਾਣਦਾ ਹੈ ਅਤੇ ਸ਼ਾਨ ਨਾਲ ਆਪਣਾ ਜੀਵਨ ਜਿਉਂ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨੇਤਰਹੀਣ ਵਿਅਕਤੀ ਨੂੰ ਸੁਰੱਖਿਆ ਦੀ ਜ਼ਰੂਰਤ ਨਹੀਂ, ਸਗੋਂ ਜ਼ਰੂਰਤ ਹੈ ਇੱਕ ਵਧੀਆ ਦੋਸਤ ਦੀ।

    Share on
    close