ਵੱਡੇ ਪਰਿਵਰਤਨ ਲਈ 'ਡਿਜੀਟਲ ਇੰਡੀਆ' ਤੇ ਸਿੱਖਿਆ ਨੂੰ ਆਪਸ 'ਚ ਜੋੜਨਾ ਸਮੇਂ ਦੀ ਵੱਡੀ ਲੋੜ: ਗੀਤਾਂਜਲੀ ਖੰਨਾ

0

ਭਾਰਤ ਦੇ ਵਿਦਿਅਕ ਦ੍ਰਿਸ਼ ਵਿੱਚ ਹਾਲੇ ਵੀ ਵੱਡੇ ਆਪ-ਵਿਰੋਧ ਹਨ। ਸਾਨੂੰ ਆਪਣੀ ਵਿਦਿਅਕ ਪ੍ਰਣਾਲੀ ਵਿਸ਼ਵ ਪੱਧਰੀ ਬਣਾਉਣੀ ਹੋਵੇਗੀ ਕਿਉਂਕਿ ਸਾਡੇ ਸ਼ਹਿਰਾਂ ਦੇ ਬੱਚੇ ਹਾਲੇ ਵੀ ਉਚ ਸਿੱਖਿਆ ਦੇ ਮਾਮਲੇ ਵਿੱਚ ਆਈਵੀ ਲੀਗ ਸਕੂਲਾਂ (ਅਮਰੀਕੀ ਸਕੂਲ) ਨੂੰ ਹੀ ਸਿਖ਼ਰ ਸਮਝਦੇ ਹਨ। ਭਾਰਤ 'ਚ ਬਹੁ-ਗਿਣਤੀ ਅਜਿਹੇ ਬੱਚਿਆਂ/ਵਿਦਿਆਰਥੀਆਂ ਦੀ ਹੈ, ਜੋ ਆਪਣੀਆਂ ਬੁਨਿਆਦੀ ਪਾਠ-ਪੁਸਤਕਾਂ ਤੇ ਸਿਲੇਬਸ ਨੂੰ ਇਮਤਿਹਾਨਾਂ ਤੋਂ ਕੇਵਲ ਕੁੱਝ ਕੁ ਦਿਨ ਪਹਿਲਾਂ ਹੀ ਹੱਥ ਲਾਉਂਦੇ ਹਨ। ਪਾਠ-ਪੁਸਤਕਾਂ ਤੋਂ ਇਲਾਵਾ ਹੋਰ ਕੋਈ ਸਮੱਗਰੀ ਪੜ੍ਹਨ ਬਾਰੇ ਤਾਂ ਕਦੇ ਸੋਚਿਆ ਵੀ ਨਹੀਂ ਜਾਂਦਾ। ਜੇ ਔਰਤਾਂ ਨੂੰ ਆਪਣੇ ਕੰਮਕਾਜ ਕਰਨ ਭਾਵ ਉਦਮੀ ਬਣਨ ਲਈ ਪ੍ਰੇਰਿਤ ਕਰਨਾ ਹੈ, ਤਾਂ ਸਾਨੂੰ 'ਡਿਜੀਟਲ ਇੰਡੀਆ' ਅਤੇ ਸਿੱਖਿਆ ਨੂੰ ਆਪਸ ਵਿੱਚ ਜੋੜਨਾ ਹੋਵੇਗਾ।

ਫ਼ੌਜੀ ਜਵਾਨਾਂ ਦੇ ਪਰਿਵਾਰ ਨਾਲ ਸਬੰਧਤ ਹੋਣ ਕਾਰਣ ਗੀਤਾਂਜਲੀ ਖੰਨਾ ਨੂੰ ਭਾਰਤ ਦੇ ਕਈ ਸ਼ਹਿਰਾਂ ਦੇ ਸਕੂਲਾਂ ਵਿੱਚ ਪੜ੍ਹਨ ਦਾ ਤਜਰਬਾ ਹਾਸਲ ਹੈ। ਉਨ੍ਹਾਂ ਦੱਸਿਆ ਕਿ ਆਪਣੇ 12 ਸਾਲਾਂ ਦੇ ਸਕੂਲੀ ਸਮੇਂ ਦੌਰਾਨ ਉਨ੍ਹਾਂ ਨੇ 8 ਸ਼ਹਿਰਾਂ ਦੇ 8 ਸਕੂਲਾਂ ਵਿੱਚ ਪੜ੍ਹਾਈ ਕੀਤੀ ਹੈ। ਉਸ ਨਾਲ ਮੈਨੂੰ ਭਾਰਤ ਦੇ ਵੱਖੋ-ਵੱਖਰੇ ਇਲਾਕਿਆਂ ਦੀ ਸਕੂਲੀ ਸਿੱਖਿਆ ਨੂੰ ਅੰਦਰੋਂ ਡੂੰਘੇ ਤਰੀਕੇ ਨਾਲ ਜਾਣਨ ਤੇ ਸਮਝਣ ਦਾ ਮੌਕਾ ਮਿਲਿਆ। ਉਨ੍ਹਾਂ ਕਾਨਵੈਂਟ ਸਕੂਲਾਂ ਤੋਂ ਲੈ ਕੇ ਸਹਿ-ਸਿੱਖਿਆ (ਕੋ-ਐਜੂਕੇਸ਼ਨਲ) ਸਕੂਲਾਂ ਤੱਕ ਅਤੇ ਕੇਂਦਰੀ ਵਿਦਿਆਲੇ ਤੋਂ ਲੈ ਕੇ ਆਰਮੀ ਪਬਲਿਕ (ਸੈਨਿਕ) ਸਕੂਲਾਂ ਤੱਕ ਵਿੱਚ ਰਹਿ ਕੇ ਪੜ੍ਹਾਈ ਕੀਤੀ ਹੈ। ਇਸੇ ਲਈ ਉਹ ਔਖੀਆਂ ਸਥਿਤੀਆਂ ਨਾਲ ਨਿਪਟਣਾ ਵੀ ਭਲੀਭਾਂਤ ਸਿੱਖ ਗਏ ਹਨ। ਉਹ ਦਸਦੇ ਹਨ ਕਿ ਆਪਣੇ ਤੋਂ ਕੁੱਝ ਉਲਟ ਹਾਲਾਤ ਵਿੱਚ ਵੀ ਕਿਵੇਂ ਜੇਤੂ ਬਣਨਾ ਹੈ, ਉਨ੍ਹਾਂ ਨੇ ਇਹ ਗੱਲ ਬਚਪਨ ਵਿੱਚ ਹੀ ਸਮਝ ਲਈ ਸੀ।

''ਮੈਂ ਇੱਕ ਵਾਰ ਮਹਿਸੂਸ ਕੀਤਾ ਕਿ ਸਾਡੇ ਆਲੇ-ਦੁਆਲੇ ਜਿੰਨੇ ਵੀ ਆਈ.ਆਈ.ਟੀ. ਗਰੈਜੂਏਟ ਹਨ, ਉਨ੍ਹਾਂ ਦੀ ਅਸਲ ਪ੍ਰਤਿਭਾ ਦਾ ਕੋਈ ਲਾਹਾ ਨਹੀਂ ਲਿਆ ਜਾ ਰਿਹਾ। ਮੈਂ ਅਜਿਹੇ ਬਹੁਤ ਸਾਰੇ ਗਰੈਜੂਏਟਸ ਵੇਖੇ, ਜਿਨ੍ਹਾਂ ਨੂੰ ਚੋਖੀ ਵਿਦਿਅਕ ਜਾਣਕਾਰੀ ਸੀ ਤੇ ਉਨ੍ਹਾਂ ਸਮੇਂ ਸਿਰ ਉਤਪਾਦਾਂ ਬਾਰੇ ਵੀ ਪਤਾ ਸੀ। ਮੈਨੂੰ ਇਹ ਵੀ ਚੇਤੇ ਹੈ ਕਿ ਦਿੱਲੀ ਤੋਂ ਲੈ ਜੰਮੂ ਤੱਕ ਮੈਂ ਜਿਹੜੇ ਵੀ ਸਕੂਲਾਂ 'ਚ ਪੜ੍ਹੀ, ਉਨ੍ਹਾਂ ਸਭਨਾਂ ਵਿੱਚ ਗਣਿਤ ਦੇ ਸੈਂਪਲ ਪੇਪਰਾਂ ਦੀ ਇੱਕ ਕਿਤਾਬ ਮੇਰੇ ਨਾਲ ਸਦਾ ਬਣੀ ਰਹੀ ਤੇ ਉਸੇ ਕਾਰਣ ਗਣਿਤ ਵਿਸ਼ੇ ਵਿਚ ਮੈਨੂੰ 99 ਫ਼ੀ ਸਦੀ ਅੰਕ ਮਿਲ ਸਕੇ ਸਨ। ਕਈ ਸਾਲਾਂ ਬਾਅਦ, ਮੈਂ ਫਿਰ ਵੇਖਿਆ ਮਾਪਿਆਂ ਤੇ ਵਿਦਿਆਰਥੀਆਂ ਨੂੰ ਆਪਣੀ ਪਸੰਦ ਦੀਆਂ ਕਿਤਾਬਾਂ, ਸਟੇਸ਼ਨਰੀ ਲੈਣ ਅਤੇ ਕਿਸੇ ਟਿਊਟਰ ਦੀਆਂ ਸੇਵਾਵਾਂ ਲੈਣ ਅਤੇ ਡਿਜੀਟਲ ਤਰੀਕੇ ਆਪਣੇ ਹੁਨਰਾਂ ਨੂੰ ਪਰਖਣ ਲਈ ਉਸੇ ਤਰ੍ਹਾਂ ਸੰਘਰਸ਼ ਕਰਨਾ ਪੈਂਦਾ ਸੀ।''

ਗੀਤਾਂਜਲੀ ਖੰਨਾ ਲੈ ਫਿਰ ਇੰਜੀਨੀਅਰਿੰਗ ਦੀ ਰਸਮੀ ਡਿਗਰੀ ਲੈਣ ਲਈ ਪੜ੍ਹਾਈ ਕੀਤੀ। ''ਮੈਂ ਇਕੱਲੀ ਹੀ ਡੈਨਿਮਜ਼ ਦੇ ਕੱਪੜੇ ਪਾ ਕੇ ਕਾਲਜ ਜਾਂਦੀ ਸਾਂ। ਹਰਿਆਣਾ ਦੇ ਇੰਜੀਨੀਅਰਿੰਗ ਕਾਲਜ ਵਿੱਚ ਮੈਂ ਆਪਣਾ ਸਿਰ ਉਤਾਂਹ ਕਰ ਕੇ ਚਲਦੀ ਸਾਂ। ਉਸ ਕਾਲਜ ਵਿੱਚ ਮੈਂ ਇਕੱਲੀ ਹੀ ਕੁੜੀ ਸਾਂ ਤੇ ਸਦਾ ਤਿੱਖੇ ਰੰਗਾਂ ਵਾਲੇ ਕੱਪੜੇ ਪਾ ਕੇ ਕਲਾਸਾਂ ਲਾਉਣ ਲਈ ਜਾਂਦੀ ਸਾਂ।''

ਇੰਜੀਨੀਅਰਿੰਗ ਦੀ ਡਿਗਰੀ ਲੈਣ ਤੋਂ ਬਾਅਦ 'ਚ ਗੀਤਾਂਜਲੀ ਖੰਨਾ ਲੰਮਾ ਸਮਾਂ ਸਫ਼ਲਤਾਪੂਰਬਕ ਕਾਰਪੋਰੇਟ ਵਿਸ਼ਵ ਨਾਲ ਜੁੜੇ ਰਹੇ। ''ਮੇਰਾ ਕੰਮਕਾਜ ਦਾ ਜੀਵਨ ਬਹੁਤ ਅਸੀਸਾਂ ਭਰਿਆ ਰਿਹਾ। ਮੈਂ ਬਹੁਤ ਛੇਤੀ ਹੀ ਪ੍ਰਬੰਧਕੀ ਅਮਲੇ ਵਿੱਚ ਪੁੱਜ ਗਈ ਭਾਵ ਮੈਨੇਜਰ ਬਣ ਗਈ ਸਾਂ ਤੇ ਮੇਰੇ ਅਧੀਨ ਤਦ 70 ਜਣੇ ਕੰਮ ਕਰਦੇ ਸਨ। ਮੈਂ 40 ਲੱਖ ਡਾਲਰ ਮੁੱਲ ਦੇ ਅਨੇਕਾਂ ਬ੍ਰਾਂਡਜ਼ ਨਾਲ ਨਿਪਟਦੀ ਸਾਂ ਤੇ ਉਹ ਬ੍ਰਾਂਡਜ਼ ਵੀ ਧਰਤੀ ਦੇ ਵੱਖੋ-ਵੱਖਰੇ ਕੋਣਿਆਂ ਤੱਕ ਪੁੱਜਦੇ ਸਨ ਤੇ ਉਦੋਂ ਮੇਰੀ ਉਮਰ ਕੇਵਲ 25 ਵਰ੍ਹੇ ਸੀ। ਸੱਤ ਸਾਲ ਮੈਂ ਕਾਰਪੋਰੇਟ ਜੀਵਨ ਜੀਵਿਆ; ਇੱਕੋ ਵਿੱਤੀ ਵਰ੍ਹੇ 'ਚ ਮੈਂ ਦੋ-ਦੋ ਤਰੱਕੀਆਂ ਵੀ ਹਾਸਲ ਕੀਤੀਆਂ, ਮੇਰੀ ਤਨਖ਼ਾਹ ਵੀ 100 ਪ੍ਰਤੀਸ਼ਤ ਵਧੀ ਅਤੇ ਆਪਣੀ ਕੰਪਨੀ ਵਿੱਚ ਮੈਂ ਸਭ ਤੋਂ ਵੱਧ ਤਨਖ਼ਾਹ ਲੈਣ ਵਾਲੀ ਮੁਲਾਜ਼ਮ ਸਾਂ।''

ਪਰ ਮੈਨੂੰ ਸਦਾ ਹੀ ਹਾਸ਼ੀਏ ਉਤੇ ਪੁੱਜੇ ਭਾਰਤੀ ਵਿਦਿਆਰਥੀ ਚੇਤੇ ਆਉਂਦੇ ਰਹਿੰਦੇ ਸਨ, ਜਿਨ੍ਹਾਂ ਨੂੰ ਹਾਲੇ ਵੀ ਬਾਹਰੀ ਵਿਸ਼ਵ ਨਾਲ ਆਪਣੇ ਆਪ ਨੂੰ ਮੇਲਣ ਲਈ ਬਹੁਤ ਸੰਘਰਸ਼ ਕਰਨਾ ਪੈ ਰਿਹਾ ਸੀ। ''ਮੈਂ ਜਿਹੜੇ ਤਜਰਬੇ ਇੱਕ ਵਾਰ ਹਾਸਲ ਕਰ ਚੁੱਕੀ ਸਾਂ, ਮੈਨੂੰ ਉਨ੍ਹਾਂ ਕਰ ਕੇ ਪਤਾ ਸੀ ਕਿ ਸਾਡੇ ਦੇਸ਼ ਭਾਰਤ ਦੇ ਹਰੇਕ ਕੋਣੇ 'ਚ ਵਸਦੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਉਤਪਾਦ ਜ਼ਰੂਰ ਆਸਾਨੀ ਨਾਲ ਮਿਲਣੇ ਚਾਹੀਦੇ ਹਨ।''

ਕੁੱਝ ਅਜਿਹੇ ਵਿਚਾਰਾਂ ਕਾਰਣ ਹੀ 'ਫ਼ਾਸਟੂਡੈਂਟ' (Fastudent) ਦਾ ਜਨਮ ਹੋਇਆ; ਇਹ ਦੇਸ਼ ਵਿੱਚ ਇੱਕੋ-ਇੱਕ ਅਜਿਹਾ ਬਾਜ਼ਾਰ ਹੈ, ਜੋ ਸਿੱਖਿਆ ਨੂੰ ਸਮਰਪਿਤ ਹੈ। ਇੱਥੋਂ ਵਿਦਿਆਰਥੀ ਅਧਿਐਨ/ਪੜ੍ਹਨ-ਸਮੱਗਰੀ, ਵਾਧੂ ਨੋਟਸ ਅਤੇ ਆਪਣੀ ਜ਼ਰੂਰਤ ਅਨੁਸਾਰ ਹਰੇਕ ਧਾਰਾ (ਸਟ੍ਰੀਮ) ਅਤੇ ਵਿਸ਼ੇ ਲਈ ਪਰਿਭਾਸ਼ਕ ਸ਼ਬਦਾਵਲੀਆਂ ਲੈ ਸਕਦੇ ਹਨ।

ਗੀਤਾਂਜਲੀ ਨੇ ਇਸ ਔਖੇ, ਪਰ ਆਪਣੀ ਕਿਸਮ ਦੇ ਇਕਲੌਤੇ ਖੇਤਰ ਨੂੰ ਅਪਣਾਇਆ; ਉਹ ਵੀ ਉਦੋਂ ਜਦੋਂ ਉਹ ਕੇਵਲ ਛੇ ਮਹੀਨਿਆਂ ਦੇ ਬੱਚੇ ਦੀ ਮਾਂ ਸਨ। 'ਮੈਂ 'ਫ਼ਾਸਟੂਡੈਂਟ' ਨੂੰ ਆਪਣਾ ਦੂਜਾ ਬੱਚਾ ਸਮਝ ਕੇ ਅਰੰਭ ਕੀਤਾ ਸੀ। ਮੈਂ ਪਹਿਲੀ ਵਾਰ ਕੋਈ ਕਾਰੋਬਾਰ ਅਰੰਭ ਕੀਤਾ ਸੀ। ਮੇਰੇ 'ਚ ਤਦ ਇੱਕ ਸ਼ੇਰ ਵਰਗਾ ਅਥਾਹ ਜੋਸ਼ ਅਤੇ ਦ੍ਰਿੜ੍ਹ ਇਰਾਦਾ ਸੀ ਪਰ ਨਾਲ ਹੀ ਇੱਕ ਬੱਚੇ ਵਾਂਗ ਕੁੱਝ ਸਿੱਖਣ ਦੀ ਚਾਹ ਵੀ ਸੀ। ਮੈਂ ਬਹੁਤ ਸਾਰੇ ਮੌਕਿਆਂ ਉਤੇ ਕਾਫ਼ੀ ਕੁੱਝ ਸਿੱਖਿਆ ਅਤੇ ਹਰੇਕ ਛੋਟੇ-ਛੋਟੇ ਕਦਮ ਉਤੇ ਵੀ ਨਵੀਨ ਤਰੀਕੇ ਨਾਲ ਅੱਗੇ ਵਧੀ।'

ਉਨ੍ਹਾਂ ਦੇ ਰਾਹ ਵਿੱਚ ਅਨੇਕਾਂ ਵੀ ਆਉਂਦੇ ਰਹੇ।

''ਸਪਲਾਈ ਲਈ ਤਿਆਰ ਕੀਤੀਆਂ ਲੜੀਵਾਰ ਟੀਮਾਂ ਵਿੱਚ ਜ਼ਿਆਦਾਤਰ ਮਰਦ ਹੀ ਸਨ ਤੇ ਉਹ ਵੀ ਇੱਕ ਅਨੋਖਾ ਤਜਰਬਾ ਸੀ। ਭਾਵੇਂ ਕਿੰਨਾ ਵੀ ਸੰਕਟ ਕਿਉਂ ਨਾ ਹੋਵੇ, ਉਹ ਮੈਨੂੰ ਦੇਰ ਸ਼ਾਮ ਨੂੰ ਫ਼ੋਨ ਕਰਨ ਤੋਂ ਝਿਜਕਦੇ ਸਨ। ਟੀਮ ਨੂੰ ਸਪਲਾਈ ਚੇਨ ਸੰਭਾਲਣ, ਆਪਣੇ ਉਤਪਾਦ ਨੂੰ ਵਿਕਸਤ ਕਰਨ ਅਤੇ ਗਾਹਕ ਨਾਲ ਗੱਲਬਾਤ ਦੇ ਤਜਰਬੇ ਤੋਂ ਕੁੱਝ ਸਿੱਖਦੇ ਸਮੇਂ ਬਹੁਤ ਸਾਰੀਆਂ ਪ੍ਰਕਿਰਿਆਵਾਂ ਵਿਚੋਂ ਦੀ ਲੰਘਣਾ ਪੈਂਦਾ ਹੈ। ਮੈਂ ਇਹ ਸਾਰੇ ਤਜਰਬੇ ਹਾਸਲ ਕੀਤੇ।''

ਬਹੁਤ ਸਾਰੇ ਅੜਿੱਕਿਆਂ ਦੇ ਬਾਵਜੂਦ ਗੀਤਾ ਖੰਨਾ ਦੀ ਨਵੀਂ ਕੰਪਨੀ ਪਹਿਲੇ ਹੀ ਦਿਨ ਤੋਂ ਵਿਲੱਖਣਤਾ ਨਾਲ ਚੱਲ ਰਹੀ ਸੀ। ''ਹਾਲੇ ਸਾਨੂੰ ਆਪਣੇ ਵੈਬਸਾਈਟ/ਪੋਰਟਲ ਅਰੰਭ ਕੀਤਿਆਂ ਨੂੰ ਕੇਵਲ ਕੁੱਝ ਸੈਕੰਡ ਹੀ ਹੋਏ ਸਨ ਕਿ ਸਾਨੂੰ 40 ਹਜ਼ਾਰ ਰੁਪਏ ਦਾ ਆੱਰਡਰ ਵੀ ਮਿਲ ਗਿਆ ਸੀ। ਅਸੀਂ ਬਹੁਤ ਨਿੱਕੀ ਜਿਹੀ ਟੀਮ ਨਾਲ ਵੀ ਸਥਿਰਤਾ ਨਾਲ ਅੱਗੇ ਵਧਦੇ ਰਹੇ। ਇੰਝ ਹੀ ਕੁੱਝ ਹੋਰ ਸਿਖ਼ਰਲੀਆਂ ਵੈਬਸਾਈਟ ਵਾਂਗ ਅਸੀਂ ਇੱਕ ਬਹੁਤ ਹੀ ਮੂਹਰਲੀ ਕਤਾਰ ਦੇ ਵਿਦਿਅਕ ਪੋਰਟਲ ਬਣ ਗਏ।''

'ਫ਼ਾਸਟੂਡੈਂਟ' ਇੱਕ ਬਹੁਤ ਛੋਟੇ ਪੱਧਰ ਦੇ ਉਦਮ ਵਜੋਂ ਅਰੰਭ ਹੋਈ ਸੀ ਤੇ ਇਸ ਨੂੰ ਬਹੁਤ ਘੱਟ ਲੋਕ ਵੇਖਦੇ ਸਨ ਪਰ ਹੁਣ ਇਸ ਕੋਲ 1 ਕਰੋੜ 20 ਲੱਖ ਗਾਹਕਾਂ ਦਾ ਇੱਕ ਮਜ਼ਬੂਤ ਆਧਾਰ ਬਣ ਚੁੱਕਾ ਹੈ। ਪਿਛਲੇ ਤਿੰਨ ਵਰ੍ਹਿਆਂ ਤੋਂ ਵਿੱਚ ਹਰੇਕ ਤਿੰਨ ਮਹੀਨਿਆਂ ਬਾਅਦ ਇਸ ਵਿੱਚ 100 ਫ਼ੀ ਸਦੀ ਪ੍ਰਗਤੀ ਵੇਖਣ ਨੂੰ ਮਿਲਦੀ ਰਹੀ ਹੈ। ਕੰਪਨੀ ਦੀ ਵੈਬਸਾਈਟ ਉਤੇ ਆਉਣ 65 ਫ਼ੀ ਸਦੀ ਵਿਅਕਤੀ ਦੋਬਾਰਾ ਵੀ ਕਿਤਾਬਾਂ ਤੇ ਹੋਰ ਅਧਿਐਨ-ਸਮੱਗਰੀ ਖ਼ਰੀਦਣ ਲਈ ਸੰਪਰਕ ਕਰਦੇ ਹਨ।

ਗੀਤਾਂਜਲੀ ਹੁਰਾਂ ਦੱਸਿਆ,''ਪਹਿਲਾਂ ਜਿਹੜੇ ਗਾਹਕ ਤਿੰਨ ਮਹੀਨਿਆਂ 'ਚ ਇੱਕ ਵਾਰ ਕੋਈ ਖ਼ਰੀਦਦਾਰੀ ਕਰਦੇ ਸਨ; ਉਨ੍ਹਾ ਦਾ ਖ਼ਰੀਦ-ਚੱਕਰ ਘਟ ਗਿਆ ਹੈ ਅਤੇ ਹੁਣ ਉਹ ਤਿੰਨ ਹਫ਼ਤਿਆਂ ਵਿੱਚ ਇੱਕ ਵਾਰ ਕੋਈ ਨਾ ਕੋਈ ਖ਼ਰੀਦਦਾਰੀ ਜ਼ਰੂਰ ਕਰਦੇ ਹਨ। ਇਸ ਵਾਰ ਦੇ ਵਿੱਤੀ ਵਰ੍ਹੇ ਦੌਰਾਨ ਸਾਡੀ ਆਮਦਨ 10 ਲੱਖ ਡਾਲਰ ਹੋਣ ਦੀ ਸੰਭਾਵਨਾ ਹੈ।''

ਇੱਕ ਅਰਥ-ਭਰਪੂਰ ਕਾਰੋਬਾਰ ਦੀ ਉਸਾਰੀ ਲਈ ਉਲਟ-ਸਥਿਤੀਆਂ ਉਤੇ ਜਿੱਤ ਹਾਸਲ ਕਰਨੀ ਪੈਂਦੀ ਹੈ ਤੇ ਰੁਝਾਨਾਂ ਵਿੱਚ ਵੱਡੇ ਪਰਿਵਰਤਨ ਲਿਆਉਣੇ ਪੈਂਦੇ ਹਨ। ਉਹ ਕਹਿੰਦੇ ਹਨ,''ਇਸ ਵੇਲੇ ਮਹਿਲਾ ਉਦਮੀਆਂ ਦੀ ਬਹੁਤ ਜ਼ਰੂਰਤ ਹੈ। ਮੈਂ ਤੇਜ਼ੀ ਨਾਲ ਪ੍ਰਫ਼ੁੱਲਤ ਹੋ ਰਹੀ ਇੱਕ ਨਵੀਂ ਕੰਪਨੀ ਦੇ ਪ੍ਰਬੰਧਕਾਂ ਨੂੰ ਮਿਲੀ; ਜਿਨ੍ਹਾਂ ਨੂੰ ਆਪਣੀ ਚਾਰ-ਮੈਂਬਰੀ ਟੀਮ ਲਈ ਇੱਕ ਮਹਿਲਾ ਸਹਿ-ਬਾਨੀ ਦੀ ਲੋੜ ਸੀ ਕਿਉਂਕਿ ਉਹ ਪ੍ਰਤਿਭਾਸ਼ਾਲੀ ਮਹਿਲਾ ਮੈਂਬਰ ਨੂੰ ਆਪਣੀ ਕੰਪਨੀ ਵਿੱਚ ਸ਼ਾਮਲ ਕਰਨਾ ਚਾਹੁੰਦੇ ਸਨ। ਇਹ ਸੱਚਮੁਚ ਇੱਕ ਸ਼ਕਤੀਸ਼ਾਲੀ ਵਰਤਾਰਾ ਹੈ। ਭਾਰਤੀ ਮਹਿਲਾ ਬੈਂਕ ਜਿਹੇ ਸਰਕਾਰੀ ਸੰਗਠਨ ਵੀ ਅਜਿਹੇ ਮਾਹੌਲ ਨੂੰ ਹੋਰ ਹੱਲਾਸ਼ੇਰੀ ਦਿੰਦੇ ਹਨ; ਜੋ ਮਹਿਲਾ ਉਦਮੀਆਂ ਨੂੰ ਬਿਨਾਂ ਕਿਸੇ ਜ਼ਮਾਨਤ ਦੇ ਫ਼ੰਡ ਮੁਹੱਈਆ ਕਰਵਾਉਂਦੇ ਹਨ। ਇਸੇ ਤਰ੍ਹਾਂ 'ਵੀਕੁਨੈਕਟ' ਦੇ ਸੰਗਠਨ ਹਨ ਜੋ ਮਹਿਲਾ ਉਦਮੀਆਂ ਵੱਲੋਂ ਖੋਲ੍ਹੀਆਂ ਜਾਣ ਵਾਲੀਆਂ ਨਵੀਆਂ ਕੰਪਨੀਆਂ ਵਿੱਚ 50 ਫ਼ੀ ਸਦੀ ਤੋਂ ਵੀ ਵੱਧ ਸਰਮਾਇਆ ਲਾ ਕੇ ਆਪਣੀ ਹਿੱਸੇਦਾਰੀ ਬਣਾਉਂਦਾ ਹੈ। ਸਟੈਫ਼ੀ ਗ੍ਰਾਫ਼ ਵੱਲੋਂ ਆਖੇ ਸ਼ਬਦਾਂ ਨਾਲ ਗੱਲ ਮੁਕਾਉਂਦੀ ਹਾਂ,''ਮੈਂ ਕਦੇ ਪਿੱਛੇ ਮੁੜ ਕੇ ਨਹੀਂ ਵੇਖਦੀ, ਮੈਂ ਸਦਾ ਅੱਗੇ ਹੀ ਤੱਕਦੀ ਹਾਂ।''

ਲੇਖਕ: ਬਿੰਜਲ ਸ਼ਾਹ

ਅਨੁਵਾਦ: ਮਹਿਤਾਬ-ਉਦ-ਦੀਨ